ਚਰਣਦਾਸ

ਰਿਆਸਤ ਅਲਵਰ ਦੇ ਪਿੰਡ "ਡੇਹਰਾ" ਵਿੱਚ ਮੁਰਲੀਧਰ ਢੂਸਰ ਦੇ ਘਰ ਸੰਮਤ ੧੭੬੦ ਵਿੱਚ ਰਣਜੀਤ ਪੈਦਾ ਹੋਇਆ, ਜੋ ਸੁਰਤ ਸੰਭਾਲਕੇ ਵੈਰਾਗਵਾਨ ਹੋ ਕੇ ਸਾਧੂ ਬਣ ਗਿਆ ਅਰ ਨਾਉਂ ਚਰਣਦਾਸ ਰਖਾਇਆ. ਇਸ ਨੇ ਰਾਧਾ ਅਤੇ ਕ੍ਰਿਸਨ ਦੀ ਉਪਾਸਨਾ ਦਾ ਉਪਦੇਸ਼ ਦਿੱਤਾ. ਚਰਣਦਾਸ ਦਾ ਦੇਹਾਂਤ ਸੰਮਤ ੧੮੩੯ ਨੂੰ ਦਿੱਲੀ ਹੋਇਆ. ਇਸ ਦੀ ਸਮਾਧ ਤੇ ਵਸੰਤਪੰਚਮੀ ਨੂੰ ਮੇਲਾ ਭਰਦਾ ਹੈ, ਅਤੇ ਇਸ ਦੇ ਚੇਲੇ ਚਰਣਦਾਸੀਏ ਸਦਾਉਂਦੇ ਹਨ ਅਤੇ ਆਪਣੇ ਗੁਰੂ ਚਰਣਦਾਸ ਨੂੰ ਸ਼ੁਕਦੇਵ ਦਾ ਅਵਤਾਰ ਮੰਨਦੇ ਹਨ. ਚਰਣਦਾਸੀਏ ਵਿਰਕਤ ਅਤੇ ਗ੍ਰਿਹਸਥੀ ਦੋਵੇਂ ਹੁੰਦੇ ਹਨ. ਇਹ ਭਗਵਤਗੀਤਾ ਅਤੇ ਚਰਣਦਾਸ ਕ੍ਰਿਤ "ਸ੍ਵਰੋਦਯ" ਨੂੰ ਬਹੁਤ ਪ੍ਰੇਮ ਅਤੇ ਸ਼੍ਰੱਧਾ ਨਾਲ ਪੜ੍ਹਦੇ ਹਨ. ਵਿਭਚਾਰ, ਨਿੰਦਾ, ਹਿੰਸਾ ਆਦਿ ਕੁਕਰਮਾਂ ਦੇ (ਜਿਨ੍ਹਾਂ ਦੀ ਇਨ੍ਹਾਂ ਦੇ ਸੰਕੇਤ ਵਿੱਚ "ਨਾਰੂ" ਸੰਗ੍ਯਾ ਹੈ) ਤਿਆਗਣ ਦਾ ਉਪਦੇਸ਼ ਦਿੰਦੇ ਹਨ. ਦੇਖੋ, ਸੁਰੋਦਾ। ੨. ਮਾਤਾ ਸੁੰਦਰੀ ਜੀ ਦਾ ਇੱਕ ਪਾਲਿਤ ਲੜਕਾ, ਜੋ ਪੁਤ੍ਰੇਲੇ ਅਜੀਤ ਸਿੰਘ ਦੇ ਕਤਲ ਕੀਤੇ ਜਾਣ ਪਿੱਛੋਂ ਦਿੱਲੀ ਤੋਂ ਭੱਜ ਗਿਆ ਅਤੇ ਸਿੰਘ ਨਾਮ ਤ੍ਯਾਗਕੇ ਦਾਸ ਪਦਵੀ ਧਾਰਣ ਕੀਤੀ. ਇਸ ਨੇ ਆਪਣੀ ਬਾਕੀ ਜ਼ਿੰਦਗੀ ਭਦੌੜ (ਰਾਜ ਪਟਿਆਲਾ) ਵਿੱਚ ਰਹਿਕੇ ਵਿਤਾਈ.

ਮਹਾਨ ਕੋਸ਼ — ਭਾਗ ੨, ਪੰਨਾ ੫੩੭

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.