ਅਮਰ

ਸੰ. ਸੰਗ੍ਯਾ- ਦੇਵਤਾ, ਜੋ ਮਰਣ ਵਾਲਾ ਨਹੀਂ. "ਅਮਰ ਸਿਮਰਕਰ ਜਾਂਹਿ ਸਮਰ ਜਯ ਪਾਵਹਿ ਅਰਿ ਹਰ." (ਗੁਪ੍ਰਸੂ) ੨. ਵਿ- ਮਰਣ ਰਹਿਤ. ਬਿਨਾ ਮੌਤ. "ਅੰਮ੍ਰਿਤ ਪੀਵੈ ਅਮਰੁ ਸੁ ਹੋਇ." (ਸੁਖਮਨੀ) "ਅਮਰ ਗਹੁ ਮਾਰਿਲੈ." (ਮਾਰੂ ਮਃ ੧) ਮਨ ਜੋ ਮਰਣ ਵਿੱਚ ਨਹੀਂ ਆਉਂਦਾ ਉਸ ਨੂੰ ਫੜਕੇ ਮਾਰਲੈ. ਭਾਵ ਅਜਿਤ ਮਨ ਨੂੰ ਵਸ਼ ਕਰਲੈ। ੩. ਅਚਲ. ਅਟਲ. ਅਮੇਟ. "ਤੇਰੀ ਅਮਰੁ ਰਜਾਇ." (ਆਸਾ ਛੰਤ ਮਃ ੫. ਬਿਰਹੜੇ) ੪. ਗੁਰੂ ਅਮਰਦਾਸ ਜੀ ਦਾ ਸੰਖੇਪ ਨਾਉਂ "ਸਚੁ ਸਚਾ ਸਤਿਗੁਰੁ ਅਮਰੁ ਹੈ." (ਵਾਰ ਗਉ ੧. ਮਃ ੪) "ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ." (ਵਾਰ ਰਾਮ ੩) ਦੇਖੋ, ਅਮਰਦਾਸ ਸਤਿਗੁਰੂ। ੫. ਅ਼. ਸੰਗ੍ਯਾ- ਆਗ੍ਯਾ. ਹੁਕਮ. "ਅਮਰ ਹੀਣੰ ਜਥਾ ਰਾਜਨਹ." (ਸਹਸ ਮਃ ੫) "ਸਿਰ ਊਪਰਿ ਅਮਰੁ ਕਰਾਰਾ" (ਮਾਰੂ ਮਃ ੫) ੬. ਸਿੱਕਹ. ਰਾਜਮੁਦ੍ਰਾ. "ਅਮਰ ਚਲਾਵੈ ਚੰਮ ਦੇ." (ਭਾਗੁ) ੭. [عامر] ਆਮਿਰ. ਅਮਰ (ਹੁਕਮ) ਕਰਣ ਵਾਲਾ. ਹਾਕਿਮ. "ਅਮਰੁ ਵੇਪਰਵਾਹੁ ਹੈ." (ਵਾਰ ਸਾਰ ਮਃ ੩)

ਮਹਾਨ ਕੋਸ਼ — ਭਾਗ ੧, ਪੰਨਾ ੨੧੩

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.