ੴ ਸਤਿਗੁਰ ਪ੍ਰਸਾਦਿ ॥
ਸੁਖਮਨੀ ਸਾਹਿਬ
ਉਥਾਨਕਾ
ਜਿਕੂੰ ਬਾਵਨ ਅੱਖਰੀ ਦੀ ਉਥਾਨਕਾ ਗਯਾਨੀ ਸਜਣਾਂ ਦੇ ਮੂੰਹ ਚੜ੍ਹੀ ਹੈ, ਉਸ ਤਰ੍ਹਾਂ ਸੁਖਮਨੀ ਦੀ ਨਹੀਂ। ਪਰ ਕਈ ਗਯਾਨੀ ਸਜਣਾਂ ਵਿਚ ਇਉਂ ਦੀ ਇਕ ਉਥਾਨਕਾ ਦੱਸੀ ਬੀ ਜਾਂਦੀ ਹੈ, ਕਿ ਇਕ ਦਿਨ ਭਾਈ ਬੁੱਢਾ ਆਦਿ ਮੁਖੀ ਸਿੱਖਾਂ ਨੇ ਪੰਜਵੇਂ ਪਾਤਸ਼ਾਹ ਜੀ ਪਾਸ ਬਿਨੈ ਕੀਤੀ ਕਿ ਕੋਈ ਐਸੀ ਬਾਣੀ ਵਾਹਿਗੁਰੂ ਜੀ ਦੇ ਦਰੋਂ ਲੈ ਦਿਓ ਜੋ ਨਾਮ ਵਿਚ ਦ੍ਰਿੜਤਾ ਕਰਾਵੇ ਤੇ ਜੇ ਅਠ ਪਹਿਰ ਨਾਮ ਜਪਣ ਵਿਚ ਕਸਰ ਰਹੇ ਤਾਂ ਉਸ ਬਾਣੀ ਦੇ ਪਾਠ ਨਾਲ ਪੂਰੀ ਹੋ ਜਾਵੇ। ਕਿਉਂਕਿ ਕਈ ਵਿਹਾਰਾਂ ਕਾਰਾਂ ਵਾਲੇ ਸਜਣ ਨਾਮ ਜਪਦੇ ਖਿਆਲ ਕਰਦੇ ਹਨ ਕਿ ਲਗਾਤਾਰਤਾ ਨਹੀਂ ਪੂਰੀ ਨਿਭਦੀ। ਸ੍ਰੀ ਗੁਰੂ ਜੀ ਉਨ੍ਹੀਂ ਦਿਨੀ ਕਿਸੇ ਰੰਗ ਰੱਤੜੇ ਰੰਗ ਵਿਚ ਸਨ।
ਉਂਞ ਤਾਂ 'ਹਰਿ ਰੰਗੁ ਕਦੇ ਨ ਉਤਰੈ' ਰਹਿੰਦਾ ਸੀ ਪਰ 'ਸਦਾ ਭਰੇ ਸਮੁੰਦਰਾ' ਵਿਚ ਬੀ, ਜੋ ਕਦੇ ਊਣੇ ਨਹੀਂ ਹੁੰਦੇ, ਕਈ ਵੇਰ ਉਛਾਲੇ ਤੇ ਉਛਾਲੇ ਆਉਂਦੇ ਹਨ। ਉਸ ਤਰ੍ਹਾਂ ਹਰੀ ਰਸ ਤੇ ਹਰੀ ਰੰਗ ਨਾਲ ਡੁਲ੍ਹ ਡੁਲ੍ਹ ਪੈਂਦਿਆਂ, ਸਰਸ਼ਾਰ ਚਸ਼ਮੇ ਵਾਂਙੂ, ਯਾ ਫੈਜ਼ ਦੇ ਚਸ਼ਮੇ ਵਾਂਙੂ, ਆਪ ਨੇ ਮਿਹਰ ਭਰੇ ਰਸਾਂ ਵਿਚ ਡੁਲ੍ਹ ਡੁਲ੍ਹ ਕੇ ਇਹ ਬਾਣੀ ਉਚਾਰਨ ਕੀਤੀ। ਜਿਸ ਵਿਚ ਹਰੀ ਰੰਗ ਤੇ ਹਰੀ ਰਸ ਸਦਾ ਲਈ ਉਛਾਲੇ ਲੈ ਰਿਹਾ ਹੈ।
ਸੂਰਜ ਪ੍ਰਕਾਸ਼ ਵਿਚ ਇਕ ਉਥਾਨਕਾ ਸੁਖਮਨੀ ਸਾਹਿਬ ਦੇ ਉਚਾਰਨ ਦੀ ਇਹ ਮਿਲਦੀ ਹੈ ਕਿ ਇਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਸੁਧਾ ਸਰੋਵਰ ਤੋਂ ਰਾਮ ਸਰ ਆਏ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਰਾਮ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਕਲਤ ਹੋ ਰਹੇ ਸਨ। ਲੌਢਾ ਕੁ ਪਹਿਰ ਸੀ। ਕਿਸੇ ਰੰਗ ਰੱਤੜੇ ਰੰਗ ਵਿਚ ਆਏ ਤੇ ਬੈਠ ਗਏ ਏਕਾਂਤ, ਤਦ ਬਾਵਨ ਅਕਰੀ ਉਚਾਰ ਹੋਈ। ਰਾਤ ਓਥੇ ਹੀ ਅਰਾਮ ਕੀਤਾ। ਅਗਲੇ ਦਿਨ ਸਵੇਰੇ ਆਪ ਇਸ਼ਨਾਨ ਆਦਿ ਤੋਂ ਹੋ ਕੇ ਏਕਾਂਤ ਬੈਠ ਗਏ ਇਕ ਸੰਘਣੀ ਬੇਰ ਹੇਠ, ਜੈਸਾ ਕਿ ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ:-
ਰਾਮ ਤਾਲ ਕੀ ਕੋਨ ਇਸ਼ਾਨ। ਇਕ ਬਦਰੀ ਸੁਭ ਖਰੀ ਸਥਾਨ।
ਕ੍ਰਿਪਾ ਸਿੰਧੁ ਅਵਿਲੋਕਨਿ ਕੀਨੇ। ਤਿਸ ਤਰੁ ਕੇ ਤਰ ਤਬਿ ਆਸੀਨੇ॥੪੦॥
ਸਨਮੁਖਿ ਬੈਠਿ ਗਯੋ ਗੁਰਦਾਸ। ਸ੍ਰੀ ਨਰ ਕੀਨਸਿ ਬਾਕ ਪ੍ਰਕਾਸ਼:-
'ਸਮਾਂ ਘੋਰ ਕਲਿਜੁਗ ਕੋ ਆਯੋ। ਕਟਕ ਬਿਕਾਰਨਿ ਕੋ ਜਗ ਛਾਯੋ॥੪੧॥
ਤਿਨ ਕੇ ਪਾਇ, ਪਾਪ ਨਰ ਕਰਿਈ। ਅੰਤ ਕਾਲ ਬਿਚ ਨਰਕ ਸੁ ਪਰਿਈ।
--- --- ---- ---- --- ---
ਇਮ ਜਨਮੈ ਜਤਨ ਪਾਇ ਬਹੋਰੀ। ਮਰਹਿਂ ਫੇਰਿ ਕਰਿ ਕਰਿ ਅਘ ਘੋਰੀ।
ਤਨਕ ਮਾਤ੍ਰ ਸੰਕਟ ਇਹ ਕਹੇ। ਗਿਨੇ ਨ ਜਾਇ ਜਿਤਕ ਇਹ ਲਹੇ॥੪੮॥
ਯਾਂਤੇ ਰਚਹਿ ਏਕ ਅਸ ਬਾਨੀ। ਨਿਤ ਜਿਸ ਪਠਤਿ ਹੋਹਿਂ ਅਘ ਹਾਨੀ।
ਰਿਦੇ ਬਸਾਇ ਕਮਾਵੈ ਜੋਈ। ਬਹੁਰ ਨ ਜਨਮ ਮਰਨ ਤਿਸ ਹੋਈਂ॥੪੯॥
ਇਤਯਾਦਿਕ ਬਹੁ ਬਾਕ ਬਿਲਾਸੇ। ਉਪਕਾਰੀ ਗੁਰ ਕੀਨਿ ਪ੍ਰਕਾਸ਼ੇ।
ਇਤਨੇ ਮਹਿ ਪ੍ਰਭਾਤਿ ਹੁਇ ਆਈ। ਭਯੋ ਪ੍ਰਕਾਸ਼ ਚਿਰੀ ਚੁਹਕਾਈ॥੫੦॥
ਦੋਹਰਾ-ਰਾਮ ਤਾਲ ਈਸਾਨ ਦਿਸ਼ ਬੈਠੇ ਗੁਰੂ ਕ੍ਰਿਪਾਲ॥
ਰਚਨਿ ਲਗੇ ਤਬ ਸੁਖਮਨੀ ਦੇ ਸੁਖ ਕਰਤਿ ਨਿਹਾਲ॥੧॥
ਚੌਪਈ-ਪ੍ਰਥਮ ਸ਼ਲੋਕ ਗੁਰੂ ਪਗ ਬੰਦੇ। ਕੀਨ ਮੰਗਲਾ ਚਰਨ ਬਿਲੰਦੇ।
ਪ੍ਰਭੁ ਸਿਮਰਨ ਕੀ ਮਹਿਮਾ ਫੇਰ। ਅਸਟਪਦੀ ਮਹਿ ਰਚੀ ਬਡੇਰ॥੨॥
ਨਾਮ ਮਹਾਤਮ ਮਹਦ ਮਹਾਨਾ। ਬਹੁ ਬਿਧਿ ਸੋਂ ਸਤਿਗੁਰੂ ਬਖਾਨਾ।
ਬ੍ਰਹਮ ਗਯਾਨੀ ਉਰ ਭਗਤ ਵਿਰਾਗੀ। ਸਾਧ ਸੰਗਤਿ ਜਿਸ ਕੀ ਲਿਵ ਲਾਗੀ॥੩॥
ਕਰਯੋ ਮਹਾਤਮ ਅਤਿ ਤਿਨ ਕੇਰਾ। ਸੰਤਨ ਰਿਪੁ ਕੇ ਕਸ਼ਟ ਬਡੇਰਾ।
ਨਿਰਗੁਨ ਆਪਿ ਸਰਗੁਨੁ ਭੀ ਓਹੀ। ਕਲਾਧਾਰਿ ਜਿਨਿ ਸਗਲੀ ਮੋਹੀ॥੪॥
(ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸ ੩ ਅੰਸੂ ੪੨-੪੩)
ਇਸ ਪ੍ਰਕਾਰ ਸਾਰੀ ਸੁਖਮਨੀ ਏਸ ਟਿਕਾਣੇ ਬੈਠਕੇ ਉਚਾਰੀ ਤੇ ਲਿਖੀ ਗਈ।
ਉਚਾਰੇ ਜਾਣ ਦਾ ਟਿਕਾਣਾ
ਇਹ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਜੀ ਵਿਚ ਬੈਠਕੇ ਰਚੀ ਸੀ। ਉਹ ਅਸਥਾਨ ਤੇ ਬੇਰ ਦਾ ਬ੍ਰਿੱਛ, ਜਿਸ ਹੇਠ ਬੈਠਕੇ ਇਹ ਰਚੀ ਗਈ, 'ਰਾਮਸਰ' ਦੇ ਕਿਨਾਰੇ ਹੁਣ ਤਕ ਮੌਜੂਦ ਹੈ। ਤਦੋਂ ਇਹ ਟਿਕਾਣਾ ਸ਼ਹਿਰੋਂ ਦੂਰ, ਬੇਰਿਆਂ ਤੇ ਪਿੱਪਲਾਂ ਛਿੱਛਰਿਆਂ ਆਦਿ ਦਾ ਇਕ ਬਨ ਵਾਂਗੂ ਪਰਮ ਏਕਾਂਤ ਤੇ ਛਾਉਂ ਦਾਰ ਥਾਉਂ ਸੀ। ਇਸੇ ਸਰੋਵਰ ਦੇ ਲਾਗ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਕਲਤ ਕੀਤੇ ਗਏ ਸਨ। ਇਨ੍ਹਾਂ ਸੁਹਣੀਆਂ ਗਲਾਂ ਦੀ ਯਾਦ ਵਿਚ ਉਥੇ ਸਰੋਵਰ ਅਤੇ ਮੰਦਿਰ ਹੁਣ ਵਿਦਮਾਨ ਹੈ। ਸਰੋਵਰ ਦਾ ਨਾਮ ਰਾਮਸਰ ਹੈ। ਮੰਦਰ ਸਰੋਵਰ ਦੇ ਪੱਛਮੀ ਪਾਸੇ ਹੈ ਤੇ ਸੁਖਮਨੀ ਸਾਹਿਬ ਰਚਨ ਵਾਲਾ ਨਿਸ਼ਾਨ ਸਰੋਵਰ ਦੇ ਲਗ ਪਗ ਪੂਰਬਲੇ ਪਾਸੇ।
ਸੁਖਨੀ ਸਾਹਿਬ ਉਚਾਰਨ ਦਾ ਸਮਾਂ
ਖਾਸ ਨਿਯਤ ਸੰਮਤ ਬਾਣੀ ਦੇ ਅਖੀਰ ਤੇ ਲਿਖਿਆ ਯਾ ਗੁਰੂ ਜੀ ਦਾ ਕਿਤੇ ਆਪ ਲਿਖਿਆ ਨਹੀਂ ਮਿਲਦਾ। ਪਰ ਸੂਰਜ ਪ੍ਰਕਾਸ਼ ਤੋਂ ਸਮੇਂ ਦਾ ਇਕ 'ਅਨੁਮਾਨ' ਲਗਦਾ ਹੈ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਚਾਟੀਵਿੰਡ ਦਰਵਾਜ਼ੇ ਦੇ ਮੰਦਰ ਵਾਰ, ਉੱਪਰ ਦੇ ਰੁਖ ਨੂੰ, ਅੰਮ੍ਰਿਤ ਸਰੋਵਰ ਤੋਂ ਦੂਰ ਕੁਛ ਪੁਰਬ ਦੇ ਰੁਖ਼ ਨੂੰ ਇਕ ਬੇਰੀਆਂ ਤੇ ਪਿੱਪਲਾਂ ਦੇ ਘਣੇ ਸੁਹਾਵਣੇ ਛਾਯਾਦਾਰ ਟਿਕਾਣੇ 'ਰਾਮਸਰ' ਦਾ ਛੋਟਾ ਜਿਹਾ ਸਰੋਵਰ ਕੱਚਾ ਯਾ ਪੱਕਾ ਬਣਵਾਕੇ ਇਸ ਦੇ ਕਿਨਾਰੇ ਤੰਬੂ ਕਨਾਤਾਂ ਲਗਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਕਲਤ ਕਰਨ ਤੇ ਰਚਨਾ ਰਚਣ ਲਗ ਪਏ ਸੇ ਤਾਂ ਉਨ੍ਹਾਂ ਦਿਨਾਂ ਦੀ ਰਚਨਾ ਇਹ ਬਾਣੀ ਹੈ।
ਹੋ ਸਕਦਾ ਹੈ ਕਿ ਜਦੋਂ ਜਪੁਜੀ ਤੋਂ ਲੈ ਗਉੜੀ ਰਾਗ ਵਿਚ ਛੰਤਾਂ ਦੀ ਬਾਣੀ ਦਰਜ ਹੋ ਚੁਕੀ ਹੋਵੇ ਤਦੋਂ ਹੀ ਰਚੀ ਗਈ ਹੋਵੇ। ਦੱਸਿਆ ਹੈ ਕਿ ਇਕ ਦਿਨ ਦੁਪਹਿਰੋਂ ਬਾਦ ਲੌਢੇ ਪਹਿਰ ਅੰਮ੍ਰਿਤ ਸਰੋਵਰ ਤੋਂ ਆਏ ਤਾਂ ਰਾਮਸਰ ਦੇ ਕਿਨਾਰੇ ਬੈਠਕੇ 'ਬਾਵਨ ਅਖਰੀ' ਰਚੀ, ਰਾਤ ਬਿਸ੍ਰਾਮ ਕੀਤਾ। ਅਗਲੇ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਭਾਈ ਗੁਰਦਾਸ ਨਾਲ ਸਮੇਂ ਦੀ ਪਾਪ ਮਈ ਦਸ਼ਾ ਵਰਣਨ ਕਰਕੇ ਫੁਰਮਾਇਆ ਕਿ ਇਕ ਐਸੀ ਸਰਲ ਬਾਣੀ ਰਚੀਏ ਜੋ ਆਪਣੀ ਮਧੁਰਤਾ ਕਰਕੇ ਸਭ ਕਿਸੇ ਨੂੰ ਪ੍ਰਿਯ ਲਗੇ ਤੇ ਲੋਕੀ ਪੜ੍ਹਨ, ਯਾਦ ਕਰਨ, ਰਸ ਮਾਣਨ, ਅਮਲ ਕਰਨ ਤੇ ਭਵ ਬਾਧਾ ਹਰੀ ਜਾਵੇ, ਤਦ ਸੁਖਮਨੀ ਉਚਾਰ ਹੋਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੀ ਸੰਕਲਨਾ ਸੰਮਤ ੧੬੬੧ ਸੰਮਤ ਦੇ ਭਾਦੋਂ ਵਦੀ ਏਕਮ ਨੂੰ ਸਮਾਪਤ ਹੋਈ ਤੇ ਮਗਰੋਂ ਇਹ ਪਾਵਨ ਆਦਿ ਬੀੜ ਸ੍ਰੀ ਦਰਬਾਰ ਸਾਹਿਬ ਸਥਾਪਨ ਹੋਈ।
ਸੋ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਿਆੲਰੀ ਦਾ ਕੰਮ, ਜੋ ਬੜਾ ਭਾਰੀ ਕੰਮ ਸੀ, ਦੋ ਸਾਲ ਪਹਿਲੋਂ ਸ਼ੁਰੂ ਹੋਇਆ ਮੰਨੀਏ ਤਾਂ ਸੁਖਮਨੀ ਸਾਹਿਬ ਦਾ ਵਕਤ ੧੬੬੧ ਦੇ ਭਾਦੋਂ ਤੋਂ ਪਹਿਲੋਂ ਤੇ ੧੬੫੯ ਦੇ ਭਾਦੋਂ ਦੇ ਮਗਰੋਂ ਪਏਗਾ। ਸੁਖਮਨੀ ਗਉੜੀ ਰਾਗ ਵਿਚ ਹੈ ਤੇ ਗਉੜੀ ਤਕ ਲਗ ਭਗ ਚਉਥਾ ਹਿੱਸਾ ਹੈ ਸਮਗ੍ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ; ਹੁਣ ਜੇ ੨ ਸਾਲ ਦਾ ਚੌਥਾ ਹਿੱਸਾ ਅਨੁਮਾਨ ਕਰ ਲਈਏ ਕਿ ਗਉੜੀ ਰਾਗ ਤਕ ਲੱਗਾ ਤਾਂ ਬਾਵਨ ਅੱਖਰੀ ਤੇ ਸੁਖਮਨੀ ਦੇ ਰਚਣ ਦਾ ਸਮਾਂ ੧੬੫੯ ਦੇ ਫਗਣ ਦੇ ਲਗ ਪਗ ਜਾ ਪਏਗਾ। ਜੇ ਫਰਜ਼ ਕਰ ਲਈਏ ਕਿ ਇਕ ਸਾਲ ਵਿਚ ਸੇਵਾ ਹੋ ਗਈ (ਜੋ ਸਰਵੱਗ ਲਈ ਤਾਂ ਕਠਨ ਨਹੀਂ, ਪਰ ਮਾਨੁੱਖੀ ਤ੍ਰੀਕੇ ਨਾਲ ਮੁਸ਼ਕਲ ਹੈ) ਤਦ ਸੁਖਮਨੀ ਸਾਹਿਬ ਦੇ ਉਚਾਰੇ ਜਾਣ ਦਾ ਵਕਤ ੧੬੬੦ ਦੇ ਮੱਘਰ ਦੇ ਨੇੜੇ ਤੇੜੇ ਮੰਨਣੇ ਯੋਗ ਹੋ ਜਾਸੀ। ਹਰ ਹਾਲ ਪਾਵਨ ਬੀੜ ਦੇ ਸੰਕਲਿਤ ਕੀਤੇ ਜਾ ਰਹੇ ਸੰਮਤਾਂ ਤੋਂ ਬਾਰ ਇਹ ਸਮਾਂ ਨਹੀਂ ਨਿਯਤ ਕੀਤਾ ਜਾ ਸਕਦਾ, ਚਾਹੋ ੧੬੫੮ ਚਾਹੋ ੧੬੫੯ ਤੇ ਚਾਹੋ ੧੬੬੦।
ਤਵਾਰੀਖ ਖਾਲਸਾ ਵਿਚ ਸੁਖਮਨੀ ਉਚਾਰਨ ਦਾ ਸੰਮਤ ੧੬੫੭ ਲਿਖਿਆ ਹੈ ਤੇ ਦੱਸਿਆ ਹੈ ਕਿ ਜਦੋਂ ੧੬੫੭ ਵਿਚ ਸ੍ਰੀ ਚੰਦ ਜੀ ਅੰਮ੍ਰਿਤਸਰ ਹੋਕੇ ਚਲੇ ਗਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਫਿਰਦੇ ਫਿਰਦੇ ਡੇਹਰੇ ਬਾਬੇ ਨਾਨਕ ਹੋਕੇ ਬਾਰਨ ਪਿੰਡ ਗਏ, ਤਦ ਉਥੇ ਸ੍ਰੀ ਚੰਦ ਜੀ ਨੂੰ ੧੬ ਅਸਟਪਦੀਆਂ ਸੁਖਮਨੀ ਦੀਆਂ ਸੁਣਾਈਆਂ ਜੋ ਗੁਰੂ ਜੀ ਰਚ ਚੁਕੇ ਹੋਏ ਸੇ। ਤਦ ਬਾਬਾ ਜੀ ਨੇ ਕਿਹਾ ਅੱਠ ਹੋਰ ਰਚਕੇ ਚਉਵੀ ਪੂਰੀਆਂ ਕਰੋ ਜੋ ੨੪੦੦੦ ਸੁਆਸ ਇਸ ਦੇ ਪਾਠ ਨਾਲ ਸਫਲ ਹੋਣ। ਗੁਰੂ ਜੀ ਨੇ ਕਿਹਾ: ਅੱਠ ਹੁਣ ਤੁਸੀ ਰਚ ਦਿਓ। ਤਦ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਸਲੋਕ 'ਆਦਿ ਸਚੁ ਜੁਗਾਦਿ ਸਚੁ' ਉਚਾਰਕੇ ਕਿਹ: ਸੁਹਣੇ ਸੁਹਣੇ ਗੁਰੂ ਜੀਓ!
ਲਓ ਹੁਣ ਬਾਕੀ ਆਪ ਹੀ ਉਚਾਰੋ, ਆਪ ਗੁਰੂ ਹੋ, ਆਪ ਹੀ ਸੰਪੂਰਨ ਕਰੋ। ਫੇਰ ਓਥੇ ਹੀ ਗੁਰੂ ਅਰਜਨ ਦੇਵ ਜੀ ਨੇ ਅੱਠ ਹੋਰ ਅਸਟਪਦੀਆਂ ਉਚਾਰਿਆਂ। ਤਾਂ ਸ੍ਰੀ ਚੰਦ ਜੀਨੇ ਅਸ਼ੀਰਵਾਦ ਦਿਤੀ ਕਿ 'ਤੁਸਾਡੀ ਬਾਣੀ ਕਲਯਾਣਦਾਇਕ ਹੋਵੇਗੀ ਤੇ ਜਗਤ ਵਿਚ ਬਹੁਤ ਮਾਨ ਪਾਵੇਗੀ।' ਪਰ ਫੇਰ (ਸਫਾ ੭੩੬-੩੭, ਤੇ ਫੇਰ ਸਫਾ ੭੪੨ ਤੇ ਆਪ ਹੀ ਲਿਖਦੇ ਹਨ ਕਿ ਰਾਮਸਰ ਤੋਂ, ਜਿਥੇ ਬੈਠਕੇ ਸੁਖਮਨੀ ਰਚੀ ਸੀ, ਓਥੇ ਬੈਠਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਰੰਭ ਕੀਤੇ। ਫੇਰ ਲਿਖਿਆ ਹੈ ਕਿ ੧੬੫੭ ਬਿ: ਵਿਚ ਵਜ਼ੀਰ ਖਾਂ ਬੀਮਾਰ ਲਾਚਾਰ ਹੋ ਕੇ ਗੁਰੂ ਜੀ ਦੀ ਸ਼ਰਨ ਆਇਆ, ਓਸ ਸਮੇਂ ਗੁਰੂ ਸਾਹਿਬ ਦੁਖ ਭੰਜਨੀ ਬੇਰ ਦੇ ਪਾਸ ਥੜੇ ਸਾਹਿਬ ਉਪਰ ਬੈਠਕੇ ਅੰਮ੍ਰਿਤਸਰ ਦੀ ਗਾਰ ਕਢਵਾ ਰਹੇ ਸੇ।
ਵਜ਼ੀਰ ਖਾਂ ਨੇੜੇ ਹੀ ਮੱਥਾ ਟੇਕ ਕੇ ਲੇਟ ਗਿਆ। ਬਾਬਾ ਬੁੱਢਾ ਹੋਰ ਸਿਖਾਂ ਵਾਂਙ ਸਰੋਵਰ ਦੀ ਗਾਰ ਕੱਢ ਰਿਹਾ ਸੀ। ਗੁਰੂ ਜੀ ਨੇ ਕਿਹਾ: ਬਾਬਾ! ਇਸ ਤੇ ਕ੍ਰਿਪਾ ਕਰ। ਤਾਂ ਬਾਬੇ ਨੇ ਗਾਰ ਦੀ ਟੋਕਰੀ ਪੇਟ ਤੇ ਮਾਰੀ ਤੇ ਵਜ਼ੀਰ ਖਾਂ ਦਾ ਜਲੋਧਰ ਰੋਗ ਵੱਲ ਹੋ ਗਿਆ। ਤਦ ਗੁਰੂ ਜੀ ਨੇ ਇਕ ਸੁਖਮਨੀ ਦਾ ਪਾਠ ਵਜ਼ੀਰ ਖਾਂ ਨੂੰ ਨਾਲ ਦਿੱਤਾ ਤੇ ਕਿਹਾ ਕਿ ਰੋਜ਼ ਪਾਠ ਸੁਣਿਆ ਕਰ ਤਾਂ ਵੱਲ ਰਹੇਗਾ। ਸੋ ਐਸਾ ਹੀ ਹੋਇਆ। ਤਵਾਰੀਖ ਖਾਲਸਾ ਅਨੁਸਾਰ ੧੬੫੭ ਵਿਚ ਰਚੀ ਜਾਕੇ ਸੁਖਮਨੀ ੧੬੫੭ ਵਿਚ ਹੀ ਬਹੁਤ ਪਰਵਿਰਤ ਹੋ ਚੁਕੀ ਸੀ; ਪਰੰਤੁ ਪੰਨਾ ੭੦੫ ਉਤੇ ਖਾ: ਤਵਾ: ਦੇ ਕਰਤਾ ਲਿਖਦੇ ਹਨ ਕਿ ਸੰਮਤ ੧੬੪੫ ਬਿ: ਵਿਚ ਹਰੀਮੰਦਰ ਦੀ ਨੀਂਹ ਰਖੀ ਇਸ ਤੋਂ ਸੰਸਾ ਹੋ ਜਾਂਦਾ ਹੈ ਕਿ ਜਦ ਮੰਦਰ ਬਣ ਚੁਕਾ ਸੀ ਤਾਂ ਕੀਹ ੧੨ ਵਰ੍ਹੇ ਅਜੇ ਗਾਰ ਹੀ ਨਿਕਲ ਰਹੀ ਸੀ ਕਿ ਜਦ ਵਜ਼ੀਰ ਖਾਂ ਆਇਆ ਤੇ ਬਾਬਾ ਬੁੱਢਾ ਹੋਰਨਾਂ ਸਿਖਾਂ ਵਾਂਙੂ ਗਾਰ ਕੱਢ ਰਿਹਾ ਸੀ ਤੇ ਵਜ਼ੀਰ ਖਾਂ ਦੇ ਪੇਟ ਤੇ ਗਾਰ ਦੀ ਟੋਕਰੀ ਮਾਰੀ ਗਈ ਤੇ ਉਹ ਰਾਜ਼ੀ ਹੋ ਗਿਆ ਤੇ ਸੁਖਮਨੀ ਓਸ ਨੂੰ ਬਖਸ਼ੀ ਗਈ?
ਸਰੋਵਰ ਤਾਂ ਸਾਰਾ ਗੁਰੂ ਰਾਮਦਾਸ ਜੀ ਪੁਟਵਾ ਗਏ ਸਨ, ਜੈਸਾ ਕਿ ਭਾਈ ਗੁਰਦਾਸ ਜੀ ਲਿਖਦੇ ਹਨ-'ਪੁਰਨ ਤਾਲ ਖਟਾਇਆ'। ਤੇ ਹੋਰ ਸੇਵਾ ਜੋ ਗੁਰੂ ਅਰਜਨ ਦੇਵ ਜੀ ਨੇ ਕਰਵਾਈ, ਉਹ ਕਰ ਚੁਕਣ ਮਗਰੋਂ ਮੰਦਰ ੧੬੪੫ ਵਿਚ ਸ਼ੁਰੂ ਕੀਤਾ ਸੀ। ਫੇਰ ੧੨ ਬਰਸ ਗਾਰ ਕੀਕੂੰ ਨਿਕਲਦੀ ਰਹੀ? ਯਾ ਤਾਂ ਸੰਮਤਾਂ ਦੇ ਹਿਸਾਬ ਵਿਚ ਗ਼ਲਤੀ ਪਈ ਹੈ, ਯਾ ਸੰਮਤ ਗ਼ਲਤ ਛਪੇ ਹਨ। ਸੋ ਇਨ੍ਹਾਂ ਦਾ ਸੰਮਤ ੧੬੫੭ ਨਿਸਚਿਤ ਸੂਰਤ ਨਹੀਂ ਲੈਂਦਾ।
ਮਹਿਮਾਂ ਪ੍ਰਕਾਸ਼ ਵਾਰਤਿਕ ਵਿਚ ਸੰਮਤ ਤਾਂ ਨਹੀਂ ਦਿਤੇ, ਪਰ ਤਰਤੀਬ ਵਿਚ ਸੁਖਮਨੀ ਦਾ ਉਚਾਰ ਰਾਮਸਰ ਵਾਲੇ ਟਿਕਾਣੇ ਪਹਿਲੋਂ ਹੋਇਆ ਲਿਖਿਆ ਹੈ। ਸੋ ਸਾਰੇ ਜਣੇ ਸੁਖਮਨੀ ਜੀ ਦਾ ਉਚਾਰ ਰਾਮਸਰ ਹੋਣ ਤੇ ਸਹਿਮਤ ਹਨ। ਪਰ ਕਰੀਨੇ ਕਿਆਸ ਇਹ ਗੱਲ ਵਧੇਰੇ ਹੈ ਕਿ ਸੁਖਮਨੀ ਸਾਹਿਬ ਜੋ ਰਾਮਸਰ ਉਚਾਰੀ ਗਈ ਹੈ ਤਦੋਂ ਹੀ ਉਚਾਰੀ ਗਈ ਜਦੋਂ ਰਾਮਸਰ ਬੈਠਣ ਉੱਠਣ ਦਾ ਥਾਉਂ ਟਿਕਾਣਾ ਬਣ ਗਿਆ ਸੀ। ਚਾਹੋਂ ਉਸ ਨੂੰ ਬਾਗ਼ ਕਿ ਉਪਬਨ ਦੀ ਸ਼ਕਲ ਦੇ ਦਿਤੀ ਗਈ ਤੇ ਤੰਬੂ ਕਨਾਤਾਂ ਲਾਇਕ ਥਾਂ ਤਿਆਰ ਹੋ ਚੁਕਾ ਸੀ ਤੇ ਸਰ ਚਾਹੋ ਕੱਚਾ ਪੱਕਾ ਬਣ ਚੁਕਾ ਸੀ। ਹਰ ਹਾਲ ਥਾਂ ਸੁਧਾਰਿਆ ਗਿਆ ਸੀ, ਛੋਟਾ ਜਿਹਾ ਟੋਭਾ ਯਾ ਛੰਭ ਯਾ ਸਰ, ਕੱਚੀ ਯਾ ਪੱਕੀ ਸੂਰਤ ਵਿਚ ਸੁਧਾਰਿਆ ਗਿਆ ਸੀ।
ਕਿਉਂਕਿ ਪਹਿਲੋਂ ਤਾਂ ਇਹ ਜੰਗਲ ਸੀ ਤੇ ਜਦੋਂ ਥਾਂ ਸੁਧਾਰਿਆ ਗਿਆ ਜਿਥੇ ਸ਼ਾਮਿਯਾਨੇ ਤੇ ਕਨਾਤਾਂ ਲਗੀਆਂ ਤਾਂ ਮਨੋਰਥ ਗੁਰੂ ਗ੍ਰੰਥ ਸਾਹਿਬ ਰਚਨਾ ਵਾਸਤੇ ਏਕਾਂਤ, ਵਸੋਂ ਤੋਂ ਦੂਰ, ਬਨ ਵਾਲਾ ਛਾਂ ਦਾਰ ਥਾਂ ਲੱਭਿਆ ਤੇ ਸਵਾਰਿਆ ਗਿਆ ਸੀ, ਤਦੋਂ ਹੀ ਸੁਖਮਨੀ ਸਾਹਿਬ ਓਥੇ ਜਾ ਕੇ ਉਚਾਰੀ ਜਾ ਸਕਦੀ ਸੀ; ਜੋ ਥਾਂ ਕਿ ਹੁਣ ਤਕ ਅੰਕਿਤ ਹੈ ਤੇ ਸੁਰਖਯਤ ਹੈ ਤੇ ਬੇਰ ਮੌਜੂਦ ਹੈ। ਸੋ ਵਧੇਰੇ ਸੰਭਾਵਨਾ, ਜੋ ਨੀਕਤਾ ਦੇ ਨੇੜੇ ਹੈ, ਇਹੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਕਲਨਾ ਵਾਸਤੇ ਏਥੇ ਤਿਆਰੀ ਹੋਈ ਓਦੋਂ ਹੀ ਸੁਖਮਨੀ ਰਚੀ ਗਈ। ਹਾਂ ਜਦੋਂ ਰਾਮਸਰ ਸਾਹਿਬ ਐਸਾ ਆਰਾਮ ਬਣ ਗਿਆ ਕਿ ਤੰਬੂ ਕਨਾਤਾਂ ਲਗ ਗਏ ਤੇ ਗੁਰੂ ਜੀ ਰਾਤ ਓਥੇ ਸੌ ਸਕੇ ਤਦੋਂ ਹੀ ਸਵੇਰੈ ਉਠਕੇ ਸੁਖਮਨੀ ਉਚਾਰੀ ਗਈ।
ਉਜਾੜ ਵਿਚ ਰਾਤ ਸੌਣਾ ਤੇ ਸਵੇਰੇ ਕੰਮ ਲਗਣਾ ਸੰਭਵ ਨਹੀਂ ਸੀ। ਸੋ ਸੁਖਮਨੀ ਉਚਾਰੀ ਗਈ ਓਦੋਂ ਜਦੋਂ ਥਾਂ ਰਹਿਣ ਲਾਇਕ ਹੋ ਗਈ ਸੀ, ਚਾਹੋ ਥਾਂ ਸੁਧਰਦੇ ਸਾਰ ਚਾਹੋ ਕੁਛ ਮਗਰੋਂ ਤੇ ਚਾਹੋ ਉਸ ਵੇਲੇ ਜਦੋਂ ਗਉੜੀ ਰਾਗ ਸੰਕਲਤ ਹੋ ਰਿਹਾ ਤੇ ਬਾਣੀ ਏਸ ਰਾਗ ਵਿਚ ਆਪ ਉਚਾਰ ਤੇ ਲਿਖਵਾ ਰਹੇ ਸੇ ਤੇ ਛੰਤ ਖਤਮ ਕਰ ਚੁਕੇ ਸੇ, ਜੈਸਾ ਕਿ ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ।
ਸੁਖਮਨੀ ਪਦ ਦੇ ਅਰਥ
ਇਸ ਸੁਖਦਾਈ ਸ਼ਬਦ ਦੇ ਅਰਥ ਹਨ:- ਸੁਖ+ਮਨ+ਈ=ਮਨ ਨੂੰ ਸੁਖ ਦੇਣ ਹਾਰ। ਪਹਿਲੀ ਅਸਟਪਦੀ ਦਾ ਰਹਾਉ:-ਸੁਖਮਨੀ ਸੁਖ ਅੰਮ੍ਰਿਤ ਨਾਮ॥
ਭਗਤ ਜਨਾ ਕੈ ਮਨਿ ਬਿਸ੍ਰਾਮ॥
ਇਸ ਦੇ ਸ਼ਲੇਖ ਕਰਕੇ ਦੋ ਅਰਥ ਹਨ। ਇਕ ਅਰਥ ਇਹ ਹੈ:- ਇਸ ਪੋਥੀ ਵਿਚ ਨਾਮ ਦਾ ਵਰਣਨ ਹੈ, ਜੋ ਅਮਰ ਕਰਦਾ ਤੇ ਸੁਖਾਂ ਦਾ ਦਾਤਾ ਹੈ। ਅੰਤਲੀ ਅਸਟਪਦੀ ਦੇ ਪੰਜਵੇਂ ਅੰਕ ਵਿਚ:- ਸੁਖਮਨੀ ਸਹਜ ਗੋਬਿੰਦ ਗੁਨ ਨਾਮ॥
ਜਿਸੁ ਮਨਿ ਬਸੈ ਸੁ ਹੋਤ ਨਿਧਾਨ॥
ਪੁਨਾ:- ਨਾਨਕ ਇਹ ਗੁਣਿ ਨਾਮੁ ਸੁਖਮਨੀ॥
ਵਾਕ ਆਏ ਹਨ। ਜਿਨ੍ਹਾਂ ਤੋਂ ਪਤਾ ਲੱਗਾ ਕਿ ਸੁਖਮਨੀ ਮਨ ਨੂੰ ਨਾਮ ਦਾ ਸੁਖ ਪ੍ਰਦਾਨ ਕਰਨੇ ਵਾਲੀ ਬਾਣੀ ਦਾ ਨਾਮ ਹੈ।
(ਅ) ਸੁਖਮਨੀ ਦੀ ਅੰਤਲੀ ਅਸਟਪਦੀ ਵਿਚ-'ਉਤਮ ਸਲੋਕ ਸਾਧ ਕੇ ਬਚਨ॥ ਅਮੁਲੀਕ ਲਾਲ ਏਹਿ ਰਤਨ'॥ ਪਾਠ ਹੋਣ ਕਰਕੇ ਸੰਪ੍ਰਦਾਈ ਗਯਾਨੀ ਉਪਰਲੇ ਅਰਥ ਦੇ ਨਾਲ 'ਸੁਖਮਨੀ' ਪਦ ਦਾ ਦੂਸਰਾ ਅਰਥ-'ਸੁਖਾਂ ਦੀ ਮਣੀ' ਬੀ ਕਰਦੇ ਹਨ। ਸੁਖ ਰੂਪੀ ਰਤਨਾਂ ਦੀ ਦਾਤੀ॥
ਇਸ ਬਾਣੀ ਦਾ ਹਿਸਾਬ ਵਿਵੇਚਨਾ
੨੪ ਇਸ ਵਿਚ ਸ਼ਲੋਕ ਹਨ, ੨੪ ਹੀ ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਵਿਚ ੮ ਪਦੇ ਹਨ ਯਾ ਪਉੜੀਆਂ ਹਨ, ਹਰ ਪਉੜੀ ਵਿਚ ਦੱਸ ਸਤਰਾਂ ਯਾਂ ਤੁਕਾਂ ਹਨ।
ਸਲੋਕ ਅਕਸਰ ਦੋਹੇ ਦੇ ਵਜ਼ਨ ਦੇ ਹਨ:੧੩+੧੧=੨੪ ਮਾਤ੍ਰਾਂ। ਪਰ ਸਾਰੇ ਸਲੋਕ ਇਕੋ ਵਜ਼ਨ ਦੇ ਨਹੀਂ, ਜਿਵੇਂ 'ਆਦਿ ਸਚੁ ਜੁਗਾਦਿ ਸਚੁ॥ ਹੈਭਿ ਸਚੁ ਨਾਨਕ ਹੋਸਿ ਭਿ ਸਚੁ॥' ਸਲੋਕ ੧੭ਵੀ ਅਸਟਪਦੀ ਦਾ ਜੋ ਹੈ ਦੋਹੇ ਦੇ ਵਜ਼ਨ ਦਾ ਨਹੀਂ ਹੈ। ਅਸ਼ਟਪਦੀਆਂ ਦੀਆਂ ਪਉੜੀਆਂ ਦੀਆਂ ਤੁਕਾਂ ਦਾ ਵਜ਼ਨ ਚੌਪਈ ਦੀਆਂ ੧੫,੧੬ ਮਾਤ੍ਰਾਂ ਦਾ ਆਪ ਤੌਰ ਤੇ ਹੈ।
ਸੁਖਮਨੀ ਦੀ ਬੋਲੀ
ਸੁਖਮਨੀ ਦੀ ਬੋਲੀ ਵਿਚ ਇਕ ਬੜਾ ਭਾਰੀ ਸਹਿਤਯਕ ਕਮਾਲ ਹੈ। ਇਸ ਵਿਚ ਜੋ ਪਦ ਆਏ ਹਨ ਐਸੇ ਹਨ ਕਿ ਜੋ ਪੰਜਾਬੀ ਤੇ ਹਿੰਦੀ ਲੋਕ ਦੁਇ ਇਨ੍ਹਾਂ ਨੂੰ ਸਮਝਦੇ ਹਨ ਤੇ ਬਾਣੀ ਦੋਹਾਂ ਨੂੰ ਰਸ ਦੇ ਜਾਂਦੀ ਹੈ। ਸੋ ਇਸ ਦੀ ਬੋਲੀ ਪੰਜਾਬੀਆਂ ਤੇ ਹਿੰਦੁਸਤਾਨੀਆਂ ਦੋਹਾਂ ਲਈ ਸੌਖੀ ਹੈ।
ਸੁਖਮਨੀ ਦਾ ਗਾਇਨ
ਬਾਵਨ ਅਕਰੀ ਵਾਂਙੂ ਇਸਦੇ ਗਾਯਨ ਦਾ ਰਿਵਾਜ ਦੇਖਣ ਵਿਚ ਨਹੀਂ ਆਇਆ, ਪਰ ਇਸ ਦੇ ਗਾਯਨ ਦੀ ਮਨਾਹੀ ਬੀ ਨਹੀਂ, ਸਗੋਂ ਆਗਯਾ ਹੈ, ਕਿਉਂਕਿ ਇਸ ਨੂੰ ਗਉੜੀ ਰਾਗ ਵਿਚ ਲਿਖਿਆ ਹੈ ਤੇ ਗਾਇਨ ਦੀ ਹਿਦਾਯਤ ਲਈ 'ਰਹਾਉ' ਬੀ ਦਿੱਤਾ ਹੈ। ਰਹਾਉ ਇੱਕੋ ਹੈ, ਜਿਸ ਦਾ ਭਾਵ ਇਹ ਹੈ ਕਿ ਸਾਰੀ ਬਾਣੀ ਸੂਤ੍ਰਾਤਮਕ ਸਿੱਧਾਂਤ ਰਹਾਉ ਵਿਚ ਤੇ ਉਹ ਹਰ ਅਸਟਪਦੀ ਦਾ ਰਹਾਉ ਬਣਾ ਕੇ ਗਾਂਵਿਆਂ ਜਾ ਸਕਦਾ ਹੈ।
ਗਉੜੀ ਰਾਗ ਵਿਚ ਹੋਣ ਕਰਕੇ ਇਸਦੇ ਗਾਯਨ ਦਾ ਸਮਾ ਲੌਢਾ ਪਹਿਰ ਹੈ, ਪਰ ਪਾਠ ਲਈ ਸਮੇਂ ਦਾ ਸੰਕੇਤ ਨਹੀਂ।
ਸੁਖਮਨੀ ਦਾ ਪਾਠ
ਇਹ ਬਾਣੀ ਇਕ ਤਰ੍ਹਾਂ ਸਿੱਖਾਂ ਦੇ ਰੋਜ਼ਾਨਾ ਪਾਠ ਦੀ ਬਾਣੀ ਹੈ। ਪਰ ਰੋਜ਼ਾਨਾ ਪਾਠਾਂ ਦੀਆਂ ਦੋ ਭਾਂਤਾਂ ਹਨ: ਇਕ 'ਨਿੱਤ ਅਵਸ਼ ਪਾਠ', ਦੂਸਰੇ 'ਨਿੱਤ ਸੁਹਿਤ ਪਾਠ'।
ਜਿਨ੍ਹਾਂ ਬਾਣੀਆਂ ਦਾ ਪੜ੍ਹਨਾ ਜ਼ਰੂਰੀ ਹੈ ਤੇ ਨਾ ਪੜ੍ਹਨਾ ਅਵਗਯਾ ਹੈ ਸੋ 'ਅਵੱਸ਼ ਨਿੱਤ ਪਾਠ' ਹੈ। ਤੇ ਜੋ ਕਰੋ ਤਾਂ ਲਾਹਾ ਹੀ ਲਾਹਾ ਹੈ, ਪਰ ਨਾ ਕਰੋ ਤਾਂ ਅਵਗਯਾ ਨਹੀਂ, ਉਹ 'ਸੁਹਿਤ ਨਿਤ ਪਾਠ' ਹੈ; ਸੋ ਸੁਖਮਨੀ ਦਾ ਪਾਠ 'ਸੁਹਿਤ ਨਿਤ ਪਾਠ' ਹੈ। ਬਹੁਤ ਪ੍ਰੇਮੀ ਇਸ ਦਾ ਪਾਠ ਰੋਜ਼ ਕਰਦੇ ਹਨ। ਕੋਈ ਸਵੇਰੇ, ਕੋਈ ਦੁਪਹਿਰੇ, ਕੋਈ ਜਦ ਸਮਾ ਮਿਲ ਜਾਏ। ਇਹ ਬੀ ਦੱਸਿਆ ਜਾਂਦਾ ਹੈ ਕਿ ਛੇਵੇਂ ਸਤਿਗੁਰੂ ਜੀ ਬੀ ਇਸ ਬਾਣੀ ਦੇ ਪਾਠ ਦੇ ਨੇਮੀ ਸਨ। ਸ੍ਰੀ ਦਰਬਾਰ ਸਾਹਿਬ ਵਿਚ ਇਕ ਸਜਣ ਸੁਖਮਨੀ ਦਾ ਪਾਠ ਸਹਿਜੇ ਸਹਿਜੇ ਅੰਮ੍ਰਿਤ ਵੇਲੇ ਕਰਦਾ ਰਹਿੰਦਾ ਹੈ। ਆਸਾ ਦੀ ਵਾਰ ਵਿਦ ਇਕ ਪਉੜੀ ਤੇ ਆ ਕੇ ਰਾਗੀ ਸਿੰਘ ਕੀਰਤਨ ਬੰਦ ਕਰ ਦੇਂਦੇ ਹਨ ਤੇ ਸੁਖਮਨੀ ਦੇ ਪਾਠ ਕਰਨ ਵਾਲਾ ਸੱਜਣ ਉੱਠ ਕੇ ਸੁਖਮਨੀ ਦੇ ਭੋਗ ਦੀ ਪਉੜੀ ਦਾ ਉਚਾਰਨ ਕਰਦਾ ਹੈ; ਫੇਰ ਕੀਰਤਨ ਮੁੜ ਸ਼ੁਰੂ ਹੋ ਜਾਂਦਾ ਹੈ।
ਇਹ ਖਿਆਲ ਸਿਖਾਂ ਵਿਚ ਪ੍ਰਚਲਿਤ ਹੈ ਕਿ ਸੁਖਮਨੀ ਸਾਹਿਬ ਦੇ ਪਾਠ ਨਾਲ ਅਠ ਪਹਿਰ ਦੇ ਸਿਮਰਨ ਵਿਚ ਕੋਈ ਕਸਰ ਰਹੇ ਤਾਂ ਪੈਰੀ ਹੋ ਜਾਂਦੀ ਹੈ। ਕਈ ਸੱਜਣ ਤਾਂ ਆਖਦੇ ਸੁਣੇ ਹਨ ਕਿ ਜੀਵ ਦੇ ੨੪੦੦੦ ਸੁਆਸ ਰੋਜ਼ ਦੇ ਹਨ। ਸੁਖਮਨੀ ਸਾਹਿਬ ਦੀਆਂ ੨੪ ਅਸ਼ਟਪਦੀਆਂ ਦੇ ਪਾਠ ਵਿਚ ੨੪੦੦੦ ਸੁਆਸ ਸਫਲ ਹੋ ਜਾਂਦਾ ਹੈ।
ਸੁਖਮਨੀ ਸਾਹਿਬ ਦਾ ਮਹਾਤਮ
ਸੁਖਮਨੀ ਸਾਹਿਬ ਦਾ ਮਹਾਤਮ ਇਸ ਦੇ ਰਹਾਉ ਤੇ ਅਖੀਰਲੀ ਅਸਟਪਦੀ ਵਿਚ ਸ੍ਰੀ ਗੁਰੂ ਜੀ ਨੇ ਆਪ ਕਥਨ ਕੀਤਾ ਹੈ। ਛੇਵੀ ਪੌੜੀ ਤੋਂ ਅਖੀਰਲੀ ਦੇ ਵਿਚਾਲੇ ਕਈ ਵੇਰ ਆਇਆ ਹੈ। ਆਪ ਜੀ ਫੁਰਮਾਉਂਦੇ ਹਨ ਕਿ ਇਹ ਬਾਣੀ ਨਾਮ ਦੀ ਦ੍ਰਿੜਤਾ ਵਾਸਤੇ ਬਖ਼ਸ਼ੀ ਗਈ ਹੈ। ਇਹ ਆਪ ਹਰੀਜਸ ਰੂਪ, ਹਰੀ ਕੀਰਤਨ ਰੂਪ ਹੈ। ਬਾਰੰਬਾਰ ਤਾਕੀਦ ਨਾਮ ਜਪਣੇ ਦੀ ਕਰਦੀ ਹੈ ਤੇ ਇਹ ਨਾਮ ਨੂੰ ਹਿਰਦੇ ਤੇ ਉੱਕਰ ਦੇਂਦੀ ਹੈ, ਅਤੇ ਇਹ ਮਨ ਨੂੰ ਇਕ ਸਿਫਤ ਸਲਾਹ ਦੇ ਰਸ ਵਿਚ ਲਿਜਾਕੇ ਦ੍ਰਵੀਭੂਤ ਕਰ ਦੇਂਦੀ ਹੈ, ਜਿਸ ਵਿਚ ਨਾਮ ਦੀ ਲਾਈ ਹੋਈ ਮੁਹਰ ਅਪਣੀ ਛਾਪ ਸਾਫ ਲਗਾ ਦੇਂਦੀ ਹੈ।
ਪਿੱਛੇ ਦੱਸਿਆ ਹੈ ਕਿ ਇਸ ਬਾਣੀ ਦੇ ਕਈ ਪ੍ਰੇਮੀ ਚੌਵੀ ਹਜ਼ਾਰ ਦਿਨ ਰਾਤ ਦੇ ਸੁਆਸਾਂ ਦੀ ਸਫਲਤਾ ਸਮਝਕੇ ਇਸਦਾ ਪਾਠ ਰੋਜ਼ ਕਰਦੇ ਹਨ। ਕਈ ਪ੍ਰੇਮੀ ਇਸ ਦ੍ਰਿੜ ਵਿਸ਼ਵਾਸ਼ ਵਿਚ ਪਾਠ ਕਰਦੇ ਹਨ ਕਿ ਇਸਦੇ ਨੇਮੀ ਨੂੰ ਅੰਤਕਾਲ ਦੀ ਪੀੜਾ ਨਹੀਂ ਵਾਪਰਦੀ।
ਗਲ ਕੀਹ, ਇਹ ਬਾਣੀ ਐਸੀ ਮ੍ਰਿਦੁਲ ਤੇ ਰਸਮਈ ਹੈ ਕਿ ਇਸ ਨਾਲ ਪਰੇਮੀਆਂ ਦਾ ਬਹੁਤ ਪ੍ਰੇਮ ਹੈ ਤੇ ਇਸਦੇ ਪਾਠ, ਨੇਮ, ਵੀਚਾਰ ਨੇ ਹਜ਼ਾਰਾਂ ਜੀਵ ਭਵਸਾਗਰ ਤੋਂ ਪਾਰ ਕੀਤੇ ਹਨ। ਅਨਪੜ ਮਾਈ ਭਾਈ ਹਜ਼ਾਰਾਂ ਹਨ ਜਿਨ੍ਹਾਂ ਦੇ ਇਕ ਇਕ ਤੁਕ ਪੜਿਆਂ ਤੋਂ ਲੈ ਲੈ ਕੇ ਕੰਠ ਕਰਕੇ ਯਾਦ ਕਰ ਲਈ ਤੇ ਫੇਰ ਰੋਜ਼ ਪਾਠ ਕਰਦੇ ਹਨ।
ਇਸ ਬਾਣੀ ਦਾ ਵਿਸ਼ਯ
ਇਸ ਬਾਣੀ ਵਿਚ 'ਨਾਮ' ਦਾ ਵਿਸ਼ਯ ਹੈ। ਸਮਝੋ ਕਿ 'ਨਾਮ ਯੋਗ' ਯਾ 'ਭਗਤੀ ਯੋਗ' ਦਾ ਇਹ ਦਰਸ਼ਨ ਸ਼ਾਸਤ੍ਰ ਹੈ ਯਾ 'ਨਾਮ ਗਯਾਨ' ਕਿ 'ਭਗਤੀ ਗਯਾਨ' ਦਾ ਇਹ ਪੋਥੀ ਇਕ ਦਰਪਣ ਹੈ। ਇਹ ਸਾਰਾ ਕੁਛ ਐਸੀ ਸੌਖੀ ਤੇ ਸਰਲ ਬੋਲੀ ਵਿਚ ਹੋਇਆ ਹੈ ਕਿ ਸੌਖਾ ਸਮਝੇ ਪੈਦਾ ਹੈ ਤੇ ਸਮਝਿਆ ਘਰ ਕਰਦਾ ਹੈ। ਪਦਾਂ ਦੇ ਅਰਥ ਤੇ ਅਰਥ ਯੋਜਨਾ ਅਰ ਭਾਵ ਜਗਾ ਜਗਾ ਪਾਠਕ ਦੀ ਸੁਖੈਨਤਾ ਲਈ ਅੱਗੇ ਲਿਖ ਦਿੱਤੇ ਹਨ।
ਕਈ ਗੱਲਾਂ ਪ੍ਰਾਕਕਥਨਾਂ ਵਿਚ, ਭਾਵਾਂ ਵਿਚ, ਸਿਰਲੇਖਾਂ ਵਿਚ ਤੇ ਕਈ ਗੱਲਾਂ ਹੇਠਲੀਆਂ ਟੁਕਾਂ ਵਿਚ ਖੋਹਲ ਦਿੱਤੀਆਂ ਹਨ। ਇਸ ਬਾਣੀ ਵਿਚ ਸਤਿਗੁਰੂ ਜੀ ਨੇ ਪਰਮ ਪਦ ਦੀ ਪ੍ਰਾਪਤੀ ਦੀ ਜਾਚ ਸਿਖਾਈ ਹੈ, ਉਸ ਦਾ ਰੂਪ ਬੱਧਾ ਹੈ, ਉਸ ਦੇ ਗੁਣ ਗਾਏ ਹਨ, ਪ੍ਰੇਰਨਾ ਕੀਤੀ ਹੈ ਤੇ ਉਸ ਦੇ ਰਸ ਆਸਾਵਦਨ ਦੀ ਛਹਿਬਰ ਲਾਈ ਹੈ।
ਪਰ ਕਈ ਲੋਕ ਸਹਜ ਨਾਲ ਕਹਿ ਦਿਆ ਕਰਦੇ ਹਨ ਕਿ ੨੧ਵੀ ਅਸ਼ਟਪਦੀ ਪੜਕੇ ਵੇਖੋ ਗਯਾਨ ਹੀ ਗਯਾਨ ਹੈ, ਪਰ ਓਹ ਇਹ ਨਹੀਂ ਸਮਝਦੇ ਕਿ ਇਹ ਗਯਾਨ ਸਫਲ ਗਿਆਨ ਹੈ। ਇਹ ਜਾਣਨਾ ਮਾਤ੍ਰ ਨਹੀਂ। ਬਾਰ ਬਾਰ ਉਹੋ ਗੱਲਾਂ ਕਈ ਜਗਾ ਦੇਖ ਕੇ ਵਿਦਵਾਨਾਂ ਨੂੰ, ਜਿਨ੍ਹਾਂ ਨੂੰ ਕੇਵਲ ਜਾਣਨ ਨਾਲ ਮਤਲਬ ਹੁੰਦਾ ਹੈ, ਸੋਚਦੇ ਹਨ ਕਿ ਕਿਉਂ ਬਾਰ ਬਾਰ ਹੈ। ਹੈਰਾਣ ਹੋਣ ਦੀ ਗੱਲ ਨਹੀਂ, ਗੁਰੂ ਜੀ ਸਰਬ ਸਾਧਾਰਨ ਨੂੰ ਭਗਤੀ ਤੇ ਗਯਾਨ ਦੇ ਰਹੇ ਹਨ। ਨਿਰਾ ਸੁਣਾ ਨਹੀਂ ਰਹੇ, ਉਨ੍ਹਾਂ ਦੇ ਜੀਵਨਾਂ ਵਿਚ ਪ੍ਰੋ ਰਹੇ ਹਨ। ਇਸ ਲਈ ਇੱਕੋ ਸੱਚ ਨੂੰ ਰੰਗਾ ਰੰਗੀ ਰੂਪਾਂ ਵਿਚ ਕਈ ਵੇਰ ਪ੍ਰਤਿਪਾਦਨ ਕਰਦੇ ਹਨ।
ਫੇਰ ਬਾਹਲਾ ਜ਼ੋਰ ਇਸ ਗੱਲ ਤੇ ਦੇਂਦੇ ਹਨ, ਕਿ ਸਾਡਾ 'ਯੋਗ', ਸਾਡਾ 'ਗਯਾਨ' 'ਪ੍ਰੇਮ' ਦਾ ਹੈ 'ਭਗਤੀ' ਦਾ ਹੈ। ਨਾਮ ਅਭਯਾਸ ਨਾਲ, ਸਾਈਂ ਨੂੰ ਹਾਜ਼ਰਾ ਹਜ਼ੂਰ ਲਖ ਕੇ ਉਸਦੇ ਗੁਣ ਗਾਯਨ ਨਾਲ, ਸਿਫਤ ਸਲਾਹ ਦੇ ਅਸਰ ਨਾਲ, ਵਿਸਮਾਦ ਵਿਚ ਜਾ ਕੇ ਉਸਦੇ ਸਰੀਹਨ ਮਿਲਾਪ ਵਿਚ ਹੋ ਕੇ ਪਰਮਪਦ ਨੂੰ ਪਹੁੰਚਦਾ ਹੈ। ਵਾਹਿਗੁਰੂ ਵਿਚ ਪ੍ਰਾਪਤੀ ਪਰਮਪਦ ਹੈ। ਫੇਰ ਪ੍ਰਾਪਤੀ ਪਾ ਕੇ ਅਕ੍ਰੈ ਨਹੀਂ ਹੋ ਜਾਣਾ। ਨਿਰੇ ਮਨੋ ਗਯਾਨ ਵਿਚ 'ਮੈਂ ਬ੍ਰਹਮ, ਮੈਂ ਬ੍ਰਹਮ' ਕੂਕਦੇ ਰਹਿਣਾ ਅਸਲੀ ਪਦ ਦੀ ਪ੍ਰਾਪਤੀ ਨਹੀਂ। ਵਿਸਮਾਦ ਦੇ ਰੰਗ ਰੰਗੀਜ ਕੇ ਮਿਲਾਪ ਦੀ ਸਮਾਧੀ ਵਿਚ ਜਾਣਾਂ ਹੈ, ਫੇਰ ਉਸ ਸਮਾਧੀ ਨੇ ਲਗਾਤਾਰੀ ਹੋਕੇ ਸਦਾ ਨਾਲ ਰਹਿਣਾ ਹੈ।
ਮਨ ਇੰਦ੍ਰੈ ਸਰੀਰ ਵਿਚ ਅਕਾਲ ਪੁਰਖ ਦੀ ਅਨੁਭਵਤਾ, ਵਯਾਪਕਤਾ, ਮੇਲ ਅਰੂੜ ਰਹਿਣਾ ਹੈ। ਚਿੱਤ ਦੀਆਂ ਬ੍ਰਿਤੀਆਂ ਨੇ ਨਿਰੁੱਧ ਹੋ ਕੇ ਜੋ ਕਰ ਤਤਕਾਲ ਮੌਤ ਵਿਚ ਨਹੀਂ ਪਾ ਦੇਣਾ ਤੇ ਮਨ ਤੇ ਇੰਦ੍ਰੀਆਂ ਨੇ ਟੁਰੇ ਰਹਿਣਾ ਹੈ ਤਾਂ ਉਨ੍ਹਾਂ ਦਾ ਅਕਾਲ ਪੁਰਖ ਦੀ ਅਰੂੜਤਾ ਤੋਂ, ਉਸ ਦੇ ਲਗਾਤਾਰ ਅਹਿਸਾਸ ਤੋਂ, ਉਸ ਦੇ 'ਹਜ਼ੂਰੀ ਵਾਸ' ਤੋਂ, ਉਸ ਦੇ ਰਸ ਰੰਗ ਤੋਂ ਮਨ ਇੰਦ੍ਰਿਆਂ ਨੂੰ ਸ਼ੂਨ ਨਹੀਂ ਕਰ ਦੇਣਾ। 'ਹਰੀ ਜਨ' ਤੇ 'ਮਾਯਾਵੀ ਜਨ' ਦਾ ਇਹੀ ਤਾਂ ਫਰਕ ਹੈ। ਇਸ ਪ੍ਰਕਾਰ ਦੇ ਅਮਲੀ ਆਤਮ ਜੀਵਨ ਦਾ, ਰਸ ਰੰਗ ਭਰੇ ਜੀਵਨ ਦਾ ਉਪਦੇਸ਼ ਹੋਣ ਕਰਕੇ ਬਾਣੀ ਵਿਚ ਇਸ ਗੱਲ ਤੇ ਬਹੁਤ ਜ਼ੋਰ ਹੈ ਕਿ ਕਦੇ ਵਾਹਿਗੁਰੂ ਵਿਹੂਣੇ ਨਾ ਹੋ ਜਾਓ।
ਅੰਦਰ ਵਿਚ, ਬਾਹਰ ਵਿਚ, ਅੰਗ ਅੰਗ ਵਿਚ, ਮਨ ਬ੍ਰਿਤੀ ਵਿਚ, ਉਸ ਵਯਾਪਕ ਦੀ ਵਯਾਪਕਤਾ ਵੱਸੇ ਉਸ ਦੀ ਰਸ ਅਨੁਭਵਤਾ ਵਿਚ ਸਮਾਏ ਸਫਲ ਗਯਾਨ, ਸਫਲ ਯੋਗ ਕਿਸੇ ਛਿਨ ਬ੍ਰਿਤੀਆਂ ਵਿਚੋਂ ਬੀ ਪਰੇ ਨਾ ਹੋਵੇ।
ਗਲ ਕੀ ਇਹ ਸਾਰੀ ਬਾਣੀ 'ਪ੍ਰੇਮ' ਦਾ ਦਰਸ਼ਨ ਹੈ, 'ਨਾਮ' ਦਾ ਸ਼ਾਸਤ੍ਰ, ਇਹ ਸ਼ੁਭ ਆਚਰਣ ਸਿਖਾਲਦੀ ਹੈ। 'ਸ਼ੁਭ ਆਚਰਣ' ਨੂੰ ਨੀਂਹ ਬਣਾਕੇ 'ਸੇਵਾਂ' ਤੇ ਨਿਸ਼ਕਾਮ ਸੇਵਾ ਸਿਖਾਲਦੀ ਹੈ। ਇਹ ਸਤਿਸੰਗ ਤੇ ਗੁਰਮੁਖ ਦੇ ਸਤਿਸੰਗ ਦੀ ਲੋੜ ਪ੍ਰਤਿਪਾਦਨ ਕਰਦੀ ਹੈ। ਇਨ ਨਾਮ ਵਿਚ, ਅਕਾਲ ਪੁਰਖ ਦੇ 'ਸਬਦ ਸੋਹਿਲੇ' ਵਿਚ ਪ੍ਰਵਿਰਤ ਕਰਦੀ ਹੈ। ਇਹ ਵਾਹਿਗੁਰੂ ਦੀ ਸਿਫਤ ਸਲਾਹ ਤੇ ਗੁਣ ਗਾਯਨ ਵਿਚ ਮਗਨ ਕਰਦੀ ਹੈ। ਇਸ ਮਗਨਤਾ ਨਾਲ ਵਿਸਮਾਦ ਵਿਚ ਲੈ ਜਾਂਦੀ ਹੈ। ਵਿਸਮਾਦ ਵਿਚ ਤ੍ਰਿਸ਼ਨਾ ਹਤ ਹੋ ਜਾਂਦੀ ਹੈ ਤੇ ਨਿਰੋਲ ਨਾ ਰਸ ਆ ਪ੍ਰਤੀਤ ਦੇਂਦਾ ਹੈ, ਆਤਮ ਲੱਖਤਾ ਦਾ ਸੁਆਦ ਰਸਦਾ ਹੈ। ਇਸ ਰਸ ਨਾਲ ਪ੍ਰੇਮ ਦੀ ਖਿਚ ਨਾਲ ਪ੍ਰਮਾਤਮਾ ਵਿਚ ਪ੍ਰਾਪਤੀ ਹੁੰਦੀ ਹੈ।
ਪ੍ਰੇਮੀ ਪਿਆਰੇ ਵਿਚ, ਪ੍ਰੀਤਮ ਪ੍ਰੇਮ ਵਿਚ ਰਸ ਮਿਲਦੇ ਹਨ। ਭਿੰਨ ਭੇਤ ਨਹੀਂ ਰਹਿੰਦਾ। ਪ੍ਰੇਮੀ ਆਪ ਅਨੰਦ ਸਰੂਪ ਹੋਕੇ ਸ਼ੂੰਨ ਨਹੀਂ ਹੋ ਜਾਂਦਾ, ਚਾਹੋ ਆਪ ਆਨੰਦ ਸਰੂਪ ਵਿਚ ਲੀਨ, ਆਨੰਦ ਹੀ ਆਨੰਦ ਹੁੰਦਾ ਹੈ, ਪਰ ਪਾਣੀ ਰੂਪ ਬਦਲ ਵਾਂਙੂ, ਹਾਂ ਆਨੰਦ ਹੀ ਆਨੰਦ ਘਨ ਹੋਕੇ ਉਸ ਤੋਂ ਹਾਂ ਉਸ ਉਪਕਾਰੀ ਆਨੰਦ ਮੇਘ ਤੋਂ ਬਰਖਾ ਹੁੰਦੀ ਹੈ। ਆਤਮ ਰਸ ਦੀ ਬਰਖਾ ਹੁੰਦੀ ਹੈ, ਜਗਤ ਵਰਸਾਉਂਦਾ ਹੈ।