ਪਹਿਲੀ ਪਉੜੀ ਵਿਚ ਫੁਰਮਾਇਆ ਸੀ 'ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ' ਫੇਰ 'ਹੁਕਮ ਤੇ ਚੱਲਣ ਦੀ ਵਿਧੀ' ਸਾਧਨ, ਉਪਰਾਲੇ ਤਰ੍ਹਾਂ ਤਰ੍ਹਾਂ ਦੀ ਵਯਾਖਯਾ ਨਾਲ ਵਰਣਨ ਹੁੰਦੇ ਰਹੇ। ਓਹ ਸਾਰੇ ਅੰਤਰਮੁਖ ਇਸਥਿਤੀ ਯਾ ਧਯਾਨ ਪਰਪੱਕਤਾ ਦੀ ਵਿਉਂਤ ਦੇ 'ਧਯਾਨ ਜਨਯ' ਤ੍ਰੀਕੇ ਸਨ। 'ਪੰਚਾ ਕਾ ਗੁਰੁ ਏਕੁ ਧਿਆਨੁ' (ਪਉੜੀ ੧੬)। ਇਸ ਤੋਂ ਮਗਰੋਂ ਬਾਹਰਲੇ ਦ੍ਰਿਸ਼ਯ ਤੋਂ ਅੰਤਰਮੁਖ ਵਿਸਮਾਦੀ ਰੰਗ ਵਿਚ ਅਪੜਨ ਦੀ ਵਯਾਖਯਾ ਟੁਰੀ ਸੀ ਕਿ ਦ੍ਰਿਸ਼ਟਮਾਨ ਵਿਚ ਜਦ ਕਰਤਾ ਪੁਰਖ ਦੇ ਕਰਣਿਆਂ ਵਿਚ ਜਾਓਗੇ ਤਾਂ ਵਿਸ਼ਾਲਤਾ ਦਿੱਸੇਗੀ। ਜੇ ਵਿਸ਼ਾਲਤਾ ਵਿਚ ਅੰਤ ਲੈਣ ਲਈ ਜਾਓਗੇ ਤਾਂ ਹਾਰ ਜਾਓਗੇ, ਪਰ ਜੇ ਉਸ ਦੀ ਰਚਨਾ ਦੀ ਬਹੁਲਤਾ ਅਗੰਮਤਾ ਦੇਖ ਕੇ ਸਿਫਤ ਸਲਾਹ ਵਿਚ ਹੁੰਦੇ ਹੋਏ ਯਾ ਸਿੱਧੇ ਸੌਂਦਰਯ ਦੇ 'ਦਰਸ਼ਨਅਸਰ' ਨਾਲ ਵਿਸਮਾਦ ਵਿਚ ਚਲੇ ਜਾਓਗੇ ਤਾਂ ਪੰਚ ਬਣੇ ਰਹੋਗੇ।
ਇਹ ਮਾਨੋ ਬਾਹਰਮੁਖੀ ਕੁਦਰਤ ਦੇ ਦਿਦਾਰਿਆਂ ਨਾਲ ਅੰਤ੍ਰੀਵ ਇਸਥਿਤੀ ਦੀ ਪ੍ਰਾਪਤੀ ਦਾ ਤ੍ਰੀਕਾ ਸੀ। ਇਸੇ ਲਈ 'ਸੋਦਰ' ਵਿਚ ਸਾਂਈ ਦੇ ਕੀਤੇ ਦਾ ਇਕ 'ਕੀਰਤਨ ਸਮਾਜ' ਦਾ ਦਰਸ਼ਨ ਦਿਖਾ ਕੇ, ਸਿਫਤ ਸਲਾਹ ਵਿਚ ਲਿਜਾ ਕੇ ਅੰਤ ਕਰਤਾ ਪੁਰਖ ਦੇ ਧਯਾਨ ਵਿਚ ਲੈ ਗਏ ਹਨ: 'ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ॥ (ਜਪੁਜੀ੨੭)। ਦੁਹਾਂ ਤ੍ਰੀਕਿਆਂ ਨਾਲ 'ਉਸ ਦੀ ਰਜ਼ਾ ਵਿਚ ਇਕ ਸਵਰ ਹੋ ਜਾਣਾ' ਇਹ ਮਾਰਗ ਅਪਣੀ ਪ੍ਰੇਮਾਭਗਤੀ ਦੇ ਤ੍ਰੀਕੇ ਦਾ ਸਿਖਾ ਦਿਤਾ ਹੈ। ਪਰ ਏਥੇ ਆ ਕੇ ਮਾਨੋ ਪ੍ਰਸ਼ਨ ਹੋਇਆ ਹੈ ਕਿ 'ਹੇ ਗੁਰੂ ਜੀ! ਇਕ ਤ੍ਰੀਕਾ ਗੋਰਖ ਮਤ ਵਾਲੇ ਜੋਗਿਆਂ ਦਾ ਹੈ ਜੋ ਬੜਾ ਪਰਵਿਰਤ ਹੈ ਅਤੇ ਇਕ ਹੋਰ ਤ੍ਰੀਕਾ 'ਅਹੰਬ੍ਰਹਮਾਸਮੀ' ਕਹਿ ਕੇ ਇਕ ਈਸ਼ਵਰ ਰੂਪ ਹੋ ਜਾਣੇ ਦਾ ਹੈ।
ਤੇ ਹੋਰ ਬੀ ਕਈ ਤ੍ਰੀਕੇ ਹਨ, ਇਨ੍ਹਾਂ ਬਾਬਤ ਆਪ ਦੀ ਕੀਹ ਆਗਿਆ ਹੈ? ਗੁਰੂ ਜੀ ਹੁਣ ਅਗਲੀਆਂ ਚਾਰ ਪਉੜੀਆਂ (੨੮ ਤੋਂ ੩੧) ਵਿਚ ਉਸ ਵੇਲੇ ਦੇ ਫੈਲੇ ਹੋਏ ਜੋਗ ਮਤ ਨੂੰ ਲੈਂਦੇ ਹਨ ਤੇ ਉਨ੍ਹਾਂ ਦੇ ਪਰਮ ਜ਼ਰੂਰੀ ਸਮਝੇ ਗਏ ਅੰਗਾਂ ਵਿਚੋਂ ਇਕ ਇਕ ਨੂੰ ਲੈ ਕੇ ਉਨ੍ਹਾਂ ਦੀ ਥਾਂਵੇਂ ਅਪਣੀ ਸਦਾਚਾਰੀ, ਰਹਸਯਕ ਤੇ ਭਗਤੀ ਵਾਲਿਆਂ ਸ਼ੁਭ ਕਰਨੀਆਂ ਤੇ ਅੰਤ੍ਰੀਵ ਭਾਵਾਂ ਨੂੰ ਦਰਸਾਕੇ ਈਸ਼ਵਰ ਪਰਾਇਣਤਾ ਦੀ ਵਿਸ਼ੇਸ਼ਤਾ ਦਰਸਾਉਂਦੇ ਹਨ। ਫੇਰ ੩੨ ਵੀ ਪਉੜੀ ਵਿਚ ਦੱਸਦੇ ਹਨ ਕਿ 'ਅਹੰਬ੍ਰਹਮਾਸਮਿ' ਦੀਆਂ ਠੀਸਾਂ (ਗੱਪਾਂ) ਮਾਰਨ ਨਾਲ ਕੂੜ ਪੱਲੇ ਪੈਂਦਾ ਹੈ। ਈਸ਼ਵਰ ਮਿਲਾਪ ਦਾ ਠੀਕ ਰਸਤਾ ਹੈ ਨਾਮ ਸਿਮਰਣ।
ਫਿਰ ੩੩ਵੀ ਪਉੜੀ ਵਿਚ ਦੱਸਦੇ ਹਨ ਕਿ 'ਈਸ਼ਵਰ ਪਰਾਇਣਤਾ' ਤੋਂ ਬਿਨਾਂ 'ਜ਼ੋਰ' ਸਹਿਜ ਪ੍ਰਾਪਤੀ ਵਿਚ ਅਸਫਲ ਰਹਿੰਦਾ ਹੈ। ਪਹਿਲੇ ਹੁਣ ਜੋਗ ਨੂੰ ਲੈਂਦੇ ਹਨ:
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥
(ਅਸੀਂ) ਸੰਤੋਖ ਦੀਆਂ ਮੁੰਦਰਾਂ (ਪਹਿਨਦੇ ਹਾਂ) ਖੱਪਰ ਤੇ ਝੋਲੀ ਦੀ ਥਾਵੇਂ ਲੱਜਯਾ (ਧਾਰਨ ਕਰਦੇ ਹਾਂ ਤੇ) ਧਿਆਨ ਦੀ ਸੁਆਹ ਬਣਾਉਂਦੇ ਹਾਂ। ਮੌਤ (ਦੀ ਯਾਦ ਸਾਡੀ) ਖਿੰਥਾ ਹੈ ਸ੍ਰੀਰ ਨੂੰ (ਕੁਆਰੀ=) ਪਵਿਤ੍ਰ ਰੱਖਣਾ (ਸਾਡੀ ਜੋਗ) ਦੀ ਜੁਗਤੀ ਹੈ, (ਪਰਮੇਸ਼ੁਰ ਤੇ) ਸਿਦਕ (ਰਖਣਾ ਸਾਡਾ) ਡੰਡਾ ਹੈ। (ਸਾਡਾ) ਆਈ ਪੰਥ ਹੋਣਾ ਸਾਰਿਆ (ਨਾਲ ਇਕ) ਜਮਾਤੀ (ਹੋਣਾ ਹੈ), ਮਨ ਨੂੰ ਜਿੱਤ ਲਿਆਂ (ਅਸੀਂ ਸਮਝਦੇ ਹਾਂ ਕਿ) ਜਗਤ ਤੇ ਜਿੱਤ ਪ੍ਰਾਪਤ ਹੋ ਗਈ ਹੈ। ਆਦੇਸ (ਸਾਡੀ) ਉਸੇ (ਇਕ) ਨੂੰ ਆਦੇਸ ਹੈ, (ਜੋ ਸਭ ਦਾ) ਆਦਿ (ਮੁੱਢ) ਹੈ, ਜੋ ਅਨੀਲ ਹੈ, (ਜਿਸ ਦਾ ਆਪਣਾ) ਆਦਿ ਨਹੀ ਹੈ (ਜਿਸ ਦਾ ਕਦੇ) ਵਿਨਾਸ਼ ਨਹੀਂ (ਹੁੰਦਾ), (ਜੋ) ਜੁਗੋ ਜੁਗੋ ਇਕੋ ਸਰੂਪ (ਹੈ)॥੨੮॥
੧. ਮੁੰਦ੍ਰਾ ਦੋ ਹੁੰਦੀਆਂ ਹਨ, ਸੰਤੋਖ ਦੇ ਬੀ ਦੋ ਪੱਖ ਹਨ ੧. ਪ੍ਰਾਪਤ ਵਿਚ ਪ੍ਰਸੰਨ ਰਹਿਣਾ। ੨. ਅਪ੍ਰਾਪਤ ਦੀ ਇੱਛਾ ਨਾ ਕਰਨੀ।
੨. ਜੋਗੀ ਹੱਥ ਵਿਚ ਖੱਪਰ ਪਕੜਕੇ ਤੇ ਅੱਗੇ ਕਰਕੇ ਆਟਾ ਦਾਣਾ ਮੰਗਦੇ ਹਨ, ਜਦ ਖੱਪਰ ਭਰ ਜਾਵੇ ਤਾਂ ਉਹ ਆਟਾ ਝੋਲੀ ਵਿਚ ਪਾ ਲੈਂਦੇ ਹਨ। ਦੋਏ ਮੰਗਣ ਦੇ ਪਾਤ੍ਰ ਹਨ, ਖੱਪਰ ਬੀ ਤੇ ਝੋਲੀ ਬੀ। ਦੁਹਾਂ ਦੀ ਥਾਂਵੇਂ ਅਸਾਂ 'ਸਰਮੁ' ਧਾਰਨ ਕੀਤਾ ਹੈ, ਅਰਥਾਤ ਮੰਗਣ ਪਿੰਨਣ ਵਿਚ ਸੰਕੋਚ ਕਰਨਾ। ਪਤ ਝੋਲੀ ਹੋਰਥੇ ਬੀ ਕੱਠੇ ਵਰਤੇ ਹਨ, ਯਥਾ: ਪਤੁ ਝੋਲੀ ਮੰਗਣ ਕੈ ਤਾਈ॥ (ਰਾਮ:ਮ:੧੮੭੭)। (ਫ਼ਾ:, ਸ਼ਰਮ=ਹਯਾ, ਲੱਜਾ) ਸੰਕੋਚ। (ਅ) ਸ਼ਰਮ=ਵੈਰਾਗ। (ਸੰਪ੍ਰ:)। (ਸੰਸ:ਪਾਤੁ, ਪ੍ਰਾ:ਪਤਰੁ, ਪੁ:ਪੰ:ਪਤਭਾਂਡਾ, ਭਾਵ ਖੱਪਰ)।
੩. ਸੁਆਹ ਜੋਗੀ ਮਲਦੇ ਹਨ ਕਿ ਨਾ ਕੋਈ ਸਾਡੀ ਸੁੰਦਰਤਾ ਤੇ ਰੀਝੇ, ਨਾ ਸਾਨੂੰ ਮੋਹਣੇ ਦਾ ਜਤਨ ਕਰੇ, ਨਾ ਅਸੀਂ ਡਿੱਗੀਏ। ਗੁਰੂ ਜੀ ਕਹਿੰਦੇ ਹਨਧਯਾਨ ਦੀ ਸੁਆਹ ਆਪਣੇ ਅੰਦਰ ਮਲੋ। ਪਰਮਾਤਮ ਦੇਵ ਵਿਚ ਬ੍ਰਿਤੀ ਦਾ ਪਰਵਾਹ ਇਕ ਰਸ ਲਾਓ, ਉਸ ਆਨੰਦ ਦੇ ਆਯਾਂ ਬਾਹਰਲਾ ਕੋਈ ਆਨੰਦ ਮੋਹ ਨਹੀਂ ਸਕੇਗਾ। ਸੋ ਤੁਸੀਂ ਅਪਣੇ ਵਿਚ ਅਡੋਲਤਾ ਦੀ ਪ੍ਰਪੱਕਤਾ ਪੈਦਾ ਕਰੋ, ਦੇਖਣ ਵਾਲਿਆਂ ਨੂੰ ਨਫਰਤ ਪੈਦਾ ਕਰਕੇ 'ਅਜਮਾਯਸ਼ ਆਵੇ ਹੀ ਨਾ' ਦੀ ਪਰਤੰਤਰਤਾ ਦੇ ਅਧੀਨ ਕਿਉਂ ਹੁੰਦੇ ਹੋ।
੪. ਕਰਹਿ=ਅਸੀਂ ਕਰਦੇ ਹਾਂ। ੲਸਿ ਤੋਂ ਪਤਾ ਲਗਾ ਕਿ ਸਾਰੀਆਂ ਤੁਕਾਂ ਵਿਚ ਉਤਮ ਪੁਰਖ ਦੁਆਰਾ ਹੀ ਉਪਦੇਸ਼ ਹੋ ਰਿਹਾ ਹੈ।
੫. ਸੰਸ:,=ਕੰਥਾ, ਪੁ:ਪੰ:,ਖੰਥਾ, ਖਿੰਥਾ=ਲੀਰਾਂ ਦੀ ਬਣੀ ਗੋਦੜੀ। ਗੋਦੜੀ ਪਾਲਾ ਦੂਰ ਕਰਨ ਲਈ ਹੁੰਦੀ ਹੈ। ਕਾਲ ਗੋਦੜੀ ਹੈ। ਕਾਲ ਨੂੰ ਯਾਦ ਰੱਖਣਾ ਵਿਕਾਰਾਂ ਦੀ ਸਰਦੀ ਵਾਪਰਨ ਤੋਂ ਰਖਯਾ ਕਰਦਾ ਹੈ।
੬. ਪੁਰਾਤਨ ਅਰਥ ਇਹੋ ਹੈ ਤੇ ਇਹੋ ਅਸਲ ਦੇ ਵਧੀਕ ਨੇੜੇ ਹੈ। (੧੭੫੮੧੮੨੫ ਬਿ:) ਸੰਪ੍ਰ; ਨੇ ਐਉਂ ਭੀ ਭਾਵ ਕੱਢੇ ਹਨ:(ਅ) ਕਾਇਆਂ ਕੁਆਰੀ ਰਹੇ, ਕਾਲ ਇਸ ਨੂੰ ਨਾ ਵਿਆਹੋ, ਇਹ ਸਾਡੀ ਖਿੰਥਾ ਹੈ ਭਾਵ ਆਪਣੇ ਆਪ ਨੂੰ ਆਤਮ ਸਰੂਪ ਅਨੁਭਵ ਕਰਨਾ ਖਿੰਥਾ ਹੈ। (ਜੁਗਤਿ=) ਸਾਂਈ ਨਾਲ ਜੁੜੇ ਰਹਿਣਾ ਇਹ ਸਾਡਾ ਨਿਸਚੈ ਡੰਡਾ ਹੈ। (ੲ) ਜਦ ਤਕ ਕਾਇਆਂ ਕੁਆਰੀ ਹੈ ਕਾਲ ਇਸ ਨੂੰ ਨਹੀਂ ਗ੍ਰਸਦਾ (ਉਸ ਤੋਂ ਪਹਿਲੇ ਪਰਮਾਤਮ ਦੇਵ ਵਿਚ) ਜੁੜੇ ਰਹਿਣਾ ਇਸ ਸਾਡੀ ਖਿੰਥਾ ਹੈ। (ਸ) ਕਾਇਆਂ ਇਕ (ਕੁਆਰੀ=) ਬੁਰਕੀ ਹੈ ਜਿਸ ਨੂੰ ਕਾਲ ਖਾ ਜਾਂਦਾ ਹੈ, ਇਹ ਗੱਲ ਸਮਝ ਲੈਣਾ ਖਿੰਥਾ ਹੈ।
੭. ਨਾਮ ਅਭਯਾਸੀ ਨੂੰ ਜਿਤਨੇ ਵਿਘਨ ਰਸਤੇ ਵਿਚ ਆਉਂਦੇ ਹਨ ਉਨ੍ਹਾਂ ਨੂੰ ਨਿਸਚਾ ਦੂਰ ਕਰਦਾ ਹੈ। ਕਿਉਂਕਿ ਨਿਸਚੇਵਾਨ ਦੀ ਸਾਂਈ ਰਖਯਾ ਕਰਦਾ ਹੈ ਇਸ ਕਰਕੇ ਡੰਡਾ ਕਿਹਾ ਹੈ। ਜੋਗੀ ਡੰਡਾ ਦੁਖਦਾਈ ਪਸ਼ੂਆਂ ਤੋਂ ਰਖਯਾ ਨਮਿਤ ਰਖਦੇ ਹਨ।
੮. ਜੋਗੀਆਂ ਦੇ ੧੨ ਪੰਥ ਹਨ, ਉਨ੍ਹਾਂ ਵਿਚੋਂ ਇਕ ਦਾ ਨਾਮ 'ਆਈ ਪੰਥ' ਹੈ। ਇਹ ਪਉੜੀ ਪਰਥਾਇ ਹੋ ਰਹੀ ਹੈ। ਆਈ ਪੰਥ ਵਾਲੇ ਜੋਗੀ ੧੨ ਪੰਥਾਂ ਨੂੰ ਆਦਰਦੇ ਹੈਨ, ਪਰ ਗੁਰੂ ਜੀ ਕਹਿੰਦੇ ਹਨ ਕਿ ਮੈਂ ਜੋਗੀਆਂ ਦੇ ੧੨ ਪੰਥ ਹੀ ਨਹੀਂ, ਜਗਤ ਭਰ ਦੇ ਸਾਰੇ ਪੰਥਾਂ, ਮਜਹਬਾਂ, ਮਤਾਂ, ਮਤਾਂਤ੍ਰਾਂ ਨੂੰ ਆਦਰ ਦੇਂਦਾ ਹਾਂ, ਮੇਰਾ ਆਈ ਪੰਥ ਹੈ ਸਗਲ ਜਮਾਤੀ।
੯. ਜੋਗੀ ਰਿਧੀ ਸਿਧੀ ਪ੍ਰਾਪਤ ਕਰਕੇ ਆਪਣਾ ਆਦਰਸ਼ ਜਗਤ ਜਿੱਤਣਾ ਯਾ ਦੇਵਤਿਆਂ ਆਦਿਕਾਂ ਦਾ ਵਸੀਭੂਤ ਕਰਨਾ ਸਮਝਦੇ ਹਨ, ਗੁਰੂ ਜੀ ਅਪਣੇ ਮਨ ਤੇ ਫਤੇ ਪਾਉਣ ਨੂੰ ਜਗਤ ਜਿੱਤਣਾ ਦੱਸਦੇ ਹਨ।
੧੦. ਸੰਸ:, ਆਦੇਸਆਗਿਆ। ਪਰ ਜੋਗੀਆਂ ਅਨੁਸਾਰ ਇਸ ਦਾ ਅਰਥ ਨਮਸਕਾਰ ਹੋ ਗਿਆ ਹੈ। ਜੋਗੀ ਸ਼ਿਵ ਭਗਵਤੀ ਆਦਿ ਨੂੰ ਯਾ ਸਿਧਾਂ ਨੂੰ ਨਮਸਕਾਰ ਕਰਦੇ ਹਨ, ਗੁਰੂ ਜੀ ਵਾਹਿਗੁਰੂ ਨੂੰ ਨਮਸਕਾਰ ਕਰਦੇ ਹਨ।
੧੧. 'ਅ' ਜੋੜ 'ਨੀਲ'=ਜਿਸ ਵਿਚ ਨੀਲ (ਆਦਿ) ਨਾ ਹੋਵੇ, ਅਰੰਗ। ਗੁਰੂ ਜੀ ਅਕਾਲ ਪੁਰਖ ਨੂੰ 'ਅਰੰਗ' ਦੱਸਦੇ ਹਨ। ਯਥਾਰੂਪੁ ਨ ਰੇਖ ਨ ਰੰਗੁ ਕਿਛੁ (ਸੁਖਮਨੀ)। ਜੋਗੀ ਸ਼ਿਵ ਦੇ ਉਪਾਸਕ ਹਨ। ਸ਼ਿਵਜੀ ਦਾ ਇਕ ਨਾਮ 'ਨੀਲਕੰਠ' ਹੈ, ਗੁਰੂ ਜੀ ਸ਼ਿਵ ਦੇ ਕਰਤਾ ਅਪਣੇ ਅਕਾਲ ਪੁਰਖ ਨੂੰ 'ਅਨੀਲ' ਦੱਸਦੇ ਹਨ, ਸੋ ਇਸ ਵਿਚ ਇਹ ਕਟਾਖਯ ਬੀ ਹੈ, ਭਾਵਪਵਿਤ੍ਰ, ਮਾਯਾ ਰਹਿਤ।
ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥
(ਸ਼ਿਵ ਅਰਾਧਨਾ ਨਾਲ ਜੋ ਭੋਜਨ ਮਿਲਦਾ ਹੈ ਉਹ ਤਾਂ ਸਭ ਕਿਸੇ ਨੂੰ ਮਿਲ ਰਿਹਾ ਹੈ ਪਰ ਆਦਿ ਅਨੀਲ ਦੀ ਅਰਾਧਨਾ ਨਾਲ ਸਾਨੂੰ) ਗਿਆਨ (ਰੂਪੀ) ਭੋਜਨ ਮਿਲਦਾ ਹੈ। (ਜੋ ਤ੍ਰਿਸ਼ਨਾ ਰੂਪੀ ਭੁੱਖ ਨੂੰ ਨਿਵਾਰ ਦੇਂਦਾ ਹੈ), ਸ਼ਿਵ ਜੀ ਦੀ ਭੰਡਾਰਣ ਅੰਨ ਪੂਰਣਾ ਹੈ ਪਰ ਗਿਆਨ ਰੂਪੀ ਭੋਜਨ ਦੀ) ਭੰਦਰਨ ਦਇਆ ਹੈ, (ਦਿਆਲੂ ਹੋ ਕੇ ਗੁਰੂ ਗਯਾਨ ਦੇਂਦਾ ਤੇ ਅਗੋਂ ਦਇਆ ਬ੍ਰਿਤੀ ਨਾਲ ਵੰਡੀਦਾ ਹੈ। ਤੁਸਾਂ ਪਾਸ ਨਾਦੀ ਹੈ ਤੇ ਭੋਜਨ ਸਮੇਂ ਵਜਾਉਂਦੇ ਹੋ) ਹਿਰਦੇ ਹਿਰਦੇ ਵਿਚ (ਜੋ ਨਾਦ ਵੱਜ ਰਿਹਾ ਹੈ ਇਹ ਸਾਡਾ ਨਾਦ ਹੈ)। ਤੁਸਾਡੇ ਮਨੁੱਖਨਾਥਾਂ ਦੀ ਥਾਵੇਂ ਸਾਡਾ) ਨਾਥ ਆਪ (ਪ੍ਰਭੂ ਹੈ), ਜਿਸ ਦੀ ਨੱਥੀ ਹੋਈ ਸਾਰੀ (ਸ੍ਰਿਸ਼ਟੀ) ਹੈ।
(ਤੁਸੀਂ) ਰਿੱਧੀ ਸਿੱਧੀ (ਦੀਆਂ ਚੇਟਕਾਂ ਵਿਚ ਹੋ ਅਸੀਂ ਇਨ੍ਹਾਂ ਨੂੰ) ਹੋਰਨਾਂ ਦਾ (ਅਰਥਾਤ ਪਰਮਾਰਥ ਤੋਂ ਓੁਪਰਿਆਂ ਦਾ) ਸੁਆਦ (ਸਮਝਦੇ ਹਾਂ ਤੁਹਾਡੀ ਕਾਰ ਕਾਰੋਬਾਰੀ ਚਲਾਉਂਦੇ ਹਨ ਪਰ ਅਸਲ ਵਿਚ ਵਿਸ਼ਵ ਦੀ ਤੇ ਸਾਡੀ) ਕਾਰ ਸੰਜੋਗ ਤੇ ਵਿਜੋਗ ਦੋਵੇਂ ਚਲਾਉਂਦੇ ਹਨ, (ਪਿਛਲੇ ਕਰਮਾਂ ਦੇ ਲੇਖੇ ਅਨੁਸਾਰ ਆਪੋ ਆਪਣੇ) ਛਾਂਦੇ। ਚਲੇ ਆਉਂਦੇ ਹਨ। (ਬਾਕੀ ਅਰਥ ਪਿੱਛੇ ਆ ਚੁੱਕਾ ਹੈ)॥੨੯॥
1. Bugiq=Buikq=Bojn
੨. ਬ੍ਰਹਮ ਗਿਆਨੀ ਕਾ ਭੋਜਨੁ ਗਿਆਨੁ (ਸੁਖਮਨੀ)।
੩. ਸ਼ਿਵ ਜੀ ਨੂੰ ਕਦੇ ਭਿੱਖਿਆ ਨਾ ਮਿਲਣ ਤੇ ਮਹਾਂਮਾਯਾ ਨੇ 'ਅੰਨ ਪੂਰਣਾ' ਦੇਵੀ ਦਾ ਰੂਪ ਧਾਰ ਕੇ ਕਾਂਸ਼ੀ ਵਿਚ ਅੰਨ ਦਿੱਤਾ ਸੀ। (ਵ.ਕ.)।
੪. ਗਲੇ ਵਿਚ ਨਾਦੀ ਲਟਕਦੀ ਰਖਦੇ ਹਨ ਜੋਗੀ, ਜੋ ਭੰਡਾਰਾ ਖਾਣ ਵੇਲੇ ਵਜਾਉਂਦੇ ਹਨ। ਅਥਵਾ ਸ਼ਿਵ ਪਾਸ ਤਾਂ ਸਿੰਙੀ ਤੇ ਡੌਰੂ ਦਾ ਨਾਦ ਹੈ, ਪਰ ਸਾਡੇ ਅਨੀਲ ਵਾਹਿਗੁਰੂ ਦਾ ਨਾਦ ਘਟ ਘਟ ਵਿਚ ਵਜ ਰਿਹਾ ਹੈ। ਜੋਗੀ ਸਿੰਙੀ ਬੀ ਰਖਦੇ ਤੇ ਵਜਾਉਂਦੇ ਹਨ।
੫. ਰਿਧੀਆਂ ਨੌ ਹਨ, ਸਿਧੀਆਂ ਅੱਠ ਹਨ। ਦੁਹਾਂ ਦਾ 'ਭਾਵ ਐਸ਼ਵਰਯ ਤੇ ਕਰਾਮਾਤੀ ਸ਼ਕਤੀਆਂ ਦੀ ਪ੍ਰਾਂਪਤੀ ਤੋਂ ਹੈ। 'ਸਭਿ ਨਿਧਾਨ ਦਸ ਅਸਟ ਸਿਧਾਨ॥॥ (ਗੁਜਰੀ ਮ:੫)। 'ਅਸਟ ਸਿਧਿ ਨਵ ਨਿਧਿ ਏਹ॥' (ਬਸੰਤ ਮ:੫)। (ਅ) ਐਉਂ ਬੀ ਅਰਥ ਲਾਉਂਦੇ ਹਨ: ਆਪ ਉਹ ਨਾਥ ਹੈ ਤੇ ਰਿਧਿ ਸਿਧਿ ਦੇ ਹੋਰ ਸਾਰੇ ਸੁਆਦ ਨਾਥ ਦੇ ਨੱਥੇ ਹੋਏ ਹਨ।
੬. ਅਵਰਾਂ=ਔਰ ਦਾ ਬਹੁ ਬਚਨ ਹੈ ਔਰਾਂ, ਅਵਰ ਦਾ ਬਹੁ ਬਚਨ ਹੈ ਅਵਰਾਂ=ਹੋਰਨਾਂ ਦਾ। ਸਾਂਈ ਦੇ ਰਸਤੇ ਤੋਂ ਹੋਰ ਰਾਹੇ ਟੁਰਨ ਵਾਲਿਆਂ ਦਾ। (ਅ) ਆਵਰਣ ਵਾਲਿਆਂ ਦਾ, ਜੋ ਮਾਇਆ ਨੇ ਆਵਰੇ ਹੋਏ ਹਨ। ਜੋ ਅਗਯਾਨ ਵਿਚ ਹਨ। ਭਾਵ ਇਹ ਹੈ ਕਿ ਨਾਮ ਦੇ ਪ੍ਰੇਮੀ ਰਿਧੀ ਸਿਧੀ ਤੋਂ ਵੈਰਾਗ ਧਾਰ ਲੈਂਦੇ ਹਨਧਿਗੁ ਸਿਧੀ ਧਿਗੁ ਕਰਮਾਤਿ॥ (ਸੋ:ਵਾ:ਮ:੩) ਭਾਵ ਦੁਹਾਂ ਦਾ ਇਕੋ ਹੈ।
੭. ਸੰਸ:, ਸੰਯੋਗ=ਭਲੀ ਪ੍ਰਕਾਰ ਮੇਲ। ਸੰਸ:, ਵਿਯੋਗ=ਵਿਛੋੜਾ। ਮੁਰਾਦ ਹੈ ਵਾਂਛਿਤ ਦਾ ਮਿਲਨਾ ਤੇ ਵਿਛੁੜ ਜਾਣਾ, ਅਵਾਂਛਤ ਦਾ ਆ ਟੱਕਰਨਾ ਤੇ ਦੂਰ ਹੋ ਜਾਣਾ। ਏਹ ਕੁਛ 'ਕੀਤੇ ਕਰਮ' ਆਪ ਸਾਡੇ ਲਈ ਕਰ ਰਹੇ ਹਨ। ਪਦਾਰਥਾਂ ਤੇ ਪੁਰਸ਼ਾਂ ਦੇ ਮੇਲ ਲਈ ਵਾਕ ਹੈ: ਸੰਜੋਗੀ ਮਿਲਿ ਏਕ ਸੇ ਵਿਜੋਗੀ ਉਠਿ ਜਾਇ॥ (ਸਿਰੀ ਮ:੧੧੮)। ਸਾਧੂ ਦਾ ਮੇਲਸੰਜੋਗਿ ਮਿਲਾਏ ਸਾਧ ਸੰਗਾਏ॥(ਕਾਨੜਾ ਮ:੫੧੩੦੭)। ਪਰਮਾਤਮ ਮੇਲਸੰਜੋਗੀ ਮੇਲਾ ਥਾਨਿ ਸੁਹੇਲਾ॥ (ਸੂਹੀ ਛੰਤ ਮ:੧੭੬੪)।
੮. ਸੰਸ:, ਭਾਗ=ਹਿੱਸਾ, ਛਾਦਾ। (ਸੰਪ੍ਰ:)। (ਅ) ਭਾਗ=ਪਰਾਰਬਧ। (ਸੰਪ੍ਰ:)।
ਜੋਗੀ ਸ਼ਿਵ ਉਪਾਸ਼ਕ ਸੰਪ੍ਰਦਾਯਕ ਸਨ। ਸ੍ਰੰਪਦਾਯਕ ਜੋਸ਼ ਵਿਚ ਸੰਪ੍ਰਦਾਵਾਂ ਦੀ ਅਕਸਰ ਦੂਸਰੇ ਦੇ ਇਸ਼ਟ ਨੂੰ ਨੀਵਾਂ ਕਹਿਣ ਤੇ ਬੇਅਦਬੀ ਤਕ ਪਹੁੰਚ ਪੈਣ ਦੀ ਨੌਬਤ ਪੁੱਜ ਜਾਂਦੀ ਹੁੰਦੀ ਸੀ। ਇਸ ਪਉੜੀ ਵਿਚ ਗੁਰੂ ਜੀ ਜੋਗੀਆਂ ਨੂੰ ਬੜੇ ਸੁਹਣੇ ਤਰੀਕੇ ਤੇ ਇਸ ਅਵਗੁਣ ਤੋਂ ਵਰਜਦੇ ਹੋਏ ਅਕਾਲ ਪੁਰਖ ਦੀ ਪੂਜਾ ਵਿਚ ਲੈ ਜਾਂਦੇ ਹਨ: ਹਿੰਦੂ ਮਤ ਅਨੁਸਾਰ ਹੀ ਦੱਸਦੇ ਹਨ ਕਿ ਸ਼ਿਵ, ਵਿਸ਼ਨੂੰ, ਬ੍ਰਹਮਾ, ਇਕੋ ਅਕਾਲ ਪੁਰਖ ਦੇ ਮਾਯਾ ਦੁਆਰਾ ਪੈਦਾ ਕੀਤੇ ਹੋਏ ਹਨ, ਮੂਲ ਬੀ ਇਕੋ ਹੋਇਆ ਫੇਰ ਕਾਰਜ ਸਪੁਰਦਗੀ ਵਿਚ ਤਿੰਨਾਂ ਨੂੰ ਆਪੋ ਆਪਣੇ ਕੰਮ ਸਪੁਰਦ ਹਨ। ਇਉਂ ਇਹ ਤਿੰਨੇ ਸ਼ਾਸਤ੍ਰਾਂ ਵਿਚ (ਪਰਵਾਣ=) ਮੰਨੇ ਪ੍ਰਮੰਨੇ ਦੇਵਤਾ ਹਨ।
ਕਿਸੇ ਨੂੰ ਨਿੰਦਣਾਂ ਤੇ ਕਿਸੇ ਨੂੰ ਸਲਾਹੁਣਾ ਅਪਣੇ ਹੀ ਸ਼ਾਸਤ੍ਰਾਂ ਦੀ ਪ੍ਰਤਿਕੂਲਤਾ ਹੈ। 'ਇਹ ਵਿਖਮਤਾ ਦੂਰ ਕਰਨ ਦਾ ਖਿਆਲ' ਦੇ ਕੇ ਉਨ੍ਹਾਂ ਦੀ ਦ੍ਰਿਸ਼ਟੀ ਨੂੰ ਹੋਰ ਉੱਚਾ ਚੁੱਕਦੇ ਹਨ ਇਹ ਦੱਸਕੇ ਕਿ ਓਹ ਕਰਤਾ ਪੁਰਖ ਦੇ ਕੀਤੇ (ਰਚੇ) ਹੋਏ ਹਨ, ਉਨ੍ਹਾਂ ਦੀ ਬਨਾਵਟ ਵਿਚ ਮਾਯਾਵੀ ਹਿੱੱਸਾ ਹੈ, ਓਹ ਕ੍ਰਿਤ ਹੋਣ ਕਰਕੇ ਕਰਤਾ ਨੂੰ ਨਹੀਂ ਦੇਖ ਸਕਦੇ, ਕਰਤਾ ਉਨ੍ਹਾਂ ਨੂੰ ਦੇਖਦਾ ਹੈ। ਓਹ ਆਪੂੰ ਕੁਛ ਨਹੀਂ ਕਰ ਸਕਦੇ, ਜਿਵੇਂ ਕਰਤਾ ਪੁਰਖ ਨੂੰ ਭਾਉਂਦਾ ਹੈ ਉਨ੍ਹਾਂ ਨੂੰ ਟੋਰਦਾ ਹੈ, ਓਹ ਜੋ ਕੁਛ ਕਰਦੇ ਹਨ ਉਸ ਦੇ ਫੁਰਮਾਨ ਨੂੰ ਬਜਾ ਲਿਆਉਂਦੇ ਹਨ, ਇਸ ਕਰਕੇ ਉਸ ਕਰਤਾ ਪੁਰਖ ਨੂੰ, ਜੋ ਆਦਿ ਅਨੀਲ ਅਨਾਦਿ ਅਨਾਹਤ ਹੈ ਤੇ ਮਾਯਾ ਰਹਿਤ ਹੋਣ ਕਰਕੇ ਸਦਾ ਇਕਰਸ ਰਹਿੰਦਾ ਹੈ, ਆਦੇਸ ਕਰਨੇ (ਪੂਜਣੇ) ਦਾ ਉਪਦੇਸ਼ ਦੇਂਦੇ ਹਨ:
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥
(ੲੈਕਾ=) ਬ੍ਰਹਮ ਤੇ (ਮਾਈ=) ਮਾਇਆ ਦੇ (ਜੁਗਤਿ=) ਸੰਜੋਗ ਹੋਣ ਨਾਲ (ਮਾਯਾ) ਪ੍ਰਸੂਤ ਹੋਈ, (ਉਸ ਤੋਂ) ਤਿੰਨ ਚੇਲੇ ਹੋਏ (ਜੋ) ਪ੍ਰਮਾਣੀਕ (ਦੇਵਤੇ ਮੰਂੇ ਜਾਂਦੇ ਹਨ, ਤਿੰਨਾਂ ਦੇ ਸਪੁਰਦ ਸ੍ਰਿਸ਼ਟੀ ਰਚਨਾ ਦੇ ਤ੍ਰੈ ਕੰਮ ਦਿਤੇ ਗਏ) ਇਕ ਬ੍ਰਹਮਾ, ਇਕ ਵਿਸ਼ਨੂੰ ਤੇ ਇਕ ਸ਼ਿਵਜੀ, (ਪਰ ਓਹ ਸੁਤੰਤਰ ਕਾਰਕ ਨਹੀਂ ਹਨ) ਜਿਕੁਰ ਉਸ (ਏਕੇ=ਅਕਾਲ ਪੁਰਖ) ਨੂੰ ਭਾਉਂਦਾ ਹੈ, ਤਿੱਕੁਰ (ਉਨ੍ਹਾਂ ਚੇਲਿਆਂ ਨੂੰ) ਚਲਾਉਂਦਾ ਹੈ (ਤੇ ਓਹ ਕਰਦੇ ਹਨ) ਜਿੱਕੁਰ (ਉਸ ਏਕੇ=ਅਕਾਲ ਪੁਰਖ ਦਾ) ਹੁਕਮ ਹੁੰਦਾ ਹੈ। (ਫਿਰ) ਵੱਡਾ ਅਚਰਜ ਇਹ (ਦੇਖੋ ਕਿ) ਉਹ ਤਾਂ ਵੇਖਦਾ ਹੈ (ਉਨ੍ਹਾਂ ਤਿੰਨਾਂ ਨੂੰ ਪਰ ਆਪ) ਉਨ੍ਹਾਂ ਨੂੰ ਨਹੀਂ ਦਿੱਸਦਾ, (ਤਾਂਤੇ ਇਨ੍ਹਾਂ ਤਿੰਨਾਂ ਤੋਂ ਉਚੇ ਉਠੋ ਤੇ ਉਸ ਕਰਤਾਪੁਰਖ ਨੂੰ ਆਖੋ) ਨਮਸਕਾਰ ਹੈ, ਨਮਸਕਾਰ ਹੈ (ਸਾਡੀ) ਉਸਨੂੰ (ਜੋ ਸਭ ਦਾ) ਆਦਿ ਹੈ, (ਜੋ) ਪਵਿਤ੍ਰ ਹੈ, (ਜਿਸਦਾ) ਆਦਿ ਨਹੀਂ, ਜੋ ਨਾਸ਼ ਹੋਣ ਤੋਂ ਰਹਿਤ ਹੈ ਤੇ ਹਰ ਜੁਗ ਵਿਖੇ ਇਕਰਸ ਹੈ॥੩੦॥
੧. ਗੀਤਾ ਦੁਆਰਾ ਬੋਲ ਰਿਹਾ ਪ੍ਰਭੂ ਆਖਦਾ ਹੈ(ਮਹਤ ਬ੍ਰਹਮ ਅਰਥਾਤ) ਪ੍ਰਕ੍ਰਿਤੀ ਗਰਭ ਹੈ, ਉਸ ਵਿਚ ਮੈਂ ਬੀਜ ਪਾਉਣ ਵਾਲਾ ਪਿਤਾ ਹਾਂ। ਸਭ ਪ੍ਰਾਣੀਆਂ ਦੀ ਉਤਪਤੀ ਉਸ ਤੋਂ ਹੈ॥(੧੪.੩੪)
੨. ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ ਆਪੇ ਕਰਤਾ ਕਾਰੀ॥ (ਰਾਮਕਲੀ ਮ:੧ਅਸ਼ਟ੯੯੦੮)
੩. ਏਕਾ=ਜੋ ਇਕੋ ਹੀ ਹੈ ਅਰਥਾਤ ਬ੍ਰਹਮ। ਤੀਸਰੀ ਤੁਕ ਵਿਚ ਪਦ 'ਤਿਸ' ਤੇ ਚੌਥੀ ਵਿਚ 'ਓਹੁ' ਦੁਏ 'ਸਰਵਨਾਮ' ਹਨ ਤੇ ਇਕ ਵਚਨ ਹਨ ਤੇ ਏਹ ਦੁਏ ਦੱਸਦੇ ਹਨ ਕਿ ਪਹਿਲੋਂ ਆਇਆ 'ਏਕਾ' ਪਦ ਸੰਗਯਾ ਹੈ, ਵਿਸ਼ੇਸ਼ਣ ਨਹੀਂ। ਏਹ ਸਰਵਨਾਮ 'ਏਕਾ' ਸੰਗਯਾ ਦੇ ਹਨ ਜੋ ਏਕਾਕਿ ਬ੍ਰਹਮ ਦਾ ਵਾਚਕ ਹੈ। ਗੁਰਬਾਣੀ ਵਿਚ ਹੋਰਥੇ ਬੀ ਇਹ ਵਰਤਾਉ ਆਇਆ ਹੈ, ਯ ਥਾ: 'ਏਕਾ ਖੋਜੈ ਏਕ ਪ੍ਰੀਤਿ'॥ (ਬੰਸ:ਮ:੫)। ਪੁਨਾ:'ਏਕੇ ਕਉ ਸਚੁ ਏਕਾ ਜਾਣੈ॥' (ਸਿ:ਗੋ:)। ਏਕੋ ਰਵਿ ਰਹਿਆ ਸਭ ਠਾਇ॥ (ਪ੍ਰਭਾ:ਮ:੧)। ਸੰਪ੍ਰਦਾ ਵਿਚ ਐਉਂ ਬੀ ਇਹੋ ਅ੍ਰਥ ਕਰਦੇ ਹਨਮਾਮਾਇਆ। ਈਈਸ਼ਵਰ; ਅਰਥਾਤਇਕੋ ਮਾਇਆ ਈਸ਼ਵਰ ਨਾਲ ਯੁਕਤ ਹੋ ਕੇ ਪ੍ਰਸੂਤ ਹੋਈ...। ਇਕ ਪੁਰਾਣੇ ਟੀਕਾਕਾਰ ਨੇ ਸੰਪ੍ਰਦਾਈ ਅਰਥ ਹੀ ਕੀਤੇ ਹਨ ਤੇ 'ਇਕ ਮਾਇਆ ਨੇ ਕਿਸੇ ਤਰਕੀਬ ਨਾਲ ਤਿੰਨ ਪਰਵਾਣ ਚੇਲਿਆਂ ਨੂੰ ਜਨਮ ਦਿਤਾ' ਬੀ ਅਰਥ ਕੀਤਾ ਹੈ, ਪਰ ਜੇ ਭਾਵ ਇਹ ਹੈ ਕਿ ਛੜੀ ਮਾਇਆ ਨੇ ਸ੍ਰਿਸ਼ਟੀ ਰਚ ਲਈ ਤਾਂ ਉਪਰ ਦੱਸੇ ਗੀਤਾ ਦੇ (੧੪੩੪ ਵਾਲੇ) ਪ੍ਰਮਾਣ ਦੇ ਅਨੁਕੂਲ ਨਹੀਂ ਤੇ ਨਾ ਹੀ ਗੁਰੂ ਆਸ਼ੇ ਦੇ ਅਨੁਕੂਲ ਹੈ। ਗੁਰੂ ਜੀ ਕਰਤਾ ਅਕਾਲ ਪੁਰਖ ਨੂੰ ਮੰਨਦੇ ਹਨ, ਮਾਇਆ ਉਸ ਬਿਨਾ ਆਪੇ ਰਚਨਾ ਨਹੀਂ ਰਚ ਸਕਦੀ। ਯਥਾਨਿਰੰਕਾਰਿ ਆਕਾਰੁ ਉਪਾਇਆ॥ ਮਾਇਆ ਮੋਹੁ ਹੁਕਮਿ ਬਣਾਇਆ॥ ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ॥੧॥ ਮਾਇਆ ਮਾਈ ਤਰੈਗੁਣ ਪਰਸੂਤ ਜਮਾਇਆ॥ (ਮਾਰੂ ਸੋਲਹੇ ਮ:੩)। ਅਰਥਾਤ ਮਾਇਆ ਹੁਕਮ ਨਾਲ ਬਣੀ ਅਤੇ ਕਰਤੇ ਨੇ ਮਾਇਆ ਨੂੰ ਪ੍ਰਸੂਤ ਕਰਕੇ ਤਰੈਗੁਣ ਪੈਦਾ ਕੀਤੇ।
੪. ਜੁਗਤਿ, ਸੰਸ: ਯੁਕਤ=ਜੁੜਿਆ। ਯੁਕਿਤ=ਜੋੜ, ਸੰਜੋਗ, ਜੁੜਨ।
੫. ਭਾਵ ਇਹ ਹੈ ਕਿ ਅਚੇਤਨ ਮਾਯਾ ਨੂੰ ਨਿਰੰਕਾਰ ਨੇ ਆਪਣੀ ਚੇਤਨ ਸਤਯਾ ਨਾਲ ਸਤਯਾਵਾਨ ਕਰ ਦਿੱਤਾ, ਜਿਸ ਤੋਂ ਸ੍ਰਿਸ਼ਟੀ ਹੋਈ।
੬. 'ਮਾਇਆ ਮਾਈ ਤਰੈਗੁਣ ਪਰਸੂਤ ਜਮਾਇਆ॥' ਸੋ ਬ੍ਰਹਮਾ ਕਰਤ੍ਰੀ ਸ਼ਕਤੀ ਵਾਲਾ ਹੋਣ ਤੇ ਰਜੋ ਗੁਣ, ਵਿਸ਼ਨੂੰ ਪੂਜਯ ਤੇ ਧਯਾਨ ਦਾ ਆਸਰਾ ਹੋਣ ਕਰਕੇ ਸਤੋ ਗੁਣ, ਸ਼ਿਵ ਮਾਰਨ ਤੇ ਸੰਘਾਰ ਆਦਿ ਸ਼ਕਤੀ ਕਰਕੇ ਤਮੋ ਗੁਣ।
੭. ਸੰਸਾਰੀ, ਭੰਡਾਰੀ, ਲਾਏ ਦੀਬਾਣੁ ਦੇ ਅਰਥ ਬ੍ਰਹਮਾ, ਵਿਸ਼ਨੂੰ, ਸ਼ਿਵ ਹੀ ਲਗਦੇ ਚਲੇ ਆਏ ਹਨ, ਪਰ ਵਿਤਪਤੀਆਂ ਵਿਚ ਫਰਕ ਹੈ। (ੳ) ਸੰਸਾਰੀ=ਬ੍ਰਹਮਾ, ਸੰਸਾਰ ਰਚਨੇ ਵਾਲਾ। ਭੰਡਾਰੀ=ਸ਼ਿਵ, ਜੋ ਭੰਡਾਰ ਭਰਨੇ ਵਿਚ ਪ੍ਰਸਿਧ ਹੈ। ਆਮ ਗੀਤਾਂ ਵਿਚ ਬੀ ਹੈ 'ਸ਼ਿਵ ਜੀ ਭਰੇਗਾ ਭਡਾਰ'। ਲਾਏ ਦੀਬਾਣ=ਜੋ ਦੀਵਾਨ ਲਾਉਂਦਾ ਹੈ ਸੋ ਵਿਸ਼ਨੂੰ (੧੭੫੮ ਬਿ:), (ਅ) ਸੰਸਾਰੀ=ਬ੍ਰਹਮਾ। ਭੰਡਾਰੀ=ਪਾਲਣਹਾਰ ਵਿਸ਼ਨੂੰ। ਲਾਏ ਦੀਬਾਣੁ=ਦੀਵਾਨ ਲਗਾਉਣੇ ਵਾਲਾ ਤੇ ਅੰਤ ਵਿਚ ਮੁਹਾਸਬਾ ਲੈਣ ਵਾਲਾ, ਭਾਵ ਮਹਾਂਦੇਵ (੧੮੫੨ ਬਿ:)। (ੲ) ਕਵੀ ਸੰਤੋਖ ਸਿੰਘ ਜੀ ਮੁਹਾਸਬਾ ਲੈਣੇ ਵਾਲਾ ਅਰਥ ਗ਼ਲਤ ਦੱਸਦੇ ਹਨ ਕਿ ਸ਼ਿਵਜੀ ਕਿਸੇ ਸ਼ਾਸਤ੍ਰ ਵਿਚ ਮੁਹਸਬਾ ਲੈਣ ਵਾਲਾ ਨਹੀਂ ਦੱਸਿਆ ਤੇ ਅਪਣਾ ਅਰਥ ਕਰਦੇ ਹਨ ਲਾਏ ਦੀ ਬਾਣ=ਲੈ ਕਰਨੇ ਦਾ ਸੁਭਾਵ ਹੈ ਜਿਸ ਦਾ, ਭਾਵ ਨਾਸ਼ ਕਰਨ ਵਾਲਾਸ਼ਿਵਜੀ। (੧੮੮੬ ਬਿ:)। (ਸ) ਲਾਏ ਦੀਬਾਣਸੰਹਾਰ ਕਰਤਾ। (ਭਾਈ ਮਨੀ ਸਿੰਘ)।
੮. ਯਥਾਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ॥ (ਰਾਮ:ਵਾਰ ਮ:੩੪੯੪੮)।
ਜੋਗੀ ਸ਼ਿਵ ਦਾ ਆਸਨ ਸ਼ਿਵ ਲੋਕ ਵਿਚ ਮੰਨਦੇ ਹਨ, ਜਿਥੇ ਸਰਬ ਪ੍ਰਕਾਰ ਦੇ ਭੰਡਾਰ ਤੇ ਭੋਗ ਪੂਰਣ ਰਹਿੰਦੇ ਹਨ, ਜੋ ਉਥੇ ਪੁੱਜਣ ਵਾਲੇ ਜੋਗੀਆਂ ਨੂੰ ਖੁੱਲ੍ਹੇ ਮਿਲਦੇ ਦੱਸੀਦੇ ਹਨ। ਗੁਰੂ ਜੀ ਉਪਦੇਸ਼ ਦੇਂਦੇ ਹਨ ਕਿ ਸ਼ਿਵ ਆਦਿ ਦਾ ਰਚਣਹਾਰ ਜੋ ਆਦਿ ਅਨੀਲ ਹੈ ਤੇ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਉਸਦਾ
ਆਸਣੁ ਲੋਇ ਲੋਇ ਭੰਡਾਰ ॥
ਜੋ ਕਿਛੁ ਪਾਇਆ ਸੁ ਏਕਾ ਵਾਰ ॥
ਕਰਿ ਕਰਿ ਵੇਖੈ ਸਿਰਜਣਹਾਰੁ ॥
ਨਾਨਕ ਸਚੇ ਕੀ ਸਾਚੀ ਕਾਰ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥
ਆਸਣ (ਕੇਵਲ ਸ਼ਿਵ ਲੋਕ ਵਿਚ ਨਹੀਂ, ਤਿੰਨਾਂ ਹੀ ਲੋਕਾਂ ਵਿਚ ਨਹੀਂ ਸਗੋਂ) ਹਰੇਕ ਲੋਕ ਵਿਚ ਹੈ, (ਤੇ ਉਸ ਦੇ) ਭੰਡਾਰੇ ਬੀ ਹਰ ਲੋਕ ਵਿਚ ਹੈਨ। (ਉਨ੍ਹਾਂ ਭੰਡਾਰਿਆਂ ਵਿਚ) ਜੋ ਕੁਛ (ਉਸ ਨੇ) ਪਾਇਆ ਹੈ ਸੋ ਇਕੋ ਵਾਰ ਪਾ ਦਿਤਾ ਹੈ (ਭਾਵ, ਅਮੁੱਕ ਪਾ ਦਿੱਤਾ ਹੈ, ਜੋ ਸਦਾ ਲਈ ਕਾਫੀ ਹੈ)। (ਉਹ) ਸਿਰਜਣਹਾਰ (ਰਚਨਾ) ਰਚ ਰਚ ਕੇ (ਆਪਣੀ ਰਚੀ ਹੋਈ ਨੂੰ) ਦੇਖਦਾ ਹੈ। (ਕਿਉਂਕਿ ਉਹ) ਆਪ ਸਤਯ (ਸਰੂਪ ਹੈ, ਜੋ ਉਸ) ਦੀ (ਕੀਤੀ) ਕਾਰ ਬੀ ਸੱਚੀ ਹੈ। (ਬਾਕੀ ਤੁਕਾਂ ਦਾ ਅਰਥ ਪਿੱਛੇ ਆ ਚੁੱਕਾ ਹੈ)॥੩੧॥
੧. 'ਦੇਖਣ' ਵਿਚ ਦੋ ਭਾਵ ਹਨ, ਸਾਖੀ ਹੋਕੇ ਦੇਖਦਾ ਹੈ, ਆਪ ਲੁਭਾਇਮਾਨ ਨਹੀਂ। ਉਸਦਾ ਦੇਖਣਾ ਦੀਸਣਹਾਰ ਦੀ ਪ੍ਰਤਿਪਾਲਾ ਤੇ ਮੁਕਤ ਹੋਣ ਤਕ ਸੰਭਾਲ ਨਮਿਤ ਹੈ।
ਉਸ ਸਮੇਂ ਦੇ ਪਰਵਿਰਤ ਜੋਗ ਪੰਥੀਆਂ ਦਾ ਸੁਧਾਰ ਕਹਿ ਕੇ ਹੁਣ ਉਸ ਸਮੇਂ ਦੇ ਵਾਚ ਗਯਾਨੀਆਂ ਦੇ ਸੁਧਾਰ ਦਾ ਕਥਨ ਕਰਦੇ ਹਨ। ਅਜ ਕਲ ਦੇ ਵਾਚਯ ਗਯਾਨੀਆਂ ਵਾਂਙੂ ਤਦੋਂ ਬੀ ਨਿਰਾ 'ਅਹੰਬ੍ਰਹਮ' ਕਹਿ ਕੇ ਆਪ ਈਸ਼ਵਰ ਬਣਨ ਵਾਲੇ ਗਯਾਨੀ ਹੈਸਨ। ਅਸਮਾਨਾਂ ਵਿਚ ਗਤੀ ਰੱਖਣ ਵਾਲੇ ਪੰਛੀ ਤੇ ਧਰਤੀ ਤੇ ਰੀਂਗਣ ਵਾਲੇ ਕੀਟ ਦੇ ਰੂਪਕ ਵਿਚ ਓਹਨਾਂ ਦਾ ਫਰਕ ਦਰਸਾਉਂਦੇ ਹਨ। ਅਤਿਸ਼ਯ ਕਰਕੇ ਜਗਦੀਸ਼ਵਰ ਦੇ ਨਾਮ ਸਿਮਰਣ ਵਿਚ ਲਗੇ ਹੋਏ ਜਗਯਾਸੂ 'ਪਤਿਬ੍ਰਤ ਇਸਤ੍ਰੀ' ਵਾਂਙੂ 'ਈਸ਼ਵਰ ਰੂਪ' ਪਤੀ ਦੇ ਦੁਆਰੇ ਅੱਪੜਦੇ ਹਨ ਪਰ ਉਹਨਾਂ ਨੂੰ ਪਤੀ ਦੀ ਪ੍ਰਾਪਤੀ ਉਸ ਦੀ ਨਦਰ ਨਾਲ ਹੁੰਦੀ ਹੈ। 'ਨਾਮ' ਤੇ 'ਨਦਰ' ਦੋ ਨੁਕਤੇ ਹਨ ਇਸ ਪਉੜੀ ਵਿਚ, ਜੋ ਜਗਯਾਸੂ ਨੂੰ ਦਰੁਸਤ ਅਰਥਾਂ ਵਿਚ ਉਸ ਅਵਸਥਾ ਵਿਚ ਲੈ ਜਾਂਦੇ ਹਨ ਜਿਸ ਨੂੰ ਜਗਤ ਦੇ ਈਸ਼ਵਰ ਨਾਲ ਇਕ ਮਿਕ ਹੋ ਜਾਣਾ ਕਹਿੰਦੇ ਹਨ।
'ਇਕ ਦੂ....' ਤੋਂ ਲੈ ਕੇ '...ਇਕੀਸ' ਤਕ ਤਾਂ 'ਨਾਮ' ਦਾ ਜ਼ਿਕਰ ਹੈ, ਇਹ ਹੈ ਜਗਯਾਸੂ ਦਾ ਪਤੀ ਪਰਮੇਸ਼ਰ ਨਾਲ ਪ੍ਰੇਮ ਕਰਨਾ। ਫਿਰ ਹੈ 'ਨਦਰ'ਨਾਨਕ ਨਦਰੀ ਪਾਈਐ' ਇਹ ਹੈ 'ਪਰਮੇਸ਼ੁਰ ਦਾ ਜਗਯਾਸੂ ਨਾਲ ਪ੍ਰੇਮ'। ਸਾਡੇ ਕੀਤੇ ਪ੍ਰੇਮ ਦੀ ਸਫਲਤਾ ਤਦੋਂ ਹੀ ਹੈ ਜਦੋਂ ਸਾਨੂੰ ਪਰਮ ਪੁਰਖ ਪਯਾਰ ਕਰਨ ਲਗ ਜਾਵੇ। ਯਥਾਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥ (ਜਪੁਜੀ)। ਨਾਮ ਦਾ ਸਿਮਰਣ ਜਗਯਾਸੂ ਨੂੰ 'ਅੰਤ' ਦੀ ਸਰਹਦ ਉਤੇ ਲੈ ਜਾਂਦਾ ਹੈ, ਅਗੋਂ ਅਨੰਤ ਵਿਚ ਆਪੂੰ ਛਾਲ ਨਹੀਂ ਵਜਦੀ। ਓਥੋਂ ਤਾਂ 'ਅਨੰਤ' ਆਪਣੇ ਕਿਸੇ ਕ੍ਰਿਪਾਕਟਾਖਯ ਨਾਲ ਖਿੱਚਦਾ ਹੈ। ਹਾਂ, ਇਹ ਮਿਹਰ ਵਾਲੇ ਦੀ ਮਿਹਰ ਦਾ ਕ੍ਰਿਸ਼ਮਾ ਹੈ, ਇਹ ਨਦਰ ਹੈ।
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥
ਇਕ ਜੀਭ ਤੋਂ (ਸਾਡੀਆਂ) ਲੱਖ (ਜੀਭਾਂ) ਹੋ ਜਾਣ ਤੇ ਲਖ (ਜੀਭਾਂ) ਹੋ ਜਾਣ ਵੀਹ ਲਖ, (ਉਨ੍ਹਾਂ ਨਾਲ ਫੇਰ ਅਸੀਂ) ਲਖ ਲਖ ਵੇਰ ਜਗਤ ਦੇ ਮਾਲਕ (ਪਰਮੇਸ਼ੁਰ) ਦਾ ਇਕ ਨਾਮ ਲੈਂਦੇ ਰਹੀਏ। ਇਹ ਹੈ ਰਾਹ (ਜਿਸ ਵਿਚ) ਪਤੀ (ਦੇ ਮਹਲ) ਦੀਆਂ ਪਉੜੀਆਂ ਹਨ, (ਉਨ੍ਹਾਂ ਉਤੇ) ਚੜ੍ਹਨ ਨਾਲ (ਜਗਤ ਦੇ) ਈਸ਼ਵਰ ਨਾਲ ਇਕ ਹੋਈਦਾ ਹੈ। (ਪਰੰਤੂ ਗੁਰਮੁਖਾਂ ਦੇ ਵਾਹਿਗੁਰੂ ਦਰ ਅੱਪੜ ਪੈਣ ਦੀਆਂ) ਅਰਸ਼ੀ ਗੱਲਾਂ ਸੁਣ ਕੇ (ਨਾਮ ਅਭਯਾਸ ਦੇ ਬਲ ਤੋਂ ਸੱਖਣੇ ਕਥਨੀ ਮਾਤ੍ਰ ਦੇ ਖੰਭਾਂ ਵਾਲੇ) ਕੀੜਿਆਂ ਨੂੰ ਰੀਸ ਆ ਜਾਂਦੀ ਹੈ (ਕਿ ਅਸੀਂ ਬੀ ਕੀਟਪੰਖਾਂ ਨਾਲ ਅਕਾਸ਼ ਦੇ ਧੁਰ ਪੁੱਜ ਪਵਾਂਗੇ, ਪਰ) ਹੇ ਨਾਨਕ! (ਬ੍ਰਿਤੀ ਜਿਨ੍ਹਾਂ ਦੀ ਕੂੜੇ ਪਦਾਰਥਾਂ ਵਿਚ ਲੱਗ ਰਹੀ ਹੈ ਐਸੇ) ਕੂੜੇ (ਪੁਰਖਾਂ) ਦੀਆਂ ਗੱਪਾਂ ਕੂੜ ਹੀ ਹੁੰਦੀਆਂ ਹਨ; (ਜਗਤ ਦੇ ਈਸ਼ ਨੂੰ ਤਾਂ ਉਸ ਦੀ) ਮਿਹਰ ਦ੍ਰਿਸ਼ਟੀ ਨਾਲ ਹੀ ਪਾਈਦਾ ਹੈ॥੩੨॥
1. ਉਞ ਨਾਮ ਜਪੁ ਬੀ ਉਸ ਦੀ ਮਿਹਰ ਨਾਲ ਹੀ ਹੁੰਦਾ ਹੈ।
2. ਵਾਹਿਗੁਰੂ ਦਾ ਨਾਮ ਜਪ ਇਹ ਮਾਰਗ ਹੈ, ਜਿਸ ਵਿਚ ਸਦੀਵ ਰੁੱਝੇ ਰਹਿਣਾ ਚਾਹੀਏ। ਜੋ ਰੁੱਝੇ ਹਨ ਦੱਸਦੇ ਹਨ ਕਿ ਇਕ ਜੀਭ ਕਾਫੀ ਨਹੀਂ, ਲੱਖਾਂ ਹੀ ਹੋਣ ਤੇ ਲੱਖਾਂ ਗੇੜ ਆਉਣ ਉਸ ਦੇ, ਐਸੀ ਬਾਹੁਲਤਾ ਨਾਲ ਇਸ ਵਿਚ ਰੁੱਝੀਏ। ਜਦੋਂ ਮਨ ਤਨ ਇਸ ਸਿਮਰਨ ਵਿਚ ਰਚ ਜਾਂਦੇ ਹਨ ਤਦੋਂ ਰੋਮ ਰੋਮ ਵਿਚ ਨਾਮ ਦਾ ਅਭਿਆਸ ਹੋ ਆਉਂਦਾ ਹੈ। ਮਾਨੋ ਹਰ ਰੋਮ ਜਿਹਵਾ ਹੋ ਗਿਆ ਹੈ ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ॥ (ਵਾਰ ਸਾਰੰਗ ਮ:੪੨੫੧੨੪੭)। ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥(ਰਾਮ:ਸਿਧ ਗੋ:੨੭੯੪੧)। ਇਥੇ ਉਪਦੇਸ਼ ਲੱਖਾਂ ਜੀਭਾਂ ਨਾਲ ਜਪਣੇ ਦੀ ਨਿਖੇਧੀ ਦਾ ਨਹੀਂ, ਸਗੋਂ ਵਿਧੀ ਦਾ ਹੈ। ਜੈਸੇ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ: ਹਰਿ ਗੁਨ ਗਾਵਹੁ ਜਗਦੀਸ॥ ਏਕਾ ਜੀਹ ਕੀਚੈ ਲਖ ਬੀਸ॥ ਜਪਿ ਹਰਿ ਹਰਿ ਸਬਦਿ ਜਪੀਸ॥ ਹਰਿ ਹੋ ਹੋ ਕਿਰਪੀਸ॥੧॥ਰਹਾਉ॥ ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ॥(ਕਾਨੜਾਮ:੪/੨੯੬)। ਪੁਨਾ: ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ॥ (ਸੂਹੀ ਮ:੫ ਛੰਤ ੬/੭੮੦)
3. ਪਤਿ=ਪਤੀ, ਭਾਵ ਜਗਤ ਦਾ ਈਸ਼। ਅਕਾਲ ਪੁਰਖ। (ਅ) ਪਤਿ ਪਵੜੀਆ ਦਾ ਅਰਥ ਸਨਮਾਨ ਦੀਆਂ ਪਉੜੀਆਂ ਬੀ ਕਰ ਲੈਂਦੇ ਹਨ।
4. ਇਕੀਸ='ਇਕ' ਜੋੜ 'ਈਸ'=ਇਕ ਈਸ਼ਵਰ। (ਅ) ਐਉਂ ਬੀ ਅਰਥ ਲਾਉਂਦੇ ਹਨ। ਵੀਹ ਵਿਸਵੇ ਦਾ ਕਨਾਲ ਹੁੰਦਾ ਹੈ। ਸੋ ਗੇਣਤੀ ਵੀਹ ਤੱਕ ਹੈ, ਜਦ ੨੦ ਤੋਂ ਲੰਘ ਗਏ ਗਿਣਤੀ ਤੋਂ ਅਣਗਿਣਤ ਵਿਚ ਪਹੁੰਚ ਗਏ। (ੲ) ੨੦ ਅੰਸ਼ ਜਗਤ ਤੇ ਇੱਕੀਵਾਂ ਤੁਰੀਆ, ਸੋ ਇਕ ਈਸ਼ਰ ਨਾਲ ਮਿਲ ਜਾਣ ਦਾ ਯਾ ਸ਼ੁਮਾਰ ਤੋਂ ਬੇਸ਼ੁਮਾਰ ਵਚ ਚਲੇ ਜਾਣ ਦਾ ਯਾ ਵੀਹ (ਜਗਤ) ਲੰਘ ਕੇ ਇਕੀਸ (ਤੁਰੀਆ) ਵਿਚ ਅੱਪੜ ਦਾਤ੍ਰੈਹਾਂ ਦਾਭਾਵ ਹੈ ਅਨੰਤ ਦੀ ਪ੍ਰਾਪਤੀ, ਪਰਮਾਤਮਾ ਦਾ ਮੇਲ।
ਪਿਛਲੀ ਪਉੜੀ ਵਿਚ 'ਨਾਮ ਤੇ ਨਦਰ' ਦਾ ਵਰਣਨ ਕੀਤਾ ਸੀ, ਇਸ ਪਉੜੀ ਵਿਚ ਦੱਸਦੇ ਹਨ ਕਿ 'ਨਾਮ ਤੇ ਨਦਰ' ਦਾ ਮਾਰਗ 'ਜ਼ੋਰ' ਦਾ ਮਾਰਗ ਨਹੀਂ, ਜਿਸ ਤੋਂ ਇਹ ਵਿਦਿਤ ਹੁੰਦਾ ਹੈ ਕਿ ਇਹ 'ਸਹਿਜ ਦਾ ਮਾਰਗ' ਹੈ। ਜ਼ੋਰ ਨਾਲ ਜੋ ਪ੍ਰਾਪਤੀ ਲੋੜੀਦੀ ਹੈ ਉਹ ਆਪਣੇ ਹੀ ਮਨੋਰਥ ਦੇ ਉਲਟ ਜਾਂਦੀ ਹੈ। ਕੁਛ ਐਸ ਤਰ੍ਹਾਂ ਕਿ ਜਿਸ ਤਰ੍ਹਾਂ ਜ਼ੋਰ ਲਾ ਲਾ ਕੇ ਸੌਣਾ ਚਾਹੀਏ ਤਾਂ ਸਗੋਂ ਨੀਂਦ ਨਹੀਂ ਆਉਂਦੀ, ਨੀਂਦ ਤਾਂ ਕਿਸੇ ਸਹਿਜ ਭਾਵ ਵਿਚ ਗਿਆਂ ਆਉਂਦੀ ਹੈ। ਇਸ ਤਰ੍ਹਾਂ ਸੁਰਤ ਦੇ ਕੰਮ ਸਿਮਰਣ, ਗਯਾਨ ਤੇ ਵੀਚਾਰ ਆਦਿ ਸਭੇ ਸਹਿਜ ਦੇ ਭਾਵ ਨਾਲ ਸਫਲ ਹੁੰਦੇ ਹਨ, ਯਥਾ: ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ॥
(ਆਸਾ ਮ:੩੩੫੪੨੯)। ਪੁਨਾਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ॥
(ਸਿਰੀ:ਮ:੩/੬੮)। ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ॥
(ਸਿਰਿ:ਮ:੧ ਅਸ਼ਟ੩੫੫)। ਪੁਨਾਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ॥
(ਸਿਰਿ:ਮ:੩ ਅਸ਼ਟ੨੩)। ਸੋ 'ਜੋਰ ਨ' ਕਹਿਣ ਤੋਂ ਮੁਰਾਦ 'ਸਹਜ ਮਾਰਗ' ਦੀ ਹੈ, ਇਸ ਲਈ ਆਪ ਫੁਰਮਾਉਂਦੇ ਹਨ:
ਆਖਣਿ ਜੋਰੁ ਚੁਪੈ ਨਹ ਜੋਰੁ ॥
ਜੋਰੁ ਨ ਮੰਗਣਿ ਦੇਣਿ ਨ ਜੋਰੁ ॥
ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥
ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥
ਜੋਰੁ ਨ ਜੁਗਤੀ ਛੁਟੈ ਸੰਸਾਰੁ ॥
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥
ਨਾਨਕ ਉਤਮੁ ਨੀਚੁ ਨ ਕੋਇ ॥੩੩॥
(ਅਰਥ ਤੀਸਰੀ ਤੁਕ ਤੋਂ ਤੁਰੇਗਾ) ੩. (ਪ੍ਰਤੱਖ ਦੇਖੋ ਭਾਈ! ਇਨਸਾਨ ਦੇ) ਜੀਉਣ ਵਿਚ (ਉਸ ਦਾ) ਜ਼ੋਰ (ਸਫ਼ਲ) ਨਹੀਂ, ਮਰਨੇ ਵਿਚ ਜ਼ੋਰ (ਸਫ਼ਲ) ਨਹੀਂ। ੧. (ਇਸੀ ਤਰ੍ਹਾਂ ਉਸ ਜੀਉਣ ਸੰਬੰਧੀਜੋ ਜ਼ੋਰ ਦੀ ਖੇਡ ਨਹੀਂ ਹੈਹੋਰ ਗੱਲਾਂ ਬੀ ਜ਼ੋਰ ਦੇ ਵੱਸ ਨਹੀਂ ਹਨ, ਜਿਵੇਂ) ਆਖਣ ਵਿਚ ਕਿ ਚੁੱਪ ਧਾਰਨ ਵਿਚ (ਦੋਹਾਂ ਵਿਚ) ਜ਼ੋਰ (ਸਫ਼ਲ) ਨਹੀਂ। ੨. ਮੰਗਣੇ ਵਿਚ ਜ਼ੋਰ (ਸਫ਼ਲ) ਨਹੀਂ, ਦੇਣ ਵਿਚ ਜ਼ੋਰ (ਸਫ਼ਲ) ਨਹੀਂ। ੪. ਐਸ਼ਵਰਜ ਤੇ ਮਾਲ ਧਨ ਦੀ (ਪ੍ਰਾਪਤੀ) ਵਿਚ ਜ਼ੋਰ (ਸਫ਼ਲ) ਨਹੀਂ (ਜਿਸ ਲਈ ਕਿ) ਮਨ ਵਿਚ ਖ਼ਬਤ ਲਗਾ ਰਹਿੰਦਾ ਹੈ। ੫. (ਤਿਵੇਂ ਹੀ ਸਮਝ ਲਓ ਕਿ ਨਾਮ ਸਿਮਰਣ ਆਦਿ) ਸੁਰਤ ਦੇ (ਕੰਮਾਂ ਵਿਚ) ਗਯਾਨ ਤੇ ਵੀਚਾਰ ਆਦਿ ਵਿਚ ਬੀ ਜ਼ੋਰ (ਸਫ਼ਲ) ਨਹੀਂ।
੬. (ਅਤੇ ਜਿਸ) ਜੁਗਤਿ ਨਾਲ ਸੰਸਾਰ (ਸਾਥੋਂ) ਛੁੱਟ ਸਕੇ (ਉਸ ਵਿਚ ਬੀ) ਜ਼ੋਰ (ਸਫ਼ਲ) ਨਹੀਂ। ੭. ਜਿਸਦੇ (ਖਯਾਲ ਵਿਚ ਉਸ ਦੇ ਅਪਣੇ) ਹੱਥ ਵਿਚ (ਐਸਾ) ਜ਼ੋਰ ਹੈ ਉਹ (ਜ਼ੋਰ) ਕਰਕੇ ਵੇਖ ਲਵੇ। ੮. ਹੇ ਨਾਨਕ (ਸੱਚ ਤਾਂ ਇਹੋ ਹੈ ਕਿ ਜ਼ੋਰ ਨਾਲ) ਉਤਮ ਕਿ ਨੀਚ ਕੋਈ ਨਹੀਂ (ਕੁਛ ਬਣ ਸਕਦਾ)॥ ਭਾਵ ਇਸ ਪਉੜੀ ਵਿਚ ਗੁਰੂ ਜੀ ਨੇ 'ਜੋਰੁ ਨ ਜੀਵਣਿ ਮਰਣਿ ਨਹ ਜੋਰੁ' ਆਖ ਕੇ ਇਕ ਪ੍ਰਤੱਖ ਵਰਤ ਰਹੀ ਸਚਿਆਈ ਦੱਸੀ ਹੈ। ਇਸ ਤੋਂ ਸਮਝ ਪਈ ਕਿ ਜਦ ਜੰਮਣ ਤੇ ਮਰਣ ਵਿਚ ਜ਼ੋਰ ਨਹੀਂ ਤਾਂ ਇਸ ਦੇ ਜੀਵਣ ਸੰਬੰਧੀ ਕਰਤੱਵਯ ਆਦਿ ਹੋਰ ਗੱਲਾਂ ਵਿਚ ਜੋ ਜੰਮਣ ਤੇ ਮਰਣ ਦੇ ਵਿਚਕਾਰ ਹਨ ਬੀ ਜ਼ੋਰ ਸਫਲ ਨਹੀਂ।
ਇਹ 'ਅਰਥਾਂਤਰ ਨਯਾਸ ਅਲੰਕਾਰ' ਦਾ ਤ੍ਰੀਕਾ ਵਰਤਿਆ ਹੈ। ਇਥੇ 'ਜੀਵਣ ਮਰਣ ਜ਼ੋਰ ਦੇ ਵੱਸ ਨਹੀਂ' ਸਾਮਾਨਯ ਅਰਥ ਸੁਤੇ ਸਿੱਧ ਹੈ, ਇਸ ਤੋਂ ਵਿਸ਼ੇਸ਼ ਅਰਥ ਇਹ ਸਮਰਥਨ ਕੀਤਾ ਗਿਆ ਹੈ ਕਿ ਜੀਵਣ ਦੇ ਹੋਰ ਕਾਰਯ ਆਖਣ, ਚੁੱਪ, ਮੰਗਣ, ਦੇਣ, ਧਨ ਪ੍ਰਾਪਤੀ, ਊਚ ਨੀਚ ਹੋਣਾ ਆਦਿ ਬੀ ਜ਼ੋਰ ਦੇ ਵੱਸ ਨਹੀਂ ਹਨ। ਤਾਂ ਤੇ ਸੁਰਤ ਦੇ ਕਾਰਯ ਗਯਾਨ ਆਦਿ ਬੀ ਜ਼ੋਰ ਨਾਲ ਸਫਲਦੇ ਨਹੀਂ, ਏਹ ਸਹਜ ਵਿਚ ਸਫਲਦੇ ਹਨ। ਦੇਖੋ ਜੇ ਕੋਈ ਹਠ ਨਾਲ ਚੁਪ ਧਾਰੇ ਤਾਂ ਅੰਦਰ ਕਲਪਨਾ ਟੁਰੀ ਰਹਿੰਦੀ ਹੈ, ਚੁੱਪ ਨਹੀਂ ਵਰਤਦੀ। ਪਰ ਜੇ ਨਾਮ ਦੇ ਰਸਤੇ ਸਹਜ ਵਿਚ ਆ ਜਾਵੇ ਤਾਂ ਅੰਦਰ ਟਿਕਾਉ ਹੋ ਜਾਂਦਾ ਹੈ, ਬਾਹਰ ਬੋਲ ਚਾਲ ਵਿਚ ਸੰਜਮ ਆ ਜਾਂਦਾ ਹੈ।
ਜਿਵੇਂ ਜ਼ੋਰ ਨਾਲ ਕੋਈ ਬੋਲੇ ਤਾਂ ਰਸ ਨਹੀਂ ਪੈਂਦਾ। ਜੇ ਜ਼ੋਰ ਨਾਲ ਕਥਾ ਵਖਯਾਣ ਕਰੇ, ਕਿ ਕਵਿਤਾ ਕਹੇ ਤਾਂ ਰਸਹੀਨਤਾ ਫਲ ਹੁੰਦਾ ਹੈ। ਜ਼ੋਰ ਨਾਲ ਨਾਮ ਜਪੋ ਤਾਂ ਰਸ ਨਹੀਂ ਪੈਂਦਾਸਹਜੇ ਗਾਵਿਆ ਥਾਇ ਪਵੈ (ਸਿਰਿ: ਮ:੩)ਵਾਕ ਹੈ। ਜ਼ੋਰ ਨਾਲ ਮੰਗਣਾਅਰਥਾਤ ਭਿੱਖੂ ਬਣਨੇ ਲਈ ਬੀ ਅੰਦਰ ਸਹਜ ਦੀ ਥਾਪਨਾ ਦੀ ਲੋੜ ਹੈ, ਹਠ ਬ੍ਰਿਤੀ ਨਾਲ ਬਣੇ ਹੋਏ ਭਿੱਖੂ ਦੇ ਅੰਦਰ ਸੰਤੋਖ ਨਹੀਂ ਉਪਜਦਾ। ਦਾਨ ਕਰਨ ਵਿਚ ਸਹਜ ਦੀ ਲੋੜ ਹੈ, ਹਠ ਨਾਲ ਕੀਤਾ ਦਾਨ ਮਨ ਨੂੰ ਨਿਰਮਲ ਨਹੀਂ ਕਰਦਾ। ਜੰਮਣਾ, ਜੀਉਣਾ, ਮਰਣਾ ਅਪਣੇ ਜ਼ੋਰ ਦੇ ਵੱਸ ਨਹੀਂ, ਇਹ ਸੁਤੇ ਹੀ ਸਹਜ ਸੁਭਾ ਹੁੰਦਾ ਰਹਿੰਦਾ ਤੇ ਮੁਕਦਾ ਹੈ। ਕਾਮਯਾਬ ਰਾਜਾ ਯਾ ਧਨੀ ਬਣਨ ਲਈ ਬੀ ਅੰਦਰ ਇਕ ਸਹਜ ਭਾਵ ਦੇ ਆ ਜਾਣ ਦੀ ਲੋੜ ਹੈ।
ਜੋਰ ਧੱਕੇ ਵਾਲੇ ਰਾਜੇ ਤੇ ਧਨੀ ਜਿਸ ਪ੍ਰਯੋਜਨ ਅਸਫਲ ਹੋ ਜਾਂਦਾ ਹੈ। ਰਾਜ ਤੇ ਧਨ ਸੁਖ ਭੋਗਣ ਲਈ ਲੱਭੀਦਾ ਹੈ, ਪਰ ਜ਼ੋਰ ਹਠ ਵਾਲੇ ਰਾਜੇ ਤੇ ਧਨੀ ਦਾ ਅੰਦਰ ਖੌਲਰ ਵਿਚ ਰਹਿੰਦਾ ਹੈ। ਖੌਲਰ ਵਾਲਾ ਮਨ ਸੁਖੀ ਨਹੀਂ ਹੋ ਸਕਦਾ। ਪ੍ਰਜਾ ਨੂੰ ਯਾ ਗ਼ਰੀਬਾਂ ਨੂੰ ਸੁਖ ਦੇਣ ਦਾ ਮਨੋਰਥ ਬੀ ਰਾਜੇ ਤੇ ਧਨੀ ਦਾ ਸਹਜ ਵਿਚ ਸਫਲ ਹੁੰਦਾ ਹੈ, ਜ਼ੋਰ ਹਉਂ ਵਿਚ ਸਫਲ ਨਹੀਂ ਹੁੰਦਾ। ਸੁਰਤ ਦੇ ਗਯਾਨ ਵੀਚਾਰ ਅਰਥਾਤ ਪਰਮਾਰਥ ਦੀ ਸਫਲ ਪ੍ਰਾਪਤੀ ਤਾਂ ਹੈ ਹੀ ਸਹਜ। ਹਠ ਆਸਰੇ ਕੀਤੇ ਆਤਮਿਕ ਸਾਧਨ ਹਉਂ ਵਿਚ ਹੀ ਰਖਦੇ ਹਨ। ਜਦੋਂ ਅੰਦਰਲਾ ਟਿਕਾਉ ਸੁਭਾਵਭੂਤ ਹੋ ਕੇ ਆਤਮ ਰੰਗ ਵਿਚ ਨਿਰਯਤਨ ਰਖਦਾ ਹੈ ਤਦੋਂ ਸਹਜ ਦੀ ਅਵਸਥਾ ਹੁੰਦੀ ਹੈ ਤੇ ਉਹ ਸੁਖ ਰੂਪ ਹੁੰਦੀ ਹੈ ਤੇ ਉਹ ਸੁਖ ਰੂਪ ਹੁੰਦੀ ਹੈ।
ਜਿਵੇਂ ਤਾਰੂ ਦੀ ਮੁਰਦਾ ਤਾਰੀ ਉਸ ਨੂੰ ਨਿਰਯਤਨ ਤਾਰੀ ਵਿਚ ਲਈ ਜਾਂਦੀ ਹੈ। ਹਠ ਬ੍ਰਿਤੀ ਨਾਲ ਸੰਸਾਰ ਛੱਡ ਕੇ ਜੋ ਤੀਰਥਾਂ ਯਾ ਬਨਾਂ ਵਿਚ ਚਲੇ ਜਾਂਦੇ ਹਨ, ਸੰਸਾਰ ਤੋਂ ਛੁਟਦੇ ਨਹੀਂ, ਬ੍ਰਿਤੀ ਸੰਸਾਰਾਕਾਰ ਹੀ ਰਹਿੰਦੀ ਹੈ, ਸੰਕਲਪ ਵਿਕਲਪ ਦਾ ਪ੍ਰਵਾਹ ਜਗਤ ਨਾਲ ਬੰਨ੍ਹੀ ਰਖਦਾ ਹੈ। ਇਸ ਤਰ੍ਹਾਂ ਹਠ ਨਾਲ ਉਤਮ ਬਣਿਆ ਅੰਦਰਲਾ ਉਤਮਤਾ ਵਿਚ ਵਟੀਜ ਨਹੀਂ ਜਾਂਦਾ, ਨੀਚਤਾ ਅੰਦਰ ਵਸਦੀ ਰਹਿੰਦੀ ਹੈ ਤੇ ਦਾਉ ਪਾ ਪਾ ਕੇ ਨਿਕਲਦੀ ਰਹਿੰਦੀ ਹੈ। ਜੇ ਕੋਈ ਉਤਮ ਹੋਵੇ ਤੇ ਜੋਰ ਲਾਵੇ ਨੀਚ (ਨਿਰਮਾਣ ਸੇਵਕ) ਹੋਣ ਦਾ ਤਾਂ ਭੀ ਸੰਭਵ ਨਹੀਂ। ਸੋ ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜੋ ਅਵਸਥਾ ਅਸੀਂ ਚਾਹੁੰਦੇ ਹਾਂ ਸਿੱਖ ਦੇ ਅੰਦਰ ਪੈਦਾ ਹੋਵੇ ਉਹ ਸਹਿਜ ਦੀ ਹੈ। 'ਨਾਮ' ਤੇ 'ਨਦਰ' ਸਹਜ ਮਾਰਗ ਦੀਆਂ ਵਸਤਾਂ ਹਨ॥੩੩॥
੧. ਇਕ ਜੋਰ 'ਹਉ' ਦੇ ਆਸਰੇ ਹੁੰਦਾ ਹੈ। ਇਸ ਪਉੜੀ ਵਿਚ ਉਸ ਦੀ ਨਿਸਫਲਤਾ ਦੱਸੀ ਹੈ। ਇਕ ਜੋਰ 'ਆਤਮ ਬਲ' ਦਾ ਨਾਮ ਹੈ। ਯਥਾ ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ॥ (ਗਉੜੀ ਮਾਝ ਮ:੫੨੧੭)। ਪੁਨਾ: ਕਰਮ ਖੰਡ ਕੀ ਬਾਣੀ ਜੋਰੁ॥ (ਜਪੁਜੀ)। ਪੁਨਾਤਿਥੈ ਜੋਧ ਮਹਾ ਬਲ ਸੂਰ॥ (ਜਪੁਜੀ)।
੨. ਸਹਜੇ ਆਵੈ ਸਹਜੇ ਜਾਇ॥ (ਗਉ:ਮ:੧/੧੫੨)। ਪੁਨਾ: ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ॥ ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ॥ (ਵਾਰ ਮਾਝ ਮ:੧੧੫੧੪੫)
੩. ਸਹਜੇ ਗਾਵਿਆ ਖਾਇ ਪਵੈ ਬਿਨੁ ਸਹਜੈ ਕਥਨੀ ਬਾਦਿ॥ (ਸਿਰੀ :ਮ:੩/ਅਸ਼ਟ:੨੩੬੮)। ਪੁਨਾ:ਸਹਜੇ ਚੂਪ ਸਹਜੇ ਹੀ ਜਪਨਾ॥ (ਗਉੜੀ ਮ:੫/੨੩੬)। ਪੁਨਾਬੋਲੈ ਨਾਹੀ ਹੋਇ ਬੈਠਾ ਮੋਨੀ॥ ਅੰਤਰਿ ਕਲਪ ਭਵਾਈਐ ਜੋਨੀ॥ (ਪ੍ਰਭਾ ਮ:੫ ਅਸ਼ਟ੨੧੩੪੮) ਪੁਨਾਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ॥ (ਬਸੰ:ਮ:੩/੧੧੭੬)
੪. ਮਨੁ ਤਨੁ ਦੇ ਲੈ ਸਹਜਿ ਸੁਭਾਇ॥ ਨਾਨਕ ਤਿਨ ਕੈ ਲਾਗਉ ਪਾਇ॥ (ਗਉ:ਮ:੧੬੧੫੩)
੫. ਰਾਜ ਮਾਲ ਅਪਨੇ ਵਸ ਨਹੀਂਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ॥ (ਵਾਰ ਮਾਝ ਮ:੧੧੫੧੪੫)। ਸਹਜੇ ਗ੍ਰਿਹ ਮਹਿ ਸਹਜਿ ਉਦਾਸੀ॥ (ਗਉ:ਮ:੫/੨੩੬)। ਰੰਕ ਤੇ ਰਾਉ ਕਰਤ ਖਿਨ ਭੀਤਰਿ ਪ੍ਰਭੂ ਮੇਰੋ ਅਨਾਥ ਕੋ ਨਾਥ॥ (ਬਿਲਾ:ਮ:੫/੮੨੮)
੬. ਸਹਜੇ ਅੰਮ੍ਰਿਤ ਪੀਓ ਨਾਮੁ॥ (ਗਉ:ਮ:੫੨੩੭) ਪੁਨਾਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ॥ (ਸਿਰੀ:ਮ:੩/੬੮)। ਸਹਜੇ ਅਦਿਸਟ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ (ਸਿਰੀ:ਮ:੧/੬੮)। ਸਹਜੇ ਸਹਜੇ ਮਿਲਿ ਰਹੈ ਅਮਰਾ ਪਦ ਪਾਵੈ॥ (ਤਿਲੰ:ਮ:੧੭੨੫)
੭. ਸਹਿਜ ਸਮਾਵੈ ਤਾ ਹਰਿ ਮਨ ਭਾਵੈ ਸਦਾ ਅਤੀਤੁ ਬੈਰਾਗੀ॥ (ਧਨਾ:ਮ:੪)। ਸਹਜੇ ਗ੍ਰਿਹ ਮਹਿ ਸਹਜਿ ਉਦਾਸੀ॥ (ਗਉ:ਮ:੫/੨੩੬)।
੮. (ਅ) ਜਿਸ ਪਰਮੇਸ਼ੁਰ ਦੇ ਹੱਥ ਵਿਚ ਜ਼ੋਰ ਹੈ ਉਹ ਜ਼ੋਰ ਕਰਦਾ ਪਿਆ ਵੇਖਦਾ ਹੈ (ਸੰਮ੍ਹਾਲਦਾ ਹੈ)। (ਸੰਪ੍ਰ:)।
੯. ਇਸ ਕਾ ਬਲੁ ਨਾਹੀ ਇਸੁ ਹਾਥ॥ (ਸੁਖਮਨੀ)। ਪੁਨਾ:ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ॥ (ਗਉ:ਮ:੫੧੬੯)।
੧੦. ਨੀਚਹੁ ਊਚ ਕਰੈ ਮੇਰਾ ਗੋਬਿੰਦੁ॥ (ਮਾਰੂ ਰਵਿ:੧੧੦੬)। ਹੁਕਮੀ ਉਤਮੁ ਨੀਚੁ (ਜਪੁਜੀ)। ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ॥ (ਬਿ:ਮ:੫੫੦)।