Sukhmani Sahib — Bhai Nihal Singh ji (page 10)

Sukhmani Sahib — Bhai Nihal Singh ji · ੧੦ / ੨੪

ਸਲੋਕੁ ॥

ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥ ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥

ਅਨੇਕਾਂ ਭਗਤ ਵਾਹਿਗੁਰੂ ਦਾ ਜੱਸ ਗਾਉਂਦੇ ਹਨ, ਪਰ ਉਸਦਾ ਅੰਤ ਜਾਂ ਪਾਰਾਵਾਰ ਨਹੀਂ ਪਾਇਆ ਜਾਂਦਾ। ਹੇ ਨਾਨਕ! ਪ੍ਰਭੂ ਨੇ ਬ੍ਰਹਮੰਡ ਬਣਾਇਆ ਹੈ, ਜੋ ਕਈ ਢੰਗਾਂ ਤੇ ਕਈ ਤਰ੍ਹਾਂ ਦਾ ਹੈ।੧।

ਅਸਟਪਦੀ ॥

ਕਈ ਕੋਟਿ ਹੋਏ ਪੂਜਾਰੀ ॥
ਕਈ ਕੋਟਿ ਆਚਾਰ ਬਿਉਹਾਰੀ ॥
ਕਈ ਕੋਟਿ ਭਏ ਤੀਰਥ ਵਾਸੀ ॥
ਕਈ ਕੋਟਿ ਬਨ ਭ੍ਰਮਹਿ ਉਦਾਸੀ ॥
ਕਈ ਕੋਟਿ ਬੇਦ ਕੇ ਸ੍ਰੋਤੇ ॥
ਕਈ ਕੋਟਿ ਤਪੀਸੁਰ ਹੋਤੇ ॥
ਕਈ ਕੋਟਿ ਆਤਮ ਧਿਆਨੁ ਧਾਰਹਿ ॥
ਕਈ ਕੋਟਿ ਕਬਿ ਕਾਬਿ ਬੀਚਾਰਹਿ ॥
ਕਈ ਕੋਟਿ ਨਵਤਨ ਨਾਮ ਧਿਆਵਹਿ ॥
ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥

ਕਈ ਕਰੋੜਾਂ ਪੂਜਾ ਕਰਨ ਵਾਲੇ ਹੋਏ ਹਨ। ਕਈ ਕਰੋੜਾਂ ਸਰੇਸ਼ਟ ਵਿਹਾਰ ਵਾਲੇ ਹਨ। ਕਈ ਕਰੋੜਾਂ ਤੀਰਥਾਂ ਪੁਰ ਵੱਸਣ ਵਾਲੇ ਹਨ। ਕਈ ਕਰੋੜਾਂ ਉਦਾਸੀ ਹੋ ਕੇ ਜੰਗਲੀਂ ਫਿਰਦੇ ਹਨ। ਕਈ ਕਰੋੜਾਂ ਵੇਦਾਂ ਦੇ ਸੁਨਣ ਵਾਲੇ ਹਨ। ਕਈ ਕਰੋੜਾਂ ਤਪ ਕਰਨ ਵਾਲੇ ਹੋਏ ਹਨ। ਕਈ ਕਰੋੜਾਂ ਆਤਮਾ ਵਿਚ ਧਿਆਨ ਧਾਰਦੇ ਹਨ। ਕਈ ਕਰੋੜਾਂ ਕਵੀ ਕਵਿਤਾ ਵਿਚਾਰਦੇ ਹਨ। ਕਈ ਕਰੋੜਾਂ ਸੁੰਦਰ ਹਰੀ ਦਾ ਨਾਮ ਜਪਦੇ ਹਨ। ਹੇ ਨਾਨਕ! ਇਹ ਕਰਤਾਰ ਦਾ ਅੰਤ ਨਹੀਂ ਪਾਉਂਦੇ।੧।

ਕਈ ਕੋਟਿ ਭਏ ਅਭਿਮਾਨੀ ॥
ਕਈ ਕੋਟਿ ਅੰਧ ਅਗਿਆਨੀ ॥
ਕਈ ਕੋਟਿ ਕਿਰਪਨ ਕਠੋਰ ॥
ਕਈ ਕੋਟਿ ਅਭਿਗ ਆਤਮ ਨਿਕੋਰ ॥
ਕਈ ਕੋਟਿ ਪਰ ਦਰਬ ਕਉ ਹਿਰਹਿ ॥
ਕਈ ਕੋਟਿ ਪਰ ਦੂਖਨਾ ਕਰਹਿ ॥
ਕਈ ਕੋਟਿ ਮਾਇਆ ਸ੍ਰਮ ਮਾਹਿ ॥
ਕਈ ਕੋਟਿ ਪਰਦੇਸ ਭ੍ਰਮਾਹਿ ॥
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥
ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥

ਕਈ ਕਰੋੜਾਂ ਹੰਕਾਰ ਕਰਨ ਵਾਲੇ ਹੋਏ ਹਨ। ਕਈ ਕਰੋੜਾਂ ਅਗਿਆਨਤਾ ਕਰਕੇ ਅੰਨ੍ਹੇ ਹਨ। ਕਈ ਕਰੋੜਾਂ ਕੰਜੂਸ ਤੇ ਪੱਥਰ ਦਿਲ ਹਨ। ਕਈ ਕਰੋੜਾਂ ਨਾ ਭਿੱਜਣ ਵਾਲੇ ਕੋਰੇ ਹਿਰਦੇ ਵਾਲੇ ਹਨ। ਕਈ ਕਰੋੜਾਂ ਪਰਾਈ ਦੌਲਤ ਚੁਰਾਉਂਦੇ ਹਨ। ਕਈ ਕਰੋੜਾਂ ਪਰਾਈ ਨਿੰਦਿਆ ਕਰਦੇ ਹਨ। ਕਈ ਕਰੋੜਾਂ ਧਨ ਇਕੱਠਾ ਕਰਨ ਵਿਚ ਲੱਗੇ ਹਨ। ਕਈ ਕਰੋੜਾਂ ਪਰਦੇਸਾਂ ਵਿਚ ਫਿਰਦੇ ਹਨ। ਹੇ ਪ੍ਰਭੂ! ਜਿਥੇ ਜਿਥੇ ਲਾਉਂਦੇ ਹੋ, ਓਥੇ ਓਥੇ ਲੱਗਣਾ ਹੈ। ਹੇ ਨਾਨਕ! ਪ੍ਰਭੂ ਦੀ ਰਚਨਾ ਉਹੋ ਹੀ ਜਾਣਦਾ ਹੈ।੨।

ਕਈ ਕੋਟਿ ਸਿਧ ਜਤੀ ਜੋਗੀ ॥
ਕਈ ਕੋਟਿ ਰਾਜੇ ਰਸ ਭੋਗੀ ॥
ਕਈ ਕੋਟਿ ਪੰਖੀ ਸਰਪ ਉਪਾਏ ॥
ਕਈ ਕੋਟਿ ਪਾਥਰ ਬਿਰਖ ਨਿਪਜਾਏ ॥
ਕਈ ਕੋਟਿ ਪਵਣ ਪਾਣੀ ਬੈਸੰਤਰ ॥
ਕਈ ਕੋਟਿ ਦੇਸ ਭੂ ਮੰਡਲ ॥
ਕਈ ਕੋਟਿ ਸਸੀਅਰ ਸੂਰ ਨਖੵਤ੍ਰ ॥
ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥
ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥

ਕਈ ਕਰੋੜਾਂ, ਸਿੱਧ, ਜਤੀ, ਜੋਗੀ ਹਨ। ਕਈ ਕਰੋੜਾਂ ਰਾਜੇ ਰਸ ਮਾਨਣ ਵਾਲੇ ਹਨ। ਕਈ ਕਰੋੜਾਂ ਪੰਖੀ ਤੇ ਸੱਪ ਪੈਦਾ ਕੀਤੇ ਹਨ। ਕਈ ਕਰੋੜਾਂ ਪੱਥਰ ਤੇ ਰੁਖ ਪੈਦਾ ਕੀਤੇ ਹਨ। ਕਈ ਕਰੋੜਾਂ ਹਵਾ, ਪਾਣੀ ਤੇ ਅੱਗਾਂ ਹਨ। ਕਈ ਕਰੋੜਾਂ ਦੇਸ ਅਤੇ ਧਰਤੀਆਂ ਹਨ। ਕਈ ਕਰੋੜਾਂ ਚੰਦ, ਸੂਰਜ ਅਤੇ ਨਛੱਤਰ ਹਨ। ਕਈ ਕਰੋੜਾਂ ਦੇਵਤੇ ਰਾਕਸ਼ ਛਤਰਧਾਰੀ ਇੰਦ੍ਰ ਹਨ। ਸਾਰੀ ਰਚਨਾ ਆਪਣੇ ਪ੍ਰਬੰਧ ਵਿਚ ਰੱਖੀ ਹੋਈ ਹੈ। ਹੇ ਨਾਨਕ! ਜਿਸ ਜਿਸ ਨੂੰ ਚਾਹੁੰਦਾ ਹੈ, ਉਸ ਉਸ ਦਾ ਪਾਰ ਉਤਾਰਾ ਕਰ ਦੇਂਦਾ ਹੈ।੩।

ਕਈ ਕੋਟਿ ਰਾਜਸ ਤਾਮਸ ਸਾਤਕ ॥
ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥
ਕਈ ਕੋਟਿ ਕੀਏ ਰਤਨ ਸਮੁਦ ॥
ਕਈ ਕੋਟਿ ਨਾਨਾ ਪ੍ਰਕਾਰ ਜੰਤ ॥
ਕਈ ਕੋਟਿ ਕੀਏ ਚਿਰ ਜੀਵੇ ॥
ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥
ਕਈ ਕੋਟਿ ਜਖੵ ਕਿੰਨਰ ਪਿਸਾਚ ॥
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥
ਸਭ ਤੇ ਨੇਰੈ ਸਭਹੂ ਤੇ ਦੂਰਿ ॥
ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥

ਕਈ ਕਰੋੜਾਂ ਰਜੋ, ਤਮੋ ਤੇ ਸਤੋ ਗੁਣੀ ਹਨ। ਕਰੋੜਾਂ ਵੇਦਾਂ ਪੁਰਾਣ ਸਿੰਮ੍ਰਤੀਆਂ ਤੇ ਸ਼ਾਸਤਰ ਹਨ। ਕਈ ਕਰੋੜਾਂ ਰਤਨ ਤੇ ਸਮੁੰਦਰ ਬਣਾਏ ਹਨ। ਕਈ ਕਰੋੜਾਂ ਕਈ ਕਈ ਤਰ੍ਹਾਂ ਦੇ ਜੀਵ ਹਨ। ਕਈ ਕਰੋੜਾਂ ਚਿਰ ਤਕ ਜੀਉਣ ਵਾਲੇ ਕੀਤੇ ਹਨ। ਕਈ ਕਰੋੜਾਂ ਸੋਨੇ ਦੇ ਪਹਾੜ ਹਨ। ਕਈ ਕਰੋੜਾਂ ਯਖ, ਦੈਂਤ ਤੇ ਭੂਤਨੇ ਹਨ। ਕਈ ਕਰੋੜਾਂ, ਪ੍ਰੇਤ, ਭੂਤ, ਸੂਰ ਤੇ ਹਿਰਨ ਹਨ। ਸਭਨਾਂ ਤੋਂ ਨੇੜੇ ਵੀ ਤੇ ਦੂਰ ਵੀ ਹੈ। ਹੇ ਨਾਨਕ! ਉਹ ਆਪ ਨਿਰਲੇਪ ਹੋ ਕੇ ਭਰਪੂਰ ਹੋ ਰਿਹਾ ਹੈ।੪।

ਕਈ ਕੋਟਿ ਪਾਤਾਲ ਕੇ ਵਾਸੀ ॥
ਕਈ ਕੋਟਿ ਨਰਕ ਸੁਰਗ ਨਿਵਾਸੀ ॥
ਕਈ ਕੋਟਿ ਜਨਮਹਿ ਜੀਵਹਿ ਮਰਹਿ ॥
ਕਈ ਕੋਟਿ ਬਹੁ ਜੋਨੀ ਫਿਰਹਿ ॥
ਕਈ ਕੋਟਿ ਬੈਠਤ ਹੀ ਖਾਹਿ ॥
ਕਈ ਕੋਟਿ ਘਾਲਹਿ ਥਕਿ ਪਾਹਿ ॥
ਕਈ ਕੋਟਿ ਕੀਏ ਧਨਵੰਤ ॥
ਕਈ ਕੋਟਿ ਮਾਇਆ ਮਹਿ ਚਿੰਤ ॥
ਜਹ ਜਹ ਭਾਣਾ ਤਹ ਤਹ ਰਾਖੇ ॥
ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥

ਕਈ ਕਰੋੜਾਂ ਪਤਾਲ ਵਿਚ ਵੱਸਦੇ ਹਨ। ਕਈ ਕਰੋੜਾਂ ਨਰਕਾਂ ਤੇ ਸੁਰਗਾਂ ਵਿਚ ਵੱਸਦੇ ਹਨ। ਕਈ ਕਰੋੜਾਂ ਜੰਮਦੇ, ਜੀਉਂਦੇ, ਮਰਦੇ ਹਨ। ਕਈ ਕਰੋੜਾਂ ਬਹੁਤੀਆਂ ਜੂਨਾਂ ਵਿਚ ਫਿਰਦੇ ਹਨ। ਕਈ ਕਰੋੜਾਂ ਵਿਹਲੇ ਬੈਠੇ ਖਾਂਦੇ ਹਨ। ਕਈ ਕਰੋੜਾਂ ਮਿਹਨਤ ਕਰਕੇ ਥੱਕ ਜਾਂਦੇ ਹਨ। ਕਈ ਕਰੋੜਾਂ ਬੜੇ ਧਨਵਾਨ ਬਣਾਏ ਗਏ ਹਨ। ਕਈ ਕਰੋੜਾਂ ਮਾਈਆਂ ਦੀ ਚਿੰਤਾਂ ਵਿਚ ਹਨ। ਜਿਸ ਜਿਸ ਤਰ੍ਹਾਂ ਭਾਉਂਦਾ ਹੈ, ਓਥੇ ਓਥੇ ਰੱਖਦਾ ਹੈ। ਹੇ ਨਾਨਕ! ਸਭ ਕੁਝ ਪ੍ਰਭ ਦੇ ਹੱਥ ਹੈ।੫।

ਕਈ ਕੋਟਿ ਭਏ ਬੈਰਾਗੀ ॥
ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥
ਕਈ ਕੋਟਿ ਪ੍ਰਭ ਕਉ ਖੋਜੰਤੇ ॥
ਆਤਮ ਮਹਿ ਪਾਰਬ੍ਰਹਮੁ ਲਹੰਤੇ ॥
ਕਈ ਕੋਟਿ ਦਰਸਨ ਪ੍ਰਭ ਪਿਆਸ ॥
ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥
ਕਈ ਕੋਟਿ ਮਾਗਹਿ ਸਤਸੰਗੁ ॥
ਪਾਰਬ੍ਰਹਮ ਤਿਨ ਲਾਗਾ ਰੰਗੁ ॥
ਜਿਨ ਕਉ ਹੋਏ ਆਪਿ ਸੁਪ੍ਰਸੰਨ ॥
ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥

ਕਈ ਕਰੋੜਾਂ ਵੈਰਾਗੀ ਹੋਏ ਹਨ। ਉਨ੍ਹਾਂ ਦੀ ਲੀਵ ਰਾਮ ਨਾਮ ਨਾਲ ਲੱਗੀ ਹੈ। ਕਈ ਕਰੋੜਾਂ ਪ੍ਰਭੂ ਨੂੰ ਲੱਭਦੇ ਫਿਰਦੇ ਹਨ। ਆਤਮਾ ਵਿਚ ਪ੍ਰਭੂ ਨੂੰ ਪਾ ਲੈਂਦੇ ਹਨ। ਕਈ ਕਰੋੜਾਂ ਨੂੰ ਪ੍ਰਭੂ ਦਰਸ਼ਨ ਦੀ ਪਿਆਸ ਹੈ। ਉਨ੍ਹਾਂ ਨੂੰ ਨਾਸ ਰਹਿਤ ਪ੍ਰਭੂ ਮਿਲਿਆ ਹੈ। ਕਈ ਕਰੋੜਾਂ ਸਤਿਸੰਗ ਮੰਗਦੇ ਹਨ। ਉਨ੍ਹਾਂ ਨੂੰ ਪਰਮੇਸ਼ਰ ਦਾ ਰੰਗ ਲੱਗਾ ਹੈ। ਜਿਨ੍ਹਾਂ ਉਤੇ ਉਹ ਆਪ ਪ੍ਰਸੰਨ ਹੁੰਦਾ ਹੈ। ਹੇ ਨਾਨਕ! ਉਹ ਭਗਤ ਸਦਾ ਧੰਨ ਧੰਨ ਹਨ।੬।

ਕਈ ਕੋਟਿ ਖਾਣੀ ਅਰੁ ਖੰਡ ॥
ਕਈ ਕੋਟਿ ਅਕਾਸ ਬ੍ਰਹਮੰਡ ॥
ਕਈ ਕੋਟਿ ਹੋਏ ਅਵਤਾਰ ॥
ਕਈ ਜੁਗਤਿ ਕੀਨੋ ਬਿਸਥਾਰ ॥
ਕਈ ਬਾਰ ਪਸਰਿਓ ਪਾਸਾਰ ॥
ਸਦਾ ਸਦਾ ਇਕੁ ਏਕੰਕਾਰ ॥
ਕਈ ਕੋਟਿ ਕੀਨੇ ਬਹੁ ਭਾਤਿ ॥
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥
ਤਾ ਕਾ ਅੰਤੁ ਨ ਜਾਨੈ ਕੋਇ ॥
ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥

ਕਈ ਕਰੋੜਾਂ ਖਾਣੀਆਂ ਤੇ ਧਰਤੀ ਦੇ ਹਿੱਸੇ ਹਨ। ਕਈ ਕਰੋੜਾਂ ਅਕਾਸ਼ ਤੇ ਬ੍ਰਹਮੰਡ ਹਨ। ਕਈ ਕਰੋੜਾਂ ਅਵਤਾਰ ਹੋਏ ਹਨ। ਕਈ ਜੁਗਤਾਂ ਨਾਲ ਪਸਾਰਾ ਪਸਰਿਆ ਹੈ। ਇਹ ਰਚਨਾ ਕਈ ਵਾਰ ਰਚੀ ਗਈ। ਪਰ ਇਕ ਓਅੰਕਾਰ ਸਦਾ ਹੀ ਇਕ ਰਿਹਾ ਹੈ। ਕਈ ਕਰੋੜਾਂ ਕਈ ਤਰ੍ਹਾਂ ਦੇ ਲੋਕ ਕੀਤੇ। ਜੋ ਪ੍ਰਭੂ ਤੋਂ ਹੋਏ ਤੇ ਪ੍ਰਭੂ ਵਿਚ ਹੀ ਸਮਾ ਗਏ। ਉਸ ਦਾ ਅੰਤ ਕੋਈ ਨਹੀਂ ਜਾਣਦਾ। ਹੇ ਨਾਨਕ! ਉਹ ਪ੍ਰਭੂ ਆਪਣੇ ਆਪ ਹੋਇਆ ਹੈ।੭।

ਕਈ ਕੋਟਿ ਪਾਰਬ੍ਰਹਮ ਕੇ ਦਾਸ ॥
ਤਿਨ ਹੋਵਤ ਆਤਮ ਪਰਗਾਸ ॥
ਕਈ ਕੋਟਿ ਤਤ ਕੇ ਬੇਤੇ ॥
ਸਦਾ ਨਿਹਾਰਹਿ ਏਕੋ ਨੇਤ੍ਰੇ ॥
ਕਈ ਕੋਟਿ ਨਾਮ ਰਸੁ ਪੀਵਹਿ ॥
ਅਮਰ ਭਏ ਸਦ ਸਦ ਹੀ ਜੀਵਹਿ ॥
ਕਈ ਕੋਟਿ ਨਾਮ ਗੁਨ ਗਾਵਹਿ ॥
ਆਤਮ ਰਸਿ ਸੁਖਿ ਸਹਜਿ ਸਮਾਵਹਿ ॥
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥
ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥

੧੦॥

ਕਈ ਕਰੋੜਾਂ ਪਰਮੇਸ਼ਰ ਦੇ ਦਾਸ ਹਨ। ਉਹਨਾਂ ਦੀ ਆਤਮਾ ਵਿਚ ਚਾਨਣਾ ਹੁੰਦਾ ਹੈ। ਕਈ ਕਰੋੜਾਂ ਤੱਤ ਨੂੰ ਜਾਨਣ ਵਾਲੇ ਹਨ। ਸਦਾ ਸਭ ਨੂੰ ਇਕੋ ਨਜ਼ਰ ਨਾਲ ਵੇਖਦੇ ਹਨ। ਕਈ ਕਰੋੜਾਂ ਨਾਮ ਦਾ ਰਸ ਪੀਂਦੇ ਹਨ। ਉਹ ਅਮਰ ਹੋ ਕੇ ਸਦਾ ਸਦਾ ਜੀਉਂਦੇ ਹਨ। ਕਈ ਕਰੋੜਾਂ ਨਾਮ ਦਾ ਜਸ ਗਾਉਂਦੇ ਹਨ। ਆਤਮਾ ਦੇ ਰਸ ਤੇ ਸੁਖ ਅਨੰਦ ਵਿਚ ਸਮਾਉਂਦੇ ਹਨ। ਉਹ ਆਪਣੇ ਭਗਤ ਨੂੰ ਸਵਾਸ ਸਵਾਸ ਸੰਭਾਲਦਾ ਹੈ। ਹੇ ਨਾਨਕ! ਉਹ ਪਰਮੇਸ਼ਰ ਦੇ ਪਿਆਰੇ ਹਨ।੮।੧੦।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ