Sukhmani Sahib — Bhai Vir Singh ji (page 5)

Sukhmani Sahib — Bhai Vir Singh ji · ੫ / ੨੫

ਪ੍ਰਾਕਥਨ-ਅੰਕ ੫ ਤਕ ਮਾਨੁਖ ਨੂੰ ਉਪਦੇਸ਼ਿਆ ਹੈ ਕਿ ਵਾਹਿਗੁਰੂ ਦੇ ਗੁਣ ਚਿੰਤਨ ਕਰ, ਜੋ ਜੋ ਮੇਹਰਾਂ ਹਨ ਯਾਦ ਰਖ ਤੇ ਸ਼ੁਕਰ ਕਰ। ਪਹਿਲੇ ਨਾਮ ਦਾ ਉਪਦੇਸ਼ ਕਰਦੇ ਰਹੇ ਹਨ, ਹੁਣ ਗੁਣ ਕਥਨ ਦੀ ਪ੍ਰੇਰਨਾ ਕੀਤੀ ਹੈ। ਅੰਕ ੫-੬-੭ ਵਿਚ ਜੀਵਾਂ ਲਈ ਅਕਾਲ ਪੁਰਖ ਅਗੇ ਅਰਦਾਸ ਕੀਤੀ ਹੈ, ਅੰਕ ਅੱਠ ਵਿਚ ਅਰਦਾਸ ਕਰਨੇ ਲਈ ਲਿਖਕੇ ਦੇ ਦਿਤੀ ਹੈ।

ਸਲੋਕੁ ॥

ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥

(ਹੇ) ਗੁਣਾਂ ਤੋਂ ਸੱਖਣੇ ਤੇ (ਬਾਲਾਂ ਵਾਂਙੂ) ਅਞਾਣੇ (ਪ੍ਰਾਣੀ!) ਉਸ ਪਰਮੇਸ਼ੁਰ ਨੂੰ ਸਦਾ ਯਾਦ ਕਰ, (ਹਾਂ) ਜਿਸ ਨੇ (ਤੈਨੂੰ) ਰਚਿਆ ਹੈ, ਉਸਨੂੰ ਚਿਤ ਵਿਚ (ਪ੍ਰੋਕੇ) ਰੱਖ (ਓਹ ਏਥੇ ਓਥੇ ਸਦਾ ਤੇਰੇ) ਨਾਲ ਨਿਭੇਗਾ (ਭਾਵ ਸਹਾਈ ਹੋਵੇਗਾ, ਕਹਿੰਦੇ ਹਨ ਗੁਰੂ) ਨਾਨਕ।੧।

ਅਸਟਪਦੀ ॥

ਰਮਈਆ ਕੇ ਗੁਨ ਚੇਤਿ ਪਰਾਨੀ ॥
ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥
ਭਰਿ ਜੋਬਨ ਭੋਜਨ ਸੁਖ ਸੂਧ ॥
ਬਿਰਧਿ ਭਇਆ ਊਪਰਿ ਸਾਕ ਸੈਨ ॥
ਮੁਖਿ ਅਪਿਆਉ ਬੈਠ ਕਉ ਦੈਨ ॥
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥
ਬਖਸਿ ਲੇਹੁ ਤਉ ਨਾਨਕ ਸੀਝੈ ॥੧॥

ਹੇ ਪ੍ਰਾਣੀ! ਪਰਮੇਸ਼ੁਰ ਦੇ ਗੁਣਾਂ ਨੂੰ ਯਾਦ ਕਰ। ਕਿਸ ਮੂਲ ਤੋਂ (ਤੇਰੀ ਦੇਹ) ਕੈਸੀ (ਸੁਹਣੀ ਬਣਾ) ਦਿਖਾਈ ਹੈ? ਜਿਸ ਨੇ ਤੈਨੂੰ ਰਚਿਆ, ਸਵਾਰਿਆ ਤੇ ਸ਼ਿੰਗਾਰਿਆ ਤੇ (ਮਾਤਾ ਦੇ) ਗਰਭ ਦੀ ਅੱਗ ਵਿਚ ਜਿਸਨੇ (ਤੈਨੂੰ) ਬਚਾਇਆ, ਬਾਲ ਅਵਸਥਾ ਵਿਚ ਤੈਨੂੰ ਦੁੱਧ ਪਿਲਾਉਂਦਾ ਹੈ (ਜਦ) ਜੋਬਨ ਭਰਿਆ ਤਾਂ (ਫਿਰ ਤੇਰੇ) ਭੋਜਨ (ਤੇ ਹੋਰ ਸਾਰੇ) ਸੁਖਾਂ ਦੀ ਸੁਖ (ਜਿਸਨੇ ਰੱਖੀ, ਜਦ) ਬੁੱਢਾ ਹੋਯਾ (ਤਦ) ਸਾਕ ਅੰਗ (ਤੇਰੇ) ਉਪਰ (ਖੜੇ ਕਰ ਦਿੱਤੇ ਜੋ) ਬੈਠੇ ਦੇ ਮੂੰਹ ਵਿਚ ਭੋਜਨ ਦਿੰਦੇ ਹਨ (ਐਸੇ ਰਮਈਆ ਦੇ ਗੁਣ ਚੇਤ ਹੇ ਪ੍ਰਾਣੀ! ਪਰ ਹੇ ਅਕਾਲ ਪੁਰਖ!) ਇਹ (ਜੀਵ) ਗੁਣ ਰਹਿਤ ਹੈ (ਆਪ ਦਾ) ਗੁਣ (ਖੂਬੀ) ਕੁਛ ਨਹੀਂ ਬੁੱਝਦਾ। ਬਖਸ਼ ਲਵੋ ਤਦ ਇਹ ਸਫਲਤਾ ਨੂੰ ਪ੍ਰਾਪਤ ਹੋ ਸਕਦਾ ਹੈ, (ਭਾਵ ਮੁਕਤ ਹੁੰਦਾ ਹੈ, ਕਹਿੰਦੇ ਹਨ ਗੁਰੂ) ਨਾਨਕ ਜੀ!।੧।

ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥
ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥
ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥
ਸੁਖਦਾਈ ਪਵਨੁ ਪਾਵਕੁ ਅਮੁਲਾ ॥
ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥
ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥
ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥
ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥
ਐਸੇ ਦੋਖ ਮੂੜ ਅੰਧ ਬਿਆਪੇ ॥
ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥

(ਜੀਵ ਪ੍ਰਤਿ ਉਪਦੇਸ਼ ਦੇਂਦੇ ਹਨ-ਹੇ ਜੀਵ!) ਜਿਸਦੀ ਕ੍ਰਿਪਾ ਕਰਕੇ ਧਰਤੀ ਉਤੇ (ਤੂੰ) ਸੁਖ ਨਾਲ ਵੱਸਦਾ ਹੈ, ਪੁੱਤ੍ਰਾਂ, ਭਰਾਵਾਂ, ਮਿੱਤ੍ਰਾਂ ਤੇ ਵਹੁਟੀ ਦੇ ਨਾਲ ਹੱਸਦਾ ਹੈਂ (ਭਾਵ ਉਨ੍ਹਾਂ ਦੇ ਮਿਲਾਪ ਵਿਚ ਪ੍ਰਸੰਨ ਰਹਿੰਦਾ ਹੈ), ਜਿਸ ਦੀ ਕ੍ਰਿਪਾ ਕਰਕੇ ਠੰਢਾ ਪਾਣੀ ਪੀਂਦਾ ਹੈ। (ਜਿਸਦੀ ਕ੍ਰਿਪਾ ਕਰਕੇ) ਸੁਖ ਦੇਣੇ ਵਾਲੀ ਪਉਣ ਤੇ ਅੱਗ (ਦਾ ਸੁਖ ਤੈਨੂੰ) ਅਮੁੱਲ (ਮਿਲ ਰਿਹਾ ਹੈ)। ਜਿਸਦੀ ਕ੍ਰਿਪਾ ਕਰਕੇ (ਤੂੰ) ਸਾਰੇ ਰਸ ਭੋਗ ਰਿਹਾ ਹੈ, (ਭਰਨ ਪੋਖਣ ਦੇ) ਸਾਰੇ ਸਾਮਾਨ ਸਮੇਤ (ਜਿਸ ਦੀ ਮਿਹਰ) ਨਾਲ (ਤੂੰ) ਵੱਸ ਰਿਹਾ ਹੈ, (ਜਿਸਨੇ) ਦਿੱਤੇ ਹਨ (ਤੈਨੂੰ) ਹੱਥ, ਪੈਰ, ਕੰਨ, ਅੱਖਾਂ ਤੇ ਜੀਭ, (ਹੇ ਜੀਵ!) ਉਸ (ਦਾਤੇ) ਨੂੰ ਛੱਡਕੇ ਹੋਰਨਾਂ ਨਾਲ (ਤੇਰਾ) ਰਚ ਜਾਣਾ (ਅਚਰਜ ਹੈ! ਹਾਂ) ਐਸੇ ਦੋਖ ਮੂਰਖਾਂ ਤੇ ਅੰਨ੍ਹਿਆਂ ਨੂੰ ਵਿਆਪਦੇ ਹਨ। ਹੇ ਪ੍ਰਭੂ! (ਇਨ੍ਹਾਂ ਜੀਵਾਂ ਨੂੰ ਐਸੇ ਦੋਖਾਂ ਵਿਚੋਂ) ਆਪੇ ਕੱਢ ਲਵੋ, ਨਾਨਕ (ਦੀ ਅਰਦਾਸ ਹੈ)।੨।

ਆਦਿ ਅੰਤਿ ਜੋ ਰਾਖਨਹਾਰੁ ॥
ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥
ਜਾ ਕੀ ਸੇਵਾ ਨਵ ਨਿਧਿ ਪਾਵੈ ॥
ਤਾ ਸਿਉ ਮੂੜਾ ਮਨੁ ਨਹੀ ਲਾਵੈ ॥
ਜੋ ਠਾਕੁਰੁ ਸਦ ਸਦਾ ਹਜੂਰੇ ॥
ਤਾ ਕਉ ਅੰਧਾ ਜਾਨਤ ਦੂਰੇ ॥
ਜਾ ਕੀ ਟਹਲ ਪਾਵੈ ਦਰਗਹ ਮਾਨੁ ॥
ਤਿਸਹਿ ਬਿਸਾਰੈ ਮੁਗਧੁ ਅਜਾਨੁ ॥
ਸਦਾ ਸਦਾ ਇਹੁ ਭੂਲਨਹਾਰੁ ॥
ਨਾਨਕ ਰਾਖਨਹਾਰੁ ਅਪਾਰੁ ॥੩॥

ਜਨਮ ਤੋਂ ਲੈ ਮੌਤ ਤਕ ਜੋ (ਠਾਕੁਰ ਇਸ ਜੀਵ ਦੀ) ਰੱਖਯਾ ਕਰਨ ਹਾਰਾ ਹੈ, ਉਸ ਨਾਲ (ਇਹ) ਮੂਰਖ ਪ੍ਰੀਤ ਨਹੀਂ ਕਰਦਾ। ਜਿਸ (ਠਾਕੁਰ) ਦੀ ਸੇਵਾ (ਕਰਨੇ ਤੇ ਇਹ) ਨੌ ਨਿਧਾਂ ਨੂੰ ਪਾ ਸਕਦਾ ਹੈ, ਉਸ ਨਾਲ (ਇਹ) ਮੂਰਖ (ਜੀਵ) ਮਨ ਨਹੀਂ ਲਾਉਂਦਾ। ਜੋ ਠਾਕੁਰ (ਮਾਲਕ) ਸਦੀਵ ਕਾਲ ਹਾਜਰਾ ਹਜੂਰ ਹੈ, ਉਸ ਨੂੰ (ਇਹ) ਅੰਨ੍ਹਾਂ ਦੂਰ ਜਾਣਦਾ ਹੈ। ਜਿਸ (ਠਾਕੁਰ) ਦੀ ਟਹਿਲ (ਕਰਕੇ) ਦਰਗਾਹ ਵਿਚ ਮਾਣ ਪਾ ਸਕਦਾ ਹੈ, ਉਸਨੂੰ (ਇਹ) ਮੂਰਖ ਤੇ ਅਗਯਾਨੀ (ਮਨੋਂ) ਵਿਸਾਰੀ ਰਖਦਾ ਹੈ। ਇਹ (ਜੀਵ ਤਾਂ) ਨਿਤ ਨਿਤ ਭੁੱਲਣਹਾਰਾ ਹੈ, (ਪਰ ਠਾਕੁਰ) ਬੇਅੰਤ ਹੈ ਜੋ (ਫੇਰ ਉਸਦੀ) ਰੱਖਯਾ ਕਰਨ ਵਾਲਾ ਹੈ, ਹੇ ਨਾਨਕ।੩।

ਰਤਨੁ ਤਿਆਗਿ ਕਉਡੀ ਸੰਗਿ ਰਚੈ ॥
ਸਾਚੁ ਛੋਡਿ ਝੂਠ ਸੰਗਿ ਮਚੈ ॥
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥
ਜੋ ਹੋਵਨੁ ਸੋ ਦੂਰਿ ਪਰਾਨੈ ॥
ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥
ਸੰਗਿ ਸਹਾਈ ਤਿਸੁ ਪਰਹਰੈ ॥
ਚੰਦਨ ਲੇਪੁ ਉਤਾਰੈ ਧੋਇ ॥
ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥
ਅੰਧ ਕੂਪ ਮਹਿ ਪਤਿਤ ਬਿਕਰਾਲ ॥
ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥

(ਇਹ ਜੀਵ) ਰਤਨ ਨੂੰ ਛੱਡ ਕੇ ਕੌਡੀ ਨਾਲ ਰਚ ਰਿਹਾ ਹੈ। ਸੱਚ ਨੂੰ ਛੱਡਕੇ ਝੂਠ ਵਿਚ ਬਫਾਉਂਦਾ ਹੈ। ਜੋ ਛੱਡਣਾ ਹੈ ਉਸਨੂੰ ਅਵਿਨਾਸ਼ੀ ਕਰਕੇ ਮੰਨਦਾ ਹੈ। ਜੋ ਹੋਣਾ ਹੈ ਉਸ ਨੂੰ ਦੂਰ (ਦੀ ਗੱਲ) ਪਛਾਣਦਾ ਹੈ, (ਜੋ) ਛੱਡ ਜਾਣਾ ਹੈ ਉਸ (ਲਈ) ਮਿਹਨਤ ਕਰਦਾ ਹੈ। (ਜੋ ਸਦਾ) ਸੰਗ ਸਹਾਈ ਰਹਿਣ ਵਾਲਾ ਹੈ ਪਰਮੇਸ਼ੁਰ (ਉਸਨੂੰ) ਛੱਡ ਦੇਂਦਾ ਹੈ। (ਜਿਵੇਂ) ਖੋਤੇ ਦੀ ਪ੍ਰੀਤ ਸੁਆਹ ਨਾਲ ਹੁੰਦੀ ਹੈ, (ਜੇ ਉਸ ਪਰ) ਚੰਦਨ ਦਾ ਲੇਪ (ਬੀ ਕੀਤਾ ਹੋਵੇ ਤਾਂ ਉਹ ਸੁਆਹ ਵਿਚ ਲੇਟਕੇ ਐਉਂ) ਲਾਹ ਸੁਟਦਾ ਹੈ (ਕਿ ਮਾਨੋ) ਧੋ ਕੇ (ਲਾਹਿਆ ਹੈ, ਤਿਵੇਂ ਜੀਵ ਕਰਦਾ ਹੈ। ਇਹ ਜੀਵ ਕਿਸ) ਭਯਾਨਕ ਅੰਨ੍ਹੇ ਖੂਹ (ਅਗਯਾਨ) ਵਿਚ ਡਿੱਗ ਪਿਆ ਹੈ। ਹੇ ਰਹਿਮਤਾਂ ਵਾਲੇ ਪ੍ਰਭੂ! (ਇਸਨੂੰ ਆਪੇ) ਕੱਢ ਲਓ ਨਾਨਕ (ਦੀ ਇਹ ਅਰਦਾਸ ਹੈ)।੪।

ਕਰਤੂਤਿ ਪਸੂ ਕੀ ਮਾਨਸ ਜਾਤਿ ॥
ਲੋਕ ਪਚਾਰਾ ਕਰੈ ਦਿਨੁ ਰਾਤਿ ॥
ਬਾਹਰਿ ਭੇਖ ਅੰਤਰਿ ਮਲੁ ਮਾਇਆ ॥
ਛਪਸਿ ਨਾਹਿ ਕਛੁ ਕਰੈ ਛਪਾਇਆ ॥
ਬਾਹਰਿ ਗਿਆਨ ਧਿਆਨ ਇਸਨਾਨ ॥
ਅੰਤਰਿ ਬਿਆਪੈ ਲੋਭੁ ਸੁਆਨੁ ॥
ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥
ਗਲਿ ਪਾਥਰ ਕੈਸੇ ਤਰੈ ਅਥਾਹ ॥
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥
ਨਾਨਕ ਤੇ ਜਨ ਸਹਜਿ ਸਮਾਤਿ ॥੫॥

(ਇਹ) ਹੈ ਤਾਂ ਜਾਤ ਮਨੁੱਖ ਦੀ (ਪਰ ਇਸ ਦੀ) ਕਰਤੂਤ ਪਸੂ ਦੀ ਹੈ। (ਕਿਉਂਕਿ ਵਿਹਤ ਅਵਿਹਤ ਦੀ ਸੋਚ ਛੱਡਕੇ) ਲੋਕਾਂ ਦਾ ਦਿਖਲਾਵਾ ਦਿਨ ਰਾਤ ਕਰਦਾ ਰਹਿੰਦਾ ਹੈ। ਬਾਹਰ (ਤਾਂ ਸਾਧੂ ਦਾ) ਭੇਖ (ਬਣਾਇਆ ਹੋਇਆ ਹੈ ਪਰ) ਅੰਦਰ ਮਾਯਾ ਦੀ ਮੈਲ ਹੈ। (ਭਾਵੇਂ) ਲਕਾਉਣੇ ਦਾ (ਜਤਨ) ਕੁਛ ਪਿਆ ਕਰੇ (ਅੰਦਰ ਦੀ ਮੈਲ) ਲੁਕ ਨਹੀਂ ਸਕਦੀ। ਬਾਹਰੋਂ ਤਾਂ ਗਯਾਨ, ਧਯਾਨ ਤੇ ਇਸ਼ਨਾਨ (ਕਰ ਦਸਦਾ ਹੈ, ਪਰ) ਅੰਦਰ ਲੋਭ (ਰੂਪੀ) ਕੁੱਤਾ ਵੜਿਆ ਹੋਇਆ ਹੈ। ਅੰਦਰ ਤਾਂ (ਤ੍ਰਿਸ਼ਨਾ ਰੂਪੀ) ਅੱਗ ਹੈ ਤੇ ਬਾਹਰ ਸਰੀਰ ਤੇ ਸੁਆਹ (ਮਲੀ ਹੋਈ ਹੈ, ਇਸਦੇ) ਗਲ (ਮਨ) ਵਿਚ (ਦਿਖਲਾਵਾ, ਮਾਯਾ, ਲੋਭ ਤੇ ਤ੍ਰਿਸ਼ਨਾ ਰੂਪੀ) ਪੱਥਰ (ਪਏ ਹੋਏ) ਹਨ (ਦੱਸੋ ਇਹ ਸੰਸਾਰ ਰੂਪੀ ਸਮੁੰਦਰ ਨੂੰ, ਜੋ) ਅਥਾਹ ਹੈ ਕੀਕੂੰ ਤਰ ਸਕਦਾ ਹੈ? (ਤਰ ਓਹ ਸਕਦੇ ਹਨ ਕਿ) ਜਿਨ੍ਹਾਂ ਦੇ ਅੰਦਰ ਆਪ ਪਰਮੇਸ਼ੁਰ ਵੱਸਦਾ ਹੈ। (ਕਹਿੰਦੇ ਹਨ ਗੁਰੂ) ਨਾਨਕ, ਉਹੀ ਜਨ (ਹੀ) ਵਾਹਿਗੁਰੂ ਦੇ ਨਿਜ ਸਰੂਪ ਵਿਚ ਸਮਾਉਂਦੇ ਹਨ।੫।

ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥
ਕਰੁ ਗਹਿ ਲੇਹੁ ਓੜਿ ਨਿਬਹਾਵੈ ॥
ਕਹਾ ਬੁਝਾਰਤਿ ਬੂਝੈ ਡੋਰਾ ॥
ਨਿਸਿ ਕਹੀਐ ਤਉ ਸਮਝੈ ਭੋਰਾ ॥
ਕਹਾ ਬਿਸਨਪਦ ਗਾਵੈ ਗੁੰਗ ॥
ਜਤਨ ਕਰੈ ਤਉ ਭੀ ਸੁਰ ਭੰਗ ॥
ਕਹ ਪਿੰਗੁਲ ਪਰਬਤ ਪਰ ਭਵਨ ॥
ਨਹੀ ਹੋਤ ਊਹਾ ਉਸੁ ਗਵਨ ॥
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥
ਨਾਨਕ ਤੁਮਰੀ ਕਿਰਪਾ ਤਰੈ ॥੬॥

(ਜੀਵਾਂ ਲਈ ਸਿਫਾਰਸ਼ ਤੇ ਅਰਦਾਸ ਸ਼ੁਰੂ ਹੁੰਦੀ ਹੈ) (ਅੱਖਾਂ ਤੋਂ ਜੋ ਹੋਵੇ) ਅੰਨ੍ਹਾਂ (ਉਹ ਕੰਨਾਂ ਤੋਂ) ਸੁਣ ਲੈਣ (ਮਾਤ੍ਰ) ਨਾਲ ਕਿਸ ਤਰ੍ਹਾਂ ਰਸਤਾ ਲੱਭ ਸਕਦਾ ਹੈ? (ਉਸਦਾ) ਹੱਥ ਫੜ ਲਓ (ਤਾਂ ਉਹ) ਅੰਤ ਤਕ (ਤੁਰੇ ਰਹਿਣ ਦਾ) ਨਿਰਬਾਹ ਕਰ ਲੈਂਦਾ ਹੈ। (ਜੋ ਕੰਨਾਂ ਤੋਂ) ਡੋਰਾ ਹੈ (ਉਹ) ਬੁਝਾਰਤ ਕੀਕੂੰ ਬੁੱਝ ਸਕਦਾ ਹੈ? (ਜੇ ਉਸਨੂੰ) ਆਖਾਂਗੇ ਰਾਤ ਤਾਂ ਉਹ ਸਮਝੇਗਾ ਦਿਨ। ਗੁੰਗਾ ਬਿਸ਼ਨਪਦੇ ਕਿੱਕੁਰ ਗਾਉਂ ਸਕਦਾ ਹੈ? ਜੋ ਉਹ (ਗਾਉਣ ਦਾ) ਜਤਨ ਕਰੇ (ਬੀ) ਤਾਂ ਸੁਰ ਭੰਗ ਰਹੇਗਾ। ਕਿਸ ਤਰ੍ਹਾਂ ਪਿੰਗਲਾ ਪਰਬਤ ਪਰ ਘਰ (ਬਣਾ ਸਕਦਾ ਹੈ), ਉਸਦਾ (ਤਾਂ) ਓਥੇ ਜਾਣਾ ਬੀ ਨਹੀਂ ਹੋ ਸਕਦਾ। ਹੇ ਦਿਆਲੂ ਕਰਤਾਰ! (ਇਹ) ਗ੍ਰੀਬ ਬੇਨਤੀ ਕਰਦਾ ਹੈ, (ਕਿ ਇਹ ਜੀਵ ਕੇਵਲ) ਤੁਹਾਡੀ ਕ੍ਰਿਪਾ ਨਾਲ (ਹੀ) ਤਰ ਸਕਦਾ ਹੈ, (ਕਹਿੰਦੇ ਹਨ ਗੁਰੂ) ਨਾਨਕ।੬।

ਸੰਗਿ ਸਹਾਈ ਸੁ ਆਵੈ ਨ ਚੀਤਿ ॥
ਜੋ ਬੈਰਾਈ ਤਾ ਸਿਉ ਪ੍ਰੀਤਿ ॥
ਬਲੂਆ ਕੇ ਗ੍ਰਿਹ ਭੀਤਰਿ ਬਸੈ ॥
ਅਨਦ ਕੇਲ ਮਾਇਆ ਰੰਗਿ ਰਸੈ ॥
ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥
ਕਾਲੁ ਨ ਆਵੈ ਮੂੜੇ ਚੀਤਿ ॥
ਬੈਰ ਬਿਰੋਧ ਕਾਮ ਕ੍ਰੋਧ ਮੋਹ ॥
ਝੂਠ ਬਿਕਾਰ ਮਹਾ ਲੋਭ ਧ੍ਰੋਹ ॥
ਇਆਹੂ ਜੁਗਤਿ ਬਿਹਾਨੇ ਕਈ ਜਨਮ ॥
ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥

(ਜੀਵ ਨੂੰ ਕਰਤਾਰ, ਜੋ ਨਿੱਤ ਉਸਦਾ) ਸੰਗੀ ਹੈ ਅਰ ਹਰ (ਵੇਲੇ) ਸਹਾਈ ਹੈ ਸੋ (ਤਾਂ) ਚਿੱਤ ਵਿਚ ਨਹੀਂ ਆਉਂਦਾ, (ਪਰ ਵਿਸ਼ਯ ਬ੍ਰਿਤੀ) ਜੋ ਵੈਰੀ ਹੈ ਉਸ ਨਾਲ (ਇਸਦੀ) ਪ੍ਰੀਤਿ ਹੈ। (ਇਹ ਇਸ ਨਾਸ਼ਮਾਨ ਜਗਤ ਵਿਚ ਮਾਨੋ) ਰੇਤ ਦੇ ਘਰ ਅੰਦਰ ਵੱਸਦਾ ਹੈ, (ਫੇਰ) ਖੁਸ਼ੀਆਂ ਖੇਲਾਂ ਤੇ ਮਾਯਾ ਦੇ ਰੰਗ ਵਿਚ ਰਸ ਮਾਣਦਾ ਹੈ। (ਇਸ ਮਾਯਾ ਤੇ ਇਸਦੇ ਰਸਾਂ ਨੂੰ ਜੀਵ) ਮਨ ਦੇ ਯਕੀਨ ਨਾਲ ਦ੍ਰਿੜ੍ਹ ਕਰਕੇ ਮੰਂ ਰਿਹਾ ਹੈ। (ਭਾਵ ਇਨ੍ਹਾਂ ਨੂੰ ਸਦਾ ਰਹਿਣ ਵਾਲੇ ਜਾਣ ਰਿਹਾ ਹੈ, ਪਰ) ਮੂਰਖ ਨੂੰ ਕਾਲ ਚੇਤੇ ਨਹੀਂ ਆਉਂਦਾ (ਕਿ ਉਸਨੇ ਏਹ ਦ੍ਰਿੜ੍ਹ ਨਹੀਂ ਰਹਿਣ ਦੇਣੇ)। ਵੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਵਿਕਾਰ, ਅਤਿ ਦਾ ਲਾਲਚ, ਧੋ੍ਰਹ (ਵਿਸਾਹ ਘਾਤ) ਇਨ੍ਹਾਂ ਹੀ ਨਾਲ ਜੁੜਿਆਂ, ਹੇ ਨਾਨਕ! (ਇਸ ਜੀਵ ਦੇ) ਕਈ ਜਨਮ ਬੀਤ ਗਏ ਹਨ। (ਸਾਰੇ ਜੀਵਾਂ ਨੂੰ ਮਾਨੋਂ ਨਾਲ ਲੈਕੇ ਅਰਦਾਸ ਕਰਦੇ ਹਨ-ਹੇ ਕਰਤਾਰ! ਤੁਸੀਂ ਹੀ) ਅਪਣੀ ਦਯਾ ਕਰਕੇ (ਸਭ ਨੂੰ) ਬਚਾ ਲਵੋ।੭।

ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥
ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
ਨਾਨਕ ਦਾਸ ਸਦਾ ਕੁਰਬਾਨੀ ॥੮॥

੪॥

(ਹੇ ਕਰਤਾਰ!) ਤੂੰ ਮਾਲਿਕ ਹੈ, ਤੇਰੇ ਪਾਸ (ਹੀ) ਬੇਨਤੀ ਹੈ, (ਸਾਡੀ) ਜਿੰਦ ਤੇ ਸਰੀਰ ਸਭ ਤੇਰੀ (ਬਖਸ਼ੀ ਹੋਈ) ਰਾਸ (ਪੂੰਜੀ) ਹੈ। ਤੁਸੀਂ ਮਾਤਾ ਹੋ, (ਤੁਸੀਂ) ਪਿਤਾ ਹੋ, ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੀ ਕ੍ਰਿਪਾ ਵਿਚ (ਹੀ ਸਾਨੂੰ) ਬਹੁਤ ਸੁਖ (ਮਿਲ ਰਹੇ ਹਨ)। ਹੇ ਭਗਵੰਤ! ਤੇਰਾ ਅੰਤ ਕੋਈ ਨਹੀਂ ਜਾਣਦਾ, (ਤੁਸੀਂ) ਉੱਚਿਆਂ ਤੋਂ (ਬੀ) ਉੱਚੇ ਹੋ। (ਸੰਸਾਰ ਦੀ) ਸਾਰੀ ਸਮੱਗ੍ਰੀ ਤੁਹਾਡੇ (ਹੁਕਮ ਰੂਪੀ) ਸੂਤ੍ਰ ਨਾਲ ਧਾਰੀ ਹੋਈ (ਖੜੀ) ਹੈ। (ਇਹ ਸਮੱਗ੍ਰੀ) ਤੁਹਾਥੋਂ (ਹੋਈ ਹੈ=) ਰਚੀ ਗਈ ਹੈ, ਸੋ (ਤੁਹਾਡੀ) ਆਗਯਾਕਾਰੀ ਹੈ (=ਹੁਕਮ ਵਿਚ ਚਲ ਰਹੀ ਹੈ), (ਪਰ ਕਿਵੇਂ ਉਹ ਤੇ ਕਿਵੇਂ ਆਪ ਹੋ) ਤੁਹਾਡੀ ਗਤਿ ਮਿਤ ਨੂੰ ਤੁਸੀਂ ਹੀ ਜਾਣਦੇ ਹੋ। ਨਾਨਕ ਦਾਸ (ਤਾਂ ਆਪ ਤੋਂ) ਸਦਾ ਵਾਰਨੇ ਜਾਂਦਾ ਹੈ।੮।੪।

inrukq-

ਰਮਈਆ-(ਸੰਸ:, ਰਾਮ:) ਜੋ ਸਭ ਵਿਚ ਕ੍ਰੀੜਾ ਕਰ ਰਿਹਾ ਹੈ। ਵਿਆਪਕ ਪਰਮੇਸ਼ੁਰ। 'ਰਮਈਆ' ਪਦ ਲਾਡ ਪਯਾਰ ਦੇ ਭਾਵ ਨਾਲ ਭੂਸ਼ਿਤ ਹੈ।

ਉਬਾਰਿਆ-੧. (ਸੰਸ:, ਉਦੑਧਾਰਣਮੑ=ਉਧਾਰ ਕਰਨਾ, ਬਚਾਉਣਾ)। ਉੱਚਾ ਕੀਤਾ, ਡੁੱਬਦੇ ਨੂੰ ਖਿੱਚ ਕੇ ਕੱਢਿਆ, ਤਾਰਿਆ, ਬਚਾਇਆ, ਮੁਕਤ ਕੀਤਾ। ੨. (ਸੰਸ:, ਉਦ ਵ੍ਰਤਤ=) ਉੱਚਾ ਕੀਤਾ ਹੋਇਆ। ਭਾਵ ਵਧ ਪਲ ਕੇ ਵਿਘਨਾਂ ਤੋਂ ਬਚ ਕੇ ਜੰਮ ਪੈਦਾ ਹੈ।

ਸੀਝੈ-(ਸੰਸ:, ਸਿਧ, ਪ੍ਰਾ: ਸਿਝ, ਪੰ: ਸਿੱਝਣਾ=ਪੱਕਣਾ, ਬਣਨਾ, ਸਿਰੇ ਚੜ੍ਹਨਾ, ਮੁਕਤ ਹੋਣਾਂ) ਸਿਰੇ ਚੜ੍ਹ (ਸਦਾ) ਹੈ, ਸਫਲ ਹੋ (ਸਕਦਾ) ਹੈ। ਮੁਕਤ ਹੋ (ਸਕਦਾ) ਹੈ।

ਦੋਖ-(ਸੰਸ:, ਦੋਖ:) ਔਗੁਣ, ਅਪ੍ਰਾਧ, ਗ਼ਲਤੀਆਂ।

ਸਚੈ-(ਸੰਸ:, ਮਤ-ਮਸਤ, ਖੁਸ਼। ਪ੍ਰਾ: ਮਚ। ਸੰਸ:, ਮਦੑ=ਹੰਕਾਰ ਕਰਨਾ, ਬਫਾਉਣਾ) ਖੁਸ਼ ਹੁੰਦਾ ਹੈ, ਬਫਾਉਂਦਾ ਹੈ, ਮਗਨ ਹੁੰਦਾ ਹੈ। ਆਕੜਦਾ ਹੈ।

ਪਰਾਨੈ-(ਸੰਸ:, ਪ੍ਰਤਯਯ:=ਪ੍ਰਤੀਤ, ਵਿਸ਼ਵਾਸ਼, ਸਮਝ) ਸਮਝਦਾ ਹੈ, ਪਛਾਣਦਾ ਹੈ।

ਗਰਧਬ-(ਸੰਸ:, ਗਰੑਦਭ:) ਗਧਾ, ਖੋਤਾ। ਭਾਵ ਮਾਇਕੀ ਜੀਵ।

ਭਸਮ-(ਸੰਸ:, ਭਸਮਨ) ਰਾਖ, ਸੁਆਹ, ਖ਼ਾਕ। ਭਾਵ ਸੁਆਹ ਵਾਂਙੂ ਨਿਕੰਮੇ ਨਾਸ਼ਮਾਨ ਸੰਸਾਰ ਦੇ ਸਮਾਨ। (ਅ) ਪਾਪ ਵਿਕਾਰ।

ਬਿਕਰਾਲ-(ਸੰਸ:, ਵਿਕਰਾਲ) ਬੜਾ ਭਯਾਨਕ। ਡਰਾਉਣਾ।

ਲੋਕ ਪਚਾਰਾ-(ਸੰਸ:, ਲੋਕੋਪਚਾਰ:) ਲੋਕਾਂ ਨੂੰ ਆਪਣੇ ਤੇ ਪਤੀਜੇ ਰੱਖਣ ਦਾ ਉਪਾਉ। ਦਿਖਲਾਵਾ। ਸਹਜਿ-ਗਿਆਨ, ਪਰਮ ਪਦ, ਵਾਹਿਗੁਰੂ ਦਾ ਨਿੱਜ ਸਰੂਪ।

ਬਿਸਨਪਦ-(ਸੰਸ:, ਵਿਖ਼ਮ+ਪਦਯ)=ਵਿਖਮ ਪਦ ਛੰਦ, ਜਿਸਦੀ ਪਹਿਲੀ ਤੁਕ ਤੇ ਅਗਲੀਆਂ ਦੂਣੇ ਦੇ ਲਗ ਪਗ ਹੁੰਦੀਆਂ ਹਨ। ਏਹ ਅਕਸਰ ੨੬,੨੭,੨੮ ਮਾਤ੍ਰਾਂ ਦੇ ਵਿਰਾਮ ਭੇਦ ਨਾਲ ਕਈ ਤਰ੍ਹਾਂ ਦੇ ਹਨ। ਬਿਸਨਪਦ ਦੇ ਅਰਥ 'ਵਿਸ਼ਨੂੰ ਦੇ ਗੀਤ' ਬੀ ਕਰਦੇ ਹਨ। ਕ੍ਰਿਸ਼ਨ ਲੀਲਾਂ ਦੇ ਛੰਦ ਅਕਸਰ ਵਿਖਮ ਪਦ ਛੰਦ ਵਿਚ ਹਨ, ਜੈਸੇ ਮੀਰਾਂ ਬਾਈ ਆਦਿ ਭਗਤਾਂ ਨੇ ਰਚੇ ਹਨ। ਇਸ ਤੁਕ ਵਿਚ ਭਾਵ ਗੀਤ ਮਾਤ੍ਰ ਤੋਂ ਹੈ।

ਸੁਰਭੰਗ-(ਸੰ:, ਸਵਰਭੰਗ) ਇਕ ਦੂਖਣ ਜਿਸ ਵਿਚ ਗੱਵਯਾਂ ਦਾ ਸੁਰ ਟੁੱਟ ਟੁੱਟ ਜਾਂਦਾ ਹੈ। ਪਰਭਵਨ ਨੂੰ 'ਪਰਭਵਨੁ' ਸਮਝਕੇ ਇਸਦਾ ਅਰਥ-(ਸੰਸ:, ਪਰਿਭ੍ਰਮਣ) ਭਉਂਦੇ ਫਿਰਨਾ ਭੀ ਕਰ ਲੈਂਦੇ ਹਨ। 'ਣਾਣੇ' ਨਾਲ 'ਪਰਭਵਣ' ਪਦ ਭੌਂਦੇ ਫਿਰਨਾ ਦੇ ਅਰਥਾਂ ਵਿਚ ਗੁਰਬਾਣੀ ਵਿਚ ਆਯਾ ਹੈ-'ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ।' (ਰਾਮਕਲੀ ਮਹਲਾ ੩, ਅਸਟ-੧) ਪਰ ਇਥੇ ਪਦ ਦਾ ਪਾਠ ਹੈ 'ਪਰ ਭਵਨ'। ਸੰਸਕ੍ਰਿਤ ਵਿਚ ਬੀ ਇਕ ਪਦ ਹੈ 'ਪ੍ਰਭਵਨ'; ਪਰ ਇਸ ਦਾ ਅਰਥ ਹੈ-ਪੈਦਾ ਹੋਣਾ ਆਦਿਕ।

ਕਰੁਣਾ ਮੈ-(ਸੰਸ:, ਕਰੁਣਾਮਯ) ਦਿਆਲੂ, ਅਤਯੰਤ ਦਯਾਲੂ।

ਬਲੂਆ-(ਸੰਸ:, ਵਾਲੁਕਾ। ਹਿੰਦੀ, ਬਾਲੂ) ਬਾਲੂ ਤੋਂ ਬਲੂਆ ਰੇਤ।

ਸੂਤ੍ਰਿ-(ਸੰਸ:, ਸੂਤ੍ਰ) ਨਿਯਮ, ਅਸੂਲ, ਕਾਨੂਨ। ਤੁਮਰੈ ਸੂਤ੍ਰਿ ਧਾਰੀ=ਭਾਵ ਆਪ ਦੇ ਬੱਧੇ ਨਿਯਮਾਂ ਪ੍ਰਬੰਧਾਂ ਵਿਚ ਸ੍ਰਿਸ਼ਟੀ ਚੱਲ ਰਹੀ ਹੈ।

ਗਤਿ ਮਿਤਿ-ਭਾਵ, ਤੁਸੀਂ ਕਿਡੇ ਕੁ ਹੋ, ਕਿਵੇਂ ਹੋ ਤੇ ਕਿਵੇਂ ਕੀ ਕੁਛ ਕਰ ਸਕਦੇ ਹੋ?

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ