ਚੈਤਨ੍ਯ
ਸੰ. ਸੰਗ੍ਯਾ- ਚੇਤਨ ਆਤਮਾ। ੨. ਗ੍ਯਾਨ। ੩. ਪਾਰਬ੍ਰਹਮ੍. ਕਰਤਾਰ। ੪. ਬੰਗਾਲ ਨਿਵਾਸੀ ਇੱਕ ਮਹਾਤਮਾ ਸਾਧੂ, ਜੋ ਨਦੀਆ (ਨਵਦ੍ਵੀਪ) ਵਿੱਚ ਜਗੰਨਾਥ ਮਿਸ਼੍ਰ ਦੇ ਘਰ ਸ਼ਚੀਦੇਵੀ ਦੇ ਉਦਰ ਤੋਂ ਸਨ ੧੪੮੫ ਵਿੱਚ ਜਨਮਿਆ. ਇਹ ਵੈਸਨਵਮਤ ਦੀ ਇੱਕ ਸ਼ਾਖ ਦਾ ਆਚਾਰਯ ਮੰਨਿਆ ਜਾਂਦਾ ਹੈ. ਚੈਤਨ੍ਯ ਨੇ ਬਹੁਤ ਕੁਰੀਤੀਆਂ ਦੂਰ ਕੀਤੀਆਂ ਅਤੇ ਜਾਤਿ ਪਾਤਿ ਦੇ ਬੰਧਨਾਂ ਨੂੰ ਭੀ ਕੁਝ ਢਿੱਲਾ ਕੀਤਾ. ਧਰਮਪ੍ਰਚਾਰ ਕਰਦੇ ਹੋਏ ਚੈਤਨ੍ਯ ਦਾ ੪੮ ਵਰ੍ਹੇ ਦੀ ਉਮਰ ਵਿੱਚ ਦੇਹਾਂਤ ਹੋਇਆ. ਬੰਗਾਲ ਵਿੱਚ ਹੁਣ ਭੀ ਚੈਤਨ੍ਯ ਦੇ ਉਪਾਸਕ ਬਹੁਤ ਦੇਖੀਦੇ ਹਨ. ਇਸ ਮਹਾਤਮਾ ਦਾ ਪੂਰਾ ਨਾਮ ਸ਼੍ਰੀ ਕ੍ਰਿਸਨ ਚੈਤਨ੍ਯਦੇਵ ਹੈ ਅਤੇ ਗੋਰਾ ਰੰਗ ਹੋਣ ਕਰਕੇ ਗੌਰਾਂਗ ਭੀ ਸੱਦੀਦਾ ਹੈ। ੫. ਵਿ- ਸਚੇਤ. ਚੇਤਨਤਾ ਸਹਿਤ। ੬. ਹੋਸ਼ਿਆਰ. ਸਾਵਧਾਨ.
ਮਹਾਨ ਕੋਸ਼ — ਭਾਗ ੨, ਪੰਨਾ ੪੯੨