ਪ੍ਰਾਕਥਨ-ਇਸ ਅਸਟਪਦੀ ਵਿਚ ਹਉਮੈਂ ਦੀ ਨਵਿਰਤੀ ਸਿਖਾਈ ਹੈ। ਪਹਿਲੇ ਦੋ ਪਦਿਆਂ ਵਿਚ ਸੰਸਾਰਕ ਵਿਭੋ, ਰਾਜ ਭਾਗ, ਜੁਆਨੀ, ਪਦਾਰਥ, ਬਲ ਆਦਿ ਦੇ ਅਭਿਮਾਨੀਆਂ ਨੂੰ ਨਿੰਮ੍ਰਤਾ ਵਾਲੇ ਬਣਨ ਦਾ ਉਪਦੇਸ਼ ਹੈ, ਜਿਸ ਨਾਲ ਹਉਮੈਂ ਘਟੇ ਤੇ ਫੇਰ ਹਟੇ। ਅੰਕ ੩.੪ ਵਿਚ ਕਰਮ, ਧਰਮ, ਤਪ ਪੁੰਨ ਆਦਿ ਦੇ ਅਭਿਮਾਨ ਕਰਨ ਵਾਲਿਆਂ ਨੂੰ ਨਿੰਮ੍ਰਤਾ ਸਿਖਾਈ ਹੈ ਤੇ ਭੇਦ ਦੱਸਿਆ ਹੈ ਕਿ ਜੋ ਭਲਿਆਈ ਕਰੋ ਉਸ ਦਾ ਅਭਿਮਾਨ ਨਾ ਧਾਰਨ ਕਰੋ। ਅੰਕ ੫ ਵਿਚ ਫੁਰਮਾਇਆ ਕਿ ਇਨ੍ਹਾਂ ਸਾਰਿਆਂ ਦੀ ਕਲਯਾਣ ਨਾਮ ਨਾਲ ਹੈ, ਨਾਮ ਦਾ ਧਾਰਨੀ ਹਉਮੈ ਨੂੰ ਨਵਿਰਤ ਕਰਦਾ ਹੈ। ਅਗਲੇ ੩ ਅੰਕਾਂ ਵਿਚ ਵਾਹਿਗੁਰੂ ਦੀ ਸ਼ਰਣ, ਵਯਾਪਕਤਾ, ਸਰਬ ਸ਼ਕਤੀ ਮਾਨਤਾ ਵਰਣ ਕੀਤੀ ਹੈ ਤੇ ਫੁਰਮਾਇਆ ਹੈ: ਨਾਮ ਦੁਆਰਾ ਉਸ ਨੂੰ ਪਛਾਣੋ। ਜਦ ਪਛਾਣ ਲਓਗੇ ਤਾਂ ਫੇਰ ਉਸ ਨੂੰ ਸਭ ਕੁਛ ਦੇਖੋ। ਤਦ ਸਮਝੋਗੇ ਕਿ ਜੋ 'ਹਉ' ਧਾਰਨ ਕੀਤੀ ਹੋਈ ਸੀ ਭੁੱਲ ਸੀ 'ਸਤਿ ਸਤਿ ਸਤਿ' ਤਾਂ 'ਪ੍ਰਭੁ ਸੁਆਮੀ' ਹੀ ਸੀ, ਜਸਿ ਤੋਂ ਹਉ ਕਰਕੇ ਪਰਦੇ ਵਿਚ ਰਹੇ ਸਾਂ।
ਸਲੋਕੁ ॥
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥ ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥
ਸੁੱਖੀ ਵੱਸਦਾ ਹੈ ਗ੍ਰੀਬੀ ਧਾਰਨ ਕਰਨ ਵਾਲਾ ਜੋ ਆਪਾ ਭਾਵ ਦੂਰ ਕਰਕੇ (ਤਲੈ=) ਨੀਵਾਂ (ਹੋਕੇ ਟੁਰਦਾ) ਹੈ। (ਪਰ) ਹੰਕਾਰ ਧਾਰਨ ਵਾਲੇ (ਜੋ) ਵਡੇ ਵਡੇ (ਆਦਮੀ) ਹਨ (ਓਹ ਆਪਣੇ) ਹੰਕਾਰ ਵਿਖੇ ਨਾਸ਼ ਹੋ ਜਾਂਦੇ ਹਨ।੧।
ਅਸਟਪਦੀ ॥
ਜਿਸ ਕੈ ਅੰਤਰਿ ਰਾਜ ਅਭਿਮਾਨੁ ॥
ਸੋ ਨਰਕਪਾਤੀ ਹੋਵਤ ਸੁਆਨੁ ॥
ਜੋ ਜਾਨੈ ਮੈ ਜੋਬਨਵੰਤੁ ॥
ਸੋ ਹੋਵਤ ਬਿਸਟਾ ਕਾ ਜੰਤੁ ॥
ਆਪਸ ਕਉ ਕਰਮਵੰਤੁ ਕਹਾਵੈ ॥
ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥
ਧਨ ਭੂਮਿ ਕਾ ਜੋ ਕਰੈ ਗੁਮਾਨੁ ॥
ਸੋ ਮੂਰਖੁ ਅੰਧਾ ਅਗਿਆਨੁ ॥
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥
ਜਿਸ (ਪੁਰਖ) ਦੇ ਅੰਦਰ ਰਾਜ ਦਾ ਹੰਕਾਰ ਹੁੰਦਾ ਹੈ, ਉਹ ਨਰਕ ਵਿਚ ਡਿੱਗਣ ਵਾਲਾ ਕੁੱਤਾ ਹੁੰਦਾ ਹੈ। ਜੋ ਜਾਣਦਾ ਹੈ ਕਿ ਮੈਂ ਜੋਬਨ ਵਾਲਾ ਹਾਂ, ਓਹ ਗੰਦ ਦਾ ਕੀੜਾ ਹੁੰਦਾ ਹੈ। ਜੋ ਆਪਣੇ ਆਪ ਨੂੰ (ਸ਼ੁਭ) ਕਰਮ ਕਰਨੇ ਵਾਲਾ ਕਹਾਉਂਦਾ ਹੈ ਉਹ ਜੰਮਦਾ ਮਰਦਾ ਤੇ ਬਹੁਤ ਜੋਨੀਆਂ ਵਿਚ ਭਟਕਦਾ ਹੈ। ਧਨ ਤੇ ਧਰਤੀ ਦਾ ਜੋ ਹੰਕਾਰ ਕਰਦਾ ਹੈ ਉਹ ਮੂਰਖ ਹੈ, ਅੰਨ੍ਹਾਂ ਹੈ (ਤੇ) ਅਗਯਾਨੀ ਹੈ। (ਪਰ ਕਰਤਾਰ) ਜਿਸਦੇ ਹਿਰਦੇ ਵਿਚ ਕ੍ਰਿਪਾ ਕਰਕੇ ਨਿੰਮ੍ਰਤਾ (ਦਾ ਭਾਵ) ਵਸਾ ਦੇਵੇ ਉਹ ਏਥੇ (ਹੀ) ਮੁਕਤੀ ਪਾ ਲੈਂਦਾ ਹੈ ਤੇ ਅਗੇ ਜਾਕੇ (ਬੀ) ਸੁਖ ਪਾਉਂਦਾ ਹੈ, ਹੇ ਨਾਨਕ।੧।
ਧਨਵੰਤਾ ਹੋਇ ਕਰਿ ਗਰਬਾਵੈ ॥
ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥
ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥
ਪਲ ਭੀਤਰਿ ਤਾ ਕਾ ਹੋਇ ਬਿਨਾਸ ॥
ਸਭ ਤੇ ਆਪ ਜਾਨੈ ਬਲਵੰਤੁ ॥
ਖਿਨ ਮਹਿ ਹੋਇ ਜਾਇ ਭਸਮੰਤੁ ॥
ਕਿਸੈ ਨ ਬਦੈ ਆਪਿ ਅਹੰਕਾਰੀ ॥
ਧਰਮ ਰਾਇ ਤਿਸੁ ਕਰੇ ਖੁਆਰੀ ॥
ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥
ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥
ਧਨ ਪਾਤ੍ਰ ਹੋਕੇ (ਜੇ ਕੋਈ ਧਨ ਦਾ) ਹੰਕਾਰ ਕਰਦਾ ਹੈ (ਤਾਂ ਵੀਚਾਰਕੇ ਦੇਖ ਲਓ ਕਿ ਉਸਦੇ) ਨਾਲ (ਤਾਂ ਇਕ) ਤੀਲੇ ਜਿੰਨਾ ਬੀ ਕੁਛ ਨਹੀਂ ਜਾਵੇਗਾ। ਬਹੁਤੀਆਂ ਫੌਜਾਂ ਤੇ ਮਨੁੱਖਾਂ ਉਤੇ (ਜੇ ਕੋਈ) ਆਸਾ ਕਰੇ (ਤਾਂ ਵਿਚਾਰਕੇ ਦੇਖ ਲਓ ਕਿ) ਉਸਦਾ ਨਾਸ਼ (ਜਦ ਹੋਣ ਲਗਦਾ ਹੈ ਤਾਂ) ਪਲ ਭਰ ਵਿਚ ਹੋ ਜਾਂਦਾ ਹੈ। (ਜੇ ਕੋਈ) ਆਂਪਣੇ ਆਪ ਨੂੰ ਸਭ ਤੋਂ ਬਲਵਾਨ ਜਾਣੇ (ਤਾਂ ਤੱਕ ਲਓ ਕਿ ਉਹ) ਪਲ ਵਿਚ ਭਸਮੰਤ ਹੋ ਜਾਂਦਾ ਹੈ। (ਜੋ) ਆਪ ਹੰਕਾਰ ਹੈ (ਤੇ ਆਪਣੇ ਤੁੱਲ) ਕਿਸੇ ਨੂੰ ਨਹੀਂ ਬਿਦਦਾ (ਗਿਣਦਾ, ਅੰਤ ਨੂੰ) ਧਰਮ ਰਾਜ ਉਸਦੀ ਖੁਆਰੀ ਕਰੇਗਾ। (ਪਰੰਤੂ) ਗੁਰੂ ਦੀ ਕ੍ਰਿਪਾ ਕਰਕੇ ਜਿਸਦਾ ਹੰਕਾਰ ਦੂਰ ਹੋ ਜਾਂਦਾ ਹੈ, ਹੇ ਨਾਨਕ! ਉਹ ਪੁਰਖ ਦਰਗਾਹ ਵਿਚ ਪਰਵਾਨ (ਮਨਜ਼ੂਰ) ਹੋ ਜਾਂਦਾ ਹੈ।੨।
ਕੋਟਿ ਕਰਮ ਕਰੈ ਹਉ ਧਾਰੇ ॥
ਸ੍ਰਮੁ ਪਾਵੈ ਸਗਲੇ ਬਿਰਥਾਰੇ ॥
ਅਨਿਕ ਤਪਸਿਆ ਕਰੇ ਅਹੰਕਾਰ ॥
ਨਰਕ ਸੁਰਗ ਫਿਰਿ ਫਿਰਿ ਅਵਤਾਰ ॥
ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥
ਹਰਿ ਦਰਗਹ ਕਹੁ ਕੈਸੇ ਗਵੈ ॥
ਆਪਸ ਕਉ ਜੋ ਭਲਾ ਕਹਾਵੈ ॥
ਤਿਸਹਿ ਭਲਾਈ ਨਿਕਟਿ ਨ ਆਵੈ ॥
ਸਰਬ ਕੀ ਰੇਨ ਜਾ ਕਾ ਮਨੁ ਹੋਇ ॥
ਕਹੁ ਨਾਨਕ ਤਾ ਕੀ ਨਿਰਮਲ ਸੋਇ ॥੩॥
(ਜੇ ਕੋਈ) ਕ੍ਰੋੜ (ਸ਼ੁਭ) ਕਰਮ ਕਰੇ (ਪਰ ਨਾਲ) ਹਉਮੈ ਧਾਰਨ ਕਰੇ (ਕਿ ਮੈਂ ਕੀਤੇ ਹਨ, ਉਸਦੇ ਕੀਤੇ ਕਰਮ) ਸਭ ਬਿਰਥਾ ਜਾਂਦੇ ਹਨ ਤੇ (ਉਸਦੇ) ਪੱਲੇ (ਕੰਮ ਕਰਨ ਦੀ) ਥਕਾਨ ਹੀ ਪੈਂਦੀ ਹੈ। ਅਨੇਕਾਂ ਤਪੱਸਯਾ ਕਰੇ (ਪਰ ਨਾਲ) ਕਰੇ ਹੰਕਾਰ (ਤਾਂ) ਨਰਕਾਂ ਸੁਰਗਾਂ ਵਿਖੇ ਮੁੜ ਮੁੜ ਉਤਰਦਾ ਹੈ। ਅਨੇਕ ਜਤਨ ਕਰਕੇ (ਬੀ ਜਿਸਦਾ) ਆਤਮਾ ਦ੍ਰਵਦਾ ਨਹੀਂ, ਦੱਸੋ (ਉਹ) ਪਰਮੇਸ਼ੁਰ ਦੀ ਦਰਗਾਹ ਵਿਚ ਕਿਸ ਤਰ੍ਹਾਂ ਜਾ ਸਕਦਾ ਹੈ? ਆਪਣੇ ਆਪ ਨੂੰ ਜਿਹੜਾ ਭਲਾ ਅਖਵਾਉਂਦਾ ਹੈ, ਭਲਾਈ (ਤਾਂ) ਉਸ ਦੇ ਨੇੜੇ (ਬੀ) ਨਹੀਂ ਫਟਕਦੀ। (ਪਰ) ਜਿਸ ਦਾ ਮਨ ਸਭ ਦੀ ਧੂੜ ਹੋ ਜਾਂਦਾ ਹੈ (ਭਾਵ ਨਿੰਮ੍ਰਤਾ ਧਾਰਦਾ ਹੈ) ਕਹਿੰਦੇ (ਹਨ ਗੁਰੂ) ਨਾਨਕ (ਦੇਵ ਜੀ) ਉਸਦੀ ਸੋਭਾ ਖਰੀ ਖਰੀ ਹੁੰਦੀ ਹੈ।੩।
ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥
ਤਬ ਇਸ ਕਉ ਸੁਖੁ ਨਾਹੀ ਕੋਇ ॥
ਜਬ ਇਹ ਜਾਨੈ ਮੈ ਕਿਛੁ ਕਰਤਾ ॥
ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥
ਜਬ ਧਾਰੈ ਕੋਊ ਬੈਰੀ ਮੀਤੁ ॥
ਤਬ ਲਗੁ ਨਿਹਚਲੁ ਨਾਹੀ ਚੀਤੁ ॥
ਜਬ ਲਗੁ ਮੋਹ ਮਗਨ ਸੰਗਿ ਮਾਇ ॥
ਤਬ ਲਗੁ ਧਰਮ ਰਾਇ ਦੇਇ ਸਜਾਇ ॥
ਪ੍ਰਭ ਕਿਰਪਾ ਤੇ ਬੰਧਨ ਤੂਟੈ ॥
ਗੁਰ ਪ੍ਰਸਾਦਿ ਨਾਨਕ ਹਉ ਛੂਟੈ ॥੪॥
ਜਦ ਤਕ (ਇਹ ਮੈਂ ਮੈ ਵਾਲਾ ਮਨੁੱਖ) ਜਾਣਦਾ ਹੈ ਕਿ ਮੈਥੋਂ (ਪਿਆ) ਕੁਝ ਹੁੰਦਾ ਹੈ, ਤਦ ਤਕ ਇਸਨੂੰ ਕੋਈ ਸੁਖ ਨਹੀਂ ਹੁੰਦਾ। ਜਦ ਇਹ ਜਾਣਦਾ ਹੈ ਕਿ ਮੈਂ ਕੁਝ ਕਰਦਾ ਹਾਂ ਤਦ ਤਕ (ਇਹ) ਗਰਭ ਜੂਨੀਆਂ ਵਿਚ ਪਿਆ ਫਿਰਦਾ ਹੈ। ਜਦ ਤਕ (ਇਹ) ਕਿਸੇ ਨੂੰ ਵੈਰੀ (ਕਿਸੇ ਨੂੰ) ਸਜਣ ਮੰਨਦਾ ਹੈ ਤਦ ਤਕ (ਇਸਦਾ) ਚਿਤ ਨਿਹਚਲ (ਇਸਥਿਤ) ਨਹੀਂ ਹੁੰਦਾ। ਜਦ ਤਕ ਇਹ ਮੋਹ (ਤੇ) ਮਾਇਆ ਨਾਲ ਮਗਨ (ਹੋਇਆ) ਰਹਿੰਦਾ ਹੈ, ਤਦ ਤਕ (ਇਸਨੂੰ) ਧਰਮਰਾ ਸਜ਼ਾ (ਡੰਡ) ਦਿੰਦਾ ਹੈ। (ਪਰ ਕਹਿੰਦੇ ਹਨ ਗੁਰੂ) ਨਾਨਕ (ਦੇਵ ਜੀ ਕਿ) ਜਦ ਪ੍ਰਭੂ ਦੀ ਕ੍ਰਿਪਾ (ਆ ਹੁੰਦੀ ਹੈ ਤਾਂ ਉਸ) ਨਾਲ (ਇਸਦੇ) ਬੰਨ੍ਹਣ ਟੁੱਟ ਜਾਂਦੇ ਹਨ, (ਐਉ ਕਿ ਇਸ ਪਰ) ਗੁਰੂ ਦੀ ਕ੍ਰਿਪਾ (ਹੁੰਦੀ ਹੈ ਜਿਸ) ਨਾਲ ਹਉਮੈਂ ਛੁਟ ਜਾਂਦੀ ਹੈ।੪।
ਸਹਸ ਖਟੇ ਲਖ ਕਉ ਉਠਿ ਧਾਵੈ ॥
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥
ਅਨਿਕ ਭੋਗ ਬਿਖਿਆ ਕੇ ਕਰੈ ॥
ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥
ਬਿਨਾ ਸੰਤੋਖ ਨਹੀ ਕੋਊ ਰਾਜੈ ॥
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥
ਨਾਮ ਰੰਗਿ ਸਰਬ ਸੁਖੁ ਹੋਇ ॥
ਬਡਭਾਗੀ ਕਿਸੈ ਪਰਾਪਤਿ ਹੋਇ ॥
ਕਰਨ ਕਰਾਵਨ ਆਪੇ ਆਪਿ ॥
ਸਦਾ ਸਦਾ ਨਾਨਕ ਹਰਿ ਜਾਪਿ ॥੫॥
ਇਸ ਪਉੜੀ ਵਿਚ ਫੁਰਮਾਉਂਦੇ ਹਨ ਕਿ ਹਉਂ ਕਿਉਂ ਨਹੀਂ ਛੁਟਦੀ? ਤੇ ਦੱਸਦੇ ਹਨ ਕਿ ਉਹ ਨਾਮ ਨਾਲ ਛੁਟਦੀ ਹੈ:- (ਮਾਯਾਵੀ ਇਨਸਾਨ ਜਦ) ਹਜ਼ਾਰ ਖੱਟ ਲੈਂਦਾ ਹੈ (ਤਾਂ ਫੇਰ) ਲੱਖ ਦੇ ਮਗਰ ਉੱਠ ਨੱਸਦਾ ਹੈ। (ਇਉਂ) ਮਾਇਆ (ਕੱਠੀ ਕਰਦਾ) ਜੋੜੀ ਜਾਂਦਾ ਹੈ (ਪਰ ਇਸਨੂੰ) ਰੱਜ ਨਹੀਂ ਆਉਂਦਾ। (ਇਸ ਮਾਯਾ ਨਾਲ ਫੇਰ) ਵਿਸ਼ਿਆਂ ਦੇ ਅਨੇਕ ਭੋਗ ਭੋਗਦਾ ਹੈ, (ਭੋਗਾਂ ਨਾਲ ਬੀ) ਰੱਜਦਾ ਨਹੀਂ (ਸਗੋਂ ਹੋਰ ਹੋਰ ਭੋਗਾਂ ਦੇ ਮਗਰ ਭਜਦਾ ਅੰਤ) ਖਪ ਖਪ ਕੇ ਮਰਦਾ ਹੈ। ਸੰਤੋਖ ਤੋਂ ਬਿਨਾ ਕੋਈ ਨਹੀਂ ਰਜਦਾ, (ਜਿਵੇ) ਸੁਪਨੇ ਦੇ ਮਨੋਰਥ (ਅਤੇ ਸੁਪਨੇ ਦੇ) ਕੰੰਮ ਸਾਰੇ ਬਿਰਥੇ ਜਾਂਦੇ ਹਨ (ਭਾਵ ਤ੍ਰਿਪਤੀ ਨਹੀਂ ਦੇ ਸਕਦੇ)।
ਹਾਂ, ਨਾਮ ਦੇ ਪ੍ਰੇਮ ਨਾਲ ਸੰਪੂਰਨ ਸੁਖ ਹੁੰਦਾ ਹੈ (ਭਾਵ ਨਾਮ ਦਾ ਰਸ ਸੁਆਦ ਬੀ ਦੇਂਦਾ ਹੈ ਤੇ ਤ੍ਰਿਪਤੀ ਬੀ ਪਰ ਨਾਮ ਦਾ ਪ੍ਰੇਮ) ਬੜੇ ਭਾਗਾਂ ਨਾਲ ਕਿਸੇ ਨੂੰ ਪ੍ਰਾਪਤ ਹੁੰਦਾ ਹੈ। (ਇਹ ਸਭ ਕੁਛ) ਕਰਨ ਕਰਾਉਣ ਵਾਲਾ (ਉਹ ਹਰੀ) ਆਪ ਹੀ ਆਪ ਹੈ (ਤਾਂਤੇ) ਹੇ ਨਾਨਕ! ਤੂੰ (ਉਸ) ਹਰੀ ਨੂੰ (ਹੀ) ਸਦਾ ਸਦਾ ਜਪ।੫।
ਕਰਨ ਕਰਾਵਨ ਕਰਨੈਹਾਰੁ ॥
ਇਸ ਕੈ ਹਾਥਿ ਕਹਾ ਬੀਚਾਰੁ ॥
ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥
ਆਪੇ ਆਪਿ ਆਪਿ ਪ੍ਰਭੁ ਸੋਇ ॥
ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥
ਸਭ ਤੇ ਦੂਰਿ ਸਭਹੂ ਕੈ ਸੰਗਿ ॥
ਬੂਝੈ ਦੇਖੈ ਕਰੈ ਬਿਬੇਕ ॥
ਆਪਹਿ ਏਕ ਆਪਹਿ ਅਨੇਕ ॥
ਮਰੈ ਨ ਬਿਨਸੈ ਆਵੈ ਨ ਜਾਇ ॥
ਨਾਨਕ ਸਦ ਹੀ ਰਹਿਆ ਸਮਾਇ ॥੬॥
ਜੀਵ ਦੀ ਅਲਪੱਗਤਾ ਤੇ ਵਾਹਿਗੁਰੂ ਦੀ ਸਰਬੱਗਤਾ ਤੇ ਨਜ਼ਰ ਪੁਆਕੇ 'ਹਉ' ਤੋਂ ਉਪ੍ਰਾਮ ਕਰਦੇ ਹਨ:- ਕਰਨੇ ਹਾਰ (ਭਾਵ ਕਰਤਾਰ ਆਪ ਹੀ) ਕਰਨ ਵਾਲਾ ਤੇ ਕਰਵਾਵਣ ਵਾਲਾ ਹੈ, ਇਸ (ਜੀਵ) ਦੇ ਹੱਥ ਵਿਚ ਕੀ ਹੈ, ਵਿਚਾਰ ਕਰ ਲਓ। ਜੇਹੀ ਦ੍ਰਿਸ਼ਟੀ (ਜੀਵ ਤੇ ਪ੍ਰਭੂ) ਪਾਉਂਦਾ ਹੈ ਤਿਹੋ ਜਿਹਾ (ਇਹ) ਹੋ ਜਾਂਦਾ ਹੈ (ਸੋ) ਉਹ ਪ੍ਰਭੂ ਸਭ ਕੁਛ ਆਪ ਹੀ ਆਪ ਹੈ (ਹਾਂ ਉਹ ਸਭ ਕੁਛ) ਆਪ ਹੈ। ਜੋ ਕੁਛ (ਉਸਨੇ) ਕੀਤਾ ਹੈ ਉਹ ਅਪਣੀ ਮੌਜ ਨਾਲ ਕੀਤਾ ਹੈ। (ਉਹ) ਸਭ (ਜੀਵ ਧਾਰੀਆਂ) ਨਾਲੋਂ ਅਸੰਗ ਬੀ ਹੈ ਤੇ ਸਭ ਦੇ ਸੰਗ ਭੀ ਹੈ। (ਉਹ) ਸਮਝਦਾ ਹੈ, ਵੇਖਦਾ ਤੇ ਵਿਵੇਕ (ਬੀ) ਕਰਦਾ ਹੈ। (ਉਹ) ਆਪ ਹੀ ਇਕ ਹੈ ਤੇ ਆਪ ਹੀ ਅਨੇਕ (ਹੋ ਰਿਹਾ) ਹੈ, (ਉਹ) ਮੁਰਦਾ ਨਹੀਂ, ਬਿਨਸਦਾ ਨਹੀਂ, ਨਾ ਆਉਂਦਾ ਹੈ ਨਾ ਜਾਂਦਾ ਹੈ। ਹੇ ਨਾਨਕ! (ਓਹੀ ਪ੍ਰਭੂ) ਸਦਾ (ਸਾਰੇ) ਸਮਾ ਰਿਹਾ ਹੈ।੬।
ਆਪਿ ਉਪਦੇਸੈ ਸਮਝੈ ਆਪਿ ॥
ਆਪੇ ਰਚਿਆ ਸਭ ਕੈ ਸਾਥਿ ॥
ਆਪਿ ਕੀਨੋ ਆਪਨ ਬਿਸਥਾਰੁ ॥
ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥
ਉਸ ਤੇ ਭਿੰਨ ਕਹਹੁ ਕਿਛੁ ਹੋਇ ॥
ਥਾਨ ਥਨੰਤਰਿ ਏਕੈ ਸੋਇ ॥
ਅਪੁਨੇ ਚਲਿਤ ਆਪਿ ਕਰਣੈਹਾਰ ॥
ਕਉਤਕ ਕਰੈ ਰੰਗ ਆਪਾਰ ॥
ਮਨ ਮਹਿ ਆਪਿ ਮਨ ਅਪੁਨੇ ਮਾਹਿ ॥
ਨਾਨਕ ਕੀਮਤਿ ਕਹਨੁ ਨ ਜਾਇ ॥੭॥
(ਉਹ ਪ੍ਰਭੂ) ਆਪ (ਗੁਰੂ ਰੂਪਤਾ ਵਿਚ) ਉਪਦੇਸ਼ ਕਰਦਾ ਹੈ ਤੇ ਆਪ (ਹੀ ਸ਼ਿਸ਼ ਰੂਪਤਾ ਵਿਚ) ਸਮਝਦਾ ਹੈ (ਕਿਉਂਕਿ ਉਹ) ਆਪ ਹੀ ਸਭ ਨਾਲ (ਵਯਾਪਕਤਾ ਰੂਪ ਵਿਚ) ਰਚ ਰਿਹਾ ਹੈ। (ਸਗੋਂ ਇਹ ਸਾਰਾ ਤਾਂ ਉਸਨੇ) ਅਪਣੇ ਆਪ ਦਾ ਹੀ ਆਪ ਵਿਸਥਾਰ ਕੀਤਾ ਹੈ। (ਹਾਂ) ਰਚਣੇ ਵਾਲਾ ਉਹੀ ਹੈ, (ਤੇ ਰਚਿਆ ਹੋਇਆ) ਸਭ ਕੁਛ ਉਸੇ ਦਾ ਹੈ। ਉਸਤੋਂ ਅੱਡ (ਜੇ) ਕੁਛ ਹੁੰਦਾ (ਹੈ, ਤਾਂ) ਦੱਸੋ? ਥਾਵਾਂ, ਤੇ ਥਾਵਾਂ ਦੇ ਅੰਤਰਗਤ (ਬੀ) ਉਹ ਇਕੋ (ਭਰਪੂਰ) ਹੈ। ਅਪਣੇ ਚੋਜ ਆਪ ਕਰਣੇ ਵਾਲਾ ਹੈ, (ਹਾਂ ਓਹ) ਕਉਤਕ (ਲੀਲ੍ਹਾ) ਕਰਦਾ ਹੈ (ਜਿਨ੍ਹਾਂ ਦੇ) ਰੰਗ ਅਪਾਰ ਹਨ। (ਸਾਰੇ) ਮਨਾਂ ਵਿਚ ਆਪ (ਵਸਦਾ ਹੈ ਅਰ ਸਾਰੇ) ਮਨ ਉਸ ਵਿਚ (ਵੱਸਦੇ ਹਨ)। ਹੇ ਨਾਨਕ! (ਉਸਦੀ) ਕੀਮਤ ਕਹੀ ਨਹੀਂ ਜਾ ਸਕਦੀ।੭।
ਸਤਿ ਸਤਿ ਸਤਿ ਪ੍ਰਭੁ ਸੁਆਮੀ ॥
ਗੁਰ ਪਰਸਾਦਿ ਕਿਨੈ ਵਖਿਆਨੀ ॥
ਸਚੁ ਸਚੁ ਸਚੁ ਸਭੁ ਕੀਨਾ ॥
ਕੋਟਿ ਮਧੇ ਕਿਨੈ ਬਿਰਲੈ ਚੀਨਾ ॥
ਭਲਾ ਭਲਾ ਭਲਾ ਤੇਰਾ ਰੂਪ ॥
ਅਤਿ ਸੁੰਦਰ ਅਪਾਰ ਅਨੂਪ ॥
ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥
ਘਟਿ ਘਟਿ ਸੁਨੀ ਸ੍ਰਵਨ ਬਖੵਾਣੀ ॥
ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥
ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥੮॥
੧੨॥
ਇਸ ਅੰਕ ਵਿਚ ਸਨਮੁਖ ਉਸਤਤੀ ਕਰਕੇ ਮਨ ਦੀ ਪ੍ਰੀਤ ਨਾਲ ਨਾਮ ਦਾ ਉਪਦੇਸ਼ ਕੀਤਾ ਹੈ ਜੋ ਹਉਂ ਨੂੰ ਕੱਟਦਾ ਹੈ।- (ਉਹ ਪ੍ਰਭੂ, ਉਹ ਸਾਡਾ) ਮਾਲਕ 'ਸਤਿ ਹੈ, ਸਤਿ ਹੈ, ਸਤਿਹ ਹੈ'। (ਇਹ ਗਲ ਬੀ) ਕਿਸੇ (ਵਿਰਲੇ) ਨੇ ਕਥਨ ਕੀਤੀ ਹੈ (ਪਰ ਜਿਸ ਨੇ ਕੀਤੀ ਹੈ) ਗੁਰੂ ਦੀ ਕ੍ਰਿਪਾ ਨਾਲ (ਕੀਤੀ ਹੈ)। (ਜੋ ਕੁਛ ਉਸਨੇ) ਕੀਤਾ ਹੈ (ਉਹ ਬੀ) ਸਭ ਸੱਚ ਹੈ, ਸੱਚ ਹੈ, ਸੱਚ ਹੈ। (ਇਸ ਸਚੁ ਸਰੂਪ ਨੂੰ) ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ ਅਨੁਭਵ ਕੀਤਾ ਹੈ। (ਬੇਨਤੀ-) ਤੇਰਾ ਰੂਪ (ਹੇ ਪ੍ਰਭੂ!) ਭਲਾ ਹੈ, ਭਲਾ ਹੈ, ਭਲਾ ਹੈ। ਬਹੁਤ ਸੁੰਦਰ, ਪਾਰ ਤੋਂ ਰਹਿਤ (ਤੇ) ਉਪਮਾ ਤੋਂ ਰਹਿਤ (ਹੈ, ਭਾਵ ਅਤਯੰਤ ਸੁਹਣਾ ਹੈ)।
ਤੇਰੀ ਬਾਣੀ ਪਵਿਤ੍ਰ ਹੈ, ਪਵਿਤ੍ਰ ਹੈ ਤੇ ਪਵਿਤ੍ਰ ਹੈ। ਜੋ ਹਿਰਦੇ ਹਿਰਦੇ ਨੇ ਸੁਣੀ ਹੈ (ਪਰ ਪਵਿਤ੍ਰ ਹਿਰਦਿਆਂ ਨੇ ਇਉਂ ਸੁਣਕੇ ਅਰਥਾਤ ਅਨੁਭਵ ਕਰਕੇ ਅਗੋਂ ਰਸਨਾ ਦੁਆਰੇ) ਵਰਣਨ ਕੀਤੀ ਹੈ, (ਤੇ ਜਗਯਾਸੂਆਂ ਨੇ) ਕੰਨਾਂ ਨਾਲ (ਸੁਣੀ ਹੈ); (ਪਰ ਨਾਲ ਹੀ) ਪਵਿਤ੍ਰ ਹੈ, ਪਵਿਤ੍ਰ ਹੈ, ਪਵਿਤ੍ਰ ਹੈ ਤੇ ਪੁਨੀਤ ਹੋ ਗਿਆ ਹੈ (ਉਹ) ਜੋ ਮਨ ਵਿਚ ਪ੍ਰੀਤ ਨਾਲ ਨਾਮ ਜਪਦਾ ਹੈ, ਹੇ ਨਾਨਕ।੮।੧੨।
inrukq-
ਮਸਕੀਨੀਆ-(ਅ:, ਮਿਸਕੀਨ=ਗ਼ਰੀਬ। ਪੰ:, ਮਸਕੀਨੀਆ=(ਦਿਲ ਦੀ) ਗ਼ਰੀਬੀ ਧਾਰਨ ਕਰਨ ਵਾਲਾ) ਗ਼ਰੀਬੀ ਧਾਰਨ ਕਰਨ ਵਾਲਾ। ਨਿੰਮ੍ਰਤਾ ਵਾਲਾ। (ਅ) ਸੰਪ੍ਰਦਾ ਵਿਚ ਇਕ ਕਥਾ ਹੈ ਕਿ 'ਮਿਸਕੀਨੀਆਂ' ਨਾਮ ਦਾ ਇਕ (ਸਿਖ) ਪਹਿਲਵਾਨ ਸੀ ਜਿਸ ਨੇ ਇਕ ਸਿਖ ਲੋੜਵੰਦ ਨਾਲ ਕੁਸ਼ਤੀ ਵਿਚ ਆਪਣੇ ਆਪ ਨੂੰ ਤਲ ਢੁਆ ਲਿਆ, ਤਾਂ ਜੋ ਉਹ ਸਿਖ ਮਾਲੀ ਲੈ ਲਵੇ ਤੇ ਇਉਂ ਪ੍ਰਾਪਤ ਹੋਏ ਧਨ ਨਾਲ ਘਰ ਆਏ ਸੰਤਾਂ ਦੀ ਸੇਵਾ ਕਰ ਸਕੇ। ਏਥੇ ਮਿਸਕੀਨ ਦਾ ਭਾਵ ਕੰਗਾਲ ਨਹੀਂ; ਹਉਂ ਨਵਿਰਤੀ ਵਾਲਾ ਹੈ।
ਬਿਸਟਾ ਕਾ ਜੰਤੁ-(ਸੰਸ:, ਵਿਖ਼=ਮਲ, ਗੰਦਗੀ। ਹਿੰਦੀ, ਵਿਖ਼ਾ=ਪਾਖ਼ਾਨਾ, ਮਲ। ਸੰਸ:, ਜੰਤੂ-ਜੀਵ, ਪਸ਼ੂ, ਕੀੜਾ ਮਕੌੜਾ) ਗੰਦ ਦਾ ਕੀੜਾ। ਵਿਸ਼ਟਾ ਦਾ ਕੀੜਾ।
ਤਸਮੰਤੁ-(ਸੰਸ:, ਭਸਮਕ) ਰਾਖ, ਸੁਆਹ। ੨. (ਸੰਸ:, ਭਸਿਮਤ) ਸਾੜ ਕੇ ਸੁਆਹ ਹੋ ਗਿਆ ਹੋਇਆ।
ਸ੍ਰਮੁ-(ਸੰਸ:, ਸ਼੍ਰਮ:) = ਮਿਹਨਤ, ਥਕਾਵਟ, ਕਸ਼ਟ। ਸ੍ਰਮੁ ਪਾਵੈ=ਥਕਾਨ ਹੀ ਪੱਲੇ ਪੈਂਦੀ ਹੈ।
ਬਿਰਥਾਰੇ-ਬਿਰਥਾ, 'ਰੇ' ਤੁਕ ਦਾ ਵਜ਼ਨ ਪੂਰਾ ਰਖਣ ਲਈ ਵਰਤਿਆ ਹੈ (ਸੰਸ:, ਵਿ+ਅਰਥ:=ਬਗ਼ੈਰ ਅਰਥ ਦੇ। ਬੇਮਤਲਬ) ਫਜ਼ੂਲ, ਬੇ ਮਾਅਨੀ। ਬਿਰਥਾ ਹਨ, ਬਿਰਥਾ ਜਾਂਦੇ ਹਨ।
ਦ੍ਰਵੈ-(ਸੰਸ:, ਦ੍ਰਵਣ=ਪਿਘਲਨ ਦੀ ਕ੍ਰਿਯਾ, ਵਗਣਾ। ਹਿੰ: ਦ੍ਰਵਨਾ, ਪਿਘਲਨਾ, ਪਸੀਜਣਾ) ਦ੍ਰਵਣਾ ਤੋਂ ਦ੍ਰਵੈ=ਦ੍ਰਵਦਾ ਹੈ। ਦ੍ਰਵਣਾ=ਮਨ ਦਾ ਕੋਮਲ (ਨਰਮ) ਹੋਕੇ ਪੰਘਰਨਾ, ਭਾਵ ਵਾਹਿਗੁਰੂ ਪ੍ਰੇਮ ਵਿਚ ਪੰਘਰ ਜਾਣਾਂ, ਨੀਰ ਨੈਣੀ ਆ ਜਾਣਾਂ, ਸਾਤਵਕ ਭਾਵ ਹੋ ਜਾਣੇ। ਦੂਸਰਾ ਰੂਪ ਹੈ-ਜੀਵ ਦਇਆ ਪਾਲਣੀ ਜੋ ਜ਼ਰੂਰੀ ਗੁਣ ਹੈਨ ਦਰਗਾਹੇ ਅੱਪੜਨ ਦੇ।
ਨਿਰਮਲ-ਮੈਲ ਬਿਨਾ, ਖਰੀ ਖਰੀ।
ਬਿਬੇਕ-ਸੰਸ:, ਵਿਵੇਕ:=) ਭਲੀ ਬੁਰੀ ਵਸਤੁ ਦਾ ਗਿਆਨ, ਸਤਿ ਅਸਤਿ ਦਾ ਗਿਆਨ।
ਪੁਨੀਤ-(ਸੰਸ:) ਪਵਿੱਤ੍ਰ ਕੀਤਾ ਗਿਆ। ਸੰਪ੍ਰਦਾ ਵਿਚ ਪੁਨੀਤ ਦਾ ਅਰਥ ਵਿਸ਼ੇਸ਼ ਪਵਿਤ੍ਰਤਾ ਕਰਦੇ ਹਨ।