ਚਾਚਰੀ ਛੰਦ ॥
ਅਭੰਗ ਹੈਂ ॥
ਅਨੰਗ ਹੈਂ ॥
ਅਭੇਖ ਹੈਂ ॥
ਅਲੇਖ ਹੈਂ ॥੧੩੩॥
ਪਦ ਅਰਥ: ਅਭੰਗ- ਅ+ਭੰਗ, ਨਾਸ ਰਹਿਤ। ਅਨੰਗ-ਅਨ+ਅੰਗ, ਅੰਗ ਰਹਿਤ। ਅਭੇਖ-ਅ+ਭੇਖ, ਭੇਖ ਰਹਿਤ। ਅਲੇਖ-ਅ+ਲੇਖ। ਲੇਖ-(ਕਿਸੇ ਦਾ) ਚਿੱਤ੍ਰ ਬਣਾਣਾ, ਤਸਵੀਰ ਖਿੱਚਣੀ। ਅਲੇਖ-ਜਿਸ ਦਾ ਕੋਈ ਚਿੱਤ੍ਰ ਨਾ ਬਣਾਇਆ ਜਾ ਸਕੇ।
ਅਰਥ:- (ਹੇ ਪ੍ਰਭੂ!) ਤੂੰ ਨਾਸ ਰਹਿਤ ਹੈਂ, (ਕਿਉਂਕਿ) ਤੇਰੇ ਕੋਈ ਐਸੇ ਅੰਗ ਹੀ ਨਹੀਂ (ਜੋ ਨਾਸ ਹੋ ਸਕਣ)। ਤੇਰਾ ਕੋਈ ਭੇਖ (ਲਿਬਾਸ) ਹੀ ਨਹੀਂ ਹੈ, (ਇਸ ਵਾਸਤੇ) ਤੇਰੀ ਕੋਈ ਤਸਵੀਰ ਨਹੀਂ ਖਿੱਚੀ ਜਾ ਸਕਦੀ।੧੩੩।
ਅਭਰਮ ਹੈਂ ॥
ਅਕਰਮ ਹੈਂ ॥
ਅਨਾਦਿ ਹੈਂ ॥
ਜੁਗਾਦਿ ਹੈਂ ॥੧੩੪॥
ਪਦਅਰਥ: ਅਨਾਦਿ-ਅਨ+ਆਦਿ, ਜਿਸ ਦਾ 'ਆਦਿ' ਨਾ ਹੋਵੇ।
ਅਰਥ:- (ਹੇ ਪ੍ਰਭੂ!) ਤੈਨੂੰ ਕੋਈ ਭਰਮ-ਭੁਲੇਖਾ ਪੋਹ ਨਹੀਂ ਸਕਦਾ (ਅਤੇ) ਨਾ ਹੀ ਤੈਨੂੰ ਧਾਰਮਿਕ ਰਸਮਾਂ ਦੀ ਲੋੜ ਹੈ। ਤੂੰ ਕਦੋਂ ਤੋਂ ਹੈਂ, ਇਹ ਗੱਲ ਦੱਸੀ ਨਹੀਂ ਜਾ ਸਕਦੀ, ਤੂੰ ਜੁਗਾਂ ਦੇ ਆਦਿ ਤੋਂ ਹੈ (ਭਾਵ, ਸਮੇ ਦੇ ਲੇਖੇ ਤੋਂ ਤੂੰ ਉਤਾਂਹ ਹੈਂ)।੧੩੪।
ਅਜੈ ਹੈਂ ॥
ਅਬੈ ਹੈਂ ॥
ਅਭੂਤ ਹੈਂ ॥
ਅਧੂਤ ਹੈਂ ॥੧੩੫॥
ਪਦ ਅਰਥ: ਅਜੈ-ਅ+ਜੈ (ਅ+ਜਯ)। ਜੈ-ਜਯ, ਜਿੱਤ। ਅਬੈ-ਅ+ਬੈ। ਬੈ-ਨਾਸ ਰਹਿਤ। ਅਭੂਤ-ਅ+ਭੂਤ। ਭੂਤ-ਤੱਤ, ਜਿਨ੍ਹਾਂ ਦੇ ਮੇਲ ਤੋਂ ਸਾਰੀ ਸ੍ਰਿਸ਼ਟੀ ਬਣੀ; ਇਹ ਤੱਤ ਪੰਜ ਹਨ-ਪ੍ਰਿਥਵੀ, ਜਲ, ਤੇਜ, ਹਵਾ ਅਤੇ ਅਕਾਸ਼। ਅਧੂਤ-ਅ+ਧੂਤ। ਧੂ-ਹਿਲਾ ਦੇਣਾ, ਕੰਬਾ ਦੇਣਾ। ਧੂਤ-ਕੰਬਿਆ ਹੋਇਆ। ਅਧੂਤ-ਅਚੱਲ।
ਅਰਥ:- (ਹੇ ਪ੍ਰਭੂ!) ਤੈਨੂੰ ਨਾ ਕੋਈ ਜਿੱਤ ਸਕਦਾ ਹੈ ਨਾ ਨਾਸ ਕਰ ਸਕਦਾ ਹੈ। ਤੇਰੀ ਹਸਤੀ (ਜਗਤ ਰਚਨਾ ਦੇ ਪੰਜ) ਤੱਤਾਂ ਤੋਂ ਉਤਾਂਹ ਹੈ, (ਇਸ ਵਾਸਤੇ) ਤੈਨੂੰ ਕੋਈ ਹਿਲਾ ਨਹੀਂ ਸਕਦਾ।੧੩੫।
ਅਨਾਸ ਹੈਂ ॥
ਉਦਾਸ ਹੈਂ ॥
ਅਧੰਧ ਹੈਂ ॥
ਅਬੰਧ ਹੈਂ ॥੧੩੬॥
ਪਦ ਅਰਥ: ਅਨਾਸ-ਨਾਸ ਤੋਂ ਰਹਿਤ। ਉਦਾਸ-ਉਪਰਾਮ, ਚਿੰਤਾ ਰਹਿਤ। ਅਧੰਧ-ਝੰਬੇਲਿਆਂ ਤੋਂ ਵੱਖਰਾ। ਅਬੰਧ-ਬੰਧਨਾਂ ਤੋਂ ਅਜ਼ਾਦ।
ਅਰਥ:- (ਸੰਸਾਰ ਤਾਂ ਹਰ ਵੇਲੇ ਨਾਸ ਹੁੰਦਾ ਦਿੱਸ ਰਿਹਾ ਹੈ, ਪਰ ਹੇ ਪ੍ਰਭੂ!) ਤੂੰ (ਸੰਸਾਰ ਦਾ ਬਣਾਣ ਵਾਲਾ ਆਪ) ਨਾਸ ਰਹਿਤ ਹੈਂ; (ਇਸ ਦੇ ਪਾਲਣ ਆਦਿਕ ਦੀ) ਤੈਨੂੰ ਚਿੰਤਾ ਕੋਈ ਭੀ ਨਹੀਂ; (ਜਗਤ ਦੇ) ਕੋਈ ਝੰਬੇਲੇ ਤੇ ਬੰਧਨ (ਭੀ) ਤੈਨੂੰ ਪੋਹ ਨਹਂਿ ਸਕਦੇ।੧੩੬।
ਅਭਗਤ ਹੈਂ ॥
ਬਿਰਕਤ ਹੈਂ ॥
ਅਨਾਸ ਹੈਂ ॥
ਪ੍ਰਕਾਸ ਹੈਂ ॥੧੩੭॥
ਪਦ ਅਰਥ: ਅਭਗਤ-ਨਿਰ-ਮੋਹ। ਬਿਰਕਤ-ਸੰਸਾਰਕ ਪਦਾਰਥਾਂ ਦੀ ਖਿੱਚ ਤੋਂ ਉਤਾਂਹ। ਪ੍ਰਕਾਸ-ਚਾਨਣ।
ਅਰਥ:- (ਇਤਨੇ ਬੇਅੰਤ ਜਗਤ ਦਾ ਕਰਤਾ ਹੋ ਕੇ, ਹੇ ਪ੍ਰਭੂ!) ਤੂੰ (ਆਪ) ਨਿਰਮੋਹ ਹੈਂ, ਕਿਉਂਕਿ ਇਹ ਸੰਸਾਰਕ ਪਦਾਰਥ ਤੈਨੂੰ ਖਿੱਚ ਨਹੀਂ ਪਾ ਸਕਦੇ। ਤੂੰ ਨਾਸ ਰਹਿਤ ਹੈਂ ਅਤੇ ਚਾਨਣ ਰੂਪ ਹੈਂ (ਭਾਵ, ਕਿਸੇ ਮੋਹ ਭਰਮ ਆਦਿਕ ਦੀ ਅਗਿਆਨਤਾ ਦਾ ਹਨੇਰਾ ਤੇਰੇ ਉਤੇ ਅਸਰ ਨਹੀਂ ਕਰ ਸਕਦਾ)।੧੩੭।
ਨਿਚਿੰਤ ਹੈਂ ॥
ਸੁਨਿੰਤ ਹੈਂ ॥
ਅਲਿੱਖ ਹੈਂ ॥
ਅਦਿੱਖ ਹੈਂ ॥੧੩੮॥
ਪਦ ਅਰਥ: ਨਿਚੰਤ-ਚਿੰਤਾ ਰਹਿਤ। ਚਿੰਤਾ-ਤੌਖਲਾ। ਸੁਨਿੰਤ-ਸੁਨਿੱਤ, ਸਦਾ ਕਾਇਮ ਰਹਿਣ ਵਾਲਾ। ਅਲਿਖ-ਜਿਸ ਦਾ ਕੋਈ ਚਿੱਤ੍ਰ ਨਾ ਬਣਾਇਆ ਜਾ ਸਕੇ। ਅਦਿਖ-ਅ+ਦਿਖ, ਜੋ ਵੇਖਿਆ ਨਾ ਜਾ ਸਕੇ।
ਅਰਥ:- (ਇਤਨੇ ਬੇਅੰਤ ਜਗਤ-ਰੂਪ ਪਰਵਾਰ ਵਾਲਾ ਹੁੰਦਿਆਂ ਭੀ, ਇਹਨਾਂ ਦੀ ਰੋਜ਼ੀ, ਪਾਲਣਾ ਆਦਿਕ ਦਾ) ਤੈਨੂੰ ਕੋਈ ਤੌਖਲਾ ਨਹੀਂ, (ਕਿਉਂਕਿ) ਤੂੰ (ਆਪ) ਸਦਾ (ਇਹਨਾਂ ਦੇ ਸਿਰ 'ਤੇ) ਕਾਇਮ ਹੈਂ। (ਹੇ ਪ੍ਰਭੂ!) ਨਾ ਕੋਈ ਤੇਰੀ ਤਸਵੀਰ ਖਿੱਚ ਸਕਦਾ ਹੈ ਅਤੇ ਨਾ ਹੀ ਤੂੰ (ਇਹਨਾਂ ਅੱਖਾਂ ਨਾਲ) ਵੇਖਿਆ ਜਾ ਸਕਦਾ ਹੈਂ।੧੩੮।
ਅਲੇਖ ਹੈਂ ॥
ਅਭੇਖ ਹੈਂ ॥
ਅਢਾਹ ਹੈਂ ॥
ਅਗਾਹ ਹੈਂ ॥੧੩੯॥
ਪਦ ਅਰਥ: ਅਢਾਹ-ਅ+ਢਾਹ। ਢਾਹਣਾ-ਡੇਗਣਾ। ਅਗਾਹ-ਅ+ਗਾਹ, ਬਹੁਤ ਡੂੰਘਾ, ਅਥਾਹ।
ਅਰਥ:- (ਹੇ ਪ੍ਰਭੂ!) ਕੋਈ ਤੇਰਾ ਚਿੱਤ੍ਰ ਨਹੀਂ ਬਣਾ ਸਕਦਾ, ਤੇਰਾ ਕੋਈ ਇਕ ਪਹਿਰਾਵਾ ਨਹੀਂ ਹੈ। ਤੈਨੂੰ ਕੋਈ ਡੇਗ ਨਹੀਂ ਸਕਦਾ, ਤੂੰ ਬੜਾ ਅਥਾਹ (ਸਮੁੰਦਰ) ਹੈਂ।੧੩੯।
ਅਸੰਭ ਹੈਂ ॥
ਅਗੰਭ ਹੈਂ ॥
ਅਨੀਲ ਹੈਂ ॥
ਅਨਾਦਿ ਹੈਂ ॥੧੪੦॥
ਪਦ ਅਰਥ: ਅਸੰਭ- ਅਸੰਭਵਯ, ਜੋ ਵਿਚਾਰ ਦੀ ਪਹੁੰਚ ਤੋਂ ਪਰੇ ਹੈਂ। ਅਨੀਲ-ਅਨਿਲ, ਹਵਾ, ਜਿਸ ਦੇ ਆਸਰੇ ਪ੍ਰਾਣੀ ਜੀਊਂਦਾ ਹੈ, ਭਾਵ ਸਭ ਜੀਵਾਂ ਦੀ ਜਿੰਦ ਦਾ ਆਸਰਾ। ਅਨਾਦਿ-ਅਨ+ਆਦਿ, ਜਿਸ ਦਾ ਮੁੱਢ ਨਾ ਲੱਭ ਸਕੇ।
ਅਰਥ:- (ਹੇ ਪ੍ਰਭੂ!) ਤੂੰ ਜੀਵਾਂ ਦੀ ਵਿਚਾਰ ਤੇ ਪਹੁੰਚ ਤੋਂ ਉਤਾਂਹ ਹੈਂ, (ਪਰ) ਹੈਂ ਤੂੰ ਸਭ ਜੀਵਾਂ ਦਾ ਪ੍ਰਾਣ-ਰੂਪ, ਤੇ ਤੇਰਾ ਆਦਿ ਕਿਸੇ ਲੱਭਾ ਨਹੀਂ।੧੪੦।
ਅਨਿੱਤ ਹੈਂ ॥
ਸੁਨਿੱਤ ਹੈਂ ॥
ਅਜਾਤ ਹੈਂ ॥
ਅਜਾਦ ਹੈਂ ॥੧੪੧॥
ਪਦ ਅਰਥ: ਅਨਿੱਤ-ਅਸਧਾਰਨ, ਜੋ ਨਿੱਤ ਦਿਸਣ ਵਾਲੇ ਪਦਾਰਥਾਂ ਵਰਗਾ ਨਹੀਂ ਹੈਂ। ਸੁਨਿੱਤ-ਸਦਾ ਕਾਇਮ। ਅਜਾਤ-ਅ+ਜਾਤ, ਜੋ ਜੰਮਣ ਵਿਚ ਨਹੀਂ ਆਇਆ। ਜਾਤ-ਜੰਮਿਆ ਹੋਇਆ। ਅਜਾਦਿ-ਅਜ+ਆਦਿ। ਅਜ-ਅਜਨਮਾ, ਜਨਮ ਤੋਂ ਰਹਿਤ। ਆਦਿ-ਮੁੱਢ, ਸਭ ਜੀਵਾਂ ਦਾ ਮੂਲ।
ਅਰਥ:- (ਹੇ ਪ੍ਰਭੂ!) ਤੂੰ ਰੋਜ਼ ਦਿੱਸਦੇ ਸਧਾਰਨ ਪਦਾਰਥਾਂ ਵਰਗਾ ਨਹੀਂ ਹੈਂ, ਪਰ ਹੈਂ ਤੂੰ ਸਦਾ ਮੌਜੂਦ। ਹੇ ਪ੍ਰਭੂ! ਤੂੰ ਜੰਮਣ ਵਿਚ ਨਹੀਂ ਆਇਆ, (ਖ਼ੁਦਿ) ਅਜਨਮਾ ਹੈਂ (ਪਰ ਸਭ ਜੀਵਾਂ ਦਾ) ਮੂਲ ਹੈਂ।੧੪੧।
ਚਰਪਟ ਛੰਦ ॥ ਤ੍ਵ ਪ੍ਰਸਾਦਿ ॥
ਸਰਬੰ ਹੰਤਾ ॥
ਸਰਬੰ ਗੰਤਾ ॥
ਸਰਬੰ ਖਿਆਤਾ ॥
ਸਰਬੰ ਗਿਆਤਾ ॥੧੪੨॥
ਪਦ ਅਰਥ: ਹੰਤਾ-ਮਾਰਨ ਵਾਲਾ। ਗੰਤਾ-ਜਾਣ ਵਾਲਾ, ਪਹੁੰਚ ਸਕਣ ਵਾਲਾ। ਖਿਆਤਾ-ਪ੍ਰਸਿੱਧ, ਮਸ਼ਹੂਰ। ਗਿਆਤਾ-ਜਾਣਨ ਵਾਲਾ।
ਅਰਥ:- (ਹੇ ਪ੍ਰਭੂ!) ਤੂੰ ਸਭ ਜੀਵਾਂ ਨੂੰ ਮਾਰਨ ਵਾਲਾ ਹੈਂ, (ਕਿਉਂਕਿ) ਸਭ ਜੀਵਾਂ ਤਕ ਤੇਰੀ ਪਹੁੰਚ ਹੈ। ਸਭ ਜੀਵਾਂ ਵਿਚ ਤੂੰ ਪ੍ਰਸਿੱਧ ਹੈਂ (ਅਤੇ) ਸਭ (ਦੇ ਦਿਲਾਂ ਨੂੰ) ਜਾਣਨ ਵਾਲਾ ਹੈਂ।੧੪੨।
ਸਰਬੰ ਹਰਤਾ ॥
ਸਰਬੰ ਕਰਤਾ ॥
ਸਰਬੰ ਪ੍ਰਾਣੰ ॥
ਸਰਬੰ ਤ੍ਰਾਣੰ ॥੧੪੩॥
ਪਦ ਅਰਥ: ਹਰਤਾ-ਨਾਸ ਕਰਨ ਵਾਲਾ, ਲੈ ਜਾਣ ਵਾਲਾ। ਕਰਤਾ-ਪੈਦਾ ਕਰਨ ਵਾਲਾ। ਪ੍ਰਾਣ-ਜਿੰਦ ਜਾਨ। ਤ੍ਰਾਣ-ਤਾਕਤ, ਸੱਤਿਆ।
ਅਰਥ:- (ਹੇ ਪ੍ਰਭੂ!) ਸਭ (ਦੀ ਜਿੰਦ ਨੂੰ) ਲੈ ਜਾਣ ਵਾਲਾ (ਭੀ) ਤੂੰ ਹੈਂ (ਤੇ) ਸਭ ਨੂੰ ਪੈਦਾ ਕਰਨ ਵਾਲਾ (ਭੀ) ਤੂੰ ਹੈਂ। ਤੂੰ ਹੀ ਸਭ ਦੀ ਜਿੰਦ ਜਾਨ ਹੈਂ, ਤੂੰ ਹੀ ਸਭ ਦੀ ਸੱਤਿਆ ਹੈਂ।੧੪੩।
ਸਰਬੰ ਕਰਮੰ ॥
ਸਰਬੰ ਧਰਮੰ ॥
ਸਰਬੰ ਜੁਗਤਾ ॥
ਸਰਬੰ ਮੁਕਤਾ ॥੧੪੪॥
ਪਦ ਅਰਥ: ਕਰਮ-ਕੰਮ। ਧਰਮ-ਫ਼ਰਜ਼। ਜੁਗਤਾ-ਮਿਲਿਆ ਹੋਇਆ, ਸਭ ਜੀਵਾਂ ਵਿਚ ਮੌਜੂਦ। ਮੁਕਤ-ਅਜ਼ਾਦ, ਵੱਖਰਾ, ਨਿਰਲੇਪ।
ਅਰਥ:- (ਹੇ ਪ੍ਰਭੂ!) ਸਭ ਜੀਵਾਂ ਵਿਚ ਵਿਆਪਕ ਹੋ ਕੇ ਤੂੰ ਆਪ ਹੀ ਸਭ ਕੰਮ ਕਰਦਾ ਹੈਂ ਤੇ ਫ਼ਰਜ਼ ਨਿਬਾਹੁੰਦਾ ਹੈਂ। ਇਹ ਕਰਦਾ ਹੋਇਆ (ਭੀ) ਤੂੰ ਸਭ ਤੋਂ ਵੱਖਰਾ ਹੈਂ।੧੪੪।
ਰਸਾਵਲ ਛੰਦ ॥ ਤ੍ਵ ਪ੍ਰਸਾਦਿ ॥
ਨਮੋ ਨਰਕ ਨਾਸੇ ॥
ਸਦੈਵੰ ਪ੍ਰਕਾਸੇ ॥
ਅਨੰਗੰ ਸਰੂਪੇ ॥
ਅਭੰਗੰ ਬਿਭੂਤੇ ॥੧੪੫॥
ਪਦ ਅਰਥ: ਨਮੋ-ਨਮਸਕਾਰ। ਨਰਕ-ਦੋਜ਼ਖ਼, ਉਹ ਅਸਥਾਨ ਜਿਥੇ ਪਾਪੀਆਂ ਨੂੰ ਮੌਤ ਤੋਂ ਪਿਛੋਂ ਕਈ ਕਿਸਮ ਦੇ ਤਸੀਹੇ ਦਿਤੇ ਮੰਨੇ ਜਾਂਦੇ ਹਨ। ਸਦੈਵੰ-ਸਦਾ+ਏਵ, ਸਦਾ ਹੀ। ਪ੍ਰਕਾਸੇ-ਚਾਨਣ। ਅਨੰਗ-ਅਨ+ਅੰਗ, ਅੰਗਾਂ ਤੋਂ ਰਹਿਤ। ਅਭੰਗ-ਅ+ਭੰਗ, ਨਾਸ ਰਹਿਤ। ਬਿਭੂਤਿ-ਐਸ਼ਵਰਜ, ਪ੍ਰਤਾਪ, ਤੇਜ।
ਅਰਥ:- (ਹੇ ਪ੍ਰਭੂ!) ਤੈਨੂੰ (ਅਸਾਡੀ) ਨਮਸਕਾਰ ਹੈਂ, ਤੂੰ (ਜੀਵਾਂ ਦੇ) ਨਰਕ ਦਾ ਨਾਸ ਕਰਨ ਵਾਲਾ ਹੈਂ, ਤੂੰ ਸਦਾ ਹੀ ਚਾਨਣ ਸਰੂਪ ਹੈਂ। ਹੇ ਅੰਗਾਂ ਤੋਂ ਰਹਿਤ ਸਰੂਪ ਵਾਲੇ। (ਤੈਨੂੰ ਨਮਸਕਾਰ ਹੈ), ਤੇਰਾ ਪ੍ਰਤਾਪ ਕਦੇ ਨਾਸ ਨਹੀਂ ਹੁੰਦਾ।੧੪੫।
ਪ੍ਰਮਾਥੰ ਪ੍ਰਮਾਥੇ ॥
ਸਦਾ ਸਰਬ ਸਾਥੇ ॥
ਅਗਾਧ ਸਰੂਪੇ ॥
ਨ੍ਰਿਬਾਧ ਬਿਭੂਤੇ ॥੧੪੬॥
ਪਦ ਅਰਥ: ਮਥ-ਰਿੜਕਣਾ। ਪ੍ਰਮਥ-ਤੰਗ ਕਰਨਾ, ਤਸੀਹੇ ਦੇਣੇ, ਦੁੱਖ ਦੇਣਾ। ਪ੍ਰਮਾਥ-ਜੋ ਹੋਰਨਾਂ ਨੂੰ ਦੁਖੀ ਕਰੇ। ਅਗਾਧ-ਅਥਾਹ। ਸਰੂਪ-ਹਸਤੀ। ਨ੍ਰਿਬਾਧ-ਨਿਰ+ਬਾਧ। ਨਿਰ-ਬਿਨਾ। ਨ੍ਰਿਬਾਧ-ਜਿਸ ਵਿਚ ਕੋਈ ਰੋਕ ਨਾ ਪਾਈ ਜਾ ਸਕੇ। ਬਿਭੂਤਿ-ਪ੍ਰਤਾਪ।
ਅਰਥ:- (ਹੇ ਪ੍ਰਭੂ! ਤੈਨੂੰ ਨਮਸਕਾਰ ਹੈ) ਤੂੰ ਉਹਨਾਂ ਦਾ (ਭੀ) ਨਾਸ ਕਰਨ ਵਾਲਾ ਹੈਂ ਜੋ (ਦੂਜਿਆਂ ਨੂੰ) ਦੁਖੀ ਕਰਦੇ ਹਨ, ਕਿਉਂਕਿ ਹੇ ਪ੍ਰਭੂ! ਤੂੰ ਸਭ ਦਾ (ਕਮਜ਼ੋਰਾਂ ਦਾ ਭੀ) ਸਹਾਈ ਹੈ, ਤੇਰੀ ਹਸਤੀ ਅਥਾਹ ਹੈ (ਤੇ) ਤੇਰੇ ਪ੍ਰਤਾਪ ਨੂੰ ਕੋਈ ਰੋਕ ਨਹੀਂ ਸਕਦਾ।੧੪੬।
ਅਨੰਗੀ ਅਨਾਮੇ ॥
ਤ੍ਰਿਭੰਗੀ ਤ੍ਰਿਕਾਮੇ ॥
ਨ੍ਰਿਭੰਗੀ ਸਰੂਪੇ ॥
ਸਰਬੰਗੀ ਅਨੂਪੇ ॥੧੪੭॥
ਪਦ ਅਰਥ: ਨ੍ਰਿਭੰਗੀ-ਨਿਰ-ਭੰਗੀ, ਨਾਸ ਰਹਿਤ। ਸਰਬੰਗੀ-ਸਰਬ+ਅੰਗੀ। ਸਰਬ-ਮੁਕੰਮਲ। ਅੰਗ-ਸਰੀਰ। ਅਨੂਪ-ਬੇ ਮਿਸਾਲ, ਜਿਸ ਵਰਗਾ ਹੋਰ ਕੋਈ ਨਾ ਹੋਵੇ।
ਅਰਥ:- ਹੇ ਪ੍ਰਭੂ! (ਤੈਨੂੰ ਨਮਸਕਾਰ ਹੈ, ਤੇਰੀ ਰਚੀ ਸ੍ਰਿਸ਼ਟੀ ਵਾਂਗ) ਤੇਰੇ ਕੋਈ ਅੰਗ ਨਹੀਂ ਹਨ, ਤੇਰਾ ਕੋਈ ਇਕ ਨਾਮ ਨਹੀਂ ਹੈ। ਤੂੰ ਤਿੰਨਾਂ ਹੀ ਭਵਨਾਂ ਦਾ ਨਾਸ ਕਰਨ ਵਾਲਾ ਹੈਂ ਅਤੇ ਤਿੰਨਾਂ ਹੀ ਭਵਨਾਂ ਦੇ ਜੀਵਾਂ ਦੀ ਕਾਮਨਾ ਭੀ ਪੂਰੀ ਕਰਨ ਵਾਲਾ ਹੈਂ। ਹੇ ਪ੍ਰਭੂ! ਤੇਰਾ ਸਰੂਪ ਨਾਸ-ਰਹਿਤ ਹੈ, (ਕਿਉਂਕਿ) ਤੇਰੀ ਹਸਤੀ ਮੁਕੰਮਲ ਹੈ (ਅਤੇ) ਕੋਈ ਤੇਰੇ ਵਰਗਾ ਨਹੀਂ ਹੈ।੧੪੭।
ਨ ਪੋਤ੍ਰੈ ਨ ਪੁੱਤ੍ਰੈ ॥
ਨ ਸੱਤ੍ਰੈ ਨ ਮਿਤ੍ਰੈ ॥
ਨ ਤਾਤੈ ਨ ਮਾਤੈ ॥
ਨ ਜਾਤੈ ਨ ਪਾਤੈ ॥੧੪੮॥
ਪਦ ਅਰਥ: ਸਤ੍ਰ-ਵੈਰੀ। ਤਾਤ-ਪਿਉ। ਪਾਤਿ-ਕੁਲ।
ਅਰਥ:- (ਹੇ ਪ੍ਰਭੂ! ਜਗਤ ਦੇ ਜੀਵਾਂ ਦੀ 'ਮੇਰ ਤੇਰ' ਤੇ 'ਅਪਣੱਤ' ਵਾਂਗ) ਨਾ ਤੇਰਾ ਕੋਈ ਪੁੱਤਰ ਹੈ ਨਾ ਕੋਈ ਪੋਤਰਾ; ਨਾ ਤੇਰਾ ਕੋਈ ਵੈਰੀ ਹੈ ਨਾ ਸੱਜਣ; ਨਾ ਤੇਰਾ ਕੋਈ ਪਿਉ ਹੈ ਨਾ ਤੇਰੀ ਕੋਈ ਮਾਂ ਹੈ; ਨਾ ਤੇਰੀ ਕੋਈ ਜਾਤਿ ਹੈ ਤੇ ਨਾ ਹੀ ਤੇਰੀ ਕੋਈ ਕੁਲ ਹੈ।੧੪੮।
ਨ੍ਰਿਸਾਕੰ ਸਰੀਕ ਹੈਂ ॥
ਅਮਿਤੋ ਅਮੀਕ ਹੈਂ ॥
ਸਦੈਵੰ ਪ੍ਰਭਾ ਹੈਂ ॥
ਅਜੈ ਹੈਂ ਅਜਾ ਹੈਂ ॥੧੪੯॥
ਪਦ ਅਰਥ: ਨ੍ਰਿਸਾਕ-ਨਿਰ ਸਾਕ। ਸਰੀਕ-(ਭਾਵ, ਨਿਰ) ਸ਼ਰੀਕ। ਅਮਿਤੋ-ਅਮਿਤ, ਅ+ਮਿਤ। ਮਿਤ-ਮਿਣਿਆ ਹੋਇਆ, ਜੋ ਮਿਣਿਆ ਜਾ ਸਕੇ। ਅਮਿਤ-ਜੋ ਮਿਣਿਆ ਨਾ ਜਾ ਸਕੇ, ਬੇਅੰਤ। ਅਮੀਕ-ਡੂੰਘਾ। ਪ੍ਰਭਾ-ਪ੍ਰਕਾਸ਼, ਚਾਨਣ। ਸਦੈਵ-ਸਦਾ+ਏਵ, ਸਦਾ ਹੀ। ਅਜੈ-ਅ+ਜੈ, ਅਜਿੱਤ। ਅਜਾ-ਅ+ਜਾ, ਜਨਮ ਰਹਿਤ।
ਅਰਥ:- (ਹੇ ਪ੍ਰਭੂ!) ਦੁਨੀਆ ਦੇ ਬੰਦਿਆਂ ਵਾਂਗ ਨਾ ਤੇਰਾ ਕੋਈ ਸਨਬੰਧੀ ਹੈ ਤੇ ਨਾ ਤੇਰਾ ਕੋਈ ਸ਼ਰੀਕ ਹੈ; ਤੂੰ ਇਕ ਐਸੀ ਡੂੰਘੀ ਹਸਤੀ ਹੈਂ ਜਿਸ ਦਾ ਥਹੁ ਨਹੀਂ ਪਾਇਆ ਜਾ ਸਕਦਾ। (ਹੇ ਪ੍ਰਭੂ!) ਤੂੰ ਸਦਾ ਹੀ ਚਾਨਣ ਸਰੂਪ ਹੈਂ; ਨਾ ਤੈਨੂੰ ਕੋਈ ਜਿੱਤ ਸਕਦਾ ਹੈ ਤੇ ਨਾ ਤੂੰ ਜਨਮ ਵਿਚ ਆਉਂਦਾ ਹੈਂ।੧੪੯।
ਭਗਵਤੀ ਛੰਦ ॥ ਤ੍ਵ ਪ੍ਰਸਾਦਿ ॥
ਕਿ ਜ਼ਾਹਰ ਜ਼ਹੂਰ ਹੈਂ ॥
ਕਿ ਹਾਜ਼ਰ ਜਜ਼ੂਰ ਹੈਂ ॥
ਹਮੇਸੁਲ ਸਲਾਮ ਹੈਂ ॥
ਸਮਸਤੁਲ ਕਲਾਮ ਹੈਂ ॥੧੫੦॥
ਪਦ ਅਰਥ: ਜ਼ਹੂਰ-ਪ੍ਰਕਾਸ਼। ਜ਼ਾਹਰ ਜ਼ਹੂਰ-ਜਿਸ ਦਾ ਪ੍ਰਕਾਸ਼ ਪਰਤੱਖ ਹੈ। ਸਲਾਮ-ਸਲਾਮਤ, ਥਿਰ ਰਹਿਣ ਵਾਲਾ। ਸਮਸਤ-ਸਾਰੇ। ਕਲਾਮ-ਬੋਲੀ। ਸਮਸਤੁਲ ਕਲਾਮ-ਜੋ ਸਾਰਿਆਂ ਦੀ ਬੋਲੀ (ਦਾ ਵਿਸ਼ਾ) ਹੈ, ਭਾਵ, ਜਿਸ ਦਾ ਜ਼ਿਕਰ ਸਾਰੇ ਜੀਵ ਕਰਦੇ ਹਨ।
ਅਰਥ:- ਹੇ ਪ੍ਰਭੂ! ਤੇਰਾ ਪ੍ਰਕਾਸ਼ ਪਰਤੱਖ ਦਿੱਸਦਾ ਹੈ, (ਕਿਉਂਕਿ) ਤੂੰ (ਹਰ ਥਾਂ) ਮੌਜੂਦ ਹੈਂ ਤੇ (ਹਰੇਕ ਦੇ) ਅੰਗ-ਸੰਗ ਹੈਂ। ਹੇ ਪ੍ਰਭੂ! ਤੂੰ ਸਦਾ ਥਿਰ ਰਹਿਣ ਵਾਲਾ ਹੈਂ, ਸਾਰੇ ਜੀਵ ਤੇਰੇ ਹੀ ਗੁਣਾਂ ਦਾ ਜ਼ਿਕਰ ਕਰਦੇ ਹਨ।੧੫੦।
ਕਿ ਸਾਹਿਬ ਦਿਮਾਗ਼ ਹੈਂ ॥
ਕਿ ਹੁਸਨਲ ਚਰਾਗ਼ ਹੈਂ ॥
ਕਿ ਕਾਮਲ ਕਰੀਮ ਹੈਂ ॥
ਕਿ ਰਾਜ਼ਕ ਰਹੀਮ ਹੈਂ ॥੧੫੧॥
ਪਦ ਅਰਥ: ਸਾਹਿਬ-ਮਾਲਕ। ਦਿਮਾਗ਼-ਸਮਝ, ਬੁੱਧ। ਹੁਸਨੁਲ-ਹੁਸਨ ਦਾ, ਸੁੰਦਰਤਾ ਦਾ। ਚਰਾਗ਼-ਦੀਵਾ। ਕਾਮਲ-ਮੁਕੰਮਲ, ਪੂਰਨ। ਕਰੀਮ-ਬਖ਼ਸ਼ਸ਼ ਕਰਨ ਵਾਲਾ। ਰਾਜ਼ਕ-ਰਿਜ਼ਕ ਦੇਣ ਵਾਲਾ। ਰਹੀਮ-ਰਹਿਮ ਕਰਨ ਵਾਲਾ।
ਅਰਥ:- ਹੇ ਪ੍ਰਭੂ! ਤੂੰ (ਉੱਚੀ) ਸਮਝ ਦਾ ਮਾਲਕ ਹੈਂ ਤੇ ਸੁੰਦਰਤਾ ਦਾ ਸੋਮਾ ਹੈਂ (ਜਿਵੇਂ ਦੀਵਾ ਚਾਨਣ ਦੇਣ ਵਾਲਾ ਹੈਂ)। ਹੇ ਪ੍ਰਭੂ! ਤੂੰ (ਸਭ ਜੀਵਾਂ ਉਤੇ) ਪੂਰਨ ਬਖ਼ਸ਼ਸ਼ ਕਰਨ ਵਾਲਾ ਹੈਂ; ਤੂੰ ਸਭ ਨੂੰ ਰਿਜ਼ਕ ਦੇਣ ਵਾਲਾ ਹੈਂ ਅਤੇ ਸਭ ਉਤੇ ਮਿਹਰ ਕਰਨ ਵਾਲਾ ਹੈਂ।੧੫੧।
ਕਿ ਰੋਜ਼ੀ ਦਿਹਿੰਦ ਹੈਂ ॥
ਕਿ ਰਾਜ਼ਕ ਰਹਿੰਦ ਹੈਂ ॥
ਕਰੀਮੁਲ ਕਮਾਲ ਹੈਂ ॥
ਕਿ ਹੁਸਨਲ ਜਮਾਲ ਹੈਂ ॥੧੫੨॥
ਪਦ ਅਰਥ: ਦਿਹਿੰਦ-ਦੇਣ ਵਾਲਾ। ਰਹਿੰਦ-ਰਿਹਾਈ ਦੇਣ ਵਾਲਾ, ਮੁਕਤੀ ਦਾਤਾ। ਕਮਾਲ-ਪੂਰਨਤਾ, ਸਭ ਤੋਂ ਉੱਚੀ ਹੱਦ। ਜਮਾਲ-ਕੋਮਲ ਸੁੰਦਰਤਾ (ਜਿਵੇਂ ਚੰਦ੍ਰਮਾ ਦੀ ਹੈ)। ਹੁਸਨ-ਸੁੰਦਰਤਾ।
ਅਰਥ:- ਹੇ ਪ੍ਰਭੂ! ਤੂੰ (ਸਭ ਨੂੰ) ਰਿਜ਼ਕ ਦੇਣ ਵਾਲਾ ਹੈਂ, ਰੋਜ਼ੀ ਦੇਣ ਵਾਲਾ ਹੈਂ ਤੇ ਮੁਕਤੀ ਦਾਤਾ ਭੀ ਹੈਂ। ਤੂੰ ਪੂਰਨ (ਭਾਵ, ਸਭ ਜੀਵਾਂ ਉਤੇ) ਬਖ਼ਸ਼ਸ਼ ਕਰਨ ਵਾਲਾ ਹੈਂ, ਤੇ ਕੋਮਲ ਸੁੰਦਰਤਾ ਵਾਲਾ ਹੈਂ।੧੫੨।
ਗ਼ਨੀਮੁਲ ਖ਼ਿਰਾਜ ਹੈਂ ॥
ਗ਼ਰੀਬੁਲ ਨਿਵਾਜ਼ ਹੈਂ ॥
ਹਰੀਫ਼ੁਲ ਸ਼ਿਕੰਨ ਹੈਂ ॥
ਹਿਰਾਸੁਲ ਫਿਕੰਨ ਹੈਂ ॥੧੫੩॥
ਪਦ ਅਰਥ: ਗ਼ਨੀਮ-ਵੈਰੀ। ਖ਼ਿਰਾਜ-ਹਾਲਾ। ਨਿਵਾਜ-ਵਡਿਆਉਣ ਵਾਲਾ। ਹਰੀਫ਼-ਵੈਰੀ। ਸ਼ਿਕੰਨ-ਤੋੜਨ ਵਾਲਾ। ਹਿਰਾਸ-ਡਰ। ਫ਼ਿਕੰਨ-ਪਰੇ ਸਿੱਟਣ ਵਾਲਾ।
ਅਰਥ:- ਹੇ ਪ੍ਰਭੂ! ਤੂੰ ਵੈਰੀਆਂ ਤੋਂ ਹਾਲਾ ਭਰਨ ਵਾਲਾ ਹੈਂ ਅਤੇ ਗ਼ਰੀਬਾਂ ਨੂੰ ਵਡਿਆਉਣ ਵਾਲਾ ਹੈਂ (ਭਾਵ, ਜੋ ਤੇਰੇ ਅੱਗੇ ਅੜਦੇ ਹਨ ਉਹ ਆਖ਼ਰ ਸ਼ਰਮ ਸਾਰ ਹੁੰਦੇ ਹਨ; ਪਰ ਜੋ ਤੇਰੀ ਸ਼ਰਨ ਆਉਂਦੇ ਹਨ, ਤੂੰ ਉਹਨਾਂ ਨੂੰ ਮਾਣ ਦੇਂਦਾ ਹੈ)। ਹੇ ਪ੍ਰਭੂ! ਤੂੰ ਵੈਰੀਆਂ ਦੇ (ਸਿਰ) ਤੋੜਨ ਵਾਲਾ ਹੈਂ, ਕੋਈ ਡਰ ਤੇਰੇ ਨੇੜੇ ਨਹੀਂ ਢੁਕ ਸਕਦਾ।੧੫੩।
ਕਲੰਕੰ ਪ੍ਰਣਾਸ ਹੈਂ ॥
ਸਮਸਤੁਲ ਨਿਵਾਸ ਹੈਂ ॥
ਅਗੰਜੁਲ ਗਨੀਮ ਹੈਂ ॥
ਰਜ਼ਾਇਕ ਰਹੀਮ ਹੈਂ ॥੧੫੪॥
ਪਦ ਅਰਥ: ਕਲੰਕ-ਧੱਬਾ, ਦਾਗ਼, ਬਦਨਾਮੀ। ਅਗੰਜ-ਅ+ਗੰਜ। ਗੰਜਨ-ਹਰਾ ਦੇਣਾ, (ਕਿਸੇ ਤੋਂ) ਵਧ ਜਾਣਾ। ਅਗੰਜ-ਅਜਿੱਤ। ਗ਼ਨੀਮ-ਵੈਰੀ। ਰਜ਼ਾਇਕ-ਰੋਜ਼ੀ ਦੇਣ ਵਾਲਾ।
ਅਰਥ:- ਹੇ ਪ੍ਰਭੂ! ਤੂੰ (ਆਪਣੇ ਬੰਦਿਆਂ ਦੇ) ਕਲੰਕ ਦੂਰ ਕਰਨ ਵਾਲਾ ਹੈਂ, ਸਭ ਜੀਵਾਂ ਵਿਚ ਮੌਜੂਦ ਹੈਂ। ਵੈਰੀ ਤੈਨੂੰ ਜਿੱਤ ਨਹੀਂ ਸਕਦੇ, ਤੂੰ ਸਭ ਨੂੰ ਰਿਜ਼ਕ ਦੇਣ ਵਾਲਾ ਹੈਂ, ਸਭ ਤੇ ਰਹਿਮ ਕਰਨ ਵਾਲਾ ਹੈਂ।੧੫੪।
ਸਮਸਤੁਲ ਜੁਬਾਂ ਹੈਂ ॥
ਕਿ ਸਾਹਿਬ ਕਿਰਾਂ ਹੈਂ ॥
ਕਿ ਨਰਕੰ ਪ੍ਰਣਾਸ ਹੈਂ ॥
ਬਹਿਸਤੁਲ ਨਿਵਾਸ ਹੈਂ ॥੧੫੫॥
ਪਦ ਅਰਥ: ਜ਼ਬਾਂ-ਜੀਭ। ਸਮਸਤ-ਸਾਰੇ (ਜੀਵ) ਕਿਰਾਂ-ਐਸ਼ਵਰਜ, ਪਰਤਾਪ।
ਅਰਥ:- ਹੇ ਪ੍ਰਭੂ! ਤੂੰ ਸਾਰੇ ਜੀਵਾਂ ਦੀ ਜੀਭ ਹੈਂ (ਭਾਵ, ਸਭ ਜੀਵਾਂ ਦੇ ਅੰਦਰ ਤੂੰ ਆਪ ਹੀ ਬੋਲ ਰਿਹਾ ਹੈਂ), ਤੂੰ ਵੱਡੇ ਪਰਤਾਪ ਵਾਲਾ ਹੈਂ। ਤੂੰ ਨਰਕਾਂ ਦਾ ਨਾਸ ਕਰਨ ਵਾਲਾ ਹੈਂ, ਅਤੇ ਤੂੰ ਆਪ ਸਵਰਗ ਵਿਚ ਰਹਿੰਦਾ ਹੈਂ (ਭਾਵ, ਹੇ ਪ੍ਰਭੂ! ਜਿਥੇ ਤੂੰ ਹੈਂ ਉਥੇ ਨਰਕ ਦਾ ਦੁਖ ਨੇੜੇ ਨਹੀਂ ਢੁਕ ਸਕਦਾ, ਉਥੇ ਸਦਾ ਸਵਰਗ ਦਾ ਸੁਖ ਹੈ)।੧੫੫।
ਕਿ ਸਰਬੁਲ ਗਵੰਨ ਹੈਂ ॥
ਹਮੇਸੁਲ ਰਵੰਨ ਹੈਂ ॥
ਤਮਾਮੁਲ ਤਮੀਜ਼ ਹੈਂ ॥
ਸਮਸਤੁਲ ਅਜ਼ੀਜ਼ ਹੈਂ ॥੧੫੬॥
ਪਦ ਅਰਥ: ਗਵੰਨ-ਗਵਨ, ਗਮਨ, ਪਹੁੰਚ। ਰਵੰਨ-ਰਵਨ, ਰਮਣ, ਖੁਸ਼ੀ, ਅਨੰਦ। ਹਮੇਸ਼-ਸਦਾ। ਤਮਾਮ-ਸਾਰੇ ਜੀਵ। ਤਮੀਜ਼-ਪਛਾਣ। ਅਜ਼ੀਜ਼-ਪਿਆਰਾ।
ਅਰਥ:- ਹੇ ਪ੍ਰਭੂ! ਸਭ ਜੀਵਾਂ ਵਿਚ ਤੇਰੀ ਪਹੁੰਚ ਹੈ (ਭਾਵ, ਤੂੰ ਸਭ ਜੀਵਾਂ ਵਿਚ ਮੌਜੂਦ ਹੈਂ) ਅਤੇ ਤੂੰ ਸਦਾ ਹੀ ਅਨੰਦ (ਸਰੂਪ) ਹੈਂ। ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਛਾਣ (ਸੰਭਾਲ) ਕਰਦਾ ਹੈਂ, ਅਤੇ ਸਭ ਜੀਵਾਂ ਦਾ ਪਿਆਰਾ ਹੈਂ।੧੫੬।
ਪਰੰ ਪਰਮ ਈਸ ਹੈਂ ॥
ਸਮਸਤੁਲ ਅਦੀਸ ਹੈਂ ॥
ਅਦੇਸੁਲ ਅਲੇਖ ਹੈਂ ॥
ਹਮੇਸੁਲ ਅਭੇਖ ਹੈਂ ॥੧੫੭॥
ਪਦ ਅਰਥ: ਪਰੰ-ਸਭ ਤੋਂ ਵੱਡਾ। ਪਰਮ-ਸਭ ਤੋਂ ਵੱਡਾ। ਈਸ-ਈਸ਼ਵਰ, ਮਾਲਕ। ਅਦੀਸ-ਆਦਿ+ਈਸ, ਸ਼ੁਰੂ ਤੋਂ ਹੀ ਮਾਲਕ। ਅਦੇਸ-ਅ+ਦੇਸ, ਦੇਸ ਰਹਿਤ। ਅਲੇਖ-ਅ+ਲੇਖ, ਚਿੱਤ੍ਰ ਰਹਿਤ।
ਅਰਥ:- ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਮਾਲਕ ਹੈਂ, (ਜਗਤ ਦੇ) ਸ਼ੁਰੂ ਤੋਂ ਹੀ ਸਭ ਦਾ ਮਾਲਕ ਹੈਂ, ਤੇਰਾ ਕੋਈ ਖ਼ਾਸ ਟਿਕਾਣਾ ਨਹੀਂ ਦਸਿਆ ਜਾ ਸਕਦਾ, ਨਾ ਹੀ ਤੇਰਾ ਕੋਈ ਚਿੱਤ੍ਰ ਬਣਾਇਆ ਜਾ ਸਕਦਾ ਹੈ ਅਤੇ ਕਦੇ ਭੀ ਤੇਰਾ ਕੋਈ ਖ਼ਾਸ ਲਿਬਾਸ ਨਹੀਂ ਹੋਇਆ।੧੫੭।
ਜ਼ਮੀਨੁਲ ਜ਼ਮਾ ਹੈਂ ॥
ਅਮੀਕੁਲ ਇਮਾ ਹੈਂ ॥
ਕਰੀਮੁਲ ਕਮਾਲ ਹੈਂ ॥
ਕਿ ਜੁਰਅਤਿ ਜਮਾਲ ਹੈਂ ॥੧੫੮॥
ਪਦ ਅਰਥ: ਜ਼ਮੀਨ-ਧਰਤੀ। ਜ਼ਮਾਂ-ਜ਼ਮਾਨ, ਸਮਾ। ਅਮੀਕ-ਡੂੰਘਾ। ਇਮਾ-ਇਸ਼ਾਰਾ, ਰਮਜ਼। ਕਰੀਮ-ਬਖ਼ਸ਼ਸ਼ (ਕਰਮ) ਕਰਨ ਵਾਲਾ। ਜੁਰਅਤਿ-ਦਲੇਰੀ, ਬੀਰਤਾ। ਜਮਾਲ-ਸੁੰਦਰਤਾ, ਖੂਬਸੂਰਤੀ।
ਅਰਥ:- ਹੇ ਪ੍ਰਭੂ! ਤੂੰ ਧਰਤੀ ਉਤੇ (ਭਾਵ, ਹਰ ਥਾਂ) ਅਤੇ ਹਰ ਸਮੇ ਮੌਜੂਦ ਹੈਂ, ਤੇਰੀ ਰਮਜ਼ ਬੜੀ ਡੂੰਘੀ ਹੈ (ਭਾਵ, ਤੇਰਾ ਭੇਦ ਕੋਈ ਪਾ ਨਹੀਂ ਸਕਦਾ)। ਤੂੰ ਪੂਰਨ ਬਖ਼ਸ਼ਸ਼ ਕਰਨ ਵਾਲਾ ਹੈਂ ਅਤੇ ਤੇਰੀ ਬੀਰਤਾ ਤੇਰੀ ਤੇਰੀ ਸੁੰਦਰਤਾ ਹੈ (ਭਾਵ ਤੂੰ ਬੀਰ ਬਾਂਕਾ ਹੈਂ)।੧੫੮।
ਕਿ ਅਚਲੰ ਪ੍ਰਕਾਸ ਹੈਂ ॥
ਕਿ ਅਮਿਤੋ ਸੁਬਾਸ ਹੈਂ ॥
ਕਿ ਅਜਬ ਸਰੂਪ ਹੈਂ ॥
ਕਿ ਅਮਿਤੋ ਬਿਭੂਤ ਹੈਂ ॥੧੫੯॥
ਪਦ ਅਰਥ: ਅਚਲ-ਅ+ਚਲ, ਅਹਿੱਲ। ਅਮਿਤੋ-ਅਮਿਤ, ਅ+ਮਿਤ, ਅਮਿਣਵੀਂ। ਸੁਬਾਸ-ਸੁਗੰਧੀ। ਅਜਬ-ਅਸਚਰਜ। ਬਿਭੂਤਿ-ਐਸ਼ਵਰਜ, ਪਰਤਾਪ।
ਅਰਥ:- ਹੇ ਪ੍ਰਭੂ! ਤੇਰੀ ਜੋਤਿ ਕਦੇ ਡੋਲਣ ਵਾਲੀ ਨਹੀਂ, ਤੂੰ ਅਮਿਣਵੀਂ (ਬੇਅੰਤ) ਸੁਗੰਧੀ ਵਾਲਾ ਹੈਂ। ਅਸਚਰਜ ਤੇਰਾ ਰੂਪ ਹੈ ਤੇ ਬੇਅੰਤ ਤੇਰਾ ਪਰਤਾਪ ਹੈਂ।੧੫੯।
ਕਿ ਅਮਿਤੋ ਪਸਾ ਹੈਂ ॥
ਕਿ ਆਤਮ ਪ੍ਰਭਾ ਹੈਂ ॥
ਕਿ ਅਚਲੰ ਅਨੰਗ ਹੈਂ ॥
ਕਿ ਅਮਿਤੋ ਅਭੰਗ ਹੈਂ ॥੧੬੦॥
ਪਦ ਅਰਥ: ਅਮਿਤੋ-ਅਮਿਣਵਾਂ। ਪਸਾ-ਪਸਾਰਾ। ਅਮਿਤੋ ਪਸਾ-ਬੇਅੰਤ ਖਿਲਾਰੇ ਵਾਲਾ। ਪ੍ਰਭਾ-ਚਾਨਣ, ਪ੍ਰਕਾਸ਼। ਆਤਮ-ਆਪਾ। ਆਤਮ ਪ੍ਰਭਾ-ਜਿਸ ਦਾ ਆਪਾ (ਭਾਵ, ਸਰੂਪ) ਪ੍ਰਕਾਸ਼ ਹੀ ਪ੍ਰਕਾਸ਼ ਹੈ। ਅਚਲ-ਅਡੋਲ, ਨਾ ਡੋਲਣ ਵਾਲਾ। ਅਨੰਗ-ਅਨ+ਅੰਗ, ਸਰੀਰ ਰਹਿਤ। ਅਭੰਗ-ਅ+ਭੰਗ, ਨਾਸ ਰਹਿਤ।
ਅਰਥ:- ਹੇ ਪ੍ਰਭੂ! ਤੂੰ (ਜਗਤ ਰੂਪ) ਬੇਅੰਤ ਖਿਲਾਰੇ ਦਾ ਮਾਲਕ ਹੈਂ, (ਫਿਰ ਭੀ) ਤੇਰਾ ਆਪਾ (ਭਾਵ, ਸਰੂਪ) ਨਿਰਾ ਚਾਨਣ ਹੀ ਚਾਨਣ ਹੈ। ਤੂੰ ਕਦੇ ਡੋਲਦਾ ਨਹੀਂ ਹੈਂ, (ਜੀਵਾਂ ਵਾਂਗ) ਤੇਰਾ ਕੋਈ ਸਰੀਰ ਨਹੀਂ ਹੈਂ; ਤੂੰ ਬੇਅੰਤ ਹੈ ਅਤੇ ਕਦੇ ਨਾਸ ਹੋਣ ਵਾਲਾ ਨਹੀਂ ਹੈਂ।੧੬੦।
ਮਧੁਭਾਰ ਛੰਦ ॥ ਤ੍ਵ ਪ੍ਰਸਾਦਿ ॥
ਮੁਨਿ ਮਨਿ ਪ੍ਰਨਾਮ ॥
ਗੁਨਿ ਗਨ ਮੁਦਾਮ ॥
ਅਰਿ ਬਰ ਅਗੰਜ ॥
ਹਰਿ ਨਰ ਪ੍ਰਭੰਜ ॥੧੬੧॥
ਪਦ ਅਰਥ: ਮੁਨਿ-ਰਿਸ਼ੀ, ਤਪੀ। ਮਨਿ-ਮਨ ਵਿਚ। ਗੁਣ-ਸਮੂੰਹ। ਗੁਣ ਗਣ-ਗੁਣਾਂ ਦੇ ਸਮੂੰਹ (ਦਾ ਮਾਲਕ), ਜਿਸ ਵਿਚ ਸਾਰੇ ਹੀ ਗੁਣ ਹਨ। ਮੁਦਾਮ-ਸਦਾ। ਅਰਿ-ਵੈਰੀ। ਅਰਿ ਬਰ-ਅਰਿ ਵਰ, ਵੱਡੇ ਵੱਡੇ ਵੈਰੀ। ਅਗੰਜ-ਅਜਿੱਤ, ਜੋ ਨਾ ਜਿੱਤਿਆ ਜਾਏ। ਪ੍ਰਭੰਜ-ਨਾਸ ਕਰਨ ਵਾਲਾ। ਹਰਿ ਨਰ-ਨਰ ਨਾਰਿ, ਨਰਸਿੰਘ, ਨਰਾਂ ਦਾ ਰਾਜਾ, ਸਭ ਬੰਦਿਆਂ ਦਾ ਮਾਲਕ।
ਅਰਥ:- (ਹੇ ਪ੍ਰਭੂ!) ਤਪੀ ਲੋਕ ਤੈਨੂੰ ਆਪਣੇ ਮਨ ਵਿਚ ਨਮਸਕਾਰ ਕਰਦੇ ਹਨ, ਤੂੰ ਸਦਾ ਬੇਅੰਤ ਗੁਣਾਂ ਦਾ ਮਾਲਕ ਹੈਂ। (ਹੇ ਪ੍ਰਭੂ!) ਤੂੰ ਵੱਡੇ ਵੱਡੇ ਵੈਰੀਆਂ ਤੋਂ ਬੀ ਅਜਿੱਤ ਹੈਂ। ਤੂੰ ਸਭ ਬੰਦਿਆਂ ਦਾ ਮਾਲਕ ਹੈਂ ਅਤੇ ਸਭ ਦਾ ਨਾਸ ਕਰਨ ਵਾਲਾ ਹੈਂ।੧੬੧।
ਅਨ ਗਨ ਪ੍ਰਨਾਮ ॥
ਮੁਨਿ ਮਨਿ ਸਲਾਮ ॥
ਹਰਿ ਨਰ ਅਖੰਡ ॥
ਬਰ ਨਰ ਅਮੰਡ ॥੧੬੨॥
ਪਦ ਅਰਥ: ਅਨਗਣ-ਅਨਗਿਣਤ। ਸਲਾਮ-ਪ੍ਰਣਾਮ, ਨਮਸਕਾਰ। ਅਖੰਡ-ਮੁਕੰਮਲ, ਸੰਪੂਰਨ। ਬਰ ਨਰ-ਮਨੁੱਖਾਂ ਵਿਚ ਸ੍ਰੇਸ਼ਟ। ਅਮੰਡ-ਜਿਸ ਨੂੰ ਕਿਸੇ ਸਜਾਵਟ ਦੀ ਲੋੜ ਨਹੀਂ।
ਅਰਥ:- (ਹੇ ਪ੍ਰਭੂ!) ਅਨਗਿਣਤ ਜੀਵ ਤੈਨੂੰ ਪਰਣਾਮ ਕਰਦੇ ਹਨ, ਤਪੀ ਲੋਕ ਤੈਨੂੰ ਹੀ ਆਪਣੇ ਮਨ ਵਿਚ ਬੰਦਨਾ ਕਰਦੇ ਹਨ। (ਸਾਰੀ ਕਾਇਨਾਤ ਦੀ ਸਰਦਾਰ) ਮਨੁੱਖ (ਜਾਤੀ) ਵਿਚ ਤੂੰ ਸ਼ੇਰ (ਰੂਪ) ਹੈਂ ਅਤੇ ਸੰਪੂਰਨ (ਗੁਣਾਂ ਵਾਲਾ) ਹੈਂ; ਮਨੁੱਖਾਂ ਤੋਂ ਸ੍ਰੇਸ਼ਟ ਹੈਂ ਅਤੇ ਤੈਨੂੰ ਕਿਸੇ ਸੁਹੱਪਣ ਦੀ ਲੋੜ ਨਹੀਂ ਹੈਂ।੧੬੨।
ਅਨਭਵ ਅਨਾਸ ॥
ਮੁਨਿ ਮਨਿ ਪ੍ਰਕਾਸ ॥
ਗੁਨਿ ਗਨ ਪ੍ਰਨਾਮ ॥
ਜਲ ਥਲ ਮੁਦਾਮ ॥੧੬੩॥
ਪਦ ਅਰਥ: ਅਨਾਸ-ਹੇ ਨਾਸ ਰਹਿਤ। ਅਨੁਭਵ-ਆਪਣੇ ਆਪ ਤੋਂ ਪ੍ਰਾਪਤ ਹੋਇਆ ਗਿਆਨ। ਪ੍ਰਕਾਸ਼-ਚਾਨਣ। ਜਲਿ-ਜਲ ਵਿਚ। ਥਲਿ-ਧਰਤੀ ਤੇ। ਮੁਦਾਮ-ਸਦਾ। ਗੁਣ ਗਣ-ਸਮੂੰਹ ਗੁਣਾਂ ਵਾਲਾ।
ਅਰਥ:- ਹੇ ਅਬਿਨਾਸੀ ਪ੍ਰਭੂ! ਤੂੰ ਆਪ ਗਿਆਨ ਰੂਪ ਹੈਂ (ਗਿਆਨ ਵਾਸਤੇ ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਸਗੋਂ) ਤਪੀ ਲੋਕਾਂ ਦੇ ਮਨ ਵਿਚ ਤੂੰ ਹੀ ਚਾਨਣ (ਕਰਨ ਵਾਲਾ) ਹੈਂ। ਹੇ ਸਰਬ ਗੁਣ ਪ੍ਰਭੂ! ਤੈਨੂੰ ਨਮਸਕਾਰ ਹੈ; ਜਲ ਵਿਚ, ਧਰਤੀ ਉਤੇ (ਹਰ ਥਾਂ, ਤੂੰ ਹੀ) ਸਦਾ ਮੌਜੂਦ ਹੈਂ।੧੬੩।
ਅਨਛਿੱਜ ਅੰਗ ॥
ਆਸਨ ਅਭੰਗ ॥
ਉਪਮਾ ਅਪਾਰ ॥
ਗਤਿ ਮਿਤਿ ਉਦਾਰ ॥੧੬੪॥
ਪਦ ਅਰਥ: ਅਨਛਿਜ-ਨਾ ਛਿੱਜਣ ਵਾਲਾ, ਪੁਰਾਣਾ ਨਾ ਹੋਣ ਵਾਲਾ। ਅੰਗ-ਸਰੀਰ, ਸਰੂਪ। ਆਸਣ-ਤਖ਼ਤ। ਅਭੰਗ-ਨਾ ਟੁਟਣ ਵਾਲਾ, ਅਤੁੱਟ, ਅਡੋਲ। ਉਪਮਾ-ਬਰਾਬਰੀ। ਅਪਾਰ-ਪਹੁੰਚ ਤੋਂ ਪਰੇ। ਗਤਿ-ਹਾਲਤ, ਅਵਸਥਾ। ਮਿਤਿ-ਮਾਪ, ਅੰਦਾਜ਼ਾ। ਉਦਾਰ-ਬਹੁਤ ਵੱਡੀ।
ਅਰਥ:- ਤੇਰਾ ਸਰੂਪ ਕਦੇ ਪੁਰਾਣਾ ਹੋਣ ਵਾਲਾ ਨਹੀਂ ਹੈ, ਤੇਰਾ ਆਸਣ ਭੀ ਅਡੋਲ ਹੈ, ਤੇਰੀ ਬਰਾਬਰ ਦੀ ਕੋਈ ਹਸਤੀ ਲੱਭਣੀ ਜੀਵ ਦੀ ਪਹੁੰਚ ਤੋਂ ਪਰੇ ਹੈ, ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਇਹ ਦੱਸਣਾ (ਤੇਰੇ ਪੈਦਾ ਕੀਤੇ ਜੀਵਾਂ ਵਾਸਤੇ) ਬਹੁਤ ਵੱਡੀ ਗੱਲ ਹੈਂ।੧੬੪।
ਜਲ ਥਲ ਅਮੰਡ ॥
ਦਿਸ ਵਿਸ ਅਭੰਡ ॥
ਜਲ ਥਲ ਮਹੰਤ ॥
ਦਿਸ ਵਿਸ ਬਿਅੰਤ ॥੧੬੫॥
ਪਦ ਅਰਥ: ਅਮੰਡ-ਜਿਸ ਨੂੰ ਕਿਸੇ ਸਜਾਵਟ ਦੀ ਲੋੜ ਨਾ ਪਏ। ਦਿਸ-ਤਰਫ਼, ਪਾਸਾ। ਵਿਸ-ਵਿਦਿਸ, ਦੋ ਦਿਸ਼ਾਂ ਦੀ ਵਿਚਕਾਰਲੀ ਥਾਂ, ਨੁੱਕਰ। ਅਭੰਡ-ਅ+ਭੰਡ, ਜੋ ਭੰਡ ਵਿਚ ਨਹੀਂ। ਭੰਡ-ਇਸਤ੍ਰੀ। ਅਭੰਡ-ਜੋ ਇਸਤ੍ਰੀ ਤੋਂ ਨਹੀਂ ਹੋਇਆ। ਮਹੰਤ-ਮਹਾਂਤ, ਸਭ ਤੋਂ ਵੱਡਾ।
ਅਰਥ:- (ਹੇ ਪ੍ਰਭੂ!) ਤੂੰ ਜਲ ਵਿਚ, ਧਰਤੀ ਉਤੇ (ਹਰ ਥਾਂ) ਹੈਂ, ਤੈਨੂੰ ਕਿਸੇ ਸਜਾਵਟ ਦੀ ਲੋੜ ਨਹੀਂ; ਤੂੰ ਹਰ ਪਾਸੇ ਤੇ ਹਰ ਨੁੱਕਰੇ ਮੌਜੂਦ ਹੈਂ, ਤੂੰ ਇਸਤ੍ਰੀ ਤੋਂ ਪੈਦਾ ਨਹੀਂ ਹੋਇਆ। ਹੇ ਪ੍ਰਭੂ! ਤੂੰ ਜਲ ਵਿਚ, ਧਰਤੀ ਉਤੇ (ਹਰ ਥਾਂ) ਹੈਂ, ਤੂੰ ਸਭ ਤੋਂ ਵੱਡਾ ਹੈਂ, ਹਰ ਪਾਸੇ, ਹਰ ਨੁੱਕਰੇ ਤੂੰ ਮੌਜੂਦ ਹੈਂ, ਅਤੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ।੧੬੫।