ਸਕਤਾ

ਵਿ- ਸ਼ਕਤਿ ਵਾਲਾ. ਸਮਰਥ. ਬਲਵਾਨ "ਸਕਤਾ ਸੀਹੁ ਮਾਰੇ ਪੈ ਵਗੈ." (ਆਸਾ ਮਃ ੧) ੨. ਅ਼. [سکتہ] ਸੰਗ੍ਯਾ- ਬਿਨਾ ਹਰਕਤ ਹੋਣ ਦੀ ਹਾਲਤ. ਸਤੰਭ ਹੋਣਾ। ੩. ਇੱਕ ਰੋਗ. ਸੰ. संन्यास ਸੰਨ੍ਯਾਸ. Apoplexy. ਇਹ ਰੋਗ ਚਾਲੀ ਵਰ੍ਹੇ ਦੀ ਉਮਰ ਪਿੱਛੋਂ ਜਾਂਦਾ ਹੁੰਦਾ ਹੈ. ਇਸ ਦੇ ਕਾਰਣ ਦਿਮਾਗ ਤੇ ਸੱਟ ਵੱਜਣੀ, ਗੁਰਦੇ ਦੀਆਂ ਬੀਮਾਰੀਆਂ ਹੋਣੀਆਂ, ਸ਼ਰਾਬ, ਅਫੀਮ, ਚੰਡੂ, ਸੁਲਫਾ ਆਦਿ ਬਹੁਤ ਨਸ਼ੇ ਸੇਵਨ ਕਰਨੇ, ਬਹੁਤ ਭੋਗ ਕਰਨਾ ਆਦਿ ਹਨ. ਸਕਤੇ ਵਿੱਚ ਸ਼ਰੀਰ ਜੜ੍ਹ ਹੋ ਜਾਂਦਾ ਹੈ, ਦਿਲ ਹਰਕਤ ਕਰਦਾ ਹੈ ਪਰ ਦਿਮਾਗ ਆਪਣਾ ਕੰਮ ਛੱਡ ਦਿੰਦਾ ਹੈ, ਨਬਜ ਮੱਧਮ ਪੈ ਜਾਂਦੀ ਹੈ, ਸ਼ਰੀਰ ਠੰਢਾ ਹੋ ਜਾਂਦਾ ਹੈ. ਕਦੇ ਕਦੇ ਮਲ ਮੂਤ੍ਰ ਅਚਾਨਕ ਹੀ ਨਿਕਲ ਜਾਂਦੇ ਅਥਵਾ ਬੰਦ ਹੋ ਜਾਂਦੇ ਹਨ. ਇਸ ਦਾ ਇਲਾਜ ਇਹ ਹੈ ਕਿ ਰੋਗੀ ਦਾ ਸਿਰ ਉੱਚਾ ਰੱਖਕੇ ਸ਼ਾਂਤਿ ਨਾਲ ਲਿਟਾ ਦਿੱਤਾ ਜਾਵੇ. ਕੁੜਤੇ ਆਦਿ ਦੇ ਗਲਾਵੇਂ ਦੇ ਬਟਨ ਖੋਲ੍ਹ ਦਿੱਤੇ ਜਾਣ. ਸਿਰਕੇ ਵਿੱਚ ਚੰਦਨ ਤੇ ਕਪੂਰ ਘਸਾਕੇ ਇਸ ਨਾਲ ਵਸਤ੍ਰ ਤਰ ਕਰਕੇ ਮੱਥੇ ਤੇ ਰੱਖਿਆ ਜਾਵੇ. ਲਹੂ ਦੀ ਅਧਿਕਤਾ ਹੋਵੇ ਤਾਂ ਸਿਆਣੇ ਆਦਮੀ ਤੋਂ ਫਸਦ ਖੁਲ੍ਹਵਾਕੇ ਕੁਝ ਕਢਵਾ ਦਿੱਤਾ ਜਾਵੇ. ਪਿੰਨਣੀਆਂ (ਪਿੰਨੀਆਂ) ਅਤੇ ਡੌਲਿਆਂ ਨੂੰ ਰੁਮਾਲਾਂ ਨਾਲ ਘੁੱਟਕੇ ਬੰਨ੍ਹਿਆ ਜਾਵੇ. ਹੁਕਨਾ ਅਤੇ ਹੱਥ ਪੈਰ ਦੀਆਂ ਤਲੀਆਂ, ਤੇ ਮਾਲਿਸ਼ ਕੀਤੀ ਜਾਵੇ. ਇਸ ਬੀਮਾਰੀ ਵਿੱਚ ਮਾਜੂਨ ਫ਼ਿਲਾਸਫ਼ਾ, ਖ਼ਮੀਰਾ, ਗਾਉਜੁਬਾਨ ਅਤੇ ਯੋਗਰਾਜ ਗੁੱਗਲ ਦਾ ਖਵਾਉਣਾ ਅਤੇ ਅਰਕ ਕਾਸਨੀ ਪਿਲਾਉਣਾ ਗੁਣਕਾਰੀ ਹੈ. ਅੰਤੜੀ ਦੀ ਮੈਲ ਜਿਨ੍ਹਾਂ ਚੀਜਾਂ ਤੋਂ ਖਾਰਿਜ ਹੋਵੇ ਉਨ੍ਹਾਂ ਦਾ ਵਰਤਣਾ ਅਤੇ ਜੌਂ ਦਾ ਰਸ, ਮੂੰਗੀ ਦਾ ਪਾਣੀ ਅਤੇ ਚਿੱਟੇ ਮਾਸਾਂ ਦਾ ਸ਼ੋਰਵਾ ਆਦਿ ਨਰਮ ਗਿਜਾ ਦੇਣੀ ਚਾਹੀਏ। ਯਤਿ ਭੰਗ ਦੋਸ. ਦੇਖੋ, ਕਾਵ੍ਯਦੋਸ ਅਤੇ ਯਤਿ.

ਮਹਾਨ ਕੋਸ਼ — ਭਾਗ ੧, ਪੰਨਾ ੩੮੨

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.