Baarah Maahaa — Giani Sant Singh ji Maskeen (page 4)

Baarah Maahaa — Giani Sant Singh ji Maskeen · ੪ / ੪

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥

ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥

ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥

ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥

ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥

ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥

ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥

ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥

ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥

ਮੱਘਰ ਦੇ ਮਹੀਨੇ ਦਾ ਮਾਝ ਰਾਗ ਦੀ ਬਾਣੀ ਦੇ ਰਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼:-

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥

ਉਹ ਸੋਭਨੀਕ ਨੇ ਜੀਵ-ਇਸਤ੍ਰੀਆਂ ਜਿਨ੍ਹਾਂ ਨੂੰ ਪ੍ਰਭੂ ਦੇ ਕੋਲ ਬੈਠਣਾ ਨਸੀਬ ਹੋ ਗਿਆ। ਦਰਅਸਲ ਜਿਸਦੇ ਕੋਲ, ਬੈਠ ਕੇ ਮਨ ਬਹਿਲ ਸਕੇ, ਮਨ ਨੂੰ ਅਨੰਦ ਖੇੜਾ ਖੁਸ਼ੀ ਮਿਲ ਸਕੇ, ਉਹੀ ਆਪਣਾ ਹੈ ਤੇ ਉਸ ਕੋਲ ਬਾਰ ਬਾਰ ਬੈਠਣ ਨੂੰ ਜੀਅ ਕਰਦਾ ਹੈ। ਮਨੁੱਖ ਪੁੱਤਰਾਂ ਕੋਲ ਬੈਠ ਸਕਦਾ ਹੈ, ਮਿੱਤਰਾਂ ਕੋਲ ਬੈਠ ਸਕਦਾ ਹੈ, ਪਤਨੀ ਕੋਲ ਬੈਠਦਾ ਹੈ, ਪਤਨੀ ਪਤੀ ਦੇ ਕੋਲ ਬੈਠਦੀ ਹੈ। ਇਸੇ ਤਰ੍ਹਾਂ ਮਨੁੱਖ ਪੜੋਸੀਆਂ ਕੋਲ ਬੈਠ ਜਾਂਦਾ ਹੈ। ਕਦੀ ਕਦਾਈ ਉਹ ਖੁਸ਼ ਕਿਸਮਤ ਬੈਠਣੀ ਹੁੰਦੀ ਹੈ ਜਦੋਂ ਪ੍ਰਮਾਤਮਾ ਦੇ ਕੋਲ ਬੈਠਣਾ ਨਸੀਬ ਹੁੰਦਾ। ਉਸ ਦੇ ਕੋਲ ਬੈਠਣਾ ਕੀ ਹੈ, ਬੱਸ ਉਸ ਦੀ ਯਾਦ ਦੇ 'ਚ ਲੀਨ ਹੋਣਾ।

ਕਿਉਂਕਿ ਉਹ ਸਾਡੇ ਕੋਲ ਬੈਠਾ ਹੈ, ਅਸੀਂ ਉਸ ਦੇ ਕੋਲ ਨਹੀਂ ਬੈਠੇ। ਉਹ ਸਾਡੇ ਵਿਚ ਹੈ ਅਸੀਂ ਉਹਦੇ ਵਿਚ ਨਹੀਂ। ਸਾਡੀ ਯਾਦ ਵਿਚ ਉਹ ਨਹੀਂ। ਉਸ ਦੀ ਯਾਦ ਵਿਚ ਅਸੀਂ ਹੈਗੇ ਆਂ। ਇਸ ਤਰ੍ਹਾਂ ਉਹ ਤੇ ਹਰ ਜੀਵ ਦੇ ਕੋਲ ਬੈਠਾ ਹੈ। ਜੀਵਾਂ ਦੇ ਵਿਚੋਂ ਕਦੈ ਕਦਾਈਂ ਕੋਈ ਖੁਸ਼ ਕਿਸਮਤ ਉਸ ਪ੍ਰਭੂ ਦੇ ਕੋਲ ਬੈਠਦਾ ਹੈ:-

ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥

ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਲ ਮਿਲਾ ਲਿਆ, ਉਨ੍ਹਾਂ ਦੀ ਸ਼ੋਭੀ ਗਿਣੀ ਨਹੀਂ ਜਾ ਸਕਦੀ। ਉਹ ਮਹਾਨ ਨੇ। ਕਹਿੰਦੇ ਨੇ ਵੱਡੇ ਕੋਲ ਬੈਠ ਕੇ ਮਨੁੱਖ ਖੁਦ ਵੱਡਾ ਹੋ ਜਾਂਦਾ ਹੈ। ਇਹ ਤਾਂ ਅਸੀਂ ਰੋਜ਼ ਦੇਖਦੇ ਹਾਂ। ਮਨੁੱਖ ਇਸ ਗੱਲ ਦਾ ਮਾਣ ਵੀ ਕਰਦਾ ਹੈ, ਬਈ ਸਾਡਾ ਤਾਂ ਫਲਾਣੇ ਕੋਲ ਬੈਠਣਾ ਹੈ। ਸਾਡਾ ਤਾਂ ਉਸ ਮਹਾਨ ਹੁਕਮਰਾਨ ਦੇ ਕੋਲ ਬੈਠਣਾ ਹੈ, ਤੇ ਵੱਡੇ ਹੁਕਮਰਾਨ ਦੇ ਕੋਲ ਜਿਸ ਨੂੰ ਬੈਠਣਾ ਨਸੀਬ ਹੋ ਜਾਂਦਾ ਹੈ, ਉਹ ਆਪਣੇ ਆਪ ਵਿਚ ਮਾਣ ਮਹਿਸੂਸ ਕਰਦਾ ਹੈ। ਉਸ ਦੀ ਸ਼ੋਭਾ ਵਧ ਜਾਂਦੀ ਏ, ਜਿਸ ਨੂੰ ਸਾਰੇ ਹੁਕਮਰਾਨਾਂ ਦੇ ਮਾਲਕ, ਪਰੀ ਪੂਰਨ ਪ੍ਰਮਾਤਮਾ ਦੇ ਕੋਲ ਬੈਠਣਾ ਨਸੀਬ ਹੋ ਗਿਆ, ਉਹ ਤੇ ਸਭ ਤੋਂ ਵੱਡਾ ਹੋ ਗਿਆ:-

ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥

ਮਨ ਉਸ ਦੀ ਯਾਦ ਨਾਲ ਮੌਲਿਆ ਗਿਆ। ਤਨ ਉਸ ਦੀ ਸੇਵਾ ਵਿਚ ਹਰਾ ਭਰਾ ਹੋ ਗਿਆ। ਇਸ ਤਰ੍ਹਾਂ ਸਾਧੂਆਂ ਦੀ ਸੰਗਤ 'ਚ ਬੈਠ ਕੇ ਉਹਨੂੰ ਯਾਦ ਕਰ ਕਰ ਕੇ, ਉਸ ਦੇ ਕੋਲ ਬੈਠ ਬੈਠ ਕੇ ਹੁਣ ਤਨ ਵੀ ਮੌਲਿਆ ਗਿਆ, ਮਨ ਵੀ ਮੌਲਿਆ ਗਿਆ। ਤਨ ਵਿਚੋਂ ਰੋਗ ਨਿਕਲ ਗਏ ਨੇ। ਮਨ ਵਿਚੋਂ ਸੋਗ ਨਿਕਲ ਗਏ ਨੇ। ਫਿਰ ਸਾਹਿਬ ਫਰਮਾਨ ਕਰਦੇ ਨੇ:-

ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥

ਜੋ ਸਤਿਸੰਗਤ ਤੋਂ ਵਾਂਝੀਆਂ ਰਹਿ ਗਈਆਂ, ਗੁਰੂ ਦੇ ਚਰਨਾਂ ਤੋਂ ਵਿਛੜੀਆਂ, ਉਹ ਪ੍ਰਮਾਤਮਾ ਤੋਂ ਵੀ ਵਿਛੜ ਗਈਆ ਔਰ ਇਹ ਇਕੱਲੀਆਂ ਰਹਿ ਗਈਆਂ। ਇਕੱਲ ਹੈ, ਤਨਹਾਈ ਹੈ, ਮਿਲਾਪ ਦਾ ਅਨੰਦ ਨਹੀਂ। ਵਿਛੋੜੇ ਦੀ ਤਨਹਾਈ ਹੈ, ਮਿਲਾਪ ਦਾ ਅਨੰਦ ਨਹੀਂ। ਵਿਛੋੜੇ ਦੀ ਤਨਹਾਈ ਹੈ, ਤੇ ਤਨਹਾਈ ਦਾ ਵਿਛੋੜਾ। ਸਾਹਿਬ ਕਹਿੰਦੇ ਨੇ:-

ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥

ਉਨ੍ਹਾਂ ਦਾ ਦੁੱਖ ਭੁੱਲ ਕੇ ਵੀ ਲਹਿੰਦਾ ਨਹੀਂ। ਅੰਜਾਮ ਕੀ ਹੁੰਦਾ ਹੈ? ਜਮਾਂ ਦੇ ਵੱਸ ਪੈ ਜਾਂਦੀਆ ਨੇ। ਮੁੜ ਮੁੜ ਕੇ ਮਰਨਾ, ਦੁੱਖ ਉਤਰਦਾ ਹੀ ਨਹੀਂ। ਹਰ ਨਵਾਂ ਜਨਮ ਔਰ ਹਰ ਨਵਾਂ ਦੁੱਖ, ਇਸ ਤਰ੍ਹਾਂ ਹੀ ਜ਼ਿੰਦਗੀ ਚੱਲਦੀ ਹੈ, ਜੋ ਪ੍ਰਮਾਤਮਾ ਤੋਂ ਵਿਛੜੀਆਂ ਜੀਵ ਇਸਤਰੀਆਂ ਰਹਿ ਜਾਂਦੀਆ ਨੇ।

ਦੇਖਣ 'ਚ ਆਇਆ ਹੈ ਕਿਤਨੀ ਭੀੜ, ਕਿਤਨਾ ਸ਼ੋਰ ਸ਼ਰਾਭਾ ਔਰ ਕਿਤਨੀ ਵੀ ਰੰਗਦਾਰ ਮਹਫਿਲ ਹੋਵੇ, ਪ੍ਰਮਾਤਮਾ ਦੇ ਮਿਲਾਪ ਤੋਂ ਬਿਨਾਂ ਮਨ ਦੀ ਤਨਹਾਈ ਮਿਟਦੀ ਨਹੀਂ। ਪ੍ਰਭੂ ਦਾ ਮਿਲਣਾ ਅੰਤਰੀਵ ਹੈ। ਅਗਰ ਪ੍ਰਭੂ ਦਾ ਮਿਲਾਪ ਹੋ ਜਾਏ ਤਾਂ ਉਹ ਬੀਆਬਾਨ ਜੰਗਲ ਦੇ ਵਿਚ ਵੀ ਰੌਣਕ 'ਚ ਹੈ। ਅਗਰ ਪ੍ਰਭੂ ਦਾ ਮਿਲਾਪ ਅੰਦਰੋਂ ਹੋਇਆ ਨਹੀਂ ਤਾਂ ਬਾਹਰ ਵੱਡੀ ਰੋਣਕ ਦੇ ਵਿਚ ਵੀ ਉਹ ਇਕਾਂਤ ਵਿਚ ਹੈ, ਦੁਖਿਤ ਹੈ, ਪੀੜਤ ਹੈ।

ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥

ਜਿਨ੍ਹਾਂ ਨੇ ਸਤਿਸੰਗ 'ਚ ਪ੍ਰਭੂ ਦਾ ਚਿੰਤਨ ਕੀਤਾ, ਉਹਦੇ ਗੁਣਾਂ ਦੀ ਵਿਚਾਰ ਕੀਤੀ ਹੈ, ਉਹ ਤਾਂ ਨਿਤਾ ਪ੍ਰਤੀ ਖੇੜੇ ਵਿਚ ਨੇ, ਅਨੰਦਤ ਨੇ, ਮਗਨ ਨੇ।

ਸਾਹਿਬ ਫਰਮਾਨ ਕਰਦੇ ਨੇ, "ਰਤਨ ਜਵੇਹਰ ਨਾਲ ਹਰਿ ਕੰਠਿ ਤਿਨਾ ਜੜੀਆ।" ਚੁੰਕਿ ਉਹ ਕੰਠ ਦੇ ਰਾਹੀ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੀਆਂ ਨੇ, ਇਕ ਇਕ ਗੁਣ ਮੋਤੀ ਹੈ, ਹੀਰਾ ਹੈ, ਮੂੰਗਾ ਹੈ, ਨੀਲਮ ਹੈ, ਪੰਨਮ ਹੈ, ਜਵਾਹਰਾਤ ਹੈ। ਮਾਨੋ ਉਸ ਅਭਿਆਸੀ ਦਾ ਕੰਠ ਹੀਰਿਆਂ ਨਾਲ ਜੜਤ ਹੈ। ਦਰਅਸਲ ਕੰਠ ਨੇ ਹੀ ਉਚਾਰਨ ਕਰਨਾ ਹੈ। ਵਾਹਿਗੁਰੂ ਵਾਹਿਗੁਰੂ ਫਿਰ ਬਾਣੀ ਦਾ ਪਾਠ, ਫਿਰ ਉਸ ਦੇ ਗੁਣਾਂ ਦਾ ਉਚਾਰਨ। ਅੰਤਰੀਵ ਮੇਲ ਹੋ ਕੇ ਜਦ ਇਹ ਕੁਝ ਉਚਾਰਨ ਹੁੰਦਾ ਹੈ ਤਾਂ ਇਹ ਗਲਾ ਸ਼ਿੰਗਾਰਿਆ ਜਾਂਦਾ ਹੈ:-

ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥

ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਸ਼ਰਨ ਨਸੀਬ ਹੋ ਗਈ ਹੈ, ਪ੍ਰਮਾਤਮਾ ਦੇ ਦਰ ਦੀਆਂ ਹੀ ਬਣ ਗਈਆਂ ਨੇ, ਮੈਂ ਉਨ੍ਹਾਂ ਦੇ ਚਰਨਾਂ ਦੀ ਧੂੜ ਮੰਗਦਾਂ ਹਾਂ, ਪਰੀ ਪੂਰਨ ਪਰਮਾਤਮਾ ਕੋਲੋ। ਉਨ੍ਹਾਂ ਦੇ ਚਰਨਾਂ ਦੀ ਧੂੜ ਪਾਵਨ ਹੈ। ਅਖੀਰ ਦੇ 'ਚ ਸਾਹਿਬ ਕਹਿੰਦੇ ਨੇ:-

ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥

ਮੱਘਰ ਦੇ ਮਹੀਨੇ 'ਚ ਜੋ ਪਰਮਾਤਮਾ ਦਾ ਉਚਾਰਨ ਕਰਦੇ ਨੇ, ਪਰਮਾਤਮਾ ਦੇ ਗੁਣਾਂ ਦਾ ਰਮਨ ਕਰਦੇ ਨੇ, ਸਤਿਸੰਗ 'ਚ ਬੈਠ ਕੇ ਪ੍ਰਭੂ ਦੀ ਆਰਾਧਨਾ ਕਰਦੇ ਨੇ, ਮੁੜ ਕੇ ਉਨ੍ਹਾਂ ਦਾ ਜਨਮ ਨਹੀਂ ਹੁੰਦਾ, ਮਰਨ ਨਹੀਂ ਹੁੰਦਾ। ਸਦੀਵੀ ਮਿਲਾਪ ਨਸੀਬ ਹੋ ਜਾਂਦਾ ਹੈ। ਇਸ ਤਰ੍ਹਾਂ ਮੱਘਰ ਦਾ ਮਹੀਨਾ ਉਨ੍ਹਾਂ ਲਈ ਸੋਭਨੀਕ ਤੇ ਸੁਹਾਵਣਾ ਬਣ ਜਾਂਦਾ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ