ਪੰਜ ਪਿਆਰੇ
ਗੁਰਘਰ ਵਿੱਚ ਮੁੱਢ ਤੋਂ ਹੀ ਪੰਜ ਗੁਰਮੁਖਾਂ ਦੀ ਪ੍ਰਧਾਨਤਾ ਚਲੀ ਆਈ ਹੈ, ਜੇਹਾਕਿ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੇ ਵਾਕ ਤੋਂ ਪ੍ਰਸਿੱਧ ਹੈ. "ਪੰਚ ਪਰਵਾਣ ਪੰਚ ਪਰਧਾਨ." (ਜਪੁ) "ਗੁਰਮਤਿ ਪੰਚ ਸਖੇ ਗੁਰਭਾਈ." (ਮਾਰੂ ਸੋਲਹੇ ਮਃ ੧) "ਪੰਚ ਮਿਲੇ ਪਰਪੰਚ ਤਜ ××× ਸਾਧਸੰਗਤਿ ਸੋਹਨਿ ਗੁਰਭਾਈ." (ਭਾਗੁ) "ਸਬਦ ਸੁਰਤ ਲਿਵ ਗੁਰੁ ਸਿਖ ਸੰਧਿ ਮਿਲੇ ਪੰਚ ਪਰਪੰਚ ਮਿਟੇ ਪੰਚ ਪਰਧਾਨ ਹੈਂ" (ਭਾਗੁ ਕ) "ਗੁਰੁਘਰ ਕੀ ਮਰਜਾਦਾ ਪੰਚਹੁ." (ਗੁਪ੍ਰਸੂ) ਗੁਰੂ ਨਾਨਕ ਦੇਵ ਤੋਂ ਲੈ ਕੇ ਪੰਜ ਪ੍ਯਾਰੇ ਚੁਣੇ ਜਾਂਦੇ ਰਹੇ ਹਨ, ਪਰ ਇਤਿਹਾਸ ਵਿੱਚ ਸਾਰਿਆਂ ਦੇ ਨਾਮ ਨਹੀਂ ਲਿਖੇ, ਕੇਵਲ ਥੋੜੇ ਨਾਮ ਦਿੱਤੇ ਹਨ, ਜੇਹਾ ਕਿ- ਗੁਰੂ ਅਰਜਨਦੇਵ ਦੇ ਪੰਜ ਪ੍ਯਾਰੇ- ਬਿਧੀਚੰਦ, ਜੇਠਾ, ਲੰਗਾਹ, ਪਿਰਾਣਾ ਅਤੇ ਭਾਈ ਪੈੜਾ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਆਤਮਗ੍ਯਾਨੀ ਪੰਜ ਪ੍ਯਾਰੇ- ਦੀਵਾਨ ਮਤੀਦਾਸ, ਭਾਈ ਗੁਰਦਿੱਤਾ, ਭਾਈ ਦਿਆਲਾ, ਊਦਾ ਅਤੇ ਜੈਤਾ। ੨. ਖ਼ਾਸ ਕਰਕੇ ਭਾਈ ਦਯਾ ਸਿੰਘ ਜੀ, ਧਰਮ ਸਿੰਘ ਜੀ, ਮੁਹਕਮ ਸਿੰਘ ਜੀ, ਸਾਹਿਬ ਸਿੰਘ ਜੀ ਅਤੇ ਹਿੰਮਤ ਸਿੰਘ ਜੀ. ਇਹ ਪੰਜ ਮਹਾਪੁਰਖ "ਪ੍ਯਾਰੇ" ਇਸ ਲਈ ਕਹੇ ਜਾਂਦੇ ਹਨ ਕਿ ੧. ਵੈਸਾਖ ਸੰਮਤ ੧੭੫੬ ਨੂੰ ਕੇਸ਼ਗੜ੍ਹ ਦੇ ਦੀਵਾਨ ਵਿੱਚ ਜਦ ਦਸ਼ਮੇਸ਼ ਨੇ ਨੰਗੀ ਤਲਵਾਰ ਧੂਹਕੇ ਫਰਮਾਇਆ ਕਿ ਜੋ ਪ੍ਰੇਮੀ ਸਿੱਖ ਹੈ ਉਹ ਮੈਨੂੰ ਸੀਸ ਅਰਪਣ ਕਰੇ, ਕ੍ਯੋਂਕਿ ਇਸ ਵੇਲੇ ਕੁਰਬਾਨੀ ਦੀ ਜ਼ਰੂਰਤ ਹੈ, ਤਦ ਸਭ ਤੋਂ ਪਹਿਲਾਂ ਇਨ੍ਹਾਂ ਪੰਜਾਂ ਨੇ ਸੀਸ ਅਰਪਣ ਕੀਤੇ. ਪਰਮਪਿਤਾ ਨੇ ਇਨ੍ਹਾਂ ਨੂੰ ਛਾਤੀ ਨਾਲ ਲਾਕੇ "ਪ੍ਯਾਰਾ" ਕਹਿਕੇ ਸੰਬੋਧਨ ਕੀਤਾ ਅਰ ਅਮ੍ਰਿਤ ਛਕਾਕੇ ਖਾਲਸਾਪੰਥ ਦੀ ਨਿਉਂ ਰੱਖੀ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਗ੍ਯਾ ਸੀ ਕਿ ਦੀਵਾਨ ਵਿੱਚ ਜੋ ਪ੍ਰਸਾਦ ਵਰਤੇ, ਉਹ ਸਭ ਸਿੱਖਾਂ ਤੋਂ ਪਹਿਲਾਂ ਇਨ੍ਹਾਂ ਪੰਜਾਂ ਨੂੰ ਦਿੱਤਾ ਜਾਇਆ ਕਰੇ. ਉਸ ਰੀਤਿ ਦੀ ਨਕਲ ਹੁਣ ਤੀਕ ਕੜਾਹਪ੍ਰਸਾਦ ਵਰਤਣ ਸਮੇਂ ਦੇਖੀ ਜਾਂਦੀ ਹੈ. ਅਫਸੋਸ ਹੈ ਕਿ ਇਨ੍ਹਾਂ ਮਹਾਨ ਪਰੋਪਕਾਰੀ ਗੁਰਮੁਖਾਂ ਦਾ ਸਹੀ ਜੀਵਨ ਸਾਨੂੰ ਜਤਨ ਕਰਨ ਤੇ ਭੀ ਪ੍ਰਾਪਤ ਨਹੀਂ ਹੋਇਆ, ਜੋ ਕੁਝ ਲਿਖਿਆ ਮਿਲਿਆ ਹੈ ਉਸ ਨਾਲ ਸਾਡੀ ਪੂਰੀ ਸੰਮਤੀ ਨਹੀਂ, ਪਰ ਪਾਠਕਾਂ ਦੇ ਗ੍ਯਾਨ ਅਤੇ ਵਿਚਾਰ ਹਿਤ ਪੇਸ਼ ਕਰਦੇ ਹਾਂ- ਭਾਈ ਠਾਕੁਰ ਸਿੰਘ ਜੀ ਗ੍ਯਾਨੀ "ਗੁਰਦੁਆਰੇ ਦਰਸ਼ਨ" ਵਿੱਚ ਇਉਂ ਲਿਖਦੇ ਹਨ- (੧) ਡੱਲਾ ਨਿਵਾਸੀ ਭਾਈ ਪਾਰੋ ਖਤ੍ਰੀ ਦੀ ਕੁਲ ਵਿੱਚ ਸੁੱਧੇ ਦੇ ਘਰ ਮਾਈ ਦਿਆਲੀ ਦੀ ਕੁੱਖ ਤੋਂ ਸੰਮਤ ੧੭੧੮ ਭਾਦੋਂ ਪ੍ਰਵਿਸ੍ਟਾ ੧੧. ਨੂੰ ਦਯਾ ਸਿੰਘ ਜੀ ਦਾ ਜਨਮ ਲਾਹੌਰ ਹੋਇਆ. ਇਨ੍ਹਾਂ ਦਾ ਪਿਤਾ ਗੁਰੂ ਤੇਗ ਬਹਾਦੁਰ ਸਾਹਿਬ ਦਾ ਸੇਵਕ ਸੀ. ਦਯਾ ਸਿੰਘ ਜੀ ਸੰਮਤ ੧੭੩੪ ਵਿੱਚ ਆਨੰਦਪੁਰ ਆਕੇ ਕਲਗੀਧਰ ਦੀ ਸੇਵਾ ਕਰਨ ਲੱਗੇ. ੧. ਵੈਸਾਖ ਸੰਮਤ ੧੭੫੬ ਨੂੰ ਸੀਸ ਭੇਟ ਕਰਕੇ ਅੰਮ੍ਰਿਤ ਛਕਿਆ. ਸੰਮਤ ੧੭੬੨ ਵਿੱਚ ਲੋਹਗੜ੍ਹ (ਦੀਨੇ) ਤੋਂ ਜਫਰਨਾਮਾ ਲੈ ਕੇ ਔਰੰਗਜ਼ੇਬ ਪਾਸ ਦੱਖਣ ਗਏ. ਸੰਮਤ ੧੭੬੫ ਅੱਸੂ ੧੧. ਨੂੰ ਅਬਿਚਲਨਗਰ ਪਰਲੋਕ ਸਿਧਾਰੇ. ਦਯਾ ਸਿੰਘ ਜੀ ਦਾ ਪਰਿਵਾਰ ਮਾਤਾ ਸੁੰਦਰੀ ਜੀ ਨਾਲ ਦਿੱਲੀ ਰਿਹਾ, ਜਦ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਜੀ ਦੇ ਗ੍ਰੰਥੀ ਹੋਏ, ਤਦ ਉਹ ਭੀ ਅਮ੍ਰਿਤਸਰ ਜੀ ਆ ਗਿਆ. ਇਸ ਵੰਸ਼ ਵਿੱਚੋਂ ਪੁਜਾਰੀ ਜਵਾਹਰ ਸਿੰਘ ਜੀ ਹਨ. (੨) ਪਿੰਡ ਜਟਵਾੜਾ (ਜਿਲਾ ਸਹਾਰਨਪੁਰ) ਵਿੱਚ ਸੰਤਰਾਮ ਜੱਟ ਦੇ ਘਰ ਮਾਤਾ ਜੱਸੀ (ਜਾਂ ਸਾਵੋ) ਦੀ ਕੁੱਖ ਤੋਂ ਸੰਮਤ ੧੭੨੪ ਕੱਤਕ ੭. ਨੂੰ ਧਰਮ ਸਿੰਘ ਜੀ ਦਾ ਜਨਮ ਹੋਇਆ. ਸੰਮਤ ੧੭੩੫ ਵਿੱਚ ਕਲਗੀਧਰ ਦੀ ਸ਼ਰਣ ਆਏ. ਵੈਸਾਖੀ ਸੰਮਤ ੧੭੫੬ ਨੂੰ ਸੀਸ ਭੇਟ ਕਰਕੇ ਸਿੰਘ ਸਜੇ. ੮. ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ. ਇਨ੍ਹਾਂ ਦੀ ਵੰਸ਼ ਵਿੱਚੋਂ ਸਰਦਾਰ ਨੌਧ ਸਿੰਘ ਜੀ ਰਾਜਾ ਸਾਹਿਬ ਕਲਸੀਆਂ ਦੇ ਰਸਾਲਦਾਰ ਰਹੇ ਹਨ. (੩) ਨੰਗਲਸ਼ਹੀਦਾਂ (ਜਿਲਾ ਹੁਸ਼ਿਆਰਪੁਰ) ਵਿੱਚ ਤੁਲਸੀ (ਜਾਂ ਚਮਨਰਾਮ) ਨਾਈ ਦੇ ਘਰ ਮਾਤਾ ਬਿਸਨਦੇਈ ਦੀ ਕੁੱਖ ਤੋਂ ੪. ਹਾੜ੍ਹ ਸੰਮਤ ੧੭੨੨ ਨੂੰ ਸਾਹਿਬ ਸਿੰਘ ਜੀ ਦਾ ਜਨਮ ਹੋਇਆ. ਸੰਮਤ ੧੭੩੮ ਵਿੱਚ ਆਨੰਦਪੁਰ ਆਕੇ ਸਤਿਗੁਰੂ ਦੀ ਸ਼ਰਣ ਰਹੇ. ਸੰਮਤ ੧੭੫੬ ਵਿੱਚ ਸੀਸ ਭੇਟ ਕਰਕੇ ਸਿੰਘ ਸਜੇ. ੮. ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ. ਇਨ੍ਹਾਂ ਦੀ ਸੰਤਾਨ ਦੇ ਲੋਕ ਨੰਗਲਸ਼ਹੀਦਾਂ ਵਿੱਚ ਵਸਦੇ ਹਨ. (੪) ਪਿੰਡ ਸੰਗਤਪੁਰਾ (ਰਾਜ ਪਟਿਆਲਾ) ਵਿੱਚ ਜੋਤੀਰਾਮ ਝਿਉਰ ਦੇ ਘਰ ਮਾਈ ਰਾਮੋ ਦੀ ਕੁੱਖ ਤੋਂ ੫. ਮਾਘ ਸੰਮਤ ੧੭੧੮ ਨੂੰ ਹਿੰਮਤ ਸਿੰਘ ਜੀ ਜਨਮੇ. ਸੰਮਤ ੧੭੩੫ ਵਿੱਚ ਕਲਗੀਧਰ ਦੀ ਸਰਣ ਆਏ. ਸੰਮਤ ੧੭੫੬ ਵਿੱਚ ਸੀਸ ਭੇਟ ਕਰਕੇ ਸਿੰਘ ਸਜੇ. ੮. ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ. ਇਨ੍ਹਾਂ ਦੇ ਸੰਤਾਨ ਨਹੀਂ ਹੋਈ. (੫) ਬੂੜੀਏ ਪਿੰਡ ਵਿੱਚ ਤੀਰਥਰਾਮ ਛੀਂਬੇ ਦੇ ਘਰ ਮਾਤਾ ਸੁਖਦੇਵੀ ਦੀ ਕੁੱਖ ਤੋਂ ੨੨ ਜੇਠ ਸੰਮਤ ੧੭੩੩ ਨੂੰ ਮੁਹਕਮ ਸਿੰਘ ਜੀ ਦਾ ਜਨਮ ਹੋਇਆ. ਸੰਮਤ ੧੭੪੨ ਵਿੱਚ ਆਨੰਦਪੁਰ ਨਿਵਾਸ ਕੀਤਾ. ਵੈਸਾਖੀ ਸੰਮਤ ੧੭੫੬ ਨੂੰ ਸੀਸ ਭੇਟ ਕਰਕੇ ਸਿੰਘ ਸਜੇ. ੮. ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ. ਕਵਿਰਾਜ ਭਾਈ ਸੰਤੋਖ ਸਿੰਘ ਜੀ ਕਰਤਾ. ਗੁਰੁ ਪ੍ਰਤਾਪ ਸੂਰਯ ਇਨ੍ਹਾਂ ਦੀ ਹੀ ਵੰਸ਼ ਵਿੱਚੋਂ ਸਨ. ਬਾਬਾ ਬੁੱਢਾ ਜੀ ਦੇ ਜੀਵਨਚਰਿਤ੍ਰ ਵਿੱਚ ਭਾਈ ਮੰਗਲ ਸਿੰਘ ਜੀ ਲਿਖਦੇ ਹਨ- (ੳ) ਲਹੌਰ ਨਿਵਾਸੀ ਸੁੱਧੇ ਖਤ੍ਰੀ ਦੇ ਘਰ ਮਾਤਾ ਦਿਆਲੀ ਤੋਂ ਸੰਮਤ ੧੭੨੬ ਵਿੱਚ ਦਯਾਰਾਮ ਜਨਮਿਆ, ਸੰਮਤ ੧੭੫੬ ਵਿੱਚ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਪਦ ਧਾਰਣ ਕੀਤਾ. ਸੰਮਤ ੧੭੬੫ ਵਿੱਚ ਆਪ ਦਾ ਦੇਹਾਂਤ ਗੋਦਾਵਰੀ ਦੇ ਕਿਨਾਰੇ ਅਬਿਚਲਨਗਰ ਹੋਇਆ. ਆਪ ਪੰਜ ਪਿਆਰਿਆਂ ਦੇ ਜਥੇਦਾਰ ਸਨ. (ਅ) ਹਸਤਨਾਪੁਰ ਨਿਵਾਸੀ ਸੰਤਰਾਮ ਜੱਟ ਦੇ ਘਰ ਮਾਤਾ ਸਾਭੋ ਦੇ ਉਦਰ ਤੋਂ ਸੰਮਤ ੧੭੨੩ ਵਿੱਚ ਧਰਮਦਾਸ ਜੀ ਦਾ ਜਨਮ ਹੋਇਆ. ਸੰਮਤ ੧੭੫੬ ਵਿੱਚ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਸਜੇ, ਸੰਮਤ ੧੭੬੫ ਵਿੱਚ ਹਜੂਰ ਸਾਹਿਬ ਇਨ੍ਹਾਂ ਦਾ ਦੇਹਾਂਤ ਹੋਇਆ. (ੲ) ਦ੍ਵਾਰਿਕਾ ਨਿਵਾਸੀ ਤੀਰਥਚੰਦ ਛੀਂਬੇ ਦੇ ਘਰ ਮਾਤਾ ਦੇਵਾਂਬਾਈ ਦੇ ਉਦਰ ਤੋਂ ਸੰਮਤ ੧੭੨੦ ਵਿੱਚ ਮੁਹਕਮਚੰਦ ਜੀ ਜਨਮੇ. ਸੰਮਤ ੧੭੫੬ ਵਿੱਚ ਦਸ਼ਮੇਸ਼ ਤੋਂ ਅੰਮ੍ਰਿਤ ਛਕਕੇ ਖਾਲਸਾ ਸਜੇ. ਸੰਮਤ ੧੭੬੧ ਵਿੱਚ ਚਮਕੌਰ ਦੇ ਧਰਮਯੁੱਧ ਵਿੱਚ ਸ਼ਹੀਦ ਹੋਏ. (ਸ) ਬਿਦੁਰ ਨਿਵਾਸੀ ਚਮਨੇ ਨਾਈ ਦੇ ਘਰ ਸੋਨਾਬਾਈ ਦੇ ਉਦਰ ਤੋਂ ਸੰਮਤ ੧੭੧੯ ਵਿੱਚ ਸਾਹਿ ਬਚੰਦ ਜੀ ਦਾ ਜਨਮ ਹੋਇਆ. ਸੰਮਤ ੧੭੫੬ ਵਿੱਚ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਪਦ ਧਾਰਨ ਕੀਤਾ. ਸੰਮਤ ੧੭੬੧ ਦੇ ਧਰਮਯੁੱਧ ਵਿੱਚ ਚਮਕੌਰ ਸਾਹਿਬ ਸ਼ਹੀਦ ਹੋਏ. ਇਨ੍ਹਾਂ ਨੇ ਅਮ੍ਰਿਤ ਛਕਣ ਤੋਂ ਪਹਿਲਾਂ ਭੀ ਧਰਮਯੁੱਧਾਂ ਵਿੱਚ ਹਿੱਸਾ ਲਿਆ ਹੈ. ਭੰਗਾਣੀ ਦੇ ਜੰਗ ਵਿੱਚ ਆਪ ਨੇ ਵਡੀ ਵੀਰਤਾ ਦਿਖਾਈ, ਜਿਸ ਦਾ ਜਿਕਰ ਵਿਚਿਤ੍ਰਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਦੇਖੀਦਾ ਹੈ. (ਹ) ਪੁਰੀ (ਜਗੰਨਾਥ) ਨਿਵਾਸੀ ਗੁਲਜਾਰੀ ਝੀਵਰ ਦੇ ਘਰ ਧੰਨੋ ਦੇ ਉਦਰ ਤੋਂ ਸੰਮਤ ੧੭੧੮ ਵਿੱਚ ਹਿੰਮਤ ਜੀ ਦਾ ਜਨਮ ਹੋਇਆ. ਸੰਮਤ ੧੭੫੬ ਵਿੱਚ ਦਸ਼ਮੇਸ਼ ਤੋਂ ਅਮ੍ਰਿਤ ਪਾਨ ਕਰਕੇ ਸਿੰਘ ਸਜੇ. ਸੰਮਤ ੧੭੬੧ ਦੇ ਧਰਮਯੁੱਧ ਵਿੱਚ ਚਮਕੌਰ ਸ਼ਹੀਦ ਹੋਏ¹। ੩. ਉਹ ਪੰਜ ਗੁਰਮੁਖ ਸਿੰਘ, ਜਿਨ੍ਹਾਂ ਨੂੰ ਕਲਗੀਧਰ ਨੇ ਚਮਕੌਰ ਦੀ ਗੜ੍ਹੀ ਛੱਡਣ ਸਮੇਂ ਗੁਰਤਾ ਅਰਪੀ- ਦਯਾ ਸਿੰਘ, ਧਰਮ ਸਿੰਘ, ਮਾਨ ਸਿੰਘ, ਸੰਗਤ ਸਿੰਘ ਅਤੇ ਸੰਤਸਿੰਘ.
ਮਹਾਨ ਕੋਸ਼ — ਭਾਗ ੨, ਪੰਨਾ ੩੩੨