Vaar 29

ਵਾਰਾਂ ਭਾਈ ਗੁਰਦਾਸ ਜੀ · ੨੯ / ੪੦

ਸਤਿਗੁਰਪ੍ਰਸਾਦਿ॥
ਆਦਿ ਪੁਰਖ ਆਦੇਸੁ ਹੈ ਸਤਿਗੁਰੁ ਸਚੁ ਨਾਉ ਸਦਵਾਇਆ॥
ਚਾਰਿ ਵਰਨ ਗੁਰਸਿਖ ਕਰਿ ਗੁਰਮੁਖਿ ਸਚਾ ਪੰਥੁ ਚਲਾਇਆ॥
ਸਾਧਸੰਗਤਿ ਮਿਲਿ ਗਾਂਵਦੇ ਸਤਿਗੁਰੁ ਸਬਦੁ ਅਨਾਹਦੁ ਵਾਇਆ॥
ਗੁਰ ਸਾਖੀ ਉਪਦੇਸੁ ਕਰਿ ਆਪਿ ਤਰੇ ਸੈਸਾਰੁ ਤਰਾਇਆ॥
ਪਾਨ ਸੁਪਾਰੀ ਕਥਿ ਮਿਲਿ ਚੂਨੇ ਰੰਗੁ ਸੁਰੰਗ ਚੜ੍ਹਾਇਆ॥
ਗਿਆਨੁ ਧਿਆਨੁ ਸਿਮਰਣਿ ਜੁਗਤਿ ਗੁਰਮਤਿ ਮਿਲਿ ਗੁਰ ਪੂਰਾ ਪਾਇਆ॥
ਸਾਧਸੰਗਤਿ ਸਚ ਖੰਡੁ ਵਸਾਇਆ ॥੧॥

ਪਰਤਨ ਪਰਧਨ ਪਰਨਿੰਦ ਮੇਟਿ ਨਾਮੁ ਦਾਨੁ ਇਸਨਾਨੁ ਦਿੜਾਇਆ॥
ਗੁਰਮਤਿ ਮਨੁ ਸਮਝਾਇ ਕੈ ਬਾਹਰਿ ਜਾਂਦਾ ਵਰਜਿ ਰਹਾਇਆ॥
ਮਨਿ ਜਿਤੈ ਜਗੁ ਜਿਣਿ ਲਇਆ ਅਸਟਧਾਤੁ ਇਕ ਧਾਤੁ ਕਰਾਇਆ॥
ਪਾਰਸ ਹੋਏ ਪਾਰਸਹੁ ਗੁਰ ਉਪਦੇਸੁ ਅਵੇਸੁ ਦਿਖਾਇਆ॥
ਜੋਗ ਭੋਗ ਜਿਣਿ ਜੁਗਤਿ ਕਰਿ ਭਾਇ ਭਗਤਿ ਭੈ ਆਪੁ ਗਵਾਇਆ॥
ਆਪੁ ਗਇਆ ਆਪਿ ਵਰਤਿਆ ਭਗਤਿ ਵਛਲ ਹੋਇ ਵਸਗਤਿ ਆਇਆ॥
ਸਾਧਸੰਗਤਿ ਵਿਚਿ ਅਲਖੁ ਲਖਾਇਆ ॥੨॥

ਸਬਦ ਸੁਰਤਿ ਮਿਲਿ ਸਾਧਸੰਗਿ ਗੁਰਮੁਖਿ ਦੁਖ ਸੁਖ ਸਮਕਰਿ ਸਾਧੇ॥
ਹਉਮੈ ਦੁਰਮਤਿ ਪਰਹਰੀ ਗੁਰਮਤਿ ਸਤਿਗੁਰ ਪੁਰਖੁ ਆਰਾਧੇ॥
ਸਿਵ ਸਕਤੀ ਨੋ ਲੰਘਿ ਕੈ ਗੁਰਮੁਖਿ ਸੁਖ ਫਲੁ ਸਹਜ ਸਮਾਧੇ॥
ਗੁਰੁ ਪਰਮੇਸਰੁ ਏਕੁ ਜਾਣਿ ਦੂਜਾ ਭਾਉ ਮਿਟਾਇ ਉਪਾਧੇ॥
ਜੰਮਣ ਮਰਣਹੁ ਬਾਹਰੇ ਅਜਰਾਵਰਿ ਮਿਲਿ ਅਗਮ ਅਗਾਧੇ॥
ਆਸ ਨ ਤ੍ਰਾਸ ਉਦਾਸ ਘਰਿ ਹਰਖ ਸੋਗ ਵਿਹੁ ਅੰਮ੍ਰਿਤ ਖਾਧੇ॥
ਮਹਾ ਅਸਾਧ ਸਾਧਸੰਗ ਸਾਧੇ ॥੩॥

ਪਉਣ ਪਾਣੀ ਬੈਸੰਤਰੋ ਰਜੁ ਗੁਣੁ ਤਮ ਗੁਣ ਸਤ ਗੁਣੁ ਜਿਤਾ॥
ਮਨ ਬਚ ਕਰਮ ਸੰਕਲਪ ਕਰਿ ਇਕ ਮਨਿ ਹੋਇ ਵਿਗੋਇ ਦੁਚਿਤਾ॥
ਲੋਕ ਵੇਦ ਗੁਰ ਗਿਆਨ ਲਿਵ ਅੰਦਰਿ ਇਕੁ ਬਾਹਰਿ ਬਹੁ ਭਿਤਾ॥
ਮਾਤ ਲੋਕ ਪਾਤਾਲ ਜਿਣਿ ਸੁਰਗ ਲੋਕ ਵਿਚਿ ਹੋਇ ਅਥਿਤਾ॥
ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇ ਕਰਿ ਪਤਿਤ ਪਵਿਤਾ॥
ਗੁਰਮੁਖਿ ਸੁਖ ਫਲੁ ਪਾਇਆ ਅਤੁਲੁ ਅਡੋਲੁ ਅਮੇਲੁ ਅਮਿਤਾ॥
ਸਾਧਸੰਗਤਿ ਮਿਲਿ ਪੀੜਿ ਨਪਿਤਾ ॥੪॥

ਚਾਰਿ ਪਦਾਰਥ ਹਥ ਜੋੜਿ ਹੁਕਮੀ ਬੰਦੇ ਰਹਨਿ ਖੜੋਤੇ॥
ਚਾਰੇ ਚਕ ਨਿਵਾਇਆ ਪੈਰੀ ਪੈ ਇਕ ਸੂਤਿ ਪਰੋਤੇ॥
ਵੇਦ ਪਾਇਨਿ ਭੇਦੁ ਕਿਹੁ ਪੜਿ ਪੜਿ ਪੰਡਿਤ ਸੁਣਿ ਸੁਣਿ ਸ੍ਰੋਤੇ॥
ਚਹੁ ਜੁਗਿ ਅੰਦਰ ਜਾਗਦੀ ਓਤਿ ਪੋਤਿ ਮਿਲਿ ਜਗਮਗ ਜੋਤੇ॥
ਚਾਰਿ ਵਰਨ ਇਕ ਵਰਨ ਹੋਇ ਗੁਰਸਿਖ ਵੜੀਅਨਿ ਗੁਰਮੁਖਿ ਗੋਤੇ॥
ਧਰਮਸਾਲ ਵਿਚਿ ਬੀਜਦੇ ਕਰਿ ਗੁਰਪੁਰਬ ਸੁ ਵਣਜ ਸਓਤੇ॥
ਸਾਧਸੰਗਤਿ ਮਿਲਿ ਦਾਦੇ ਪੋਤੇ ॥੫॥

ਕਾਮੁ ਕ੍ਰੋਧੁ ਅਹੰਕਾਰ ਸਾਧਿ ਲੋਭ ਮੋਹ ਦੀ ਜੋਹ ਮਿਟਾਈ॥
ਸਤੁ ਸੰਤੋਖੁ ਦਇਆ ਧਰਮੁ ਅਰਥੁ ਸਮਰਥੁ ਸੁਗਰਥੁ ਸਮਾਈ॥
ਪੰਜੇ ਤਤ ਉਲੰਘਿਆ ਪੰਜਿ ਸਬਦ ਵਜੀ ਵਾਧਾਈ॥
ਪੰਜੇ ਮੁਦ੍ਰਾ ਵਸਿ ਕਰਿ ਪੰਚਾਇਣੁ ਹੁਇ ਦੇਸ ਦੁਹਾਈ॥
ਪਰਮੇਸਰ ਹੈ ਪੰਜ ਮਿਲਿ ਲੇਖ ਅਲੇਖ ਨ ਕੀਮਤਿ ਪਾਈ॥
ਪੰਜ ਮਿਲੇ ਪਰਪੰਚ ਤਜਿ ਅਨਹਦ ਸਬਦ ਸਬਦਿ ਲਿਵ ਲਾਈ॥
ਸਾਧਸੰਗਤਿ ਸੋਹਨਿ ਗੁਰ ਭਾਈ ॥੬॥

ਛਿਅ ਦਰਸਨ ਤਰਸਨਿ ਘਣੇ ਗੁਰਮੁਖਿ ਸਤਿਗੁਰੁ ਦਰਸਨੁ ਪਾਇਆ॥
ਛਿਅ ਸਾਸਤ੍ਰ ਸਮਝਾਵਣੀ ਗੁਰਮੁਖਿ ਗੁਰੁ ਉਪਦੇਸੁ ਦਿੜਾਇਆ॥
ਰਾਗ ਨਾਦ ਵਿਸਮਾਦ ਵਿਚਿ ਗੁਰਮਤਿ ਸਤਿਗੁਰ ਸਬਦੁ ਸੁਣਾਇਆ॥
ਛਿਅ ਰੁਤੀ ਕਰਿ ਵਰਤਮਾਨ ਸੂਰਜੁ ਇਕੁ ਚਲਤੁ ਵਰਤਾਇਆ॥
ਛਿਅ ਰਸ ਸਾਉ ਨ ਪਾਇਨੀ ਗੁਰਮੁਖਿ ਸੁਖੁ ਫਲੁ ਪਿਰਮੁ ਚਖਾਇਆ॥
ਜਤੀ ਸਤੀ ਚਿਰੁ ਜੀਵਣੇ ਚਕ੍ਰਵਰਤਿ ਹੋਇ ਮੋਹੇ ਮਾਇਆ॥
ਸਾਧਸੰਗਤਿ ਮਿਲਿ ਸਹਜਿ ਸਮਾਇਆ ॥੭॥

ਸਤ ਸਮੁੰਦ ਸਮਾਇ ਲੈ ਭਵਜਲ ਅੰਦਰਿ ਰਹੇ ਨਿਰਾਲਾ॥
ਸਤੇ ਦੀਪ ਅਨ੍ਹੇਰੁ ਹੈ ਗੁਰਮੁਖਿ ਦੀਪਕੁ ਸਬਦ ਉਜਾਲਾ॥
ਸਤੇ ਪੁਰੀਆ ਸੋਧੀਆ ਸਹਜ ਪੁਰੀ ਸਚੀ ਧਰਮਸਾਲਾ॥
ਸਤੇ ਰੋਹਣਿ ਸਤ ਵਾਰ ਸਾਧੇ ਫੜਿ ਫੜਿ ਮਥੇ ਵਾਲਾ॥
ਤ੍ਰੈ ਸਤੇ ਬ੍ਰਹਮੰਡਿ ਕਰਿ ਵੀਹ ਇਕੀਹ ਉਲੰਘਿ ਸੁਖਾਲਾ॥
ਸਤੇ ਸੁਰ ਭਰਪੂਰੁ ਕਰਿ ਸਤੀ ਧਾਰੀ ਪਾਰਿ ਪਿਆਲਾ॥
ਸਾਧਸੰਗਤਿ ਗੁਰ ਸਬਦ ਸਮਾਲਾ ॥੮॥

ਅਠ ਖੰਡਿ ਪਾਖੰਡ ਮਤਿ ਗੁਰਮਤਿ ਇਕ ਮਨਿ ਇਕ ਧਿਆਇਆ॥
ਅਸਟ ਧਾਤੁ ਪਾਰਸ ਮਿਲੀ ਗੁਰਮੁਖਿ ਕੰਚਨੁ ਜੋਤਿ ਜਗਾਇਆ॥
ਰਿਧਿ ਸਿਧਿ ਸਿਧ ਸਾਧਿਕਾਂ ਆਦਿ ਪੁਰਖ ਆਦੇਸੁ ਕਰਾਇਆ॥
ਅਠੈ ਪਹਰ ਅਰਾਧੀਐ ਸਬਦ ਸੁਰਤਿ ਲਿਵ ਅਲਖੁ ਲਖਾਇਆ॥
ਅਸਟ ਕੁਲੀ ਵਿਹੁ ਉਤਰੀ ਸਤਿਗੁਰ ਮਤਿ ਨ ਮੋਹੇ ਮਾਇਆ॥
ਮਨੁ ਅਸਾਧੁ ਨ ਸਾਧੀਐ ਗੁਰਮੁਖਿ ਸੁਖ ਫਲੁ ਸਾਧਿ ਸਧਾਇਆ॥
ਸਾਧਸੰਗਤਿ ਮਿਲਿ ਮਨ ਵਸਿ ਆਇਆ ॥੯॥

ਨਉ ਪਰਕਾਰੀ ਭਗਤਿ ਕਰਿ ਸਾਧੈ ਨਵੈ ਦੁਆਰ ਗੁਰਮਤੀ॥
ਗੁਰਮੁਖਿ ਪਿਰਮੁ ਚਖਾਇਆ ਗਾਵੈ ਜੀਭ ਰਸਾਇਣਿ ਰਤੀ॥
ਨਵੀ ਖੰਡੀ ਜਾਣਾਇਆ ਰਾਜੁ ਜੋਗ ਜਿਣਿ ਸਤੀ ਅਸਤੀ॥
ਨਉ ਕਰਿ ਨਉ ਘਰ ਸਾਧਿਆ ਵਰਤਮਾਨ ਪਰਲਉ ਉਤਪਤੀ॥
ਨਵ ਨਿਧਿ ਪਿਛਲ ਗਣੀ ਨਾਥ ਅਨਾਥ ਸਨਾਥ ਜੁਗਤੀ॥
ਨਉ ਉਖਲ ਵਿਚਿ ਉਖਲੀ ਮਿਠੀ ਕਉੜੀ ਠੰਢੀ ਤਤੀ॥
ਸਾਧ ਸੰਗਤਿ ਗੁਰਮਤਿ ਸਣਖਤੀ ॥੧੦॥

ਦਾਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ॥
ਉਸੁ ਸੂਅਰੁ ਉਸੁ ਗਾਇ ਹੈ ਪਰ ਧਨ ਹਿੰਦੂ ਮੁਸਲਮਾਣੈ॥
ਪੁਤ੍ਰ ਕਲਤ੍ਰ ਕੁਟੰਬੁ ਦੇਖਿ ਮੋਹੇ ਮੋਹਿ ਨ ਧੋਹਿ ਧਿਙਾਣੈ॥
ਉਸਤਤਿ ਨਿੰਦਾ ਕੰਨਿ ਸੁਣਿ ਆਪਹੁ ਬੁਰਾ ਨ ਆਖਿ ਵਖਾਣੈ॥
ਵਡ ਪਰਤਾਪੁ ਨ ਆਪੁ ਗਣਿ ਕਰਿ ਅਹੰਮੇਉ ਨ ਕਿਸੈ ਰਞਾਣੈ॥
ਗੁਰਮੁਖਿ ਸੁਖ ਫਲ ਪਾਇਆ ਰਾਜੁ ਜੋਗੁ ਰਸ ਰਲੀਆ ਮਾਣੈ॥
ਸਾਧਸੰਗਤਿ ਵਿਟਹੁ ਕੁਰਬਾਣੈ ॥੧੧॥

ਗੁਰਮੁਖਿ ਪਿਰਮੁ ਚਖਾਇਆ ਭੁਖ ਨ ਖਾਣੁ ਪੀਅਣੁ ਅੰਨੁ ਪਾਣੀ॥
ਸਬਦ ਸੁਰਤਿ ਨੀਂਦ ਉਘੜੀ ਜਾਗਦਿਆਂ ਸੁਖ ਰੈਣਿ ਵਿਹਾਣੀ॥
ਸਾਹੇ ਬਧੇ ਸੋਂਹਦੇ ਮੈਲਾਪੜ ਪਰਵਾਣੁ ਪਰਾਣੀ॥
ਚਲਣੁ ਜਾਣਿ ਸੁਜਾਣ ਹੋਇ ਜਗ ਮਿਹਮਾਨ ਆਏ ਮਿਹਮਾਣੀ॥
ਸਚੁ ਵਣਜਿ ਖੇਪ ਲੈ ਚਲੇ ਗੁਰਮੁਖਿ ਗਾਡੀ ਰਾਹੁ ਨੀਸਾਣੀ॥
ਹਲਤਿ ਪਲਤਿ ਮੁਖ ਉਜਲੇ ਗੁਰ ਸਿਖ ਗੁਰਸਿਖਾਂ ਮਨਿ ਭਾਣੀ॥
ਸਾਧਸੰਗਤਿ ਵਿਚਿ ਅਖਥ ਕਹਾਣੀ ॥੧੨॥

ਹਉਮੈ ਗਰਬੁ ਨਿਵਾਰੀਐ ਗੁਰਮੁਖਿ ਰਿਦੈ ਗਰੀਬੀ ਆਵੈ॥
ਗਿਆਨ ਮਤੀ ਘਟਿ ਚਾਨਣਾ ਭਰਮ ਅਗਿਆਨੁ ਅੰਧੇਰ ਮਿਟਾਵੈ॥
ਹੋਇ ਨਿਸਾਣਾ ਢਹਿ ਪਵੈ ਦਰਗਹਿ ਮਾਣੁ ਨਿਮਾਣਾ ਪਾਵੈ॥
ਖਸਮੈ ਸੋਈ ਭਾਂਵਦਾ ਖਸਮੈ ਦਾ ਜਿਸੁ ਭਾਣਾ ਭਾਵੈ॥
ਭਾਣਾ ਮੰਨੈ ਮੰਨੀਐ ਅਪਣਾ ਭਾਣਾ ਆਪਿ ਮਨਾਵੈ॥
ਦੁਨੀਆ ਵਿਚਿ ਪਰਾਹੁਣਾ ਦਾਵਾ ਛਡਿ ਰਹੇ ਲਾ ਦਾਵੈ॥
ਸਾਧਸੰਗਤਿ ਮਿਲਿ ਹੁਕਮਿ ਕਮਾਵੈ ॥੧੩॥

ਗੁਰ ਪਰਮੇਸਰੁ ਇਕੁ ਜਾਨਿ ਗੁਰਮੁਖਿ ਦੂਜਾ ਭਾਉ ਮਿਟਾਇਆ॥
ਹਉਮੈ ਪਾਲਿ ਢਹਾਇ ਕੈ ਤਾਲ ਨਦੀ ਦਾ ਨੀਰੁ ਮਿਲਾਇਆ॥
ਨਦੀ ਕਿਨਾਰੈ ਦਹੁ ਵਲੀ ਇਕ ਦੂ ਪਾਰਾਵਾਰੁ ਨ ਪਾਇਆ॥
ਰੁਖਹੁ ਫਲੁ ਤੈ ਫਲੁ ਰੁਖੁ ਇਕੁ ਨਾਉ ਫਲੁ ਰੁਖੁ ਸਦਾਇਆ॥
ਛਿਅ ਰੁਤੀ ਇਕੁ ਸੁਝ ਹੈ ਸੁਝੈ ਸੁਝੁ ਨ ਹੋਰੁ ਦਿਖਾਇਆ॥
ਰਾਤੀਂ ਤਾਰੇ ਚਮਕਦੇ ਦਿਹ ਚੜੀਐ ਕਿਨਿ ਆਖੁ ਲੁਕਾਇਆ॥
ਸਾਧਸੰਗਤਿ ਇਕੁ ਮਨਿ ਇਕੁ ਧਿਆਇਆ ॥੧੪॥

ਗੁਰਸਿਖ ਜੋਗੀ ਜਾਗਦੇ ਮਾਇਆ ਅੰਦਰਿ ਕਰਨਿ ਉਦਾਸੀ॥
ਕੰਨੀਂ ਮੁੰਦਰਾਂ ਮੰਤ੍ਰ ਗੁਰ ਸੰਤਾਂ ਧੂੜਿ ਬਿਭੂਤ ਸੁ ਲਾਸੀੁ॥
ਖਿੰਥਾ ਖਿਮਾ ਹੰਢਾਵਣੀ ਪ੍ਰੇਮ ਪਤ੍ਰ ਭਾਉ ਭੁਗਤਿ ਬਿਲਾਸੀ॥
ਸਬਦ ਸੁਰਤਿ ਸਿੰਙੀ ਵਜੈ ਡੰਡਾ ਗਿਆਨੁ ਧਿਆਨੁ ਗੁਰ ਦਾਸੀ॥
ਸਾਧਸੰਗਤਿ ਗੁਰ ਗੁਫੈ ਬਹਿ ਸਹਜਿ ਸਮਾਧਿ ਅਗਾਧਿ ਨਿਵਾਸੀ॥
ਹਉਮੈ ਰੋਗ ਅਰੋਗ ਹੋਇ ਕਰਿ ਸੰਜੋਗੁ ਵਿਜੋਗ ਖਲਾਸੀ॥
ਸਾਧਸੰਗਤਿ ਦੁਰਮਤਿ ਸਾਬਾਸੀ ॥੧੫॥

ਲਖ ਬ੍ਰਹਮੇ ਲਖ ਵੇਦ ਪੜਿ ਨੇਤ ਨੇਤ ਕਰਿ ਕਰਿ ਸਭ ਥਕੇ॥
ਮਹਾਦੇਵ ਅਵਧੂਤ ਲਖ ਜੋਗ ਧਿਆਨ ਉਣੀਦੈ ਅਕੇ॥
ਲਖ ਬਿਸਨ ਅਵਤਾਰ ਲੈ ਗਿਆਨ ਖੜਗੁ ਫੜਿ ਪਹੁਚਿ ਨ ਸਕੇ॥
ਲਖ ਲੋਮਸੁ ਚਿਰ ਜੀਵਣੇ ਆਦਿ ਅੰਤਿ ਵਿਚਿ ਧੀਰਕ ਧਕੇ॥
ਤਿਨਿ ਲੋਅ ਜੁਗ ਚਾਰਿ ਕਰਿ ਲਖ ਬ੍ਰਹਮੰਡ ਖੰਡ ਕਰ ਢਕੇ॥
ਲਖ ਪਰਲਉ ਉਤਪਤਿ ਲਖ ਹਰਹਟ ਮਾਲਾ ਅਖਿ ਫਰਕੇ॥
ਸਾਧਸੰਗਤਿ ਆਸਕੁ ਹੋਇ ਤਕੇ ॥੧੬॥

ਪਾਰਬ੍ਰਹਮ ਪੂਰਨ ਬ੍ਰਹਮੁ ਆਦਿ ਪੁਰਖੁ ਹੈ ਸਤਿਗੁਰੁ ਸੋਈ॥
ਜੋਗ ਧਿਆਨੁ ਹੈਰਾਨੁ ਹੋਇ ਵੇਦ ਗਿਆਨ ਪਰਵਾਹ ਨ ਹੋਈ॥
ਦੇਵੀ ਦੇਵ ਸਰੇਵਦੇ ਜਲ ਥਲ ਮਹੀਅਲ ਭਵਦੇ ਲੋਈ॥
ਜੋਮ ਜਗ ਜਪ ਤਪ ਘਣੇ ਕਰਿ ਕਰਿ ਕਰਮ ਧਰਮ ਦੁਖ ਰੋਈ॥
ਵਸਿ ਨ ਆਵੈ ਧਾਂਵਦਾ ਅਠੁ ਖੰਡਿ ਪਾਖੰਡ ਵਿਗੋਈ॥
ਗੁਰਮੁਖਿ ਮਨੁ ਜਿਣਿ ਜਗੁ ਜਿਣੈ ਆਪੁ ਗਵਾਇ ਆਪੇ ਸਭ ਕੋਈ॥
ਸਾਧਸੰਗਤਿ ਗੁਣ ਹਾਰੁ ਪਰੋਈ ॥੧੭॥

ਅਲਖ ਨਿਰੰਜਨ ਆਖੀਐ ਰੂਪ ਨ ਰੇਖ ਅਲੇਖ ਅਪਾਰਾ॥
ਅਬਿਗਤਿ ਗਤਿ ਅਬਿਗਤਿ ਘਣੀ ਸਿਮਰਣਿ ਸੇਖ ਨ ਆਵੈ ਵਾਰਾ॥
ਅਕਥ ਕਥਾ ਕਿਉ ਜਾਣੀਐ ਕੋਇ ਨ ਆਖ ਸੁਣਾਵਣਹਾਰਾ॥
ਅਚਰਜੁ ਨੋ ਅਚਰਜੁ ਹੋਇ ਵਿਸਮਾਦੈ ਵਿਸਮਾਦੁ ਸੁਮਾਰਾ॥
ਚਾਰਿ ਵਰਨ ਗੁਰੁ ਸਿਖ ਹੋਇ ਘਰ ਬਾਰੀ ਬਹੁ ਵਣਜ ਵਪਾਰਾ॥
ਸਾਧਸੰਗਤਿ ਅਰਾਧਿਆਭਗਤਿ ਵਛਲ ਗੁਰੁ ਰੂਪੁ ਮੁਰਾਰਾ॥
ਭਵ ਸਾਗਰੁ ਗੁਰਿ ਸਾਗਰ ਤਾਰਾ ॥੧੮॥

ਨਿਰੰਕਾਰੁ ਏਕੰਕਾਰੁ ਪੀਰ ਮੁਰੀਦਾ ਪਿਰਹੜੀ ਓਅੰਕਾਰਿ ਅਕਾਰੁ ਅਪਾਰਾ॥
ਰੋਮ ਰੋਮ ਵਿਚਿ ਰਖਿਓਨੁ ਕਰਿ ਭ੍ਰਹਮੰਡ ਕਰੋੜਿ ਪਸਾਰਾ॥
ਕੇਤੜਿਆਂ ਜੁਗ ਵਰਤਿਆ ਅਗਮ ਅਗੋਚਰੁ ਧੁੰਧੂਕਾਰਾ॥
ਕੇਤੜਿਆਂ ਜੁਗ ਵਰਤਿਆ ਕਰਿ ਕਰਿ ਕੇਤੜਿਆਂ ਅਵਤਾਰਾ॥
ਭਗਤਿ ਵਛਲੁ ਹੋਇ ਆਇਆ ਕਲੀ ਕਾਲ ਪਰਗਟ ਪਾਹਾਰਾ॥
ਸਾਧਸੰਗਤਿ ਵਸਗਤਿ ਹੋਆ ਓਤਿ ਪੋਤਿ ਕਰਿ ਪਿਰਮ ਪਿਆਰਾ॥
ਗੁਰਮੁਖਿ ਸੁਝੈ ਸਿਰਜਣਹਾਰਾ ॥੧੯॥

ਸਤਿਗੁਰ ਮੂਰਤਿ ਪਰਗਟੀ ਗੁਰਮੁਖਿ ਸੁਖਫਲੁ ਸਬਦ ਵਿਚਾਰਾ॥
ਇਕਦੂ ਹੋਇ ਸਹਸ ਫਲੁ ਗੁਰੁ ਸਿਖ ਸਾਧਸੰਗਤਿ ਓਅੰਕਾਰਾ॥
ਡਿਠਾ ਸੁਣਿਆ ਮੰਨਿਆ ਸਨਮੁਖਿ ਸੇ ਵਿਰਲੇ ਸੈਸਾਰਾ॥
ਪਹਿਲੋ ਦੇ ਪਾ ਖਾਕ ਹੋਇ ਪਿਛਹੁ ਜਗੁ ਮੰਗੈ ਪਗ ਛਾਰਾ॥
ਗੁਰਮੁਖਿ ਮਾਰਗ ਚਲਿਆ ਸਚੁ ਵਣਜੁ ਕਰਿ ਪਾਰਿ ਉਤਾਰਾ॥
ਕੀਮਤਿ ਕੋਇ ਨ ਜਾਣਈ ਆਖਣਿ ਸੁਣਨਿ ਨ ਲਿਖਣਿਹਾਰਾ॥
ਸਾਧਸੰਗਤਿ ਗੁਰ ਸਬਦੁ ਪਿਆਰਾ ॥੨੦॥

ਸਾਧਸੰਗਤਿ ਗੁਰੁ ਸਬਦ ਲਿਵ ਗੁਰਮੁਖਿ ਸੁਖਫਲੁ ਪਿਰਮੁ ਚਖਾਇਆ॥
ਸਭ ਨਿਧਾਨ ਕੁਰਬਾਨ ਕਰਿ ਸਭੇ ਫਲ ਬਲਿਹਾਰ ਕਰਾਇਆ॥
ਤ੍ਰਿਸਨਾ ਜਲਣਿ ਬੁਝਾਈਆਂ ਸਾਂਤਿ ਸਹਜ ਸੰਤੋਖੁ ਦਿੜਾਇਆ॥
ਸਭੇ ਆਸਾ ਪੂਰੀਆ ਆਸਾ ਵਿਚਿ ਨਿਰਾਸ ਵਲਾਇਆ॥
ਮਨਸਾ ਮਨਹਿ ਸਮਾਇ ਲੈ ਮਨ ਕਾਮਨ ਨਿਹਕਾਮ ਨ ਧਾਇਆ॥
ਕਰਮ ਕਾਲ ਜਮ ਜਾਲ ਕਟਿ ਕਰਮ ਕਰੇ ਨਿਹਕਰਮ ਰਹਾਇਆ॥
ਗੁਰ ਉਪਦੇਸੁ ਅਵੇਸ ਕਰਿ ਪੈਰੀ ਪੈ ਜਗੁ ਪੈਰੀ ਪਾਇਆ॥
ਗੁਰ ਚੇਲੇ ਪਰਚਾ ਪਰਚਾਇਆ ॥੨੧॥

੨੯॥

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ