ਪ੍ਰਾਕਥਨ-ਅਸਟਪਦ ੧੬ ਵਿਚ ਵਾਹਿਗੁਰੂ ਜੀ ਦਾ ਨਿਰਗੁਣ ਰੂਪ ਦੱਸਕੇ ਉਸ ਦੀ ਪ੍ਰਾਪਤੀ ਦਾ ਪ੍ਰਕਾਰ ਖੋਹਲਦੇ ਹਨ। ਕੋਈ ਭੁਲੇਵਾ ਨਾ ਰਹਿ ਜਾਵੇ ਕਿ ਉਪਾਸਨਾ ਸਰਗੁਣ ਦੀ ਸਿਖਾਲ ਰਹੇ ਹਨ ਕਿ ਨਿਰਗੁਣ ਦੀ? ਇਸ ਕਰਕੇ ਸਲੋਕ ਵਿਚ ਹੀ ਰੂਪ ਰੇਖ, ਰੰਗ ਤੇ ਤ੍ਰੈਗਣਾਂ ਤੋਂ ਅਤੀਤ ਉਸ ਦੇ ਲੱਛਣ ਕਹਿ ਦਿਤੇ ਹਨ ਤੇ ਪਾਰਬ੍ਰਹਮ ਬੀ ਨਾਮ ਦੇਂਦੇ ਹਨ (ਅੰਕ ੧)। ਉਸ ਨੂੰ ਭੌਤਕ ਅਖਾਂ ਨਾਲ ਵੇਖਣਾ ਯਾ ਪਦਾਰਥਾਂ ਵਾਂਙੂ ਕਬਜ਼ੇ ਵਿਚ ਲੈ ਆਉਣਾ ਵਰਣਨ ਨਹੀਂ ਕਰਦੇ, ਉਸ ਨੂੰ 'ਬੁਝਣਾ' ਉਸ ਦੀ ਪ੍ਰਾਪਤੀ ਦੱਸਦੇ ਹਨ। ਫਿਰ ਉਸ ਨਿਰਗੁਣ ਦੀ ਪ੍ਰਾਪਤੀ ਦਾ ਵਸੀਲਾ ਕੋਈ ਸਰੀਰਕ ਸਾਧਨ ਨਹੀਂ ਦੱਸਦੇ ਪਰ ਉਸ ਦੀ ਅਨੁਗ੍ਰਹ ਤੇ ਦੱਸਦੇ ਹਨ, ਉਸ ਦੀ ਪ੍ਰਸੰਨਤਾ 'ਬੁਝਣੇ' ਦਾ ਅਸਲ ਵਸੀਲਾ ਹੈ।
ਪ੍ਰਸੰਨਤਾ ਅਪਣੇ ਵੱਸ ਦੀ ਵਸਤੂ ਨਹੀਂ। ਉਸ ਦਾ ਕੀਹ ਤਰੀਕਾ ਹੈ ਪ੍ਰਾਪਤੀ ਦਾ? ਤਾਂ ਫੁਰਮਾਉਂਦੇ ਹਨ, ਤੂੰ ਉਸ ਨੂੰ ਮਨ ਵਿਚ ਰਖ, ਤੇ ਮਨ ਵਿਚੋਂ ਹੋਰ ਦ੍ਰਿਸ਼ਟਮਾਨੀ ਪ੍ਰੀਤਾਂ ਕੱਢ ਦੇਹ। ਕਿਵੇਂ ਇਹ ਮਨ ਵਿਚ ਉਸ ਨੂੰ ਰੱਖਣਾ ਪ੍ਰਾਪਤ ਹੋਵੇ? ਸਾਧੂ ਦਾ ਸੰਗ ਕਰ। ਈਸ਼ਵਰ ਅਨੁਗ੍ਰਹ ਲਈ ਉਸ ਨੂੰ ਮਨ ਵਿਚ ਧਾਰਨ ਕਰ, ਮਨ ਵਿਚ ਧਾਰਨ ਕਰਨ ਲਈ ਸਾਧੂ ਨਾਲ ਤੂੰ ਅਨੁਰਾਗ ਕਰ। ਇਸ ਦਾ ਫਲ ਸੁਖ ਹੋਵੇਗਾ। ਉਸ ਬੇਅੰਤ ਦਾ ਤੂੰ ਅੰਤ ਨਹੀਂ ਲੈ ਸਕੇਗਾ। ਇਥੇ ਅੰਕ ੨ ਮੁਕਦਾ ਹੈ।
ਅੰਕ ੩ ਵਿਚ ਉਸ ਨੂੰ ਬੇਅੰਤ ਦੱਸਦੇ ਹੋਏ, ਕਰਤਾ ਤੇ ਪੂਰਨ ਫੇਰ ਅਲੇਪ ਦੱਸਦ ਹੋਏ ਨਾਮ ਦਾ ਉਪਦੇਸ਼ ਦੇਂਦੇ ਹਨ।
ਅੰਕ ੫ ਵਿਚ ਫੇਰ ਵਯਾਪਕ ਨਾਮ ਦਾ ਵੇਰਵਾ ਦੱਸਦੇ ਹਨ, ਜੋ ਨਾਮ ਅਸਾਂ ਜਪਣਾ ਹੈ ਉਹ ਵਯਾਪਕ ਨਾਮ ਨਾਲ ਜੋੜ ਦੇਂਦਾ ਹੈ, ਜਿਸ ਤੋਂ ਤੁਰੀਆ ਪਦ ਵਿਚ ਨਾਮੀ ਪੁਰਖ ਪਹੁੰਚ ਜਾਂਦ ਹੈ।
ਅੰਕ ੬ ਵਿਚ ਉਸ ਰੂਪ ਰੇਖ ਰੰਗ ਤੋਂ ਨਯਾਰੇ ਦਾ ਸਰੂਪ ਦੱਸਿਆ ਹੈ ਕਿ ਓਹ ਰੂਪ ਰੇਖ ਰੰਗ ਨਾ ਹੋਣ ਕਰਕੇ ਮਾਦੀ ਯਾ ਪ੍ਰਕ੍ਰਿਤੀ ਦੀਆਂ ਵਸਤਾਂ ਵਾਂਙੂ 'ਅਣਹੋਂਦ' ਨਹੀਂ, ਉਸ ਦਾ ਸਰੂਪ 'ਹੋਂਦ' ਹੈ। ਉਸ ਨੂੰ ਆਪ ਜੀ ਨੇ ਏਥੇ 'ਸਤਿ' ਕਰਕੇ ਕਿਹਾ ਹੈ। ਚੂੰਕਿ ਉਸ ਦਾ ਰੂਪ ਸਤਯ ਹੈ, ਉਸ ਦਾ ਸਤਯ ਨਾਮ ਹੀ ਜੀਵਾਂ ਨੂੰ ਸਤਯ ਵਿਚ ਲੈ ਜਾਂਦਾ ਹੈ ਪਰ ਇਹ ਵਿਸ਼ਵਾਸ਼ ਗੁਰੂ ਤੋਂ ਮਿਲਦਾ ਹੈ, ਸੋ ਅੰਕ ੭ ਵਿਚ ਦੱਸਿਆ ਹੈ ਕਿ ਗੁਰੂ, ਸੰਤ, ਕਿ ਸਾਧੂ 'ਸਤਿ' ਸਰੂਪ ਦਾ ਉਪਦੇਸ਼ ਕਰਦੇ ਹਨ ਓਹ 'ਸਤਯ' ਤੇ 'ਅਸਤਯ' ਨਿਖੇੜ ਕੇ ਨਿਰੂਪਣ ਕਰ ਦੇਂਦੇ ਹਨ। ਇਉਂ ਇਸ ਉਪਦੇਸ਼ ਵਿਚ ਨਾਮ ਜਪਦੇ ਨਿਰਗੁਣ ਦੇ ਉਪਾਸ਼ਕ ਘਾਲ ਕਰਦੇ ਹਨ।
ਅੰਕ ਅਠ ਵਿਚ ਦੱਸਦੇ ਹਨ ਕਿ ਉਸ ਘਾਲੀ ਨੂੰ ਫਲ ਕੀ ਮਿਲਦਾ ਹੈ।
ਸਲੋਕੁ ॥
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥
(ਭਾਵੇਂ) ਪ੍ਰਭੂ ਦਾ ਰੂਪ ਨਹੀਂ, ਚਿੰਨ੍ਹ ਨਹੀਂ, (ਕੋਈ) ਰੰਗ ਨਹੀਂ, (ਉਹ ਤਾਂ) ਤਿੰਨਾਂ ਗੁਣਾਂ ਤੋਂ ਹੀ ਪਰੇ ਹੈ (ਪਰ) ਜਿਸ ਉਤੇ ਆਪ ਪ੍ਰਸੰਨ ਹੋ ਜਾਵੇ ਉਸ ਨੂੰ (ਅਪਣਾ ਆਪ) ਲਖਾ ਦਿੰਦਾ ਹੈ।੧।
ਅਸਟਪਦੀ ॥
ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥
ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥
ਤਿਸ ਤੇ ਪਰੈ ਨਾਹੀ ਕਿਛੁ ਕੋਇ ॥
ਸਰਬ ਨਿਰੰਤਰਿ ਏਕੋ ਸੋਇ ॥
ਆਪੇ ਬੀਨਾ ਆਪੇ ਦਾਨਾ ॥
ਗਹਿਰ ਗੰਭੀਰੁ ਗਹੀਰੁ ਸੁਜਾਨਾ ॥
ਪਾਰਬ੍ਰਹਮ ਪਰਮੇਸੁਰ ਗੋਬਿੰਦ ॥
ਕ੍ਰਿਪਾ ਨਿਧਾਨ ਦਇਆਲ ਬਖਸੰਦ ॥
ਸਾਧ ਤੇਰੇ ਕੀ ਚਰਨੀ ਪਾਉ ॥
ਨਾਨਕ ਕੈ ਮਨਿ ਇਹੁ ਅਨਰਾਉ ॥੧॥
(ਹੇ ਜੀਵ) ਨਾਸ਼ ਤੋਂ ਰਹਿਤ ਪ੍ਰਭੂ ਨੂੰ ਮਨ ਵਿਚ ਯਾਦ ਰਖ (ਤੇ) ਮਾਨੁਖ ਦੀ ਪ੍ਰੀਤਿ ਨੂੰ ਤੂੰ (ਮਨੋਂ) ਵਿਸਾਰ ਦੇਹ। ਉਸ (ਪ੍ਰਭੂ) ਤੋਂ ਪਰੇ ਨਾ ਕੁਛ (ਪਦਾਰਥ ਜਾਂ ਵਸਤੂ ਹੈ) ਨਾ ਕੋਈ (=ਕੋਈ ਚੇਤਨ ਸਤਯਾ ਵਾਲਾ ਵਜੂਦ) ਹੈ, ਸਭ (ਵਿਚ) ਅੰਤਰੇ ਤੋਂ ਰਹਿਤ (ਇਕ ਰਸ ਤੇ ਲਗਾਤਾਰ) ਇਕ ਉਹੋ (ਆਪ ਹੀ) ਹੈ, (ਉਹ) ਆਪ ਹੀ ਦੇਖਣਹਾਰ ਹੈ ਤੇ ਆਪ ਹੀ ਜਾਣਨਹਾਰ ਹੈ, (ਜਾਣਨ ਵਾਲਾ ਉਹ ਮਾਮੂਲੀ ਨਹੀਂ ਪਰ) ਸੁਜਾਨ ਹੈ, ਗਹਿਰ ਗੰਭੀਰ ਹੈ ਤੇ ਗਹੀਰ ਹੈ। (ਬੇਨਤੀ-) ਹੇ ਪਾਰਬ੍ਰਹਮ! ਪਰਮੇਸ਼ੁਰ, ਹੇ ਗੋਬਿੰਦ, ਹੇ ਕ੍ਰਿਪਾ ਦੇ ਸਮੁੰਦਰ, ਹੇ ਦਿਆਲੂ ਤੇ ਬਖਸ਼ਣੇਹਾਰੇ! ਨਾਨਕ ਦੇ ਮਨ ਵਿਚ ਇਹ ਪ੍ਰੇਮ ਹੈ, ਕਿ (ਮੈਂ) ਸਾਧੂ ਦੀ ਚਰਨੀਂ ਪਵਾਂ।੧।
ਮਨਸਾ ਪੂਰਨ ਸਰਨਾ ਜੋਗ ॥
ਜੋ ਕਰਿ ਪਾਇਆ ਸੋਈ ਹੋਗੁ ॥
ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥
ਅਨਦ ਰੂਪ ਮੰਗਲ ਸਦ ਜਾ ਕੈ ॥
ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥
ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥
ਧਿਆਇ ਧਿਆਇ ਭਗਤਹ ਸੁਖੁ ਪਾਇਆ ॥
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥
(ਉਹ ਪ੍ਰਭੂ) ਮਨ ਦੀਆਂ ਵਾਸ਼ਨਾਂ ਪੂਰਨ ਕਰਨੇ ਵਾਲਾ ਅਰ ਸ਼ਰਣ ਲੈਣੇ ਦੇ ਜੋਗ ਹੈ, ਉਹੋ ਕੁਛ ਹੋਵੇਗਾ ਜੋ (ਕੁਛ ਉਸਨੇ ਹੋਣ ਲਈ ਮੁਕੱਰਰ) ਕਰਕੇ ਪਾ ਦਿੱਤਾ ਹੈ। ਜਿਸਦੇ ਨੇਤ੍ਰ ਫਰਕਣੇ (ਮਾਤ੍ਰ ਨਾਲ ਸ੍ਰਿਸ਼ਟੀ) ਦਾ ਨਾਸ਼ ਤੇ ਉਤਪਤੀ (ਹੋ ਸਕਦੀ) ਹੈ, ਉਸਦੇ ਮੰਤ੍ਰ (ਸਲਾਹ) ਨੂੰ (ਉਸ ਤੋਂ ਬਿਨਾਂ) ਹੋਰ (ਕੋਈ) ਨਹੀਂ ਜਾਣਦਾ। (ਆਪ) ਆਨੰਦ ਰੂਪ ਹੈ, ਅਰ ਉਸਦੇ (ਘਰ) ਸਦਾ ਖੁਸ਼ੀਆਂ ਹੈਨ। ਉਸਦੇ ਘਰ ਸਾਰੇ ਪਦਾਰਥ ਸੁਣੀਂਦੇ ਹਨ। (ਹਾਂ) ਜੋ ਰਾਜ ਵਿਚ ਰਾਜਾ, ਜੋਗ ਵਿਚ ਜੋਗੀ, ਤਪ ਵਿਚ ਤਪੀਸੁਰ ਤੇ ਗ੍ਰਿਹਸਥ ਵਿਚ ਗ੍ਰਿਹਸਥੀ ਹੈ। (ਉਸਨੂੰ) ਧਿਆਇ ਧਿਆਇ ਕੇ ਭਗਤਾਂ ਨੇ ਸੁਖ ਪਾਇਆ ਹੈ, (ਪਰ) ਉਸ (ਪੂਰਨ) ਪੁਰਖ ਦਾ ਕਿਸੇ ਅੰਤ ਨਹੀਂ ਪਾਇਆ, (ਫੁਰਮਾਉਂਦੇ ਹਨ ਗੁਰੂ) ਨਾਨਕ (ਦੇਵ ਜੀ)।੨।
ਜਾ ਕੀ ਲੀਲਾ ਕੀ ਮਿਤਿ ਨਾਹਿ ॥
ਸਗਲ ਦੇਵ ਹਾਰੇ ਅਵਗਾਹਿ ॥
ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥
ਸਗਲ ਪਰੋਈ ਅਪੁਨੈ ਸੂਤਿ ॥
ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥
ਜਨ ਦਾਸ ਨਾਮੁ ਧਿਆਵਹਿ ਸੇਇ ॥
ਤਿਹੁ ਗੁਣ ਮਹਿ ਜਾ ਕਉ ਭਰਮਾਏ ॥
ਜਨਮਿ ਮਰੈ ਫਿਰਿ ਆਵੈ ਜਾਏ ॥
ਊਚ ਨੀਚ ਤਿਸ ਕੇ ਅਸਥਾਨ ॥
ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥
ਜਿਸ ਪ੍ਰਭੂ ਦੀ (ਸ੍ਰਿਸ਼ਟੀ ਰਚਨਾਂ ਵਾਲੀ) ਲੀਲਾ (ਖੇਲ ਹੀ) ਅਮਿਤ ਹੈ, (ਉਹ ਆਪ ਇਤਨਾ ਅਮਿਤ ਹੈ ਕਿ ਮਾਨੁਖ ਕੀ) ਸਾਰੇ ਦੇਵਤੇ (ਉਸਦਾ) ਵੀਚਾਰ ਕਰਦੇ ਥੱਕ ਗਏ ਹਨ (ਪਰ ਸਮਝ ਨਹੀਂ ਸਕੇ, ਕਿਉਂਕਿ ਓਹ ਕੀਤੇ ਹੋਏ ਸਨ ਤੇ ਕਰਤਾਰ ਪਿਤਾ ਸੀ) ਪਿਤਾ ਦਾ ਜਨਮ ਪੁੱਤ੍ਰ ਕਿਵੇਂ ਜਾਣ ਸਕਦਾ ਹੈ? ਸਾਰੀ (ਸਾਰੀ ਸ੍ਰਿਸ਼ਟੀ ਉਸ ਕਰਨਹਾਰ ਪਿਤਾ ਨੇ) ਆਪਣੇ (ਹੁਕੰ ਯਾ ਸੱਤਾ ਰੂਪੀ) ਸੂਤ ਵਿਚ ਪੁਰੋਈ ਹੋਈ ਹੈ (ਅਤੇ) ਜਿਨ੍ਹਾਂ ਨੂੰ (ਉਹ) ਨੇਕ ਬੁੱਧੀ ਗਿਆਨ ਤੇ ਧਿਆਨ ਬਖਸ਼ਦਾ ਹੈ ਓਹੋ (ਉਸਦੇ) ਦਾਸ (ਭਾਵ ਵਿਚ ਰਹਿੰਦੇ ਹਨ ਤੇ) ਨਾਮ ਧਿਆਉਂਦੇ (ਉਸਦੇ ਅਪਣੇ) ਜਨ (ਕਹਾਉਂਦੇ) ਹਨ। (ਪਰ) ਜਿਸਨੂੰ (ਉਹ) ਤਿੰਨਾਂ ਗੁਣਾਂ ਵਿਚ ਭਰਮਾਉਂਦਾ ਹੈ, ਓਹ ਜੰਮਦਾ ਮਰਦਾ ਤੇ ਫੇਰ ਆਉਂਦਾ ਜਾਂਦਾ ਹੈ। (ਸੋ) ਉਚੇ ਨੀਵੇਂ ਥਾਉਂ (ਸਭ) ਉਸੇ ਦੇ ਹਨ, ਜੈਸਾ (ਜਿਸਨੂੰ ਓਹ) ਜਣਾਉਂਦਾ ਹੈ, ਹੇ ਨਾਨਕ! ਤੈਸਾ (ਕੋਈ) ਜਾਣਦਾ ਹੈ।੩।
ਨਾਨਾ ਰੂਪ ਨਾਨਾ ਜਾ ਕੇ ਰੰਗ ॥
ਨਾਨਾ ਭੇਖ ਕਰਹਿ ਇਕ ਰੰਗ ॥
ਨਾਨਾ ਬਿਧਿ ਕੀਨੋ ਬਿਸਥਾਰੁ ॥
ਪ੍ਰਭੁ ਅਬਿਨਾਸੀ ਏਕੰਕਾਰੁ ॥
ਨਾਨਾ ਚਲਿਤ ਕਰੇ ਖਿਨ ਮਾਹਿ ॥
ਪੂਰਿ ਰਹਿਓ ਪੂਰਨੁ ਸਭ ਠਾਇ ॥
ਨਾਨਾ ਬਿਧਿ ਕਰਿ ਬਨਤ ਬਨਾਈ ॥
ਅਪਨੀ ਕੀਮਤਿ ਆਪੇ ਪਾਈ ॥
ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥
ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥
ਜਿਸ (ਪ੍ਰਭੂ) ਦੇ ਕਈ ਰੰਗ ਹਨ ਤੇ ਕਈ ਰੂਪ ਹਨ (ਉਹ) ਕਈ ਭੇਖ ਧਾਰਦਾ (ਹੋਇਆ ਫੇਰ ਆਪਣੇ ਹੀ) ਇਕ ਰੰਗ (ਵਿਚ) ਰਹਿੰਦਾ ਹੈ। (ਭਾਵੇਂ ਉਸ) ਪ੍ਰਭੂ ਨੇ ਅਨੇਕ ਤਰ੍ਹਾਂ ਨਾਲ (ਅਪਣੀ ਰਚਨਾਂ ਦਾ) ਫੈਲਾਉ ਕੀਤਾ ਹੋਇਆ ਹੈ, (ਪਰ ਫੇਰ ਉਹ ਆਪ ਸਦਾ) ਇਕੋ ਇਕ ਪ੍ਰਭੂ ਹੈ ਤੇ ਨਾਸ਼ ਤੋਂ ਰਹਿਤ ਹੈ। (ਉਹ) ਅਨੇਕਾਂ ਕੌਤਕ ਪਲ ਵਿਚ ਕਰ ਲੈਂਦਾ ਹੈ (ਕਿਉਂਕਿ ਉਹ) ਪੂਰਨ (=ਪਰਮਾਤਮਾ) ਸਭ ਥਾਈਂ ਪੂਰ ਰਿਹਾ ਹੈ (ਵਯਾਪਕ ਹੈ। ਭਾਵੇਂ) ਅਨੇਕਾਂ ਜੁਗਤਾਂ ਕਰਕੇ (ਸੰਸਾਰ ਦੀ ਉਸਨੇ) ਰਚਨਾ ਬਣਾਈ ਹੈ, (ਪਰ ਉਸਦੀ ਕੀਮਤ ਕੋਈ ਨਹੀਂ ਪਾ ਸਕਿਆ, ਹਾਂ) ਆਪਣੀ ਕੀਮਤ (ਉਸਨੇ) ਆਪ ਹੀ ਪਾਈ ਹੈ। (ਗਲ ਕੀਹ) ਸਾਰੇ ਘਟ ਉਸਦੇ ਹਨ, ਸਾਰੇ ਟਿਕਾਣੇ (ਬੀ) ਉਸੇ ਦੇ ਹਨ, ਨਾਨਕ (ਓਸ) ਹਰੀ ਦਾ ਨਾਉਂ ਜਪ ਜਪਕੇ ਜੀਉਂਦਾ ਹੈ।੪।
ਨਾਮ ਕੇ ਧਾਰੇ ਸਗਲੇ ਜੰਤ ॥
ਨਾਮ ਕੇ ਧਾਰੇ ਖੰਡ ਬ੍ਰਹਮੰਡ ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥
ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
ਨਾਮ ਕੇ ਧਾਰੇ ਆਗਾਸ ਪਾਤਾਲ ॥
ਨਾਮ ਕੇ ਧਾਰੇ ਸਗਲ ਆਕਾਰ ॥
ਨਾਮ ਕੇ ਧਾਰੇ ਪੁਰੀਆ ਸਭ ਭਵਨ ॥
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥
ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥
ਪ੍ਰਭੂ ਨੂੰ ਕੀਮਤ ਕੂਤ ਤੋਂ ਪਰੇ ਦੱਸਕੇ, ਉਸ ਦੇ ਨਾਮ ਨੂੰ ਇਨਸਾਨ ਦੀ ਪਹੁੰਚ ਵਿਚ ਦੱਸਕੇ, ਆਪਣਾ ਇਸ ਵਿਚ ਲਗਾਉ ਦੱਸਕੇ ਹੁਣ ਉਸ ਨਾਮ ਦਾ ਮਹਾਤਮ ਤੇ ਜਿਵੇਂ ਉਹ ਨਾਮੀ ਵਿਚ ਜੀਵਾਂ ਨੂੰ ਲੈ ਜਾਂਦਾ ਹੈ ਉਸ ਦਾ ਪ੍ਰਕਾਸ਼ ਦੱਸਦੇ ਹਨ:- ਸਭ (ਜੀਅ) ਜੰਤ ਨਾਮ ਦੇ ਧਾਰੇ ਹੋਏ ਹਨ। (ਸਾਰੇ) ਬ੍ਰਹਮੰਡ (ਤੇ ਉਨ੍ਹਾਂ ਦੇ) ਖੰਡ (ਹਿੱਸੇ) ਨਾਮ ਦੇ ਧਾਰੇ (ਹੋਏ ਹੀ) ਹਨ। ਸਿੰਮ੍ਰਿਤੀਆਂ ਵੇਦ ਤੇ ਪੁਰਾਣ (ਸਭ) ਨਾਮ ਦੇ ਧਾਰੇ (ਹੋਏ) ਹਨ। ਗਿਆਨ (ਮਾਰਗ ਦੇ) ਸ਼੍ਰਵਣ, (ਮਨਨ, ਨਿਦਧਯਾਸਨ ਆਦਿ ਅਤੇ ਜੋਗ ਮਾਰਗ ਦੇ) ਧਿਆਨ (ਆਦਿ ਸਭ) ਨਾਮ ਦੇ ਧਾਰੇ (ਹੋਏ) ਹਨ। ਅਕਾਸ਼ ਪਤਾਲ (ਸਭ) ਨਾਮ ਦੇ ਧਾਰੇ (ਹੋਏ) ਹਨ।
(ਇਨ੍ਹਾਂ ਵਿਚ ਵੱਸਣ ਵਾਲੇ) ਸਾਰੇ ਸਰੂਪ ਨਾਮ ਦੇ ਧਾਰੇ (ਹੋਏ) ਹਨ। ਨਾਮ ਦੇ ਧਾਰੇ (ਹੋਏ) ਹਨ ਸਾਰੀਆਂ ਪੁਰੀਆਂ ਤੇ ਭਵਨ (ਲੋਕ)। (ਨਾਮ ਹੀ ਨੂੰ) ਕੰਨੀਂ ਸੁਣਕੇ (ਤੇ) ਨਾਮ ਦੇ ਹੀ ਸੰਗ ਨਾਲ (ਭਾਵ ਸਿਮਰਨ ਕਰਨ ਨਾਲ ਅਨੇਕਾਂ ਲੋਕੀ) ਤਰ ਗਏ ਹਨ। (ਸੋ ਪਰਮੇਸ਼ੁਰ) ਕ੍ਰਿਪਾ ਕਰਕੇ ਜਿਸ ਨੂੰ ਅਪਣੇ ਨਾਮ ਵਿਚ ਲਾ ਲਵੇ, ਉਹ ਪੁਰਖ ਚੌਥੇ ਪਦ ਵਿਚ (ਪਹੁੰਚਕੇ) ਮੁਕਤੀ ਪਾ ਲੈਂਦਾ ਹੈ, ਹੇ ਨਾਨਕ।੫।
ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥
ਪੁਰਖੁ ਸਤਿ ਕੇਵਲ ਪਰਧਾਨੁ ॥
ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥
ਸਤਿ ਪੁਰਖ ਸਭ ਮਾਹਿ ਸਮਾਣੀ ॥
ਸਤਿ ਕਰਮੁ ਜਾ ਕੀ ਰਚਨਾ ਸਤਿ ॥
ਮੂਲੁ ਸਤਿ ਸਤਿ ਉਤਪਤਿ ॥
ਸਤਿ ਕਰਣੀ ਨਿਰਮਲ ਨਿਰਮਲੀ ॥
ਜਿਸਹਿ ਬੁਝਾਏ ਤਿਸਹਿ ਸਭ ਭਲੀ ॥
ਸਤਿ ਨਾਮੁ ਪ੍ਰਭ ਕਾ ਸੁਖਦਾਈ ॥
ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥
ਹੁਣ ਨਾਮੀ ਦਾ ਸਰੂਪ ਤੇ ਕਰਨੀ ਤੇ ਉਸ ਦੇ ਨਾਮ ਦਾ ਪ੍ਰਤਾਪ ਕਥਨ ਕਰਦੇ ਹਨ:- ਸਤਿ ਹੈ ਜਿਸ ਦਾ ਰੂਪ ਤੇ ਸਤਿ (ਹੀ) ਹੈ (ਜਿਸਦਾ) ਅਸਥਾਨ, ਕੇਵਲ (ਓਹੋ) ਸਤਿ ਪੁਰਖ (ਹੈ ਤੇ ਉਹ ਪੁਰਖ ਹੀ) ਪ੍ਰਧਾਨ ਹੈ। ਉਸ ਦੀ ਕਰਣੀ ਸੱਤਿ ਹੈ ਤੇ ਬਾਣੀ ਬੀ ਸੱਤਿ ਹੈ। (ਉਹੀ) ਸਤਿ ਪੁਰਖ ਸਭ ਵਿਚ ਸਮਾ ਰਿਹਾ ਹੈ। ਜਿਸਦਾ ਕਰਮ (ਬੀ) ਸਤਿ ਤੇ ਰਚਨਾ ਬੀ ਸਤਿ ਹੈ, (ਓਹ ਆਪ) ਕਾਰਨ (ਰੂਪ ਬੀ) ਸੱਤਿ (ਤੇ ਉਸਦੀ) ਉਤਪਤੀ (ਕਾਰਜ ਰੂਪ ਬੀ) ਸੱਤਿ ਹੈ। (ਉਸਦੀ ਇਹ) ਕਰਣੀ ਸੱਤਯ ਹੈ ਤੇ ਨਿਰਮਲ ਤੋਂ ਨਿਰਮਲ ਹੈ। (ਪਰ) ਜਿਸਨੂੰ ਬੁਝਾਵੇ ਉਸਨੂੰ (ਇਹ ਗਲ) ਚੰਗੀ ਤਰ੍ਹਾਂ (ਸਮਝੇ ਪੈ ਜਾਂਦੀ ਹੈ। ਉਸ ਸਤਯ ਸਰੂਪ) ਪ੍ਰਭੂ ਦਾ 'ਸਤਿਨਾਮ' ਸਖਾਂ ਦਾ ਦਾਤਾ ਹੈ। (ਇਸ ਸਤਿਨਾਮ ਪਰ) ਸਾੱ ਨਿਸਚਾ ਗੁਰੂ ਤੋਂ ਪਾਈਦਾ ਹੈ (=ਪ੍ਰਾਪਤ ਕਰੀਦਾ ਹੈ, ਫੁਰਮਾਉਂਦੇ ਹਨ) ਗੁਰੂ ਨਾਨਕ।੬।
ਸਤਿ ਬਚਨ ਸਾਧੂ ਉਪਦੇਸ ॥
ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥
ਸਤਿ ਨਿਰਤਿ ਬੂਝੈ ਜੇ ਕੋਇ ॥
ਨਾਮੁ ਜਪਤ ਤਾ ਕੀ ਗਤਿ ਹੋਇ ॥
ਆਪਿ ਸਤਿ ਕੀਆ ਸਭੁ ਸਤਿ ॥
ਆਪੇ ਜਾਨੈ ਅਪਨੀ ਮਿਤਿ ਗਤਿ ॥
ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ॥
ਅਵਰ ਨ ਬੂਝਿ ਕਰਤ ਬੀਚਾਰੁ ॥
ਕਰਤੇ ਕੀ ਮਿਤਿ ਨ ਜਾਨੈ ਕੀਆ ॥
ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥੭॥
ਸਾਧੂ ਦੇ ਉਪਦੇਸ ਦੇ ਬਚਨ ਸੱਤਿ ਹਨ (ਤੇ) ਓਹ ਪੁਰਖ (ਬੀ) ਸਤਿ ਹਨ ਜਿਨ੍ਹਾਂ ਦੇ ਰਿਦੇ ਵਿਚ (ਇਨ੍ਹਾਂ ਬਚਨਾਂ ਦਾ) ਪ੍ਰਵੇਸ਼ ਹੋਯਾ ਹੈ। ਸਤਿ ਨੂੰ ਜੋ ਕੋਈ ਅਸਤਿ ਨਾਲੋਂ (ਨਿਖੇੜ ਕੇ) ਸਮਝ ਲਵੇ (ਤਾਂ) ਨਾਮ ਜਪਦਿਆਂ ਉਸਦੀ ਮੁਕਤੀ ਹੋ ਜਾਂਦੀ ਹੈ। ਆਪ (ਪ੍ਰਭੂ) ਸਤਿ ਹੈ, ਉਸਦਾ ਸਭ ਕੀਤਾ ਭੀ ਸਤਿ ਹੈ, (ਉਹ ਪ੍ਰਭੂ) ਆਪਣੀ ਗਤਿ ਮਿਤਿ ਨੂੰ ਆਪ ਹੀ ਜਾਣਦਾ ਹੈ। ਜਿਸਦੀ (ਸਾਜੀ ਹੋਈ) ਸ੍ਰਿਸ਼ਟੀ ਹੈ ਉਹ (ਆਪਣੇ ਆਪ ਹੀ ਇਸ ਦੀ) ਰਚਨਾ ਰਚਦਾ ਹੈ, (ਅਰਥਾਤ ਉਹ) ਹੋਰ ਕਿਸੇ ਨੂੰ ਪੁੱਛਕੇ (ਇਸਦੇ ਸਾਜਣ ਦੀ) ਵੀਚਾਰ (ਆਦਿ) ਨਹੀਂ ਕਰਦਾ। (ਕਿਉਂਕਿ ਹੋਰ ਸਾਰੇ ਕੀਤੇ ਹੋਏ ਹਨ ਤੇ ਕੋਈ) ਕੀਤਾ ਹੋਇਆ ਕਰਤੇ ਦੀ ਮਿਤ ਨੂੰ ਨਹੀਂ ਜਾਣ ਸਕਦਾ (ਤਾਂਤੇ) ਜੋ ਉਸ (ਕਰਤੇ) ਨੂੰ ਭਾਉਂਦਾ ਹੈ ਸੋਈ ਵਰਤਦਾ ਹੈ, ਹੇ ਨਾਨਕ।੭।
ਬਿਸਮਨ ਬਿਸਮ ਭਏ ਬਿਸਮਾਦ ॥
ਜਿਨਿ ਬੂਝਿਆ ਤਿਸੁ ਆਇਆ ਸ੍ਵਾਦ ॥
ਪ੍ਰਭ ਕੈ ਰੰਗਿ ਰਾਚਿ ਜਨ ਰਹੇ ॥
ਗੁਰ ਕੈ ਬਚਨਿ ਪਦਾਰਥ ਲਹੇ ॥
ਓਇ ਦਾਤੇ ਦੁਖ ਕਾਟਨਹਾਰ ॥
ਜਾ ਕੈ ਸੰਗਿ ਤਰੈ ਸੰਸਾਰ ॥
ਜਨ ਕਾ ਸੇਵਕੁ ਸੋ ਵਡਭਾਗੀ ॥
ਜਨ ਕੈ ਸੰਗਿ ਏਕ ਲਿਵ ਲਾਗੀ ॥
ਗੁਨ ਗੋਬਿਦ ਕੀਰਤਨੁ ਜਨੁ ਗਾਵੈ ॥
ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ॥੮॥
੧੬॥
ਪ੍ਰਸ਼ਨ ਹੁੰਦਾ ਹੈ ਕਿ ਫਿਰ ਉਸ ਸਤਿ ਸਰੂਪ ਨੂੰ ਜਾਣਨੇ ਦਾ ਲਾਹਾ ਕੀ ਹੈ? ਉੱਤਰ:-ਵਿਸਮਾਦ ਦੁਆਰਾ ਲਿਵ ਤੇ ਪ੍ਰਭੂ ਵਿਚ ਪ੍ਰਾਪਤੀ। ਫੇਰ ਦਾਤਾ ਪਦਵੀ, ਜਿਸ ਨਾਲ ਜਗਤ ਦਾ ਉਧਾਰ ਹੁੰਦਾ ਹੈ। ਜਿਨ੍ਹਾਂ ਨੇ (ਸਾਧੂ ਦੇ ਉਪਦੇਸ਼ ਦਵਾਰਾ ਨਾਮ ਜਪਕੇ ਸਤਿ ਨੂੰ) ਬੁੱਝ ਲਿਆ ਉਨ੍ਹਾਂ ਨੂੰ (ਐਸਾ) ਸੁਆਦ ਆਦਿਆ (ਕਿ ਓਹ) ਅਸਚਰਜ ਤੋਂ ਅਸਚਰਜ ਹੁੰਦੇ ਹੁੰਦੇ ਅਸਰਚਜ ਰੂਪ ਹੋ ਗਏ। (ਐਸੇ) ਜਨ (ਫੇਰ) ਪ੍ਰਭੂ ਦੇ ਪ੍ਰੇਮ ਵਿਚ ਹੀ ਰਚੇ ਰਹਿੰਦੇ ਹਨ। (ਉਨ੍ਹਾਂ ਨੇ ਐਸੇ) ਪਦਾਰਥ ਗੁਰੂ ਦੇ ਉਪਦੇਸ਼ ਦੁਆਰਾ (ਹੀ) ਲਏ ਹਨ। (ਐਸੇ ਸਤਿ ਪੁਰਖ) ਦਾਤੇ ਹਨ ਤੇ ਓਹ (ਦਾਤੇ ਹੀ ਜਗਤ ਦੇ) ਦੁਖ ਕੱਟਣ ਨੂੰ ਸਮਰੱਥ ਹਨ, ਜਿਨ੍ਹਾਂ ਦੇ ਕਿ ਸਤਿਸੰਗ ਨਾਲ ਸੰਸਾਰ ਤਰ ਜਾਂਦਾ ਹੈ।
(ਐਸੇ ਦਾਤਾ) ਜਨ ਦਾ (ਜੋ) ਸੇਵਕ ਬਣੇ ਉਹ (ਬੀ) ਵਡੇ ਭਾਗਾਂ ਵਾਲਾ ਹੈ, (ਕਿਉਂਕਿ ਐਸੇ) ਜਨ ਦੇ ਸਤਿਸੰਗ ਨਾਲ ਹੀ ਇਕ (ਵਾਹਿਗੁਰੂ) ਨਾਲ ਲਿਵ ਲਗਦੀ ਹੈ। (ਐਉਂ ਕਿ ਐਸਾ) ਜਨ (ਸਤਿਸੰਗ ਵਿਚ) ਵਾਹਿਗੁਰੂ ਦੀ ਸਿਫਤ ਸਲਾਹ ਦਾ ਕੀਰਤਨ ਗਾਉਂਦਾ ਹੈ (ਅਤੇ) ਗੁਰੂ ਦੀ ਮਿਹਰ ਨਾਲ (ਵਾਹਿਗੁਰੂ ਦੀ ਪ੍ਰਾਪਤੀ ਦਾ) ਫਲ ਪਾ ਲੈਂਦਾ ਹੈ।੮।੧੬।
inrukq-
ਰੂਪੁ-(ਸੰਸ:, ਰੂਪ) ਸ਼ਕਲ, ਸੂਰਤ।
ਰੇਖ-(ਸੰਸ:, ਰੇਖਾ=ਧਾਰੀ, ਲਕੀਰ) ਨਿਸ਼ਾਨ, ਚਿੰਨ੍ਹ, ਨੁਹਾਰ।
ਰੰਗੁ-(ਸੰਸ:, ਰੰਗ:) ਕਾਲਾ, ਪੀਲਾ ਆਦਿ ਵੰਨ।
ਤ੍ਰਿਹੁ ਗੁਣ-(ਸੰਸ:, ਤ੍ਰਿਗੁਣ) ਤਿੰਨ ਗੁਣ=ਸਤ, ਰਜ, ਤਮ। ਤ੍ਰੈ ਗੁਣਾਂ ਵਿਚ ਰੂਪ ਰੰਗ ਰੇਖ ਹੁੰਦੇ ਹਨ, ਪਰ ਉਹ (ਵਾਹਿਗੁਰੂ) ਤ੍ਰਿਗੁਣ ਅਤੀਤ ਹੈ, ਫਿਰ ਬੀ ਉਹ ਭਗਤਾਂ ਦੇ ਆਤਮਾ ਵਿਚ ਆਪਣਾ ਆਪ ਅਨੁਭਵ ਕਰਾ ਦੇਂਦਾ ਹੈ।
ਭਿੰਨ-(ਸੰਸ:, ਭਿਨ।) ਵੱਖਰਾ, ਜੁਦਾ, ਰਹਿਤ, ਪਰੇ।
ਬੀਨਾ-(ਫਾ:,) ਦੇਖਣ ਵਾਲਾ।
ਦਾਨਾ-(ਫਾ:,) ਜਾਣਨ ਵਾਲਾ, ਅਕਲਮੰਦ, ਸਮਝਦਾਰ।
ਗਹਿਰ ਗੰਭੀਰੁ-ਭਾਵ ਇਸ ਤਰ੍ਹਾਂ ਦਾ ਡੂੰਘਾ ਪਾਣੀ ਕਿ ਜੋ ਚਲਦਾ ਦਿੱਸੇ ਨਾ, ਭਾਵ ਹੈ ਐਸਾ ਗਯਾਨ ਜੋ ਆਪਣਾ ਆਪ ਲਖਾਵੇ ਨਾ।
ਗਹੀਰੁ-(ਸੰਸ:, ਗੰਭੀਰ-ਗਹਿਰਾ, ਡੂੰਘਾ) ਇੰਨਾਂ ਡੂੰਘਾ ਕਿ ਉਸ ਦੀ ਥਾਹ ਨਾ ਲੱਭੇ, ਭਾਵ ਜਿਸ ਦਾ ਗਯਾਨ ਅਥਾਹ ਹੋਵੇ।
ਸੁਜਾਨਾ-(ਸੰਸ:, ਸਞਜਾਨਾਨ:=ਦੇਖਣ ਵਾਲਾ, ਜਾਣਨ ਵਾਲਾ। ਹਿੰਦੀ, ਸੁਜਾਨ=ਚਤੁਰ, ਗਯਾਨੀ)-ਚੰਗੀ ਤਰ੍ਹਾਂ ਜੋ ਜਾਣੇ। ਗਯਾਨ ਸਰੂਪ।
ਪਾਰਬ੍ਰਹਮ-(ਸੰਸ:, ਪਰਬ੍ਰਹਮਨ) ਪੂਰਨ ਬ੍ਰਹਮ ਨਿਰਗੁਣ ਪਰਮਾਤਮਾ।
ਅਨਰਾਉ-(ਸੰਸ:, ਅਨੁਰਾਗ:) ਪ੍ਰੇਮ।
ਸਰਨਾ ਜੋਗ-ਉਸਦੀ ਸ਼ਰਨ ਲਓ ਤਾਂ ਸ਼ਰਨ ਦੇਂਦਾ ਹੈ ਤੇ ਸ਼ਰਨ ਵਿਚ ਲੈ ਕੇ ਰਖਯਾ ਕਰਨੇ ਦੀ ਸਮਰਥਾ ਰੱਖਦਾ ਹੈ।
ਕਰਿ ਪਾਇਆ-(ਸੰਸ:, ਕਰ:=ਹੱਥ।) ਹੱਥ ਵਿਚ ਪਾਇਆ ਹੈ ਯਾ, ਕਰ=ਕਰਮ-(ਸੰਸ:, ਕਰਮਨ) ਕਰਮ ਵਿਚ ਪਾਯਾ ਹੈ ਭਾਵ ਉਹੋ ਹੈ:-ਜੋ ਪਹਿਲੋਂ ਉਸਨੇ ਬਿਦ ਦਿੱਤਾ ਹੈ।
ਅਵਗਾਹਿ-(ਸੰਸ:, ਅਵਗਾਹਨਮ=ਪੂਰਾ ਗਿਆਨ ਪ੍ਰਾਪਤ ਕਰਨ ਦੀ ਕ੍ਰਿਯਾ। ਧਾ: ਗਾਹ=) ਇਸ਼ਨਾਨ ਕਰਨਾ, ਗ਼ੋਤਾ ਮਾਰਨਾ, ਚਲਨਾ ਫਿਰਨਾ, ਭਾਵ ਖੋਜਦੇ ਵਿਚਾਰਦੇ ਅੰਤ ਨਾ ਪਾ ਸਕੇ।
ਪਰੋਈ ਅਪੁਨੈ ਸੂਤਿ-(ਸੰਸ: ਸੂਤ੍ਰ=ਧਾਗਾ, ਸੰਖੇਪ ਬਨਾਯਾ ਸਿੱਧਾਂਤ, ਨਿਯਮ) ਭਾਵ ਪ੍ਰਬੰਧ ਵਿਚ ਰੱਖੀ ਹੋਈ।
ਸੁਮਤਿ-(ਸੰਸ:, ਸੁਮਤਿ:) ਨੇਕ ਬੁੱਧੀ, ਭਲੀ ਮਤਿ। ਉਹ ਬੁੱਧੀ ਜੋ ਸਤਿਸੰਗ ਵਿਚ ਮਿਲਦੀ ਹੈ ਤੇ ਪਰਮਾਤਮਾ ਨੂੰ ਨਿਸਚੇ ਕਰਦੀ ਹੈ।
ਘਟ-(ਸੰਸ:, ਘਟ:=ਮਿੱਟੀ ਦਾ ਘੜਾ, ਕੁੰਭ ਰਾਸ਼ਿ, ਆਦਿ।) ਹਠਯੋਗ ਪਰਿਭਾਸ਼ਾ ਵਿਚ ਘਟ ਦੇ ਅਰਥ=ਸਰੀਰ, ਦਿਲ, ਆਤਮਾ ਆਦਿਕ ਵੀ ਹਨ।
ਠਾਉ-(ਸੰਸ:, ਸਥਾਨ=ਜਗਹ, ਥਾਂ। ਹਿੰ:, ਠਾਂਵ=ਜਗਹ, ਥਾਂ, ਮੌਕਾ।) ਜਗ੍ਹਾ, ਟਿਕਾਣਾ ਭਾਵ ਹੈ ਸਾਰੇ ਸਥਾਨ ਤੇ ਉਹਨਾਂ ਵਿਚ ਰਹਿਣ ਵਾਲੇ ਸਰੀਰ ਧਾਰੀ।
ਚਉਥੇ ਪਦ-ਚਉਥਾ ਪਦ-(ਸੰਸ:, ਤੁਰਯ ਜਾਂ ਤੁਰੀਯ=ਚੌਥਾ। ੨. ਤੁਰਯਯਾ=ਉਹ ਗਿਆਨ ਜਿਸ ਨਾਲ ਮੁਕਤਿ ਹੋ ਜਾਂਦੀ ਹੈ) ਤੁਰੀਆ ਅਵਸਥਾ, ਤੁਰੀਆ ਪਦ। ਤੁਰੀਆ ਅਵਸਥਾ ਵਿਚ (ਪਹੁੰਚਕੇ)। ਵੇਦਾਂਤੀਆਂ ਨੇ ਚਾਰ ਅਵਸਥਾ ਮੰਨੀਆਂ ਹਨ-੧. ਜਾਗ੍ਰਤ। ੨. ਸਵਪਨ। ੩, ਸੁਖ਼ੁਪਿਤ। ਅਤੇ ੪. ਤੁਰੀਯ ਜਾਂ ਤੁਰਯਯਾ। ਏਹ ਚੌਥੀ ਜਾਂ ਤੁਰਯਯਾ ਅਵਸਥਾ ਮੋਖ (ਮੁਕਤਿ) ਹੈ। ਏਸੇ ਤੁਰੀਆ ਅਵਸਥਾ ਨੂੰ 'ਚਉਥਾ ਪਦ' ਕਿਹਾ ਹੈ।
ਸਤਿ-(ਸੰਸ:, ਸਤਯ=ਸੱਚ ਸਚਿਆਈ, ਨੇਕੀ, ਭਲਾਈ ਆਦਿ) ਸਤਿ, ਜਿਸਦੀ ਹੋਂਦ ਸੱਚ ਹੈ। ਸਤਿ ਦਾ ਤਾਤਪਰਜ ਹੈ ਉਹ ਪੂਰਨ ਚੇਤਨ ਜੋ ਕਦੇ ਬਦਲਦਾ, ਘਟਦਾ, ਵਧਦਾ ਨਾਸ਼ ਨਹੀਂ ਹੁੰਦਾ, ਸਦੀਵ ਇਕ ਰਸ ਰਹਿੰਦਾ ਹੈ।
ਸਮਾਣੀ-(ਸੰਸ:, ਧਾ: ਸਮਬ=ਜਾਣਾ, ਸੰਯੋਗ ਕਰਨਾ, ਮਿਲਾਪ ਕਰਨਾ। ਹਿੰਦੀ, ਸਮਾਨਾ=ਅੰਦਰ ਔਣਾਂ, ਭਰਨਾ।) ਸਮਾ ਰਿਹਾ ਹੈ ਅਥਵਾ ਸਤਿਪੁਰਖ ਦੀ ਸੱਤਾ ਸਭ ਵਿਚ ਸਮਾਈ ਹੋਈ ਹੈ।
ਉਪਦੇਸ਼-(ਸੰਸ:, ਉਪਦੇਸ਼:=ਸਿਖਯਾ, ਨਸੀਹਤ, ਗੁਰਮੰਤ੍ਰ) ਧਾਰਮਿਕ ਸਿਖਯਾ, ਭਾਵ, ਨਾਮ (ਗੁਰਮੰਤ੍ਰ) ਉਪਦੇਸ਼।
ਪ੍ਰਵੇਸ਼-(ਸੰਸ:, ਪ੍ਰਵੇਸ਼ਨ=ਦਾਖਲਾ)।
ਨਿਰਤਿ-(ਸੰਸ:, ਅਨ੍ਰਿਤਮ=ਝੂਠ, ਧੋਖਾ) ਅਸਤਯ, ਮਿਥਯਾ। (ਅ) (ਸੰਸ:, ਨਿਰਤਿ=ਅਤਿਅੰਤ ਪਿਆਰ) ਵਿਸ਼ੇਸ਼ ਪਿਆਰ ਨਾਲ। ਗੂੜੇ ਪਿਆਰ ਨਾਲ। (ੲ) (ਸੰਸ:, ਨਿਰਣੀਤ) ਨਿਰਣਾ ਕਰਕੇ। ਨਿਖੇੜ ਕੇ। 'ਨਿਰਤਿ' ਦੇ ਅਰਥ ਸਿਆਣਿਆਂ ਨੇ ਐਸ ਤਰ੍ਹਾਂ ਤਿੰਨ ਪ੍ਰਕਾਰ ਦੇ ਕੀਤੇ ਹਨ। ਸਾਰਿਆਂ ਵਿਚ ਮੂਲ ਭਾਵ 'ਸਤਿ' ਨੂੰ ਹੀ ਵਾਜਬ ਤ੍ਰੀਕੇ ਨਾਲ ਸਮਝਣ ਦਾ ਹੈ। ਇਸ ਸਮਝ ਵਿਚ ਉਹ ਵਿਤ੍ਰੇਕ ਬੁਧਿ ਕੰਮ ਕਰਦੀ ਹੈ ਜੋ ਸੱਚ ਝੂਠ ਦਾ ਨਿਤਾਰਾ ਕਰ ਸਕਦੀ ਹੈ। ਜੋ ਏਸ ਵਿਵੇਕ ਤੋਂ ਖਾਲੀ ਹਨ ਉਨ੍ਹਾਂ ਨੂੰ ਅੰਧਾ ਕਿਹਾ ਹੈ। ਯਥਾ:-
ਕਹਤ ਕਬੀਰ ਚੇਤਿ ਰੇ ਅੰਧਾ॥ ਸਤਿ ਰਾਮੁ ਝੂਠਾ ਸਭੁ ਧੰਧਾ॥ (ਗਉੜੀ ਕਬੀਰ ਜੀ ੧੬)
ਬਿਸਮਾਦ-(ਸੰਸ:, ਵਿਸਮਯ:=ਅਸਚਰਜਤਾ, ਹੈਰਾਨਗੀ) ਭਏ ਬਿਸਮਾਦ=ਹੈਰਾਨ ਹੋ ਗਏ, ਅਸਚਰਜ ਹੋ ਗਏ।