ਸਲੋਕੁ ॥
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥ ਸਰਣਿ ਤੁਮੑਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
ਹੇ ਨਿਮਾਣਿਆਂ ਦੇ ਦੁਖ ਦਰਦ ਨਾਸ ਕਰਨਹਾਰ ਘਟ ਘਟ ਵਾਸੀ, ਅਨਾਥਾਂ ਦੇ ਨਾਥ! ਮੈਂ ਤੁਹਾਡੀ ਸ਼ਰਨ ਆਇਆ ਹਾਂ, ਹੇ ਪ੍ਰਭੂ! ਤੁਸੀਂ ਨਾਨਕ ਦੇ ਅੰਗ ਸੰਗ ਹੋ।੧।
ਅਸਟਪਦੀ ॥
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥
ਜਹ ਮਹਾ ਭਇਆਨ ਦੂਤ ਜਮ ਦਲੈ ॥
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥
ਜਹ ਮੁਸਕਲ ਹੋਵੈ ਅਤਿ ਭਾਰੀ ॥
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥
ਅਨਿਕ ਪੁਨਹਚਰਨ ਕਰਤ ਨਹੀ ਤਰੈ ॥
ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥
ਨਾਨਕ ਪਾਵਹੁ ਸੂਖ ਘਨੇਰੇ ॥੧॥
ਜਿਥੇ ਮਾਂ, ਪਿਉ, ਪੁੱਤਰ, ਮਿੱਤਰ, ਭਰਾ ਕੋਈ ਵੀ ਨਹੀਂ। ਹੇ ਮਨ! ਓਥੇ ਨਾਮ ਤੇਰੇ ਨਾਲ ਸਹਾਈ ਹੋਵੇਗਾ। ਜਿਥੇ ਬੜੇ ਡਰਾਉਣੇ ਜਮਦੂਤ ਲਿਤਾੜਦੇ ਹਨ। ਓਥੇ ਕੇਵਲ ਨਾਮ ਹੀ ਤੇਰੇ ਨਾਲ ਜਾਂਦਾ ਹੈ। ਜਿਥੇ ਕੋਈ ਬੜੀ ਭਾਰੀ ਔਕੜ ਆ ਬਣੇ। ਹਰੀ ਦਾ ਨਾਮ ਸੰਕਟ ਵਿਚ ਬਵਾ ਲੈਂਦਾ ਹੈ। ਅਨੇਕਾਂ ਪੁੰਨ ਆਂਚਰਣ ਕਰਦਿਆਂ ਵੀ ਨਹੀਂ ਤਰਦਾ। ਹਰੀ ਦਾ ਨਾਮ ਕਰੋੜਾਂ ਪਾਪ ਦੂਰ ਕਰ ਦੇਂਦਾ ਹੈ। ਹੇ ਮੇਰੇ ਮਨ! ਗੁਰਮੁਖ ਦਵਾਰਾ ਨਾਮ ਜਪੋ। ਹੇ ਨਾਨਕ! ਇਸ ਤਰ੍ਹਾਂ ਬਹੁਤੇ ਸੁਖ ਪਾਓ।੧।
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥
ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
ਲਾਖ ਕਰੋਰੀ ਬੰਧੁ ਨ ਪਰੈ ॥
ਹਰਿ ਕਾ ਨਾਮੁ ਜਪਤ ਨਿਸਤਰੈ ॥
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥
ਹਰਿ ਕਾ ਨਾਮੁ ਜਪਤ ਆਘਾਵੈ ॥
ਜਿਹ ਮਾਰਗਿ ਇਹੁ ਜਾਤ ਇਕੇਲਾ ॥
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥
ਐਸਾ ਨਾਮੁ ਮਨ ਸਦਾ ਧਿਆਈਐ ॥
ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥
ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਦੁਖੀ ਹੈ। ਜਰੀ ਦਾ ਸਿਮਰਨ ਕਰਕੇ ਉਹ ਸੁਖੀ ਹੁੰਦਾ ਹੈ। ਜੇ ਲਖਾਂ ਕਰੋੜਾਂ ਬੰਧਨ ਆ ਪੈਣ। ਹਰੀ ਦਾ ਨਾਮ ਜਪਿਆਂ ਤਰ ਜਾਂਦਾ ਹੈ। ਮਾਇਆ ਦੇ ਅਨੇਕਾਂ ਰੰਗ ਪਿਆਸ ਨਹੀਂ ਬੁਝਾਉਂਦੇ। ਹਰੀ ਦਾ ਨਾਮ ਜਪ ਕੇ ਰੱਜ ਜਾਂਦਾ ਹੈ। ਜਿਸ ਰਾਹ ਇਹ ਮਨ ਇਕੱਲਾ ਜਾਂਦਾ ਹੈ। ਹਰੀ ਦਾ ਨਾਮ ਸਦਾ ਸੁਖ ਦੇਣ ਵਾਲਾ ਹੁੰਦਾ ਹੈ। ਹੇ ਮਨਾ! ਇਹੋ ਜਿਹਾ ਨਾਮ ਸਦਾ ਜਪਣਾ ਚਾਹੀਦਾ ਹੈ। ਹੇ ਨਾਨਕ! ਗੁਰਮੁਖ ਕਰਕੇ ਹੀ ਮੁਕਤੀ ਪਾਈ ਦੀ ਹੈ।੨।
ਛੂਟਤ ਨਹੀ ਕੋਟਿ ਲਖ ਬਾਹੀ ॥
ਨਾਮੁ ਜਪਤ ਤਹ ਪਾਰਿ ਪਰਾਹੀ ॥
ਅਨਿਕ ਬਿਘਨ ਜਹ ਆਇ ਸੰਘਾਰੈ ॥
ਹਰਿ ਕਾ ਨਾਮੁ ਤਤਕਾਲ ਉਧਾਰੈ ॥
ਅਨਿਕ ਜੋਨਿ ਜਨਮੈ ਮਰਿ ਜਾਮ ॥
ਨਾਮੁ ਜਪਤ ਪਾਵੈ ਬਿਸ੍ਰਾਮ ॥
ਹਉ ਮੈਲਾ ਮਲੁ ਕਬਹੁ ਨ ਧੋਵੈ ॥
ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥
ਐਸਾ ਨਾਮੁ ਜਪਹੁ ਮਨ ਰੰਗਿ ॥
ਨਾਨਕ ਪਾਈਐ ਸਾਧ ਕੈ ਸੰਗਿ ॥੩॥
ਕ੍ਰੋੜਾਂ ਤੇ ਲੱਖਾਂ ਸਹਾਇਕਾਂ ਕਰਕੇ ਵੀ ਛੁਟਕਾਰਾ ਨਹੀਂ। ਉਥੇ ਨਾਮ ਜਪਦਿਆਂ ਪਾਰ ਉਤਾਰਾ ਹੋ ਜਾਂਦਾ ਹੈ। ਜਿਥੇ ਅਨੇਕਾਂ ਵਿਘਨ ਆ ਕੇ ਨਾਸ ਕਰਦੇ ਹਨ। ਹਰੀ ਦਾ ਨਾਮ ਝਟ ਪਾਰ ਉਤਾਰਾ ਕਰ ਦੇਂਦਾ ਹੈ। ਅਨੇਕਾਂ ਜੂਨਾਂ ਵਿਚ ਜੰਮਦਾ, ਮਰਕੇ ਫੇਰ ਜੰਮਦਾ ਹੈ। ਨਾਮ ਜਪਣ ਕਰ ਕੇ ਮੁਕਤ ਹੋ ਜਾਂਦਾ ਹੈ। ਹੰਕਾਰ ਦੀ ਮੈਲ ਵਾਲਾ, ਜੇ ਕਦੀ ਮੇਲ ਨਹੀਂ ਧੋਂਦਾ। ਹਰੀ ਦਾ ਨਾਮ ਕਰੋੜਾਂ ਪਾਪ ਨਾਸ ਕਰਦਾ ਹੈ। ਹੇ ਮਨ! ਇਹੋ ਜਿਹਾ ਨਾਮ ਅਨੰਦ ਨਾਲ ਜਪੋ। ਹੇ ਨਾਨਕ! ਉਹ ਸਾਧ ਸੰਗਤ ਕੀਤਿਆਂ ਪਾਈਦਾ ਹੈ।੩।
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥
ਜਿਹ ਪੈਡੈ ਮਹਾ ਅੰਧ ਗੁਬਾਰਾ ॥
ਹਰਿ ਕਾ ਨਾਮੁ ਸੰਗਿ ਉਜੀਆਰਾ ॥
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥
ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥
ਜਹ ਮਹਾ ਭਇਆਨ ਤਪਤਿ ਬਹੁ ਘਾਮ ॥
ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥
ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥
ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥
ਜਿਸ (ਜਮਾਂ) ਰਾਹ ਦੇ ਕੋਹ ਨਹੀਂ ਗਿਣੇ ਜਾਂਦੇ। ਹਰੀ ਦਾ ਨਾਮ ਉਥੇ ਤੇਰੇ ਨਾਲ ਭੋਜਨ ਹੋਵੇਗਾ। ਜਿਸ ਪੈਂਡੇ ਵਿਚ ਬੜਾ ਹਨੇਰਾ ਤੇ ਧੁੰਦੂਕਾਰ ਹੈ। ਓਥੇ ਹਰੀ ਦਾ ਨਾਮ ਜਗਮਗਾ ਰਿਹਾ ਹੋੇਵੇਗਾ। ਜਿਸ ਰਾਹ ਵਿਚ ਤੇਰਾ ਕੋਈ ਵਾਕਫ ਨਹੀਂ। ਉਥੇਤੇਰਾ ਜਾਣੂ ਹਰੀ ਨਾਮ ਤੇਰੇ ਨਾਲ ਹੋਵੇਗਾ। ਜਿਥੇ ਅਤੀ ਭਿਆਨਕ ਤਪਸ਼ ਤੇ ਬੜੀ ਗਰਮੀ ਹੈ। ਉਥੇ ਹਰੀ ਦੇ ਨਾਮ ਦੀ ਤੇਰੇ ਉਤੇ ਛਾਂ ਹੋਵੇਗੀ। ਜਿਥੇ ਪਿਆਸ ਤੇਰੇ ਮਨ ਨੂੰ ਬਹੁਤ ਖਿੱਚ ਪਾ ਰਹੀ ਹੋਵੇ। ਹੇ ਨਾਨਕ! ਉਥੇ ਹਰੀ ਦੇ ਨਾਮ ਦਾ ਤੇਰੇ ਤੇ ਅੰਮ੍ਰਿਤ ਵਰਸਦਾ ਹੈ।੪।
ਭਗਤ ਜਨਾ ਕੀ ਬਰਤਨਿ ਨਾਮੁ ॥
ਸੰਤ ਜਨਾ ਕੈ ਮਨਿ ਬਿਸ੍ਰਾਮੁ ॥
ਹਰਿ ਕਾ ਨਾਮੁ ਦਾਸ ਕੀ ਓਟ ॥
ਹਰਿ ਕੈ ਨਾਮਿ ਉਧਰੇ ਜਨ ਕੋਟਿ ॥
ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥
ਹਰਿ ਹਰਿ ਅਉਖਧੁ ਸਾਧ ਕਮਾਤਿ ॥
ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥
ਪਾਰਬ੍ਰਹਮਿ ਜਨ ਕੀਨੋ ਦਾਨ ॥
ਮਨ ਤਨ ਰੰਗਿ ਰਤੇ ਰੰਗ ਏਕੈ ॥
ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥
ਭਗਤਾਂ ਦੀ ਵਰਤੋਂ ਹੀ ਹਰੀ ਨਾਮ ਦੀ ਹੈ। ਸੰਤ ਦੇ ਮਨ ਵਿਚ ਨਾਮ ਵੱਸਿਆ ਹੁੰਦਾ ਹੈ। ਹਰੀ ਦਾ ਨਾਮ ਦਾਸ ਦਾ ਆਸਰਾ ਹੈ। ਹਰੀ ਦਾ ਨਾਮ ਕਰਕੇ ਕਰੋੜਾਂ ਤਰ ਗਏ ਹਨ। ਸੰਤ ਦਿਨ ਰਾਤ ਹਰੀ ਦਾ ਜੱਸ ਕਰਦੇ ਹਨ। ਸੰਤ ਨਹੀਂ ਦੇ ਨਾਮ ਦੀ ਦਵਾਈ ਵਰਤਦੇ ਹਨ। ਹਰੀ ਦੇ ਭਗਤਾਂ ਦਾ, ਹਰੀ ਦਾ ਨਾਮ ਖ਼ਜ਼ਾਨਾ ਹੈ। ਜੋ ਪਰਮੇਸ਼ਰ ਨੇ ਭਗਤਾਂ ਨੂੰ ਦਾਨ ਦਿੱਤਾ ਹੈ। ਉਨ੍ਹਾਂ ਦੇ ਤਨ ਇਕੋ ਨਾਮ ਰੰਗ ਵਿਚ ਰੰਗੇ ਹਨ। ਹੇ ਨਾਨਕ! ਉਨ੍ਹਾਂ ਦੀ ਬਿਰਤੀ ਗਿਆਨ ਮਈ।੫।
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥
ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥
ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥
ਹਰਿ ਕਾ ਨਾਮੁ ਜਨ ਕੀ ਵਡਿਆਈ ॥
ਹਰਿ ਕੈ ਨਾਮਿ ਜਨ ਸੋਭਾ ਪਾਈ ॥
ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥
ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥
ਜਨੁ ਰਾਤਾ ਹਰਿ ਨਾਮ ਕੀ ਸੇਵਾ ॥
ਨਾਨਕ ਪੂਜੈ ਹਰਿ ਹਰਿ ਦੇਵਾ ॥੬॥
ਭਗਤ ਲਈ ਹਰੀ ਦਾ ਨਾਮ ਹੀ ਮੁਕਤੀ ਦੀ ਜੁਗਤ ਹੈ। ਭਗਤ ਨੂੰ ਹਰੀ ਦਾ ਨਾਮ ਹੀ ਤ੍ਰਿਪਤ ਕਰਨ ਵਾਲਾ ਹੈ। ਹਰੀ ਦਾ ਨਾਮ ਹੀ ਭਗਤ ਦਾ ਰੂਪ ਤੇ ਰੰਗ ਹੈ। ਹਰੀ ਦਾ ਨਾਮ ਜਪਿਆਂ ਕਦੀ ਵਿਖਨ ਨਹੀਂ ਪੈਂਦਾ। ਹਰੀ ਦਾ ਨਾਮ ਹੀ ਭਗਤ ਦੀ ਵਡਿਆਈ ਹੈ। ਹਰਿ ਦੇ ਨਾਮ ਨਾਲ ਹੀ ਭਗਤ ਸ਼ੋਭ ਪਾਉਂਦਾ ਹੈ। ਹਰੀ ਦਾ ਨਾਮ ਭਗਤ ਲਈ ਜੋਗ ਤੇ ਭੋਗ ਹੈ। ਹਰੀ ਦਾ ਨਾਮ ਜਪਿਆਂ ਕੋਈ ਥੁੜ ਨਹੀਂ ਰਹਿੰਦੀ। ਮਨ ਹਰੀ ਦੇ ਨਾਮ ਦੀ ਸੇਵਾ ਵਿਚ ਰੰਗੀਆ ਗਿਆ ਹੈ। ਨਾਨਕ ਹਰੀ ਰੂਪ ਦੇਵਤੇ ਨੂੰ ਪੂਜਦੇ ਹਨ।੬।
ਹਰਿ ਹਰਿ ਜਨ ਕੈ ਮਾਲੁ ਖਜੀਨਾ ॥
ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥
ਹਰਿ ਹਰਿ ਜਨ ਕੈ ਓਟ ਸਤਾਣੀ ॥
ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥
ਓਤਿ ਪੋਤਿ ਜਨ ਹਰਿ ਰਸਿ ਰਾਤੇ ॥
ਸੁੰਨ ਸਮਾਧਿ ਨਾਮ ਰਸ ਮਾਤੇ ॥
ਆਠ ਪਹਰ ਜਨੁ ਹਰਿ ਹਰਿ ਜਪੈ ॥
ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥
ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥
ਨਾਨਕ ਜਨ ਸੰਗਿ ਕੇਤੇ ਤਰੇ ॥੭॥
ਭਗਤਾਂ ਦਾ ਹਰੀ ਹੀ ਮਾਲ ਤੇ ਖ਼ਜ਼ਾਨਾ ਹੈ। ਪ੍ਰਭੂ ਨੇ ਭਗਤ ਨੂੰ ਆਪ ਹਰੀ ਧਨ ਦਿੱਤਾ ਹੈ। ਹਰੀ ਜਗਤ ਨੂੰ ਹਰੀ ਦਾ ਤਕੜਾ ਆਸਰਾ ਹੈ। ਹਰੀ ਦੇ ਪ੍ਰਤਾਪ ਕਰਕੇ ਭਗਤ ਹੋਰ ਨਹੀਂ ਜਾਣਦਾ। ਤਾਣੇ ਪੋਟੇ ਵਾਂਗ ਭਗਤ ਹਰੀ ਰਸ ਵਿਚ ਲੀਨ ਹੁੰਦੇ ਹਨ। ਸੁੰਨ ਸਮਾਧੀ ਵਿਚ ਨਾਮ ਰਸ ਅੰਦਰ ਮਸਤ ਹਨ। ਭਗਤ ਅਠੇ ਪਹਿਰ ਹਰੀ ਦਾ ਸਿਮਰਨ ਕਰਦਾ ਹੈ। ਹਰੀ ਦਾ ਭਗਤ ਪ੍ਰਗਟ ਹੁੰਦਾ ਹੈ, ਲੁਕਦਾ ਨਹੀਂ। ਹਰੀ ਦੀ ਭਗਤੀ ਬਹੁਤੀ ਮੁਕਤੀ ਦੇਂਦੀ ਹੈ। ਹੇ ਨਾਨਕ! ਭਗਤ ਨਾਲ ਕਈ ਤਰ ਗਏ ਹਨ।੭।
ਪਾਰਜਾਤੁ ਇਹੁ ਹਰਿ ਕੋ ਨਾਮ ॥
ਕਾਮਧੇਨ ਹਰਿ ਹਰਿ ਗੁਣ ਗਾਮ ॥
ਸਭ ਤੇ ਊਤਮ ਹਰਿ ਕੀ ਕਥਾ ॥
ਨਾਮੁ ਸੁਨਤ ਦਰਦ ਦੁਖ ਲਥਾ ॥
ਨਾਮ ਕੀ ਮਹਿਮਾ ਸੰਤ ਰਿਦ ਵਸੈ ॥
ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥
ਸੰਤ ਕਾ ਸੰਗੁ ਵਡਭਾਗੀ ਪਾਈਐ ॥
ਸੰਤ ਕੀ ਸੇਵਾ ਨਾਮੁ ਧਿਆਈਐ ॥
ਨਾਮ ਤੁਲਿ ਕਛੁ ਅਵਰੁ ਨ ਹੋਇ ॥
ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥
੨॥
ਇਹ ਹਰੀ ਦਾ ਨਾਮ ਹੀ ਕਲਪ ਬ੍ਰਿਛ ਹੈ। ਹਰੀ ਦੇ ਗੁਣ ਗਾਉਣਾ ਹੀ ਕਾਮਧੇ ਗਊ ਹੈ। ਹਰੀ ਦੀ ਕਥਾ ਸਭ ਤੋਂ ਉੱਤਮ ਹੈ। ਨਾਮ ਸੁਣਦਿਆਂ ਦਰਦ ਤੇ ਦੁਖ ਲਹਿ ਗਏ। ਨਾਮ ਦੀ ਮਹਿਮਾ ਸੰਤ ਦੇ ਦਿਲ ਵਿਚ ਵੱਸਦੀ ਹੈ। ਸੰਤਾਂ ਦੇ ਪ੍ਰਤਾਪ ਨਾਲ ਸਾਰੇ ਪਾਪ ਨੱਸ ਜਾਂਦੇ ਹਨ। ਵੱਡੇ ਭਾਗ ਨਾਲ ਸੰਤ ਦੀ ਸੰਗਤ ਮਿਲਦੀ ਹੈ। ਸੰਤਾਂ ਦੀ ਸੇਵਾ ਕੀਤਿਆਂ ਹਰੀ ਨਾਮ ਸਿਮਰੀਦਾ ਹੈ। ਨਾਮ ਦੇ ਬਰਾਬਰ ਹੋਰ ਕੁਝ ਨਹੀਂ ਹੁੰਦਾ। ਹੇ ਨਾਨਕ! ਕੋਈ ਹੀ ਗੁਰਮੁਖ ਦਵਾਰਾ ਨਾਮ ਪ੍ਰਾਪਤ ਕਰਦਾ ਹੈ।੮।੨।