Anµdu swihb
ਰਾਮਕਲੀ ਮਹਲਾ ੩ ਅਨੰਦੁ
ਸ੍ਰੀ ਗੁਰੂ ਅਮਰ ਦਾਸ ਜੀ ਦੀ ਉਚਾਰੀ ਹੋਈ 'ਅਨੰਦ' ਨਾਮੇ ਬਾਣੀ ਜੋ ਰਾਮਕਲੀ ਰਾਗ ਵਿਚ ਗਾਂਵੀ ਗਈ।
< ਸਤਿਗੁਰ ਪ੍ਰਸਾਦਿ ॥
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥
ਹੇ ਮੇਰੀ ਮਾਂ! (ਜਦ ਦਾ) ਮੈਂ ਸਤਿਗੁਰੂ ਪਾਇਆ ਹੈ (ਤਦ ਦਾ ਮੈਨੂੰ) ਆਨੰਦ ਹੋ ਗਿਆ ਹੈ। (ਮੈਂ ਕੋਈ ਆਪ ਯਤਨ ਨਹੀਂ ਕੀਤਾ ਮੈਨੂੰ) ਤਾਂ ਉਹ ਸਤਿਗੁਰੂ ਸਹਜ ਨਾਲ ਹੀ ਪ੍ਰਾਪਤ ਹੋ ਗਿਆ ਸੀ (ਤਦੋਂ ਹੀ ਮੇਰੇ) ਮਨ ਵਿਚ ਵਧਾਈਆਂ ਵੱਜ ਪਈਆ ਸਨ! (ਮੇਰੀ ਉਸ ਅੰਤ੍ਰੀਵ ਖੁਸ਼ੀ ਪਰ ਦੇਹ ਵਾਲਿਆਂ ਗਾਇਕਾਂ ਨੇ ਸ਼ਾਦਿਆਨੇ ਤਾਂ ਗਾਉਣੇ ਹੀ ਸਨ, ਨਾਲ) ਰਤਨ (ਰੂਪ) ਰਾਗ (ਆਪ, ਉਨ੍ਹਾਂ ਦੇ) ਪਰਵਾਰ (ਤੇ ਉਨ੍ਹਾਂ ਦੀਆਂ) ਰਾਗਣੀਆਂ (ਵਧਾਈ ਦੇ) ਸ਼ਬਦ ਗਾਉਣ ਵਾਸਤੇ ਆਈਆਂ ਹਨ।
ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥ ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥
(ਹੁਣ ਤੁਸੀਂ ਬੀ ਜੋ ਵਧਾਈ ਦੇਣ ਆਏ ਹੋ ਤੇ) ਜਿਨ੍ਹਾਂ ਨੇ (ਆਪਣੇ) ਮਨ ਵਿਚ (ਪਰਮੇਸ਼ੁਰ ਨੂੰ) ਵਸਾਾ ਹੈ, ਹਰੀ ਦਾ ਹੀ ਸ਼ਬਦ ਗਾਵੇਂ (ਭਾਵ ਕੀਰਤਨ ਕਰੋ)। ਕਹਿੰਦੇ ਹਨ (ਗੁਰੂ) ਨਾਨਕ (ਜੀ ਜਦ ਦਾ) ਮੈਂ ਸਤਿਗੁਰੂ ਪਾਇਆ ਹੈ (ਤਦ ਦਾ ਮੈਨੂੰ) ਅਨੰਦ ਹੋ ਗਿਆ ਹੈ।੧।
੧. ਅਨੰਦ-ਸੰਸ:, ਆਨੰਦ (ਆਙ+ਨਦਿ=ਖੁਸ਼ ਹੋਣਾ) ਖੁਸ਼ੀ, ਉਮਾਹ। ਆਨੰਦ ਪਰਮਾਤਮਾ ਦਾ ਬੀ ਨਾਉਂ ਹੈ। ਆਨੰਦ ਦਾ ਪ੍ਰਾਕ੍ਰਿਤਕ ਰੂਪ 'ਆਣੰਦ' ਹੈ ਪਰ ਪੰਜਾਬੀ ਰੂਪ 'ਅਨੰਦ' ਹੈ। ਇਸ ਬਾਣੀ ਵਿਚ ਅਨੰਦੁ ਤੇ ਆਨੰਦੁ ਦੁਇ ਰੂਪ ਆਏ ਹਨ। ਵਿਸ਼ੇਸ਼ ਸੰਮਤ ੧੬੧੭ ਬਿਕ੍ਰਮੀ ਦੇ ਲਗ ਪਗ ਸ੍ਰੀ ਗੁਰੂ ਅਮਰਦਾਸ ਜੀ ਦੇ ਸਪੁਤਰ ਮੋਹਰੀ ਜੀ ਦੇ ਘਰ ਇਕ ਪੁਤਰ ਹੋਇਆ। ਪੋਤਰੇ ਦੇ ਜਨਮ ਪਰ ਸਿਖ ਸੰਗਤ ਨੇ ਆ ਕੇ 'ਆਨੰਦ ਆਨੰਦ' ਕਿਹਾ ਤੇ ਵਧਾਈ ਦਿਤੀ। ਸਤਿਗੁਰ ਜੀ ਨੇ ਕਿਹਾ ਸਚਾ ਅਨੰਦੁ ਸਤਿਗੁਰ ਜੀ ਦੀ ਪ੍ਰਾਪਤੀ ਹੈ ਤੇ ਇਹ ਬਾਣੀ ਸੱਚੇ ਅਨੰਦ ਸੰਬੰਧੀ ਉਸ ਵੇਲੇ ਉਚਾਰਨ ਕੀਤੀ। ਇਸ ਬਾਣੀ ਦਾ ਨਾਮ ਬੀ ਅਨੰਦ ਹੋਇਆ।
ਪੋਤਰੇ ਦਾ ਨਾਮ ਬੀ 'ਅਨੰਦ' ਰਖਿਆ ਗਿਆ ਸੀ। ਉਹ ਪੁਰਖੁ ਤਪੱਸਵੀ, ਸੰਸਾਰ ਤੋਂ ਉਪਰਾਮ ਤੇ ਸਦਾ ਲਿਵ ਵਿਚ ਰਹਿੰਦਾ ਸੀ। ਤਦ ਤੋਂ ਇਹ ਬਾਣੀ ਸਿਖਾਂ ਦੇ ਹਰ ਮੰਗਲ ਸਮੇਂ ਤੇ ਉਚਾਰੀ ਯਾਂ ਗਾਂਵੀ ਜਾਂਦੀ ਹੈ। ਇਸ ਸਮੇਂ ਇਸ ਬਾਣੀ ਦੇ ਪਹਿਲੇ ੫ ਅੰਕ ਤੇ ਅੰਤਲਾ ਇਕ ਗਾਵੇਂ ਯਾ ਉਚਾਰੇ ਜਾਂਦੇ ਹਨ। ਕੜਾਹ ਪ੍ਰਸ਼ਾਦ ਦਾ ਭੋਗ ਇਸ ਦੇ ਪੜ੍ਹੇ ਬਿਨਾਂ ਨਹੀਂ ਲੱਗਦਾ। ਇਹ ਪਾਠ ਰਹਿਰਾਸ ਵਿਚ ਭੀ ਸ਼ਾਮਲ ਹੈ। ਅੰਮ੍ਰਿਤ ਤਿਆਰੀ ਵਿਚ ਬੀ ਅਨੰਦ ਦਾ ਪਾਠ ਹੁੰਦਾ ਹੈ। ਵਿਵਾਹ ਸਮੇਂ ਭੀ ਇਸ ਪਾਠ ਅਨੰਦ ਦਾ ਪਾਠ ਹੁੰਦਾ ਹੈ। ਸਿਖਾਂ ਵਿਚ ਵਿਆਹ ਦੀ ਮਰਿਯਾਦਾ ਦਾ ਨਾਮ ਹੀ ਅਨੰਦਕਾਰਯ ਪੈ ਗਿਆ ਹੈ, ਇਥੋਂ ਤਾਈਂ ਕਿ ਜਿਸ ਐਕਟ ਨਾਲ ਇਹ ਵਯਾਹ ਕਾਨੂੰਨੀ ਪਰਵਾਨਗੀ ਪਾ ਗਿਆ ਹੈ ਉਸ ਦਾ ਨਾਮ ਬੀ 'ਅਨੰਦ ਮੈਰਿਜ ਐਕਟ' ਹੈ।
੨. ਮਾਂ, ਇਸ ਦਾ ਭਾਵ ਗੁਰਬਾਣੀ ਵਿਚ ਕਿਤੇ ਹੈ ਗੁਰੂ, ਕਿਤੇ ਸੰਤ, ਕਿੳੇ ਭਾਈ ਤੇ ਕਿਤੇ ਮਾਤਾ।
੩. ਸਹਜ ਸੇਤੀ ਦਾ ਅਰਥ 'ਗਯਾਨ ਸਮੇਤ' ਬੀ ਕਰਦੇ ਹਨ।
ਸਤਿਗੁਰ ਪਾ ਕੇ ਅਨੰਦ ਇਸ ਲਈ ਹੋਇਆ ਕਿ ਉਸ ਨੇ ਨਾਮ ਦੇ ਕੇ ਵਾਹਿਗੁਰੂ ਦੀ ਸਦਾ ਹਾਜ਼ਰੀ ਵਿਚ ਮਨ ਹਾਜ਼ਰ ਕਰ ਦਿੱਤਾ, ਤਦ ਤੋਂ ਅਸਾਂ ਮਨ ਨੂੰ ਇਸ ਸਿੱਖਯਾ ਵਿਚ ਰਖਿਆ ਹੈ ਕਿ-
ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥ ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥ ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥
ਹੇ ਮੇਰੇ ਮਨ! ਤੂੰ ਸਦਾ ਵਾਹਿਗੁਰੂ ਦੇ ਨਾਲ ਰਹੁ (=ਹਜ਼ੂਰੀ ਵਿਚ ਹਾਜ਼ਰ ਰਹੁ। ਹਾਂ) ਹਰਿ ਦੇ ਨਾਲ ਹੀ ਰਹੁ ਤੂੰ ਹੇ ਮੇਰੇ ਮਨ! (ਉਹ) ਸਾਰੇ ਦੁੱਖਾਂ ਨੂੰ ਦੂਰ ਕਰਨੇ ਵਾਲਾ ਹੈ। ਓਹ (ਹਰੀ) ਤੇਰਾ ਅੰਗੀਕਾਰ ਕਰੇਗਾ (ਓਹ) ਸਾਰੇ ਕੰਮ ਸਵਾਰਨੇ ਵਾਲਾ ਹੈ।
ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥ ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥
(ਓਹ) ਸੁਆਮੀ ਸਾਰੀਆਂ ਗੱਲਾਂ (ਦੇ ਕਰਨੇ ਵਿਚ) ਸਮਰੱਥ ਹੈ; (ਤਾਂ) ਉਸ (ਸਰਬ ਸਮਰੱਥ) ਨੂੰ (ਤੂੰ) ਮਨੋਂ ਕਿਉਂ ਭੁਲਾਉਂਦਾ ਹੈਂ। ਨਾਨਕ (ਗੁਰੂ ਜੀ) ਕਹਿੰਦੇ ਹਨ, ਹੇ ਮੇਰੇ ਮਨ (ਤੂੰ) ਸਦਾ ਹਰੀ ਦੇ ਨਾਲ ਰਹੁ।੨।
ਮਨ ਨੂੰ ਉੱਦਮ ਲਈ ਪ੍ਰੇਰ ਕੇ ਸਨਮੁਖ ਅਰਦਾਸ ਕਰਦੇ ਹਨ:-
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥
ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥
ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥
ਹੇ ਸੱਚੇ ਸਾਹਿਬ! ਤੇਰੇ ਘਰ ਵਿਚ ਕੀ ਨਹੀਂ ਹੈ, (ਹਾਂ) ਤੇਰੇ ਘਰ ਵਿਚ ਤਾਂ ਸੱਭੋ ਕੁਛ ਹੈ (ਪਰ) ਜਿਸ ਨੂੰ ਦੇਵੇਂ ਪ੍ਰਾਪਤ ਉਸੇ ਨੂੰ ਹੁੰਦਾ ਹੈ। (ਸਭ ਤੋਂ ਕੀਮਤੀ ਪਦਾਰਥ) ਤੇਰੀ ਸਿਫਤ ਤੇ ਸਲਾਹ (ਹੈ ਤੇ ਤੇਰਾ) ਨਾਮ ਹੈ (ਮੇਹਰ ਕਰਕੇ ਏਹ ਦੁਏ ਸਾਡੇ) ਮਨ ਵਿਚ (ਤੂੰ) ਸਦਾ ਲਈ (ਕਿਵੇਂ) ਵਸਾ ਦੇਹ; (ਕਿਉਂਕਿ) ਜਿਨ੍ਹਾਂ ਦੇ ਮਨ ਵਿਚ ਨਾਮ ਵਸਿਆ ਹੈ (ਉਨ੍ਹਾਂ ਦੇ ਘਰ) ਬਹੁਤੇ ਵਾਜੇ ਵੱਜਦੇ ਹਨ। ਕਹਿੰਦੇ ਹਨ (ਗੁਰੂ ਨਾਨਕ) ਸੱਚੇ ਸਾਹਿਬ ਜੀ ਤੇਰੇ ਘਰ ਵਿਚ ਕੀ ਨਹੀਂ ਹੈ, (ਭਾਵ ਸਬ ਕੁਛ ਹੈ)।੩।
੧. ਸਾਡੇ ਮਨਾਂ ਤੋਂ ਭੁਲਾ ਦੇਂਦਾ ਹੈ ਭਾਵ ਦੂਰ ਕਰ ਦੇਂਦਾ ਹੈ। 'ਸਾਡੇ ਕੀਤੇ ਦੋਖਾਂ ਨੂੰ ਭੁਲਾ ਦੇਣ ਵਾਲਾ ਹੈ' ਇਹ ਅਰਥ ਬੀ ਕਰਦੇ ਹਨ। ਸੰਸ, ਵਿਸਮ੍ਰੀ। ਪ੍ਰਾਕ੍ਰਿਤ, ਵਿਸਮਾਰ। ਪੰਜਾਬੀ ਵਿਸਰਨ, ਵਿਸਾਰਨਾ।
੨. ਪਹਿਲੀ ਪਉੜੀ ਵਿਚ ਆਯਾ ਹੈ 'ਸ਼ਬਦ ਗਾਵਣ ਆਈਆਂ' ਫਿਰਿ ਆਯਾ ਹੈ 'ਸ਼ਬਦੋ ਤ ਗਾਵਹੁ'। ਇਥੇ ਬੀ ਸ਼ਬਦ 'ਵਾਜੇ' ਦਾ ਭਾਵ ਸ਼ਾਦਿਆਨੇ ਵਜੇ ਜਾਪਦਾ ਹੈ, ਜੋ ਕਾਮਨਾ ਦੀ ਪੂਰਤੀ ਦਾ ਸੰਕੇਤ ਹੈ। ਪਰ' 'ਜਸ ਰੂਪੀ' ਵਾਜੇ ਤੇ 'ਅਨਹਦ ਵਾਜੇ' ਬੀ ਅਰਥ ਕਰ ਲੈਂਦੇ ਹਨ।
ਅਰਦਾਸ ਕਰਕੇ ਆਪਣੇ ਨਾਮ ਨੂੰ ਮਿਹਰ ਨਾਲ ਪ੍ਰਾਪਤ ਦੱਸ ਕੇ ਹੁਣ ਨਾਮ ਬਾਬਤ ਅਪਣਾ ਅਨੁਭਵ ਦੱਸਦੇ ਹਨ:-
ਸਾਚਾ ਨਾਮੁ ਮੇਰਾ ਆਧਾਰੋ ॥
ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥
ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥
ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥
ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥
ਸਾਚਾ ਨਾਮੁ ਮੇਰਾ ਆਧਾਰੋ ॥੪॥
(ਪਰਮੇਸ਼ੁਰ ਦਾ) ਸੱਚਾ ਨਾਮ (ਹੀ) ਮੇਰਾ (ਤਾਂ) ਆਧਾਰ ਹੈ। (ਇਹ) ਸੱਚਾ ਨਾਮ ਮੇਰਾ (ਨਿਰਾ ਆਧਾਰ ਹੀ ਨਹੀਂ ਸਗੋਂ ਐਸਾ) ਆਧਾਰ ਹੈ ਕਿ ਇਸਨੇ (ਹੋਰ) ਸਭ ਭੁੱਖਾਂ ਦੂਰ ਕਰ ਦਿੱਤੀਆਂ ਹਨ। (ਜਦ ਦਾ ਇਹ) ਮਨ ਵਿਚ ਆ ਕੇ ਵੱਸ ਗਿਆ ਹੈ (ਸਾਰੇ) ਸੁਖ (ਦੇ ਦਿੱਤੇ ਹਨ ਤੇ) ਸ਼ਾਂਤੀ ਵਰਤਾ ਦਿੱਤੀ ਹੈ, (ਤੇ) ਜਿਸਨੇ ਸਾਰੀਆਂ ਇਛਯਾਂ (ਬੀ) ਪੂਰਨ ਕਰ ਦਿੱਤੀਆਂ ਹਨ। (ਪਰ ਮੈਂ) ਸਦਾ ਸਦਕੇ ਕੀਤਾ (ਅਪਣੇ) ਗੁਰੂ ਉਤੋਂ ਜਿਸਦੀਆਂ ਏਹ (ਸਭ) ਵਡਿਆਈਆਂ ਹਨ। ਸੁਣੋ ਹੇ ਸੰਤੋ! (ਗੁਰੂ) ਨਾਨਕ (ਦੇਵ) ਆਖਦਾ ਹੈ ਕਿ (ਤੁਸੀਂ ਬੀ) ਨਾਮ ਨਾਲ ਪਿਆਰ ਕਰੋ, (ਤੁਹਾਡਾ ਬੀ ਇਹ ਆਧਾਰ ਬਣੇਗਾ ਜਿਵੇਂ ਕਿ ਇਹ) ਸੱਚਾ ਨਾਮ ਮੇਰਾ ਆਧਾਰ ਹੈ।੪।
ਸੱਚਾ ਨਾਮ ਮਨ ਦਾ ਆਧਾਰ ਬਣ ਗਿਆ ਹੈ ਇਸੇ ਅਭਯਾਸ ਨਾਲ-
ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥
ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥
ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥
ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥
ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥
ਪੰਜ ਸ਼ਬਦ ਵਜੇ ਹਨ ਉਸ ਸੁਭਾਗੇ ਘਰ ਵਿਚ, (ਹਾਂ ਉਸ) ਸੁਭਾਗ ਘਰ ਵਿਚ ਸ਼ਬਦ ਵਜੇ ਹਨ ਜਿਸ ਘਰ ਵਿਚ (ਤੂੰ) ਕਲਾ ਧਾਰਨ ਕੀਤੀ ਹੈ। (ਉਸ ਘਰ ਦੇ) ਪੰਜ ਦੂਤ (ਕਾਮ ਕ੍ਰੋਧ ਆਦਿ) ਤੂੰ (ਘਰ ਵਾਲੇ ਦੇ) ਵੱਸ ਵਿਚ ਕਰ ਦਿਤੇ ਹਨ, (ਤੇ ਉਸ ਦੇ ਸਿਰ ਤੋਂ) ਕਾਲ ਵੈਰੀ ਨੂੰ (ਤੂੰ) ਮਾਰ ਦਿਤਾ ਹੈ। (ਪਰ ਹੇ ਸੱਚੇ ਸਾਹਿਬ!) ਧੁਰੋਂ ਜਿਨ੍ਹਾਂ ਦੇ ਕਰਮਾਂ ਵਿਚ ਤੂੰ (ਨਾਮ) ਪਾਇਆ ਹੈ ਓਹੋ ਹਰੀ ਦੇ ਨਾਮ ਵਿਚ ਲਗੇ ਹਨ। (ਹਾਂ ਜੋ ਹਰੀ ਦੇ ਨਾਮ ਵਿਚ ਲਗਾ ਹੈ) ਉਸੇ ਦੇ ਘਰ ਵਿਚ ਅਨਹਦ ਵਾਜੇ ਵਜੇ ਹਨ ਤੇ ਉਥੇ ਹੀ ਸੁਖ ਵਰਤਿਆ ਹੈ, ਕਹਿਦੇ ਹਨ (ਗੁਰੂ) ਨਾਨਕ (ਦੇਵ ਜੀ)।੫।
੧. 'ਸੁਖ ਮਨ ਵਿਚ ਨਾਮ ਆ ਵਸਿਆ ਹੈ' ਤੇ 'ਸੁਖ ਰੂਪ ਵਾਹਿਗੁਰੂ ਮਨਿ ਵਿਚ ਆ ਵਸਿਆ ਹੈ' ਆਦਿ ਅਰਥ ਬੀ ਲਾ ਲੈਣ ਦਾ ਜਤਨ ਹੁੰਦਾ ਹੈ।
ਘਰ ਤੋਂ ਭਾਵ ਮਨ ਯਾ ਦਸਮ ਦੁਆਰ ਦੁਏ ਹੁੰਦਾ ਹੈ। ਇਸ ਅੰਕ ਵਿਚ ਦੋ ਗੱਲਾਂ ਹਨ, ਅਨਹਦ ਵਾਜੇ ਕੀਕੂੰ ਵਜਦੇ ਹਨ ਤੇ ਤਾਸੀਰ ਕੀਹ ਹੈ। ਹਰੀ ਦੇ ਨਾਮ ਵਿਚ ਲਗਨ ਨਾਲ ਏਹ ਵਾਜੇ ਵਜਦੇ ਹਨ, ਹੋਰ ਸਾਧਨ ਦੀ ਲੋੜ ਨਹੀਂ ਦੱਸੀ ਗਈ। ਪੰਜਵੇਂ ਸਤਿਗੁਰਾਂ ਨੇ ਬੀ ਕਿਹਾ ਹੈ-'ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ॥' (ਸੁਖ:੨੬੩) ਦੂਸਰੇ ਜਿਸ ਦੇ ਹ੍ਰਿਦੇ ਯਾ ਦਸਮ ਦੁਆਰ ਵਿਚ ਵੱਜ ਪੈਣ, ਉਹ ਪੰਜਾਂ ਉਤੇ ਵਸੀਕਾਰ ਵਾਲਾ ਹੋਵੇਗਾ, ਕਾਲ ਦਾ ਭੈ ਉਸ ਦਾ ਦੂਰ ਹੋ ਗਿਆ ਹੋਵੇਗਾ, ਵਾਹਿਗੁਰੂ ਉਸ ਦੇ ਅੰਦਰ ਪ੍ਰਕਾਸ਼ਵਾਨ ਹੋਵੇਗਾ, ਜੇ ਏਹ ਗੱਲਾਂ ਪ੍ਰਾਪਤ ਨਾ ਹੋਣ ਤਾਂ ਵਾਜੇ ਨਹੀਂ ਵਜੇ ਸਮਝਣੇ ਚਾਹੀਏ।