ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ ॥
ਅਵਗਣ ਮੇਟੈ ਗੁਣਿ ਨਿਸਤਾਰੈ ॥
ਮੁਕਤਿ ਮਹਾ ਸੁਖ ਗੁਰ ਸਬਦੁ ਬੀਚਾਰਿ ॥
ਗੁਰਮੁਖਿ ਕਦੇ ਨ ਆਵੈ ਹਾਰਿ ॥
ਤਨੁ ਹਟੜੀ ਇਹੁ ਮਨੁ ਵਣਜਾਰਾ ॥
ਨਾਨਕ ਸਹਜੇ ਸਚੁ ਵਾਪਾਰਾ ॥੩੯॥
ਜਿਸ ਮਨੁੱਖ ਨੂੰ ਸਤਿਗੁਰ ਮਿਲ ਪੈਂਦਾ ਹੈ ਉਸ ਨੂੰ (ਉਹ “ਦੁਤਰ ਸਾਗਰ” ਤੋਂ) ਪਾਰ ਲੰਘਾ ਲੈਂਦਾ ਹੈ, ਗੁਰੂ ਉਸ ਦੇ ਅਉਗਣ ਮਿਟਾ ਦੇਂਦਾ ਹੈ ਤੇ ਗੁਣ ਦੇ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ । ਜੋ ਮਨੁੱਖ ਗੁਰੂ ਦੇ ਸਨਮੁਖ (ਹੈ ਉਹ ਜ਼ਿੰਦਗੀ ਦੀ ਬਾਜ਼ੀ ਕਦੇ) ਹਾਰ ਕੇ ਨਹੀਂ ਆਉਂਦਾ, ਸਤਿਗੁਰੂ ਦਾ ਸ਼ਬਦ ਵਿਚਾਰ ਕੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਆਜ਼ਾਦੀ ਦਾ ਵੱਡਾ ਸੁਖ ਮਿਲਦਾ ਹੈ । ਹੇ ਨਾਨਕ! ਗੁਰਮੁਖ (ਆਪਣੇ) ਸਰੀਰ ਨੂੰ ਸੋਹਣੀ ਜਿਹੀ ਹੱਟੀ ਤੇ ਮਨ ਨੂੰ ਵਪਾਰੀ ਬਣਾਂਦਾ ਹੈ, ਅਡੋਲਤਾ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਵਣਜ ਕਰਦਾ ਹੈ ।੩੯।
ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥
ਲੰਕਾ ਲੂਟੀ ਦੈਤ ਸੰਤਾਪੈ ॥
ਰਾਮਚੰਦਿ ਮਾਰਿਓ ਅਹਿ ਰਾਵਣੁ ॥
ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥
ਗੁਰਮੁਖਿ ਸਾਇਰਿ ਪਾਹਣ ਤਾਰੇ ॥
ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥
ਕਰਤਾਰ ਨੇ (ਸੰਸਾਰ-ਸਮੁੰਦਰ ਤੇ) ਗੁਰਮੁਖਿ-ਰੂਪ ਪੁਲ ਬੰਨ੍ਹ ਦਿੱਤਾ (ਜਿਵੇਂ ਰਾਮਚੰਦ੍ਰ ਜੀ ਨੇ ਸੀਤਾ ਨੂੰ ਲਿਆਉਣ ਵਾਸਤੇ ਸਮੁੰਦਰ ਤੇ ਪੁਲ ਬੱਧਾ ਸੀ) । (ਰਾਮਚੰਦ੍ਰ ਜੀ ਨੇ) ਲੰਕਾ ਲੁੱਟੀ ਤੇ ਰਾਖਸ਼ ਮਾਰੇ, (ਤਿਵੇਂ ਗੁਰੂ ਨੇ ਕਾਮਾਦਿਕਾਂ ਦੇ ਵੱਸ ਵਿਚ ਪਏ ਸਰੀਰ ਨੂੰ ਉਹਨਾਂ ਤੋਂ ਛੁਡਾ ਲਿਆ ਤੇ ਉਹ ਪੰਜ ਦੂਤ ਵੱਸ ਵਿਚ ਹੋ ਗਏ) । ਰਾਮਚੰਦ੍ਰ (ਜੀ) ਨੇ ਰਾਵਣ ਨੂੰ ਮਾਰਿਆ ਤਿਵੇਂ ਗੁਰਮੁਖ ਨੇ ਮਨ-ਸੱਪ ਨੂੰ ਮਾਰ ਦਿੱਤਾ; ਸਤਿਗੁਰੂ ਦਾ ਉਪਦੇਸ਼ (ਮਨ ਨੂੰ ਮਾਰਨ ਵਿਚ ਇਉਂ ਕੰਮ ਆਇਆ ਜਿਵੇਂ) ਬਭੀਖਣ ਦਾ ਭੇਤ ਦੱਸਣਾ (ਰਾਵਣ ਨੂੰ ਮਾਰਨ ਲਈ ਕੰਮ ਆਇਆ) । (ਰਾਮਚੰਦ੍ਰ ਜੀ ਨੇ ਪੁਲ ਬੰਨ੍ਹਣ ਵੇਲੇ ਪੱਥਰ ਸਮੁੰਦਰ ਤੇ ਤਾਰੇ) ਸਤਿਗੁਰੂ ਨੇ (ਸੰਸਾਰ-) ਸਮੁੰਦਰ ਤੋਂ (ਪੱਥਰ-ਦਿਲਾਂ ਨੂੰ) ਤਾਰ ਦਿੱਤਾ, ਗੁਰੂ ਦੀ ਰਾਹੀਂ ਤੇਤੀ ਕਰੋੜ (ਭਾਵ, ਬੇਅੰਤ ਜੀਵ) ਤਰ ਗਏ ਹਨ ।੪੦।
ਗੁਰਮੁਖਿ ਚੂਕੈ ਆਵਣ ਜਾਣੁ ॥
ਗੁਰਮੁਖਿ ਦਰਗਹ ਪਾਵੈ ਮਾਣੁ ॥
ਗੁਰਮੁਖਿ ਖੋਟੇ ਖਰੇ ਪਛਾਣੁ ॥
ਗੁਰਮੁਖਿ ਲਾਗੈ ਸਹਜਿ ਧਿਆਨੁ ॥
ਗੁਰਮੁਖਿ ਦਰਗਹ ਸਿਫਤਿ ਸਮਾਇ ॥
ਨਾਨਕ ਗੁਰਮੁਖਿ ਬੰਧੁ ਨ ਪਾਇ ॥੪੧॥
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਲੈਂਦਾ ਹੈ । ਗੁਰੂ ਦੇ ਸਨਮੁਖ ਮਨੁੱਖ ਖੋਟੇ ਤੇ ਖਰੇ ਕੰਮਾਂ ਦਾ ਭੇਤੀ ਹੋ ਜਾਂਦਾ ਹੈ (ਇਸ ਵਾਸਤੇ ਖੋਟੇ ਕੰਮਾਂ ਵਿਚ ਫਸਦਾ ਨਹੀਂ ਤੇ) ਅਡੋਲਤਾ ਵਿਚ ਉਸ ਦੀ ਸੁਰਤਿ ਜੁੜੀ ਰਹਿੰਦੀ ਹੈ । ਗੁਰਮੁਖਿ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ, (ਇਸ ਤਰ੍ਹਾਂ) ਹੇ ਨਾਨਕ! ਗੁਰਮੁਖ (ਦੀ ਜ਼ਿੰਦਗੀ) ਦੇ ਰਾਹ ਵਿਚ (ਵਿਕਾਰਾਂ ਦੀ) ਕੋਈ ਰੋਕ ਨਹੀਂ ਪੈਂਦੀ ।੪੧।
ਗੁਰਮੁਖਿ ਨਾਮੁ ਨਿਰੰਜਨ ਪਾਏ ॥
ਗੁਰਮੁਖਿ ਹਉਮੈ ਸਬਦਿ ਜਲਾਏ ॥
ਗੁਰਮੁਖਿ ਸਾਚੇ ਕੇ ਗੁਣ ਗਾਏ ॥
ਗੁਰਮੁਖਿ ਸਾਚੈ ਰਹੈ ਸਮਾਏ ॥
ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ ॥
ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥੪੨॥
ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਨਿਰੰਜਨ ਦਾ ਨਾਮ ਪ੍ਰਾਪਤ ਕਰਦਾ ਹੈ (ਕਿਉਂਕਿ) ਉਹ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ । ਗੁਰੂ ਦੇ ਸਨਮੁਖ ਹੋ ਕੇ ਮਨੁੱਖ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ । ਸੱਚੇ ਨਾਮ ਵਿਚ ਜੁੜੇ ਰਹਿਣ ਕਰਕੇ ਗੁਰਮੁਖ ਨੂੰ ਉੱਚੀ ਇੱਜ਼ਤ ਮਿਲਦੀ ਹੈ, ਹੇ ਨਾਨਕ! ਗੁਰਮੁਖ ਮਨੁੱਖ ਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ (ਭਾਵ, ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਸਾਰੇ ਹੀ ਭਵਨਾਂ ਵਿਚ ਮੌਜੂਦ ਹੈ) ।੪੨।
ਕਵਣ ਮੂਲੁ ਕਵਣ ਮਤਿ ਵੇਲਾ ॥
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥
ਕਵਣ ਕਥਾ ਲੇ ਰਹਹੁ ਨਿਰਾਲੇ ॥
ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥
ਏਸੁ ਕਥਾ ਕਾ ਦੇਇ ਬੀਚਾਰੁ ॥
ਭਵਜਲੁ ਸਬਦਿ ਲੰਘਾਵਣਹਾਰੁ ॥੪੩॥
(ਪ੍ਰਸ਼ਨ:)—(ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ? ਤੂੰ ਕਿਸ ਗੁਰੂ ਦਾ ਚੇਲਾ ਹੈਂ? ਕੇਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ ਹੈਂ? ਨਾਨਕ ਕਹਿੰਦਾ ਹੈ (ਜੋਗੀਆਂ ਨੇ ਕਿਹਾ—) ਹੇ ਬਾਲਕ (ਨਾਨਕ!) ਸੁਣ, (ਅਸਾਨੂੰ) ਇਸ ਗੱਲ ਦੀ ਭੀ ਵਿਚਾਰ ਦੱਸ (ਅਸਾਨੂੰ ਇਹ ਗੱਲ ਭੀ ਸਮਝਾ ਕਿ ਕਿਵੇਂ) ਸ਼ਬਦ ਦੀ ਰਾਹੀਂ (ਗੁਰੂ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ ।੪੩।
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
ਅਕਥ ਕਥਾ ਲੇ ਰਹਉ ਨਿਰਾਲਾ ॥
ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥
ਏਕੁ ਸਬਦੁ ਜਿਤੁ ਕਥਾ ਵੀਚਾਰੀ ॥
ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥
(ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ । (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ । ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ । ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ । ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ । ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ, (ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ।੪੪।
ਮੈਣ ਕੇ ਦੰਤ ਕਿਉ ਖਾਈਐ ਸਾਰੁ ॥
ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥
ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥
ਕਵਨ ਗੁਫਾ ਜਿਤੁ ਰਹੈ ਅਵਾਹਨੁ ॥
ਇਤ ਉਤ ਕਿਸ ਕਉ ਜਾਣਿ ਸਮਾਵੈ ॥
ਕਵਨ ਧਿਆਨੁ ਮਨੁ ਮਨਹਿ ਸਮਾਵੈ ॥੪੫॥
(ਪ੍ਰਸ਼ਨ:) ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ? ਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ? ਜੇ ਬਰਫ਼ ਦਾ ਮੰਦਰ ਹੋਵੇ, ਉਸ ਉਤੇ ਅੱਗ ਦਾ ਚੋਲਾ ਹੋਵੇ, ਤਾਂ ਉਸ ਨੂੰ ਕਿਸ ਗੁਫ਼ਾ ਵਿਚ ਰੱਖੀਏ ਕਿ ਟਿਕਿਆ ਰਹੇ? ਇਥੇ ਉਥੇ (ਹਰ ਥਾਂ) ਕਿਸ ਨੂੰ ਪਛਾਣ ਕੇ (ਉਸ ਵਿਚ ਇਹ ਮਨ) ਲੀਨ ਰਹੇ? ਉਹ ਕੇਹੜਾ ਟਿਕਵਾਂ ਬੱਝਵਾਂ ਖ਼ਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ (ਤੇ ਬਾਹਰ ਨਾਹ ਭਟਕੇ)? ।੪੫।
ਹਉ ਹਉ ਮੈ ਮੈ ਵਿਚਹੁ ਖੋਵੈ ॥
ਦੂਜਾ ਮੇਟੈ ਏਕੋ ਹੋਵੈ ॥
ਜਗੁ ਕਰੜਾ ਮਨਮੁਖੁ ਗਾਵਾਰੁ ॥
ਸਬਦੁ ਕਮਾਈਐ ਖਾਈਐ ਸਾਰੁ ॥
ਅੰਤਰਿ ਬਾਹਰਿ ਏਕੋ ਜਾਣੈ ॥
ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ ॥੪੬॥
(ਉੱਤਰ:) (ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ) ਮਨ ਵਿਚੋਂ ਖ਼ੁਦ-ਗ਼ਰਜ਼ੀ ਦੂਰ ਕਰਦਾ ਹੈ, ਵਿਤਕਰਾ ਮਿਟਾ ਦੇਂਦਾ ਹੈ, (ਸਭ ਨਾਲ) ਸਾਂਝ ਬਣਾਂਦਾ ਹੈ । (ਪਰ) ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ (ਭਾਵ, ਜੀਵਨ ਦੁੱਖਾਂ ਦੀ ਖਾਣ ਹੈ) । ਇਹ (ਜਗਤ ਦਾ ਦੁਖਦਾਈ-ਪਣ ਰੂਪ) ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ (ਭਾਵ, ਗੁਰੂ ਦੇ ਹੁਕਮ ਵਿਚ ਤੁਰੀਏ) । (ਬੱਸ! ਇਹ ਹੈ ਮੋਮ ਦੇ ਦੰਦਾਂ ਨਾਲ ਲੋਹੇ ਨੂੰ ਚੱਬਣਾ) । ਹੇ ਨਾਨਕ! ਜੋ ਮਨੁੱਖ (ਆਪਣੇ) ਅੰਦਰ ਤੇ ਬਾਹਰ (ਸਾਰੇ ਜਗਤ ਵਿਚ) ਇਕ ਪ੍ਰਭੂ ਨੂੰ (ਮੌਜੂਦ) ਸਮਝਦਾ ਹੈ ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜ਼ਾ ਵਿਚ ਤੁਰਿਆਂ ਮਿਟ ਜਾਂਦੀ ਹੈ ।੪੬।
ਸਚ ਭੈ ਰਾਤਾ ਗਰਬੁ ਨਿਵਾਰੈ ॥
ਏਕੋ ਜਾਤਾ ਸਬਦੁ ਵੀਚਾਰੈ ॥
ਸਬਦੁ ਵਸੈ ਸਚੁ ਅੰਤਰਿ ਹੀਆ ॥
ਤਨੁ ਮਨੁ ਸੀਤਲੁ ਰੰਗਿ ਰੰਗੀਆ ॥
ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥
ਨਾਨਕ ਨਦਰੀ ਨਦਰਿ ਪਿਆਰੇ ॥੪੭॥
ਜੋ ਮਨੁੱਖ ਸਦਾ ਕਾਦਿਮ ਰਹਿਣ ਵਾਲੇ ਪ੍ਰਭੂ ਦੇ ਡਰ ਵਿਚ ਰੱਤਾ ਹੋਇਆ ਹੈ (ਭਾਵ, ਜਿਸ ਦੇ ਅੰਦਰ ਸਦਾ ਪ੍ਰਭੂ ਦਾ ਡਰ ਮੌਜੂਦ ਹੈ) ਉਹ ਅਹੰਕਾਰ ਦੂਰ ਕਰ ਦੇਂਦਾ ਹੈ, ਉਹ (ਸਦਾ) ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ (ਤੇ ਸ਼ਬਦ ਦੀ ਸਹੈਤਾ ਨਾਲ) ਉਸ ਨੇ (ਹਰ ਥਾਂ) ਇੱਕ ਪ੍ਰਭੂ ਨੂੰ ਪਛਾਣ ਲਿਆ ਹੈ । ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਸ ਦੇ ਅੰਦਰ ਪ੍ਰਭੂ (ਆਪ) ਵੱਸਦਾ ਹੈ ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ (ਕਿਉਂਕਿ) ਉਹ ਆਪਣੇ ਅੰਦਰੋਂ ਕਾਮ ਕ੍ਰੋਪ-ਰੂਪ ਜ਼ਹਿਰ ਤੇ ਤ੍ਰਿਸ਼ਨਾ ਦੀ ਅੱਗ ਮਿਟਾ ਲੈਂਦਾ ਹੈ । ਹੇ ਨਾਨਕ! ਉਹ ਮਨੁੱਖ ਮੇਹਰ ਕਰਨ ਵਾਲੇ ਪਿਆਰੇ ਪ੍ਰਭੂ ਦੀ ਨਜ਼ਰ ਵਿਚ ਰਹਿੰਦਾ ਹੈ ।੪੭।
ਕਵਨ ਮੁਖਿ ਚੰਦੁ ਹਿਵੈ ਘਰੁ ਛਾਇਆ ॥
ਕਵਨ ਮੁਖਿ ਸੂਰਜੁ ਤਪੈ ਤਪਾਇਆ ॥
ਕਵਨ ਮੁਖਿ ਕਾਲੁ ਜੋਹਤ ਨਿਤ ਰਹੈ ॥
ਕਵਨ ਬੁਧਿ ਗੁਰਮੁਖਿ ਪਤਿ ਰਹੈ ॥
ਕਵਨੁ ਜੋਧੁ ਜੋ ਕਾਲੁ ਸੰਘਾਰੈ ॥
ਬੋਲੈ ਬਾਣੀ ਨਾਨਕੁ ਬੀਚਾਰੈ ॥੪੮॥
ਨਾਨਕ ਕਹਿੰਦਾ ਹੈ, ‘ਗੋਸਟਿ’ ਦੇ ਸਿਲਸਿਲੇ ਵਿਚ (ਜੋਗੀਆਂ ਨੇ ਪੁੱਛਿਆ—) ਕਿਸ ਤਰ੍ਹਾਂ (ਮਨੁੱਖ ਦੇ ਮਨ ਵਿਚ) ਸੀਤਲਤਾ ਦਾ ਘਰ ਚੰਦ੍ਰਮਾ ਟਿਕਿਆ ਰਹੇ (ਭਾਵ, ਕਿਸ ਤਰ੍ਹਾਂ ਮਨ ਵਿਚ ਸਦਾ ਠੰਡ-ਸ਼ਾਂਤੀ ਬਣੀ ਰਹੇ)? ਕਿਸ ਤਰ੍ਹਾਂ (ਮਨ ਵਿਚ) ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ (ਭਾਵ, ਕਿਵੇਂ ਗਿਆਨ ਦਾ ਪ੍ਰਕਾਸ਼ ਸਦਾ ਬਣਿਆ ਰਹੇ)? ਕਿਸ ਤਰ੍ਹਾਂ ਕਾਲ ਨਿਤ ਤੱਕਣੋਂ ਰਹਿ ਜਾਏ (ਭਾਵ, ਕਿਵੇਂ ਹਰ ਵੇਲੇ ਦਾ ਮੌਤ ਦਾ ਸਹਿਮ ਮੁੱਕ ਜਾਏ)? ਉਹ ਕੇਹੜੀ ਸਮਝ ਹੈ ਜਿਸ ਕਰਕੇ ਗੁਰਮੁਖਿ ਮਨੁੱਖ ਦੀ ਇੱਜ਼ਤ ਬਣੀ ਰਹਿੰਦੀ ਹੈ? ਉਹ ਕੇਹੜਾ ਸੂਰਮਾ ਹੈ ਜੋ ਮੌਤ ਨੂੰ (ਮੌਤ ਦੇ ਭਉ ਨੂੰ) ਮਾਰ ਲੈਂਦਾ ਹੈ ।੪੮।
ਸਬਦੁ ਭਾਖਤ ਸਸਿ ਜੋਤਿ ਅਪਾਰਾ ॥
ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ ॥
ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ ॥
ਆਪੇ ਪਾਰਿ ਉਤਾਰਣਹਾਰਾ ॥
ਗੁਰ ਪਰਚੈ ਮਨੁ ਸਾਚਿ ਸਮਾਇ ॥
ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੪੯॥
(ਉੱਤਰ:) (ਜਦੋਂ) ਸਤਿਗੁਰੂ ਦਾ ਸ਼ਬਦ ਉੱਚਾਰਦਿਆਂ (ਹਿਰਦੇ ਵਿਚ) ਚੰਦ੍ਰਮਾ ਦੀ ਅਪਾਰ ਜੋਤਿ ਪਰਗਟ ਹੋ ਜਾਂਦੀ ਹੈ (ਭਾਵ, ਹਿਰਦੇ ਵਿਚ ਸ਼ਾਂਤੀ ਪੈਦਾ ਹੁੰਦੀ ਹੈ), ਚੰਦ੍ਰਮਾ ਦੇ ਘਰ ਵਿਚ ਸੂਰਜ ਆ ਵੱਸਦਾ ਹੈ (ਭਾਵ, ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ, ਤਦੋਂ ਅਗਿਆਨਤਾ ਦਾ) ਹਨੇਰਾ ਮਿਟ ਜਾਂਦਾ ਹੈ । (ਗੁਰ-ਸ਼ਬਦ ਦੀ ਬਰਕਤਿ ਨਾਲ ਜਦੋਂ ਗੁਰਮੁਖਿ) ਸੁਖ ਅਤੇ ਦੁੱਖ ਨੂੰ ਇਕੋ ਜਿਹਾ ਜਾਣ ਕੇ ‘ਨਾਮ’ ਨੂੰ (ਜ਼ਿੰਦਗੀ ਦਾ) ਆਸਰਾ ਬਣਾਂਦਾ ਹੈ (ਭਾਵ, ਜਦੋਂ ਨਾਹ ਸੁਖ ਵਿਚ ਤੇ ਨਾਹ ਦੁੱਖ ਵੇਲੇ ਪ੍ਰਭੂ ਨੂੰ ਭੁਲਾਵੇ) (ਤਦੋਂ) ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ (“ਦੁਤਰ ਸਾਗਰ” ਤੋਂ) ਪਾਰ ਲੰਘਾ ਲੈਂਦਾ ਹੈ । ਨਾਨਕ ਬੇਨਤੀ ਕਰਦਾ ਹੈ ਕਿ ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ (ਗੁਰਮੁਖ ਦਾ) ਮਨ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ, ਤੇ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ ।੪੯।
ਨਾਮ ਤਤੁ ਸਭ ਹੀ ਸਿਰਿ ਜਾਪੈ ॥
ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥
ਤਤੋ ਤਤੁ ਮਿਲੈ ਮਨੁ ਮਾਨੈ ॥
ਦੂਜਾ ਜਾਇ ਇਕਤੁ ਘਰਿ ਆਨੈ ॥
ਬੋਲੈ ਪਵਨਾ ਗਗਨੁ ਗਰਜੈ ॥
ਨਾਨਕ ਨਿਹਚਲੁ ਮਿਲਣੁ ਸਹਜੈ ॥੫੦॥
ਪ੍ਰਭੂ ਦੇ ਨਾਮ ਦੀ ਸੱਚਾਈ (ਹਿਰਦੇ ਵਿਚ ਸਹੀ ਕਰਨੀ) ਸਾਰੇ ਜਾਪਾਂ ਦਾ ਸ਼ਿਰੋਮਣੀ (ਜਾਪ) ਹੈ । ਜਦ ਤਕ ਹਿਰਦੇ ਵਿਚ ਨਾਮ (-ਤੱਤ) ਸਹੀ ਨਹੀਂ ਹੁੰਦਾ, (ਮਨੁੱਖ ਨੂੰ ਕਈ ਕਿਸਮ ਦਾ) ਦੁੱਖ ਸਤਾਂਦਾ ਹੈ ਮੌਤ ਦਾ ਡਰ ਦੁਖੀ ਕਰਦਾ ਹੈ । (ਜਦੋਂ ਹਿਰਦੇ ਵਿਚ) ਨਿਰੋਲ ਪ੍ਰਭੂ-ਨਾਮ ਦੀ ਸੱਚਾਈ (ਭਾਵ, ਇਹ ਸਰਧਾ ਕਿ ਪ੍ਰਭੂ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ) ਪਰਗਟ ਹੋ ਜਾਂਦੀ ਹੈ ਤਾਂ (ਮਨੁੱਖ ਦਾ) ਮਨ (ਉਸ ਸੱਚਾਈ ਵਿਚ) ਪਤੀਜ ਜਾਂਦਾ ਹੈ, ਮੇਰ-ਤੇਰ ਵਾਲਾ ਸੁਭਾਉ ਦੂਰ ਹੋ ਜਾਂਦਾ ਹੈ, ਮਨੁੱਖ ਏਕਤਾ ਦੇ ਘਰ ਵਿਚ ਆ ਟਿਕਦਾ ਹੈ, ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ, ਰੱਬੀ ਮਿਲਾਪ ਦੀ ਅਵਸਥਾ ਬਲਵਾਨ ਹੋ ਜਾਂਦੀ ਹੈ, (ਤੇ, ਇਸ ਤਰ੍ਹਾਂ) ਹੇ ਨਾਨਕ! ਸਹਜ ਅਵਸਥਾ ਵਿਚ ਟਿਕਿਆਂ (ਜੀਵ ਤੇ ਪ੍ਰਭੂ ਦਾ) ਮਿਲਾਪ (ਸਦਾ ਲਈ) ਪੱਕਾ ਹੋ ਜਾਂਦਾ ਹੈ ।੫੦।
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥
ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥
ਘਟਿ ਘਟਿ ਸੁੰਨ ਕਾ ਜਾਣੈ ਭੇਉ ॥
ਆਦਿ ਪੁਰਖੁ ਨਿਰੰਜਨ ਦੇਉ ॥
ਜੋ ਜਨੁ ਨਾਮ ਨਿਰੰਜਨ ਰਾਤਾ ॥
ਨਾਨਕ ਸੋਈ ਪੁਰਖੁ ਬਿਧਾਤਾ ॥੫੧॥
(ਜਦੋਂ ਹਿਰਦੇ ਵਿਚ ਨਿਰੋਲ ਪ੍ਰਭੂ-ਨਾਮ ਦੀ ਸੱਚਾਈ ਪਰਗਟ ਹੋ ਪੈਂਦੀ ਹੈ ਤਾਂ ਇਹ ਯਕੀਨ ਬਣ ਜਾਂਦਾ ਹੈ ਕਿ) ਅੰਦਰ ਤੇ ਬਾਹਰ (ਭਾਵ, ਗੁਪਤ ਤੇ ਪਰਗਟ, ਦਿੱਸਦੇ ਤੇ ਅਣਦਿੱਸਦੇ ਪਦਾਰਥਾਂ ਵਿਚ ਹਰ ਥਾਂ) ਸਾਰੀ ਤ੍ਰਿਲੋਕੀ ਵਿਚ ਉਹੀ ਪ੍ਰਭੂ ਵਿਆਪਕ ਹੈ ਜਿਸ ਵਿਚ ਮਾਇਆ ਵਾਲੇ ਫੁਰਨੇ ਨਹੀਂ ਉਠਦੇ (ਕਿਉਂਕਿ ਮਾਇਆ ਤਾਂ ਉਸ ਦੀ ਆਪਣੀ ਬਣਾਈ ਖੇਡ ਹੈ) । ਜੋ ਮਨੁੱਖ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਉਸ ਪ੍ਰਭੂ ਨੂੰ (ਸਹੀ ਤੌਰ ਤੇ) ਸਮਝ ਲੈਂਦਾ ਹੈ, ਉਸ ਨੂੰ ਭੀ (ਚਉਥੀ ਅਵਸਥਾ ਵਿਚ ਟਿਕਿਆ ਹੋਣ ਕਰਕੇ) ਪਾਪ ਤੇ ਪੁੰਨ ਪੋਹ ਨਹੀਂ ਸਕਦਾ (ਭਾਵ, ਕੋਈ ਪਾਪ ਕਿਸੇ ਕੁਕਰਮ ਵਲ ਨਹੀਂ ਪ੍ਰੇਰਦਾ ਅਤੇ ਕੋਈ ਪੁੰਨ-ਕਰਮ ਉਸ ਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ) ।
ਜੋ ਮਨੁੱਖ ਹਰੇਕ ਘਟ ਵਿਚ ਵਿਆਪਕ ਨਿਰਗੁਣ ਪ੍ਰਭੂ ਦਾ ਭੇਤ ਜਾਣ ਲੈਂਦਾ ਹੈ (ਭਾਵ, ਜੋ ਮਨੁੱਖ ਇਹ ਦ੍ਰਿੜ੍ਹ ਕਰ ਲੈਂਦਾ ਹੈ ਕਿ ਪ੍ਰਭੂ ਹਰੇਕ ਘਟ ਵਿਚ ਮੌਜੂਦ ਭੀ ਹੈ, ਤੇ ਫਿਰ ਭੀ ਨਿਰਲੇਪ ਹੈ, ਉਹ ਮਨੁੱਖ ਭੀ ਦੁਨੀਆ ਵਿਚ ਰਹਿੰਦਾ ਹੋਇਆ ਨਿਰਲੇਪ ਹੋ ਕੇ) ਆਦਿ ਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਹੈ । ਹੇ ਨਾਨਕ! ਜੋ ਮਨੁੱਖ ਮਾਇਆ ਤੋਂ ਰਹਿਤ ਪਰਮਾਤਮਾ ਦੇ ਨਾਮ ਦਾ ਮਤਵਾਲਾ ਹੈ, ਉਹੀ ਸਿਰਜਨਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ।੫੧।
ਸੁੰਨੋ ਸੁੰਨੁ ਕਹੈ ਸਭੁ ਕੋਈ ॥
ਅਨਹਤ ਸੁੰਨੁ ਕਹਾ ਤੇ ਹੋਈ ॥
ਅਨਹਤ ਸੁੰਨਿ ਰਤੇ ਸੇ ਕੈਸੇ ॥
ਜਿਸ ਤੇ ਉਪਜੇ ਤਿਸ ਹੀ ਜੈਸੇ ॥
ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥
ਨਾਨਕ ਗੁਰਮੁਖਿ ਮਨੁ ਸਮਝਾਹਿ ॥੫੨॥
ਹਰੇਕ ਮਨੁੱਖ “ਅਫੁਰ ਅਵਸਥਾ” ਦਾ ਜ਼ਿਕਰ ਕਰਦਾ ਹੈ (ਪਰ ਅਮਲੀ ਜੀਵਨ ਵਿਚ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਹੈ ਕਿ) ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਸਕਦੀ ਹੈ (ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜੀਵਿਆਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਹੈ) । (ਕਹਣ-ਮਾਤ੍ਰ ਜੇ ਕੋਈ ਪੁੱਛੇ ਕਿ) ਅਫੁਰ ਅਵਸਥਾ ਵਿਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ (ਤਾਂ ਇਸ ਦਾ ਉੱਤਰ ਇਹ ਹੈ ਕਿ ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ । ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਉਤੇ ਤੁਰ ਕੇ ਮਨ ਨੂੰ ਸੁਮੱਤੇ ਲਾਂਦੇ ਹਨ, ਉਹ (ਮੁੜ ਮੁੜ) ਨਾਹ ਜੰਮਦੇ ਹਨ ਨਾਹ ਮਰਦੇ ਹਨ, ਉਹਨਾਂ ਦਾ ਆਵਾ-ਗਵਨ ਦਾ ਚੱਕਰ ਮੁੱਕ ਜਾਂਦਾ ਹੈ ।੫੨।
ਨਉ ਸਰ ਸੁਭਰ ਦਸਵੈ ਪੂਰੇ ॥
ਤਹ ਅਨਹਤ ਸੁੰਨ ਵਜਾਵਹਿ ਤੂਰੇ ॥
ਸਾਚੈ ਰਾਚੇ ਦੇਖਿ ਹਜੂਰੇ ॥
ਘਟਿ ਘਟਿ ਸਾਚੁ ਰਹਿਆ ਭਰਪੂਰੇ ॥
ਗੁਪਤੀ ਬਾਣੀ ਪਰਗਟੁ ਹੋਇ ॥
ਨਾਨਕ ਪਰਖਿ ਲਏ ਸਚੁ ਸੋਇ ॥੫੩॥
(ਨਾਮ ਦੀ ਬਰਕਤਿ ਨਾਲ) ਜਦੋਂ ਨੌ ਗੋਲਕਾਂ ਨਕਾ-ਨਕ ਭਰੀਜ ਕੇ (ਭਾਵ, ਬਾਹਰ ਵਲ ਦੇ ਵਹਿਣ ਬੰਦ ਕਰ ਕੇ, ਮਾਇਕ ਪਦਾਰਥਾਂ ਵਲ ਦੀ ਦੌੜ ਮਿਟਾ ਕੇ) ਦਸਵੇਂ ਸਰ ਵਿਚ (ਭਾਵ, ਪ੍ਰਭੂ-ਮਿਲਾਪ ਦੀ ਅਵਸਥਾ ਵਿਚ) ਜਾ ਪੈਂਦੀਆਂ ਹਨ, ਤਦੋਂ (ਗੁਰਮੁਖ) ਇੱਕ-ਰਸ ਅਫੁਰ ਅਵਸਥਾ ਦੇ ਵਾਜੇ ਵਜਾਉਂਦੇ ਹਨ (ਭਾਵ, ਅਫੁਰ ਅਵਸਥਾ ਉਹਨਾਂ ਦੇ ਅੰਦਰ ਇਤਨੀ ਬਲ ਵਾਲੀ ਹੋ ਜਾਂਦੀ ਹੈ ਕਿ ਹੋਰ ਫੁਰਨਾ ਉਥੇ ਆ ਹੀ ਨਹੀਂ ਸਕਦਾ) । (ਇਸ ਅਵਸਥਾ ਵਿਚ ਅੱਪੜੇ ਹੋਏ ਗੁਰਮੁਖ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਅੰਗ-ਸੰਗ ਵੇਖ ਕੇ ਉਸ ਵਿਚ ਟਿਕੇ ਰਹਿੰਦੇ ਹਨ, ਉਹਨਾਂ ਨੂੰ ਉਹ ਸੱਚਾ ਪ੍ਰਭੂ ਹਰੇਕ ਘਟ ਵਿਚ ਵਿਆਪਕ ਦਿੱਸਦਾ ਹੈ । (ਇਸ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਉਹ) ਲੁਕਵੀਂ (ਰੱਬੀ ਜੀਵਨ ਦੀ) ਰੌ ਪਰਗਟ ਹੁੰਦੀ ਹੈ (ਭਾਵ, ਜਿਸ ਨੂੰ ਉਹ ਆਪਣੇ ਅੰਗ-ਸੰਗ ਤੇ ਸਭ ਵਿਚ ਵਿਆਪਕ ਦਿੱਸ ਪੈਂਦਾ ਹੈ), ਹੇ ਨਾਨਕ! ਉਹ ਮਨੁੱਖ ਉਸ ਸੱਚੇ ਪ੍ਰਭੂ (ਦੇ ਨਾਮ-ਰੂਪ ਸਉਦੇ) ਦੀ ਕਦਰ ਸਮਝ ਲੈਂਦਾ ਹੈ ।੫੩।
ਸਹਜ ਭਾਇ ਮਿਲੀਐ ਸੁਖੁ ਹੋਵੈ ॥
ਗੁਰਮੁਖਿ ਜਾਗੈ ਨੀਦ ਨ ਸੋਵੈ ॥
ਸੁੰਨ ਸਬਦੁ ਅਪਰੰਪਰਿ ਧਾਰੈ ॥
ਕਹਤੇ ਮੁਕਤੁ ਸਬਦਿ ਨਿਸਤਾਰੈ ॥
ਗੁਰ ਕੀ ਦੀਖਿਆ ਸੇ ਸਚਿ ਰਾਤੇ ॥
ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥੫੪॥
ਜੇ ਅਡੋਲਤਾ ਵਿਚ ਰਹਿ ਕੇ (ਪ੍ਰਭੂ ਨੂੰ) ਮਿਲੀਏ ਤਾਂ (ਪੂਰਨ) ਸੁਖ ਹੁੰਦਾ ਹੈ । ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ (ਮਾਇਆ ਦੀ) ਨੀਂਦਰ ਵਿਚ ਨਹੀਂ ਸਉਂਦਾ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿਚ ਟਿਕਾਈ ਰੱਖਦੀ ਹੈ, (ਇਸ ਬਾਣੀ ਨੂੰ) ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਤੇ (ਹੋਰਨਾਂ ਨੂੰ) ਇਸ ਸ਼ਬਦ ਦੀ ਰਾਹੀਂ ਮੁਕਤ ਕਰਾਂਦਾ ਹੈ । ਹੇ ਨਾਨਕ! ਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿਚ ਰੰਗੇ ਗਏ ਹਨ, ਆਪਾ-ਭਾਵ ਮਿਟਾ ਕੇ ਉਹਨਾਂ ਦਾ ਮੇਲ (ਪ੍ਰਭੂ ਨਾਲ) ਹੋ ਜਾਂਦਾ ਹੈ, (ਮਨ ਦੀ) ਭਟਕਣਾ ਮਿਟ ਜਾਂਦੀ ਹੈ ।੫੪।
ਕੁਬੁਧਿ ਚਵਾਵੈ ਸੋ ਕਿਤੁ ਠਾਇ ॥
ਕਿਉ ਤਤੁ ਨ ਬੂਝੈ ਚੋਟਾ ਖਾਇ ॥
ਜਮ ਦਰਿ ਬਾਧੇ ਕੋਇ ਨ ਰਾਖੈ ॥
ਬਿਨੁ ਸਬਦੈ ਨਾਹੀ ਪਤਿ ਸਾਖੈ ॥
ਕਿਉ ਕਰਿ ਬੂਝੈ ਪਾਵੈ ਪਾਰੁ ॥
ਨਾਨਕ ਮਨਮੁਖਿ ਨ ਬੁਝੈ ਗਵਾਰੁ ॥੫੫॥
(ਪ੍ਰਸ਼ਨ:) ਇਹ ਗੱਲ ਕਿਸ ਥਾਂ ਤੇ ਹੋ ਸਕਦੀ ਹੈ ਕਿ ਮਨੁੱਖ ਆਪਣੀ ਭੈੜੀ ਮੱਤ ਦੂਰ ਕਰ ਲਏ? ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ, ਜਮ ਦੇ ਦਰ ਤੇ ਬੱਧੇ ਹੋਏ ਦੀ ਕੋਈ ਸਹੈਤਾ ਨਹੀਂ ਕਰ ਸਕਦਾ, ਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ, ਇਤਬਾਰ ਨਹੀਂ (ਭਾਵ, ਗੁਰੂ ਦੇ ਸ਼ਬਦ ਅਨੁਸਾਰ ਨਾਹ ਤੁਰਨ ਕਰਕੇ ਮਨੁੱਖ ਲੋਕਾਂ ਵਿਚ ਇੱਜ਼ਤ ਇਤਬਾਰ ਗਵਾ ਲੈਂਦਾ ਹੈ, ਦੁਨੀਆ ਦੀਆਂ ਮੌਜਾਂ ਵਿਚ ਫਸਿਆ ਹੋਣ ਕਰਕੇ ਮੌਤ ਤੋਂ ਭੀ ਹਰ ਵੇਲੇ ਡਰਦਾ ਹੈ ਇਹੋ ਜਿਹੀਆ ਸੱਟਾਂ ਸਦਾ ਖਾਂਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਫਿਰ ਭੀ ਅਸਲੀਅਤ ਨੂੰ ਸਮਝਦਾ ਨਹੀਂ । ਇਹ ਕਿਉਂ?) । ਹੇ ਨਾਨਕ! ਮਨਮੁਖ ਮੂਰਖ ਸਮਝਦਾ ਨਹੀਂ, ਇਹ ਕਿਵੇਂ ਸਮਝੇ ਤੇ (‘ਦੁੱਤਰ ਸਾਗਰ’ ਦੇ) ਪਾਰਲੇ ਕੰਢੇ ਲੱਗੇ? ।੫੫।
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥
ਸਤਿਗੁਰੁ ਭੇਟੈ ਮੋਖ ਦੁਆਰ ॥
ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥
ਦੁਰਮਤਿ ਵਿਛੁੜਿ ਚੋਟਾ ਖਾਇ ॥
ਮਾਨੈ ਹੁਕਮੁ ਸਭੇ ਗੁਣ ਗਿਆਨ ॥
ਨਾਨਕ ਦਰਗਹ ਪਾਵੈ ਮਾਨੁ ॥੫੬॥
(ਉੱਤਰ:) ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ । ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਇਸ ਭੈੜੀ ਮਤ ਤੋਂ ਖ਼ਲਾਸੀ ਦਾ ਰਾਹ ਲੱਭ ਪੈਂਦਾ ਹੈ । (ਪਰ) ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, (ਵਿਕਾਰਾਂ ਵਿਚ) ਸੜਦਾ ਰਹਿੰਦਾ ਹੈ, ਦੁਰਮਤਿ ਦੇ ਕਾਰਨ (ਪ੍ਰਭੂ ਤੋਂ) ਵਿਛੁੜ ਕੇ ਦੁਖੀ ਹੁੰਦਾ ਹੈ । ਹੇ ਨਾਨਕ! ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਵਿਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ, ਤੇ; ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ।੫੬।
ਸਾਚੁ ਵਖਰੁ ਧਨੁ ਪਲੈ ਹੋਇ ॥
ਆਪਿ ਤਰੈ ਤਾਰੇ ਭੀ ਸੋਇ ॥
ਸਹਜਿ ਰਤਾ ਬੂਝੈ ਪਤਿ ਹੋਇ ॥
ਤਾ ਕੀ ਕੀਮਤਿ ਕਰੈ ਨ ਕੋਇ ॥
ਜਹ ਦੇਖਾ ਤਹ ਰਹਿਆ ਸਮਾਇ ॥
ਨਾਨਕ ਪਾਰਿ ਪਰੈ ਸਚ ਭਾਇ ॥੫੭॥
ਜਿਸ ਮਨੁੱਖ ਨੇ ਸੱਚਾ ਸਉਦਾ ਨਾਮ-ਧਨ ਖੱਟਿਆ ਹੈ ਉਹ ਆਪ (‘ਦੁੱਤਰ ਸਾਗਰ’ ਤੋਂ) ਤਰਦਾ ਹੈ ਤੇ (ਹੋਰਨਾਂ ਨੂੰ) ਤਾਰਦਾ ਹੈ, ਅਡੋਲ ਅਵਸਥਾ ਵਿਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਂਦਾ ਹੈ, ਅਜੇਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ । ਹੇ ਨਾਨਕ! ਸੱਚੇ ਦੀ ਰਜ਼ਾ ਵਿਚ ਰਹਿ ਕੇ ਉਹ ਮਨੁੱਖ (‘ਦੁਤਰ ਸਾਗਰ’ ਤੋਂ) ਪਾਰ ਲੰਘ ਜਾਂਦਾ ਹੈ, ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿੱਸਦਾ ਹੈ ।੫੭।
ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥
ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ ॥
ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥
ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥
ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥
ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥੫੮॥
(ਪ੍ਰਸ਼ਨ:) ਜਿਸ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ? ‘ਪ੍ਰਾਣ’ (ਭਾਵ ਸੁਆਸ) ਨੂੰ ਦਸ-ਉਂਗਲ-ਪ੍ਰਮਾਣ ਕਹੀਦਾ ਹੈ ਦੱਸੋ, ਇਸ ਦਾ ਕੀਹ ਆਸਰਾ ਹੈ? (ਜੋ ਜੀਵਾਤਮਾ ਇਸ ਸਰੀਰ ਵਿਚ) ਬੋਲਦਾ ਤੇ ਕਲੋਲ ਕਰਦਾ ਹੈ ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ ਤੇ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ । ਨਾਨਕ ਕਹਿੰਦਾ ਹੈ (ਜੋਗੀਆਂ ਨੇ ਪੁੱਛਿਆ—) ਹੇ ਸੁਆਮੀ! ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸੁਮੱਤੇ ਲਾ ਸਕਦਾ ਹੈ? (ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਗੁਰੂ ਸ਼ਬਦ ਦੀ ਰਾਹੀਂ ਉਸ ਦੀ ਲਿਵ ਸੱਚੇ ਪ੍ਰਭੂ ਵਿਚ ਲੱਗ ਜਾਂਦੀ ਹੈ, (ਤੇ, ਪ੍ਰਭੂ) ਮੇਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ, (ਕਿਉਂਕਿ) ਪ੍ਰਭੂ (ਉਸ ਦੇ ਦਿਲ ਦੀ) ਆਪ ਹੀ ਜਾਣਦਾ ਹੈ, ਆਪ ਹੀ ਪਛਾਣਦਾ ਹੈ । (ਇਸ ਤਰ੍ਹਾਂ) ਉੱਚੀ ਕਿਸਮਤ ਕਰਕੇ (ਗੁਰਮੁਖਿ ਮਨੁੱਖ ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ ।੫੮।