ਪ੍ਰਾਕਥਨ-ਇਸ ਅਸਟਪਦੀ ਵਿਚ ਸਾਰੀ ਬਾਣੀ ਦਾ ਸਾਰ ਸਿੱਧਾਂਤ ਹੈ। ਸਲੋਕ ਵਿਚ ਪੂਰੇ ਪ੍ਰਭੂ ਦੀ ਅਰਾਧਨਾ, ਉਸ ਦੇ ਪੂਰੇ ਨਾਮ ਦੀ ਅਰਾਧਨਾ ਦੁਆਰਾ ਕਰਨੇ ਤੇ ਪੂਰੇ ਪ੍ਰਭੂ ਦੀ ਪ੍ਰਾਪਤੀ ਦਾ ਵਰਣਨ ਕੀਤਾ ਹੈ। ਪੂਰੇ ਪ੍ਰਭੂ ਦੀ ਪ੍ਰਾਪਤੀ ਪੂਰਨ ਪਦ ਹੈ, ਇਸ ਤੋਂ ਪਰੇ ਹੋਰ ਕੋਈ ਪਦ ਨਹੀਂ। ਇਹ ਪਾਕੇ ਅਕ੍ਰੈ ਨਹੀਂ ਹੋ ਬੈਠੇ, ਹੁਣ ਬੀ ਪੂਰੇ ਦੇ ਗੁਣ ਗਾ ਰਹੇ ਹਨ। ਆਤਮਾ ਪਰਮਾਤਮਾ ਦਾ ਮਿਲਾਪ ਪਾਕੇ ਤਦਰੂਪ ਹੈ ਪਰ ਸਰੀਰ ਕੰਮ ਕਰਦਾ ਹੈ, ਤਾਂ ਤੇ ਬ੍ਰਿਤੀਆਂ ਕੰਮ ਕਰਦੀਆਂ ਹਨ। ਸੋ ਬ੍ਰਿਤੀਆਂ ਵਿਚ ਕਹੋ, ਮਨ ਵਿਚ ਕਹੋ, ਗਲ ਕੀ ਸਾਰੇ ਸਰੀਰ ਤੇ ਇੰਦ੍ਰੀਆਂ ਵਿਚ ਪ੍ਰਭੂ ਵਯਾਪਤ ਹੈ, ਉਸ ਦੇ ਗੁਣਾਨਵਾਦ ਤੇ ਗੁਣ ਸਿਮਰਨ ਵਿਚ ਮਨ ਇੰਦ੍ਰੈ ਤਦਰੂਪ ਹਨ, ਇਨ੍ਹਾਂ ਤੋਂ ਸਖਣੇ ਜੋ ਗਯਾਨ ਯਾ ਪੂਰਨ ਪਦ ਦਾ ਦਾਅਵਾ ਕਰਦੇ ਹਨ, ਯਥਾਰਥ ਤੇ ਸਫਲ ਅਵਸਥਾ ਦਾ ਵਰਣਨ ਨਹੀਂ ਕਰਦੇ।
ਸਲੋਕ ਵਿਚ ਇਹ ਕੁਛ ਫੁਰਮਾਕੇ ਅਸਟਪਦੀ ਵਿਚ ਜਗਤ ਨੂੰ ਤਾਰਨੇ ਨਮਿਤ ਇਸ ਪਰਮ ਪਦ ਦੇ ਪਹੁੰਚਣੇ ਲਈ ਸਿੱਧਾ ਸਫਾ ਉਪਦੇਸ਼ ਦੇਂਦੇ ਹਨ। ਜੋ ਰਸਤਾ ਦੱਸਦੇ ਹਨ ਉਹ ਪਹਿਲੇ ਅੰਕ ਵਿਚ ਹੀ ਸਪਸ਼ਟ ਪਿਆ ਦਿੱਸਦਾ ਹੈ ਕਿ ਪ੍ਰੇਮਾ ਭਗਤੀ ਦਾ ਹੈ। ਵਾਹਿਗੁਰੂ ਨੂੰ ਨੇੜੇ ਤੋਂ ਨੇੜੇ ਜਾਣੋ, ਭਾਵ ਉਸ ਦੀ ਹਜ਼ੂਰੀ ਵਿਚ ਆਪ ਨੂੰ ਪ੍ਰਤੀਤ ਕਰੋ। ਇਸ ਪ੍ਰਯਤਨ ਲਈ ਸਵਾਸ ਸਵਾਸ ਨਾਮ ਜਪੋ। ਆਸਾਂ ਦਾ, ਤ੍ਰਿਸ਼ਨਾ, ਵਾਸ਼ਨਾ ਦਾ, ਤਯਾਗ ਕਰੋ। ਭੁੱਲੇ ਉੱਕੇ ਤਾਂ ਬੇਨਤੀ ਕਰੋ। ਸਹਾਇਤਾ ਦੀ, ਤ੍ਰੱਕੀ ਦੀ ਲੋੜ ਸਮਝੋ ਤਾਂ ਅਰਦਾਸ ਬੇਨਤੀ ਕਰੋ। ਇਸ ਵਿਚ ਸਹਾਇਤਾ ਨਾਮ ਪ੍ਰੇਮੀ ਸਾਧੂ ਯਾ ਗੁਰਮੁਖ ਤੋਂ ਲਵੋ, ਜੋ ਬੀਤਰਾਗ ਉਪਕਾਰੀ ਹੋਵੇ।
ਸੋ ਸਿਮਰਨ ਕਰ ਕਰਕੇ ਹਰੀ ਧਨ ਦੇ ਮਾਨੋ ਭੰਡਾਰ ਭਰ ਲਓ। ਓਹ ਕੀ ਹੋਣਗੇ? ਖੇਮ ਕੁਸਲ, ਸਹਜਾਨੰਦ। ਨਾਮ ਹੀ ਨਹੀਂ, ਗੁਨ ਗੋਬਿੰਦ ਗਾਯਨ ਦਾ ਰਸ ਬੀ ਪੀਓ ਸਿਮਰਨ ਤੇ ਗੁਣ ਗਾਯਨ ਨਾਲ ਚਿਤ ਵਿਚ 'ਇਕ ਚਿੰਤਨ' ਵਸਾਓ, ਅਨੇਕ ਚਿੰਤਨ ਜੋ ਹਰ ਵੇਲੇ ਜਾਰੀ ਹੈ ਉਸ ਦੀ ਥਾਂ ਏਕ ਚਿੰਤਨ ਕਰੋ। ਅਰ ਉਹ ਇਕ ਚਿੰਤਨ ਅਪਣੇ ਪਰਮੇਸਰ ਦਾ ਕਰੋ। ਅਨੇਕ ਚਿੰਤਨ ਵਿਚ ਮਨ ਐਵੇਂ ਵਿਹਲਾ ਖਰਚ ਹੋ ਰਿਹਾ ਹੈ, ਇਕ ਪ੍ਰਭੂ ਦੇ ਚਿੰਤਨ ਨਾਲ ਉਹ ਇਕ ਅੰਦਰ ਸਾਡੀ ਲੱਖਤਾ ਵਿਚ ਆਕੇ ਸਾਨੂੰ ਪ੍ਰਾਪਤ ਹੋ ਜਾਏਗਾ, ਯਾ ਅਸੀਂ ਉਸ ਨਾਲ ਰਲ ਮਿਲ ਰਚ ਮਿਚ ਜਾਵਾਂਗੇ। ਇਥੇ ਮੁੱਕਦਾ ਹੈ ਅੰਕ ੨।
ਅੰਕ ੩ ਵਿਚ ਅਪਣੇ ਗੁਰੱਤਵ ਦੇ ਪਦ ਤੋਂ ਅਪਣੇ ਇਲਾਹੀ ਤੇ ਇਲਹਾਮੀ ਵਾਕਾਂ ਨੂੰ ਕਹਿੰਦੇ ਹਨ ਕਿ ਉਚਾਰੇ ਤਾਂ ਮੈਂ ਸਾਧੂ ਨੇ ਹਨ ਪਰ ਏਹ ਹੈਨ ਅਮੋਲਕ ਲਾਲਾਂ ਤੇ ਰਤਨਾਂ ਵਾਂਙੂ। ਇਨ੍ਹਾਂ ਦੀ ਕਮਾਈ ਦਾ ਫਲ, ਹੇ ਸੋ੍ਰਤਿਓ! ਤੁਹਾਨੂੰ ਇਹ ਲਗੇਗਾ ਕਿ ਆਪ ਤਰੋਗੇ ਤੇ ਹੋਰਨਾਂ ਨੂੰ ਤਾਰੋਗੇ।।
ਅੰਕ ੪ ਵਿਚ ਫੇਰ ਅਪਣੇ ਦੁਆਰਾ ਉਪਦੇਸ਼ ਕਰਦੇ ਹਨ, ਅਪਣਾ ਤਜਰਬਾ ਦੱਸਕੇ ਪ੍ਰੇਰਨਾ ਕਰਦੇ ਹਨ ਕਿ ਤੁਸੀਂ ਬੀ ਇਸ ਤਰ੍ਹਾਂ ਕਰੋ। ਅਸੀਂ ਗੁਰੂ ਸ਼ਰਣ ਆਏ, ਅੰਮ੍ਰਿਤ ਨਾਮ ਲੀਤਾ, ਸਤਿਸੰਗ ਕੀਤਾ, ਗੁਰੂ ਮੇਹਰ ਹੋਈ, ਮੰਜ਼ਲੇ ਪਹੁੰਚ ਪਏ ਹਾਂ।
ਇਹ ਕਹਿਕੇ ਅੰਕ ੫ ਵਿਚ ਮੁੜ ਉਪਦੇਸ਼ ਕਰਦੇ ਹਨ ਜਗਯਾਸੂਆਂ ਨੂੰ, ਸੰਤਾਂ ਨੂੰ, ਮਿਤ੍ਰਾਂ ਨੂੰ ਕਿ ਇਸ ਸੁਖਮਨੀ ਨੂੰ ਪੜ੍ਹੋ। ਪੜ੍ਹਕੇ ਛੱਡ ਨਾ ਦਿਓ, ਇਸ ਦੇ ਉਪਦੇਸ਼ ਨੂੰ ਧਾਰਨ ਕਰੋ। ਉਹ ਉਪਦੇਸ਼ ਕੀ ਹੈ? ਸਾਵਧਾਨ ਹੋਕੇ ਦਿਲ ਜੋੜਕੇ ਨਾਮ ਜਪੋ, ਇਸ ਤਰ੍ਹਾਂ ਹਰੀ ਧਨ ਕੱਠਾ ਕਰੋ। ਤੁਸਾਨੂੰ ਸ੍ਰੇਸ਼ਟਤਾ ਮਿਲੇਗੀ, ਇਛਾ ਪੂਰਨ ਹੋਣਗੀਆਂ। ਪਰਮ ਪਦ, ਜੋ ਉਚੇ ਤੋਂ ਉੱਚਾ ਹੈ, ਸੋ ਮਿਲੇਗਾ।
ਅੰਕ ੬ ਵਿਚ ਓਹ ਸਾਰੇ ਪਦਾਰਥ ਵੇਰਵੇ ਵਾਰ ਗਿਣੇ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸੁਣਕੇ ਉਹਨਾਂ ਨੂੰ ਮਨ ਵਿਚ ਧਾਰਨ ਕਰਨੇ ਨਾਲ ਪ੍ਰਾਪਤ ਹੁੰਦੇ ਹਨ। ਭਾਵ ਇਹ ਹੈ ਕਿ ਨਾਮ ਦੁਆਰਾ ਈਸ਼ਵਰ ਅਰਾਧਨਾ ਨਾਲ ਇਹ ਸਭ ਕੁਛ ਲੱਭੇਗਾ, ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਛੋੜਕੇ ਹੋਰ ਹੋਰ ਪਾਸੇ ਨਾ ਭਟਕੋ।
ਅੰਕ ੭ ਵਿਚ ਦੱਸਦੇ ਹਨ ਕਿ ਅਸਾਂ ਜੋ ਨਾਮ ਦਾ ਮਾਰਗ ਦੱਸਿਆ ਹੈ ਸਾਰੇ ਮਤਿ ਭਉਂ ਚਉਂ ਹੋਰ ਹੋਰ ਦੱਸ ਦੱਸ ਕੇ ਜਿਥੇ ਆਉਂਦੇ ਹਨ ਉਹ ਵਾਹਿਗੁਰੂ ਦਾ ਨਾਮ ਹੀ ਹੁੰਦਾ ਹੈ। ਨਾ ਕੇਵਲ ਸ਼ਾਸਤ੍ਰ ਵੇਦ ਸਿੰਮ੍ਰਿਤੀਆਂ ਬਲਕੇ ਸਾਰੇ ਮਤ ਈਸ਼ਵਰ ਚਿੰਤਨ ਤੇ ਹੀ ਆਕੇ ਟਿਕਦੇ ਹਨ। ਸੋ ਨਾਮੀ ਪੁਰਖ ਦੇ ਸਤਿਸੰਗ ਵਿਚ ਆਕੇ ਨਾਮ ਜਪੋ। ਇਸ ਨੂੰ ਅਪਣੇ ਮਨ ਵਿਚ ਵਸਾ ਲਓ। ਸਭ ਪਾਪ ਅਪਰਾਧ ਇਸੇ ਨਾਲ ਮਿਟ ਜਾਣਗੇ। ਜਮ ਦੀ ਫਾਹੀ ਇਸੇ ਨਾਲ ਤੁਟੇਗੀ।
ਅੰਕ ੮ ਵਿਚ ਫੇਰ ਸੁਖਮਨੀ ਨੂੰ ਸੁਣ ਪੜ੍ਹਕੇ ਮਨ ਵਿਚ ਵਸਾਉਣੇ ਦਾ ਉਪਦੇਸ਼ ਹੈ; ਫੁਰਮਾਉਂਦੇ ਹਨ ਕਿ ਜੋ ਇਸ ਨੂੰ ਮਨ ਵਿਚ ਵਸਏਗਾ ਉਹ ਇਸ ਦੇ ਹੁਕਮ ਤੇ ਟੁਰੇਗਾ, ਇਸ ਦਾ ਹੁਕਮ ਹੈ:- 'ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ'। ਇਸ ਦਾ ਫਲ ਕੀ ਹੋਵੇਗਾ? ਦੁਖ ਰੋਗ ਭੈ ਭਰਮ ਨਾਸ ਹੋਣਗੇ, ਕਰਮ ਨਿਰਮਲ ਹੋ ਜਾਣਗੇ, ਲੋਕ ਭਲਾ ਕਹਿਣਗੇ, ਦੇਹੀ ਦਾ ਉਧਾਰ ਹੋਏਗਾ, ਪਤਿ ਬਣੇਗੀ; ਸਭ ਤੋਂ ਉਚੀ ਪਤਿ। ਉਹ ਕੀ ਹੁੰਦੀ ਹੈ? ਕਰਨਹਾਰ ਵਾਹਿਗੁਰੂ ਦੀ ਸ਼ਰਨ ਪਹੁੰਚਕੇ ਉਸ ਵਿਚ ਤਦਰੂਪ ਹੋ ਜਾਣਾ। ਜਿਸ ਦੀ ਸੇਵਾ ਕੀਤੀ ਉਸ ਵਿਚ ਪ੍ਰਾਪਤ ਹੋ ਜਾਣਾ।
ਸਲੋਕੁ ॥
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥ ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥
ਪ੍ਰਭੂ ਪੂਰਾ (ਹੈ) ਜਿਸ (ਪੂਰੇ) ਦਾ ਨਾਉਂ (ਬੀ) ਪੂਰਾ ਹੈ, (ਉਸ ਪੂਰੇ ਪ੍ਰਭੂ ਦੀ ਪੂਰੇ ਨਾਮ ਦੁਆਰਾ) ਆਰਾਧਨਾ ਕੀਤੀ ਹੈ, (ਐਉਂ) ਨਾਨਕ ਨੇ (ਓਹ) ਪੂਰਨ (ਪ੍ਰਭੂ) ਪਾ ਲਿਆ ਹੈ, (ਹੁਣ ਉਸ ਪ੍ਰਾਪਤੀ ਦੇ ਆਨੰਦ ਵਿਚ ਉਸ) ਪੂਰੇ ਦੇ ਗੁਣ ਗਾਉਂ ਰਿਹਾ ਹਾਂ।੧।
ਅਸਟਪਦੀ ॥
ਪੂਰੇ ਗੁਰ ਕਾ ਸੁਨਿ ਉਪਦੇਸੁ ॥
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
ਸਾਸਿ ਸਾਸਿ ਸਿਮਰਹੁ ਗੋਬਿੰਦ ॥
ਮਨ ਅੰਤਰ ਕੀ ਉਤਰੈ ਚਿੰਦ ॥
ਆਸ ਅਨਿਤ ਤਿਆਗਹੁ ਤਰੰਗ ॥
ਸੰਤ ਜਨਾ ਕੀ ਧੂਰਿ ਮਨ ਮੰਗ ॥
ਆਪੁ ਛੋਡਿ ਬੇਨਤੀ ਕਰਹੁ ॥
ਸਾਧਸੰਗਿ ਅਗਨਿ ਸਾਗਰੁ ਤਰਹੁ ॥
ਹਰਿ ਧਨ ਕੇ ਭਰਿ ਲੇਹੁ ਭੰਡਾਰ ॥
ਨਾਨਕ ਗੁਰ ਪੂਰੇ ਨਮਸਕਾਰ ॥੧॥
(ਹੇ ਸਿਖ! ਪੂਰੇ ਪ੍ਰਭੂ ਦੀ ਪ੍ਰਾਪਤੀ ਲਈ ਤੂੰ ਹੁਣ) ਪੂਰੇ ਗੁਰੂ ਦਾ ਉਪਦੇਸ਼ ਸੁਣ-(ੳ) ਪਾਰਬ੍ਰਹਮ ਨੂੰ ਨੇੜੇ ਕਰਕੇ ਦੇਖ, (ਅਪਣੇ ਪਾਸ ਪ੍ਰਤੀਤ ਕਰ)। (ਅ) ਸਵਾਸ ਸਵਾਸ ਪਰਮੇਸ਼ੁਰ ਨੂੰ ਸਿਮਰ, (ਐਉਂ) ਮਨ ਦੇ ਅੰਦਰ ਦੀ ਚਿੰਤਾ ਦੂਰ ਹੋ ਜਾਵੇਗੀ। (ੲ) ਅਨਿੱਤ (ਪਦਾਰਥਾਂ ਦੇ) ਆਸਾ (ਰੂਪੀ) ਤਰੰਗਾਂ ਨੂੰ (ਅਪਣੇ ਅੰਦਰ ਉਠਣੋਂ) ਰੋਕ ਦੇਹ। (ਸ) ਮਨੋਂ ਸੰਤਾਂ ਦੀ ਧੂੜੀ ਮੰਗ (ਭਾਵ ਸਤਿਸੰਗ ਦੀ ਚਾਹ ਤੀਬ੍ਰ ਰਖ)। (ਹ) ਆਪਾ ਭਾਵ ਛੱਡਕੇ (ਪ੍ਰਭੂ ਅਗੇ) ਬੇਨਤੀ ਕਰੋ। (ਕ) ਸਾਧੂ ਸਾ ਸੰਗ (ਕਰੋ ਐਉਂ ਤੁਸੀਂ) ਅੱਗ ਦਾ ਸਮੁੰਦਰ ਤਰ ਜਾਵੋ। (ਖ) ਹਰੀ ਰੂਪ ਧਨ ਦੇ (ਭਾਵ ਨਾਮ ਧਨ ਦੇ) ਭੰਡਾਰੇ ਭਰ ਲਵੋ। (ਗ) (ਜਿਸਦੇ ਸੰਗ ਨਾਲ ਇਹ ਕੁਝ ਲੱਭਦਾ ਹੈ ਉਸ) ਪੂਰੇ ਗੁਰੂ ਨੂੰ ਨਮਸਕਾਰ ਕਰੋ (ਫੁਰਮਾਉਂਦੇ ਹਨ ਗੁਰੂ) ਨਾਨਕ (ਦੇਵ ਜੀ)।੧।
ਖੇਮ ਕੁਸਲ ਸਹਜ ਆਨੰਦ ॥
ਸਾਧਸੰਗਿ ਭਜੁ ਪਰਮਾਨੰਦ ॥
ਨਰਕ ਨਿਵਾਰਿ ਉਧਾਰਹੁ ਜੀਉ ॥
ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥
ਚਿਤਿ ਚਿਤਵਹੁ ਨਾਰਾਇਣ ਏਕ ॥
ਏਕ ਰੂਪ ਜਾ ਕੇ ਰੰਗ ਅਨੇਕ ॥
ਗੋਪਾਲ ਦਾਮੋਦਰ ਦੀਨ ਦਇਆਲ ॥
ਦੁਖ ਭੰਜਨ ਪੂਰਨ ਕਿਰਪਾਲ ॥
ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥
ਨਾਨਕ ਜੀਅ ਕਾ ਇਹੈ ਅਧਾਰ ॥੨॥
(ਹੇ ਸਾਈਂ ਦੇ ਢੁੰਡਾਊ! ਤੂੰ) ਸੰਤ ਦੇ ਸੰਗ ਵਿਚ ਪਰਮ ਆਨੰਦ (ਰੂਪ ਪਰਮੇਸ਼ੁਰ) ਨੂੰ ਸਿਮਰ (ਐਉਂ ਕਰਨੇ ਨਾਲ) ਖੇਮ, ਕੁਸ਼ਲ, ਸ਼ਾਂਤੀ ਤੇ ਆਨੰਦ (ਤੈਨੂੰ ਪ੍ਰਾਪਤ ਹੋਣਗੇ)। (ਜੇ ਤੂੰ) ਗੋਬਿੰਦ ਦੇ ਗੁਣ (ਗਾਇਨ) ਦਾ ਅੰਮ੍ਰਿਤ ਰਸ ਪੀਏਂਗਾ (ਤਾਂ ਐਉਂ) ਨਰਕਾਂ ਨੂੰ ਦੂਰ ਕਰਕੇ (ਤੂੰ ਆਪਣੇ) ਜੀਉ ਨੂੰ ਬਚਾ ਲਵੇਂਗਾ। (ਤਾਂ ਤੇ ਨਿੱਤ) ਹਿਰਦੇ ਵਿਚ ਇਕ ਪ੍ਰਭੂ ਨੂੰ ਯਾਦ ਕਰ, ਜਿਸ ਦਾ ਰੂਪ ਇਕ ਹੈ ਤੇ ਰੰਗ ਅਨੇਕ ਹਨ। (ਓਹ ਨਾਲੇ ਤਾਂ ਜੱਗ ਨੂੰ ਪੇਟ ਲਾਉਣ ਕਰਕੇ) ਦਾਮੋਦਰ ਹੈ, (ਨਾਲੇ ਸ੍ਰਿਸ਼ਟੀ ਦਾ ਪਾਲਣ ਪੋਖਣ ਕਰਨੇ ਕਰਕੇ) ਗੋਪਾਲ ਹੈ, (ਨਾਲੇ ਉਸਨੇ ਦੀਨ ਰਚੇ ਹਨ ਨਾਲੇ ਉਨ੍ਹਾਂ ਤੇ ਦਇਆ ਕਰਕੇ) ਦੀਨ ਦਿਆਲ (ਹੋ ਰਿਹਾ) ਹੈ। (ਇਕ ਪਾਸੇ ਦੁਖ ਹਨ, ਫੇਰ ਦੁਖਾਂ ਨੂੰ ਭੰਨਕੇ) ਦੁਖ ਭੰਜਨ ਹੋ ਰਿਹਾ ਹੈ (ਸਗੋਂ) ਪੂਰੀ ਤਰ੍ਹਾਂ ਕ੍ਰਿਪਾਲੂ ਹੋ ਰਿਹਾ ਹੈ। (ਐਸੇ) ਪਰਮੇਸ਼ੁਰ ਦੇ ਨਾਮ ਨੂੰ ਬਾਰ ਬਾਰ ਸਿਮਰ (ਕਹਿੰਦੇ ਹਨ ਗੁਰੂ) ਨਾਨਕ, ਇਹੋ (ਸਿਮਰਨ ਜੀਵ ਦੇ) ਜੀਉ ਦਾ (ਸੱਚਾ) ਆਧਾਰ (ਆਸਰਾ) ਹੈ।੨।
ਉਤਮ ਸਲੋਕ ਸਾਧ ਕੇ ਬਚਨ ॥
ਅਮੁਲੀਕ ਲਾਲ ਏਹਿ ਰਤਨ ॥
ਸੁਨਤ ਕਮਾਵਤ ਹੋਤ ਉਧਾਰ ॥
ਆਪਿ ਤਰੈ ਲੋਕਹ ਨਿਸਤਾਰ ॥
ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥
ਜਾ ਕੈ ਮਨਿ ਲਾਗਾ ਹਰਿ ਰੰਗੁ ॥
ਜੈ ਜੈ ਸਬਦੁ ਅਨਾਹਦੁ ਵਾਜੈ ॥
ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥
ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥
ਨਾਨਕ ਉਧਰੇ ਤਿਨ ਕੈ ਸਾਥੇ ॥੩॥
ਸਾਧੂ (ਭਾਵ ਗੁਰੂ) ਦੇ (ਉਚਾਰੇ ਏਹ) ਵਾਕ (ਵਾਹਿਗੁਰੂ ਦੇ) ਜਸ ਦੇ ਉਤਮ ਛੰਦ ਹਨ। ਏਹ ਅਮੋਲਕ ਲਾਲ ਤੇ ਰਤਨ ਹਨ, (ਜਿਨ੍ਹਾਂ ਦੇ) ਸੁਣਨੇ ਅਤੇ ਕਮਾਵਣੇ ਤੇ ਉਧਾਰ ਹੁੰਦਾ ਹੈ, (ਸਗੋਂ ਕਮਾਵਣੇ ਵਾਲਾ) ਆਪ ਬੀ ਤਰਦਾ ਹੈ (ਤੇ) ਲੋਕਾਂ ਦਾ (ਬੀ) ਨਿਸਤਾਰਾ ਕਰਦਾ ਹੈ। (ਐਸੇ ਪੁਰਖ ਦਾ) ਜੀਵਨ ਸਫਲ ਹੈ (ਅਰ) ਉਸਦਾ ਸੰਗ ਕਰਨਾ ਬੀ ਸਫਲ ਹੈ, ਜਿਸਦੇ ਕਿ ਮਨ ਵਿਚ ਵਾਹਿਗੁਰੂ ਜੀ ਦਾ ਰੰਗ (ਪ੍ਰੇਮ) ਲਗਾ ਹੋਇਆ ਹੁੰਦਾ ਹੈ। (ਐਸੇ ਪ੍ਰੇਮੀ ਲਈ) 'ਜੈ ਜੈ' ਦਾ ਸ਼ਬਦ ਅਹਾਹਦ (ਰੂਪ ਵਿਚ) ਵਜਦਾ ਹੈ, (ਉਹ ਪ੍ਰੇਮੀ ਉਸਨੂੰ) ਸੁਣ ਸੁਣਕੇ ਅਨੰਦ ਹੁੰਦਾ ਹੈ ਤੇ (ਅਗੋਂ ਉਹ ਆਪ) ਜੈ ਜੈ (ਕਰਕੇ ਅਪਣੇ) ਪ੍ਰਭੂ ਨੂੰ ਗਾਉਂਦਾ ਹੈ। (ਇਸ) ਮਹਾਤਮਾ ਦੇ ਮਸਕਤ ਉਤੇ ਵਾਹਿਗੁਰੂ ਪ੍ਰਕਾਸ਼ ਪਾਉਂਦਾ ਹੈ। ਹੇ ਨਾਨਕ! ਉਸ ਦੇ (ਸੰਗ) ਨਾਲ (ਜਗਤ ਦਾ) ਉਧਾਰ ਹੁੰਦਾ ਹੈ।੩।
ਸਰਨਿ ਜੋਗੁ ਸੁਨਿ ਸਰਨੀ ਆਏ ॥
ਕਰਿ ਕਿਰਪਾ ਪ੍ਰਭ ਆਪ ਮਿਲਾਏ ॥
ਮਿਟਿ ਗਏ ਬੈਰ ਭਏ ਸਭ ਰੇਨ ॥
ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥
ਸੁਪ੍ਰਸੰਨ ਭਏ ਗੁਰਦੇਵ ॥
ਪੂਰਨ ਹੋਈ ਸੇਵਕ ਕੀ ਸੇਵ ॥
ਆਲ ਜੰਜਾਲ ਬਿਕਾਰ ਤੇ ਰਹਤੇ ॥
ਰਾਮ ਨਾਮ ਸੁਨਿ ਰਸਨਾ ਕਹਤੇ ॥
ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥
ਨਾਨਕ ਨਿਬਹੀ ਖੇਪ ਹਮਾਰੀ ॥੪॥
(ਸ਼ਰਨਾਗਤ ਨੂੰ) ਸ਼ਰਨ ਦੇਣ ਦੇ ਜੋਗ ਸੁਣਕੇ (ਅਸੀਂ ਪ੍ਰਭੂ ਦੀ) ਸ਼ਰਨੀ ਆਏ (ਤਾਂ) ਪ੍ਰਭੂ ਨੇ (ਪਰਮ) ਕ੍ਰਿਪਾ ਧਾਰ (ਕੇ ਸਾਨੂੰ) ਅਪਣੇ ਨਾਲ ਮਿਲਾ ਲਿਆ। (ਸਾਡੇ) ਵੈਰ ਮਿਟ ਗਏ ਤੇ ਸਭ ਦੀ ਧੂੜ ਹੋ ਗਏ (ਜਦ ਤੋਂ ਕਿ) ਸਾਧਾਂ ਦੇ ਸੰਗ ਵਿਚ (ਅਸੀਂ) ਅੰਮ੍ਰਿਤ ਨਾਮ ਲੈਣ ਲੱਗ ਪਏ। ਇਸ (ਤਰ੍ਹਾਂ ਕਰਦਿਆਂ ਜਦੋ) ਗੁਰ ਦੇਵ ਜੀ ਭਲੀ ਪ੍ਰਕਾਰ ਪ੍ਰਸੰਨ ਹੋ ਗਏ; ਤਾਂ ਸੇਵਕ ਦੀ ਸੇਵਾ ਪੂਰੀ ਹੋ ਗਈ (ਭਾਵ ਸਫਲ ਹੋ ਗਈ। ਇਉਂ ਗੁਰਦੇਵ ਦੀ ਪ੍ਰਸੰਨਤਾ ਨਾਲ) ਆਲ ਜੰਜਾਲ ਤੇ ਵਿਕਾਰਾਂ ਤੋਂ (ਅਸੀਂ) ਬਚੇ ਹੀ ਰਹੇ। (ਹੁਣ ਨਿੱਤ ਵਿਵਹਾਰ ਕੀ ਹੈ? ਉੱਤਰ) ਰਾਮ ਨਾਮ ਹੀ ਸੁਣਦੇ ਹਾਂ, (ਰਾਮ ਨਾਮ ਹੀ) ਰਸਨਾ ਤੋਂ ਕਥਨ ਕਰਦੇ ਹਾਂ। (ਅਸਲ ਵਿਚ) ਪ੍ਰਭੂ ਨੇ (ਹੀ) ਤੱਰੁਠਕੇ (ਇਹ) ਦਇਆ ਕੀਤੀ ਹੈ, (ਜਿਸ ਕਰਕੇ ਕਿ) ਸਾਡੀ ਖੇਪ (ਤੋੜ) ਨਿਭ ਗਈ (ਕਹਿੰਦੇ ਹਨ ਗੁਰੂ) ਨਾਨਕ (ਦੇਵ ਜੀ)।੪।
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥
ਸਾਵਧਾਨ ਏਕਾਗਰ ਚੀਤ ॥
ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥
ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥
ਸਰਬ ਇਛਾ ਤਾ ਕੀ ਪੂਰਨ ਹੋਇ ॥
ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥
ਸਭ ਤੇ ਊਚ ਪਾਏ ਅਸਥਾਨੁ ॥
ਬਹੁਰਿ ਨ ਹੋਵੈ ਆਵਨ ਜਾਨੁ ॥
ਹਰਿ ਧਨੁ ਖਾਟਿ ਚਲੈ ਜਨੁ ਸੋਇ ॥
ਨਾਨਕ ਜਿਸਹਿ ਪਰਾਪਤਿ ਹੋਇ ॥੫॥
ਹੇ ਸੰਤੋਂ! ਹੇ ਮਿਤ੍ਰੋ! ਸਾਵਧਾਨ ਅਰ ਇਕਾਗਰ ਚਿੱਤ ਹੋਕੇ ਪ੍ਰਭੂ ਦੀ ਉਸਤਤਿ ਕਰੋ। ਸੁਖਮਨੀ ਵਿਚ ਪਰਮੇਸ਼ਰ ਦੇ ਗੁਣ ਤੇ ਨਾਮ (ਦੀ ਮਹਿਮਾ ਤੇ ਪਰਮੇਸ਼ੁਰ ਦਾ) ਗਯਾਨ ਹੈ। (ਇਹ) ਜਿਸਦੇ ਮਨ ਵਿਚ ਵਸ ਜਾਵੇ ਉਹ ਗੁਣਾਂ ਦਾ ਭੰਡਾਰ ਹੋ ਜਾਂਦਾ ਹੈ। ਉਸਦੀਆਂ ਸਾਰੀਆਂ ਇਛਾਂ ਪੂਰਨ ਹੋ ਜਾਂਦੀਆਂ ਹਨ। (ਉਹ) ਪੁਰਖ ਸ੍ਰੇਸ਼ਟ ਹੋਕੇ ਸਾਰੇ ਲੋਕਾਂ ਵਿਚ ਪ੍ਰਗਟ ਹੋ ਜਾਂਦਾ ਹੈ। ਸਭ ਤੋਂ ਉੱਚਾ ਅਸਥਾਨ (ਉਸਨੂੰ) ਪ੍ਰਾਪਤ ਹੁੰਦਾ ਹੈ, (ਜਿਸ ਥਾਉਂ ਤੋਂ ਕਿ) ਉਸਨੂੰ ਮੁੜਕੇ ਆਉਣਾ ਜਾਣਾਂ ਨਹੀਂ ਪੈਂਦਾ। ਹੇ ਨਾਨਕ! ਓਹ ਪੁਰਖ ਕਿ ਜਿਸਨੂੰ (ਇਹ) ਪ੍ਰਾਪਤ ਹੋਵੇ, ਹਰੀ ਧਨ ਨੂੰ ਖੱਟਕੇ (ਏਥੋਂ ਨਾਲ ਲੈਕੇ) ਟੁਰਦਾ ਹੈ।੫।
ਖੇਮ ਸਾਂਤਿ ਰਿਧਿ ਨਵ ਨਿਧਿ ॥
ਬੁਧਿ ਗਿਆਨੁ ਸਰਬ ਤਹ ਸਿਧਿ ॥
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥
ਗਿਆਨੁ ਸ੍ਰੇਸਟ ਊਤਮ ਇਸਨਾਨੁ ॥
ਚਾਰਿ ਪਦਾਰਥ ਕਮਲ ਪ੍ਰਗਾਸ ॥
ਸਭ ਕੈ ਮਧਿ ਸਗਲ ਤੇ ਉਦਾਸ ॥
ਸੁੰਦਰੁ ਚਤੁਰੁ ਤਤ ਕਾ ਬੇਤਾ ॥
ਸਮਦਰਸੀ ਏਕ ਦ੍ਰਿਸਟੇਤਾ ॥
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥
ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥
੧੦. ੯. (ਜੋ ਕੋਈ) ਗੁਰੂ ਨਾਨਕ ਦੇ 'ਨਾਮ' ਸੰਬੰਧੀ (ਏਹ ਸੁਖਮਨੀ ਵਾਲੇ) ਬਚਨ ਮਨ ਨਾਲ ਸੁਣੇ ਯਾ ਮੂੰਹੋ ਉਚਾਰਨ ਕਰੇ, ਉਸ ਪੁਰਖ ਨੂੰ ਇਹ ਫਲ (ਪ੍ਰਾਪਤ ਹੋਣਗੇ)-੧. ਮੁਕਤੀ, ਸ਼ਾਂਤੀ, ਰਿਧੀਆਂ ਤੇ ਨਵੇਂ ਨਿਧੀਆਂ। ੨. ਬੁਧੀਆਂ, ਗਯਾਨ, ਸਾਰੀਆਂ ਸਿਧੀਆਂ। ੩. ਵਿਦਯਾ, ਤਪ, ਪ੍ਰਭ ਦਾ ਧਯਾਨ ਤੇ (ਉਸ ਨਾਲ) ਜੋਗ (ਮਿਲਾਪ), ੪. ਸ੍ਰੇਸ਼ਟ ਗਯਾਨ, ਉਤਮ ਇਸ਼ਨਾਨ। ੫. ਚਾਰ ਪਦਾਰਥ (ਤੇ ਹਿਰਦੇ) ਕਮਲ ਦਾ ਖਿੜਾਉ। ੬. ਸਭ ਦੇ ਵਿਚ (ਵਸਦੇ ਹੋਏ) ਸਭ ਤੋਂ ਉਦਾਸ (ਰਹਿਣੇ ਦੀ ਨਿਰਲੇਪਤਾ), ੭. ਸੁਹਣਾ ਹੋਣਾ, ਦਾਨਾ ਹੋਣਾ, ਤੱਤ ਦਾ ਜਾਣਨਹਾਰ ਹੋਣਾ, ੮. (ਊਚ ਨੀਚ ਵਿਚ) ਸਮਦਰਸੀ ਹੋਣਾ, (ਅਨੇਕਤਾ ਵਿਚ) ਇਕ ਦਾ ਦੇਖਣਹਾਰ ਹੋਣਾ।੬।
ਇਹੁ ਨਿਧਾਨੁ ਜਪੈ ਮਨਿ ਕੋਇ ॥
ਸਭ ਜੁਗ ਮਹਿ ਤਾ ਕੀ ਗਤਿ ਹੋਇ ॥
ਗੁਣ ਗੋਬਿੰਦ ਨਾਮ ਧੁਨਿ ਬਾਣੀ ॥
ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥
ਸਗਲ ਮਤਾਂਤ ਕੇਵਲ ਹਰਿ ਨਾਮ ॥
ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥
ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥
ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥
ਸਾਧ ਸਰਣਿ ਨਾਨਕ ਤੇ ਆਏ ॥੭॥
ਜੇ ਕੋਈ ਇਸ (ਨਾਮ ਦੇ) ਖਜ਼ਾਨੇ (ਸੁਖਮਨੀ) ਨੂੰ ਮਨ ਲਾਕੇ ਪੜ੍ਹੇਗਾ, ਚਾਹੇ ਉਹ ਕਿਸੇ ਜੁਗ ਵਿਚ ਹੋਵੇ ਉਸਦੀ ਮੁਕਤੀ ਹੋਵੇਗੀ। ਬਾਣੀ (ਦੇ ਪਾਠ ਵਿਚ) ਗੋਬਿੰਦ ਦੇ ਗੁਣਾਂ ਦੀ ਅਰ ਨਾਮ ਦੀ ਧੁਨਿ ਲਗ ਜਾਂਦੀ ਹੈ। ਵੇਦਾਂ ਸਿੰਮ੍ਰਿਤੀਆਂ ਤੇ ਸ਼ਾਸਤ੍ਰਾਂ ਨੇ (ਬੀ ਇਹ ਗਲ ਕਰਨੀ) ਆਖੀ ਹੈ (ਕਿ ਨਾਮ ਜਪੋ ਤੇ ਗੁਣ ਗਾਓ); ਸਾਰੇ ਮਤਾਂ ਦਾ ਸਿਧਾਂਤ ਬੀ ਨਿਰਾ ਪਰਮੇਸ਼ੁਰ ਦਾ ਨਾਮ (ਆਰਾਧਨ) ਹੈ। (ਉਸ ਨਾਮ ਦਾ) ਨਿਵਾਸ ਗੋਬਿੰਦ ਦੇ ਭਗਤ ਦੇ ਮਨ ਵਿਚ (ਸਦਾ ਰਹਿੰਦਾ) ਹੈ। (ਐਸੇ) ਗੋਬਿੰਦ ਦੀ ਭਗਤੀ ਵਾਲੇ) ਸਾਧੂ ਦੇ ਸੰਗ ਨਾਲ ਕ੍ਰੋੜਾਂ ਪਾਪ ਟਿ ਜਾਂਦੇ ਹਨ, (ਐਸੇ) ਸੰਤ ਦੀ ਕ੍ਰਿਪਾ ਨਾਲ ਹੀ ਜਮਾਂ ਤੋਂ ਛੁਟਕਾਰਾ ਮਿਲਦਾ ਹੈ। (ਪਰ) ਹੇ ਨਾਨਕ! ਸਾਧੂ ਦੀ ਸ਼ਰਣ ਉਹੋ ਆਉਂਦੇ ਹਨ ਜਿਨ੍ਹਾਂ ਦੇ ਮੱਥੇ ਤੇ ਪ੍ਰਭੂ ਨੇ (ਆਪ) ਫਜ਼ਲ (ਦੇ ਲੇਖ) ਪਾਏ ਹਨ।੭।
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥
ਦੁਲਭ ਦੇਹ ਤਤਕਾਲ ਉਧਾਰੈ ॥
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥
ਏਕੁ ਨਾਮੁ ਮਨ ਮਾਹਿ ਸਮਾਨੀ ॥
ਦੂਖ ਰੋਗ ਬਿਨਸੇ ਭੈ ਭਰਮ ॥
ਸਾਧ ਨਾਮ ਨਿਰਮਲ ਤਾ ਕੇ ਕਰਮ ॥
ਸਭ ਤੇ ਊਚ ਤਾ ਕੀ ਸੋਭਾ ਬਨੀ ॥
ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥
੨੪॥
ਜੋ (ਮਨ ਦੀ) ਪ੍ਰੀਤ ਲਾਕੇ (ਇਸ ਨਾਮ ਪ੍ਰਤਿਪਾਦਨੀ ਬਾਣੀ ਨੂੰ) ਸੁਣੇਗਾ ਤੇ ਜਿਸਦੇ ਮਨ ਵਿਚ ਇਹ ਵਸ ਜਾਏਗੀ, ਉਸਦੇ ਚਿੱਤ ਵਿਚ (ਸਰਬ ਪਾਪਾਂ ਦੇ) ਹਰਨੇ ਵਾਲਾ ਪ੍ਰਭੂ ਆ ਵੱਸੇਗਾ। ਉਸਦਾ ਜਨਮ ਮਰਨ ਦਾ ਦੁਖ (ਉਹ ਪ੍ਰਭੂ) ਦੂਰ ਕਰ ਦੇਵੇਗਾ (ਅਤੇ ਉਸਦੀ) ਦੁਰਲਭ ਦੇਹ ਦਾ ਝਟ ਪਟ ਉਧਾਰ ਕਰ ਦੇਵੇਗਾ। (ਇਸ ਬਾਣੀ ਵਿਚ ਦੱਸੇ) ਇਕ ਨਾਮ ਦੇ ਮਨ ਵਿਚ ਸਮਾ ਜਾਣੇ ਨਾਲ ਉਸਦੀ ਨਿਰਮਲ ਕੀਰਤੀ ਹੋਵੇਗੀ ਤੇ (ਉਸਦੀ) ਬਾਣੀ ਅੰਮ੍ਰਿਤ (ਵਰਗੀ ਮਿੱਠੀ ਤੇ ਅਮਰ ਕਰਨੇ ਵਾਲੀ) ਹੋ ਜਾਏਗੀ। (ਉਸਦੇ) ਦੁੱਖ ਤੇ ਰੋਗ (ਤੇ ਨਾਲ ਹੀ ਓਹ ਜਿਨ੍ਹਾਂ ਦੇ ਫਲ ਵਿਚ ਏਹ ਦੁਖ ਤੇ ਰੋਗ ਹੁੰਦੇ ਹਨ ਅਰਥਾਤ) ਭੈ ਤੇ ਭਰਮ ਨਿਸ ਜਾਣਗੇ, ਉਸਦੇ ਕਰਮ ਪਵਿਤ੍ਰ (ਹੋ ਜਾਣਗੇ ਤੇ ਉਸਦਾ) ਨਾਮ ਸਾਧੂ ਹੋ ਜਾਏਗਾ। ਉਸਦੀ ਸ਼ੋਭਾ (ਸੰਸਾਰਕ, ਪਰਮਾਰਥਿਕ ਤੇ ਸਵਰਗੀ ਸ਼ੋਭਾ ਵਾਲਿਆਂ) ਸਭਨਾਂ ਤੋਂ ਉੱਚੀ ਜਾ ਬਣੇਗੀ। (ਇਨ੍ਹਾਂ ਗੁਣਾਂ ਕਰਕੇ) ਇਸ ਬਾਣੀ ਦਾ ਨਾਮ ਸੁਖਮਨੀ ਹੈ, (ਬਚਨ ਕਰਦੇ ਹਨ ਸ੍ਰੀ ਗੁਰੂ) ਨਾਨਕ (ਦੇਵ ਜੀ ਮਹਾਰਾਜ)।੮।੨੪।
inrukq-
ਖੇਮ-(ਸੰਸ:, ਕੑਖੇਮ:=ਸ਼ਾਂਤੀ, ਪ੍ਰਸੰਨਤਾ। ਮੋਖ (ਮੁਕਤੀ) ਕਲਯਾਨ, ਮੁਕਤੀ।
ਕੁਸਲ-(ਸੰਸ:, ਕੁਸ਼ਲ:) ਸੁਖ, ਤੰਦਰੁਸਤੀ।
ਦਾਮੋਦਰ-(ਸੰਸ:, ਦਾਮੋਦਰ:) ਜਿਸ ਦੇ ਪੇਟ ਨੂੰ ਰੱਸੀ ਬੱਧੀ ਸੀ, ਸ੍ਰੀ ਕ੍ਰਿਸ਼ਨ। ਇਸ ਤੋਂ ਇਹ ਹੋ ਗਿਆ ਪਰਮੇਸ਼ੁਰ ਦਾ ਨਾਮ। (ਅ) ਦਾਮ=ਵਿਸ਼ਵ+ਉਦਰ=ਪੇਟ; ਜਿਸ ਦੇ ਪੇਟ ਵਿਚ ਵਿਸ਼ਵ ਹੈ (ਇ) ਜਿਸ ਨੇ ਵਿਸ਼ਵ ਨੂੰ ਪੇਟ ਲਾ ਦਿਤਾ ਹੈ ਉਹ ਕਰਤਾ।
ਸਲੋਕ-(ਸੰਸ:, ਸਲੋਕ:) ਜੱਸ ਤੇ ਕੀਰਤੀ ਦਾ ਛੰਦ। ਭਾਵ ਹੈ ਸੁਖਮਨੀ ਸਾਹਿਬ ਦੀ ਬਾਣੀ ਪ੍ਰਭੂ ਕੀਰਤੀ ਦੇ ਪਰਮ ਪਵਿੱਤ੍ਰ ਛੰਦ ਹਨ।
ਸਰਨਿ ਜੋਗੁ-ਉਹ ਜੋ ਸ਼ਰਨ ਆਏ ਨੂੰ ਸ਼ਰਨ ਵਿਚ ਲੈ ਲੈਣ ਨੂੰ ਸਮਰੱਥ ਹੈ ਤੇ ਲੈ ਬੀ ਲੈਂਦਾ ਹੈ।
ਜੰਜਾਲ-(ਹਿੰਦੀ,) ਝੰਜਟ, ਬਖੇੜਾ, ਝਮੇਲਾ (ਸੰਸ:, ਜਨ:+ਜਾਲ=ਮਨੁਖਾਂ ਦਾ ਰਚਿਆ ਧੋਖਾ)।
ਆਲ ਜੰਜਾਲ-(ਸੰਸ:, ਆਲਯ:=ਘਰ, ਰਹਿਣ ਦੀ ਥਾਂ)। ਘਰਾਂ ਦੇ ਧੰਧੇ।
ਚਾਰਿ ਪਦਾਰਥ-ਧਰਮ, ਅਰਥ, ਕਾਮ, ਮੋਖ।