ਦਹਲ

ਅ਼. [دحل] ਦਹ਼ਲ. ਸੰਗ੍ਯਾ- ਹੌਲ. ਧੜਕਾ। ੨. ਇੱਕ ਰੋਗ. [خفقان] ਖ਼ਫ਼ਕ਼ਾਨ. ਹੌਲਦਿਲ. ਦਿਲ ਦਾ ਧੜਕਣਾ. ਹਰ ਵੇਲੇ ਡਰ ਬਣਿਆ ਰਹਿਣਾ. ਅਚਾਨਕ ਚੌਂਕ ਉਠਣਾ. ਇਹ ਉਨਮਾਦ ਰੋਗ ਦਾ ਪਹਿਲਾ ਰੂਪ ਹੈ. ਇਸ ਦੇ ਕਾਰਣ ਹਨ- ਪੱਠਿਆਂ ਦੀ ਕਮਜੋਰੀ, ਬਹੁਤ ਮੈਥੁਨ, ਦਿਮਾਗੀ ਮਿਹਨਤ, ਰੰਜ, ਡਰ, ਵਾਉਗੋਲਾ, ਸ਼ਰਾਬ ਭੰਗ ਚੜਸ ਤਮਾਕੂ ਆਦਿ ਦਾ ਬਹੁਤ ਸੇਵਨ, ਜਿਗਰ ਅਤੇ ਮੇਦੇ ਦੀ ਖਰਾਬੀ, ਬਹੁਤ ਥਕਾਣ ਅਤੇ ਬਵਾਸੀਰ ਰੋਗ ਆਦਿ. ਦਹਲ ਦੇ ਰੋਗੀ ਨੂੰ ਤਾਕਤ ਦੇਣ ਵਾਲਿਆਂ, ਛੇਤੀ ਹਜਮ ਹੋਣ ਵਾਲੀਆਂ ਚੀਜਾਂ, ਫਲ ਮੁਰੱਬੇ ਦੁੱਧ ਮੱਖਣ ਮਲਾਈ ਆਦਿ ਦੇਣੀਆਂ ਚਾਹੀਏ. ਸ਼ਰਬਤ ਅਨਾਰ ਸ਼ਰਬਤ ਸੰਦਲ ਪਿਆਉਣੇ ਲੋੜੀਏ. ਹਰ ਵੇਲੇ ਚਿੱਤ ਪ੍ਰਸੰਨ ਰੱਖਣ ਦੇ ਉਪਾਉ ਕਰਨੇ ਚਾਹੀਏ. ਜੋ ਦਵਾਈਆਂ ਉਨਮਾਦ ਰੋਗ ਵਿੱਚ ਗੁਣਕਾਰੀ ਹਨ ਉਹ ਦਹਿਲ ਭੀ ਦੂਰ ਕਰਦੀਆਂ ਹਨ. ਦੇਖੋ, ਉਦਮਾਦ। ੩. ਖੋਟੇ ਕਰਮ ਕਰਨ ਤੋਂ ਭੀ, ਜਿਨ੍ਹਾਂ ਕਰਕੇ ਰਾਜਾ ਵ੍ਰਿੱਧ ਗੁਰੂ ਆਦਿ ਵੱਲੋਂ ਦੰਡ ਮਿਲੇ, ਦਹਲ ਹੋਇਆ ਕਰਦਾ ਹੈ. ਇਸ ਹੌਲਦਿਲ ਦਾ ਇਹੀ ਇਲਾਜ ਉੱਤਮ ਹੈ ਕਿ ਕੁਕਰਮ ਦਾ ਤਿਆਗ ਕਰਕੇ ਸਦਾਚਾਰੀ ਹੋਣਾ ਚਾਹੀਏ.

ਮਹਾਨ ਕੋਸ਼ — ਭਾਗ ੩, ਪੰਨਾ ੨੨੪

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.