Rehraas Sahib — Prof. Sahib Singh ji (page 1)

Rehraas Sahib — Prof. Sahib Singh ji · ੧ / ੪

ਰਹਰਾਸਿ ਸਾਹਿਬ

ਸਲੋਕ ਮ:੧॥

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥
ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ॥੧॥

ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥੧॥

ਰਹਾਉ॥
ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ॥
ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ ਜਿਨਿ ਕੀਤੀ ਸੋ ਪਾਰਿ ਪਇਆ॥
ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ॥੨॥

ਪਦ ਅਰਥ: ਤਾਮਿ-ਤਦੋਂ। ਕਰਣਾ-ਕਰਣਹਾਰ। ਮੈ ਨਾਹੀ-ਮੈਂ ਕੁਛ ਭੀ ਨਹੀਂ, ਮੇਰੀ ਕੋਈ ਪਾਂਇਆ ਨਹੀਂ ਹੈ। ਜਾ ਹਉ ਕਰੀ-ਜੇ ਮੈਂ 'ਹਉ' ਆਖਾਂ, ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਬੈਠਾਂ। ਨ ਹੋਈ-ਨਹੀਂ ਫਬਦਾ, ਇਹ ਗੱਲ ਫਬਦੀ ਨਹੀਂ। ਜਾਤਿ-ਸ੍ਰਿਸ਼ਟੀ। ਜੋਤਿ-ਰੱਬ ਦਾ ਨੂਰ। ਜੋਤਿ ਮਹਿ-ਸਾਰੀਆਂ ਜੋਤੀਆਂ ਵਿਚ, ਸਾਰੇ ਜੀਵਾਂ ਵਿਚ। ਜਾਤਾ-ਵੇਖਿਆ ਜਾਂਦਾ ਹੈ, ਦਿਸ ਰਿਹਾ ਹੈ। ਅਕਲ-ਸੰਪੂਰਨ। ਕਲਾ-ਟੋਟਾ, ਹਿੱਸਾ। ਅਕਲ ਕਲਾ-ਜਿਸ ਦੇ ਵਖੋ ਵਖਰੇ ਟੋਟੇ ਨਾ ਹੋਣ, ਇਕ ਰਸ ਸੰਪੂਰਨ ਪ੍ਰਭੂ। ਸੁਆਲਿਉ-ਸੋਹਣੀ, ਸੁੰਦਰ। ਜਿਨਿ ਕੀਤੀ-ਜਿਸ ਨੇ (ਤੇਰੀ ਵਡਿਆਈ) ਕੀਤੀ। ਨਾਨਕ-ਹੇ ਨਾਨਕ! ਕਹੁ ਕਰਤੇ ਕੀਆ ਬਾਤਾ-ਕਰਤਾਰ ਦੀਆਂ ਗੱਲਾਂ ਆਖ।

ਅਰਥ:- (ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ ਅਤੇ ਸੁਖ (ਉਹਨਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ। ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ ਤਾਂ (ਦੁੱਖ) ਨਹੀਂ ਰਹਿੰਦਾ। ਹੇ ਪ੍ਰਭੂ! ਤੂੰ ਕਰਨਹਾਰ ਕਰਤਾ ਹੈਂ (ਤੂੰ ਆਪ ਹੀ ਇਨ੍ਹਾਂ ਭੇਤਾਂ ਨੂੰ ਸਮਝਦਾ ਹੈਂ), ਮੇਰੀ ਸਮਰੱਥਾ ਨਹੀਂ ਹੈ (ਕਿ ਮੈਂ ਸਮਝ ਸਕਾਂ)। ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲਗ ਪਵਾਂ ਕਿ ਮੈਂ ਤੇਰੇ ਭੇਦ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ।੧।

ਹੇ ਕੁਦਰਤ ਵਿਚ ਵੱਸ ਰਹੇ ਕਰਤਾਰ। ਮੈਂ ਤੈਥੋਂ ਸਦਕੇ ਹਾਂ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ।੧। ਰਹਾਉ।

ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ, ਸਾਰੇ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ। ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ। ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ। ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਜਿਸ ਨੇ ਤੇਰੇ ਗੁਣ ਗਾਏ ਹਨ, ਉਹ ਇਸ ਸੰਸਾਰ ਸਮੁੰਦਰ ਤੋਂ ਤਰ ਗਿਆ ਹੈ। ਹੇ ਨਾਨਕ! (ਤੂੰ ਭੀ) ਕਰਤਾਰ ਦੀ ਸਿਫਤਿ-ਸਾਲਾਹ ਕਰ (ਤੇ ਆਖ ਕਿ) ਪਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ, ਉਹ ਕਰ ਰਿਹਾ ਹੈ (ਭਾਵ, ਉਸ ਦੇ ਕੰੰਮ ਵਿਚ ਕਿਸੇ ਦਾ ਦਖ਼ਲ ਨਹੀਂ ਹੈ)।੨।

ਸੋ ਦਰੁ ਰਾਗੁ ਆਸਾ ਮਹਲਾ ੧

< ਸਤਿਗੁਰ ਪ੍ਰਸਾਦਿ ॥

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥

ਪਦ ਅਰਥ: ਕੇਹਾ-ਕਿਹੋ ਜਿਹਾ? ਬੜਾ ਅਚਰਜ। ਦਰੁ-ਦਰਵਾਜ਼ਾ। ਜਿਤੁ-ਜਿੱਥੇ। ਬਹਿ-ਬੈਠ ਕੇ। ਸਰਬ-ਸਾਰੇ ਜੀਵਾਂ ਨੂੰ। ਸਮਾਲੇ-ਤੂੰ ਸੰਭਾਲ ਕੀਤੀ ਹੈ, ਤੂੰ ਸੰਭਾਲ ਕਰ ਰਿਹਾ ਹੈਂ। ਨਾਦ-ਆਵਾਜ਼, ਸ਼ਬਦ,ਰਾਗ। ਵਾਵਣਹਾਰੇ-ਵਜਾਣ ਵਾਲੇ। ਪਰੀ-ਰਾਗ ਪਰੀ, ਰਾਗਣੀਆਂ। ਸਿਉ-ਸਮੇਤ, ਸਣੇ। ਪਰੀ ਸਿਉ-ਰਾਗਣੀਆਂ ਸਮੇਤ। ਕਹੀਅਹਿ-ਕਹੇ ਜਾਂਦੇ ਹਨ, ਆਖੇ ਜਾਂਦੇ ਹਨ।

ਅਰਥ:- (ਹੇ ਪ੍ਰਭੂ!) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ। (ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ। ਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ। ਅਨੇਕਾਂ ਹੀ ਜੀਵ (ਇਹਨਾਂ ਰਾਗ-ਰਾਗਣੀਆਂ ਦੀ ਰਾਹੀਂ ਤੈਨੂੰ) ਗਾਣ ਵਾਲੇ ਹਨ (ਤੇਰੀ ਸਿਫ਼ਤਿ ਦੇ ਗੀਤ ਗਾ ਰਹੇ ਹਨ)।

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥

ਪਦ ਅਰਥ: ਗਾਵਨਿ-ਗਾਂਦੇ ਹਨ। ਤੁਧ ਨੋ-ਤੈਨੂੰ। ਬੈਸੰਤਰੁ-ਅੱਗ।ਗਾਵੈ-ਗਾਂਦਾ ਹੈ ('ਗਾਵੈ' ਇਕ ਵਚਨ ਹੈ)। ਰਾਜਾ ਧਰਮੁ-ਧਰਮ ਰਾਜ। ਦੁਆਰੇ-(ਹੇ ਪ੍ਰਭੂ! ਤੇਰੇ) ਦਰ 'ਤੇ। ਚਿਤੁ ਗੁਪਤੁ-ਪੁਰਾਤਨ ਹਿੰਦੂ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਇਹ ਦੋਵੇਂ ਵਿਅਕਤੀਆਂ ਚਿਤਰ ਅਤੇ ਗੁਪਤ ਸਾਰੇ ਜੀਵਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਦੇ ਰਹਿੰਦੇ ਹਨ। ਲਿਖਿ ਜਾਣਹਿ-ਲਿਖਣਾ ਜਾਣਦੇ ਹਨ। ਲਿਖਿ ਲਿਖਿ-(ਹਰ ਵੇਲੇ) ਲਿਖ ਲਿਖ ਕੇ (ਜੋ ਕੁਝ ਉਹ ਚਿਤਰ ਗੁਪਤ ਹਰ ਵੇਲੇ ਲਿਖਦੇ ਰਹਿੰਦੇ ਹਨ।

ਅਰਥ:- (ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ 'ਤੇ (ਖਲੋ ਕੇ ਤੇਰੀ ਸਿਫ਼ਤਿ ਸਾਲਾਹ ਦੇ ਗੀਤ) ਗਾ ਰਿਹਾ ਹੈ। ਉਹ ਚਿਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ-ਰਾਜ ਵਿਚਾਰਦਾ ਹੈ, ਤੇਰੀ ਸਿਫ਼ਤਿ ਸਾਲਾਹ ਦੇ ਗੀਤ ਗਾ ਰਹੇ ਹਨ।

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥

ਪਦ ਅਰਥ: ਈਸਰੁ-ਸ਼ਿਵ। ਦੇਵੀ-ਦੇਵੀਆਂ। ਸੋਹਨਿ-ਸੋਹਣੇ ਲਗਦੇ ਹਨ, ਸੋਭਦੇ ਹਨ। ਸਵਾਰੇ-ਸੋਹਣੇ ਬਣਾਏ ਹੋਏ। ਇੰਦ੍ਰਾਸਣਿ-(ਇੰਦ੍ਰ ਆਸਣਿ) ਇੰਦਰ ਦੇ ਆਸਣ ਉਤੇ (ਬੈਠੇ ਹੋਏ)। ਦਰਿ-ਤੇਰੇ ਦਰਵਾਜ਼ੇ ਉਤੇ। ਦੇਵਤਿਆ ਨਾਲੇ-ਦੇਵਤਿਆਂ ਸਮੇਤ।

ਅਰਥ:- (ਹੇ ਪ੍ਰਭੂ!) ਅਨੇਕਾਂ ਦੇਵੀਆਂ, ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ ਸਦਾ (ਤੇਰੇ ਦਰ 'ਤੇ) ਸੋਭ ਰਹੇ ਹਨ, ਤੈਨੂੰ ਗਾ ਰਹੇ ਹਨ (ਤੇਰੇ ਗੁਣ ਗਾ ਰਹੇ ਹਨ)। ਕਈ ਇੰਦਰ ਦੇਵਤੇ ਆਪਣੇ ਤਖ਼ਤ ਉਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉਤੇ ਤੈਨੂੰ ਗਾ ਰਹੇ ਹਨ। (ਤੇਰੀ ਸਿਫ਼ਤਿ ਸਾਲਾਹ ਦੇ ਗੀਤ ਗਾ ਰਹੇ ਹਨ)।

ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥ ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥

ਪਦ ਅਰਥ: ਸਮਾਧੀ ਅੰਦਰਿ-ਸਮਾਧੀ ਵਿਚ ਜੁੜ ਕੇ। ਸਿਧ-ਜੋਗ ਸਾਧਨਾ ਵਿਚ ਪੁੱਗੇ ਹੋਏ ਜੋਗੀ, ਉਹ ਵਿਅਕਤੀਆਂ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਅਗਾਂਹ ਅਤੇ ਦੇਵਤਿਆਂ ਤੋਂ ਹੇਠ ਮੰਨੀਆਂ ਜਾਂਦੀਆਂ ਹਨ, ਇਹ ਸਿੱਧ ਪਵਿੱਤ੍ਰਤਾ ਦਾ ਪੁੰਜ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਹਨ। ਬੀਚਾਰੇ-ਬੀਚਾਰਿ, ਵਿਚਾਰ ਕੇ। ਜਤੀ-ਕਾਮ ਵਾਸ਼ਨਾ ਨੂੰ ਰੋਕ ਕੇ ਰੱਖਣ ਵਾਲੇ। ਸਤੀ-ਦਾਨੀ। ਵੀਰ-ਸੂਰਮੇ। ਕਰਾਰੇ-ਤਕੜੇ।

ਅਰਥ:- (ਹੇ ਪ੍ਰਭੂ!) ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ। ਸਾਧ ਜਨ (ਤੇਰੇ ਗੁਣਾਂ ਦੀ) ਵਿਚਾਰ ਕਰ ਕੇ ਤੈਨੂੰ ਸਲਾਹ ਰਹੇ ਹਨ। ਜਤੀ, ਦਾਨੀ ਅਤੇ ਸੰਤੋਖੀ ਬੰਦੇ ਭੀ ਤੇਰੇ ਹੀ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ।

ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥ ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥

ਪਦ ਅਰਥ: ਪੜਨਿ-ਪੜ੍ਹਦੇ ਹਨ। ਰਖੀਸੁਰ-(ਰਿਖੀ ਈਸਰੁ) ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ-ਹਰੇਕ ਜੁਗ ਵਿਚ। ਵੇਦਾ ਨਾਲੇ-ਵੇਦਾਂ ਸਣੇ। ਮੋਹਣੀਆ-ਸੁੰਦਰ ਇਸਤ੍ਰੀਆਂ। ਮਨੁ ਮੋਹਨਿ-ਜੋ ਮਨ ਨੂੰ ਮੋਹ ਲੈਂਦੀਆਂ ਹਨ। ਮਛੁ-ਮਾਤ ਲੋਕ। ਪਇਆਲੇ-ਪਾਤਾਲ ਲੋਕ।

ਅਰਥ:- (ਹੇ ਪ੍ਰਭੂ!) ਪੰਡਿਤ ਅਤੇ ਮਹਾਂ ਰਿਖੀ ਜੋ (ਵੇਦਾ ਨੂੰ) ਪੜ੍ਹਦੇ ਹਨ, ਵੇਦਾਂ ਸਣੇ ਤੇਰਾ ਹੀ ਜੱਸ ਕਰ ਰਹੇ ਹਨ। ਸੁੰਦਰ ਇਸਤ੍ਰੀਆਂ ਜੋ (ਆਪਣੀ ਸੁੰਦਰਤਾ ਨਾਲ ਮਨੁੱਖ ਦੇ) ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਹੀ ਗਾ ਰਹੀਆਂ ਹਨ (ਭਾਵ, ਤੇਰੀ ਸੁੰਦਰਤਾ ਦਾ ਪਰਕਾਸ਼ ਕਰ ਰਹੀਆਂ ਹਨ)। ਸੁਰਗ ਲੋਕ, ਮਾਤ-ਲੋਕ ਅਤੇ ਪਾਤਾਲ-ਲੋਕ (ਭਾਵ, ਸੁਰਗ, ਮਾਤ ਅਤੇ ਪਾਤਾਲ ਦੇ ਸਾਰੇ ਜੀਅ-ਜੰਤ) ਤੇਰੀ ਹੀ ਵਡਿਆਈ ਕਰ ਰਹੇ ਹਨ।

ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥ ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥

ਪਦ ਅਰਥ: ਉਪਾਏ ਤੇਰੇ- ਤੇਰੇ ਕੀਤੇ ਹੋਏ। ਅਠਸਠਿ-ਅਠਾਹਠ। ਤੀਰਥ ਨਾਲੇ-ਤੀਰਥਾਂ ਸਮੇਤ। ਜੋਧ-ਜੋਧੇ। ਮਹਾਬਲ-ਵੱਡੇ ਬਲ ਵਾਲੇ। ਸੂਰਾ-ਸੂਰਮੇ। ਖਾਣੀ ਚਾਰੇ-ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ)। ਖਾਣੀ-ਖਾਣ, ਜਿਸ ਨੂੰ ਪੁੱਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕਢੇ ਜਾਣ (ਖਨ-ਪੁੱਟਣਾ)। ਪੁਰਾਤਨ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੀਵ ਚਾਰ ਖਾਣੀਆਂ ਤੋਂ ਪੈਦਾ ਹੋਏ ਹਨ-ਅੰਡਾ, ਜਿਓਰ, ਮੁੜ੍ਹਕਾ, ਪਾਣੀ ਦੀ ਸਹਾਇਤਾ ਨਾਲ ਧਰਤੀ ਵਿਚੋਂ ਆਪਣੇ ਆਪ ਉਗ ਪੈਣਾ (ਇਥੇ ਭਾਵ ਹੈ, ਚੌਹਾਂ ਹੀ ਖਾਣੀਆਂ ਦੇ ਜੀਵ, ਸਾਰੀ ਰਚਨਾ)। ਖੰਡ-ਟੋਟਾ, ਬ੍ਰਹਮੰਡ ਦਾ ਟੋਟਾ, ਹਰੇਕ ਧਰਤੀ। ਮੰਡਲ-ਚੱਕ੍ਰ, ਬ੍ਰਹਮੰਡ ਦਾ ਇਕ ਚੱਕ੍ਰ ਜਿਸ ਵਿਚ ਇਕ ਸੂਰਜ, ਇਕ ਚੰਦ੍ਰਮਾ ਅਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਬ੍ਰਹਮੰਡ-ਸਾਰੀ ਸ੍ਰਿਸ਼ਟੀ। ਕਰਿ ਕਰਿ-ਬਣਾ ਕੇ। ਧਾਰੇ-ਟਿਕਾਏ ਹੋਏ।

ਅਰਥ:- (ਹੇ ਪ੍ਰਭੂ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਹੀ ਗਾ ਰਹੇ ਹਨ। ਵੱਡੇ ਬਲ ਵਾਲੇ ਜੋਧੇ ਅਤੇ ਸੂਰਮੇ (ਤੇਰਾ ਦਿੱਤਾ ਬਲ ਵਿਖਾ ਕੇ) ਤੇਰੀ ਹੀ (ਤਾਕਤ ਦੀ) ਸਿਫ਼ਤਿ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ-ਜੰਤ ਤੈਨੂੰ ਗਾ ਰਹੇ ਹਨ।ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ, ਤੈਨੂੰ ਹੀ ਗਾਉਂਦੇ ਹਨ।

ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥

ਪਦ ਅਰਥ: ਸੇਈ-ਉਹੀ ਬੰਦੇ। ਤੁਧੁ ਭਾਵਨਿ-ਤੈਨੂੰ ਚੰਗੇ ਲਗਦੇ ਹਨ। ਰਤੇ-ਰੱਤੇ, ਰੰਗੇ ਹੋਏ, ਪ੍ਰੇਮ ਵਿਚ ਮਸਤ। ਰਸਾਲੇ-(ਰਸ ਆਲਯ) ਰਸ ਦੇ ਘਰ ਰਸੀਏ। ਹੋਰਿ ਕੇਤੇ-ਅਨੇਕਾਂ ਹੋਰ ਜੀਵ। ਮੈ ਚਿਤਿ-ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ-ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਬੀਚਾਰੇ-ਕੀ ਵਿਚਾਰ ਕਰ ਸਕਦਾ ਹੈ?

ਅਰਥ:-(ਹੇ ਪ੍ਰਭੂ!) ਅਸਲ ਵਿਚ ਉਹੀ ਬੰਦੇ ਤੇਰੀ ਸਿਫ਼ਤਿ ਸਾਲਾਹ ਕਰਦੇ ਹਨ (ਭਾਵ, ਉਹਨਾਂ ਦੀ ਹੀ ਕੀਤੀ ਸਿਫ਼ਤਿ ਸਾਲਾਹ ਸਫਲ ਹੈ) ਜੋ ਤੇਰੇ ਪ੍ਰੇਮ ਵਿਚ ਰੰਗੇ ਹੋਏ ਹਨ ਅਤੇ ਰਸੀਏ ਭਗਤ ਹਨ, ਉਹੀ ਬੰਦੇ ਤੈਨੂੰ ਪਿਆਰੇ ਲਗਦੇ ਹਨ। ਅਨੇਕਾਂ ਹੋਰ ਜੀਵ ਤੇਰੀ ਵਡਿਆਈ ਕਰ ਰਹੇ ਹਨ, ਜੋ ਮੈਥੋਂ ਗਿਣੇ ਨਹੀਂ ਜਾ ਸਕਦੇ। (ਭਲਾ, ਇਸ ਗਿਣਤੀ ਬਾਰੇ) ਨਾਨਕ ਕੀ ਵਿਚਾਰ ਕਰ ਸਕਦਾ ਹੈ? (ਨਾਨਕ ਇਹ ਵਿਚਾਰ ਕਰਨ ਜੋਗਾ ਨਹੀਂ ਹੈ)।

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥

ਪਦ ਅਰਥ: ਸਚੁ-ਥਿਰ ਰਹਿਣ ਵਾਲਾ। ਨਾਈ-ਵਡਿਆਈ। ਹੋਸੀ-ਹੋਵੇਗਾ, ਥਿਰ ਰਹੇਗਾ। ਜਾਇ ਨ-ਜੰਮਦਾ ਨਹੀਂ। ਨ ਜਾਸੀ-ਨਾ ਹੀ ਮਰੇਗਾ। ਜਿਨਿ-ਜਿਸ (ਪ੍ਰਭੂ) ਨੇ। ਰਚਾਈ-ਪੈਦਾ ਕੀਤੀ ਹੈ।

ਅਰਥ:- ਜਿਸ (ਪ੍ਰਭੂ) ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਭੀ ਮੌਜੂਦ ਹੈ, ਤੇ ਸਦਾ ਕਾਇਮ ਰਹਿਣ ਵਾਲਾ ਹੈ। ਉਸ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥

ਪਦ ਅਰਥ: ਰੰਗੀ ਰੰਗੀ-ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ-ਕਈ ਕਿਸਮਾਂ ਦੀ। ਜਿਨਸੀ-ਕਈ ਜਿਨਸਾਂ ਦੀ। ਜਿਨਿ-ਜਿਸ (ਪ੍ਰਭੂ) ਨੇ। ਉਪਾਈ-ਪੈਦਾ ਕੀਤੀ ਹੈ। ਕਰਿ ਕਰਿ-ਪੈਦਾ ਕਰ ਕੇ। ਦੇਖੈ-ਸੰਭਾਲ ਕਰਦਾ ਹੈ। ਕੀਤਾ ਆਪਣਾ-ਆਪਣਾ ਰਚਿਆ ਜਗਤ। ਜਿਉ-ਜਿਵੇਂ। ਵਡਿਆਈ-ਰਜ਼ਾ।

ਅਰਥ:- ਜਿਸ ਪ੍ਰਭੂ ਨੇ ਕਈ ਰੰਗਾਂ ਕਿਸਮਾਂ ਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ, ਉਹ, ਜਿਵੇਂ ਉਸ ਦੀ ਰਜ਼ਾ ਹੈ, ਜਗਤ ਨੂੰ ਪੈਦਾ ਕਰ ਕੇ, ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ।

ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥

ਪਦ ਅਰਥ: ਤਿਸੁ ਆਵੈ-ਉਸ ਨੂੰ ਚੰਗਾ ਲਗਦਾ ਹੈ- ਕਰਸੀ-ਕਰੇਗਾ। ਨ ਕਰਣਾ ਜਾਈ-ਨਹੀਂ ਕੀਤਾ ਜਾ ਸਕਦਾ। ਸਾਹਾ ਪਤਿ ਸਾਹਿਬੁ-ਸ਼ਾਹਾਂ ਦਾ ਪਾਤਿਸ਼ਾਹ ਮਾਲਕ। ਰਹਣੁ-ਰਹਿਣਾ (ਫਬਦਾ ਹੈ)। ਰਜਾਈ-ਰਜ਼ਾ ਵਿਚ।

ਅਰਥ:- ਜੋ ਕੁਝ ਉਸ (ਪ੍ਰਭੂ) ਨੂੰ ਚੰਗਾ ਲਗਦਾ ਹੈ ਉਹੀ ਉਹ ਕਰਦਾ ਹੈ। ਕੋਈ ਜੀਵ ਉਸਦੇ ਅੱਗੇ ਹੈਂਕੜ ਨਹੀਂ ਵਿਖਾ ਸਕਦਾ (ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ 'ਇਉਂ ਨਹੀਂ, ਇਉਂ ਕਰ')। ਉਹ ਪ੍ਰਭੂ (ਸਾਰੇ ਜਗਤ ਦਾ) ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ।੧।

ਆਸਾ ਮਹਲਾ ੧ ॥

ਸੁਣਿ ਵਡਾ ਆਖੈ ਸਭੁ ਕੋਇ ॥
ਕੇਵਡੁ ਵਡਾ ਡੀਠਾ ਹੋਇ ॥
ਕੀਮਤਿ ਪਾਇ ਨ ਕਹਿਆ ਜਾਇ ॥
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥

ਪਦ ਅਰਥ: ਸੁਣਿ-ਸੁਣ ਕੇ। ਸਭੁ ਕੋਇ-ਹਰੇਕ ਜੀਵ। ਕੇਵਡੁ-ਕੇਡਾ। ਡੀਠਾ-ਵੇਖਿਆਂ ਹੀ। ਹੋਇ-(ਬਿਆਨ) ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ। ਕੀਮਤਿ-ਮੁੱਲ, ਬਰਾਬਰ ਦੀ ਸ਼ੈ। ਕੀਮਤਿ ਪਾਈ ਨ-ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਨਹੀਂ ਦੱਸੀ ਜਾ ਸਕਦੀ। ਰਹੇ ਸਮਾਇ-ਲੀਨ ਹੋ ਜਾਂਦੇ ਹਨ।

ਅਰਥ:- ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਹੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ। ਪਰ ਤੂੰ ਕੇਡਾ ਵੱਡਾ ਹੈਂ (ਕਿਤਨਾ ਬੇਅੰਤ ਹੈਂ)-ਇਹ ਗੱਲ ਤੇਰਾ ਦਰਸ਼ਨ ਕੀਤਿਆਂ ਹੀ ਦੱਸੀ ਜਾ ਸਕਦੀ ਹੈ (ਤੇਰਾ ਦਰਸ਼ਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈਂ)। ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ।ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ।੧।

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥

ਰਹਾਉ ॥

ਪਦ ਅਰਥ: ਗਹਿਰ-ਹੇ ਡੂੰਘੇ। ਗੰਭੀਰਾ-ਹੇ ਵੱਡੇ ਜਿਗਰੇ ਵਾਲੇ। ਗੁਣੀ ਗਹੀਰਾ-ਹੇ ਗੁਣਾਂ ਕਰਕੇ ਡੂੰਘੇ। ਹੇ ਬੇਅੰਤ ਗੁਣਾਂ ਦੇ ਮਾਲਕ! ਚੀਰਾ-ਪਾਟ, ਚੌੜਾਈ, ਵਿਸਥਾਰ।

ਅਰਥ:- ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈ। ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ।੧। ਰਹਾਉ।

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
ਸਭ ਕੀਮਤਿ ਮਿਲਿ ਕੀਮਤਿ ਪਾਈ ॥
ਗਿਆਨੀ ਧਿਆਨੀ ਗੁਰ ਗੁਰਹਾਈ ॥
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥

ਪਦ ਅਰਥ: ਸਭਿ ਮਿਲਿ-ਸਾਰਿਆਂ ਨੇ ਮਿਲ ਕੇ, ਸਾਰਿਆਂ ਨੇ ਇਕ ਦੂਜੇ ਦੀ ਸਹਾਇਤਾ ਲੈ ਕੇ। ਸੁਰਤੀ-ਸੁਰਤਿ। ਸੁਰਤਿ ਸੁਰਤਿ ਕਮਾਈ-ਸੁਰਤਿ ਕਮਾਈ, ਸੁਰਤਿ ਕਮਾਈ, ਮੁੜ ਮੁੜ ਸਮਾਧੀ ਲਾਈ। ਸਭ... ਪਾਈ-ਸਭ ਮਿਲਿ ਕੀਮਤਿ ਪਾਈ, ਕਮਿਤਿ ਪਾਈ। ਗਿਆਨੀ-ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ-ਸੁਰਤਿ ਜੋੜਨ ਵਾਲੇ। ਗੁਰ-ਵੱਡੇ। ਗੁਰ ਹਾਈ-ਗੁਰ ਭਾਈ, ਵੱਡਿਆਂ ਦੇ ਭਰਾ, ਅਜਿਹੇ ਹੋਰ ਕਈ ਵੱਡੇ। ਗੁਰ ਗੁਰਹਾਈ-ਕਈ ਵੱਡੇ ਵੱਡੇ ਪ੍ਰਸਿੱਧ। ਤਿਲੁ-ਰਤਾ ਜਿਤਨੀ ਭੀ।

ਅਰਥ:- (ਤੂੰ ਕੇਡਾ ਵੱਡਾ ਹੈਂ-ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਜਤਨ ਕੀਤੇ, ਮੁੜ ਮੁੜ ਜਤਨ ਕੀਤੇ; ਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ ਵੇਤਾ) ਵਿਚਾਰਵਾਨਾਂ ਨੇ ਆਪੋ ਵਿਚ ਇਕ ਦੂਜੇ ਦੀ ਸਹਾਇਤਾ ਲੈ ਕੇ ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਹਿੱਸਾ ਭੀ ਨਹੀਂ ਦੱਸ ਸਕੇ।੨।

ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
ਸਿਧਾ ਪੁਰਖਾ ਕੀਆ ਵਡਿਆਈਆ ॥
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥

ਪਦ ਅਰਥ: ਸਭਿ ਸਤ-ਸਾਰੇ ਭਲੇ ਕੰਮ। ਤਪ-ਕਸ਼ਟ, ਔਖਿਆਈਆਂ। ਚੰਗਿਆਈਆਂ-ਚੰਗੇ ਗੁਣ। ਸਿਧ-ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ। ਸਿਧੀ-ਸਫਲਤਾ, ਕਾਮਯਾਬੀ। ਕਰਮਿ-(ਤੇਰੀ) ਮਿਹਰ ਨਾਲ, ਬਖ਼ਸ਼ਸ਼ ਦੀ ਰਾਹੀਂ। ਠਾਕਿ-ਵਰਜ ਕੇ, ਰੋਕ ਕੇ।

ਅਰਥ:- (ਵਿਚਾਰਵਾਨ ਕੀ ਤੇ ਸਿੱਧ ਜੋਗੀ ਕੀ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਭੀ ਹੀਂ ਲਾ ਸਕਿਆ, ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਚੰਗੇ ਗੁਣ, ਸਿੱਧਾਂ ਲੋਕਾਂ ਦੀਆਂ (ਰਿਧੀਆਂ ਸਿਧੀਆਂ ਆਦਿਕ) ਵੱਡੇ ਵੱਡੇ ਕੰਮ-ਇਹ ਕਾਮਯਾਬੀ ਕਿਸੇ ਨੂੰ ਭੀ ਤੇਰੀ ਸਹਾਇਤਾ ਤੋਂ ਬਿਨਾ ਹਾਸਲ ਨਹੀਂ ਹੋਈ। (ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ। ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ।੩।

ਆਖਣ ਵਾਲਾ ਕਿਆ ਵੇਚਾਰਾ ॥
ਸਿਫਤੀ ਭਰੇ ਤੇਰੇ ਭੰਡਾਰਾ ॥
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
ਨਾਨਕ ਸਚੁ ਸਵਾਰਣਹਾਰਾ ॥੪॥

੨॥

ਪਦ ਅਰਥ: ਸਿਫਤੀ-ਸਿਫਤਾਂ ਨਾਲ, ਗੁਣਾਂ ਨਾਲ। ਚਾਰਾ-ਜ਼ੋਰ, ਤਦਬੀਰ, ਜਤਨ।

ਅਰਥ:- (ਹੇ ਪ੍ਰਭੂ!) ਤੇਰੇ ਗੁਣਾਂ ਦੇ (ਮਾਨੋ) ਖਜ਼ਾਨੇ ਭਰੇ ਪਏ ਹਨ। ਜੀਵ ਦੀ ਕੀ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ? ਜਿਸ ਨੂੰ ਤੂੰ ਸਿਫ਼ਤਿ ਸਾਲਾਹ ਕਰਨ ਦੀ ਦਾਤਿ ਬਖ਼ਸ਼ਦਾ ਹੈ; ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, (ਕਿਉਂਕਿ) ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸੰਵਾਰਨ ਵਾਲਾ (ਆਪ) ਹੈਂ।੪।੨।

ਆਸਾ ਮਹਲਾ ੧ ॥

ਆਖਾ ਜੀਵਾ ਵਿਸਰੈ ਮਰਿ ਜਾਉ ॥
ਆਖਣਿ ਅਉਖਾ ਸਾਚਾ ਨਾਉ ॥
ਸਾਚੇ ਨਾਮ ਕੀ ਲਾਗੈ ਭੂਖ ॥
ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥

ਪਦ ਅਰਥ: ਆਖਾ-ਆਖਾਂ, (ਜਦੋਂ) ਮੈਂ (ਹਰਿ ਨਾਮ) ਉਚਾਰਦਾ ਹਾਂ। ਜੀਵਾ-ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਰਿ ਜਾਉ-ਮਰਿ ਜਾਉਂ, ਮੈਂ ਮਰ ਜਾਂਦਾ ਹਾਂ (ਵਿਕਾਰਾਂ ਦੇ ਕਾਰਨ) ਮੇਰਾ ਆਤਮਕ ਜੀਵਨ ਮੁਕ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਸਾਚਾ-ਸਦਾ ਕਾਇਮ ਰਹਿਣ ਵਾਲਾ। ਉਤੁ ਭੂਖੈ-ਉਸ ਭੁੱਖ ਦੇ ਕਾਰਨ। ਖਾਇ-(ਨਾਮ ਭੋਜਨ) ਖਾ ਕੇ। ਚਲੀਅਹਿ-ਦੂਰ ਹੋ ਜਾਂਦੇ ਹਨ।

ਅਰਥ:- (ਜਿਉਂ ਜਿਉਂ) ਮੈਂ (ਪਰਮਾਤਮਾ ਦਾ) ਨਾਮ ਸਿਮਰਦਾ ਹਾਂ, ਤਿਉਂ ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ) ਭੁਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ। (ਇਹ ਪਤਾ ਹੁੰਦਿਆ ਭੀ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਔਖਾ (ਕੰਮ ਜਾਪਦਾ ਹੈ)। (ਜਿਸ ਮਨੁੱਖ ਦੇ ਅੰਦਰ) ਸਦਾ ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਸ ਤਾਂਘ ਦੀ ਬਰਕਤਿ ਨਾਲ (ਹਰਿ ਨਾਮ ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।੧।

ਸੋ ਕਿਉ ਵਿਸਰੈ ਮੇਰੀ ਮਾਇ ॥
ਸਾਚਾ ਸਾਹਿਬੁ ਸਾਚੈ ਨਾਇ ॥੧॥

ਰਹਾਉ ॥

ਪਦ ਅਰਥ: ਮਾਇ- ਹੇ ਮਾਂ। ਨਾਇ-ਨਾਮ ਦੀ ਰਾਹੀਂ। ਸਾਚੈ ਨਾਇ-ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ ਥਿਰ ਰਹਿਣ ਵਾਲਾ ਹਰਿ-ਨਾਮ ਸਿਮਰੀਏ। ਕਿਉ ਵਿਸਰੈ-ਕਦੇ ਨਾ ਭੁੱਲੇ।

ਅਰਥ:- ਹੇ ਮੇਰੀ ਮਾਂ। (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾ ਭੁੱਲੇ। ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ)।੧। ਰਹਾਉ।

ਸਾਚੇ ਨਾਮ ਕੀ ਤਿਲੁ ਵਡਿਆਈ ॥
ਆਖਿ ਥਕੇ ਕੀਮਤਿ ਨਹੀ ਪਾਈ ॥
ਜੇ ਸਭਿ ਮਿਲਿ ਕੈ ਆਖਣ ਪਾਹਿ ॥
ਵਡਾ ਨ ਹੋਵੈ ਘਾਟਿ ਨ ਜਾਇ ॥੨॥

ਪਦ ਅਰਥ: ਤਿਲੁ-ਰਤਾ ਭਰ ਭੀ। ਆਖਿ-ਆਖ ਕੇ, ਬਿਆਨ ਕਰ ਕੇ। ਸਭਿ-ਸਾਰੇ ਜੀਵ। ਆਖਣਿ ਪਾਹਿ-ਆਖਣ ਦਾ ਜਤਨ ਕਰਨ ('ਆਖਣਿ ਪਾਇ' ਇਕ ਵਚਨ ਹੈ 'ਜੇ ਕੋ ਖਾਇਕੁ ਆਖਣਿ ਪਾਇ')।

ਅਰਥ:- ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ ਬਿਆਨ ਕਰ ਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)। ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ। ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ ਤਾਂ ਉਹ ਪ੍ਰਭੂ (ਅਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾ ਕਰੇ), ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ)।੨।

ਨਾ ਓਹੁ ਮਰੈ ਨ ਹੋਵੈ ਸੋਗੁ ॥
ਦੇਦਾ ਰਹੈ ਨ ਚੂਕੈ ਭੋਗੁ ॥
ਗੁਣੁ ਏਹੋ ਹੋਰੁ ਨਾਹੀ ਕੋਇ ॥
ਨਾ ਕੋ ਹੋਆ ਨਾ ਕੋ ਹੋਇ ॥੩॥

ਪਦ ਅਰਥ: ਸੋਗੁ-ਅਫ਼ਸੋਸ। ਦੇਦਾ-ਦੇਂਦਾ। ਨ ਚੂਕੈ-ਨਹੀਂ ਮੁੱਕਦਾ। ਭੋਗੁ-ਵਰਤਣਾ। ਗੁਣੁ ਏਹੋ-ਇਹੀ ਖੂਬੀ। ਕੋ-ਕੋਈ (ਹੋਰ)। ਹੋਆ-ਹੋਇਆ ਹੈ। ਨ ਹੋਇ-ਨਾ ਹੀ ਹੋਵੇਗਾ।

ਅਰਥ:- ਉਹ ਪ੍ਰਭੂ ਕਦੇ ਮਰਦਾ ਨਹੀਂ, ਨਾ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ। ਉਹ ਸਦਾ (ਜੀਵਾਂ ਨੂੰ ਰਿਜ਼ਕ) ਦੇਂਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁੱਕਦੀਆਂ ਨਹੀਂ)। ਉਸ ਦੀ ਵੱਡੀ ਖੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ, (ਉਸ ਵਰਗਾ ਅਜੇ ਤਕ) ਨਾ ਕੋਈ ਹੋਇਆ ਹੈ, ਨਾ ਕਦੇ ਹੋਵੇਗਾ।੩।

ਜੇਵਡੁ ਆਪਿ ਤੇਵਡ ਤੇਰੀ ਦਾਤਿ ॥
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
ਖਸਮੁ ਵਿਸਾਰਹਿ ਤੇ ਕਮਜਾਤਿ ॥
ਨਾਨਕ ਨਾਵੈ ਬਾਝੁ ਸਨਾਤਿ ॥੪॥

੩॥

ਪਦ ਅਰਥ: ਜੇਵਡੁ-ਜਿਤਨਾ ਵੱਡਾ। ਤੇਵਡ-ਉਤਨੀ ਵੱਡੀ। ਜਿਨਿ-ਜਿਸ (ਤੈਂ) ਨੇ। ਕਰਿ ਕੈ-ਪੈਦਾ ਕਰ ਕੇ। ਵਿਸਾਰਹਿ-ਭੁਲਾ ਦੇਂਦੇ ਹਨ। ਤੇ-ਉਹ (ਬੰਦੇ) (ਬਹੁ ਵਚਨ)। ਕਮਜਾਤਿ-ਭੈੜੀ ਜਾਤ ਵਾਲੇ। ਨਾਵੈ ਬਾਝੁ-ਹਰਿ ਨਾਮ ਤੋਂ ਬਿਨਾ। ਸਨਾਤਿ-ਨੀਚ।

ਅਰਥ:- (ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ, ਉਤਨੀ ਬੇਅੰਤ ਤੇਰੀ ਬਖ਼ਸ਼ਸ਼ ਹੈ। (ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ। ਹੇ ਨਾਨਕ! ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ, ਜੋ (ਅਜਿਹੇ) ਖਸਮ-ਪ੍ਰਭੂ ਨੂੰ ਭੂਲਾ ਦੇਂਦੇ ਹਨ। ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ।੪।੩।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ