ਸਲੋਕੁ ॥
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥ ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥
ਦੇਣ ਵਾਲੇ ਪ੍ਰਭੂ ਨੂੰ ਛੱਡ ਕੇ ਹੋਰ ਸੁਆਦਾਂ ਵਿਚ ਲੱਗੇ ਹੋਏ ਹਨ। ਹੇ ਨਾਨਕ! ਉਹ ਕਦੀ ਸਫਲ ਨਹੀਂ ਹੁੰਦੇ, ਨਾਮ ਤੋਂ ਬਿਨਾਂ, ਇੱਜ਼ਤ ਨਾਸ ਹੁੰਦੀ ਹੈ।੧।
ਅਸਟਪਦੀ ॥
ਦਸ ਬਸਤੂ ਲੇ ਪਾਛੈ ਪਾਵੈ ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥
ਤਉ ਮੂੜਾ ਕਹੁ ਕਹਾ ਕਰੇਇ ॥
ਜਿਸੁ ਠਾਕੁਰ ਸਿਉ ਨਾਹੀ ਚਾਰਾ ॥
ਤਾ ਕਉ ਕੀਜੈ ਸਦ ਨਮਸਕਾਰਾ ॥
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥
ਸਰਬ ਸੂਖ ਤਾਹੂ ਮਨਿ ਵੂਠਾ ॥
ਜਿਸੁ ਜਨ ਅਪਨਾ ਹੁਕਮੁ ਮਨਾਇਆ ॥
ਸਰਬ ਥੋਕ ਨਾਨਕ ਤਿਨਿ ਪਾਇਆ ॥੧॥
ਜੀਵ ਦਸ ਪਦਾਰਥ ਲੈ ਕੇ ਪਿਛੇ ਪਾ ਲੈਂਦਾ ਹੈ। ਇਕ ਚੀਜ਼ ਲਈ ਵਿਸ਼ਵਾਸ ਗਵਾ ਲੈਂਦਾ ਹੈ। ਜੇ ਉਹ ਇਕ ਵੀ ਨਾ ਦੇਵੇ ਅਤੇ ਦਸ ਵੀ ਖੋਹ ਲਏ। ਦਸੋ ਫੇਰ ਇਹ ਮੂਰਖ ਕੀ ਕਰ ਸਕਦਾ ਹੈ? ਜਿਸ ਮਾਲਕ ਨਾਲ ਕੋਈ ਜ਼ੋਰ ਨਹੀਂ। ਉਸ ਨੂੰ ਸਦਾ ਨਮਸਕਾਰ ਕਰੀਏ। ਜਿਸ ਦੇ ਮਨ ਵਿਚ ਪ੍ਰਭੂ ਮਿੱਠਾ ਲੱਗਾ ਹੈ। ਉਸ ਦੇ ਮਨ ਵਿਚ ਸਾਰੇ ਸੁਖ ਵੱਸੇ ਹਨ। ਜਿਸ ਨੂੰ ਹਰੀ ਨੇ ਆਪਣਾ ਹੁਕਮ ਮਨਾਇਆ ਹੈ। ਹੇ ਨਾਨਕ! ਉਸ ਨੇ ਸਭ ਕੁਝ ਪਾ ਲਿਆ ਹੈ।੧।
ਅਗਨਤ ਸਾਹੁ ਅਪਨੀ ਦੇ ਰਾਸਿ ॥
ਖਾਤ ਪੀਤ ਬਰਤੈ ਅਨਦ ਉਲਾਸਿ ॥
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥
ਅਗਿਆਨੀ ਮਨਿ ਰੋਸੁ ਕਰੇਇ ॥
ਅਪਨੀ ਪਰਤੀਤਿ ਆਪ ਹੀ ਖੋਵੈ ॥
ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥
ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥
ਪ੍ਰਭ ਕੀ ਆਗਿਆ ਮਾਨੈ ਮਾਥੈ ॥
ਉਸ ਤੇ ਚਉਗੁਨ ਕਰੈ ਨਿਹਾਲੁ ॥
ਨਾਨਕ ਸਾਹਿਬੁ ਸਦਾ ਦਇਆਲੁ ॥੨॥
ਮਾਲਕ ਆਪਣੀ ਬੇਗਿਣਤ ਪੂੰਜੀ ਦੇਂਦਾ ਹੈ। ਇਹ ਮੌਜ ਨਾਲ ਖਾਂਦਾ ਪੀਂਦਾ ਅਨੰਦ ਮਾਣਦਾ ਹੈ। ਜੇ ਮਾਲਕ ਆਪਣੀ ਅਮਾਨਤ ਵਿਚੋਂ ਕੁਝ ਲੈਂਦਾ ਹੈ। ਬੇ ਸਮਝ ਮਨ ਵਿਚ ਗੁੱਸਾ ਕਰਦਾ ਹੈ। ਇੰਜ ਆਪਣਾ ਭਰੋਸਾ ਗਵਾ ਲੈਂਦਾ ਹੈ। ਮੁੜ ਕੇ ਉਸ ਦਾ ਵਿਸ਼ਵਾਸ ਨਹੀਂ ਹੁੰਦਾ। ਜਿਸ ਦੀ ਵਸਤ ਹੈ, ਜੇ ਉਸ ਦੇ ਅੱਗੇ ਰਖੇ। ਮਾਲਕ ਦਾ ਹੁਕਮ ਸਿਰ ਮੱਥੇ ਮੰਨੇ। ਤਾਂ ਉਹ ਉਸ ਤੋਂ ਚਾਰ ਗੁਣਾਂ ਨਿਹਾਲ ਕਰਦਾ ਹੈ। ਹੇ ਨਾਨਕ! ਮਾਲਕ ਸਦਾ ਮਿਹਰਬਾਨ ਹੈ।੨।
ਅਨਿਕ ਭਾਤਿ ਮਾਇਆ ਕੇ ਹੇਤ ॥
ਸਰਪਰ ਹੋਵਤ ਜਾਨੁ ਅਨੇਤ ॥
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥
ਓਹ ਬਿਨਸੈ ਉਹੁ ਮਨਿ ਪਛੁਤਾਵੈ ॥
ਜੋ ਦੀਸੈ ਸੋ ਚਾਲਨਹਾਰੁ ॥
ਲਪਟਿ ਰਹਿਓ ਤਹ ਅੰਧ ਅੰਧਾਰੁ ॥
ਬਟਾਊ ਸਿਉ ਜੋ ਲਾਵੈ ਨੇਹ ॥
ਤਾ ਕਉ ਹਾਥਿ ਨ ਆਵੈ ਕੇਹ ॥
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥
ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥
ਕਈ ਤਰ੍ਹਾਂ ਦੇ ਮਾਇਆ ਦੇ ਮੋਹ। ਜ਼ਰੂਰ ਹੀ ਇਹ ਨਾਸ ਹੋ ਜਾਂਦੇ ਹਨ। ਜਿਵੇਂ ਕੋਈ ਰੁਖ ਦੀ ਛਾਂ ਨਾਲ ਪਿਆਰ ਲਾਵੇ। ਉਹ ਨਾਸ ਹੋ ਜਾਂਦੀ ਹੈ, ਉਹ ਮਨ ਵਿਚ ਪਛਤਾਂਦਾ ਹੈ। ਜੋ ਦਿਸਦਾ ਹੈ, ਸਭ ਨਾਸ਼ਵੰਤ ਹੈ। ਪਰ ਅੰਨ੍ਹਾਂ ਹਨੇਰੇ ਨਾਲ ਚੰਬੜ ਰਿਹਾ ਹੈ। ਰਾਹੀ ਨਾਲ ਜੋ ਪਿਆਰ ਪਾਉਂਦਾ ਹੈ। ਉਸ ਨੂੰ ਕੁਝ ਵੀ ਹੱਥ ਨਹੀਂ ਆਉਂਦਾ। ਹੇ ਮਨਾਂ! ਰੱਬ ਦੀ ਪ੍ਰੀਤ ਸੁਖਦਾਤੀ ਹੈ। ਕਿਰਪਾ ਕਰਕੇ (ਗੁਰੂ ਨਾਨਕ ਨੂੰ) ਆਪਣੀ ਪ੍ਰੀਤ ਆਪ ਲਾ ਲੈਂਦਾ ਹੈ।੩।
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥
ਮਿਥਿਆ ਹਉਮੈ ਮਮਤਾ ਮਾਇਆ ॥
ਮਿਥਿਆ ਰਾਜ ਜੋਬਨ ਧਨ ਮਾਲ ॥
ਮਿਥਿਆ ਕਾਮ ਕ੍ਰੋਧ ਬਿਕਰਾਲ ॥
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥
ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥
ਮਿਥਿਆ ਧ੍ਰੋਹ ਮੋਹ ਅਭਿਮਾਨੁ ॥
ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥
ਅਸਥਿਰੁ ਭਗਤਿ ਸਾਧ ਕੀ ਸਰਨ ॥
ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥
ਸਰੀਰ, ਧਨ, ਸਾਰਾ ਟੱਬਰ ਸਭ ਝੂਠ ਹੈ। ਹਉਮੈ, ਮਮਤਾ, ਮਾਇਆ ਸਭ ਝੂਠ ਹੈ। ਰਾਜ, ਜੋਬਨ, ਧਨ ਮਾਲ ਸਭ ਝੂਠ ਹੈ। ਭਿਆਨਕ ਕਾਮ, ਕਰੋਧ ਸਭ ਝੂਠ ਹਨ। ਰਥ, ਹਾਥੀ, ਘੋੜੇ, ਕੱਪੜੇ ਸਭ ਝੂਠ ਹਨ। ਝੂਠ ਹੈ ਮਾਇਆ ਦੀਆਂ ਮੌਜਾਂ ਦਾ ਰੰਗ, ਜਿਨ੍ਹਾਂ ਨੂੰ ਵੇਖ ਕੇ ਹੱਸਦਾ ਹੈ। ਧੋਖਾ, ਮੋਹ, ਹੰਕਾਰ ਸਭ ਝੂਠ ਹਨ। ਆਪਣੇ ਤੇ ਮਾਣ ਕਰਨਾ ਸਭ ਝੂਠ ਹੈ। ਭਗਤੀ ਤੇ ਸੰਤਾਂ ਦੀ ਸ਼ਰਨ ਹੀ ਸੱਚ ਹੈ। ਨਾਨਕ ਹਰੀ ਦੇ ਚਰਨ ਜਪ ਕੇ ਜੀਉਂਦਾ ਹੈ।੪।
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥
ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥
ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥
ਮਿਥਿਆ ਮਨ ਪਰ ਲੋਭ ਲੁਭਾਵਹਿ ॥
ਮਿਥਿਆ ਤਨ ਨਹੀ ਪਰਉਪਕਾਰਾ ॥
ਮਿਥਿਆ ਬਾਸੁ ਲੇਤ ਬਿਕਾਰਾ ॥
ਬਿਨੁ ਬੂਝੇ ਮਿਥਿਆ ਸਭ ਭਏ ॥
ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥
ਪਰਾਈ ਨਿੰਦਿਆ ਸੁਨਣ ਵਾਲੇ ਕੰਨ ਝੂਠੇ ਹਨ। ਉਹ ਹੱਥ ਝੂਠੇ ਹਨ, ਜੋ ਪਰਾਈ ਦੌਲਤ ਚੁਰਾਉਂਦੇ ਹਨ। ਉਹ ਅੱਖੀਆਂ ਝੂਠੀਆਂ ਹਨ, ਜੋ ਪਰਾਈ ਇਸਤ੍ਰੀ ਦਾ ਰੂਪ ਆਦਿ ਦੇਖਦੀਆਂ ਹਨ। ਉਹ ਜੀਭ ਝੂਠੀ ਹੈ ਜੋ ਭੋਜਨ ਤੇ ਹੋਰ ਸਵਾਦ ਮਾਣਦੀ ਹੈ। ਉਹ ਪੈਰ ਝੂਠੇ ਹਨ ਜੋ ਪਰਾਏ ਦਾ ਬੁਰਾ ਕਰਨ ਲਈ ਜਾਂਦੇ ਹਨ। ਪਰਾਏ ਲਾਲਚ ਵਿਚ ਫਸਣ ਵਾਲਾ ਮਨ ਝੂਠਾ ਹੈ। ਪਰਉਪਕਾਰ ਤੋਂ ਬਿਨਾਂ ਸਰੀਰ ਝੂਠਾ ਹੈ। ਭੈੜੀ ਮਹਿਕ ਲੈਣ ਵਾਲਾ ਨੱਕ ਝੂਠਾ ਹੈ। ਸਮਝ ਤੋਂ ਬਿਨਾਂ ਸਭ ਝੂਠੇ ਬਣੇ ਹੋਏ ਹਨ। ਉਹ ਦੇਹ ਸਫਲ ਹੈ, ਹੇ ਨਾਨਕ! ਜੋ ਹਰੀ ਦਾ ਨਾਮ ਜਪਦੀ ਹੈ।੫।
ਬਿਰਥੀ ਸਾਕਤ ਕੀ ਆਰਜਾ ॥
ਸਾਚ ਬਿਨਾ ਕਹ ਹੋਵਤ ਸੂਚਾ ॥
ਬਿਰਥਾ ਨਾਮ ਬਿਨਾ ਤਨੁ ਅੰਧ ॥
ਮੁਖਿ ਆਵਤ ਤਾ ਕੈ ਦੁਰਗੰਧ ॥
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥
ਮੇਘ ਬਿਨਾ ਜਿਉ ਖੇਤੀ ਜਾਇ ॥
ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥
ਜਿਉ ਕਰਪਨ ਕੇ ਨਿਰਾਰਥ ਦਾਮ ॥
ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥
ਨਾਨਕ ਤਾ ਕੈ ਬਲਿ ਬਲਿ ਜਾਉ ॥੬॥
ਮਨਮੁਖ ਦੀ ਉਮਰ ਬੇਅਰਥ ਹੈ। ਸਚ ਤੋਂ ਬਿਨਾਂ ਕਿਵੇਂ ਸੁੱਚਾ ਹੋ ਸਕਦਾ ਹੈ। ਨਾਮ ਤੋਂ ਬਿਨਾਂ ਅੰਨ੍ਹਾ ਸਰੀਰ ਬੇਅਰਥ ਹੈ। ਉਸ ਦੇ ਮੂੰਹ ਤੋਂ ਸੜਿਹਾਂਦ ਆਉਂਦੀ ਹੈ। ਸਿਮਰਨ ਤੋਂ ਬਿਨਾਂ ਦਿਨ ਰਾਤ ਬੇਅਰਥ ਬੀਤਦਾ ਹੈ। ਜਿਵੇਂ ਮੀਂਹ ਤੋਂ ਬਿਨਾਂ ਖੇਤੀ ਜਾਂਦੀ ਹੈ। ਹਰੀ ਭਜਨ ਬਿਨਾਂ ਸਾਰੇ ਕੰਮ ਬਿਅਰਥ ਹਨ। ਜਿਵੇਂ ਕੰਜੂਸਾਂ ਦੇ ਪੈਸੇ ਨਿਸਫਲ ਹੁੰਦੇ ਹਨ। ਉਹ ਮਨੁੱਖ ਧੰਨ ਧੰਨ ਹਨ, ਜਿਸ ਸਰੀਰ ਵਿਚ ਹਰੀ ਨਾਮ ਵੱਸਿਆ ਹੈ। ਹੇ ਨਾਨਕ! ਉਸ ਤੋਂ ਵਾਰਨੇ ਜਾਂਦਾ ਹਾਂ।੬।
ਰਹਤ ਅਵਰ ਕਛੁ ਅਵਰ ਕਮਾਵਤ ॥
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
ਜਾਨਨਹਾਰ ਪ੍ਰਭੂ ਪਰਬੀਨ ॥
ਬਾਹਰਿ ਭੇਖ ਨ ਕਾਹੂ ਭੀਨ ॥
ਅਵਰ ਉਪਦੇਸੈ ਆਪਿ ਨ ਕਰੈ ॥
ਆਵਤ ਜਾਵਤ ਜਨਮੈ ਮਰੈ ॥
ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥
ਤਿਸ ਕੀ ਸੀਖ ਤਰੈ ਸੰਸਾਰੁ ॥
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥
ਨਾਨਕ ਉਨ ਜਨ ਚਰਨ ਪਰਾਤਾ ॥੭॥
ਰਹਿਣੀ ਹੋਰ ਹੈ ਤੇ ਕੰਮ ਕੁਝ ਹੋਰ ਸਕਦਾ ਹੈ। ਮਨ ਵਿਚ ਪਰੇਮ ਨਹੀਂ ਮੂੰਹੋਂ ਪਰੇਮ ਜੋੜਦਾ ਹੈ। ਪ੍ਰਭੂ ਜਾਨਣ ਵਾਲਾ ਸਿਆਣਾ ਹੈ। ਉਹ ਕਿਸੇ ਬਾਹਰਲੇ ਭੇਖ ਵਿਚ ਨਹੀਂ ਭਿੱਜਦਾ। ਜੋ ਹੋਰਨਾਂ ਨੂੰ ਉਪਦੇਸ਼ ਦੇਂਦਾ ਹੈ, ਆਪ ਨਹੀਂ ਕਰਦਾ। ਆਉਂਦਾ ਜਾਂਦਾ, ਜੰਮਦਾ ਮਰਦਾ ਰਹਿੰਦਾ ਹੈ। ਜਿਸ ਦੇ ਮਨ ਵਿਚ ਨਿਰੰਕਾਰ ਵੱਸਦਾ ਹੈ। ਉਸ ਦੀ ਸਿਖਿਆ ਲੈ ਕੇ ਸੰਸਾਰ ਤਰ ਜਾਂਦਾ ਹੈ। ਜੋ ਤੈਨੂੰ ਚੰਗੇ ਲੱਗੇ ਹਨ, ਪ੍ਰਭੂ ਉਹਨਾਂ ਨੇ ਜਾਣਿਆ ਹੈ। ਨਾਨਕ! ਉਹਨਾਂ ਦੇ ਚਰਨੀਂ ਪੈਂਦਾ ਹੈ।੭।
ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥
ਅਪਨਾ ਕੀਆ ਆਪਹਿ ਮਾਨੈ ॥
ਆਪਹਿ ਆਪ ਆਪਿ ਕਰਤ ਨਿਬੇਰਾ ॥
ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
ਉਪਾਵ ਸਿਆਨਪ ਸਗਲ ਤੇ ਰਹਤ ॥
ਸਭੁ ਕਛੁ ਜਾਨੈ ਆਤਮ ਕੀ ਰਹਤ ॥
ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥
ਥਾਨ ਥਨੰਤਰਿ ਰਹਿਆ ਸਮਾਇ ॥
ਸੋ ਸੇਵਕੁ ਜਿਸੁ ਕਿਰਪਾ ਕਰੀ ॥
ਨਿਮਖ ਨਿਮਖ ਜਪਿ ਨਾਨਕ ਹਰੀ ॥੮॥
੫॥
ਜੋ ਬੇਨਤੀ ਕਰੋ ਹਰੀ ਸਭ ਜਾਣਦਾ ਹੈ। ਆਪਣਾ ਕੀਤਾ ਆਪੇ ਮੰਨਦਾ ਹੈ। ਉਹ ਆਪ ਹੀ ਸਾਰਾ ਨਿਬੇਰਾ ਕਰਦਾ ਹੈ। ਕਿਸੇ ਨੂੰ ਦੂਰ ਤੇ ਕਿਸੇ ਨੂੰ ਨੇੜੇ ਜ਼ਾਹਰ ਹੁੰਦਾ ਹੈ। ਉਹ ਸਭ ਉਪਾਵਾਂ ਸਿਆਣਪਾਂ ਤੋਂ ਵੱਖ ਹੈ। ਉਹ ਆਤਮਾ ਦੀ ਹਰ ਗੱਲ ਜਾਣਦਾ ਹੈ। ਜਿਸ ਨੂੰ ਉਹ ਚਾਹੁੰਦਾ ਹੈ, ਲੜ ਲਾ ਲੈਂਦਾ ਹੈ। ਉਹ ਹਰ ਥਾਂ ਵਿਚ ਸਮਾਇਆ ਹੋਇਆ ਹੈ। ਉਹ ਸੇਵਕ ਜਿਸ ਉਤੇ ਉਸ ਮਿਹਰ ਕੀਤੀ ਹੈ। ਛਿਨ ਛਿਨ ਹਰੀ ਦਾ ਜਾਪ ਕਰਦਾ ਹੈ।੮।੫।