Japji Sahib — Bhai Vir Singh ji (page 2)

Japji Sahib — Bhai Vir Singh ji · ੨ / ੬

ਇਸ ਪਉੜੀ ਵਿਚ ‘ਅੰਤਰਿ ਗਤਿ ਤੀਰਥ’ ਦਾ ਮੁੱਢ ਬੱਝਦਾ ਹੈ, ਜਿਸ ਦਾ ਵੇਰਵਾ ਪਉੜੀ ੨੧ ਵਿਚ ਹੈ। ਏਥੇ ਤੀਰਥ ਇਸ਼ਨਾਨ ਦਾ ਜ਼ਿਕਰ ਹੈ ਓਥੇ ‘ਤੀਰਥੁ ਤਪੁ ਦਇਆ ਦਤੁ ਦਾਨੁ’ ਆਦਿ ਵਧੇਰੇ ਕਰਮ ਗਿਣੇ ਹਨ, ਸੋ ਏਥੇ ਬੀ ਤੀਰਥ ਉਪਲਖਤ ਸਾਰੇ ਕਰਮਾਂ ਤੋਂ ਮੁਰਾਦ ਹੈ। ਕਰਮ ਮਾਰਗ ਵਿਚ ਤੇ ਜੋਗੀਆਂ ਵਿਚ ਤੀਰਥ ਇਸ਼ਨਾਨ ਇਕ ਵਡਾ ਕਰਮ ਮੰਨਿਆ ਗਿਆ ਹੈ, ਜਿਵੇਂ ਲੋਹਾਰੀਪਾ ਨੇ ਗੁਰੂ ਜੀ ਨੂੰ ਕਿਹਾ ਸੀ, ‘ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨਾ ਲਾਗੈ ਕਾਈ॥’ (ਸਿ: ਗੋ:੯੩੯)। ਗੁਰੂ ਜੀ ਦਾ ਮਾਰਗ ‘ਕਰਮ ਮਾਰਗ’ ਨਹੀਂ ਪਰ ‘ਪ੍ਰੇਮ ਮਾਰਗ’ ਹੈ, ਜਿਸ ਦਾ ਹੁਣ ਤਾਈਂ ਉਪਦੇਸ਼ ਕਰਦੇ ਆਏ ਹਨ ਕਿ ਅਸੀਂ ਕੀਹ ਨਜ਼ਰ ਭੇਟ ਕਰੀਏ, ਕੀਹ ਬੋਲ ਬੋਲੀਏ ਕਿ ਦਾਤਾ ਸਾਨੂੰ ਪਿਆਰ ਕਰੇ।

ਪਿਆਰ ਪ੍ਰਸੰਨਤਾ ਨਾਲ ਹੁੰਦਾ ਹੈ, ਪ੍ਰਸੰਨਤਾ ਲੈਣ ਲਈ ਹੁਕਮ ਮੰਨਣਾ ਦੱਸਿਆ ਤੇ ਹੁਕਮ ਪਰ ਆਉਣ ਲਈ ਗੁਣ ਗਾਇਨ ਤੇ ਨਾਮ ਸਿਮਰਨ ਉਪਾਉ ਦੱਸੇ। ਪ੍ਰਸੰਨਤਾ ਹੋਣ ਤੇ ਦਾਤਾ ਪਯਾਰ ਦੀ ਨਦਰ ਕਰਦਾ ਤੇ ਮੋਖ ਦੁਆਰ ਬਖ਼ਸ਼ਦਾ ਹੈ। ਇਸ ਪਉੜੀ ਵਿਚ ਫੁਰਮਾਉਂਦੇ ਹਨ ਕਿ ਤੀਰਥਾਦਿ ਕਰਮ ਉਸਦੀ ਪ੍ਰਸੰਨਤਾ ਲੈਣ ਦੇ ਉਪਾਯ ਨਹੀਂ ਹਨ। ਪ੍ਰਸੰਨਤਾ ਲੈਣ ਦਾ ਉਪਾਉ ਦਾਤੇ ਨੂੰ (ਵਿਸਰ ਨ ਜਾਣਾ=) ਸਿਮਰਨ ਕਰਨਾ ਹੀ ਹੈ। ਸਿਮਰਨ ਦਾ ਰਾਹ ਦੱਸ ਕੇ ਹੁਣ ਇਸ ਪਉੜੀ ਵਿਚ ਕਰਮ ਤੋਂ ਸਿਮਰਨ ਦੀ ਵਿਸ਼ੇਸ਼ਤਾ ਵਰਣਨ ਕਰਦੇ ਹਨ।

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥

(ਮੈਂ) ਤੀਰਥ ਵਿਚ ਨ੍ਹਾਵਾਂ ਜੇ (ਨ੍ਹਾਉਣ ਨਾਲ) ਉਸ ਨੂੰ ਭਾ ਜਾਵਾਂ, ਬਿਨਾਂ (ਉਸ ਨੂੰ) ਭਾਏ (ਜਾਣ ਦੇ ਮੈਂ) ਨ੍ਹਾ ਕੇ ਕੀਹ ਕਰਾਂ? (ਭਾਵ ਤੀਰਥ ਸ਼ਨਾਨ ਉਸ ਦੀ ਪ੍ਰਸੰਨਤਾ ਦਾ ਕਾਰਨ ਨਹੀਂ, ਸੋ ਉਸ ਦੀ ਪ੍ਰਸੰਨਤਾ ਲੈਣ ਲਈ ਨਿਰੇ ਤੀਰਥ ਸ਼ਨਾਨ ਆਦਿ ਕਰਮਾਂ ਦੇ ਕਰਨੇ ਦਾ ਲਾਭ ਨਹੀਂ)। ਜਿਤਨੀ (ਕਰਤਾ ਪੁਰਖ ਦੀ) ਉਪਜਾਈ ਰਚਨਾ ਮੈਂ ਵੇਖਦਾ ਹਾਂ (ਉਸ ਵਿਚ ਕਿਸੇ ਨੂੰ) ਕਰਮਾਂ (ਭਾਗਾਂ) ਬਾਝੋਂ ਕੀਹ ਮਿਲਦਾ ਹੈ? (ਭਾਵ ਕੁਛ ਨਹੀਂ, ਜੇ ਮਿਲਦਾ ਹੈ ਤਾਂ ਕੋਈ) ਲੈ ਲਵੇ (ਅਰਥਾਤ ਲੈ ਕੇ ਦਿਖਾਵੇ, ਭਾਵ ਹੈ ਆਪਣੇ ਲੈਣ ਦੇ ਜ਼ੋਰ ਨਾਲ ਕੁਝ ਨਹੀਂ ਲੱਭਦਾ)। (ਇਸੀ ਤਰ੍ਹਾਂ ਜੀਵ ਦੀ) ਬੁੱਧਿ ਵਿਚ ਰਤਨ ਜਵਾਹਰ ਤੇ ਮਾਣਿਕ ਹੈਨ (ਪਰ ਆਪਣੇ ਜ਼ੋਰ ਨਾਲ ਨਹੀਂ ਮਿਲਦੇ।

ਪ੍ਰਸ਼ਨਫਿਰ ਕੀਕੂੰ ਲਏ ਜਾਵਣ? ਉੱਤਰ:) ਜੇ ਗੁਰਾਂ ਦੀ ਇਕ ਸਿਖਯਾ ਸੁਣ ਲਵੇਂ ਤਾਂ (ਉਹ ਮਿਲਦੇ ਹੈਨ, ਸੋ ਉਸ ਸਿਖਯਾ ਲਈ ਅਰਦਾਸ ਕਰ ਕਿ) ਹੇ ਗੁਰੂ ਜੀ (ਮੈਨੂੰ) ਇਕ (ਗੱਲ) ਬੁਝਾ ਦਿਓ (ਅਰਥਾਤ ਸਮਝਾ ਕੇ ਮੇਰੇ ਅੰਦਰ ਵਾੜ ਦਿਓ ਕਿ) ਸਭਨਾਂ ਜੀਆਂ ਦਾ ਜੋ ਇਕੋ ਦਾਤਾ ਹੈ ਓਹ ਮੈਨੂੰ (ਕਿਵੇਂ ਵੀ ਤੇ ਕਦੇ ਬੀ) ਵਿਸਰ ਨਾ ਜਾਵੇ॥੬॥

1. ਤੀਰਥ ਤੋਂ ਤੀਰਥ ਇਸ਼ਨਾਨ ਆਦਿ ਕਰਮ ਹੈਨ: ਤੀਰਥ ਵਰਤ ਨੇਮ ਕਰਹਿ ਉਦਿਆਨਾ॥ ਜਤੁ ਸਤੁ ਸੰਜਮੁ ਕਥਹਿ ਗਿਆਨਾ॥ ਰਾਮ ਨਾਮ ਬਿਨੁ ਕਿਉ ਸੁਖੁ ਪਾਈਐ ਬਿਨੁ ਸਤਿਗੁਰ ਭਰਮੁ ਨ ਜਾਇਆ॥ (ਮਾਰੂ ਸੋ:ਮ:੧੨੨/੧੩)॥ ਪੁਨਾ: ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ॥ (ਗਉ:ਮ:੫੧੬੪)। ਪਰ ‘ਵਿਣੁ ਕਰਮਾ’ ਵਿਚ ਕਰਮਾਂ ਦਾ ਅਰਥ ਹੈ: ‘ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ॥ ਕਰਮਾ ਉਪਰਿ ਨਿਬੜੇ ਜੇ ਲੋਚੈ ਸਭੁ ਕੋਇ॥(ਗਉ:ਮ:੧੧੮)। ਪਿਛਲੇ ਜਨਮ ਦੇ ਕੀਤੇ ਕਰਮਾਂ ਦੇ ਫਲ ਵਿਚ ਪ੍ਰਾਰਬਧ ਰੂਪੀ ਭਾਗ ਜੋ ਬਣੇ ਹੋਏ ਹਨ, ਜਿਨ੍ਹਾਂ ਦਾ ਕਰਨਾ ਤਾਂ ਜੀਵ ਦਾ ਹੈ ਤੇ ਉਨ੍ਹਾਂ ਦੇ ਭੋਗਣ ਦਾ ਹੁਕਮ ਕਰਤਾ ਪੁਰਖ ਦਾ ਹੈ: ਹੁਕਮਿ ਚਲਾਏ ਆਪਣੇ ਕਰਮੀ ਵਹੈ ਕਲਾਮ॥ (ਸਾਰੰ:ਵਾਰ ਮ:੧)। ਐਉ ਕਰਮਾਂ ਦਾ ਅਰਥ ਏਥੇ ਕਰਮ ਫਲ ਹੈ ਜੋ ਵਾਹਿਗੁਰੂ ਦੇ ਹੁਕਮ ਨਾਲ ਮਿਲਦਾ ਹੈ (ਦਾਰਸ਼ਨਿਕ ਸਾਹਿਤਯ ਵਿਚ ਕਰਮ ਤੋਂ ਮਤਲਬ ‘ਕ੍ਰਿਯਾ ਦਾ ਫਲ’ ਹੀ ਲੀਤਾ ਜਾਂਦਾ ਹੈ)। ਈਸ਼ਵਰ ਨੂੰ ਆਪਣੇ ਲਈ ਪ੍ਰਸੰਨਤਾ ਮਈ ਬਨਾਉਣ ਦਾ ਉਪਾਉ ਅਗਲੀ ਤੁਕ ਵਿਚ ਦੱਸਿਆ ਹੈ ਕਿ ਗੁਰੂ ਦੀ ਸਿਖਯਾ ਸੁਣ, ਉਸ ਅਨੁਸਾਰ ਨਾਮ ਸਿਮਰ, ਤਦੋਂ ਰਤਨ ਜਵਾਹਰ ਮਾਣਿਕ ਪ੍ਰਾਪਤ ਹੋਣਗੇ ਇਹ ਇਸ਼ਨਾਨ ਹੋਵੇਗਾ ਅੰਤਰਗਤਿ। ਜਿਸ ਬੁੱਧਿ ਰੂਪੀ ਤੀਰਥ ਵਿਚ ਨ੍ਹਾ ਕੇ ਕੇਵਲ ਇਸ਼ਨਾਨ ਸਗੋਂ ਰਤਨ ਲੱਭਣਗੇ, ਜਿਵੇਂ ਕੋਈ ਸਮੁੰਦਰ ਦੇ ਕਿਸੇ ਤੀਰਥ ਵਿਚ ਨ੍ਹਾਉਂਦਾ ਮੋਤੀ ਪ੍ਰਾਪਤ ਕਰ ਲਿਆਵੇ।

2. ਅੰਤਰਿ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਲੀਜੈ। (ਕਲ:ਮ:੪ ਅਸ਼ਟ੨੧੩੨੪)।

3. ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥ (ਵਾਰ ਆਸਾ ਮ:੧੪੬੭)।

4. ਦੇਹਿ ਬੁਝਾਈ=ਬੁਝਾਇ ਦੇਵੇ। ਬੁਝਾਇ ਤੋਂ ਬੁਝਾਈ ਤੁਕਾਂਤ ਲਈ ਵਟਿਆ। ਤੇਰੇ ਗੁਣ ਗਾਵਾ ਦੇਹਿ ਬੁਝਾਈ॥ (ਬਿ:ਮ:੧)। (ਅ) ਬੁਝਾਈ ਦਾ ‘ਬੂਝ’ ਅਰਥ ਬੀ ਸੰਪ੍ਰਦਾ ਵਿਚ ਕਰਦੇ ਹਨ ਕਿ ਇਕ ‘ਸੋਝੀ’ ਦੇ ਦਿਓ।

ਕਰਮ ਮਾਰਗੀਆਂ ਤੇ ਯੋਗੀਆਂ ਦੇ ਤੀਰਥ ਇਸ਼ਨਾਨ ਆਦਿ ਕਰਮਾਂ ਦੀ, ਨਿਰੰਕਾਰ ਤੇ ਪ੍ਰਸੰਨਤਾ ਨੂੰ ਆਪਣੇ ਵਲ ਪ੍ਰੇਰਤ ਕਰ ਲੈਣ ਦੀ, ਅਸਮਰਥਾ ਦੱਸ ਕੇ ਅਤੇ ਨਾਮ ਸਿਮਰਣ ਦੀ ਸਫਲਤਾ ਵਰਣਨ ਕਰਕੇ ਹੁਣ ਯੋਗੀਆਂ ਦੇ ਹਠ ਸਾਧਨਾਂ ਤੋਂ ਜੇ ਪ੍ਰਾਪਤੀਆਂ ਹੁੰਦੀਆਂ ਦੱਸੀਦੀਆਂ ਹਨ ਉਨ੍ਹਾਂ ਦੀ ਵਾਹਿਗੁਰੂ ਪ੍ਰਸੰਨਤਾ ਨੂੰ ਆਕਰਖਣ ਕਰ ਲੈਣ ਦੀ ਅਸਮਰਥਾ ਦਰਸਾਉਂਦੇ ਹਨ:

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥

(ਹਠ ਯੋਗ ਆਦਿ ਸਾਧਨ ਕਰਕੇ) ਜੋ (ਜੀਵ ਦੀ) ਉਮਰਾ (ਇੰਨੀ ਲੰਮੀ ਹੋ ਜਾਵੇ ਜਿੰਨੇ ਕਿ) ਚਾਰ ਯੁਗ (ਹੁੰਦੇ ਹਨ, ਇਸ ਤੋਂ ਬੀ) ਦਸ ਗੁਣੀ ਹੋਰ ਹੋ ਜਾਵੇ, (ਫੇਰ ਉਹ) ਸਾਰੇ ਸੰਸਾਰ ਵਿਚ ਪ੍ਰਸਿਧ ਹੋ ਜਾਵੇ (ਤੇ ਇੰਨਾ ਸਤਿਕਾਰਿਆ ਜਾਵੇ ਕਿ) ਸਭ ਕੋਈ (ਆਦਰ ਲਈ ਉਸਦੇ) ਨਾਲ ਹੋ ਟੁਰੇ। ਜਗਤ ਵਿਚ ਜਸ ਤੇ ਕੀਰਤੀ (ਸ਼ੋਭਾ ਐਤਨੀ) ਲਵੇ (ਕਿ ਸਭ ਕੋਈ ਉਸ ਨੂੰ) ਚੰਗਾ ਚੰਗਾ ਆਖੇ। (ਪਰ) ਜੇ (ਉਹ) ਉਸ (‘ਗੁਣੀ ਨਿਧਾਨ’ ਦੀ ਕ੍ਰਿਪਾ) ਦ੍ਰਿਸ਼ਟੀ ਹੇਠ ਨਹੀਂ ਆਇਆ ਤਾਂ (ਉਸਦੀ) ਸਾਰ ਕਿਸੇ ਨਹੀਂ ਲੈਣੀ। (ਸਗੋਂ ਉਸਦੇ ਕੀਤੇ) ਦੋਸ਼ (ਉਸਦੇ) ਜ਼ਿੰਮੇ ਲਾ ਕੇ (ਉਹ) ਦੋਸ਼ੀ ਠਹਿਰਾਇਆ ਜਾਏਗਾ ਤੇ ਉਹ ਕੀੜਿਆਂ ਵਿਚ ਕੀੜਾ ਕੀਤਾ ਜਾਏਗਾ (ਭਾਵ ਨੀਚ ਅਵਸਥਾ ਨੂੰ ਪ੍ਰਾਪਤ ਹੋਵੇਗਾ, ਪਰੰਤੂ ਐਸੇ) ਗੁਣਾਂ ਤੋਂ ਵਿਹੂਣੇ (ਹੋ ਚੁਕੇ) ਵਿਚ (ਬੀ ਜੇ ਓਹ ਗੁਣੀ ਨਿਧਾਨ ਚਾਹੇ ਤਾਂ) ਗੁਣ ਭਰ ਦੇਂਦਾ ਹੈ, (ਓਹ ਚਾਹੇ ਤਾਂ) ਗੁਣਵੰਤਿਆਂ (ਵਿਚ ਹੋਰ) ਗੁਣ (ਪਾ) ਦੇਂਦਾ ਹੈ। ਉਸ (ਗੁਣੀ ਨਿਧਾਨ) ਜੈਸਾ ਹੋਰ ਕੋਈ ਨਹੀਂ ਮੈਨੂੰ ਦਿੱਸਦਾ ਜੇ ਉਸ (ਗੁਣ ਵਿਹੂਣੇ ਹੋ ਚੁਕੇ ਨੂੰ) ਕੋਈ ਗੁਣ ਲਾ ਸਕੇ (ਗੁਰੂ) ਨਾਨਕ (ਵਾਕ ਹੈ)॥੭॥

1. ਪ੍ਰਿਥਵੀ ਦੇ ਨੌ (ਖੰਡ=) ਹਿੱਸੇ ਮੰਨੇ ਹੋਏ ਹਨ ਸੋ ਨੌ ਖੰਡ=ਸਾਰਾ ਸੰਸਾਰ।

2. ‘ਕਰਿ’ ਪਦ ‘ਦੇਹੁਲੀ ਦੀਪਕ’ ਹੈ। ਕੀਟੁ ਕਰਿ, ਕਰਿ ਦੋਸੀ।

3. ਨੀਚ ਅਵਸਥਾ ਭਾਵ ਇਹ ਹੈ ‘ਭਗਤਿਹੀਣ ਜਗਤ ਸੀ ਸ਼ੋਭਾ ਵਾਲਾ’ ਪਰ ਓਹ ਪਰਲੋਕ ਵਿਚ ਯਾ ਏਥੇ ਸਤਿਪੁਰਖਾਂ ਦੇ ਸਤਿਸੰਗਿ ਵਿਚ ਦੋਸ਼ੀ ਤੇ ਨੀਚਾਂ ਵਿਚ ਗਿਣਿਆ ਜਾਂਦਾ ਹੈ। (ਅ) ਉਹ ਪਰਲੋਕ ਵਿਚ ਨੀਚ ਗਿਣਿਆ ਜਾਏਗਾ ਤੇ ਦੋਸ਼ੀ ਬੀ ਉਸ ਪਰ ਦੋਸ਼ ਧੱਪਣਗੇ। (ਸੰਪ੍ਰ:)

4. ਗੁਣ ਲਾ ਸਕੇਭਾਵ ਹੈ ਕਿ ਗੁਣਾਂ ਤੋਂ ਸੱਖਣੇ ਹੋ ਚੁਕੇ ਜੀਵ ਵਿਚ ਕੇਵਲ ਵਾਹਿਗੁਰੂ ਹੀ ਗੁਣ ਭਰ ਸਕਦਾ ਹੈ। (ਅ) ਏਹੋ ਜੇਹਾ ਕੋਈ ਨਹੀਂ ਦਿੱਸਦਾ ਜੋ ਉਸ ਪਰਮੇਸ਼ਵਰ ਨੂੰ ਕੋਈ ਗੁਣ ਲਾ ਸਕੇ। (ਸੰਪ੍ਰ:)

ਪਿੱਛੇ ਪਉੜੀ ੫ ਵਿਚ ‘ਸੋ ਮੈਂ ਵਿਸਰਿ ਨ ਜਾਈ’ ਦੀ ਯਾਚਨਾ ਕਰਨ ਦੀ ਸੁਮਤਿ ਦਿਤੀ ਸੀ। ਫਿਰ ਪਉੜੀ ੬,੭ ਵਿਚ ਉਸ ਦੇ ਟਾਕਰੇ ਤੇ ਤੀਰਖਾਦਿ ਕਰਮ ਤੇ ਵਡੀ ਉਮਰਾ ਤੇ ਯਸ਼ ਕੀਰਤੀ ਆਦਿ (ਯੋਗ) ਸਿਧੀਆਂ ਦੀ ਨਯੂਨਤਾ ਦੱਸੀ ਸੀ। ਹੁਣ ਉਸੇ ‘ਸੋ ਮੈਂ ਵਿਸਰਿ ਨ ਜਾਈ’ ਅਰਥਾਤ ਨਾਮ ਸੁਣਨ ਦੀ ਸਿਖਯਾ ਗੁਰੂ ਤੋਂ ਸੁਣ ਬੁੱਝ ਲੈਣ ਦਾ ਲਾਭ ਦੱਸਦੇ ਹਨ ਕਿ ਜਿਨ੍ਹਾਂ ਨੇ ਸੁਣੀ ਉਨ੍ਹਾਂ ਨੂੰ ਕੀ ਲਾਭ ਹੋਇਆ। ਫੁਰਮਾਉਂਦੇ ਹਨ ਕਿ ਉਨ੍ਹਾਂ ਨੂੰ ਜਾਚ ਆ ਗਈ ਆਪਣੇ ਪਾਪ ਨਸ਼ਟ ਕਰ ਲੈਣ ਦੀ, ਦੁਖ ਦੂਰ ਕਰ ਲੈਣ ਦੀ, ਸਦਾ ਵਿਗਾਸ ਪ੍ਰਾਪਤ ਕਰ ਲੈਣ ਦੀ, ਯਥਾ ‘ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੁਖ ਪਾਪ ਕਾ ਨਾਸੁ॥” ਇਥੇ ‘ਸੋ ਮੈਂ ਵਿਸਰਿ ਨ ਜਾਈ’ ਦੀ ਯਾਚਨਾ ਕਰਕੇ ਗੁਰੂ ਦੀ ਸਿੱਖਯਾ ਸਮਝ ਬੁੱਝ ਲੈਣ ਵਾਲੇ ਨੂੰ ਪਦ ‘ਭਗਤ’ ਨਾਲ ਯਾਦ ਕੀਤਾ ਹੈ ਤੇ ਇਹ ਗਲ ਅਗਲੀਆਂ ੪ ਪਉੜੀਆਂ ਵਿਚ ਫੇਰ ਦੁਹਰਾਈ ਹੈ।

ਪਰ ਨਾਲ ਹੀ ਚਉਹਾਂ ਪਉੜੀਆਂ ਵਿਚ ਸੁਣਨ ਦੇ ਹੋਰ ਲਾਭ ਦੱਸੇ ਹਨ। ਏਹ ਲਾਭ ਯਥਾ ਭਾਵਨੀ ਹਨ। ਜੋ ਭਾਵਨੀ ਧਾਰਕੇ ਕੋਈ ਨਾਮ ਸ੍ਰਵਣ ਕਰਦਾ ਹੈ ਉਹ ਪ੍ਰਾਪਤੀ ਉਸ ਨੂੰ ਹੁੰਦੀ ਹੈ। ਜਿਨ੍ਹਾਂ ਦੀ ਭਾਵਨੀ ਪਾਤਸ਼ਾਹੀ ਦੀ ਹੈ, ਪਾਤਸ਼ਾਹ, ਜਿਨ੍ਹਾਂ ਦੀ ਸਿੱਧੀ ਪੀਰੀ ਦੀ ਹੈ, ਉਹ ਸਿੱਧ ਪੀਰ, ਜਿਨ੍ਹਾਂ ਦੀ ਪੰਡਤਾਈ ਦੀ ਹੈ, ਓਹ ਪੰਡਿਤ ਆਦਿ, ਜਿਨ੍ਹਾਂ ਦੀ ਆਪਣੇ ਆਪ ਵਿਚ ਟਿਕਣ ਦੀ ਹੈ ਉਨ੍ਹਾਂ ਨੂੰ ਸਹਜ ਧਿਆਨ ਦੀ ਪ੍ਰਾਪਤੀ ਦੱਸੀ ਹੈ, ਅਰ ਜਿਨ੍ਹਾਂ ਨੂੰ ਪ੍ਰੇਮਾ ਭਗਤੀ ਦੀ ਹੈ ਉਨ੍ਹਾਂ (ਭਗਤਾਂ) ਨੂੰ ਸਦਾ ਅਨੰਦ ਹੈ। ਇਹ ਗਲ ਚਾਰ ਵੇਰ ਦਰਸਾਉਣ ਤੋਂ ਭਾਵ ਵਿਸ਼ੇਸ਼ਤਾ ਦਿਖਲਾਉਣ ਦਾ ਜਾਪਦਾ ਹੈ।

ਚੋਹਾਂ ਪਉੜੀਆਂ ਵਿਚ ਗਿਣਤੀ ਇਉ ਹੈ:ਸਿਧ, ਸੁਰ, ਨਾਥ, ਈਸ਼ਰ, ਬਰਮਾ, ਇੰਦ, ਪਾਤਸ਼ਾਹ, ਸੇਖ, ਪੀਰ। ਇਹੋ ਗੇਣਤੀ ਲਗ ਭਗ ਫੇਰ ਪਉਛੀ ੩੫ ਵਿਚ ਗਿਣੀ ਹੈ, ਯਥਾਸਿਧ, ਦੇਵ, ਨਾਥ, ਮਹੇਸ਼, ਬਰਮਟ, ਇੰਦ, ਨਰਿੰਦ ਆਦਿ ਅੰਤ ਨਾ ਅੰਤ।

ਪਉੜੀ ੮ ਵਿਚ ਇਨ੍ਹਾਂ ਨੂੰ ਸਿਖਯਾ ਸੁਣ ਕੇ ਯਥਾ ਭਾਵਨੀ ਲਾਭ ਲੈਣ ਵਾਲੇ ਦਰਸਾਯਾ ਹੈ ਤੇ ਪਉੜੀ ੩੫ ਵਿਚ ਇਨ੍ਹਾਂ ਨੂੰ ਗਯਾਨ ਖੰਡ ਵਿਚ ਦਰਸਾਯਾ ਹੈ। ਪਰ ਪਉੜੀ ੩੫ ਦੇ ਸਿਲਸਿਲੇ ਵਿਚ ਗਯਾਨ ਖੰਡ ਤੋਂ ਬਾਦ ਸਰਮ ਖੰਡ ਤੇ ਉਸ ਤੋਂ ਬਾਦ ਕਰਮ ਖੰਡ ਹੈ, ਭਗਤ ਦਾ ਨਿਵਾਸ ਕਰਮ ਖੰਡ ਵਿਚ ਤੇ ‘ਆਨੰਦ’ ‘ਸਦਾ ਮਨਿ ਵਸਿਆ ਸੋਇ’ ਦਰਸਾਯਾ ਹੈ, ਯਥਾ ‘ਤਿਥੈ ਭਗਤ ਵਸਹਿ ਕੇ ਲੋਅ॥ ਕਰਹਿ ਅਨੰਦੁ ਸਚਾ ਮਨਿ ਸੋਇ॥’ ਇਸ ਵਿਵੇਚਨਾ ਤੋਂ ਬੀ ਇਹੀ ਸਹੀ ਹੋਇਆ ਕਿ ਇਨ੍ਹਾਂ ‘ਸੁਣਿਐ’ ਦੀਆਂ ਪਉੜੀਆਂ ਵਿਚ ‘ਸੋ ਮੈਂ ਵਿਸਰਿ ਨ ਜਾਈ’ ਦੀ ਸਿਖਯਾ ਸੁਣਕੇ ਇਹੋ ਟੇਕ ਲੈਣ ਵਾਲੇ ਏਕਾਂਕੀ ਪ੍ਰੀਤ ਵਾਲੇ ‘ਭਗਤ’ ਦੀ ਵਿਸ਼ੇਸ਼ਤਾ ਦਰਸਾਉਣ ਦਾ ਭਾਵ ਹੈ ਜੋ ਸਦਾ ਵਿਗਾਸ ਵਿਚ ਰਹਿੰਦਾ ਹੈ।

ਸੁਣਿਐ ਸਿਧ ਪੀਰ ਸੁਰਿ ਨਾਥ ॥
ਸੁਣਿਐ ਧਰਤਿ ਧਵਲ ਆਕਾਸ ॥
ਸੁਣਿਐ ਦੀਪ ਲੋਅ ਪਾਤਾਲ ॥
ਸੁਣਿਐ ਪੋਹਿ ਨ ਸਕੈ ਕਾਲੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੮॥

ਸੁਣਨੇ ਨਾਲ ਬਣੇ ਹਨ ਸਿੱਧ ਪੀਰ ਦਾਨੇ ਤੇ ਨਾਥ (ਆਦਿ ਵਡਕੇ)। ਸੁਣਨੇ ਨਾਲ ਬਣੇ ਹਨ (ਇਸ) ਧਰਤੀ ਦੇ ਹੇਠਲੇ ਤੇ (ਉਪਰ) ਅਕਾਸ਼ਾਂ (ਵਿਚ ਰਹਿਣ ਵਾਲੇ ਵਡਕੇ)। ਸੁਣਨੇ ਨਾਲ ਬਣੇ ਹਨ ਦੀਪਾਂ ਲੋਕਾਂ ਤੇ ਪਤਾਲਾਂ ਦੇ ਵਾਸੀ (ਵਡਕੇ)। ਸੁਣਨੇ ਨਾਲ ਬਣੇ ਹਨ (ਓਹ ਲੋਕ ਜਿਨ੍ਹਾਂ ਪਰ) ਕਾਲ ਆਪਣਾ ਅਸਰ ਨਹੀਂ ਪਾ ਸਕਦਾ (ਭਾਵ ਉਹ ਚਿਰਜੀਵੀ ਯਾ ਕਾਲ ਬਿਜਈ ਜੋਗੀ ਹੋ ਜਾਂਦੇ ਹਨ)। (ਪਰੰਤੂ) ਭਗਤਾਂ ਨੂੰ ਸੁਣਨੇ ਨਾਲ ਪਾਪਾਂ ਦਾ ਨਾਸ਼, ਦੁਖਾਂ ਦਾ ਵਿਨਾਸ਼ ਤੇ ਸਦਾ ਆਨੰਦ ਪ੍ਰਾਪਤ ਹੁੰਦਾ ਹੈ, ਹੇ ਨਾਨਕ॥੮॥

1. ਸੁਣਨ ਤੋਂ ਮੁਰਾਦ ਕੰਨੀ ਪੈ ਕੇ ਨਿਕਲ ਜਾਣ ਮਾਤ੍ਰ ਤੋਂ ਨਹੀਂ, ਪਰ ਐਸਾ ਸੁਣਨਾ ਜੋ ਸਮਝ ਤੋਂ ਅੱਗੇ ਵਧਦਾ ਬੂਝ ਬਣ ਜਾਂਦਾ ਹੈ, ਮਨ ਤੇ ਬੁੱਧੀ ਵਿਚ ਪੂਰਨ ਪ੍ਰਵੇਸ਼ ਕਰ ਜਾਂਦਾ ਹੈ। ਪਿਛੇ ਯਾਚਨਾ ‘ਬੁਝਾਈ’ ਦੀ ਸੀ। ਬੁਝਾਈ ਦਾ ਭਾਵ ਹੈ ਬੁੱਧੀ ਵਿਚ ਪ੍ਰਵੇਸ਼ਿਤ ਹੋ ਜਾਣ ਦਾ, ਯਥਾਨਾਮੁ ਨਿਰੰਜਨ ਨਿਰਮਲਾ ਸੁਣਿਐ ਸੁਖੁ ਹੋਈ॥ ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ॥ (ਸਾਰੰ ਵਾ:ਮ:੪੫੧੨੩੯)। ਫਿਰ ਫੁਰਮਾਯਾ ਹੈ: ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ।… ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵਲਾਈ॥ (ਸਾਰੰ:ਵਾ:ਮ:੪੬੧੨੪੦)।

2. ਯਥਾ ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ। (ਸਾਰੰ:ਵਾ:ਮ:੪੭੧੨੪੦)। ਸਿਧਜੋਗੀਆਂ ਦੇ ਵਡਕੇ, ਜਿਨ੍ਹਾਂ ਦੀ ਗਿਣਤੀ ੮੪ ਹੈ। ਪੀਰ ਮੁਸਲਮਾਨਾਂ ਦੇ ਸਾਧੂ। ਸੰਸ:ਸੁਰਵਿਦਵਾਨ ਤੇ ਦਾਨੇ ਲੋਕ। (ਅ) ਦੇਵਤੇ। ਨਾਥਯੋਗ ਮਾਰਗ ਦੇ ਬਹੁਤ ਵਡੇ ਆਚਾਰਯ ਜੋ ਨੌ ਹੋਏ ਹਨ।

3. ਅੁਪਾਦਨ ਲੱਛਣਾਂ ਦੁਆਰਾ ‘ਧਰਤਿ ਧਵਲ ਆਕਾਸ’ ‘ਦੀਪ ਲੋਕ ਪਾਤਾਲ’ ਦਾ ਭਾਵ ਹੈ ਇਨ੍ਹਾਂ ਟਿਕਾਣਿਆਂ ਦੇ ਵੱਸਣ ਵਾਲੇ ਵਡਕੇ ਸਿਧ ਪੀਰ ਸੁਰ ਤੇ ਨਾਥਾਂ ਵਰਗੇ। ਜਿਵੇਂ ਕਹੀਦਾ ਹੈ: ਸਾਰਾ ਸ਼ਹਿਰ ਅਜ ਗੁਡੀਆਂ ਪਤੰਗਾਂ ਵੇਖਣ ਕੋਠਿਆਂ ਤੇ ਚੜ੍ਹ ਗਿਆ। ਸ਼ਹਿਰ ਤਾਂ ਨਹੀਂ ਕੋਠੇ ਚੜ੍ਹ ਗਿਆ ਪਰ ਸ਼ਹਿਰ ਦੇ ਵਾਸੀ ਚੜ੍ਹ ਗਏ ਭਾਵ ਹੈ। ਇਹ ਹੈ ਉਪਦਾਨ ਲੱਛਣ। ਧਵਲ=ਸ੍ਰੇਸ਼ਟ ਬੈਲ, ਧਰਤੀ ਮੰਨਿਆ ਬੈਲ, ਭਾਵ ਹੈ ਧਰਤੀ ਦੇ ਹੇਠਲੇ ਪਾਸੇ ਦੀ ਵਸੋਂ। ਦੀਪ=ਧਰਤੀ ਦੇ ਸੱਤ ਹਿੱਸੇ। ਲੋਅ=ਲੋਕ, ਭਵਨ। ਪਾਤਾਲ=ਧਰਤੀ ਤੋਂ ਹੇਠਲੇ ਪਾਸੇ ਦੂਰ ਦੇ ਟਿਕਾਣੇ ਜੋ ਸੱਤ ਗਿਣੇ ਹਨ, ਪਾਤਾਲ ਅਖੀਰਲਾ ਹੈ।

4. ਇਨ੍ਹਾਂ ਤੁਕਾਂ ਦੇ ਅਰਥ ਸੰਪ੍ਰਦਾ ਵਿਚ ਕਈ ਲਾਏ ਜਾਂਦੇ ਹਨ: (ਅ) ਸੁਣਨੇ ਨਾਲ ਜਾਣ ਲਈਦਾ ਹੈ ਸਿਧਾਂ, ਪੀਰਾਂ, ਸੁਰਾਂ, ਨਾਥਾਂ, ਧਰਤੀਆਂ, ਧਉਲਾਂ, ਅਕਾਸ਼ਾਂ, ਦੀਪਾਂ, ਲੋਕਾਂ, ਪਤਾਲਾਂ ਦੇ ਭੇਤਾਂ ਨੂੰ। (ੲ) ਸੁਣਨ ਨਾਲ ਜਾਚ ਆ ਜਾਂਦੀ ਹੈ ਸਿਧ, ਪੀਰ, ਸੁਰ, ਨਾਥ ਬਣਨੇ ਦੀ, ਧਰਤੀ ਧਉਲ ਅਕਾਸ਼ ਦੀਪ ਲੋਅ ਪਾਤਾਲਾਂ ਨੂੰ ਸਮਝਣੇ ਦੀ ਯਾ ਇਨ੍ਹਾਂ ਵਿਚ ਗਤੀ ਦੀ। (ਸ) ਦੀਪ, ਲੋਅ, ਪਾਤਾਲ, ਆਦਿਕਾਂ ਦੇ ਅਧਿਸ਼ਠਾਤਾ ਦੇਵਤੇ ਇਸ ਪਦਵੀ ਨੂੰ ਸੁਣਕੇ ਪ੍ਰਾਪਤ ਹੋਏ ਹਨ, ਅਥਵਾ ਓਹ ਸਥਿਤ ਹੈਨ, ਆਦਿ। ਕੋਈ ਅਠ ਦਸ ਤਰ੍ਹਾਂ ਅਰਥ ਲਾਉਣ ਦਾ ਪ੍ਰਯਤਨ ਹੁੰਦਾ ਹੈ। ਟੀਕਾਕਾਰ ਇਨ੍ਹਾਂ ਵਿਚੋਂ ਯਥਾ ਮਤ ਇਕ ਅਰਥ ਚੁਣ ਲੈਂਦੇ ਹਨ। ਪਰ ਗੁਰੂ ਜੀ ਦਾ ਆਸ਼ਾ ਇਹੋ ਪ੍ਰਤੀਤ ਹੁੰਦਾ ਹੈ ਕਿ ਨਾਮ ਦੇ ਸ਼੍ਰਵਣ ਨਾਲ ਪਾਪ ਨਸ਼ਟ ਹੁੰਦੇ ਹਨ, ਦੁਖ ਦੂਰ ਹੁੰਦੇ ਹਨ, ਆਨੰਦ ਦੀ ਪ੍ਰਾਪਤੀ ਹੁੰਦੀ ਹੈ ਭਗਤੀ ਭਾਵ ਨਾਲ ਸੁਣਨੇ ਕਰਕੇ, ਹੋਰ ਭਾਵਨਾ ਜੈਸੀ ਜੈਸੀ ਕੋਈ ਕਰੇ ਵੈਸਾ ਫਲ ਲੈਂਦਾ ਹੈ।

5. ਬਿਨੁ ਨਾਵੈ ਦੁਖੁ ਕਾਲੁ ਸੰਤਾਪੈ॥ (ਸਿਧ ਗੋ:੫੦੯੪੩)। ਪੁਨਾ ਗੁਰ ਪਰਚੈ ਮਨੁ ਸਮਾਇ॥ ਪ੍ਰਣਵਤਿ ਨਾਨਕੁ ਕਾਲੁ ਨ ਖਾਇ॥(ਸਿ:ਗੋ:੪੯੯੪੩)।

6. ਪਾਪਾਂ ਦਾ ਫਲ ਦੁੱਖ ਹੈ, ਦੁੱਖ ਵਿਚ ਚਿੰਤਾ ਤੇ ਉਦਾਸੀ ਹੁੰਦੀ ਹੈ। ਨਾਮ ਵਾਲੇ ਭਗਤ ਦੇ ਪਾਪ ਨਸ਼ਟ ਹੋ ਜਾਂਦੇ ਹਨ, ਪਾਪ ਨਸ਼ਟ ਹੋਇਆਂ ਦੁਖ ਦੂਰ ਹੁੰਦੇ ਹਨ, ਅਦੂਖੀ ਮਨ ਜੋ ਵਾਹਿਗੁਰੂ ਪਯਾਰ ਵਿਚ ਹੈ ਸਦਾ ਖਿੜਿਆ ਤੇ ਆਨੰਦ ਰਹਿੰਦਾ ਹੈ।

ਸੁਣਿਐ ਈਸਰੁ ਬਰਮਾ ਇੰਦੁ ॥
ਸੁਣਿਐ ਮੁਖਿ ਸਾਲਾਹਣ ਮੰਦੁ ॥
ਸੁਣਿਐ ਜੋਗ ਜੁਗਤਿ ਤਨਿ ਭੇਦ ॥
ਸੁਣਿਐ ਸਾਸਤ ਸਿਮ੍ਰਿਤਿ ਵੇਦ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੯॥

ਨਾਮ ਸੁਣਨੇ ਨਾਲ ਸ਼ਿਵ, ਬ੍ਰਹਮਾ ਤੇ ਇੰਦ੍ਰ ਬਣੇ ਹਨ। ਨਾਮ ਸੁਣਨੇ ਨਾਲ ਮੰਦਾ (ਪੁਰਖ ਬੀ) ਸਿਫਤ ਸਲਾਹਾਂ (ਕਰਦਾ ਕਰਦਾ) ਮੁਖੀ (=ਸ੍ਰੇਸ਼ਟ) ਹੋ ਜਾਂਦਾ ਹੈ। ਨਾਮ ਸੁਣਨੇ ਨਾਲ ਜੋਗ ਦੀਆਂ ਜੁਗਤੀਆਂ ਤੇ ਤਨ ਅੰਦਰਲੀਆਂ (ਨਾੜੀਆਂ ਆਦਿਕਾਂ ਦੀਆਂ) ਗੁੱਝੀਆਂ ਗਲਾਂ ਦਾ (ਪਤਾ ਲੱਗ ਜਾਂਦਾ ਹੈ)। ਨਾਮ ਸੁਣਨ ਨਾਲ ਸ਼ਾਸਤ੍ਰ ਸਿਮ੍ਰਤੀਆਂ ਤੇ ਵੇਦਾਂ (ਵਾਲੀ ਸੋਝੀ ਆ ਜਾਂਦੀ ਹੈ)।੯।

1. ਸੰਪ੍ਰਦਾ ਵਾਲੇ ਚੌਹਾਂ ਹੀ ਤੁਕਾਂ ਵਿਚ ‘ਇਨ੍ਹਾਂ ਨੂੰ ਜਾਣ ਲੈਂਦੇ ਹਨ’ ਵਾਲਾ ਅਰਥ ਬੀ ਲਾਉਂਦੇ ਹਨ ਤੇ ਬਾਕੀ ਦੇ ਹੋਰ ਅਰਥ ਜਿਨ੍ਹਾਂ ਦਾ ਨਮੂਨਾ ਪਿਛਲੇ ਪੰਨੇ ਦੀ ਟੂਕ ਨਿਸ਼ਾਨ ੪ ਵਿਚ ਦਿੱਤਾ ਹੈ, ਬੀ ਘਟਾਉਂਦੇ ਹਨ।

2. ਯਥਾਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ॥ (ਸਾਰੰ:ਵਾ:ਮ:੪੮੧੨੪੦)। (ਅ) ਸੁਣਨੇ ਵਾਲਾ ਮੰਦਾ ਪੁਰਖ ਬੀ ਵਾਹਿਗੁਰੂ ਨੂੰ ਮੂੰਹੋ ਸਲਾਹੁਣ ਲਗ ਪੈਂਦਾ ਹੈ। (ਸੰਪ੍ਰ:)

3. ਨਾਮਿ ਰਤੇ ਜੋਗ ਜੁਗਤਿ ਬੀਚਾਰੁ॥ (ਸਿਧ ਗੋ:੩੨੯੪੧)

4. ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ॥ (ਸਿ: ਗੋ:੩੭੯੪੨)

ਸੁਣਿਐ ਸਤੁ ਸੰਤੋਖੁ ਗਿਆਨੁ ॥
ਸੁਣਿਐ ਅਠਸਠਿ ਕਾ ਇਸਨਾਨੁ ॥
ਸੁਣਿਐ ਪੜਿ ਪੜਿ ਪਾਵਹਿ ਮਾਨੁ ॥
ਸੁਣਿਐ ਲਾਗੈ ਸਹਜਿ ਧਿਆਨੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੧੦॥

ਨਾਮ ਸੁਣਨੇ ਨਾਲ ਸਤਿ ਸੰਤੋਖ ਤੇ ਗਯਾਨ (ਪ੍ਰਾਪਤ ਹੋ ਜਾਂਦਾ ਹੈ)। ਨਾਮ ਸੁਣਨੇ ਨਾਲ ਅਠਾਹਠ ਤੀਰਥਾਂ ਦਾ ਇਸ਼ਨਾਨ (ਪ੍ਰਾਪਤ ਹੋ ਜਾਂਦਾ ਹੈਭਾਵ ਅਠਾਹਠ ਤੀਰਥਾਂ ਦੇ ਇਸ਼ਨਾਨ ਦਾ ਫਲ ਜੋ ਮੰਨਿਆ ਗਿਆ ਹੈ ਸੋ ਪ੍ਰਾਪਤ ਹੋ ਜਾਂਦਾ ਹੈ)। ਸੁਣਨੇ ਨਾਲ (ਵਿਦਯਾ) ਪੜ੍ਹ ਪੜ੍ਹ ਕੇ (ਪ੍ਰਾਪਤ ਹੋਣੇ ਵਾਲਾ) ਮਾਨ ਬੀ ਪ੍ਰਾਪਤ ਹੋ ਜਾਂਦਾ ਹੈ, (ਪਰੰਤੂ ਨਿਸ਼ਕਾਮ ਸੁਣਨੇ ਵਾਲੇ ਦਾ) ਸੁਣਨੇ ਨਾਲ ਸਹਜ ਧਿਆਨ ਲੱਗ ਜਾਂਦਾ ਹੈ (ਭਾਵ ਬ੍ਰਿਤੀ ਦਾ ਟਿਕਾਉ ਵਾਹਿਗੁਰੂ ਸਰੂਪ ਵਿਚ ਨਿਰਯਤਨ ਟਿਕਿਆ ਰਹਿੰਦਾ ਹੈ)॥੧੦॥

1. ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ॥ (ਸਾਰੰ:ਵਾ:ਮ:੪੭੧੨੪੦)

2. ਤੀਰਥ ਇਸ਼ਨਾਨ ਨਾਲ ਪਾਪ ਦੂਰ ਹੁੰਦੇ ਹਨ, ਪਰ ਨਾਮ ਸੁਣਨ ਨਾਲ ਸਚ ਮੁਚ ਪਾਪ ਦੂਰ ਹੁੰਦੇ ਹਨ। ਯਥਾਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ (ਜਪੁਜੀ੨੦) (ਅ) ਨਾਮ ਸੁਣਨ ਨਾਲ ਜੋ ਇਸਨੂੰ (ਪੜਿ ਪੜਿ=) ਜਪਦੇ ਹਨ (ਦਰਗਾਹੇ) ਮਾਨ ਪਾਉਂਦੇ ਹਨ। (ਸੰਪ੍ਰ:)

3. ਗੁਰਮੁਖਿ ਲਾਗੈ ਸਹਜਿ ਧਿਆਨੁ॥ (ਸਿਧ ਗੋJ। ਪੁਨਾ: ਨਾਇ ਸੁਣਿਐ ਸਹਜੁ ਉਪਜੈ ਸਹਜੇ ਸੁਖੁ ਪਾਵੈ॥ (ਸਾਰੰ:ਵਾ:ਮ:੪੭)

ਸੁਣਿਐ ਸਰਾ ਗੁਣਾ ਕੇ ਗਾਹ ॥
ਸੁਣਿਐ ਸੇਖ ਪੀਰ ਪਾਤਿਸਾਹ ॥
ਸੁਣਿਐ ਅੰਧੇ ਪਾਵਹਿ ਰਾਹੁ ॥
ਸੁਣਿਐ ਹਾਥ ਹੋਵੈ ਅਸਗਾਹੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੧੧॥

ਸੁਣਨੇ ਨਾਲ ਗੁਣਾਂ ਦੇ ਸਰਾਂ ਦੇ ਜਾਣਨਹਾਰ ਹੋ ਜਾਈਦਾ ਹੈ। ਸੁਣਨੇ ਨਾਲ ਸ਼ੇਖ, ਪੀਰ ਤੇ ਪਾਤਸ਼ਾਹ (ਭਾਵ ਦੀਨ ਦੁਨੀ ਦੇ ਵੱਡੇ) ਬਣ ਜਾਈਦਾ ਹੈ। ਸੁਣਨੇ ਨਾਲ ਅੰਨ੍ਹੇ (=ਗਯਾਨਹੀਨ ਲੋਕ ਗਯਾਨ ਦਾ) ਮਾਰਗ ਪਾ ਲੈਂਦੇ ਹਨ। ਸੁਣਨੇ ਨਾਲ (ਸੁਣਨ ਵਾਲੇ ਨੂੰ) ਅਥਾਹ (ਭਵ ਸਾਗਰ) ਹਥਾਲੜਾ ਹੋ ਜਾਂਦਾ ਹੈ। (ਅੰਤਲੀਆਂ ਦੋਹਾਂ ਤੁਕਾਂ ਦਾ ਅਰਥ ਪਿਛੇ ਆ ਜੁੱਕਾ ਹੈ)॥੧੧॥

1. ਗਾਹ=ਗਾਹੁਣਹਾਰ, ਜਪਣਹਾਰ, ਸਿਆਣੂ।

2. ਨਾਇ ਸੁਣਿਐ ਘਟਿ ਚਾਨਣਾ ਆਨੇੑਰੁ ਗਵਾਵੈ॥ ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ॥ (ਸਾਰੰ:ਵਾ:ਮ:੪੮)

3. ਸਾਗਰੁ ਤਰਿਓ ਬਾਛਰ ਖੋਜ॥ (ਰਾਮ:ਮ:੫੫੧੮੯੯)

‘ਸੋ ਮੈ ਵਿਸਰਿ ਨ ਜਾਇ’, ‘ਅੰਮ੍ਰਿਤ ਵੇਲਾ ਸਚੁ ਨਾਉ’, ‘ਸਾਚਾ ਸਾਹਿਬ ਸਾਚੁ ਨਾਇ’ ਅਰਥਾਤ ‘ਨਾਮ’ ਦਾ ਉਪਦੇਸ਼ ਦੇ ਕੇ, ਗੁਰੂ ਤੋਂ ਇਸ ਦੀ ਪ੍ਰਾਪਤੀ ਲਈ ਯਾਚਨਾ ਕਰਕੇ, ਉਸ ਤੋਂ ਸੁਣ ਕੇ ਸੁਣਨ ਦੇ ਲਾਭ ਦੱਸੇ ਸਨ। ਹੁਣ ਅਗਲੀਆਂ ਚਾਰ ਪਉੜੀਆਂ ਵਿਚ ਦੱਸਦੇ ਹਨ ਕਿ ਸਿੱਖ, ਜੇ ਉਸ (ਨਾਮ) ਦਾ ਵਾਰੰਵਾਰ ਮੰਨਨ ਕਰੇਗਾ ਤਾਂ ਨਾਮੀ ਨੂੰ ਪ੍ਰਾਪਤ ਹੋਵੇਗਾ। ਚਾਹੋ ਐਸੇਮੰਨ ਲੈਣ ਵਾਲੇਦੀ ਸੰਪੂਰਨ ਮਹਿਮਾ ਅਕੱਥ ਹੈ, ਪਰ ਕੁਛ ਨਾ ਕੁਛ ਕਿਹਾਂ ਤੇ ਹੀ ਪਤਾ ਲਗੇਗਾ। ਇਨ੍ਹਾਂ ਪਉੜੀਆਂ ਵਿਚ ‘ਮੰਨੈ’ ਪਦ ਦਾ ਭਾਵ ਹੈ ‘ਦ੍ਰਿੜ੍ਹ ਅਭਯਾਸ ਕਰਨਾ’। ਵੈਦਾਂਤ ਪਰਿਭਾਸ਼ਾ ਵਿਚ ਇਸ ਨੂੰ ‘ਮਨਨ’ ਕਹਿ ਲੈਂਦੇ ਹਨ, ਪਰ ਅਗਲੀਆਂ ਪਉੜੀਆਂ ਦਾ ਵੀਚਾਰ ਦੱਸਦਾ ਹੈ ਕਿ ਇਸ ਪਦ ‘ਮੰਨੈ’ ਦੇ ਅਰਥ ਵਿਚ ਦੋ ਪਦ ‘ਮਨਨ’ ਤੇ ‘ਨਿਧਯਾਸਨ’ ਸ਼ਾਮਲ ਹਨ, ਕਿਉਂਕਿ ਇਨ੍ਹਾਂ ਦੋਹਾਂ ਦੇ ਹੋਣ ਤੋਂ ਬਾਦ ‘ਸਾਖਯਾਤਕਾਰ’ ਹੁੰਦਾ ਹੈ ਤੇ ਇਥੇ ਕੇਵਲ ‘ਮੰਨੈ’ ਨਾਲ ‘ਪਾਵਹਿ ਮੋਖ ਦੁਆਰੁ’ ਲਿਖਯਾ ਹੈ।

ਸੋ ਮੰਨੈ ਵਿਚ ਮਨਨ ਨਿਧਯਾਸਨ ਦੁਇ ਸ਼ਾਮਲ ਹਨ। ਦੂਸਰਾ ਫਰਕ ਇਹ ਹੈ ਕਿ ਇਥੇ ਕੇਵਲ ‘ਨਾਮ ਦੇ ਮੰਨਣ’ ਦੇ ਫਲ ਦੱਸੇ ਜਾ ਰਹੇ ਹਨ, ਜੈਸਾ ਕਿ ਸਾਫ ਕਿਹਾ ਗਿਆ ਹੈ: ‘ਐਸਾ ਨਾਮੁ ਨਿਰੰਜਨ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਈ॥’

ਮੰਨੇ ਕੀ ਗਤਿ ਕਹੀ ਨ ਜਾਇ ॥
ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥
ਮੰਨੇ ਕਾ ਬਹਿ ਕਰਨਿ ਵੀਚਾਰੁ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥

(ਸਭਨਾਂ ਜੀਆਂ ਦੇ ਇਕ ਦਾਤੇ ਨੂੰ ਨਾ ਵਿਸਾਰਨ ਵਾਲੇ ਅਰਥਾਤ ਸੱਚੇ ਨਾਮ ਨੂੰ) ਮੰਨ ਲੈਣ ਵਾਲੇ ਦੀ ਅਵਸਥਾ (ਯਾ ਪ੍ਰਾਪਤੀ) ਕਹੀ ਨਹੀਂ ਜਾ ਸਕਦੀ, ਜੇ ਕੋਈ ਕਹੇ ਤਾਂ ਪਿਛੋਂ ਪਛਤਾਉਂਦਾ ਹੈ (ਕਿ ਮੈਂ ਥੋੜੀ ਕਹੀ ਹੈ। ਭਲਾ ਜੇ ਕੋਈ ਦਾਨੇ) ਮੰਂ ਲੈਣ ਵਾਲੇ ਦਾ ਬੈਠ ਕੇ ਵੀਚਾਰ ਕਰਨ (ਤੇ ਕੋਈ ਲਿਖੀ ਜਾਣ ਤਾਂ ਵਰਣਨ ਹੋ ਸਕੇ? ਉੱਤਰ: ਨਹੀਂ, ਕਿਉਂਕਿ ਸੰਪੂਰਨ ਲਿਖ ਲੈਣ ਵਾਲਾ) ਲਿਖਾਰੀ ਨਹੀਂ, ਨਾ (ਅਮੁੱਕ ਲਿਖਣੇਹਾਰ) ਕਲਮ ਹੈ ਤੇ ਨਾ (ਅਮਿੱਤ) ਕਾਗਤ ਹੈ (ਜਿਸ ਪਰ ਲਿਖਿਆ ਜਾ ਸਕੇ)। (ਪਰਮੇਸ਼ੁਰ ਦਾ) ਨਾਮ ਐਸਾ ਮਾਯਾ ਤੋਂ ਨਿਰਲਿਪਤ (=ਪਾਵਨ ਪਦਾਰਥ) ਹੈ, (ਪਰ ਇਸ ਗੱਲ ਨੂੰ) ਕੋਈ (ਤਾਂ) ਜਾਣ ਸਕਦਾ ਹੈ ਜੇ ਕੋਈ ਮਨ ਵਿਚ (ਨਾਮ ਨੂੰ) ਮਨਨ ਕਰ ਲਵੇ॥੧੨॥

1. ਮੰਨੇ ਕੀ=ਮੰਨ ਲੈਣ ਵਾਲੇ ਦੀ, ਜਿਸ ਨੇ ਮੰਨਨ ਕਰ ਲਿਆ ਹੈ, ਉਸ ਦੀ।

2. ਗਤਿ ਦੇ ਹੋਰ ਅਰਥ: ਗਤਿ=ਚਾਲ, ਹਾਲਤ, ਅਵਸਥਾ, ਹਸਤਾ, ਫਲ, ਪ੍ਰਾਪਤੀ। ਗਤਿ ਦਾ ‘ਉਸਤਤਿ’ ਅਰਥ ਬੀ ਲਾਉਂਦੇ ਹਨ।

3. ‘ਨਿਰ’ ਜੋੜ ‘ਅੰਜਨ’=ਮਾਯਾ ਤੇ ਨਿਰਲਿਪਤ। ਸ਼ੁੱਧ, ਪਵਿਤ੍ਰ। ‘ਨਾਮ ਨਾਮੀ ਦੀ ਅਭੇਦਤਾ’ ਦੇ ਨਿਯਮ ਅਨੁਸਾਰ ਨਾਮ ਬੀ ਨਿਰੰਜਨ ਹੈ। ਜੈਸੇ ਵਾਕ ਹੈ: ਨਾਮੁ ਨਿਰੰਜਨੁ ਅਤਿ ਅਗਮ ਅਪਾਰਾ (ਮਾਝ:ਮ:੩ ਅਸ਼ਟ੬੧੧੨) ਪੁਨਾਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਇ॥ (ਵਡ:ਮ:੩੪੫੮੪)। (ਅ) ਸੰਪ੍ਰ: ਅਰਥ ਇਹ ਬੀ ਹੈ: ਨਾਮ ਐਸਾ ਨਿਰੰਜਨ ਰੂਪ ਹੈ ਕਿ ਜੋ ਉਸ ਦਾ ਮਨਨ ਕਰੇ ਓਹੀ ਉਸ ਦੇ ਰਸ ਨੂੰ ਜਾਣਦਾ ਹੈ।

ਮੰਨੈ ਸੁਰਤਿ ਹੋਵੈ ਮਨਿ ਬੁਧਿ ॥
ਮੰਨੈ ਸਗਲ ਭਵਣ ਕੀ ਸੁਧਿ ॥
ਮੰਨੈ ਮੁਹਿ ਚੋਟਾ ਨਾ ਖਾਇ ॥
ਮੰਨੈ ਜਮ ਕੈ ਸਾਥਿ ਨ ਜਾਇ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥

(ਨਾਮ ਨੂੰ) ਮੰਨ ਲੈਣ ਨਾਲ (ਜਗਯਾਸੂ ਦੀ) ਸੁਰਤਿ ਮਨੀਖਾ, (ਤੇ) ਬੁਧਿ (ਨਾਮੀ ਨੂੰ ਵਿਸ਼ਯ ਕਰਨ ਵਾਲੀ) ਹੋ ਜਾਂਦੀ ਹੈ। (ਨਾਮ ਨੂੰ) ਮੰਨ ਲੈਣ ਨਾਲ (ਉਹ ਸੁਧਿ ਪ੍ਰਾਪਤ ਹੁੰਦੀ ਹੈ ਜੋ) ਸਾਰੇ ਭਵਨਾਂ ਦੀ ਸੋਝੀ (ਕਹੀਦੀ ਹੈ, ਭਾਵ ਸੁਤੇ ਗਯਾਨ ਪ੍ਰਾਪਤੀ ਵਾਲੀ ਬੁੱਧੀ ਜੋ ਦੇਵਤਿਆਂ ਤੇ ਸਿਧਾਂ ਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ)। (ਐਸੀ ਅਨੁਭਵੀ ਸੁਤੇ ਬੁੱਧੀ ਜਿਸ ਨੂੰ ਪ੍ਰਾਪਤ ਹੋ ਜਾਏ ਉਹ ਮਨਨ ਸ਼ੀਲ ਪਰਮੇਸ਼ੁਰ ਦਾ ਨਾਮ) ਮੰਨ ਲੈਣ ਨਾਲ (ਭ੍ਰਮ ਭ੍ਰਾਂਤੀ ਦੀਆਂ) ਸੱਟਾਂ ਮੂੰਹ ਤੇ (ਫੇਰ) ਨਹੀਂ ਖਾਂਦਾ। (ਤੇ ਐਸਾ ਮਨਨਸ਼ੀਲ ਪੁਰਖ) ਮੰਨ ਲੈਣ ਕਰਕੇ ਜਮ ਦੇ ਨਾਲ ਨਹੀਂ ਜਾਂਦਾ (ਭਾਵ ਜਨਮ ਮਰਨ ਰਹਿਤ ਹੋ ਜਾਂਦਾ ਹੈ)॥੧੩॥

1. ਮੰਨੈ=ਮੰਨ ਲੈਣ ਨਾਲ।

2. ‘ਸੁਰਤਿ’ ਪਦ ਦਾ ਮੂਲ ਕੋਸ਼ਕਾਰਾਂ ਨੇ ਸਿਮ੍ਰਿਤਿ ਮੰਨਿਆ ਹੈ ਤੇ ਇਸ ਦੇ ਅਰਥ ਕੀਤੇ ਹਨ: ਸਮਰਣ, ਚੇਤਨਾ; ਸੁਧਿ, ਧਯਾਨ। ਗੁਰਬਾਣੀ ਵਿਚ ਇਹ ਪਦ ਗਯਾਤ, ਬ੍ਰਿਤੀ, ਚੇਤਨਾ, ਧਯਾਨ, ਵਿਸ਼ੇਸ਼ ਪ੍ਰੀਤ, ਸ਼ੁਧ, ਖ਼ਬਰ, ਸਿਮ੍ਰਿਤ ਸ਼ਰੂਤੀ, ਅਨੇਕਾਂ ਅਰਥਾਂ ਵਿਚ ਆਯਾ ਹੈ। ਚੌਥੇ ਸਤਿਗੁਰਾਂ ਨੇ ਬੀ ਫੁਰਮਾਯਾ ਹੈ: ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ॥ (ਸਾਰੰ:ਵਾ:ਮ:੪੧੨੪੨)। ਫਿਰ ਜਪੁਜੀ (ਪਉੜੀ ੬) ਵਿਚ ਲਿਖਿਆ ਹੈ, ‘ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥’ ਇਥੇ ‘ਮਨਿ’ ਪਦ ਵਿਚ ਸਿਆਰੀ ਇਸਤ੍ਰੀ ਲਿੰਗ ਦਾ ਚਿੰਨ੍ਹ ਹੈ ਤੇ ਦੱਸਦਾ ਹੈ ‘ਮਨਿ’ ਤੋਂ ‘ਮਨੀਖਾ’ ਮੁਰਾਦ ਹੈ। ਕਾਰਜ ਕਾਰਣ ਆਦਿ ਵੀਚਾਰ ਨਾਲ, ਯਾ ਤਰਕ ਵਿਤ੍ਰੇਕ ਅਨੁਸਾਰ ਆਦਿ ਨਾਲ ਸਿਧਾਂਤ ਤੇ ਅੱਪੜਨਾ ਸਾਡੀ ਇਸ ਗਯਾਤ ਦਾ ਕੰਮ ਕਰਨੇ ਦਾ ਤਰੀਕਾ ਹੈ। ਸੋ ਨਾਮ ਦਾ ਮਨ ਵਿਚ ਮਨਨ ਕਰਨ ਨਾਲ ਗਯਾਤ ਦੇ ਸਾਰੇ ਅੰਗ ਆਤਮਾਂ ਨੂੰ ਨਿਸ਼ਚਿਤ ਕਰਨ ਵਾਲੇ ਹੋ ਜਾਂਦੇ ਹਨ: ਜੈਸੇ ਵਾਕ ਹੈਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ॥ (ਸਾਰੰ:ਵਾ:ਮ:੪੧੧੧੨੪੨)। ਭਾਵ ਆਤਮ ਵਿਸ਼ਯ ਕਰਨ ਵਾਲੀ ਮਤ ਪ੍ਰਗਟਦੀ ਹੈ। ਪਰ ‘ਸੁਧਿ’ ਉਹ ਗਿਆਤ ਹੈ ਜੋ ਸਿੱਧੀ ਤੇ ਸੁਤੇ ਹੀ ਸਤਯ ਗਯਾਨ ਤੇ ਅੱਪੜਦੀ ਹੈ। ਇਸ ਵਿਚ ਭ੍ਰਮ ਭ੍ਰਾਂਤੀ ਦੀ ਅੰਸ਼ ਹੀ ਨਹੀਂ ਹੁੰਦੀ। ਯੋਗ ਦਰਸ਼ਨ ਵਿਚ ਸ਼ਾਯਦ ‘ਰਿੑਤੰਭਰਾ ਤਤ੍ਰ ਪ੍ਰਗਯਾ’ ਇਸੇ ਨੂੰ ਕਿਹਾ ਹੈ। (ਅ) ੧੮੫੨, ੧੮੮੬ ਬਿ: ਵਿਚ ਏਹ ਅਰਥ ਵੀ ਕੀਤੇ ਗਏ ਸਨ: ਮਨ ਵਿਚ ਤੇ ਬੁਧਿ ਵਿਚ (ਸ੍ਰੇਸ਼ਟ) ਸੁਰਤ ਹੋ ਆਉਂਦੀ ਹੈ।

3. ਅਥਵਾ ਜਮ ਦੀਆਂ ਯਾ ਕਾਲ ਦੀਆਂ ਚੋਟਾਂ ਨਹੀਂ ਖਾਂਦਾ।

ਮੰਨੈ ਮਾਰਗਿ ਠਾਕ ਨ ਪਾਇ ॥
ਮੰਨੈ ਪਤਿ ਸਿਉ ਪਰਗਟੁ ਜਾਇ ॥
ਮੰਨੈ ਮਗੁ ਨ ਚਲੈ ਪੰਥੁ ॥
ਮੰਨੈ ਧਰਮ ਸੇਤੀ ਸਨਬੰਧੁ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥

ਮੰਨ ਲੈਣ ਨਾਲ (ਮੰਨ ਲੈਣ ਵਾਲਾ ਫੇਰ ਵਾਹਿਗੁਰੂ ਦੇ) ਰਸਤੇ ਵਿਚ (ਕੋਈ) ਰੋਕ ਨਹੀਂ ਪਾਉਂਦਾ। ਮੰਨ ਲੈਣ ਨਾਲ (ਮੰਨ ਲੈਣ ਵਾਲਾ) ਪਤ ਅਬਰੋ ਨਾਲ ਪਰਗਟ ਜਾਂਦਾ ਹੈ। ਮੰਨ ਲੈਣ ਨਾਲ (ਮੰਨ ਲੈਣ ਵਾਲਾ, ਧਰਮ ਰਾਜ ਦੇ ਦਰ ਤੋਂ ਜੀਵਾਂ ਨੂੰ ਨਰਕ ਤੇ ਸੁਰਗ ਵਿਚ ਲੈ ਜਾਣ ਵਾਲੇ) ਰਸਤੇ ਉਤੇ ਨਹੀਂ ਚਲਦਾ (ਕਿਉਂਕਿ) ਮਨਨ ਕਰਕੇ ਧਰਮ ਨਾਲ (ਤਾਂ ਉਸ ਦਾ ਮੈਤ੍ਰੀ) ਸਨਬੰਧ ਹੋ ਗਿਆ ਹੈ॥੧੪॥

1. ਭਾਵ, ਉਸ ਨੂੰ ਕੋਈ ਰੋਕ ਨਹੀਂ ਅਗੋਂ ਮਿਲਦੀ। ਯਥਾ: ‘ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁ ਪ੍ਰਸੰਨ॥’ (ਬਾਵ:ਅਖ;੨੮)

2. ‘ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ॥ ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ॥’ (ਸਾਰੰ:ਵਾ:ਮ:੪੯੧੨੪੧)। ‘ਨਾਨਕ ਨਾਮਿ ਰਤੇ ਪਤਿ ਹੋਇ॥’ (ਦ:ਓ:੯੯੩੧)

3. ਇਕ ਅਰਥ ਦੇ ਦੋ ਪਦ ਕੱਠੇ ਵਰਤਣੇ ਗੁਰਬਾਣੀ ਦਾ ਮੁਹਾਵਰਾ ਹੈ ਤੇ ਦੋ ਪਦ ਵਰਤ ਕੇ ਕ੍ਰਿਯਾ ਇਕ ਵਚਨ ਵਰਤੀਦੀ ਹੈ, ਯਥਾ:‘ਮਾਰਗੁ ਪੰਥੁ ਨ ਜਾਣਉ ਵਿਖੜਾ॥’ (ਤੁਖਾ:ਮ:੧੪੧੧੧੧)। ਯਥਾ:=’ਜਮ ਮਾਰਗ ਪੰਥੁ ਨਾ ਸੁਝਈ ਉਝੜੁ ਅੰਥ ਗੁਬਾਰੋਵਾ॥’ (ਵਡ:ਮ:੧ ਅਲਾ੪੫੮੧)। ਜਿਵੇਂ ਮੁਹਾਵਰੇ ਵਿਚ ਬੀ ਕਹੀਦਾ ਹੈਕੁਛ ਜਲ ਪਾਣੀ ਛਕ ਲਓ।

4. ਯਥਾ‘ਧਰਮ ਰਾਇ ਤਿਨਕਾ ਮਿਤੁ ਹੈ ਜਮ ਮਗਿ ਨ ਪਾਵੈ॥’ (ਮਾਰੁ ਵਾਰ ਮ:੧੧੪੧੦੯੧)। ਜੇ ਉਹ ਧਰਮ ਦੇ ਦਰ ਤੇ ਬੀ ਜਾ ਖੜੋਨ ਤਾਂ ਉਹ ਅਗੋਂ ਆਖਦਾ ਹੈ: ‘ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ॥’ (ਵਾ:ਤੇ:ਵ:ਸਲੋਕ ਮ:੫੧੦੧੪੨੫)। ਇਸ ਲਈ ਨਾਮੀ ਪੁਰਖ ਆਖਦਾ ਹੈ ‘ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥’ (ਸ਼ਲੋ:ਕਬੀਰ੧੨੦੧੩੭੦)

ਮੰਨੈ ਪਾਵਹਿ ਮੋਖੁ ਦੁਆਰੁ ॥
ਮੰਨੈ ਪਰਵਾਰੈ ਸਾਧਾਰੁ ॥
ਮੰਨੈ ਤਰੈ ਤਾਰੇ ਗੁਰੁ ਸਿਖ ॥
ਮੰਨੈ ਨਾਨਕ ਭਵਹਿ ਨ ਭਿਖ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥

ਮੰਨ ਲੈਣ ਨਾਲ (ਮੰਨ ਲੈਣ ਵਾਲਾ) ਮੁਕਤਿ ਦਾ ਦੁਆਰਾ ਪਾ ਲੈਂਦਾ (ਜਦੋਂ ਉਹ ਇਸ ਤਰ੍ਹਾਂ ਜੀਉਂਦਾ ਮੁਕਤ ਪਦ ਤੇ ਅੱਪੜ ਪੈਂਦਾ ਹੈ ਤਾਂ ਅਲਗ ਨਹੀਂ ਹੋ ਬੈਠਦਾ, ਉਹ) ਪਰਵਾਰ ਨੂੰ ਆਧਾਰ ਸਹਿਤ ਕਰਦਾ ਹੈ, (ਸਾਧਾਰਦਾ ਹੈ ਭਾਵ ਉਹਨਾਂ ਨੂੰ ਨਾਮ ਦਾ ਆਸਰਾ ਦੇਂਦਾ ਹੈ। ਪਰਵਾਰ ਬੀ ਨਹੀਂ ਸਗੋਂ) ਮੰਨ ਲੈਣ ਨਾਲ ਤਾਰਦਾ ਹੈ ਸਿਖਾਂ ਨੂੰ ਤੇ ਤਰਦਾ ਹੈ ਗੁਰੂ (ਆਪ)। ਮੰਨ ਲੈਣ ਵਾਲਾ ਭਿੱਖਿਆ ਨਹੀਂ ਮੰਗਦਾ ਫਿਰਦਾ। (ਅੰਤਲੀਆਂ ਤੁਕਾਂ ਦਾ ਅਰਥ ਪਹਿਲੇ ਆ ਚੁੱਕਾ ਹੈ)॥੧੫॥

1. ਅਥਵਾਇਹ ‘ਪਰਵਾਰ ਉਧਾਰ’ ਤੇ ‘ਸਿੱਖ ਉਧਾਰ’ ਦਾ ਕੰਮ ਕਰਦਿਆਂ ਉਹ ਦਾਤਾ ਪਦ ਵਿਚ ਰਹਿੰਦਾ ਹੈ। ਉਸਦੀ ਬ੍ਰਿਤੀ ਕਦੇ ਮੰਗਤ ਭਾਵ ਵਿਚ ਨਹੀਂ ਜਾਂਦੀ, ਨਾ ਕਿਸੇ ਆਤਮ ਵਸਤੂ ਵਾਸਤੇ, ਨਾ ਸਰੀਰਕ ਲੋੜ ਵਾਸਤੇ, ਅਤੇ ਏਹ ਉਪਕਾਰ ਕਰਦਿਆਂ ਉਹ ‘ਜਨਮ ਮਰਨ ਥੀਂ ਮੁਕਤ ਪਦ’ ਤੇ ਟਿਕਿਆ ਰਹਿੰਦਾ ਹੈ।

ਪਿਛੇ ਕਿਹਾ ਸੀ ਕਿ ਮਨਨਸ਼ੀਲ ਪੁਰਖ ਮੋਖ ਪਾਉਂਦੇ ਆਪ ਤਰਦੇ ਤੇ ਹੋਰਨਾਂ ਨੂੰ ਤਾਰਦੇ ਹਨ, ਹੁਣ ਪਉੜੀ ੧੬ ਵਿਚ ਦੱਸਦੇ ਹਨ ਕਿ ਉਨ੍ਹਾਂ ਦਾ ਗੁਰੂ ਇਕ ‘ਗਿਆਨ’ ਹੋ ਜਾਂਦਾ ਹੈਸੁਣ ਕੇ, ਮੰਨ ਕੇ ਉਨ੍ਹਾਂ ਦਾ ਈਸ਼ਵਰ ਵਿਚ ਧਿਆਨ ਟਿਕ ਜਾਂਦਾ ਹੈ। ਇਹ ਧਯਾਨ ਹੁਣ “ਅਭਯਾਸ ਦਾ ਮੁਥਾਜ ਧਯਾਨ’ ਯਾ ‘ਪ੍ਰਯਤਨ ਮਈ ਨਿਧਯਾਸਨ’ ਨਹੀਂ, ਪਰ ਪਰਪੱਕ ਧਯਾਨ ਹੈ ਜੋ ‘ਸਹਜ ਸਮਾਧੀ’ ਦੇ ਰੂਪ ਵਿਚ ਨਿਰਯਤਨ ਲਗਾ ਰਹਿੰਦਾ ਹੈ, ਯਥਾ‘ਗੁਰਮੁਖਿ ਲਾਗੈ ਸਹਜਿ ਧਿਆਨੁ”॥ (ਸਿਧ ਗੋਝ ਇਸ ਪਉੜੀ ਵਿਚ ਇਨ੍ਹਾਂ ਸਹਿਜ ਧਯਾਨੀਆਂ ਨੂੰ ‘ਪੰਚ’ ਪਦ ਨਾਲ ਯਾਦ ਕਰਦੇ ਹਨ:

ਪੰਚ ਪਰਵਾਣ ਪੰਚ ਪਰਧਾਨੁ ॥
ਪੰਚੇ ਪਾਵਹਿ ਦਰਗਹਿ ਮਾਨੁ ॥
ਪੰਚੇ ਸੋਹਹਿ ਦਰਿ ਰਾਜਾਨੁ ॥
ਪੰਚਾ ਕਾ ਗੁਰੁ ਏਕੁ ਧਿਆਨੁ ॥
ਜੇ ਕੋ ਕਹੈ ਕਰੈ ਵੀਚਾਰੁ ॥
ਕਰਤੇ ਕੈ ਕਰਣੈ ਨਾਹੀ ਸੁਮਾਰੁ ॥
ਧੌਲੁ ਧਰਮੁ ਦਇਆ ਕਾ ਪੂਤੁ ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
ਜੇ ਕੋ ਬੁਝੈ ਹੋਵੈ ਸਚਿਆਰੁ ॥
ਧਵਲੈ ਉਪਰਿ ਕੇਤਾ ਭਾਰੁ ॥
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
ਜੀਅ ਜਾਤਿ ਰੰਗਾ ਕੇ ਨਾਵ ॥
ਸਭਨਾ ਲਿਖਿਆ ਵੁੜੀ ਕਲਾਮ ॥
ਏਹੁ ਲੇਖਾ ਲਿਖਿ ਜਾਣੈ ਕੋਇ ॥
ਲੇਖਾ ਲਿਖਿਆ ਕੇਤਾ ਹੋਇ ॥
ਕੇਤਾ ਤਾਣੁ ਸੁਆਲਿਹੁ ਰੂਪੁ ॥
ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ਕੀਤਾ ਪਸਾਉ ਏਕੋ ਕਵਾਉ ॥
ਤਿਸ ਤੇ ਹੋਏ ਲਖ ਦਰੀਆਉ ॥
ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੬॥

(ਇਨ੍ਹਾਂ) ਪੰਛਾਂ (ਸੰਤਾਂ) ਦਾ ਗੁਰੂ ਇਕ ਧਯਾਨ ਹੋ ਜਾਂਦਾ ਹੈ (ਭਾਵ ਇਹ ਕਿ ਓਹ ਨਾਮ ਜਪਦੇ ਜਪਦੇ ਈਸ਼ਵਰ ਦੇ ਧਯਾਨ ਵਿਚ ਪਰਪੱਕ ਹੋ ਸਹਜ ਵਾਲੇ ਹੋ ਜਾਂਦੇ ਹਨ)। (ਐਸਾ ਹੋ ਜਾਣੇ ਨਾਲ ਏਹ) ਪੰਚ (ਜੀਉਂਦੇ ਜੀ ਹੀ ਈਸ਼ਵਰ ਦੀ ਦ੍ਰਿਸ਼ਟੀ ਵਿਚ) ਮੰਨਜ਼ੂਰ ਹੋ ਜਾਂਦੇ ਹਨ (ਇਧਰ ਸਾਧ ਸੰਗਤ ਵਿਚ ਬੀ ਓਹ) ਪੰਜ ਮੁਖੀਏ ਮੰਨੇ ਜਾਂਦੇ ਹਨ। (ਜਦੋਂ ਸਰੀਰ ਛੋੜਦੇ ਹਨ ਤਾਂ ਸਾਂਈ ਦੀ) ਦਰਗਾਹ ਵਿਚ ਬੀ (ਏਹ) ਪੰਚ ਮਾਨ ਪਾਉਂਦੇ ਹਨ। (ਐਸਾ ਕਿ ਉਸ ਸ਼ਹਨਸ਼ਾਹ ਦੇ ਦਰਿ=) ਦਰਬਾਰ ਵਿਚ (ਏਹ) ਪੰਜ ਰਾਜੇ ਦੀ ਨਿਯਾਈ ਸੁਭਾਇਮਾਨ ਹੁੰਦੇ ਹਨ। ‘ਸੱਚਾ ਸਾਹਿਬ’ ‘ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’ ਹੈ।

ਹੁਣ ਤਾਈਂ ਉਸ ਦਾ ਸਰੂਪ, ਉਸ ਦਾ ਹੁਕਮ, ਹੁਕਮ ਮੰਨਣ ਤੋਂ ਰਜ਼ਾ ਦੀ ਪ੍ਰਾਪਤੀ ਤੇ ਹਉਂ ਦਾ ਨਾਸ਼ ਵਰਣਨ ਹੋ ਚੁਕਾ ਹੈ। ਫੇਰ ਹੁਕਮ ਦੀ ਪ੍ਰਾਪਤੀ ਦਾ ਸਾਧਨ ਦੱਸਿਆ, ਉਹ ਸੀ ਨਾਮ ਬਾਣੀ ਦਾ ਪ੍ਰੇਮ ਨਾਲ ਅਭਯਾਸਅੰਮ੍ਰਿਤ ਵੇਲੇ ਜਾਗ ਕੇ ਗੁਣਾਂ ਦਾ ਵਿਚਾਰ ਤੇ ਨਾਮ ਦਾ ਸਿਮਰਣ, ਅਰਥਾਤ ਗੁਰੂ ਅਤੇ ਗੁਰੂ ਦੀ ਸਿਖਯਾ ਲਈ ਅਰਦਾਸ, ਉਸ ਤੋਂ ਨਾਮ ਸੁਣ ਕੇ ਉਸ ਦਾ ਦ੍ਰਿੜ ਅਭਯਾਸ, ਉਸ ਦਾ ਪੂਰਾ ਪੈਣਾ ਤੇ ਮੋਖ ਦੁਆਰ, ਦੀ ਪ੍ਰਾਪਤੀ ਹੋ ਜਾਣੀ, ਸਾਂਈ ਵਿਚ ਧਯਾਨ ਦਾ ਜੁੜੇ ਰਹਿਣਾ, ਲਿਵ ਵਿਚ ਪ੍ਰਪੱਕ ਹੋ ਜਾਣਾ, ਸਿੱਖ ਦਾ ਪੰਚ ਬਣ ਜਾਣਾ ਤੇ ਦਰ ਪਰਵਾਣਤਾ ਹੋ ਜਾਣੀ, ਸਾਰੇ ਵਿਖਯ ਆ ਚੁੱਕੇ ਹਨ।

ਹੁਣ ਉਸ ਕਰਤਾ ਪੁਰਖ ਦੇ ਕਰਣੇ ਅਰਥਾਤ ਉਸ ਦੀ ਕੀਤੀ ਯਾ ਰਚੀ ਹੋਈ ਦਾ ਵਿਖਯ ਚਲਦਾ ਹੈ। ਪਹਿਲੇ ਵਿਚ ਅੰਤਰਆਤਮੇ ‘ਧਯਾਨਿਕ) ਤਰੀਕੇ ਨਾਲ ਸਾਂਈ ਪ੍ਰਾਪਤੀ ਦਾ ਕਥਨ ਕੀਤਾ ਸੀ’ ਅਰਥਾਤ, ‘ਦ੍ਰਿਸ਼ਟਾ ਤਰੀਕੇ’ ਨਾਲ ‘ਜੀਵ ਤੱਤ’ ਦਾ ‘ਪਰਮ ਤੱਤ’ ਨਾਲ ਮਿਲਣ ਦਾ ਰਾਹ ਦੱਸਿਆ ਸੀ’ ਹੁਣ (ਪਉੜੀ ੧੯ ਤਕ) ਦ੍ਰਿਸ਼ਟਮਾਨੀ ਤਰੀਕੇ ਨਾਲ ਉਸ ਦੀ ਕੁਦਰਤ ਦਾਂ ਦਰੁਸਤ ਦਰਸ਼ਨ ਤੇ ਉਸ ਵਿਚ ਉਸਦੀ ਵਯਾਪਕਤਾ ਆਦਿ ਵਿਸ਼ੇ ਵਰਣਨ ਕਰਕੇ ‘ਦ੍ਰਿਸ਼ਟਮਾਨੀ’ ਤਰੀਕੇ ਨਾਲ ਸਾਂਈ ਵਿਚ ਬੀ ਧਯਾਨ ਜੋੜੇ ਰੱਖਣ ਦੀਆਂ ਸੈਨਤਾਂ ਦੇਣ ਲਗੇ ਹਨ। ਦ੍ਰਿਸ਼ਟਮਾਨ ਹੀ ਹੈ ਜਿਸ ਦੇ ਨਜ਼ਾਰੇ ਤੇ ਖਿੱਚਾਂ ਜੀਵ ਨੂੰ ਦ੍ਰਿਸ਼ਟਮਾਨ ਵਿਚ ਫਸਾ ਕੇ ਉਸ ਵਿਚ ਬ੍ਰਿਤੀ ਨੂੰ ਖਿੰਡਾ ਕੇ ‘ਕਰਤਾ’ ਤੋਂ ਭੁਲਾਈ ਰਖਦੇ ਹਨ ਚਾਹੋ ਰਾਗ ਵਿਚ, ਚਾਹੋ ਦਵੈਖ ਵਿਚ।

ਸੋ ਸਤਿਗੁਰ ਜੀ ਦ੍ਰਿਸ਼ਟਮਾਨ ਦੇ ਸਾਮਾਨਾਂ ਨੂੰ ਨਜ਼ਰ ਅੱਗੇ ਲਿਆ ਕੇ ਉਸ ਵਿਚ ‘ਸੱਚੇ ਸਾਹਿਬ ਦੀ ਹੋਂਦ’ ਉਸ ਦਾ ਹੁਕਮ ਤੇ ਉਸ ਦੇ ਦਰਸ਼ਨ ਕਰਵਾਉਂਦੇ ਹਨ ਤਾਂ ਜੋ ਦ੍ਰਿਸ਼ਟਮਾਨੀ ਪੱਖ ਤੋਂ ਅਰਥਾਤ ਕੁਦਰਤ ਨੂੰ ਵੇਖ ਵੇਖ ਕੇ ਭੀ ਕਰਤਾ ਪੁਰਖ ਵਿਚ ਸੁਰਤ ਨੂੰ ਜੋੜੀ ਰੱਖਣ ਦਾ ਰੰਗ ਲਗਾ ਰਹੇ। ਸੰਸਾ ਹੁੰਦਾ ਹੈ ਕਿ ਪਉੜੀ ਦੇ ਵਿਚ ਨਵਾਂ ਵਿਖਯ ਕਿਉਂ ਚਲ ਪਿਆ ਹੈ, ਪਰ ਇਹ ਸੰਸਾ ਠੀਕ ਨਹੀਂ। ਅੰਤਰਮੁਖ ਰਹਿਣ ਵਾਲੇ ਧਯਾਨੀ ‘ਪੰਚ’ ਨੂੰ ਬਾਹਰ ਦਾ ਦ੍ਰਿਸ਼ਟਮਾਨ ਬੀ ਕਿਵੇਂ ਕਰਤਾ ਪੁਰਖ ਵਿਚ ਲਾਈ ਰਖੇ, ਉਸ ਦਾ ਵਰਣਨ ਕਰਨਾ ਪ੍ਰਸੰਗਕ ਹੈ। ਜੇ ਕੋਈ (ਕਰਤੇ ਦੇ ਕਰਣਿਆਂ ਦਾ ਹਿਸਾਬ) ਦੱਸੇ (ਤਾਂ ਸੁਣਨ ਵਾਲਾ ਬੀ) ਵੀਚਾਰ ਕਰੇ (ਕਿ ਇਹ ਠੀਕ ਦੱਸ ਰਿਹਾ ਹੈ ਕਿ ਗਲਤ?

ਕਿਉਂਕਿ) ਕਰਤੇ ਦੇ ਕਰਣਿਆਂ ਦਾ ਤਾਂ ਹਿਸਾਬ ਹੋ ਹੀ ਨਹੀਂ ਸਕਦਾ। (ਜਿਵੇਂ ‘ਕੁਦਰਤ’ ਦਾ ਯਾ ‘ਕਰਨਿਆਂ’ ਦਾ ਹਿਸਾਬ ਦੱਸਣ ਵਾਲੇ ਕਹਿੰਦੇ ਹਨ ਕਿ ਇਹ ਧਰਤੀ ਹੈ, ਇਸ ਦੇ ਹੇਠ ਬੌਕਦੇ ਹੈ, ਕਈ ਸ਼ੇਸ਼ਨਾਗ, ਕੱਛੂ ਤੇ ਸੂਰ ਆਦਿਕ ਹੇਠਾਂ ਦੱਸਦੇ ਹਨ, ਪਰ ਗੁਰੂ ਜੀ ਸੱਚ ਦੱਸਦੇ ਹਨ ਕਿ ਹੇਠਾਂ ਹੱਡ ਚੰਮ ਯਾ ਮਿੱਟੀ ਪੱਥਰ ਦਾ ਬੌਲਦ ਨਹੀਂ, ਰਚਨਾ ਨੂੰ ਕਾਯਮ ਰੱਖਣ ਵਾਲਾ) ਬੌਲਦ ਧਰਮ (=ਕਰਤਾਰ ਦਾ ਬੱਧਾ ਕਾਨੂੰਨ ਯਾ ਨੇਮ) ਹੈ, (ਜੋ ਉਸ ਦੀ) ਦਇਆ ਤੋਂ ਉਪਜਿਆ ਹੈ, ਜਿਸ (ਧਰਮ) ਨੇ (ਕਿ ਹਰ ਪਦਾਰਥ ਨੂੰ ਨਿਯਮਾਂ ਵਿਚ ਬੱਝੇ ਰਹਿਣ ਦਾ) ਸੰਤੋਖ (ਦੇ ਕੇ ਜਗਤ ਦਾ) ਪ੍ਰਬੰਧ ਸਥਾਪਨ ਕਰ ਰਖਿਆ ਹੈ।

ਜੇ ਕੋਈ (ਐਉਂ) ਬੁੱਝ ਲਵੇ ਤਾਂ ਉਹ ਸਚਿਆਰ ਹੋ ਜਾਂਦਾ ਹੈ। (ਪਰ ਜੇ ਕੋਈ ਇਸ ਤਰ੍ਹਾਂ ਵਿਚਾਰ ਨਾ ਕਰੇ ਤਾਂ ਦੱਸੇ ਕਿ ਸਰੀਰ ਵਾਲੇ) ਬਲਦ ਉਤੇ ਕਿੰਨਾ ਕੁ ਭਾਰ ਹੈ? (ਭਾਵ ਕੋਈ ਬਲਦ ਧਰਤੀ ਦਾ ਭਾਰ ਨਹੀਂ ਸਹਿ ਸਕਦਾ, ਕਿਉਂਕਿ) ਧਰਤੀ ਹੈ (ਉਸ ਤੋਂ) ਪਰ੍ਹੇ ਹੋਰ (ਫੇਰ) ਹੋਰ ਧਰਤੀ ਹੈ। ਉਸ ਦੇ ਭਾਰ ਹੇਠਾਂ ਕਿਹੜਾ ਜ਼ੋਰ ਹੈ? (ਭਾਵ ਹੋਰ ਕੌਣ ਬਲ ਵਾਲਾ ਆਸਰਾ ਹੈ?)। (ਜਿਸ ਨੇ ਕਿਹਾ ਇਕ ਧਰਤ ਹੈ ਤੇ ਹੇਠਾਂ ਬੌਲਦ ਹੈ, ਉਸ ਨੇ ਆਪਣੀ ਵੱਲੋਂ ਸ਼ੁਮਾਰ ਕਹਿ ਦਿੱਤਾ, ਜਿਸ ਦੀ ਭੁੱਲ ਉਪਰ ਦੱਸੀ ਗਈ ਹੈ, ਹੁਣ ਆਪ ਪ੍ਰਸ਼ਨ ਕਰ ਕੇ ਦੱਸਦੇ ਹਨ ਕਿ ਧਰਤੀ ਹੇਠ ਤਾਂ ਬੌਲਦ ਕਹਿ ਕੇ ਸ਼ੁਮਾਰ ਕਹਿ ਲਿਆ, ਧਰਤੀ ਦੇ ਉੱਤੇ ਜੋ ਅਣਗਿਣਤ ਜੀਵ ਰਹਿੰਦੇ ਹਨ ਉਨ੍ਹਾਂ ਦਾ ਸਮਾਚਾਰ ਬੀ ਬੇਸ਼ੁਮਾਰ ਹੈ।

ਆਪ ਦੱਸਦੇ ਹਨ ਕਿ ਧਰਤੀ ਉਤੇ) ਜੀਵ (ਕਈ ਤਰ੍ਹਾਂ ਦੀਆਂ) ਜਾਤਾਂ, ਰੰਗਾਂ ਤੇ ਨਾਵਾਂ ਦੇ ਹਨ (ਇਨ੍ਹਾਂ) ਸਭਨਾਂ ਨੂੰ (ਇਕ ਸਦਾ) ਚੱਲ ਰਹੀ ਕਲਮ ਨੇ ਹੀ ਲਿਖਿਆ ਹੈ (ਭਾਵ ਇਨ੍ਹਾਂ ਦਾ ਲੇਖਾ ਕਰਤਾਰ ਆਪ ਹੀ ਜਾਣਦਾ ਹੈ, ਹੋਰ) ਕੌਣ ਇਹ ਲੇਖਾ ਲਿਖਣਾ ਚਾਣਦਾ ਹੈ। (ਜੇ ਮਨੁੱਖ ਤੋਂ) ਲੇਖਾ ਲਿਖਿਆ ਬੀ ਜਾਵੇ (ਤਾਂ ਉਹ) ਕਿੰਨਾ ਕੁ ਹੋ ਜਾਏਗਾ? (ਭਾਵ ਅਧੂਰਾ ਹੀ ਰਹੇਗਾ)। ਕਿਤਨਾ ਬਲੁ ਹੈ, ਕਿਤਨਾ ਸੁਹਣਾ ਰੂਪ ਹੈ, ਕਿੰਨੀ ਦਾਤ ਹੈ, ਕੌਣ ਇਸ (ਬੇਅੰਤਤਾਈ ਦੀ) ਗੇਣਤੀ ਮੇਣਤੀ, ਕਰ ਸਕਦਾ ਹੈ। (ਹਾਂ ਉਹ ਸਰਬ ਸਮਰਥ ਆਪ ਹੀ ਜਾਣਦਾ ਹੈ ਜਿਸ ਨੇ) ਇਕ ਵਾਕ ਨਾਲ ਸਾਰਾ (ਜਗਤ) ਪਸਾਰਾ ਪਸਾਰ ਦਿੱਤਾ।

ਉਸ ਤੋਂ (ਫੇਰ ਜਗਤ ਪ੍ਰਬੰਧ ਦੇ) ਲੱਖਾਂ ਪ੍ਰਵਾਹ ਟੁਰ ਪਏ। (ਮੇਰੇ ਵਿਚ ਐਤਨਾ) ਬਲ ਕਿਥੇ ਕਿ ਮੈਂ ਉਨ੍ਹਾਂ ਦਾ ਵਰਣਨ ਕਰ ਸਕਾਂ (ਜਦ ਵਰਣਨ ਹੋ ਨਹੀਂ ਸਕਦਾ ਤਾਂ) ਕਿਉਂ ਨਾ ਮੈਂ ਇਕੋ ਵਾਰੀ (ਰਚਨਹਾਰ ਤੋਂ) ਸਦਕੇ ਹੋ ਜਾਵਾਂ ਹੇ ਨਿਰੰਕਾਰ! ਤੂੰ ਸਦਾ ਸਲਾਮਤ ਹੈ, ਜੋ ਤੈਨੂੰ ਭਾਉਂਦਾ ਹੈ ਉਹੋ ਭਲਾ ਕੰਮ ਹੈ॥੧੬॥

1. ਪੰਚ=ਸੰਤ। ਯਥਾਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ॥ (ਬਿ:ਗਉ:ਮ:੫੨੯੭)। ਪੰਚ ਨੂੰ ਗੇਣਤੀ ਸਮਝ ਕੇ ਪੰਜ ਅਰਥ ਲਿਆ ਜਾਵੇ ਤਦ ਬੀ ਭਾਵ ਸੰਤ ਹੀ ਰਹੇਗਾ, ਗੇਣਤੀ ਐਸ ਤਰ੍ਹਾਂ ਹੋ ਜਾਊ: ੧. ‘ਨਾਮ ਸੁਣਨਾ’ (ਪਉੜੀ ੮ ਤੋਂ ੧੧)। ੨. ‘ਨਾਮ ਮਨਨ ਕਰਨਾ’ (ਪਉ:੧੨ ਤੋਂ ੧੫) (ਅਰਥਾਤ ‘ਨਾਮ ਸਿਮਰਨ’)। ‘ਸਚ ਨਾਉ’ ਤੇ ‘ਸੋ ਮੈ ਵਿਸਰਿ ਨ ਜਾਈ’ (ਪਉ:੪,੫) ੩. ‘ਵਡਿਆਈ ਗਾਵਣੀ ਵੀਚਾਰਨੀ’ (ਪਉ:੪, ਵਡਿਆਈ ਵੀਚਾਰ, ‘ਗਾਵੀਐ…’ (ਪਉ:੫)। ੪. ਹੁਕਮ ਤੇ ਟੁਰਨਾ (ਪਉ:੧)। ੫. ਮਨ ਨਾਲ ਪ੍ਰੇਮ ਕਰਨਾ‘ਗਾਵੀਐ ਸੁਣੀਐ ਮਨਿ ਰਖੀਐ ਭਾਉ’ (ਪਉ:੫)। ਏਹ ਪੰਜ ਗੁਣ ਜਿਸ ਵਿਚ ਹੋਣ ਸੋ ਹੈ ਪੰਚ=ਸੰਤ।

2. ਪਰਵਾਣੁਮਨਜ਼ੂਰ।

3. ਰਾਜਾਨ = ‘ਰਾਜਾ’ ਜੋੜ ‘ਅਨੁ’। ਰਾਜਾ = ‘ਰਾਜ ਕਰਨੇ ਵਾਲਾ’ ਜੋੜ ‘ਅਨੁ’ = ਵਾਂਙੂ, ਨਯਾਈਂ। ਭਗਤ ਰਾਜੇ ਹੁੰਦੇ ਹਨ, ਪ੍ਰਮਾਣ ਹੈ ‘ਨਾਨਕ ਹੋਰਿ ਪਾਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ॥ (ਵਾ:ਤੇ:ਵ: ਸਲੋ:ਮ:੩੧੧) ਤਥਾਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ॥ (ਗਉ:ਸੁਖ:)। ਪੁਨਾਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ॥ (ਗੂਜ:ਮ:੪੪)। ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ॥ (ਵਡ:ਵਾਰ ਮ:੩੧੧੫੯੦)। ਐਉਂ ਬੀ ਅਰਥ ਕਰਦੇ ਹਨ‘ਰਾਜਿਆਂ ਦੇ ਦਰਬਾਰ ਵਿਚ ਮਾਨ ਪਾਉਂਦੇ ਹਨ’। ਪਰ ਪਉੜੀ ੩੪ ਪੜ੍ਹ ਕੇ ਸ਼ੱਕ ਨਹੀਂ ਰਹਿੰਦਾ ਕਿ ‘ਦਰ’ ਦਾ ਭਾਵ ‘ਪਰਮੇਸ਼ੁਰ ਦਾ ਦਰ’ ਹੈ ਜਿੱੱਥੇ ਪੰਚ ਪਰਵਾਨ ਸੋਂਹਦੇ ਹਨ, ਯਥਾ:‘ਸਚਾ ਆਪਿ ਸਚਾ ਦਰਬਾਰੁ॥ ਤਿਥੈ ਸੋਹਨਿ ਪੰਚ ਪਰਵਾਣੁ’॥ (ਜਪੁਜੀ।)

4. ਕਰਤੇ ਕੁਦਰਤੀ ਮੁਸਤਾਕੁ।(ਤਿਲੰ:ਮ:੫੭੨੪)

5. ‘ਨਾਹੀ ਸੁਮਾਰੁ’ ਦਾ ਅਰਥ ਭਾਵ ਹੈ ਹਿਸਾਬ ਨਹੀਂ ਹੋ ਸਕਦਾ। ਇਸ ਦਾ ਭਾਵ‘ਅਨੰਤ’ ਨਹੀਂ। ਦੋ ਅਨੰਤ ਨਹੀਂ ਹੋ ਸਕਦੇ। ਕਰਤਾ ਪੁਰਖ ਆਪ ਅਨੰਤ ਹੈ ਤੇ ਉਸ ਦੇ ਕਰਨਿਆਂ ਦਾ ਵਿਸਥਾਰ ਇਤਨਾ ਹੈ ਕਿ ਗੇਣਤੀ ਕਰ ਸਕਣੀ ਮਹਾਨ ਕਠਨ ਹੈ। ਬੇਸ਼ੁਮਾਰ ਦਾ ਭਾਵ ਏਥੇ ਬਹੁਤਾਤ ਲੈਣਾ ਹੈ, ‘ਅਨੰਤ’ ਨਹੀਂ। ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣ ਸੁਮਾਰੁ। ਇਥੇ ‘ਸ਼ੁਮਾਰ’ ਦਾ ਭਾਵ ‘ਅਨੰਤ’ ਹੈ। (ਫਾਰਸੀ, ਸ਼ੁਮਾਰਗੇਣਤੀ)।

6. ਸੰਸ, ਧਵਲ=ਸ੍ਰੇਸ਼ਟ ਬੈਲ, ਧਰਤੀ ਹੇਠ ਮੰਨਿਆਂ ਬੈਲ।

7. ਸੰਸ: ਧਰਮ=ਆਈਨ, ਕਾਨੂੰਨ, ਨੇਮ, ਕਿਸੇ ਵਸਤੂ ਦੀ ਯਾ ਵਯਕਤੀ ਦੀ ਉਹ ਬ੍ਰਿਤੀ ਜੋ ਉਸ ਵਿਚ ਸਦਾ ਰਹੇ ਤੇ ਉਸ ਤੋਂ ਵੱਖ ਨਾ ਹੋਵੇ। ਕਰਤੱਵਯ, ਨੇਕੀ, ਫਰਜ਼ ਆਦਿ। (ਸੰ:ਸ:ਕੌ:)

8. ਦਇਆ ਦਾ ਪੁਤ੍ਰ, ਭਾਵ ਹੈ ਈਸ਼ਵਰ ਦੀ ਦਇਆ ਤੋਂ ਉਪਜਿਆ ਹੈ।

9. ਸੰਤੋਖ=ਯਥਾ ਲਾਭ ਖੁਸ਼ ਰਹਿਣਾ, ਹੋਰ ਨਾ ਮੰਗਣਾ। ਇਥੇ ਭਾਵ ਹੈਆਪਣੇ ਨਿਯਮਾਂ ਵਿਚ ਸੁਖ ਸ਼ਾਂਤੀ ਪੂਰਵਕ ਟੁਰੇ ਰਹਿਣਾ ਤੇ ਉਨ੍ਹਾਂ ਦੀ ਉਲੰਘਣਾ ਨਾ ਕਰਨਾ।

10. ਸੂਤ=ਧਾਗਾ, ਧਾਗੇ ਵਿਚ ਪ੍ਰੋਤਿਆਂ ਜਿਵੇਂ ਮਣਕੇ ਪ੍ਰਬੰਧ ਵਿਚ ਹੋ ਜਾਂਦੇ ਹਨ। ਸੂਤ ਥਾਪਣਾ=ਪ੍ਰਬੰਧ ਬੰਨ੍ਹਣਾ।

11. ਏਹ ਤ੍ਰੈ ਪਦ ਧਰਮ, ਦਇਆ ਤੇ ਸੰਤੋਖ ਦੋ ਭਾਵਾਂ ਵਿਚ ਘਟਦੇ ਹੈਨ। ੧. ਫਹਿਲੇ ‘ਜਗਤ ਪ੍ਰਬੰਧ’ ਤੇ ਘਟਦੇ ਹਨ, ਐਉਂ ਕਿ ਈਸ਼ਵਰੀਯ ਨਿਯਮ ਜਗਤ ਪ੍ਰਬੰਧ ਟੋਰ ਰਿਹਾ ਹੈ, ਬੌਲਦ ਆਦਿ ਆਸ਼੍ਰੇ ਨਹੀਂ। ਇਸ ਚਲਾਏ ਗਏ ਨਿਯਮ ਵਿਚ ਦਇਆ ‘ਈਸ਼ਵਰੇਛਾ’ ਵਿਚ ਹੈ। ਪ੍ਰਮਾਣੂਆਂ ਯਾ ਵਡੇ ਆਕਾਰ ਵਾਲਿਆਂ ਵਿਚ (ਦੋਹਾਂ ਵਿਚ) ਜੋ ਨਿਯਮ ਬੱਧੇ ਹਨ ਉਨ੍ਹਾਂ ਵਿਚ ਪਰਸਪਰ ਮਿਲਨੇ ਦਾ ਨਿਯਮ ਬੀ ਹੈ। ਸੰਤੋਖ ਦਾ ਅਰਥ ਹੈ ਜਿਤਨੀ ਪ੍ਰਾਪਤੀ ਹੈ ਉਸ ਤੇ ਸੁਖੀ ਰਹਿਣਾ। ਰਚਨਾਂ ਦੇ ਪਦਾਰਥਾਂ ਵਿਚ ਆਪਣੇ ਆਪ ਵਿਚ ਟਿਕੇ ਰਹਿਣ ਦਾ ਸੁਭਾਵ ਸੰਤੋਖ ਹੈ। ਦੇਖੋ ਵਿਰੋਧੀ ਤੱਤ ਮਰਿਯਾਦਾ ਬੱਧੇ ਅਵਿਰੇਧੀ ਬੀ ਹੋ ਰਹੇ ਹਨ। ਦੂਸਰਾ ਭਾਵਕਿਉਂਕਿ, ਅਗੇ ਚੱਲ ਕੇ ਇਸ ਧਰਤੀ ਪਰ ਵੱਸ ਰਹੇ ਜੀਵਾਂ ਦਾ ਜ਼ਿਕਰ ਹੈ‘ਜੀਅ ਜਾਤਿ ਰੰਗਾ ਕੇ ਨਾਵ’। ਸੋ ਪ੍ਰਸ਼ਨ ਹੁੰਦਾ ਹੈ ਕਿ ਜਿਵੇਂ ਜਗਤ ਪ੍ਰਬੰਧ ਵਿਚ ਧਰਮ ਦਇਆ ਤੇ ਸੰਤੋਖ ਦੀ ਥਾਂ ਹੈ ਤਿਵੇਂ ਇਨ੍ਹਾਂ ਤਿੰਨਾਂ ਦਾ ‘ਜੀਵ ਸ੍ਰਿਸ਼ਟੀ ਦੇ ਪ੍ਰਬੰਧ’ ਵਿਚ ਧਰਮ ਕੀ ਟਿਕਾਣਾ ਹੈ? ਉੱਤਰ: ਜੀਵ ਸ੍ਰਿਸ਼ਟੀ ਵਿਚ ਜੀਵਾਂ ਦਾ ਵਰਤਾਉ ਪਰਸਪਰ ਧਰਮ (ਨਿਆਂ) ਦਾ ਹੋਵੇ, ਪਰ ਉਹ ਧਰਮ (ਨਿਆਂ) ਦਇਆ ਦੇ ਆਸ਼੍ਰਿਤ ਹੋਵੇ ਤੇ ਯਥਾ ਲਾਭ ਸੰਤੋਖ ਹੋਵੇ ਹਰ ਜੀਵ ਦੇ ਅੰਦਰ ਤਾਂ ਜੀਵ ਸ਼੍ਰੇਣੀ ਦਾ ਪ੍ਰਬੰਧ ਬੀ ਸੂਤ ਟੁਰਦਾ ਹੈ, ਕੁਸੂਤਤਾਈ ਨਹੀਂ ਰਹਿੰਦੀ। ਭਾਵ ਮਨੁੱਖ ਸ਼੍ਰੇਣੀ ਦੀ ਭਾਈਚਾਰਕ ਅਵਸਥਾ ਸੁਖ ਵਾਲੀ ਹੋ ਜਾਂਦੀ ਹੈ।

12. ‘ਜੇ ਕੋ ਬੁਝੈ ਹੋਵੈ ਸਚਿਆਰੁ’ ਦਾ ਸੰਪ੍ਰ: ਅਰਥ ਐਉਂ ਬੀ ਹੈ: ਜੇ ਕੋਈ ਇਹ ਗੱਲ ਬੁੱਝ ਕੇ ਸਚਿਆਰ ਹੋਣਾ ਚਾਹੇ ਕਿ ਧਰਤੀ ਹੇਠਾਂ ਬੌਲਦ ਠੀਕ ਹੈ ਤਾਂ ਉਸ ਤੋਂ ਪੁੱਛਿਆ ਚਾਹੀਏ ਕਿ ‘ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸਤੇ ਭਾਰੁ ਤਲੈ ਕਵਣੁ ਜੋਗ॥’?

13. ਜੇ ਧਰਤੀ ਹੇਠਾਂ ਬੌਲਦ ਤੇ ਉਸ ਹੇਠਾਂ ਕੁਛ ਹੋਰ ਹੋਰ ਦੀ ਲੜੀ ਤੋਰੀਏ, ਅੰਤ ਨਿਰਾਧਾਰ ਮੰਨਣਾ ਪਊ। ਫੇਰ ਇਕ ਧਰਤੀ ਨਹੀਂ ਹੋਰ ਹੋਰ; ਉਸ ਤੋਂ ਪਰ੍ਹੇ ਹੋਰ, ਭਾਵ ਅਨੇਕਾਂ ਹਨ, ਸਾਰੀਆਂ ਲਈ ਬੌਲਦ ਮੰਨਕੇ ਕਿਥੇ ਢੋਈ? ਅੰਤ ਸਾਂਈ ਦੇ ਬੱਧੇ ਨਿਯਮ ਤੇ ਹੀ ਟਿਕਾਉ ਹੋਵੇਗਾ।

14. ਵੂੜਨਾਵਹਿਣਾ, ਚਲਣਾ। ਵੂੜੀ ਕਲਾਮ=ਚਲ ਰਹੀ ਕਲਮ। (ਅ) ਸੰਪ੍ਰ: ਵਿਚ ‘ਹੁਕਮ ਰੂਪ ਕਲਮ’ ਬੀ ਭਾਵ ਕਰਦੇ ਹਨ। (ੲ) ‘ਮੱਥੇ ਉਤੇ ਵਹਿ ਚੁਕੀ ਕਮਲ’ ਬੀ ਕਰਦੇ ਹਨ। ਪ੍ਰਮਾਣ ਜੈਸੀ ਕਮਲ ਵੂੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ॥ (ਸਿਰਿ:ਮ:੧ ਪਹਰੇ੧੭੪)।

15. ਤਾਣ=ਬਲ। (ਅ) ਵਿਸਥਾਰ।

16. ਪੰਜਾ: ਸੁਆਲਿਓ, ਪ੍ਰਾ., ਸੁਅਲੰਕਿਯ। ਸੰਸ:, ਸਵਲੰਕ੍ਰਿਤ ਫਬਿਆ, ਸੁਹਣਾ।

17. ਕੂਤੁ=ਖੜੇ ਫਸਲਾਂ ਨੂੰ ਦੇਖ ਮਿਣਕੇ ਦਾਣੇ ਦਾ ਮੁੱਲ ਤੁੱਲ ਪਾ ਲੈਣਾ। ਅੰਦਾਜ਼ਾ, ਮੇਣਤੀ ਗੇਣਤੀ।

18. ਫਾ:, ਦਰਯਾਨਦ, ਸਮੁੰਦਰ ਭਾਵ ਹੈ ਜਗਤ ਪ੍ਰਬੰਧ ਦੇ ਪ੍ਰਵਾਹ।

19. ‘ਕੁਦਰਤਿ ਕਵਣ ਕਹਾ ਵੀਚਾਰੁ’ ਪ੍ਰਸ਼ਨ ਵਾਚੀ ਕਾਵਯ ਹੈ, ਇਸ ਤਰ੍ਹਾਂ ਹੀ ‘ਵਾਰਿਆ ਨ ਜਾਵਾ ਏਕ ਵਾਰ’ ਬੀ ਪ੍ਰਸ਼ਨ ਵਾਚੀ ਹੈ ‘ਕਿਉਂ ਨ ਵਾਰਿਆ ਜਾਵਾਂ?’ ਭਾਵ ਇਹ ਹੈ ਕਿ ਮੈਂ ਵੀਚਾਰ ਕਰਨੋਂ ਅਸਮਰੱਥ ਹਾਂ, ਤਾਂਤੇ ਮੈਂ ਸਿਫਤ ਸਲਾਹ ਵਿਚ ਜਾਂਦਾ ਹਾਂ ਤੇ ਬਲਿਹਾਰ ਬਲਿਹਾਰ ਪਿਆ ਹੁੰਦਾ। (ਅ) ‘ਵਾਰ’ ਦਾ ਅਰਥ ਸੰਪ੍ਰਦਾ ਵਿਚ ਵਾਲ ਤੇ ਦਿਹਾਰੜੀ ਬੀ ਲਾਉਂਦੇ ਹਨ। ਤੇਰੇ ਸਾਜੇ ‘ਇਕ ਵਾਲ’ ਦੀ ਬਨਾਵਟ ਵਿਚ ਜੇ ਤੇਰੀ ਕਾਰੀਗਰੀ ਦਿੱਸਦੀ ਹੈ ਉਸ ਤੋਂ ਮੈ ਸਦਕੇ ਨਹੀਂ ਹੋ ਸਕਦਾ (ਸਾਰੀ ਦਾ ਤਾਂ ਕਿਆ ਕਹਿਣਾ ਹੈ)। (ੲ) ਇਕ ਦਿਹਾੜੀ ਨਹੀਂ ਮੈਂ ਹਰ ਦਿਉਹਾੜੀ ਤੈਥੋਂ ਵਾਰਨੇ ਹਾਂ। (ਸ) ਮੈਂ ਤੈਥੋਂ ਇਕ ਵਾਰੀ ਬੀ ਵਾਰਨੇ ਹੋਣ ਲਾਇਕ ਨਹੀਂ, ਇਉਂ ੭ ਅਰਥ ਲਾਉਂਦੇ ਹਨ। ਪਰ ਜੋ ਅ੍ਰਥ ਉਪਰ ਲਾਯਾ ਹੈ ਅਸਲ ਭਾਵ ਦੇ ਸਭ ਤੋਂ ਵਧੀਕ ਨੇੜੇ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ