ਗੋਰਖ

ਸੰਗ੍ਯਾ- ਗੋ (ਪ੍ਰਿਥਿਵੀ) ਦਾ ਰਕਕ, ਕਰਤਾਰ. “ਗੋਰਖ ਸੋ ਜਿਨਿ ਗੋਇ ਉਠਾਲੀ.” (ਰਾਮ ਮਃ ੨) ੨. ਗੋ (ਇੰਦ੍ਰੀਆਂ) ਦਾ ਰਕਕ, ਆਤਮਾ. “ਊਪਰਿ ਗਗਨੁ ਗਗਨ ਪਰਿ ਗੋਰਖੁ, ਤਾਕਾ ਅਗਮੁ ਗੁਰੂ ਪੁਨਿ ਵਾਸੀ.” (ਮਾਰੂ ਮਃ ੧) ਸ਼ਰੀਰ ਉੱਪਰ ਦਸ਼ਮਦ੍ਵਾਰ, ਉਸ ਪੁਰ ਵਸਣ ਵਾਲਾ ਆਤਮਾ, ਫਿਰ ਉਸ ਦਾ ਗੁਰੂ ਜੋ ਅਗਮਰੂਪ ਹੈ (ਪਾਰਬ੍ਰਹਮ) ਉਸ ਵਿੱਚ ਨਿਵਾਸ ਕਰਤਾ (ਸਤਿਗੁਰੂ). ੩. ਪ੍ਰਿਥਿਵੀ ਪਾਲਕ ਵਿਸ਼ਨੁ “ਗੁਰੁ ਈਸਰੁ ਗੁਰੁ ਗੋਰਖੁ ਬਰਮਾ” (ਜਪੁ) ਗੁਰੂ ਹੀ ਸ਼ਿਵ ਵਿਸ਼ਨੁ ਅਤੇ ਬ੍ਰਹਮਾ ਹੈ। ੪. ਜੋਗੀਆਂ ਦਾ ਆਚਾਰਯ ਗੋਰਖਨਾਥ, ਜਿਸ ਦਾ ਜਨਮ ਗੋਰਖਪੁਰ ਨਗਰ ਵਿੱਚ ਹੋਇਆ. ਬਹੁਤਿਆਂ ਨੇ ਗੋਰਖ ਨੂੰ ਮਛੇਂਦ੍ਰ (ਮਤਸਯੇਂਦ੍ਰ) ਨਾਥ ਦਾ ਚੇਲਾ ਅਤੇ ਪੁਤ੍ਰ ਲਿਖਿਆ ਹੈ. ਗੋਰਖਨਾਥ ਦੀ ਨੌ ਨਾਥਾਂ ਵਿੱਚ ਗਿਣਤੀ ਹੈ. ਜੋਗੀਆਂ ਦਾ ਕਨਪਟਾ ਪੰਥ ਇਸੇ ਮਹਾਤਮਾ ਤੋਂ ਚੱਲਿਆ ਹੈ. “ਜੋਗੀ ਗੋਰਖ ਗੋਰਖ ਕਰਿਆ.” (ਗਉ ਮਃ ੪) “ਪੁਨ ਹਰਿ ਗੋਰਖ ਕੋ ਉਪਰਾਜਾ.” (ਵਿਚਿਤ੍ਰ) ੫. ਗਾਈਆਂ ਦਾ ਰੱਖਣ ਵਾਲਾ, ਗੋਪਾਲ, ਗਵਾਲਾ.

ਮਹਾਨ ਕੋਸ਼ — ਭਾਗ ੨, ਪੰਨਾ ੪੮੯

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.