ਸਲੋਕੁ ॥
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥
ਉਹ ਸਭ ਰੂਪਾਂ ਵਾਲਾ, ਰੂਪ ਰਹਿਤ ਤੇ ਅਕਾਰ ਰਹਿਤ ਹੈ। ਆਪ ਹੀ ਅਫੁਰ ਸਾਮਧੀ ਵਿਚ ਹੈ। ਹੇ ਨਾਨਕ! ਉਸਨੇ ਆਪ ਹੀ ਸਭ ਕੀਤਾ ਹੈ। ਫੇਰ ਆਪ ਹੀ ਜਾਪ ਜਪਾਉਂਦਾ ਹੈ।੧।
ਅਸਟਪਦੀ ॥
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥
ਪਾਪ ਪੁੰਨ ਤਬ ਕਹ ਤੇ ਹੋਤਾ ॥
ਜਬ ਧਾਰੀ ਆਪਨ ਸੁੰਨ ਸਮਾਧਿ ॥
ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥
ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥
ਜਬ ਆਪਨ ਆਪ ਆਪਿ ਪਾਰਬ੍ਰਹਮ ॥
ਤਬ ਮੋਹ ਕਹਾ ਕਿਸੁ ਹੋਵਤ ਭਰਮ ॥
ਆਪਨ ਖੇਲੁ ਆਪਿ ਵਰਤੀਜਾ ॥
ਨਾਨਕ ਕਰਨੈਹਾਰੁ ਨ ਦੂਜਾ ॥੧॥
ਜਦੋਂ ਇਹ ਬ੍ਰਹਮੰਡ ਕੁਛ ਨਹੀਂ ਦਿੱਸਦਾ ਸੀ। ਤਦੋਂ ਪਾਪ ਪੁੰਨ ਕਿਸ ਤੋਂ ਹੁੰਦਾ ਸੀ। ਜਦੋਂ ਉਸਨੇ ਆਪ ਅਫੁਰ ਸਾਮਧੀ ਲਾਈ ਹੋਈ ਸੀ। ਤਦੋਂ ਕੋਈ ਕਿਸ ਨਾਲ ਵੈਰ ਵਿਰੋਧ ਕਰਦਾ ਸੀ। ਜਦੋਂ ਜੀਵਨ ਦਾ ਵਰਣ ਰੂਪ ਨਹੀਂ ਸੀ ਜਾਪਦਾ। ਤਦੋਂ ਦਸੋ ਖ਼ੁਸ਼ੀ ਗ਼ਮੀ ਕਿਸ ਨੂੰ ਵਾਪਰਦੀ ਸੀ? ਜਦੋਂ ਪਰਮੇਸ਼ਰ ਆਪਣੇ ਆਪ ਹੀ ਸੀ। ਤਦੋਂ ਮੋਹ ਕਿਥੇ ਸੀ ਤੇ ਕਿਸਨੂੰ ਭਰਮ ਹੁੰਦਾ ਸੀ। ਆਪਣੀ ਖੇਡ ਵਿਚ ਆਪ ਵਰਤ ਰਿਹਾ ਹੈ। ਹੇ ਨਾਨਕ! ਦੂਜਾ ਕੋਈ ਵੀ ਕਰਨ ਵਾਲਾ ਨਹੀਂ।੧।
ਜਬ ਹੋਵਤ ਪ੍ਰਭ ਕੇਵਲ ਧਨੀ ॥
ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥
ਜਬ ਏਕਹਿ ਹਰਿ ਅਗਮ ਅਪਾਰ ॥
ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥
ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥
ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥
ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥
ਤਬ ਕਵਨ ਨਿਡਰੁ ਕਵਨ ਕਤ ਡਰੈ ॥
ਆਪਨ ਚਲਿਤ ਆਪਿ ਕਰਨੈਹਾਰ ॥
ਨਾਨਕ ਠਾਕੁਰ ਅਗਮ ਅਪਾਰ ॥੨॥
ਜਦੋਂ ਸਿਰਫ ਪ੍ਰਭੂ ਹੀ ਮਾਲਕ ਸੀ। ਤਦੋ ਬੰਦਸ਼ ਜਾਂ ਖੁਲ੍ਹ ਕਿਸ ਦੀ ਗਿਣੀ ਜਾਂਦੀ ਹੈ। ਜਦੋਂ ਇਕ ਪਹੁੰਚ ਤੋਂ ਰਹਿਤ ਹੀ ਸੀ। ਤਦੋਂ ਨਰਕ ਸੁਰਗ ਕੀ ਸੀ ਤੇ ਅਵਤਾਰ ਕੌਣ ਸੀ? ਜਦੋਂ ਰੂਪ ਰਹਿਤ ਪ੍ਰਭੂ ਸੁਭਾਵਿਕ ਹੀ ਸੀ? ਤਦੋਂ ਸ਼ਿਵ ਤੇ ਮਾਇਆ ਕਹੋ ਕਿਸ ਥਾਂ ਸਨ? ਜਦੋਂ ਆਪੇ ਆਪਣੀ ਹੀ ਜੋਤ ਰਖਦਾ ਸੀ। ਤਦੋਂ ਕੌਣ ਨਿਡਰ ਸੀ ਤੇ ਕੌਣ ਕਿਸ ਤੋਂ ਡਰਦਾ ਸੀ? ਆਪਣੇ ਕੌਤਕ ਆਪ ਕਰਨ ਵਾਲਾ ਹੈ। ਹੇ ਨਾਨਕ! ਪ੍ਰਭੂ ਅਪਹੁੰਚ ਤੇ ਬੇਅੰਤ ਹੈ।੨।
ਅਬਿਨਾਸੀ ਸੁਖ ਆਪਨ ਆਸਨ ॥
ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥
ਜਬ ਪੂਰਨ ਕਰਤਾ ਪ੍ਰਭੁ ਸੋਇ ॥
ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥
ਜਬ ਅਬਿਗਤ ਅਗੋਚਰ ਪ੍ਰਭ ਏਕਾ ॥
ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥
ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥
ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥
ਆਪਨ ਆਪ ਆਪ ਹੀ ਅਚਰਜਾ ॥
ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥
ਨਾਸ ਰਹਿਤ ਪ੍ਰਭੂ ਜਦੋਂ ਆਪਣੇ ਸੁਖ ਆਸਨ ਵਿਚ ਸੀ। ਤਦੋਂ ਜਨਮ ਮਰਨ ਕਹੋ ਕਿਥੇ ਸੀ ਤੇ ਨਾਸ ਕਿਥੇ ਸੀ? ਜਦੋਂ ਉਹ ਕਰਤਾਰ ਹੀ ਸਰਬ ਵਿਆਪੀ ਸੀ। ਤਦੋਂ ਜਮਾਂ ਦਾ ਡਰ ਦਸੋ ਜਿਸ ਨੂੰ ਸੀ? ਜਦੋਂ ਗਤੀ ਰਹਿਤ ਇਕੋ ਨਿਰਲੇਪ ਪ੍ਰਭੂ ਸੀ। ਤਦ ਚਿਤਰ ਗੁਪਤ ਕਿਸ ਤੋਂ ਲੇਖਾ ਪੁੱਛਦੇ ਸਨ। ਜਦੋਂ ਮਾਲਕ ਮਾਇਆ ਰਹਿਤ, ਨਿਰਲੇਪ ਤੇ ਅਥਾਹ ਆਪ ਹੀ ਸੀ। ਤਦੋਂ ਕੌਣ ਛੁਟਦਾ ਤੇ ਕੌਣ ਬੰਧਣਾਂ ਵਿਚ ਬੱਝਦਾ ਸੀ। ਆਪਣੇ ਆਪ ਹੀ ਉਹ ਅਸਚਰਜ ਰੂਪ ਹੋਇਆ ਹੈ। ਹੇ ਨਾਨਕ! ਉਸ ਨੇ ਆਪਣਾ ਸਰੂਪ ਆਪ ਹੀ ਉਪਜਾਇਆ ਹੈ।੩।
ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥
ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥
ਜਹ ਨਿਰੰਜਨ ਨਿਰੰਕਾਰ ਨਿਰਬਾਨ ॥
ਤਹ ਕਉਨ ਕਉ ਮਾਨ ਕਉਨ ਅਭਿਮਾਨ ॥
ਜਹ ਸਰੂਪ ਕੇਵਲ ਜਗਦੀਸ ॥
ਤਹ ਛਲ ਛਿਦ੍ਰ ਲਗਤ ਕਹੁ ਕੀਸ ॥
ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥
ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥
ਕਰਨ ਕਰਾਵਨ ਕਰਨੈਹਾਰੁ ॥
ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥
ਜਦੋਂ ਪਵਿੱਤਰ ਪ੍ਰਭੂ ਪੁਰਸ਼ਾਂ ਦਾ ਮਾਲਕ ਹੁੰਦਾ ਸੀ। ਤਦੋਂ ਮੈਲ ਰਹਿਤ, ਦਸ ਕੋਈ ਕੀ ਧੋਂਦਾ ਸੀ? ਜਦੋਂ ਮਾਇਆ ਰਹਿਤ ਨਿਰਾਕਾਰ, ਨਿਰਲੇਪ ਹੀ ਸੀ। ਤਦੋਂ ਕਿਸਨੂੰ ਮਾਣ ਸੀ ਤੇ ਕਿਸਨੂੰ ਹੰਕਾਰ ਸੀ? ਜਦੋਂ ਕੇਵਲ ਜਗਤ ਤੇ ਈਸ਼ਵਰ ਦਾ ਹੀ ਸਰੂਪ ਸੀ। ਤਦੋਂ ਛਲ ਤੇ ਦੋਸ਼ ਦਸੋ ਕਿਸਨੂੰ ਲੱਗਦੇ ਸਨ? ਜਦੋਂ ਜੋਤ ਸਰੂਪ ਪ੍ਰਭੂ ਜੋਤ ਵਿਚ ਹੀ ਵੱਸਦਾ ਹੈ। ਤਦੋਂ ਕਿਸ ਨੂੰ ਭੁੱਖ ਸੀ ਤੇ ਕੌਣ ਰੱਜਦਾ ਸੀ? ਪ੍ਰਭੂ ਹੀ ਕਰਨ ਕਰਾਉਣ ਵਾਲਾ ਕਰਤਾਰ ਸੀ। ਹੇ ਨਾਨਕ! ਕਰਤੇ ਦਾ ਕੋਈ ਅੰਤ ਨਹੀਂ।੪।
ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥
ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥
ਜਹ ਸਰਬ ਕਲਾ ਆਪਹਿ ਪਰਬੀਨ ॥
ਤਹ ਬੇਦ ਕਤੇਬ ਕਹਾ ਕੋਊ ਚੀਨ ॥
ਜਬ ਆਪਨ ਆਪੁ ਆਪਿ ਉਰਿ ਧਾਰੈ ॥
ਤਉ ਸਗਨ ਅਪਸਗਨ ਕਹਾ ਬੀਚਾਰੈ ॥
ਜਹ ਆਪਨ ਊਚ ਆਪਨ ਆਪਿ ਨੇਰਾ ॥
ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥
ਬਿਸਮਨ ਬਿਸਮ ਰਹੇ ਬਿਸਮਾਦ ॥
ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥
ਜਦੋ ਉਸ ਆਪਣੀ ਸੋਭਾ ਆਪਣੇ ਨਾਲ ਬਣਾਈ ਸੀ। ਤਦੋਂ ਮਾਂ, ਪਿਓ, ਮਿੱਤਰ, ਪੁੱਤ ਵੀਰ ਕੌਣ ਸੀ? ਜਦੋਂ ਆਪ ਹੀ ਸਰਬ ਸ਼ਕਤੀਵਾਨ ਤੇ ਸਿਆਣਾ ਸੀ। ਤਦੋਂ ਕੋਈ ਵੇਦ ਕਤੇਬ ਕਿਥੇ ਜਾਣਦਾ ਸੀ? ਜਦੋਂ ਆਪਣੇ ਆਪ ਹਿਰਦੇ ਵਿਚ ਧਾਰਦਾ ਸੀ। ਤਦੋਂ ਕੋਈ ਸਗਨ, ਕੁਸਗਨ ਕਦੋਂ ਵਿਚਾਰਦਾ ਸੀ। ਜਦੋਂ ਆਪ ਹੀ ਉੱਚਾ ਤੇ ਆਪਣੇ ਨੇੜੇ ਸੀ। ਤਦੋਂ ਕੌਣ ਮਾਲਕ ਤੇ ਕੌਣ ਚੇਲਾ ਹਿਾ ਜਾਂਦਾ ਸੀ? ਉਹ ਅਸਚਰਜ ਰੂਪ ਹੀ ਅਸਚਰਜ ਰਹਿੰਦਾ ਸੀ। ਹੇ ਨਾਨਕ! ਆਪਣੀ ਹਾਲਤ ਆਪ ਹੀ ਜਾਣਦਾ ਹੈ।੫।
ਜਹ ਅਛਲ ਅਛੇਦ ਅਭੇਦ ਸਮਾਇਆ ॥
ਊਹਾ ਕਿਸਹਿ ਬਿਆਪਤ ਮਾਇਆ ॥
ਆਪਸ ਕਉ ਆਪਹਿ ਆਦੇਸੁ ॥
ਤਿਹੁ ਗੁਣ ਕਾ ਨਾਹੀ ਪਰਵੇਸੁ ॥
ਜਹ ਏਕਹਿ ਏਕ ਏਕ ਭਗਵੰਤਾ ॥
ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥
ਜਹ ਆਪਨ ਆਪੁ ਆਪਿ ਪਤੀਆਰਾ ॥
ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥
ਬਹੁ ਬੇਅੰਤ ਊਚ ਤੇ ਊਚਾ ॥
ਨਾਨਕ ਆਪਸ ਕਉ ਆਪਹਿ ਪਹੂਚਾ ॥੬॥
ਜਿਥੇ ਛਲ, ਦੋਸ਼ ਤੇ ਭੇਦ ਰਹਿਤ ਸਮਾਇਆ ਸੀ। ਉਥੇ ਮਾਇਆ ਦਾ ਅਸਰ ਕਿਸ ਉਤੇ ਸੀ? ਜਿਥੇ ਆਪਣੇ ਆਪ ਨੂੰ ਆਪ ਨਮਸਕਾਰ ਕਰਦਾ ਸੀ। ਓਥੇ ਰਜੋ, ਤਮੋ, ਸਤੋ ਤਿੰਨੇ ਗੁਣ ਨਹੀਂ ਸਨ। ਜਦੋਂ ਇਕੋ ਇਕ ਭਗਵਾਨ ਹੀ ਸੀ। ਓਦੋਂ ਕੌਣ ਚਿੰਤ ਰਹਿਤ ਤੇ ਕਿਸਨੂੰ ਚਿੰਤਾ ਲੱਗਦੀ ਸੀ। ਜਦੋਂ ਆਪਣੇ ਆਪ ਹੀ ਉਹ ਭਰੋਸੇ ਵਾਲਾ ਸੀ। ਓਦੋਂ ਕੌਣ ਕਥਨ ਵਾਲਾ ਤੇ ਕੌਣ ਸੁਨਣ ਵਾਲਾ ਸੀ। ਪ੍ਰਭੂ ਬੜਾ ਬੇਅੰਤ ਤੇ ਉੱਚਿਆਂ ਤੇ ਉੱਚਾ ਹੈ। ਹੇ ਨਾਨਕ! ਆਪਣੇ ਆਪ ਨੂੰ ਆਪੇ ਪਹੁੰਚਾ ਹੋਇਆ ਹੈ।੬।
ਜਹ ਆਪਿ ਰਚਿਓ ਪਰਪੰਚੁ ਅਕਾਰੁ ॥
ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥
ਪਾਪੁ ਪੁੰਨੁ ਤਹ ਭਈ ਕਹਾਵਤ ॥
ਕੋਊ ਨਰਕ ਕੋਊ ਸੁਰਗ ਬੰਛਾਵਤ ॥
ਆਲ ਜਾਲ ਮਾਇਆ ਜੰਜਾਲ ॥
ਹਉਮੈ ਮੋਹ ਭਰਮ ਭੈ ਭਾਰ ॥
ਦੂਖ ਸੂਖ ਮਾਨ ਅਪਮਾਨ ॥
ਅਨਿਕ ਪ੍ਰਕਾਰ ਕੀਓ ਬਖੵਾਨ ॥
ਆਪਨ ਖੇਲੁ ਆਪਿ ਕਰਿ ਦੇਖੈ ॥
ਖੇਲੁ ਸੰਕੋਚੈ ਤਉ ਨਾਨਕ ਏਕੈ ॥੭॥
ਜਦੋਂ ਉਸ ਆਪ ਹੀ ਇਹ ਪਸਾਰਾ ਬਣਾਇਆ। ਰਜੋ, ਤਮੋ, ਸਤੋ, ਗੁਣਾਂ ਵਿਚ ਪਸਾਰਾ ਪਸਰਿਆ। ਤਦੋਂ ਪਾਪ ਤੇ ਪੁੰਨ ਵੀ ਕਹੇ ਜਾਣ ਲੱਗੇ। ਕੋਈ ਨਰਕ ਤੇ ਕੋਈ ਸਵਰਗ ਦਾ ਚਾਹਵਾਨ ਹੋਇਆ। ਸੰਤਾਨ ਦੇ ਜਾਲ ਤੇ ਮਾਇਆ ਦੇ ਪੁਆੜੇ, ਹੰਕਾਰ, ਮੋਹ, ਭਰਮ ਤੇ ਡਰ ਦਾ ਭਾਰ ਪੈ ਗਿਆ। ਦੁਖ, ਸੁਖ, ਮਾਨ ਤੇ ਬੇਇੱਜ਼ਤੀ ਕਈ ਤਰ੍ਹਾਂ ਨਾਲ ਦੱਸੇ ਜਾਣ ਲੱਗੇ। ਪ੍ਰਭੂ ਆਪਣੀ ਖੇਡ ਆਪੇ ਕਰਕੇ ਦੇਖਦਾ ਹੈ। ਜੇ ਖੇਲ ਸਮੇਟੇ ਤਾਂ ਹੇ ਨਾਨਕ! ਉਹੋ ਇਕ ਹੀ ਹੈ।੭।
ਜਹ ਅਬਿਗਤੁ ਭਗਤੁ ਤਹ ਆਪਿ ॥
ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥
ਦੁਹੂ ਪਾਖ ਕਾ ਆਪਹਿ ਧਨੀ ॥
ਉਨ ਕੀ ਸੋਭਾ ਉਨਹੂ ਬਨੀ ॥
ਆਪਹਿ ਕਉਤਕ ਕਰੈ ਅਨਦ ਚੋਜ ॥
ਆਪਹਿ ਰਸ ਭੋਗਨ ਨਿਰਜੋਗ ॥
ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥
ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥
ਬੇਸੁਮਾਰ ਅਥਾਹ ਅਗਨਤ ਅਤੋਲੈ ॥
ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥
੨੧॥
ਜਿਥੇ ਮਰਜ਼ੀ ਰਹਿਤ ਭਗਤ ਹੈ, ਓਥੇ ਪ੍ਰਭੂ ਆਪ ਹੈ। ਜਿਥੇ ਸੰਤਾਂ ਦੇ ਪਰਤਾਪ ਲਈ ਪਸਾਰਾ ਪਸਰਿਆ ਹੈ। ਦੋਹਾਂ ਪੱਖਾਂ ਦਾ ਉਹ ਆਪੇ ਹੀ ਮਾਲਕ ਹੈ। ਉਨ੍ਹਾਂ ਦੀ ਸੋਭਾ ਉਹਨਾਂ ਨੂੰ ਹੀ ਸੋਭਦੀ ਹੈ। ਪ੍ਰਭੂ ਆਪ ਹੀ ਕੌਤਕ ਅਨੰਦ ਤੇ ਚੋਜ ਕਰਦਾ ਹੈ। ਆਪੇ ਹੀ ਰਸ ਭੋਗਦਾ ਤੇ ਵੱਖਰਾ ਰਹਿੰਦਾ ਹੈ। ਜਿਹੜਾ ਚੰਗਾ ਲਗੇ ਉਸਨੂੰ ਨਾਮ ਵਿਚ ਲਾ ਲੈਂਦਾ ਹੈ। ਜਿਸ ਨੂੰ ਚਾਹੇ ਖੇਡਾਂ ਖਿਡਾਉਂਦਾ ਹੈ। ਰੱਬ ਬੇਗਿਣਤ, ਅਥਾਹ, ਗਿਣਤ ਤੇ ਤੋਲ ਰਹਿਤ ਹੈ। ਜਿਸ ਤਰ੍ਹਾਂ ਬੁਲਾਉਂਦੇ ਹੋ, ਉਸੇ ਤਰ੍ਹਾਂ ਨਾਨਕ ਦਾਸ ਬੋਲਦਾ ਹੈ।੮।੨੧।