ਖਟਅੰਗ

ਸੰ. षडङ्ग ਸੜੰਗ. ਛੀ ਅੰਗ. ਸ਼ਰੀਰ ਦੇ ਪ੍ਰਧਾਨ ਛੀ ਅੰਗ ਇਹ ਹਨ- ਸਿਰ, ਦੋ ਬਾਹਾਂ, ਛਾਤੀ, ਦੋ ਟੰਗਾਂ। ੨. ਦੇਹ. ਸ਼ਰੀਰ, ਜਿਸ ਦੇ ਛੀ ਅੰਗ ਹਨ. "ਖਟਅੰਗ ਪਾਣਿ ਉਛਾਲੀਅੰ." (ਚੰਡੀ ੨) ਦੁਰਗਾ ਨੇ ਸ਼ੁੰਭ ਦਾ ਸਰੀਰ ਹੱਥ ਨਾਲ ਉਛਾਲਿਆ। ੩. ਨੀਤਿ ਦੇ ਛੀ ਅੰਗ- ੳ. ਸੰਧਿ (ਮੁਲਾਕਾਤ- ਸੁਲਹ). ਅ. ਵਿਗ੍ਰਹਿ (ਜੰਗ). ੲ. ਯਾਨ (ਦੁਸ਼ਮਨ ਪੁਰ ਚੜ੍ਹਾਈ). ਸ. ਆਸਨ (ਜਮਕੇ ਬੈਠਣਾ. ਮਤਲਬ ਸਿੱਧ ਕਰਨ ਲਈ ਕਿਸੇ ਥਾਂ ਆਸਨ ਜਮਾਉਣਾ). ਹ. ਸੰਸ਼੍ਰਯ (ਕਿਸੇ ਬਲਵਾਨ ਦਾ ਆਸਰਾ ਲੈਣਾ). ਕ. ਦ੍ਵੈਧੀਭਾਵ (ਫੋਟਕ ਪਾਉਣਾ). ੪. ਵੇਦ ਦੇ ਛੀ ਅੰਗ- ੳ. ਸਿਕ੍ਸ਼ਾ (ਅਕ੍ਸ਼ਰਾਂ ਦਾ ਉੱਚਾਰਣ ਅਤੇ ਪਾਠ ਦੇ ਸ੍ਵਰ ਦਾ ਜਿਸ ਤੋਂ ਗ੍ਯਾਨ ਹੁੰਦਾ ਹੈ). ਅ. ਕਲਪ कल्प (ਮੰਤ੍ਰਜਾਪ ਦੀ ਵਿਧੀ ਅਤੇ ਪ੍ਰਕਾਰ ਜਿਸ ਤੋਂ ਜਾਣੀਦੇ ਹਨ). ੲ. ਵ੍ਯਾਕਰਣ (ਸ਼ਬਦਾਂ ਦੀ ਸ਼ੁੱਧੀ ਅਤੇ ਪ੍ਰਯੋਗ (ਵਰਤਾਉ) ਜਿਸ ਤੋਂ ਜਾਣੇ ਜਾਂਦੇ ਹਨ). ਸ. ਜ੍ਯੋਤਿਸ (ਅਮਾਵਸ ਮੌਸ) ਪੂਰਣਮਾਸੀ ਸੰਕ੍ਰਾਂਤਿ ਆਦਿ ਦਿਨਾਂ ਦਾ ਜਿਸ ਤੋਂ ਗ੍ਯਾਨ ਹੋਵੇ).¹ ਹ. ਛੰਦ(ਪਦਾਂ ਦੇ ਵਿਸ਼੍ਰਾਮ, ਮੰਤ੍ਰਾਂ ਦੀ ਚਾਲ ਅਤੇ ਛੰਦ ਦਾ ਨਾਉਂ ਜਿਸ ਤੋਂ ਜਾਣੀਏ). ਕ. ਨਿਰੁਕ੍ਤ (ਸ਼ਬਦਾਂ ਦੇ ਅਰਥਾਂ ਦੀ ਵ੍ਯਾਖ੍ਯਾ. ਵ੍ਯੁਤਪਤਿ ਸਹਿਤ ਨਾਮਾਂ ਦਾ ਸਰੂਪ ਦੱਸਣ ਵਾਲਾ ਵੈਦਿਕ ਕੋਸ਼).

ਮਹਾਨ ਕੋਸ਼ — ਭਾਗ ੨, ਪੰਨਾ ੨੯੫

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.