ਜੰਗ ਦਰਾਯਦ
ਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਕਾਲਯਵਨ ਦੇ ਜੰਗ ਦਾ ਵਰਣਨ ਇਸ ਸਵੈਯੇ ਵਿੱਚ ਹੈ:- ੧. ਜੰਗ ਦਰਾਯਦ ਕਾਲਜਮੰਨ, ਬਗੋਯਦ ਕੀ ਮਨ ਫੌਜ ਕੋ ਸ਼ਾਹਮ, ੨. ਬਾ ਮਨ ਜੰਗ ਬੁਗੋ ਕੁਨ ਬਯਾ ਹਰਗਿਜ਼ ਦਿਲ ਮੋ ਨ ਜਰਾ ਕੁਨ ਵਾਹਮ, ੩. ਰੋਜ਼ ਮਯਾਂ ਦੁਨੀਆਂ ਉਫਤਾਦਮ ਸ਼ਾਬਸ਼ ਬੇਅ਼ਦਲੀ ਸ਼ਬਸ਼ਾਹਮ, ੪. ਕਾਨ! ਗੁਰੇਜ਼ ਮਕੁਨ ਤੁ ਬ੍ਯਾਖ਼ੁਸ਼ ਮਾਤ ਕੁਨੇਮ ਜਿ ਜੰਗ ਗੁਆਹਮ. ਅਰਥ:- ੧. ਜੰਗ ਵਿੱਚ ਕਾਲਯਮਨ ਆਇਆ, ਬੋਲਿਆ ਕਿ ਮੈਂ ਫ਼ੌਜ ਦਾ ਸ੍ਵਾਮੀ ਹਾਂ, ੨. ਆਖਿਆ, ਬਯਾ (ਆ) ਬਾਮਨ ਜੰਗ ਕੁਨ (ਮੇਰੇ ਨਾਲ ਯੁੱਧ ਕਰ) ਬਿਲਕੁਲ ਥੋੜਾ ਭੀ ਦਿਲ ਵਿੱਚ ਵਹਮ ਨਾ ਉਠਾ. ੩. ਮੈਂ ਦੁਨੀਆਂ ਵਿੱਚ ਦਿਨ (ਭਾਵ ਸੂਰਯ) ਉਫ਼ਤਾਦਮ (ਪ੍ਰਗਟ ਹੋਇਆ ਹਾਂ), ਮੈ ਧਨ੍ਯਤਾ ਯੋਗ੍ਯ ਅਤੇ ਬੇ- ਅਦਲ (ਬੇ ਮਿਸਲ) ਹਾਂ ਅਤੇ ਰਾਤ੍ਰੀ ਦਾ ਪਤੀ (ਚੰਦ੍ਰਮਾਂ) ਹਾਂ. ੪. ਐ ਕ੍ਰਿਸਨ! ਟਾਲਾ ਨਾ ਕਰ, ਖ਼ੁਸ਼ੀ ਨਾਲ ਆ, ਤਾਂਕਿ ਅਸੀਂ ਜੰਗ ਦੀ ਗੋਯ (ਗੇਂਦ, ਭਾਵ ਬਾਜ਼ੀ) ਜੋ ਆਹਮ ਹੈ, ਮਾਤ ਕਰੀਏ.
ਮਹਾਨ ਕੋਸ਼ — ਭਾਗ ੨, ਪੰਨਾ ੭੩੧