ਕੁੰਡ
ਸੰ. कुण्डू ਧਾ- ਰਖ੍ਯਾ ਕਰਨਾ. ਸੰਭਾਲਨਾ। ੨. ਸੰਗ੍ਯਾ- ਜੋ ਜਲ ਦੀ ਰਖ੍ਯਾ ਕਰੇ, ਟੋਆ. ਗਢਾ। ੩. ਹ਼ੌਜ. ਚਬੱਚਾ. "ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿਜਾਹਾ." (ਆਸਾ ਮਃ ੫) ੪. ਅੱਗ ਦੇ ਰੱਖਣ ਦਾ ਟੋਆ. (ਕੁਡਿ ਦਾਹੇ) ਹੋਮ ਲਈ ਸ਼ਾਸਤ੍ਰ ਦੀ ਵਿਧੀ ਨਾਲ ਪੁੱਟਿਆ ਹੋਇਆ ਟੋਆ. ਦੇਖੋ, ਹਵਨਕੁੰਡ। ੫. ਖਾਸ ਕਰਕੇ ਨਰਕ ਦੇ ੮੬ ਗਰਤ, ਜੋ ਕੁਕਰਮੀਆਂ ਨੂੰ ਸਜ਼ਾ ਦੇਣ ਲਈ ਬਣਾਏ ਹਨ. ਦੇਖੋ, ਦੇਵੀਭਾਗਵਤ ਸਕੰਧ ੯. ਅਃ ੩੭। ੬. ਹਿੰਦੂਧਰਮਸ਼ਾਸਤ੍ਰ ਅਨੁਸਾਰ ਪਤੀ ਦੇ ਜਿਉਂਦੇ ਜਾਰ ਤੋਂ ਪੈਦਾ ਹੋਇਆ ਪੁਤ੍ਰ.¹ ਦੇਖੋ, ਪਾਰਾਸ਼ਰ ਸਿਮ੍ਰਿਤਿ ਅਃ ੪, ਸ਼. ੨੩। ੭. ਕੂਟ (ਦਿਸ਼ਾ) ਲਈ ਭੀ ਕੁੰਡ ਸ਼ਬਦ ਆਇਆ ਹੈ. "ਤਿਂਹ ਚਤੁਰ ਕੁੰਡ ਜਿਤ੍ਯੋ ਦੁਬਾਰ." (ਗ੍ਯਾਨ) "ਸੋ ਚਹੁ ਕੁੰਡੀ ਜਾਣੀਐ." (ਵਾਰ ਮਾਝ ਮਃ ੨) ੮. ਪੰਜਾਬੀ ਵਿੱਚ ਫ਼ਾਰਸੀ 'ਕੁੰਦ' ਦੀ ਥਾਂ ਭੀ ਕੁੰਡ ਵਰਤਦੇ ਹਨ.
ਮਹਾਨ ਕੋਸ਼ — ਭਾਗ ੨, ਪੰਨਾ ੨੩੩