Maajha Bihari

ਦਰਬਾਰੀ ਕਵੀ — ਬਿਹਾਰੀ · ੨ / ੨

੧ ਦਰਦ ਪਿਆਰੇ ਦੇ ਘਾਇਲ ਕੀਤੀ, ਮਨ ਤਨ ਹੀ ਨਿਤ ਜਾਂਦੀ । ਕਰਿ ਕਰਿ ਰਹੀ ਇਲਾਜ ਘਨੇਰੇ, ਨਿਤ ਪੀੜ ਕਲੇਜਾ ਖਾਂਦੀ । ਪੀੜ ਕਲੇਜਿਓਂ ਨਿਕਲ ਵੈਂਦੀ, ਗੁਝੀ ਰਹੈ ਨੈਣਾਂ ਦੀ । ਗੋਬਿੰਦ ਸਿੰਘ ਪਿਆਰੇ ! ਸੋ ਸਾਲਾਹੀਂ, ਜਿ ਲਹਿੰਦੇ ਖਬਰ ਦਿਲਾਂ ਦੀ । ੨ ਲਟਕ ਤੁਸਾਡੀ ਮੈਂ ਲੋਟਨ ਕੀਤੀ, ਫਿਰਾਂ ਲੁਟੀਂਦੀ ਰਾਹੀਂ । ਤਾਗਤਿ ਕੱਢ ਖੜੀ ਵਿਛੋੜੇ, ਮੈਂ ਕੱਤਾਂ ਕੈਂ ਦੀ ਬਾਹੀਂ । ਜਾਂ ਸਵਾਂ ਤਾਂ ਤੂੰ ਨਾਲੇ ਸਵੇਂ, ਜਾਂ ਚਲਨਾਂ ਉਠਿ ਰਾਹੀਂ । ਗੁਰੂ ਗੋਬਿੰਦ ਸਿੰਘ ! ਜਬ ਭੀਤਰ ਵੇਖਾਂ, ਤੂੰ ਹੈ ਹੈਂ ਮੈਂ ਨਾਹੀਂ । ੩ ਆਸ਼ਕ ਨਾਲ ਬਰੋਬਰ ਕੇਹੀ, ਜਿਸ ਧੜ ਹੈ ਸਿਰੁ ਨਾਹੀਂ । ਉਹ ਰਹਿਣ ਪਲਕਾਂ ਦੇ ਮਾਰੂ, ਜਿਉਂ ਸੂਰੇ ਰਣ ਮਾਂਹੀਂ ।

ਗਲੀਆਂ ਵਿਚ ਫਿਰੈਂ ਚੁਪ ਕੀਤੇ, ਤਲੀਆਂ ਭੜਕਨ ਭਾਹੀਂ । ਨਵੀਂ ਖੰਡੀਂ ਥਰਥਲ ਬਿਹਾਰੀ, ਜਾਂ ਆਸ਼ਕ ਕੱਢਣ ਆਹੀਂ । ੪ ਤੀਰਾਂ ਕੋਲੋਂ ਤਿਖੀਆਂ ਪਲਕਾਂ, ਜ਼ਾਲਮ ਕਰਨ ਤਕਬੀਰਾਂ । ਕਾਮਣਹਾਰੀ ਕਾਮਣ ਪਾਏ, ਏਹੁ ਤਨ ਕੀਤਾ ਲੀਰਾਂ । ਮਹਿਬੂਬਾਂ ਦੀ ਏਹਾ ਵਹਿਦਤ, ਲੂੰ ਲੂੰ ਦੇਂਦੀ ਸੀਰਾਂ । ਮਹਿਬੂਬਾਂ ਦੇ ਘਾਉ ਬਿਹਾਰੀ, ਸਹਿਣੇ ਪਏ ਫਕੀਰਾਂ । ੫ ਜਿਨ੍ਹਾਂ ਬਾਝਹੁ ਘੜੀ ਨ ਜੀਵਾਂ, ਹੁਣ ਉਨ ਕਉ ਭਏ ਮਹੀਨੇ । ਸਿਕ ਮਹਿਬੂਬਾਂ ਕੈਬਰ ਲਾਇਆ, ਗਰਕ ਗਿਆ ਵਿਚ ਸੀਨੇ । ਆਹੀਂ ਨਾਲਿ ਨ ਨਿਕਲ ਵੈਂਦਾ, ਸੁੰਞੇ ਜੀਅ ਕਮੀਨੇ । ਤਨ ਦੀਆਂ ਤਪਤਾਂ ਮਿਟਨ ਬਿਹਾਰੀ, ਜਾਂ ਮਿਲਸਨ ਯਾਰ ਨਗੀਨੇ । ੬ ਸਾਰ ਸਮਾਲ ਸਵਾਂ ਗੁਣ ਤੈਂਡੇ, ਮੈਂ ਕੂੰ ਸੁਤਿਆਂ ਸਵਣ ਨ ਦੇਂਦੇ ।

ਲੋਕ ਜਾਣੈ ਏਹੁ ਦੁਵੈ ਜੁੜੀਆਂ, ਮੈਂ ਕੂੰ ਤਤੋ ਤਾਇ ਤਵੈਂਦੇ । ਸਿੰਨਿਆਂ ਹੋਇਆਂ ਕੱਖਾਂ ਵਾਂਗੂੰ, ਧੁਖ ਧੁਖ ਢਾਂਢ ਬਲੇਂਦੇ । ਕਹੁ ਗੋਬਿੰਦ ਸਿੰਘ ਨੈਣਾਂ ਦੀ ਗੱਲ, ਰੋਇ ਦੇਂਦੇ ਪਰ ਨਾਲ ਨ ਵੈਂਦੇ । ੭ ਜਾਂ ਹਸੈ ਤਾਂ ਮਿਠਾ ਲਗੈ, ਰੁਸੈ ਤਾਂ ਖਰਾ ਪਿਆਰਾ । ਜਿਉਂ ਜਿਉਂ ਬੂੰਦ ਪੀਵਤ ਹੈ ਚਾਤ੍ਰਿਕ, ਸੀਤਲ ਹੋਇ ਮੰਝਾਰਾ । ਜਾਂ ਦਿਸੈ ਤਾਂ ਚਾਨਣ ਥੀਵੈ, ਬਿਨੁ ਡਿਠਿਆਂ ਅੰਧਿਆਰਾ । ਅੱਖੀਂ ਕਣ ਨਾ ਸਹਿਨ ਬਿਹਾਰੀ, ਵਿਚ ਮਿੱਤ ਸਮਾਵੈ ਸਾਰਾ । ੮ ਬਿੰਦ੍ਰਾਬਨ ਦੀਆਂ ਠੰਢੀਆਂ ਛਾਵਾਂ, ਮੋਰੀਂ ਰੁਣ ਝੁਣ ਲਾਇਆ । ਕਢਿ ਕਲੇਜਾ ਕੋਇਲੇ ਕੀਤਾ, ਕੋਈ ਦਾਦਰੁ ਦੁੰਦੁ ਰਚਾਇਆ । ਬਿਜਲੀ ਲਸ਼ਕੈ ਤੇ ਘਨੀਅਰ ਗਰਜੈ, ਮੇਰਾ ਸੁੱਤਾ ਪ੍ਰੇਮ ਜਗਾਇਆ ।

ਇਕਸੁ ਮੁਰਲੀ ਵਾਲੇ ਬਾਝ ਬਿਹਾਰੀ, ਸਾਨੂੰ ਖੂਨੀ ਸਾਵਣ ਆਇਆ । ੯ ਰੱਤੀ ਪ੍ਰੇਮ ਜਿਨ੍ਹਾਂ ਦੇ ਅੰਦਰਿ, ਬਿਨਾ ਸ਼ਰਾਬੋਂ ਖੀਵੈ । ਅਠਿ ਪਹਿਰ ਮਹਿਲੀਂ ਚਾਨਣ ਉਥੇ, ਬਲਨ ਪ੍ਰੇਮ ਦੇ ਦੀਵੈ । ਜੇਹੀ ਲਾਇਨ ਤੋੜ ਨਿਬਾਹਨਿ, ਸਫਲ ਤਿਨ੍ਹਾਂ ਦਾ ਜੀਵੈ । ਹਰਿ ਅੰਮ੍ਰਿਤ ਸੰਤਾਂ ਦੇ ਮੁਖੁ ਵਰਸੈ, ਗੁਰਮੁਖ ਹੋਇ ਸੁ ਪੀਵੈ । ੧੦ ਅਚਨ ਚੇਤਿਆਂ ਤੇ ਚੁਪ-ਚੁਪਾਤਿਆਂ, ਲੱਗੀਆਂ ਪ੍ਰੇਮ-ਨਿਗਾਹਾਂ । ਝੱਲਾਂ ਦੇ ਵਿਚ ਫਿਰਾਂ ਕੁਕੇਂਦੀ, ਹੱਥ ਘੱਤੀ ਵਿਚ ਕਾਹਾਂ । ਅਗੇ ਭੀ ਪ੍ਰੇਮ ਸੁ ਹੋਂਦਾ ਆਹਾ, ਕਿ ਲੱਗਾ ਦੋਸ਼ ਅਸਾਹਾਂ । ੧੧ ਘੜੀ ਨਿਹਾਲੀ ਵਾਟ ਮਿਤ੍ਰਾਂ ਦੀ, ਜੋ ਕੋਈ ਆਖੈ ਆਵੈ । ਸਾਰਾ ਦਿਹੁ ਨਿਹਾਰਦੇ ਗੁਜ਼ਰੈ, ਮੈਂ ਕੂੰ ਦੁਖੀ ਰੈਣਿ ਵਿਹਾਵੈ ।

ਜਿਸ ਕਮਮ ਨੂੰ ਮੈਂ ਹੱਥ ਲਗਾਈਂ, ਸੋ ਕੰਮ ਖਾਵਣ ਧਾਵੈ । ਸ਼ਾਂਤਿ ਮਿਲਨ ਸੁ ਲੁੜੀਂਦੇ ਸੱਜਣ, ਸਾਡੀ ਤਾਂ ਦਿਲਗੀਰੀ ਜਾਵੈ । ੧੨ ਦਿਤੀ ਕੰਡ ਨ ਜਾਹਿ ਪਿਆਰਿਆ ! ਮੈਂ ਤੇਰੇ ਦਰਦ ਰੰਞਾਣੀ । ਘੰਡਾ ਹੇੜੇ ਦੀ ਹਰਨੀ ਵਾਂਗੂੰ, ਬਾਣ ਗਰਕ ਗਿਆ ਸਣ ਕਾਨੀ । ਤਾਗਤਿ ਕੱਢਿ ਖੜੀ ਵਿਛੋੜੇ, ਮੈਂ ਤੁਟੀ ਫਿਰਾਂ ਪਰਾਣੀ । ਗਲ ਵਿਚ ਪੱਲੂ ਸਤਿਗੁਰ ਵਾਲਾ, ਮੈਂ ਅਰਦ ਬਜ਼ਾਰ ਵਿਕਾਣੀ । ੧੩ ਯਾਰ ਯਾਰਾਂ ਕੋਲੋਂ ਵਿਦਿਆ ਮੰਗਦੇ, ਆਖ ਦਿਖਾ ਕਿਆ ਕਰੀਐ । ਸਿਰੁ ਨੂੰ ਕਟਿ ਰਿਸਾਲੁ ਬਣਾਈਐ, ਪੇਸ਼ਿ ਮਿਤ੍ਰਾਂ ਦੀ ਧਰੀਐ । ਜੇ ਸਿਰ ਦਿਤੇ ਰਾਜ਼ੀ ਥੀਵਨ, ਸਿਰੁ ਦੇਂਦਿਆਂ ਕਿਉਂ ਡਰੀਐ । ਸਿਰ ਸਦਕੇ ਕੁਰਬਾਣ ਬਿਹਾਰੀ, ਜੇ ਵਿਚੁ ਨਿਗਾਹਾਂ ਦੇ ਮਰੀਐ ।

੧੪ ਲੋਹਾ ਵਸ ਪਿਆ ਉਸਤਾਦਾਂ, ਮਲਿ ਦਲਿ ਕੀਤਾ ਕਾਹੀਂ । ਜਾਂ ਮੁਖ ਦੇਖਣ ਲਾਇਕ ਥੀਆ, ਤਾਂ ਸਭ ਲੋਕ ਸਲਾਹੀਂ । ਤੂੰ ਹੀ ਮੈਂਡਾ ਸਜਣ ਪੜਦੇ ਕੱਹਣ, ਜਿਨਿ ਓੜਕ ਪ੍ਰੀਤਿ ਨਿਬਾਹੀ । ਦਿਲ ਦੇ ਮਹਿਰਮ ਨਾਲ ਬਿਹਾਰੀ, ਭੀਖ ਮੰਗਣੁ ਪਾਤਸ਼ਾਹੀ । ੧੫ ਕਲਰ ਧਾਨ ਨ ਹੋਨੀ ਕਬਹੂੰ, ਜੇ ਕੋਟਕੁ ਬਦਲ ਬਰਖਾਨੇ । ਤਨ ਮਨੁ ਚਿਤ ਦੇਈਏ ਸਭ ਅਪਣਾ, ਲਲਚੀ ਕਬਹੂ ਨ ਅਘਾਨੇ । ਅਪਰਾਧੀ ਨ ਰਹੇ ਅਪਰਾਧਹੁੰ, ਸੁਨਿ ਸੁਨਿ ਬੇਦ ਪੁਰਾਨੇ । ਅਗਨਿ ਪਾਣੀ ਦੀ ਆਂਚ ਬਿਹਾਰੀ, ਮੋਠੁ ਕਠੋਰੁ ਨ ਮਾਨੇ । ੧੬ ਪ੍ਰੇਮ ਪਿਕਾਮ ਲਗਾ ਤਨ ਅੰਦਰ, ਕਰਕ ਕਲੇਜੇ ਨੂੰ ਆਵੈ । ਅੰਦਰ ਵੰਞਿ ਸ਼ਨਾਖਤੁ ਹੋਇਆ, ਰੱਤੁ ਪੀਵੈ ਮਾਸ ਖਾਵੈ ।

ਸੱਦਹੁੰ ਵੈਦ ਦਿਖਾਲਹੁ ਨਾੜੀ, ਉਹ ਗਰਕ ਗਇਆ ਗਰਕਾਵੈ । ਸੁਰੰਗ ਪੈਕਾਮੁ ਨ ਕੱਢਹੁ ਮੂਲੇ, ਮਤੁ ਦਰਦ ਭੀ (ਨਾਲਿ) ਨਿਕਲ ਜਾਵੈ । ੧੭ ਜਾਨੀ ਮੇਰਾ ਮੈਂ ਜਾਨੀ ਦਾ, ਜਾਨੀ ਬਾਝੁ ਬਿਗਾਨੀ । ਜਾਨੀ ਲਾਇਆ ਕਰਕ ਕਲੇਜੇ, ਤਾਂ ਕੀਤੀ ਦਰਦ ਦਿਵਾਨੀ । ਜਾਨੀ ਬਾਝੁ ਮੈਂ ਘੜੀ ਨ ਜੀਵਾਂ, ਜਾਨੀ ਫਿਰੈ ਗੁਮਾਨੀ । ਜਬ ਜਾਨੀ ਤਬ ਜਾਨ ਬਿਹਾਰੀ, ਜਾਨਿ ਜਾਨਿ ਵਿਚ ਜਾਨੀ । ੧੮ ਮਨਿ ਮਹਿਤਾਬੁ ਜੋਤਿ ਤਿਨ੍ਹਾਂ ਨੂੰ, ਅੱਖੀ ਬਲਨ ਮਸਾਲਾਂ । ਜਿਨ੍ਹਾਂ ਸਾਡਾ ਮਨੁ ਤਨੁ ਲੀਤਾ, ਬਾਝੁ ਤਿਨ੍ਹਾਂ ਕਿਉਂ ਜਾਲਾਂ । ਲਗੀ ਮੁਹਬਤ ਪਿਆ ਵਿਛੋੜਾ, ਪਲੁ ਪਲੁ ਤੂੰਹੀ ਸਮਾਲਾਂ । ਆਹੀਂ ਦੇ ਲਿਖ ਲੇਖ ਬਿਹਾਰੀ, ਦਰਗਹਿ ਜਾਇ ਦਿਖਾਲਾਂ ।

੧੯ ਨਿਕੜਿਆਂ ਹੋਂਦਿਆਂ ਦੀ ਪਈ ਮੁਹੱਬਤ, ਹੋਈ ਬੰਦ ਦਿਲਾਂ ਨੂੰ । ਸਿਕਨ ਅੱਖੀਂ ਤੇ ਮਨ ਝੂਰੇ, ਮਿਤ੍ਰਾਂ ਵਿਛੜਿਆਂ ਨੂੰ । ਰਤਿਆ ਹੋਇਆਂ ਦਿਲਾਂ ਵਿਛੋੜਿਨ, ਪਉਸੀ ਸਬਰ ਤਿਨ੍ਹਾਂ ਨੂੰ । ਜੀਵਦਿਆਂ ਨ ਮਿਲਿਨ ਬਿਹਾਰੀ, ਕੀ ਕਰਸਨ ਯਾਦ ਮੁਇਆਂ ਨੂੰ । ੨੦ ਆਖ ਦਿਖਾ ਸਭਰਾਈਏ ਹੀਰੇ ! ਤੁਧ ਰਾਂਝਨ ਕਿਤ ਗੁਣ ਪਾਇਆ । ਲਾਹਿ ਅਦਬੁ ਵੜੀ ਵਿਚ ਅੱਤਣ, ਕਮਲੀ ਆਪ ਸਦਾਇਆ । ਰਾਜੁ ਹੋਇਕੈ ਪੀਆ ਪਿਆਲਾ, ਤੈਂਡਾ ਸ਼ਹੁ ਮੁਕਲਾਊ ਆਇਆ । ਸਾਰੀ ਉਮਰ ਢੂੰਢੇਦਿਆਂ ਗੁਜ਼ਰੀ, ਵਿਚੇ ਹੀ ਸ਼ਹੁ ਪਾਇਆ । ੨੧ ਆਸ਼ਕ ਮਾਣੂੰ ਰਹੈ ਨ ਗੁਝਾ, ਜੇ ਸਤਰ ਮੈਲਾ ਹੋਵੈ । ਮਾਰਿਆ ਗਰਜ਼ ਫਿਰੈ ਡੁਗਲਾਂਦਾ, ਤਨ ਝੂਰੈ ਮਨੁ ਰੋਵੈ ।

ਜਿਥੇ ਨਜ਼ਰ ਚੰਗੇਰੀ ਹੋਵੈ, ਉਥੇ ਜਾਇ ਖਲੋਵੈ । ਉਸ ਆਸ਼ਕ ਨੂੰ ਮੈਲ ਨ ਲਗੈ, ਜੁ ਹੱਡ ਪਲੀਤ ਨ ਹੋਵੈ । ੨੨ ਤੂ ਲਿਖਿ ਕੈ ਪਤੀਆ ਲੈ ਆਇਓ, ਊਧੋ ਅਸੀਂ ਪ੍ਰੇਮ ਦਰਦਿ ਦੁਖ ਭਰੀਆਂ । ਤੂ ਬਿਦਰਦੁ ਤੈਨੂੰ ਦਰਦੁ ਨ ਕੋਈ, ਅਸੀਂ ਕਵਨ ਵਖਤ ਦੀਆਂ ਖੜੀਆਂ । ਮੁਰਲੀ ਵਾਲੇ ਵਸਿ ਕਰ ਲੀਤੀਆਂ, ਸਿਰਿ ਪਾਇ ਪ੍ਰੇਮ ਦੀਆਂ ਜੜੀਆਂ । ਸੇ ਕਿਉਂ ਮਲਨਿ ਬਿਭੂਤੁ ਬਿਹਾਰੀ, ਜਿਨਿ ਸਿਰਿ ਸੋਹਾਗ ਦੀਆਂ ਧੜੀਆਂ । ੨੩ ਜਿਉਂ ਜਿਉਂ ਜਾਨੀ ਮੈਨੂੰ ਚਲਣ ਸੁਣਾਏ, ਤਿਉਂ ਤਿਉਂ ਸੋਗ ਭਰੀਵਾਂ । ਇਸੇ ਸੋਗ ਤੁਸਾਡੇ ਕੋਲੋਂ, ਨ ਮੈਂ ਮਰਾਂ ਨ ਜੀਵਾਂ । ਅੰਦਰੁ ਪਾਟ ਥੀਆ ਟਵੀਰਾ, ਟੁਕ ਟੁਕ ਕੇਹੜਾ ਸੀਵਾਂ । ਮੈਨੂੰ ਲੈ ਚਲੁ ਨਾਲਿ ਬਿਹਾਰੀ, ਤੋੜੇ ਖ਼ਿਦਮਤਦਾਰ ਸਦੀਵਾਂ ।

੨੪ ਖਾਸੇ ਬਾਝੁ ਨ ਰਹਿਨ ਦਲਿਦ੍ਰੀ, ਜਿਉਂ ਸੂਮ ਨ ਰੱਜਦਾ ਮਾਲੋਂ । ਪਾਣੀ ਬਾਝਿ ਦਰਿਆਉ ਨ ਰੱਜਨ, ਜਿਵੇਂ ਦ੍ਰਖਤ ਨ ਰੱਜਦਾ ਟਾਲੋਂ । ਰਯਤਿ ਬਾਝਿ ਪਾਤਿਸ਼ਾਹ ਨ ਰੱਜਨ, ਜਿਵੇਂ ਫਕਰ ਨ ਰੱਜਦਾ ਹਾਲੋਂ । ਇਸ ਭਤਿ ਨਵਾਂ ਸਨੇਹੁ ਬਿਹਾਰੀ, ਨੈਣ ਨ ਰੱਜਨਿ ਭਾਲੋਂ । ੨੫ ਭੁਖ ਜੇਡੁ ਜ਼ਹਮਤਿ ਨਹੀਂ ਕੋਈ, ਅੰਨੁ ਜੇਡੁ ਨਹੀਂ ਦਾਰੂ । ਕਾਮ ਜੇਡੁ ਕਮਲਾ ਨਹੀਂ ਕੋਈ, ਅੱਗੁ ਜੇਡੁ ਨਹੀਂ ਚਾਰੂ । ਪਉਨ ਜੇਡੁ ਕੋਈ ਧਾਵਾ ਨਾਹੀਂ, ਕਾਲ ਜੇਡੁ ਨਹੀਂ ਮਾਰੂ । ਪਾਪ ਜੇਡੁ ਕੋਈ ਡੂੰਘਾ ਨਾਹੀਂ, ਧਰਮੁ ਜੇਡੁ ਨਹੀਂ ਤਾਰੂ । ੨੬ ਕੂੜ ਜੇਡਾ ਕੋਈ ਦੁਸ਼ਮਨ ਨਾਹੀ, ਸਚੁ ਜੇਡਾ ਨਹੀਂ ਸਜਣ । ਜੇਡੁ ਵਿਛੋੜੇ ਮਉਤ ਨ ਕਾਈ, ਮਿਲਨੇ ਜੇਡ ਨ ਰੱਜਣ ।

ਸਤਿਗੁਰ ਕੇ ਪਰਸਾਦਿ ਬਿਹਾਰੀ, ਜਿਸ ਸਿਮਰਣ ਤਿਸ ਰੱਜਣ । ੨੭ ਰਾਮੁ ਵਿਸਾਰਿਓ ਕਿਤੁ ਭਰਵਾਸੈ, ਤੈਨੂੰ ਕੇਹਾ ਗੁਮਾਨ ਪਇਓ ਰੀ । ਲਾਲਚ ਲਗਿਕੈ ਜਨਮੁ ਗਵਾਇਓ, ਖੁਦੀ ਖ਼ਰਾਬ ਕਿਤੋਈ । ਜਾਂ ਜਮ ਆਵੀ ਪਕੜਿ ਚਲਾਵੀ, ਤੈਂਡਾ ਭਾਈ ਬੰਧੁ ਨ ਕੋਈ । ਸਤਿਗੁਰ ਕੇ ਪ੍ਰਸਾਦਿ ਬਿਹਾਰੀ, ਤੈਂਡੀ ਹਰਿ ਸਿਮਰਨ ਗਤਿ ਹੋਈ । ੨੮ ਸਤਰ ਜੋਰੁ ਕੀਤੇ ਦਰਿਆਈਂ, ਰਾਹੀਂ ਰੇਤ ਰਿਸਾਨੀ । ਅੰਗੁਲੀਆਂ ਕਟਿ ਕਲਮ ਕਰੇਹੀ, ਨੈਣ ਕਰੀਂ ਮਸਵਾਨੀ । ਦਿਲ ਦਾ ਟੁਕੜਾ ਕਾਗਦ ਕਰੀਐ, ਹੰਝੂ ਕਰੀਐ ਪਾਨੀ । ਲਿਖ ਹਕੀਕਤ ਯਾਰਾਂ ਭੇਜੀ, ਮੈਂ ਰੋ ਰੋ ਹਰਫ਼ ਪਛਾਨੀ । ੨੯ ਸਭੇ ਖੂਹ ਭਰ ਮਥੁਰਾ ਦੇ, ਸੌ ਭੇਜੇ ਕਿਸ਼ਨ ਸਨੇਹੇ ।

ਆਪ ਨ ਆਵੈ ਤੇ ਲਿਖ ਨ ਭੇਜੇ, ਓਹੁ ਕੇ ਜਾਣਾਂ ਹਰਿ ਕੇਹੇ । ਕਾਨੇ ਖੁਟੇ ਕਿ ਮਸੁ ਨਿਖੁਟੀ, ਕੇ ਕਾਗਦ ਖਾਧੇ ਲੇਹੇ । ਕੇ ਲਿਖਣਹਾਰ ਨਾ ਮਿਲਮੁ ਬਿਹਾਰੀ, ਜੋ ਪਤੀਆਂ ਲਿਖ ਦੇਹੇ । ੩੦ ਨਿਕਲਿ ਬਾਣ ਗਏ ਦੁਸੱਲੂ, ਜੋ ਕਸ ਮਾਰੇ ਨੇਹੀ । ਅਗੇ ਫੱਟ ਚਿਮਾਂਦੇ ਆਹੇ, ਹੁਣ ਲੱਗਾ ਵਿਚਿ ਦੇਹੀ । ਰੱਤੀ ਰੱਤ ਰਗਾਂ ਵਿਚ ਨਾਹੀਂ, ਤੋੜੇ ਦੇਖੋ ਪਾਇ ਵਲੇਹੀ । ਇਸ ਵਿਛੋੜੇ ਦੀ ਪੀੜ ਬਿਹਾਰੀ, ਸਜਰੀ ਨ ਥੀਂਦੀ ਬੇਹੀ । ੩੧ ਹਿਕ ਦਿਨ ਮਾਹੀ ਮੈਂ ਅੰਦਰ ਸੁੱਤੀ, ਮੈਂਡੀ ਸ਼ਾਮ ਹਿਲਾਈ ਖਿੜਕੀ । ਖਿੜਕੀ ਹਿਲੀ ਤੇ ਧਮਕ ਪਹੁਤੀ, ਤੁਟੀ ਕੰਨ ਦੀ ਲੁੜਕੀ । ਅੰਦਰ ਮਾਊਂ ਗਾਲ੍ਹੀ ਦਿਤੀਆਂ, ਬਾਹਰਿ ਬਾਬਲ ਝਿੜਕੀ ।

ਸ਼ਾਮ ਸਲੋਣੇ ਦੀ ਲਟਕ ਬਿਹਾਰੀ, ਅਸਾਂ ਰੋਂਦਿਆਂ ਚਾਟੀ ਰਿੜਕੀ । ੩੨ ਬੇਪਰਵਾਹੀ ਤੇ ਅਸਲਮਸਤੀ, ਮਹਿਤਾਬਾਂ ਕਉ ਸੁੰਹਦੀ । ਸੁੰਹਦੀ ਸਹਿਜ ਸੁਹਾਰਿਆਂ ਤਾਈਂ, ਦਰਦਵੰਦਾਂ ਨੂੰ ਕੁੰਹਦੀ । ਇਹ ਦਿਲ ਮੈਂਡੀ ਤੈਂਡੇ ਕਾਰਣਿ, ਰਾਤੀ ਡੀਹਾਂ ਲੁੰਹਦੀ । ਅਜਣੁ ਸਿਕ ਨ ਗਈ ਬਿਹਾਰੀ, ਸੱਜਣ ਤੁਸਾਡੇ ਮੁੰਹ ਦੀ । ੩੩ ਆਹਿ ਦਰਦ ਮਤ ਮਾਰੋ ਕੋਈ, ਤੀਨ ਲੋਕ ਜਲਿ ਜਾਏ । ਆਹ ਦਰਦ ਤੈ ਪੰਖੀ ਡਰਦੇ, ਸੁਣ ਆਕਾਸ਼ ਡਰਾਏ । ਆਹ ਦਰਦ ਤੇ ਧਰਤੀ ਕੰਬੇ, ਮਤ ਉਲਟੀ ਨਦੀ ਵਹਾਏ । ਧੰਨ ਆਸ਼ਕ ਦੀ ਆਹ ਬਿਹਾਰੀ, ਜਿਥੇ ਆਹਿ ਸਮਾਏ । ੩੪ ਆਸ਼ਕ ਆਸ਼ਕ ਸਭ ਕੋਈ ਆਖੇ, ਸਿਰ ਟੇਢੀ ਪਗੜੀ ਧਰ ਕੇ । ਸਿਰ ਥੈ ਪਰੇ ਸਿਦਕ ਦਾ ਡੇਰਾ, ਸਭ ਮੁੜ ਆਇਨ ਡਰ ਕੇ ।

ਮਾਣ ਮਣੀ ਤੇ ਖੁਦੀ ਤਕੱਬਰ, ਕੋਈ ਨ ਰਹਿਓ ਜਰ ਕੇ । ਸਜਣਾਂ ਦੇ ਉਚ ਮਹਿਲ ਬਿਹਾਰੀ, ਕੋਈ ਆਸ਼ਕ ਪਹੁਤਾ ਮਰ ਕੇ । ੩੫ ਮੀਰ ਪੀਰ ਸਭ ਵਸ ਕਰ ਲੀਤੇ, ਕਾਲ ਕਹਿਰ ਦਿਆਂ ਤਬਰਾਂ । ਸਭਨਾ ਦੇ ਸਿਰਿ ਏਕੋ ਜੇਹੀ, ਮਉਤ ਗਰੀਬਾਂ ਗਬਰਾਂ । ਕਾਜ਼ੀ ਪੰਡਤ ਤੈ ਫਾਨੀ ਦੇ, ਇਕਿ ਸੇਵਨਿ ਇਕ ਕਬਰਾਂ । ਦੇਖਿ ਬਿਹਾਰੀ ਓਨਾਂ ਸੰਗ ਕੇਹੀ ਵਰਤੀ, ਵਤ ਨ ਆਈਆਂ ਖਬਰਾਂ । ੩੬ ਜੰਗਲਿ ਬੇਲੇ ਜਿਉਂ ਡਉਂ ਲਗਾ, ਕਦੇ ਨ ਥੀਂਦਾ ਮੱਠਾ । ਡੀਹੀਂ ਰਾਤੀਂ ਸਿਕ ਅਕਿਹੀ, ਜੋਰੁ ਨੈਣਾਂ ਦਾ ਲੱਥਾ । ਮਿਤ੍ਰਾਂ ਕੋਲੋਂ ਮੁਖ ਨ ਮੋੜਾਂ, ਜੇ ਸਉ ਲੋਕ ਅਕੱਠਾ । ਯਾਰ ਅਸਾਡਾ ਆਹਿ ਬਿਹਾਰੀ, ਸੁਣਿਕੈ ਦੋਜ਼ਕੁ ਨੱਠਾ । ੩੭ ਅਸੀਂ ਸਿਕ ਤੁਸਾਡੀ ਆਏ, ਤੁਸਾਂ ਰਖਾਏ ਪੜਦੇ ।

ਲੋਕਾਂ ਦੀ ਬਦਨਾਵੀਂ ਕੋਲੋਂ, ਅਸੀਂ ਡਰਦੇ ਅਰਜ਼ ਨ ਕਰਦੇ । ਆਸ਼ਕ ਸੁਟਿ ਘਤੇ ਵਿਚ ਦੋਜ਼ਕ, ਦੋਜ਼ਕ ਨੋ ਲੈ ਤਰਦੇ । ਜੇ ਸਉ ਸਠਿ ਵਗਨ ਤਲਵਾਰੀਂ, ਅਸੀਂ ਆਈ ਬਾਝੁ ਨ ਮਰਦੇ । ੩੮ ਕਰ ਮਸਲਤ ਆਕੀ ਗੜ੍ਹ ਲੀਚਨ, ਮਸਲਤ ਲੋਹੇ ਭੰਨੇ । ਕਰ ਮਸਲਤ ਦਰੀਆਉ ਤਰੀਵਨ, ਸਪ ਕੀਚਨ ਦੰਦ ਭੰਨੇ । ਸਭ ਕਿਛੁ ਮਸਲਤ ਵੱਸ ਬਿਹਾਰੀ, ਇਸ਼ਕ ਨ ਮਸਲਤ ਮੰਨੇ । ੩੯ ਹਾਏ ! ਮੁਹੱਬਤ ਕੇਹੀ ਲਾਈ, ਮੇਰੇ ਸੀਨੇ ਅੰਦਰ ਰੜਕੇ । ਜਿਉਂ ਜਿਉਂ ਦੇਖਾਂ ਬਾਗ ਮਾਹੀ ਦਾ, ਮੇਰੇ ਅੰਦਰ ਆਤਸ਼ ਭੜਕੇ । ਅੰਬੜੀ ਝਿੜਕੇ ਮੈਨੂੰ ਬਾਬਲ ਮਾਰੇ, ਵੀਰ ਬੁਲਾਵਣ ਲੜ ਕੇ । ਇਸ ਵਿਛੋੜੇ ਦੀ ਆਤਸ਼ ਕੋਲੋਂ, ਦਮ ਨਿਕਲ ਜਾਏ ਸੜ ਸੜ ਕੇ ।

੪੦ ਮੇਹਨਤ ਕੀਤੀ ਸਫਲੀ ਸਾਈਂ, ਜੋ ਰਹੇ ਜੀ ਸੰਗੇ । ਜੋ ਪਦ ਪਾਇਨ ਅਸਥਿਰ ਹੋਵੇ, ਸੋ ਕਿਆ ਫਿਰ ਫਿਰ ਮੰਗੇ । ਸਭ ਆਸਾਂ ਸਭ ਕਾਮਨਾ ਤਜ ਕਰ, ਆਤਮ ਹਰ ਰੰਗ ਰੰਗੇ । ਸੇਈ ਸਾਧ ਸੋਈ ਸੰਤ ਬਿਹਾਰੀ, ਜਿਸ ਮਾਇਆ ਮੋਹ ਨ ਡੰਗੇ । ੪੧ ਅਪਣਾ ਆਪ ਮਾਰ ਨਿਰਮਲ ਹੋਇ, ਸਾਹਿਬ ਦੇ ਰੰਗ ਰੱਤੇ । ਜੀਵਤ ਮੋਏ ਮੋਏ ਸੇ ਜੀਵੇ, ਨਿਹਚਉ ਜਾਨਉ ਸੱਤੇ । ਸਭ ਸਿਉਂ ਆਪ ਕਉ ਘੱਟ ਸਦਾਇਨ, ਦੁਰਲਭ ਤਿਨ ਕੀ ਮੱਤੇ । ਸੋਈ ਸੰਤ ਸੋ ਭਗਤ ਬਿਹਾਰੀ, ਜਿਨ੍ਹਾਂ ਹਉਮੈ ਕੀਤੀ ਹੱਤੇ । ੪੨ ਸਾਹਿਬ ਸਮਰਥ ਸੁਖਾਂ ਦਾ ਦਾਤਾ, ਸਭ ਦੇਵੈ ਸੁਖ ਅਣਮੰਗੇ । ਸਭਹੂੰ ਕੇ ਹਿਰਦੇ ਮਹਿ ਰਵਿਆ, ਸਭਸੇ ਦੇ ਹੈ ਸੰਗੇ । ਕਿਰਪਾ ਕਰਿ ਜਿਨ ਭਜਨ ਸਿਖਾਇਆ, ਸੇ ਸਾਚੇ ਰੰਗ ਰੰਗੇ ।

ਹੋਏ ਘਰ ਦੇ ਦਾਸ ਬਿਹਾਰੀ, ਜੋ ਛਾਪੇ ਤੇਰੇ ਦੰਗੇ । ੪੩ ਸਾਧ ਸੰਗਤਿ ਦਾ ਜਿਸ ਰਸੁ ਆਇਆ, ਸੋ ਮਿਲ ਮਾਣੇ ਰਲੀਆਂ । ਜਿਉਂ ਬ੍ਰਿਖ ਸਾਥ ਫੁਲ ਫਲ ਪਾਕੇ, ਅਜਬ ਟਾਸੀਆਂ ਫਲੀਆਂ । ਬਚਨ ਜਥਾਰਥ ਵਰਖਾ ਹੋਵੇ, ਢਲ ਢੁਲ ਸਾਖਾਂ ਪਲੀਆਂ । ਜਾਇ ਪਹੁੰਚਹਿ ਖਸਮ ਬਿਹਾਰੀ, ਸ਼ਾਹਾਂ ਡਾਲੀਆਂ ਘੱਲੀਆਂ । ੪੪ ਤਨ ਹਿਮਆਣੀ ਦੇ ਵਿਚਿ ਪਾਇਆ, ਸੁਇਨਾ ਰੂਪਾ ਸਾਸਾ । ਰਾਤ ਦਿਵਸ ਵਿਚ ਕੱਢ ਕੱਢ ਲੈਵਨ, ਪਲ ਪਲ ਕਰਨ ਬਿਨਾਸਾ । ਪਵੈ ਨ ਹਿਕ, ਤੇ ਨਿਕਲਣ ਬਹੁਤੇ, ਤਿਸ ਰਹਿਣ ਦਾ ਕੀਆ ਭਰਵਾਸਾ । ਐਸੇ ਗੜ੍ਹ ਮਹਿ ਬੈਠਿ ਬਿਹਾਰੀ, ਹੂਆ ਕਹਾਂ ਮਵਾਸਾ । ੪੫ ਭਾਹਿ ਲਗੀ ਮੈਨੂੰ ਦ੍ਰਿਸ਼ਟੀ ਆਈ, ਜਿਉਂ ਦਾਵਾਨਲ ਤ੍ਰਿਣ ਜਾਲੇ ।

ਕਾਲ ਬਲੀ ਸਭ ਜਗ ਚੁਣ ਮਾਰਿਆ, ਤਪੇ ਤਪੀਸ਼ਰ ਨਾਲੇ । ਅਚਨਚੇਤ ਸਿਰ ਬੰਬ ਬਜਾਵੈ, ਵਿਣ ਦਿਤਿਆਂ ਕਾਗਲ ਕਾਲੇ । ਇਕ ਹਰਿਜਨ ਇਸ ਸਿਉਂ ਬਚੇ ਬਿਹਾਰੀ, ਹੋਰ ਕੀਤੀ ਕਾਲ ਹਵਾਲੇ । ੪੬ ਜਗ ਵਿਚ ਧੁੰਮ ਪਈ ਸੂਮਾਂ ਦੀ, ਕੋਈ ਕਰਮ ਨ ਭਲਾ ਕੀਤੋ ਨੇ । ਅਪਣੇ ਆਪ ਕਉ ਦੁਖ ਦੇਇ ਦੇਇ, ਇਕਠਾ ਧਨ ਕੀਤੋ ਨੇ । ਜਿਉਂ ਮਖੀਆਂ ਮਾਖਿਉਂ ਬਹੁ ਕੀਤੀ, ਇਕ ਆਇ ਕਰ ਘਿੰਨ ਗਇਓ ਨੇ । ਸੂਮ ਮਰ ਹੋਏ ਸਰਪ ਬਿਹਾਰੀ, ਇਹ ਫਲ ਪੱਲੂ ਪਇਓ ਨੇ । ੪੭ ਜਿਨ੍ਹਾਂ ਅਦਲ ਮਨ ਊਪਰਿ ਕੀਤਾ, ਤਿਨ ਕਾ ਅਦਲ ਜਗ ਮੰਨੇ । ਜਿਸਕਾ ਮਨ ਅਪਣਾ ਹੈ ਮੂਰਖ, ਤਿਸ ਸਿਖ ਕੋਈ ਨ ਘਿੰਨੇ । ਆਪ ਖਾਇ ਜੋ ਸਾਗਾ ਅਲੌਨਾ, ਸੋ ਦਾਨ ਕਿ ਦਏ ਸੁਵੰਨੇ ।

ਜਗ ਅਸਮੇਧੁ ਕਿਉਂ ਕਰੇ ਬਿਹਾਰੀ, ਜੋ ਆਪ ਦਰੇ ਦਰ ਪਿੰਨੇ । ੪੮ ਜੇ ਕੋਈ ਹਿਕ ਵੇਰੀ ਮੁਲ ਲੇਵੈ, ਉਹ ਉਸਦਾ ਹੋ ਚੁਕਿਆ । ਮੈਂ ਤੈਨੂੰ ਲਖ ਵੇਰ ਮੁਲ ਲੀਤਾ, ਭੀ ਤੇਰਾ ਹੋਇ ਨ ਮੁਕਿਆ । ਗੁਨਾਹਗਾਰ ਵਡ ਲੂਣ ਹਰਾਮੀ, ਸੇਵਾ ਸਿਮਰਨ ਥੀਂ ਲੁਕਿਆ । ਕੂਕਰ ਕਨੂੰ ਮੈਂ ਘਟ ਬਿਹਾਰੀ, ਅਪਣੇ ਸਾਹਿਬ ਅਗੇ ਨ ਝੁਕਿਆ । ੪੯ ਘਟ ਘਟ ਦੇ ਵਿਚ ਢਾਂਢੀ ਬਾਲੀ, ਇਸ ਤ੍ਰਿਸ਼ਨਾ ਰਾਖਸ਼ਿਆਣੀ । ਪਾਇ ਕਰ ਡੋਰ ਸਗਲ ਦੇ ਗਲ ਵਿਚ, ਨਚਾਏ ਕਪਿ ਪ੍ਰਾਣੀ । ਮਾਨਸ ਤੇ ਇਸ ਗਧਾ ਬਣਾਇਆ, ਲਦ ਧੰਦਾ ਬੋਝ ਸਤਾਣੀ । ਇਕ ਹਰਿਜਨ ਸਿਉਂ ਡਰੇ ਬਿਹਾਰੀ, ਹੋਰ ਜੀਤੀ ਚਾਰੇ ਖਾਣੀ । ੫੦ ਅੰਮਾ ਨੀ ! ਹਉਂ ਮਰਦੀ ਵੰਞਾਂ, ਮੈਂਡੇ ਉਠਨ ਸੂਲ ਕਲੇਜੇ ।

ਬਿਰਹੁ ਕਸਾਈ ਅੰਦਰ ਵੜਿਆ, ਕੀਤੀ ਰੇਜ਼ੇ ਰੇਜ਼ੇ । ਜਿਸ ਦਿਨ ਦੀ ਘਰ ਖੇੜਿਆਂ ਆਂਦੀ, ਸੁਖਿ ਨ ਸੁੱਤੀ ਸੇਜੇ । ਤਿਨ੍ਹਾਂ ਵਿਟਹੁ ਕੁਰਬਾਣੁ ਬਿਹਾਰੀ, ਜੋ ਚਾਕ ਅਸਾਥੇ ਭੇਜੇ । ੫੧ ਪੀਰਾਂ ਬਾਝੁ ਮੁਰੀਦੁ ਨ ਸੋਹਨਿ, ਥੰਮਾਂ ਬਾਝ ਨ ਕੜੀਆਂ । ਪੁਤ੍ਰਾਂ ਬਾਝੁ ਨ ਸੋਹਨਿ ਮਾਵਾਂ, ਲਖ ਹੀਰੇ ਮੋਤੀ ਜੜੀਆਂ । ਕੰਤਾਂ ਬਾਝੁ ਨ ਸੋਹਨਿ ਨਾਰੀ, ਤੋੜੇ ਹੋਵਨ ਹੂਰਾਂ ਪਰੀਆਂ । ਸੋ ਕਿਉਂ ਮਲਨ ਬਿਭੂਤ ਬਿਹਾਰੀ, ਜਿਨ੍ਹਾਂ ਸਿਰ ਸੁਹਾਗ ਦੀਆਂ ਧੜੀਆਂ ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ