ਸੋਹਿਲਾ
ਰਾਗੁ ਗਉੜੀ ਦੀਪਕੀ ਮਹਲਾ ੧
ੴ ਸਤਿਗੁਰ ਪ੍ਰਸਾਦਿ ॥
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥
ਪਦ ਅਰਥ: ਜੈ ਘਰਿ-ਜਿਸ ਘਰ ਵਿਚ, ਜਿਸ ਸਤਸੰਗ ਘਰ ਵਿਚ। ਕੀਰਤਿ-ਸਿਫ਼ਤਿ ਸਾਲਾਹ। ਆਖੀਐ-ਆਖੀ ਜਾਂਦੀ ਹੈ। ਤਿਤੁ ਘਰਿ-ਉਸ ਸਤਸੰਗ ਘਰ ਵਿਚ। ਸੋਹਿਲਾ-ਸੁਹਾਗ ਦਾ ਗੀਤ। {ਨੋਟ:ਕੁੜੀ ਦੇ ਵਿਆਹ ਸਮੇ ਜੋ ਗੀਤ ਰਾਤ ਨੂੰ ਜ਼ਨਾਨੀਆਂ ਰਲ ਕੇ ਗਾਉਂਦੀਆਂ ਹਨ ਉਹਨਾਂ ਨੂੰ 'ਸੋਹਿਲੜੇ' ਕਹੀਦਾ ਹੈ। ਇਹਨਾਂ ਗੀਤਾਂ ਵਿਚ ਕੁਝ ਤਾਂ ਵਿਛੋੜੇ ਦਾ ਜਜ਼ਬਾ ਹੁੰਦਾ ਹੈ, ਜੋ ਕੁੜੀ ਦੇ ਵਿਆਹੇ ਜਾਣ 'ਤੇ ਮਾਪਿਆਂ ਅਤੇ ਸਹੇਲੀਆਂ ਨਾਲੋਂ ਪੈਣਾ ਹੁੰਦਾ ਹੈ, ਤੇ, ਕੁਝ ਅਸੀਸਾਂ ਆਦਿਕ ਹੁੰਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}, ਜਸ, ਸਿਫ਼ਤਿ ਸਾਲਾਹ, ਪ੍ਰਭੂ ਪਤੀ ਨਾਲ ਮਿਲਣ ਦੀ ਤਾਂਘ ਦੇ ਸ਼ਬਦ।
ਅਰਥ:-ਜਿਸ (ਸਤਸੰਗ) ਘਰ ਵਿਚ (ਪਰਮਾਤਮਾ ਦੀ) ਸਿਫ਼ਤਿ ਸਾਲਾਹ ਕੀਤੀ ਜਾਂਦੀ ਹੈ ਅਤੇ ਗੁਣਾਂ ਦੀ ਵਿਚਾਰ ਹੁੰਦੀ ਹੈ (ਹੇ ਜਿੰਦ ਕੁੜੀਏ!) ਉਸ (ਸਤਸੰਗ) ਘਰ ਵਿਚ (ਜਾ ਕੇ ਤੂੰ ਕੀ) ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਗੀਤ (ਸੁਹਾਗ ਮਿਲਾਪ ਦੀ ਤਾਂਘ ਦੇ ਸ਼ਬਦ) ਗਾਇਆ ਕਰ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ।੧।
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥
ਰਹਾਉ ॥
ਪਦ ਅਰਥ: ਹਉ-ਮੈਂ। ਵਾਰੀ-ਸਦਕੇ। ਜਿਤੁ ਸੋਹਿਲੈ-ਜਿਸ ਸੋਹਿਲੇ ਦੀ ਬਰਕਤਿ ਨਾਲ।
ਅਰਥ:- (ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤਿ ਦੇ ਗੀਤ ਗਾ (ਅਤੇ ਆਖ-) ਮੈਂ ਸਦਕੇ ਹਾਂ ਉਸ ਸਿਫ਼ਤਿ ਦੇ ਗੀਤ ਤੋਂ, ਜਿਸ ਦੀ ਬਰਕਤਿ ਨਾਲ ਸਦਾ ਦਾ ਸੁਖ ਮਿਲਦਾ ਹੈਂ।੧। ਰਹਾਉ।
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥
ਪਦ ਅਰਥ: ਨਿਤ ਨਿਤ-ਸਦਾ ਹੀ। ਸਮਾਲੀਅਨਿ-ਸਮਾਲੀਦੇ ਹਨ। ਦੇਖੈਗਾ-ਸਭਾਲ ਕਰੇਗਾ, ਸੰਭਾਲ ਕਰਦਾ ਹੈ। ਤੇਰੇ-ਤੇਰੇ ਪਾਸੋਂ (ਹੇ ਜਿੰਦੇ)। ਦਾਨੈ ਕੀਮਤਿ-ਦਾਨ ਦਾ ਮੁੱਲ, ਬਖ਼ਸ਼ਸ਼ਾਂ ਦਾ ਮੁੱਲ- ਸੁਮਾਰੁ-ਅੰਦਾਜ਼ਾ, ਅੰਤ।
ਅਰਥ:- (ਹੇ ਜਿੰਦੇ!) ਜਿਸ ਖਸਮ ਦੀ ਹਜ਼ੂਰੀ ਵਿਚ ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ (ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਭੀ ਕੀ ਅੰਦਾਜ਼ਾ (ਤੂੰ ਲਾ ਸਕਦੀ ਹੈਂ)? (ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ)।੨।
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
ਪਦ ਅਰਥ: ਸੰਬਤਿ-ਸਾਲ, ਵਰ੍ਹਾ। ਸਾਹਾ-ਵਿਆਹੇ ਜਾਣ ਦਾ ਦਿਨ। ਲਿਖਿਆ-ਮਿਥਿਆ ਹੋਇਆ। ਮਿਲਿ ਕਰਿ-ਰਲ ਕੇ। ਅਸੀਸੜੀਆ-ਸੋਹਣੀਆਂ ਅਸੀਸਾਂ।
ਅਰਥ:- (ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜੋਈਆਂ ਕਰਿਆ ਕਰ-) ਉਹ ਸੰਮਤ, ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ਼ ਜਾਣ ਲਈ ਮੇਰੇ ਵਾਸਤੇ ਸਾਹੇ ਚਿੱਠੀ ਆਉਣੀ ਹੈ, ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਓ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪ੍ਰਭੂ ਪਤੀ ਨਾਲ ਮੇਰਾ ਮਿਲਾਪ ਹੋ ਜਾਏ।੩।
ਘਰਿ ਘਰਿ ਏਹੁ ਪਾਹੁਚਾ ਸਦੜੇ ਨਿਤ ਪਵੰਨਿ ॥
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥
੧॥
ਪਦ ਅਰਥ: ਘਰਿ-ਘਰ ਵਿਚ। ਘਰਿ ਘਰਿ-ਹਰੇਕ ਘਰ ਵਿਚ। ਪਾਹੁਚਾ-ਪਹੋਵਾ, ਸੱਦਾ, ਸਾਹੇ ਚਿੱਠੀ। ਪਵੰਨਿ-ਪੈਂਦੇ ਹਨ। ਸਦੜੇ-ਸੱਦੇ। ਸੇ ਦਿਹ-ਉਹ ਦਿਹਾੜੇ। ਆਵੰਨਿ-ਆਉਂਦੇ ਹਨ।
ਅਰਥ:- (ਪਰਲੋਕ ਵਿਚ ਜਾਣ ਲਈ ਮੌਤ ਦੀ), ਇਹ ਸਾਹੇ ਚਿੱਠੀ ਹਰੇਕ ਘਰ ਵਿਚ ਆ ਰਹੀ ਹੈ, ਇਹ ਸੱਦੇ ਨਿੱਤ ਪੈ ਰਹੇ ਹਨ। (ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪ੍ਰਭੂ ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ, (ਕਿਉਂਕਿ) ਹੇ ਨਾਨਕ! ਸਾਡੇ ਭੀ ਉਹ ਦਿਨ (ਨੇੜੇ) ਆ ਰਹੇ ਹਨ।੪।੧।
ਰਾਗੁ ਆਸਾ ਮਹਲਾ ੧॥
ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰੁ ਗੁਰੁ ਏਕੋ ਵੇਸ ਅਨੇਕ ॥੧॥
ਪਦ ਅਰਥ: ਛਿਅ-ਛੇ। ਉਪਦੇਸ਼-ਸਿੱਖਿਆ, ਸਿਧਾਂਤ। ਗੁਰੁ ਗੁਰੁ-ਇਸਟ ਪ੍ਰਭੂ। ਏਕੋ-ਇਕ ਹੀ। ਵੇਸ-ਰੂਪ।
ਅਰਥ:- (ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿਧਾਂਤ ਹਨ। ਪਰ ਇਹਨਾਂ ਸਾਰਿਆਂ ਦਾ ਮੂਲ ਗੁਰੂ (ਪਰਮਾਤਮਾ) ਇਕ ਹੈ। (ਇਹ ਸਾਰੇ ਸਿਧਾਂਤ) ਉਸ ਇਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ)।੧।
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਸੋ ਘਰੁ ਰਾਖੁ ਵਡਾਈ ਤੋਇ ॥੧॥
ਰਹਾਉ ॥
ਪਦ ਅਰਥ: ਬਾਬਾ-ਹੇ ਭਾਈ। ਜੈ ਘਰਿ-ਜਿਸ (ਸਤਸੰਗ) ਘਰ ਵਿਚ। ਕਰਤੇ ਕੀਰਤਿ-ਕਰਤਾਰ ਦੀ ਸਿਫ਼ਤਿ ਸਾਲਾਹ। ਹੋਇ-ਹੁੰਦੀ ਹੈ। ਰਾਖੁ-ਸੰਭਾਲ। ਤੋਇ-ਤੇਰੀ। ਵਡਾਈ-ਭਲਾਈ।
ਅਰਥ:- ਹੇ ਭਾਈ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤਿ ਸਾਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ ਰੱਖ, (ਉਸ ਸਤਸੰਗ) ਦਾ ਆਸਰਾ ਲਈ ਰੱਖ। ਇਸੇ ਵਿਚ ਤੇਰੀ ਭਲਾਈ ਹੈ।੧। ਰਹਾਉ।
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
ਸੂਰਜੁ ਏਕੋ ਰੁਤਿ ਅਨੇਕ ॥
ਨਾਨਕ ਕਰਤੇ ਕੇ ਕੇਤੇ ਵੇਸ ॥੨॥
੨॥
ਅਰਥ:- ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ), ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ ਅਨੇਕਾਂ ਸਰੂਪ ਹਨ)।੨।੨।
ਰਾਗੁ ਧਨਾਸਰੀ ਮਹਲਾ ੧॥
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
ਪਦ ਅਰਥ: ਗਗਨ-ਆਕਾਸ਼। ਗਗਨ ਮੈ-ਗਗਨ ਮਯ, ਆਕਾਸ਼ ਰੂਪ, ਸਾਰਾ ਆਕਾਸ਼। ਰਵਿ-ਸੂਰਜ। ਦੀਪਕ-ਦੀਵੇ। ਜਨਕ-ਜਾਣੋ, ਮਾਨੋ, ਜਿਵੇਂ। ਮਲਆਨਲੋ-(ਮਲਯ ਅਨਲੋ) ਮਲਯ ਪਹਾੜ ਵਲੋਂ ਆਉਣ ਵਾਲੀ ਹਵਾ, (ਅਨਲ-ਹਵਾ)। ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਸਗਲ-ਸਾਰੀ। ਬਨਰਾਇ-ਬਨਸਪਤੀ। ਫੂਲੰਤ-ਫੁੱਲ ਦੇ ਰਹੀ ਹੈ। ਜੋਤੀ-ਜੋਤਿ ਰੂਪ ਪ੍ਰਭੂ।
ਅਰਥ:- ਸਾਰਾ ਆਕਾਸ਼ (ਮਾਨੋ) ਥਾਲ ਹੈ। ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ ਧੂਪ (ਧੁਖ ਰਿਹਾ) ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ।੧।
ਕੈਸੀ ਆਰਤੀ ਹੋਇ ॥
ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥੧॥
ਰਹਾਉ ॥
ਪਦ ਅਰਥ: ਭਵ ਖੰਡਨ-ਹੇ ਜਨਮ ਮਰਨ ਕੱਟਣ ਵਾਲੇ। ਅਨਹਤਾ-(ਅਨ-ਹਤ) ਜੋ ਬਿਨਾ ਵਜਾਏ ਵੱਜੇ, ਇਕ ਰਸ। ਸਬਦ-ਆਵਾਜ਼, ਜੀਵਨ-ਰੌ। ਭੇਰੀ-ਡੱਫ, ਨਗਾਰਾ।
ਅਰਥ:- ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ। (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ। (ਸਭ ਜੀਵਾਂ ਵਿਚ ਰੁਮਕ ਰਹੀ) ਇਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ।੧। ਰਹਾਉ।
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
ਪਦ ਅਰਥ; ਸਹਸ-ਹਜ਼ਾਰਾਂ। ਤਵ-ਤੇਰੇ। ਨੈਨ-ਅੱਖਾਂ। ਨਨ-ਕੋਈ ਨਹੀਂ। ਤੋਹਿ ਕਉ-ਤੇਰੇ, ਤੈਨੂੰ, ਤੇਰੇ ਵਾਸਤੇ। ਮੂਰਤਿ-ਸ਼ਕਲ। ਨਨਾ-ਕੋਈ ਨਹੀਂ।ਤੋੁਹੀ-ਤੇਰੀ (ਅੱਖਰ 'ਤ' ਦੇ ਨਾਲ ਦੋ ਲਗਾਂ ਹਨ- ਅਤੇ । ਅਸਲ ਲਫ਼ਜ਼ 'ਤੁਹੀ' ਹੈ, ਇਥੇ 'ਤੋਹੀ' ਪੜਨਾ ਹੈ)। ਪਦ-ਪੈਰ। ਬਿਮਲ-ਸਾਫ਼। ਗੰਧ-ਨੱਕ। ਇਵ-ਇਸ ਤਰ੍ਹਾਂ। ਚਲਤ-ਕੌਤਕ, ਅਚਰਜ ਖੇਡ।
ਅਰਥ:- (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।੨।
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥
ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
ਪਦ ਅਰਥ: ਜੋਤਿ-ਚਾਨਣ, ਪ੍ਰਕਾਸ਼। ਸੋਇ-ਉਹ ਪ੍ਰਭੂ। ਤਿਸ ਦੈ ਚਾਨਣਿ-ਉਸ ਪ੍ਰਭੂ ਦੇ ਚਾਨਣ ਨਾਲ। ਸਾਖੀ-ਸਿਖਿਆ ਨਾਲ।
ਅਰਥ:- ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤਿ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)। (ਇਸ ਸਰਬ ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ)।੩।
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥
੩॥
ਪਦ ਅਰਥ: ਮਕਰੰਦ-ਫੁੱਲਾਂ ਦੀ ਵਿਚਲੀ ਧੂੜ ਫੁੱਲਾਂ ਦਾ ਰਸ। ਮਨੋ-ਮਨ। ਅਨਦਿਨੋੁ-(ਅੱਖਰ 'ਨ' ਦੇ ਨਾਲ ਦੋ ਲਗਾਂ ਹਨ: ਅਤੇ । ਅਸਲ ਲਫ਼ਜ਼ 'ਅਨਦਿਨੁ' ਹੈ, ਇਥੇ 'ਅਨਦਿਨੋ' ਪੜਨਾ ਹੈ) ਹਰ ਰੋਜ਼। ਮੋਹਿ-ਮੈਨੂੰ। ਆਹੀ-ਹੈ, ਰਹਿੰਦੀ ਹੈ। ਸਾਰਿੰਗ-ਪਪੀਹਾ। ਕਉ-ਨੂੰ। ਜਾ ਤੇ-ਜਿਸ ਤੋਂ, ਜਿਸ ਨਾਲ। ਤੇਰੈ ਨਾਇ-ਤੇਰੇ ਨਾਮ ਵਿਚ।
ਅਰਥ:- ਹੇ ਹਰੀ! ਤੇਰੇ ਚਰਨ ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।੪।੩।