Vaar 37

ਵਾਰਾਂ ਭਾਈ ਗੁਰਦਾਸ ਜੀ (ਪਾਠ ੨) · ੩੭ / ੪੦

ਸਤਿਗੁਰਪ੍ਰਸਾਦਿ॥
ਇਕੁ ਕਵਾਉ ਪਸਾਉ ਕਰਿ ਓਅੰਕਾਰਿ ਅਕਾਰੁ ਬਣਾਇਆ॥
ਅੰਬਰਿ ਧਰਤਿ ਵਿਛੋੜਿ ਕੈ ਵਿਣੁ ਥੰਮਾਂ ਆਗਾਸੁ ਰਹਾਇਆ॥
ਜਲ ਵਿਚਿ ਧਰਤੀ ਰਖੀਅਨਿ ਧਰਤੀ ਅੰਦਰਿ ਨੀਰੁ ਧਰਾਇਆ॥
ਕਾਠੈ ਅੰਦਰਿ ਅਗਿ ਧਰਿ ਅਗੀ ਹੌਂਦੀ ਸੁਫਲੁ ਫਲਾਇਆ॥
ਪਉਣ ਪਾਣੀ ਬੈਸੰਤਰੋ ਤਿੰਨੇ ਵੈਰੀ ਮੇਲਿ ਮਿਲਾਇਆ॥
ਰਾਜਸ ਸਾਤਕ ਤਾਮਸੋ ਬ੍ਰਹਮਾ ਬਿਸਨੁ ਮਹੇਸੁ ਉਪਾਇਆ॥
ਚੋਜ ਵਿਡਾਣੁ ਚਲਿਤੁ ਵਰਤਾਇਆ ॥੧॥

ਅਕਾਲ ਪੁਰਖ ਨੇ ਇਕ ਵਾਕ ਤੋਂ ਸਾਰਾ ਪਸਾਰਾ ਕਰਕੇ ਜਗਤ ਦਾ ਅਕਾਰ (ਸਰੂਪ) ਬਣਾਇਆ ਹੈ। ਆਕਾਸ਼ ਤੇ ਧਰਤੀ ਨੂੰ ਵਿਛੋੜ ਕੇ ਬਿਨਾਂ ਥੰਮ੍ਹਾਂ ਤੋਂ ਆਕਾਸ਼ ਨੂੰ ਰੱਖਿਆ ਹੈ। ਪਾਣੀ ਵਿਚ ਧਰਤੀ ਨੂੰ ਰੱਖਿਆ ਹੈ ਤੇ ਧਰਤੀ ਦੇ ਅੰਦਰ ਪਾਣੀ ਧਰਿਆ ਹੈ। ਕਾਠ (ਭਾਵ ਬ੍ਰਿਛਾਂ) ਅੰਦਰ ਅੱਗ ਨੂੰ ਧਰਿਆ ਹੈ ਤੇ ਬ੍ਰਿਛਾਂ ਅੰਦਰ ਅੱਗ ਦੇ ਹੁੰਦਿਆਂ ਵੀ ਉਹਨਾਂ ਨੂੰ ਫਲਾਂ ਨਾਲ ਫਲੀਭੂਤ ਕੀਤਾ ਹੈ। ਪੌਣ, ਪਾਣੀ ਤੇ ਅੱਗ ਆਪੋ ਵਿਚ ਵਿਰੋਧੀ ਸੁਭਾਅ ਰੱਖਦੇ ਹਨ, ਪਰ ਕਾਦਰ ਨੇ ਇਹਨਾਂ ਤਿੰਨਾਂ ਦਾ ਮੇਲ ਮਿਲਾ ਕੇ ਇਕ ਜਗ੍ਹਾ ਰੱਖਿਆ ਹੈ। (ਪ੍ਰਭੂ ਨੇ) ਰਜੋ, ਸਤੋ ਤੇ ਤਮੋ ਗੁਣਾਂ ਵਾਲੇ ਵੱਖੋ ਵੱਖ ਤਿੰਨ ਦੇਵਤੇ-ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਨੂੰ ਉਤਪੰਨ ਕੀਤਾ ਹੈ। (ਕਰਤਾਰ ਨੇ) ਇਹ ਅਸਚਰਜ ਕੌਤਕ ਵਾਲਾ ਚਲਿੱਤਰ ਵਰਤਾਇਆ ਹੈ।੧। ਸਿਵ ਸਕਤੀ ਦਾ ਰੂਪ ਕਰਿ ਸੂਰਜੁ ਚੰਦੁ ਚਰਾਗੁ ਬਲਾਇਆ॥
ਰਾਤੀ ਤਾਰੇ ਚਮਕਦੇ ਘਰਿ ਘਰਿ ਦੀਪਕ ਜੋਤਿ ਜਗਾਇਆ॥
ਸੂਰਜੁ ਏਕੰਕਾਰੁ ਦਿਹਿ ਤਾਰੇ ਦੀਪਕ ਰੂਪੁ ਲੁਕਾਇਆ॥
ਲਖ ਦਰੀਆਉ ਕਵਾਉ ਵਿਚਿ ਤੋਲਿ ਅਤੋਲੁ ਨ ਤੋਲਿ ਤੁਲਾਇਆ॥
ਓਅੰਕਾਰੁ ਅਕਾਰੁ ਜਿਸਿ ਪਰਵਦਗਾਰੁ ਅਪਾਰੁ ਅਲਾਇਆ॥
ਅਬਗਤਿ ਗਤਿ ਅਤਿ ਅਗਮ ਹੈ ਅਕਥ ਕਥਾ ਨਹਿ ਅਲਖੁ ਲਖਾਇਆ॥
ਸੁਣਿ ਸੁਣਿ ਆਖਣੁ ਆਖਿ ਸੁਣਾਇਆ ॥੨॥

(ਪ੍ਰਭੂ ਨੇ) ਚੇਤਨ ਤੇ ਮਾਇਆ ਦਾ ਰੂਪ ਸੰਸਾਰ ਪੈਦਾ ਕਰਕੇ ਸੂਰਜ ਤੇ ਚੰਦਰਮਾਂ ਦੇ ਦੀਵੇ ਬਾਲੇ ਹਨ। ਰਾਤ ਨੂੰ ਤਾਰੇ ਵੀ ਚਮਕਦੇ ਹਨ ਤੇ ਘਰ ਘਰ ਵਿਚ ਦੀਵਿਆਂ ਦੀ ਜੋਤੀ ਵੀ ਜਗਾਈ ਜਾਂਦੀ ਹੈ। ਦਿਨ ਨੂੰ ਏਕੰਕਾਰ (ਇਕ ਆਕਾਰ) ਦਾ ਰੂਫ ਸੂਰਜ ਚੜ੍ਹਦਾ ਹੈ ਤਾਂ ਤਾਰੇ ਤੇ ਦੀਵਿਆਂ ਦੇ ਰੂਪ ਲੁਕ ਜਾਂਦੇ ਹਨ। ਜਿਸ ਦੇ ਇਕ ਵਾਕ ਵਿਚ ਲੱਖਾਂ ਦਰਿਆ ਹਨ, ਉਹ ਤੋਲ ਤੋਂ ਰਹਿਤ ਹੈ ਤੇ ਉਸ ਦਾ ਤੋਲ ਕੋਈ ਨਹੀਂ ਕਰ ਸਕਦਾ। ਜਿਸ ਪ੍ਰਭੂ ਨੇ ਇਸ ਸੰਸਾਰ ਦਾ ਆਕਾਰ (ਸਰੂਪ) ਬਣਾਇਆ ਹੈ, ਉਹ ਪਾਲਣਾ ਕਰਨ ਵਾਲਾ ਤੇ ਬੇਅੰਤ ਕਿਹਾ ਜਾਂਦਾ ਹੈ। ਉਸ ਗਤੀ ਰਹਿਤ (ਪਰਮੇਸ਼ਰ ਦੀ) ਮਰਯਾਦਾ ਪਹੁੰਚ ਤੋਂ ਪਰ੍ਹੇ ਹੈ, ਉਸ ਕਥਨ ਰਹਿਤ ਤੇ ਅਲਖ (ਪ੍ਰਭੂ ਨੇ) ਆਪਣਾ ਆਪ ਨਹੀਂ ਜਣਾਇਆ। ਸਭ ਉਸ ਦੇ ਪ੍ਰਸੰਗਾਂ (ਕੌਤਕਾਂ) ਨੂੰ ਇਕ ਦੂਜੇ ਕੋਲੋਂ ਸੁਣ ਕੇ ਹੀ ਵਰਣਨ ਕਰਦੇ ਹਨ (ਉਸ ਨੂੰ ਵੇਖ ਕੇ ਕਿਸੇ ਨੇ ਕੁਛ ਵਰਤਣ ਨਹੀਂ ਕੀਤਾ)।੨। ਖਾਣੀ ਬਾਣੀ ਚਾਰਿ ਜੁਗ ਜਲ ਥਲ ਤਰਵਰੁ ਪਰਬਤ ਸਾਜੇ॥
ਤਿੰਨ ਲੋਅ ਚਉਦਹ ਭਵਣ ਕਰਿ ਇਕੀਹ ਬ੍ਰਹਮੰਡ ਨਿਵਾਜੇ॥
ਚਾਰੇ ਕੁੰਡਾ ਦੀਪ ਸਤ ਨਉ ਖੰਡ ਦਹ ਦਿਸਿ ਵਜਣਿ ਵਾਜੇ॥
ਇਕਸ ਇਕਸ ਖਾਣਿ ਵਿਚਿ ਇਕੀਹ ਇਕੀਹ ਲਖ ਉਪਾਜੇ॥
ਇਕਤ ਇਕਤ ਜੂਨਿ ਵਿਚਿ ਜੀਅ ਜੰਤੁ ਅਣਗਣਤ ਬਿਰਾਜੇ॥
ਰੂਪ ਅਨੂਪ ਸਰੂਪ ਕਰਿ ਰੰਗ ਬਿਰੰਗ ਤਰੰਗ ਅਗਾਜੇ॥
ਪਉਣੁ ਪਾਣੀ ਘਰੁ ਨਉ ਦਰਵਾਜੇ ॥੩॥

ਈਸ਼ਵਰ ਨੇ ਚਾਰ ਖਾਣੀਆਂ, ਚਾਰ ਬਾਣੀਆਂ, ਚਾਰ ਜੁਗ, ਜਲ, ਥਲ, ਬ੍ਰਿਛ ਤੇ ਪਹਾੜ ਬਣਾਏ ਹਨ। ਪ੍ਰਭੂ ਨੇ ਤਿੰਨ ਲੋਕ, ਚੌਦਾਂ ਭਵਨ ਪੈਦਾ ਕਰਕੇ ਫਿਰ ਇਕੀ ਬ੍ਰਹਿਮੰਡ ਪੂਰੇ ਕੀਤੇ ਹਨ (ਭਾਵ ਇਕ ਇਕ ਲੋਕ ਵਿਚ ਸੱਤ ਸੱਤ ਬ੍ਰਹਿਮੰਡ ਰਚੇ ਹਨ)। ਚਾਰ ਕੂੰਟਾਂ (ਕੋਨੇ), ਸੱਤ ਦੀਪ, ਨੌਂ ਖੰਡ (ਹਿੱਸੇ) ਤੇ ਦਸ ਦਿਸ਼ਾਂ ਵਿਚ ਜੀਵਾਂ ਰੂਪੀ ਵਾਜੇ ਵਜ ਰਹੇ ਹਨ। ਇਕ ਇਕ ਖਾਣੀ ਵਿਚ ਇਕੀ ਇਕੀ ਲੱਖ ਜੂਨਾਂ ਪੈਦਾ ਕੀਤੀਆਂ ਹਨ। ਇਕ ਇਕ ਜੂਨ ਵਿਚ ਬੇਸ਼ੁਮਾਰ ਜੀਵ ਜੰਤ ਰਚੇ ਹਨ। ਤਰ੍ਹਾਂ ਤਰ੍ਹਾਂ ਦੇ ਸੋਹਣੇ ਰੂਪਾਂ ਵਾਲੇ ਜੀਵ ਬਣਾਏ ਹਨ ਤੇ ਰੰਗ ਬਰੰਗੇ ਤਰੰਗ ਪ੍ਰਗਟ ਕੀਤੇ ਹਨ। ਪੌਣ ਪਾਣੀ ਆਦਿ ਪੰਜਾਂ ਤੱਤਾਂ ਤੋਂ ਸਰੀਰ ਰੂਪ ਘਰ ਬਣਾ ਕੇ ਨੌਂ ਗੋਲਕਾਂ ਰੂਪ ਦਰਵਾਜ਼ੇ ਬਣਾਏ ਹਨ।੩। ਕਾਲਾ ਧਉਲਾ ਰਤੜਾ ਨੀਲਾ ਪੀਲਾ ਹਰਿਆ ਸਾਜੇ॥
ਰਸੁ ਕਸੁ ਕਰਿ ਵਿਸਮਾਦੁ ਸਾਦੁ ਜੀਭਹੁੰ ਜਾਪ ਨ ਖਾਜ ਅਖਾਜੇ॥
ਮਿਠਾ ਕਉੜਾ ਖਟੁ ਤੁਰਸੁ ਫਿਕਾ ਸਾਉ ਸਲੂਣਾ ਛਾਜੇ॥
ਗੰਧ ਸੁਗੰਧਿ ਅਵੇਸੁ ਕਰਿ ਚੋਆ ਚੰਦਨੁ ਕੇਸਰੁ ਕਾਜੇ॥
ਮੇਦੁ ਕਥੂਰੀ ਪਾਨ ਫੁਲੁ ਅੰਬਰੁ ਚੂਰ ਕਪੂਰ ਅੰਦਾਜੇ॥
ਰਾਗ ਨਾਦ ਸੰਬਾਦ ਬਹੁ ਚਉਦਹ ਵਿਦਿਆ ਅਨਹਦ ਗਾਜੇ॥
ਲਖ ਦਰੀਆਉ ਕਰੋੜ ਜਹਾਜੇ ॥੪॥

(ਪ੍ਰਭੂ ਨੇ) ਕਾਲਾ, ਚਿੱਟਾ, ਲਾਲ, ਨੀਲਾ, ਪੀਲਾ ਤੇ ਹਰਾ (ਆਦਿ ਰੰਗ) ਬਣਾਏ ਹਨ। ਰਸਾਂ ਕਸਾਂ ਦੇ ਭੇਦ ਕਰਕੇ ਅਸਚਰਜ ਸੁਆਦ ਬਣਾਏ ਹਨ, ਜੋ ਖਾਣ ਵਾਲੇ ਤੇ ਨਾ ਖਾਣ ਵਾਲੇ ਜੀਵ ਦਵਾਰਾ ਜਾਣੇ ਜਾਂਦੇ ਹਨ। ਮਿੱਠਾ, ਕੌੜਾ, ਖੱਟਾ, ਤੁਰਸ਼ (ਖਟ ਮਿੱਠਾ), ਫਿੱਕਾ ਤੇ ਸਲੂਣਾ ਸੁਆਦ ਬਣਾਇਆ ਹੈ। ਕਈ ਤਰ੍ਹਾਂ ਦੀਆਂ ਗੰਧਾਂ ਸੁਗੰਧਾਂ ਦਾ ਮਿਲਾਪ ਕਰਕੇ ਚੋਆ ਚੰਦਨ ਤੇ ਕੇਸਰ ਆਦਿ ਜੀਵਾਂ ਦੇ ਵਰਤਣ ਲਈ ਬਣਾਏ ਹਨ। ਮੁਸ਼ਕਬਿਲਾਈ, ਕਸਤੂਰੀ, ਪਾਨ, ਫੁੱਲ, ਅੰਬਰ ਚੂਰ ਤੇ ਕਪੂਰ ਆਦਿ ਦਾ ਅੰਦਾਜ਼ਾ (ਵਜ਼ਨ) ਕੀਤਾ ਹੈ। ਰਾਗਾਂ ਨਾਦਾਂ ਦੇ ਸੰਬਾਦ (ਫੈਲਾਉ) ਤੇ ਚੌਦਾਂ ਵਿਦਿਆ ਦੇ ਅਨਹਦ ਵਾਜੇ ਵਜਾਏ ਹਨ। ਲੱਖਾਂ ਦਰਿਆ ਤੇ ਕਰੋੜਾਂ ਜਹਾਜ਼ ਬਣਾਏ ਹਨ।੪। ਸਤ ਸਮੁੰਦ ਅਥਾਹ ਕਰਿ ਰਤਨ ਪਦਾਰਥ ਭਰੇ ਭੰਡਾਰਾ॥
ਮਹੀਅਲ ਖੇਤੀ ਅਉਖਧੀ ਛਾਦਨ ਭੋਜਨ ਬਹੁ ਬਿਸਥਾਰਾ॥
ਤਰੁਵਰ ਛਾਇਆ ਫੁਲ ਫਲ ਸਾਖਾ ਪਤ ਮੂਲ ਬਹੁ ਭਾਰਾ॥
ਪਰਬਤ ਅੰਦਰਿ ਅਸਟ ਧਾਤੁ ਲਾਲੁ ਜਵਾਹਰੁ ਪਾਰਸਿ ਪਾਰਾ॥
ਚਉਰਾਸੀਹ ਲਖ ਜੋਨਿ ਵਿਚਿ ਮਿਲਿ ਮਿਲਿ ਵਿਛੁੜੇ ਵਡ ਪਰਵਾਰਾ॥
ਜੰਮਣੁ ਜੀਵਣੁ ਮਰਣ ਵਿਚਿ ਭਵਜਲ ਪੂਰ ਭਰਾਇ ਹਜਾਰਾ॥
ਮਾਣਸ ਦੇਹੀ ਪਾਰਿ ਉਤਾਰਾ ॥੫॥

(ਪਰਮਾਤਮਾ ਨੇ) ਸੱਤ ਅਥਾਹ ਸਮੁੰਦਰ ਰਚ ਕੇ ਰਤਨ ਪਦਾਰਥਾਂ ਦੇ ਭੰਡਾਰੇ ਭਰ ਦਿੱਤੇ ਹਨ। ਧਰਤੀ ਰਚ ਕੇ ਖੇਤੀਆਂ ਤੇ ਔਸ਼ਧੀਆਂ (ਦਵਾਵਾਂ) ਨਾਲ ਪਰੀਪੂਰਨ ਕਰ ਦਿੱਤੀ ਹੈ, (ਉਨ੍ਹਾਂ ਤੋਂ) ਕੱਪੜੇ ਤੇ ਭੋਜਨਾਂ ਦੇ ਬਹੁਤੇ ਵਿਸਥਾਰ ਹੁੰਦੇ ਹਨ। ਬ੍ਰਿਛਾਂ ਦੀ ਛਾਇਆ, ਫੁੱਲ, ਫੱਲ, ਟਹਿਣਿਆਂ ਤੇ ਪੱਤਰਾਂ ਦੇ ਬੜੇ ਭਾਰ ਲੱਗੇ ਹਨ। ਪਹਾੜਾਂ ਵਿਚ ਅੱਠ ਧਾਤਾਂ, ਲਾਲ, ਜਵਾਹਰ, ਪਾਰਸ ਤੇ ਪਾਰਾ ਪੈਦਾ ਕੀਤਾ ਹੈ। ਚੁਰਾਸੀ ਲੱਖ ਜੂਨਾਂ ਵਿਚ ਜੀਵਾਂ ਦੇ ਵੱਡੇ ਵੱਡੇ ਪਰਿਵਾਰ ਮਿਲ ਮਿਲ ਕੇ ਫਿਰ ਵਿਛੜ ਜਾਂਦੇ ਹਨ। ਜੰਮਣ ਜੀਉਣ ਤੇ ਮਰਨ ਦੇ ਚੱਕਰ ਵਿਚ ਸੰਸਾਰ ਦੇ ਜੀਵਾਂ ਦੇਹਜ਼ਾਰਾਂ ਪੂਰ ਭਰੀਦੇ ਹਨ। ਇਸ ਮਨੁੱਖਾ ਦੇਹੀ ਵਿਚ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ।੫। ਮਾਣਸ ਜਨਮ ਦੁਲੰਭੁ ਹੈ ਛਿਣ ਭੰਗਰੁ ਛਲ ਦੇਹੀ ਛਾਰਾ॥
ਪਾਣੀ ਦਾ ਕਰਿ ਪੁਤਲਾ ਉਡੈ ਨ ਪਉਣੁ ਖੁਲੇ ਨਉਂ ਦੁਆਰਾ॥
ਅਗਨਿ ਕੁੰਡ ਵਿਚਿ ਰਖੀਅਨਿ ਨਰਕ ਘੋਰ ਮਹਿੰ ਉਦਰੁ ਮਝਾਰਾ॥
ਕਰੈ ਉਰਧ ਤਪੁ ਗਰਭ ਵਿਚਿ ਚਸਾ ਨ ਵਿਸਰੈ ਸਿਰਜਣਹਾਰਾ॥
ਦਸੀ ਮਹੀਨੀਂ ਜੰਮਿਆਂ ਸਿਮਰਣ ਕਰੀ ਕਰੇ ਨਿਸਤਾਰਾ॥
ਜੰਮਦੋ ਮਾਇਆ ਮੋਹਿਆ ਨਦਰਿ ਨ ਆਵੈ ਰਖਣਹਾਰਾ॥
ਸਾਹੋਂ ਵਿਛੁੜਿਆ ਵਣਜਾਰਾ ॥੬॥

ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ, (ਪਰ) ਫਲ ਰੂਪ ਇਹ ਮਿੱਟੀ ਦਾ ਸਰੀਰ ਖਿਨ ਵਿਚ ਸੁਆਹ ਹੋ ਜਾਣ ਵਾਲਾ ਹੈ। ਪਿਤਾ ਦੇ ਵੀਰਜ ਤੇ ਮਾਤਾ ਦੇ ਰਚਤ ਰੂਪ ਪਾਣੀ ਤੋਂ ਇਹ (ਮਨੁੱਖੀ) ਪੁਤਲਾ ਬਣਿਆ ਹੈ, ਇਸ (ਸਰੀਰ ਦੇ) ਨੌਂ ਦਰਵਾਜ਼ੇ ਖੁਲ੍ਹੇ ਹਨ, ਪਰ ਸਵਾਸਾਂ ਦੀ ਪੌਣ ਉੱਡਦੀ ਨਹੀਂ। (ਪ੍ਰਭੂ ਨੇ) ਮਾਤਾ ਦੇ ਉਦਰ (ਪੇਟ) ਰੂਪੀ ਘੋਰ ਅਗਨ ਕੁੰਡ ਵਿਚ ਇਸ ਦੀ ਰੱਖਿਆ ਕੀਤੀ ਹੈ। ਇਹ ਜੀਵ (ਮਾਤਾ ਦੇ ਗਰਭ ਵਿਚ) ਉਲਟਾ ਹੋ ਕੇ ਪ੍ਰਭੂ ਦਾ ਸਿਮਰਨ ਕਰਦਾ ਸੀ ਤੇ ਇਕ ਪਲ ਵੀ ਉਸ ਸਿਰਜਨਹਾਰ ਨੂੰ ਨਹੀਂ ਸੀ ਵਿਸਾਰਦਾ। ਇਸ ਸਿਮਰਨ ਕਰਦੇ ਜੀਵ ਨੂੰ ਦਸਾਂ ਮਹੀਨਿਆਂ ਪਿੱਛੋਂ ਪ੍ਰਭੂ ਨੇ ਖਲਾਸੀ ਦਿੱਤੀ। ਜੰਮਦਿਆਂ ਸਾਰ ਹੀ ਇਸ ਜੀਵ ਨੂੰ ਮਾਇਆ ਨੇ ਐਸਾ ਮੋਹਿਤ ਕੀਤਾ ਕਿ ਇਸ ਨੂੰ ਮਾਤਾ ਦੇ ਗਰਭ ਵਿਚ ਰੱਖਣਹਾਰਾ ਪ੍ਰਭੂ ਹੁਣ ਨਜ਼ਰ ਹੀ ਨਹੀਂ ਆਉਂਦਾ। ਅਕਾਲ ਪੁਰਖ ਰੂਪੀ ਸ਼ਾਹ ਤੋਂ ਇਹ ਵਣਜਾਰਾ (ਜੀਵ) ਵਿਛੜ ਗਿਆ ਹੈ।੬। ਰੋਵੈ ਰਤਨ ਗਵਾਇ ਕੈ ਮਾਇਆ ਮੋਹੁ ਅਨੇਰੁ ਗੁਬਾਰਾ॥
ਓਹੁ ਰੋਵੈ ਦੁਖੁ ਆਪਣਾ ਹਸਿ ਹਸਿ ਗਾਵੈ ਸਭ ਪਰਵਾਰਾ॥
ਸਭਨਾਂ ਮਨਿ ਵਾਧਾਈਆਂ ਰੁਣੁ ਝੁਂਝਨੜਾ ਰੁਣ ਝੁਣਕਾਰਾ॥
ਨਾਨਕੁ ਦਾਦਕੁ ਸੋਹਲੇ ਦੇਨਿ ਅਸੀਸਾਂ ਬਾਲੁ ਪਿਆਰਾ॥
ਚੁਖਹੁਂ ਬਿੰਦਕ ਬਿੰਦੁ ਕਰਿ ਬਿੰਦਹੁੰ ਕੀਤਾ ਪਰਬਤ ਭਾਰਾ॥
ਸਤਿ ਸੰਤੋਖ ਦਇਆ ਧਰਮੁ ਅਰਥੁ ਸੁਗਰਥ ਵਿਸਾਰਿ ਵਿਸਾਰਾ॥
ਕਾਮ ਕਰੋਧੁ ਵਿਰੋਧੁ ਵਿਚਿ ਲੋਭੁ ਮੋਹੁ ਧਰੋਹ ਅਹੰਕਾਰਾ॥
ਮਹਾਂ ਜਾਲ ਫਾਥਾ ਵੇਚਾਰਾ ॥੭॥

ਮਾਇਆ ਦੇ ਮੋਹ ਰੂਪੀ ਘੋਰ ਅੰਨ੍ਹੇਰੇ ਵਿਚ (ਪ੍ਰਭੂ ਰੂਪੀ ਅਮੋਲਕ) ਰਤਨ ਨੂੰ ਗੁਆ ਕੇ ਬਾਲਕ ਜਨਮ ਲੈ ਕੇ ਰੋਂਦਾ ਹੈ। (ਉਹ ਬਾਲਕ ਆਪਣੇ ਵਿਛੋੜੇ ਦੇ) ਦੁੱਖ ਨੂੰ ਯਾਦ ਕਰ ਕਰਕੇ ਰੋਂਦਾ ਹੈ, ਪਰ ਸਾਰਾ ਪਰਿਵਾਰ ਹੱਸ ਹੱਸ ਕੇ ਖੁਸ਼ੀ ਦੇ ਗੀਤ ਗਾਉਂਦਾ ਹੈ। ਸਭ ਜੀਆਂ ਦੇ ਮਨ ਵਿਚ ਮੰਗਲਾਚਾਰ ਤੇ ਵਾਧਾਈਆਂ ਹੁੰਦੀਆਂ ਹਨ ਤੇ ਉਹ ਢੋਲ ਢਮੱਕੇ ਵਜਾ ਵਜਾ ਕੇ ਖੁਸ਼ੀਆਂ ਮਨਾਉਂਦੇ ਹਨ। ਨਾਨਕੇ ਤੇ ਦਾਦਕੇ ਖੁਸ਼ੀ ਦੇ ਸੋਹਲੇ ਗਾਉਂਦੇ ਹਨ ਤੇ ਬਾਲਕ ਨੂੰ ਅਸੀਸਾਂ ਤੇ ਪਿਆਰ ਦੇਂਦੇ ਹਨ। (ਪ੍ਰਭੂ ਨੇ) ਵੀਰਜ ਦੀ ਜ਼ਰਾ ਜਿੰਨੀ ਬੂੰਦ ਤੋਂ ਇਹ ਬੁਦਬੁਦਾ ਰਚਿਆ ਤੇ ਫਿਰ ਇਸ ਬੁਦਬੁਦੇ ਤੋਂ ਸਰੀਰ ਰੂਪੀ ਪਹਾੜ ਬਣਾ ਦਿੱਤਾ। (ਪਰ) ਜੀਵ ਨੇ ਜਨਮ ਲੈ ਕੇ ਸਤ, ਸੰਤੋਖ, ਦਇਆ, ਧਰਮ ਨੂੰ ਵਿਸਾਰ ਕੇ ਸ੍ਰੇਸ਼ਟ ਅਰਥ (ਆਤਮ ਵਿਚਾਰ) ਨੂੰ ਵੀ ਵਿਸਾਰ ਦਿੱਤਾ। (ਇਹ ਜੀਵ) ਕਾਮ, ਕ੍ਰੋਧ, ਲੋਭ, ਮੋਹ ਤੇ ਵਲ ਛਲ ਵਿਚ ਲੱਗ ਕੇ ਅਹੰਕਾਰੀ ਹੋਇਆ ਫਿਰਦਾ ਹੈ। ਇਹ ਵਿਚਾਰਾ ਜੀਵ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਹੈ।੭। ਹੋਇ ਸੁਚੇਤ ਅਚੇਤ ਇਵ ਅਖੀਂ ਹੋਂਦੀ ਅੰਨ੍ਹਾ ਹੋਆ॥
ਵੈਰੀ ਮਿਤੁ ਨ ਜਾਣਦਾ ਡਾਇਣੁ ਮਾਉ ਸੁਭਾਉ ਸਮੋਆ॥
ਬੋਲਾ ਕੰਨੀਂ ਹੋਂਵਦਾ ਜਸੁ ਅਪਜਸੁ ਮੋਹੁ ਧੋਹੁ ਨ ਸੋਆ॥
ਗੁੰਗਾ ਜੀਭੈ ਹੁੰਦੀਐ ਦੁਧੁ ਵਿਚਿ ਵਿਸੁ ਘੋਲਿ ਮੁਹਿ ਚੋਆ॥
ਵਿਹੁ ਅੰਮ੍ਰਿਤ ਸਮਸਰ ਪੀਐ ਮਰਨ ਜੀਵਨ ਆਸ ਤ੍ਰਾਸ ਨ ਢੋਆ॥
ਸਰਪੁ ਅਗਨਿ ਵਲਿ ਹਥੁ ਪਾਇ ਕਰੈ ਮਨੋਰਥ ਪਕੜਿ ਖਲੋਆ॥
ਸਮਝੈ ਨਾਹੀ ਟਿਬਾ ਟੋਆ ॥੮॥

(ਇਹ ਬਾਲਕ) ਸਮਝਦਾਰ ਹੁੰਦਾ ਹੋਇਆ ਬੇਸਮਝ ਹੈ ਤੇ ਅੱਖਾਂ ਦੇ ਹੁੰਦਿਆਂ ਅੰਨ੍ਹਾਂ ਹੋ ਰਿਹਾ ਹੈ। (ਬੇਸਮਝੀ ਕਰਕੇ ਇਹ) ਵੈਰੀ ਤੇ ਮਿੱਤਰ ਨੂੰ ਨਹੀਂ ਜਾਣਦਾ ਤੇ ਡੈਣ ਤੇ ਮਾਂ ਦੇ ਸੁਭਾਅ ਨੂੰ ਇਕੋ ਜਿਹਾ ਜਾਣਦਾ ਹੈ। ਕੰਨਾਂ ਦੇ ਹੁੰਦਿਆਂ ਬੋਲਾ ਹੋਇਆ ਫਿਰਦਾ ਹੈ, ਜਸ ਤੇ ਅਪਜਸ, ਪਿਆਰ ਤੇ ਵੈਰ ਦੀ ਕਨਸੋ ਨੂੰ ਨਹੀਂ ਪਰਖਦਾ। ਜੀਭ ਦੇ ਹੁੰਦਿਆਂ ਗੁੰਗਾ ਹੈ, ਜੇ ਕੋਈ ਦੁੱਧ ਵਿਚ ਜ਼ਹਿਰ ਘੋਲ ਕੇ ਮੂੰਹ ਵਿਚ ਪਾ ਦੇਵੇ ਤਾਂ ਪੀ ਜਾਂਦਾ ਹੈ। ਜ਼ਹਿਰ ਤੇ ਅੰਮ੍ਰਿਤ ਨੂੰ ਇਕੋ ਜਿਹਾ ਜਾਣ ਕੇ ਪੀ ਜਾਂਦਾ ਹੈ ਤੇ ਇਸ ਨੂੰ ਜੀਉਣ ਦੀ ਆਸ ਤੇ ਮਰਨ ਦੇ ਡਰ ਦਾ ਕੋਈ ਢੰਗ (ਸੰਸਾ) ਨਹੀਂ। ਸੱਪ ਤੇ ਅੱਗ ਨੂੰ ਫੜਨ ਦੇ ਮਨੋਰਥ ਨਾਲ ਹੱਥ ਵਧਾ ਕੇ ਉੱਠ ਖੜੋਂਦਾ ਹੈ। ਅੱਗੇ ਆਏ ਟਿੱਬੇ ਟੋਏ ਨੂੰ ਨਹੀਂ ਸਮਝਦਾ (ਪਛਾਣਦਾ)।੮। ਲੂਲਾ ਪੈਰੀ ਹੋਂਵਦੀ ਟੰਗਾਂ ਮਾਰਿ ਨ ਉਠਿ ਖਲੋਆ॥
ਹਥੋ ਹਥੁ ਨਚਾਈਐ ਆਸਾ ਬੰਧੀ ਹਾਰੁ ਪਰੋਆ॥
ਉਦਮ ਉਕਤਿ ਨ ਆਵਈ ਦੇਹਿ ਬਿਦੇਹਿ ਨ ਨਵਾਂ ਨਿਰੋਆ॥
ਹਗਣ ਮੂਤਣ ਛਡਣਾ ਰੋਗੁ ਸੋਗੁ ਵਿਚਿ ਦੁਖੀਆ ਰੋਆ॥
ਘੁਟੀ ਪੀਐ ਨ ਖੁਸੀ ਹੋਇ ਸਪਹੁਂ ਰਖਿਅੜਾ ਅਣਖੋਆ॥
ਗੁਣੁ ਅਵਗੁਣੁ ਨ ਵਿਚਾਰਦਾ ਨ ਉਪਕਾਰੁ ਵਿਕਾਰੁ ਅਲੋਆ॥
ਸਮਸਰਿ ਤਿਸੁ ਹਥੀਆਰੁ ਸੰਜੋਆ ॥੯॥

(ਬਾਲਕ) ਪੈਰਾਂ ਦੇ ਹੁੰਦਿਆਂ ਲੂਲ੍ਹਿਆਂ ਵਾਂਗੂੰ ਲੱਤਾਂ ਮਾਰਦਾ ਹੈ ਤੇ ਉੱਠ ਕੇ ਖੜਾ ਨਹੀਂ ਹੋ ਸਕਦਾ। (ਮਾਂ ਤੇ ਭੈਣਾਂ) ਉਸ ਨੂੰ ਹਥੋ ਹੱਥ ਨਚਾਉਂਦੀਆਂ ਹਨ ਤੇ ਆਸਾ ਦੀਆਂ ਬੱਝੀਆਂ ਹਾਰ ਵਾਂਗੂੰ ਗਲ ਨਾਲ ਲਾਈ ਫਿਰਦੀਆਂ ਹਨ। (ਬਾਲਕ ਨੂੰ) ਉੱਦਮ ਤੇ ਬੁੱਧੀ ਨਹੀਂ ਹੂੰਦੀ ਤੇ ਉਹ ਦੇਹ ਤੋਂ ਬਿਦੇਹ ਹੋ ਕੇ ਨਵਾਂ ਨਿਰੋਆ (ਅਰੋਗ) ਨਹੀਂ ਰਹਿੰਦਾ। ਹੱਗਣ, ਮੂਤਣ ਆਦਿ ਕਿਰਿਆ ਕਰਨ ਵੇਲੇ ਤੇ ਰੋਗ ਸੋਗ ਵਿਚ ਦੁਖੀ ਹੋ ਕੇ ਰੋਂਦਾ ਹੈ। ਘੁਟੀ (ਗੁੜਤੀ) ਪੀਣ ਲੱਗਿਆਂ ਖੁਸ਼ ਨਹੀਂ ਹੁੰਦਾ ਤੇ ਜਦੋਂ ਮਾਂ ਸੱਪ ਨੂੰ ਫੜਨ ਲੱਗਿਆਂ ਰੋਕਦੀ ਹੈਂ ਤਾਂ ਗੁੱਸੇ ਹੋ ਕੇ ਰੋਂਦਾ ਹੈ। (ਉਹ) ਗੁਣ ਤੇ ਔਗੁਣ ਨੂੰ ਨਹੀਂ ਵਿਚਾਰਦਾ ਤੇ ਨਾ ਹੀ ਉਸ ਨੂੰ ਉਪਕਾਰ ਤੇ ਵਿਕਾਰ (ਭਲੇ ਬੁਰੇ) ਦੀ ਸੋਝੀ ਹੁੰਦੀ ਹੈ। (ਉਸ ਨੂੰ) ਹਥਿਆਰ ਤੇ ਸੰਜਅ ਇਕੋ ਜਿਹੇ ਭਾਸਦੇ ਹਨ।੯। ਮਾਤ ਪਿਤਾ ਮਿਲਿ ਨਿੰਮਿਆ ਆਸਾਵੰਤੀ ਉਦਰੁ ਮਝਾਰੇ॥
ਰਸ ਕਸ ਖਾਇ ਨਿਲਜ ਹੋਇ ਛੁਹ ਛੁਹ ਧਰਣਿ ਧਰੈ ਪਗ ਧਾਰੇ॥
ਪੇਟ ਵਿਚਿ ਦਸ ਮਾਹ ਰਖਿ ਪੀੜਾ ਖਾਇ ਜਣੈ ਪੁਤੁ ਪਿਆਰੇ॥
ਜਣ ਕੈ ਪਾਲੈ ਕਸਟ ਕਰਿ ਖਾਨ ਪਾਨ ਵਿਚਿ ਸੰਜਮ ਸਾਰੇ॥
ਗੁੜ੍ਹਤੀ ਦੇਇ ਪਿਆਲਿ ਦੁਧੁ ਘੁਟੀ ਵਟੀ ਦੇਇ ਨਿਹਾਰੇ॥
ਛਾਦਨ ਭੋਜਨੁ ਪੇਖਿਆ ਭਦਣਿ ਮੰਗਣਿ ਪੜ੍ਹਨਿ ਚਿਤਾਰੇ॥
ਪਾਂਧੇ ਪਾਸਿ ਪੜ੍ਹਾਇਆ ਖਟਿ ਲੁਟਾਇ ਹੋਇ ਸੁਚਿਆਰੇ॥
ਉਰਿਣਤ ਹੋਇ ਭਾਰੁ ਉਤਾਰੇ ॥੧੦॥

ਜਦੋਂ ਮਾਤਾ ਪਿਤਾ ਦੇ ਮਿਲਾਪ ਤੋਂ ਇਹ ਜੀਵ ਮਾਤਾ ਦੇ ਗਰਭ ਵਿਚ ਟਿਕਿਆ ਤਾਂ ਮਾਂ ਆਸਾਵੰਤੀ ਹੁੰਦੀ ਹੈ। ਮਾਤਾ ਸ਼ੰਕਾਵਾਨ ਹੋ ਕੇ ਰਸ ਕਸ (ਖੱਟਾ ਮਿੱਠਾ) ਨਹੀਂ ਖਾਂਦੀ ਤੇ ਹੌਲੀ ਹੌਲੀ ਧਰਤੀ 'ਤੇ ਪੈਰ ਰੱਖਦੀ ਹੈ। ਦਸ ਮਹੀਨੇ ਆਪਣੇ ਪੇਟ ਵਿਚ ਰੱਖ ਕੇ ਮਾਂ ਬੜੀਆਂ ਪੀੜਾ ਸਹਿ ਕੇ ਪਿਆਰੇ ਪੁੱਤਰ ਨੂੰ ਜਣਦੀ ਹੈ। ਪੁੱਤਰ ਜੰਮ ਕੇ ਮਾਂ ਬੜੇ ਕਸ਼ਟਾਂ ਨਾਲ ਉਸ ਨੂੰ ਪਾਲਦੀ ਹੈ ਤੇ ਸੰਜਮ ਨਾਲ ਖਾਣ ਪਾਨ ਕਰਦੀ ਹੈ। (ਮਾਤਾ ਪੁੱਤਰ ਨੂੰ) ਗੁੜ੍ਹਤੀ ਦਿੰਦੀ ਹੈ ਤੇ ਦੁੱਧ ਪਿਆਉਂਦੀ ਹੈ। ਦੁੱਖ ਤਕਲੀਫ ਹੋਤੇ ਤਾਂ ਘੁੱਟੀ ਤੇ ਵੱਟੀ ਦਿੰਦੀ ਹੈ। ਸੋਹਣੇ ਸੋਹਣੇ ਕੱਪੜੇ ਪਾਉਂਦੀ ਹੈ ਤੇ ਚੰਗੇ ਭੋਜਨਾਂ ਨਾਲ ਪੁੱਤਰ ਨੂੰ ਪਾਲਦੀ ਹੈ। ਝੰਡਾਂ ਕਰਨੀਆਂ, ਪੜ੍ਹਨੇ ਪਾਉਣਾ ਤੇ ਮੰਗਣੀ ਕਰਨੀ ਚਿਤਾਰਦੀ ਹੈ। ਫਿਰ ਪਾਂਧੇ ਪਾਸ ਬਹਾਇਆ ਜਾਂਦਾ ਹੈ ਤੇ ਆਪਣਾ ਕਮਾਇਆ ਧਨ ਲੁਟਾ ਕੇ ਮਾਪੇ ਸਚਿਆਰੇ ਹੁੰਦੇ ਹਨ। ਇਸ ਤਰ੍ਹਾਂ ਮਾਪੇ ਆਪਣੇ ਸਿਰ ਤੋਂ ਕਰਜ਼ ਦਾ ਭਾਰ ਉਤਾਰ ਕੇ ਸੁਰਖਰੂ ਹੋ ਜਾਂਦੇ ਹਨ।੧੦। ਮਾਤਾ ਪਿਤਾ ਅਨੰਦ ਵਿਚਿ ਪੁਤੈ ਦੀ ਕੁੜਮਾਈ ਹੋਈ॥
ਰਹਸੀ ਅੰਗ ਨ ਮਾਵਈ ਗਾਵੈ ਸੋਹਿਲੜੇ ਸੁਖ ਸੋਈ॥
ਵਿਗਸੀ ਪੁਤ ਵਿਆਹਿਐ ਘੋੜੀ ਲਾਵਾਂ ਗਾਵ ਭਲੋਈ॥
ਸੁਖਾਂ ਸੁਖੈ ਮਾਵੜੀ ਪੁਤੁ ਨੂੰਹ ਦਾ ਮੇਲ ਅਲੋਈ॥
ਨੁਹੁ ਨਿਤ ਕੰਤ ਕੁਮੰਤੁ ਦੇਇ ਵਿਹਰੇ ਹੋਵਹ ਸਸੁ ਵਿਗੋਈ॥
ਲਖ ਉਪਕਾਰੁ ਵਿਸਾਰਿ ਕੈ ਪੁਤ ਕੁਪੁਤਿ ਚਕੀ ਉਠਿ ਝੋਈ॥
ਹੋਵੈ ਸਰਵਣ ਵਿਰਲਾ ਕੋਈ ॥੧੧॥

ਜਦੋਂ ਪੁੱਤਰ ਦੀ ਕੁੜਮਾਈ ਹੋਈ ਤਦੋਂ ਮਾਤਾ ਪਿਤਾ ਖੁਸ਼ੀ ਵਿਚ (ਮਸਤ ਹੋਏ ਫਿਰਦੇ ਹਨ)। ਇਸ ਖੁਸ਼ੀ ਵਿਚ ਮਾਤਾ ਮਿਉਂਦੀ ਨਹੀਂ ਤੇ ਸੋਹਲੇ ਗਾਉਂਦੀ ਹੋਈ ਸੁਖ ਵਿਚ ਸੌਂਦੀ ਹੈ। ਜਦੋਂ ਪੁੱਤਰ ਦਾ ਵਿਆਹ ਹੁੰਦਾ ਹੈ ਤਾਂ ਮਾਂ ਪ੍ਰਸੰਨ ਹੋ ਕੇ ਘੋੜਿਆਂ ਤੇ ਲਾਵਾਂ ਗਾਉਂਦੀ ਹੈ। ਨੂੰਹ ਪੁੱਤਰ ਦਾ ਮਿਲਾਪ ਵੇਖ ਕੇ ਮਾਤਾ ਸੁੱਖਣਾ ਸੁੱਖਦੀ ਹੈ (ਕਿ ਇਹ ਜੋੜੀ ਸੁਖ ਮਾਣੇ ਤੇ ਹਰੀ ਭਰੀ ਰਹੇ)। (ਪਰ) ਨੂੰਹ ਹਰ ਰੋਜ਼ ਆਪਣੇ ਪਤੀ ਨੂੰ ਖੋਟੀ ਮੱਤ ਹੀ ਦਿੰਦੀ ਹੈ, ਜਿਸ ਕਰਕੇ ਦੋਵੇਂ ਜੀਅ (ਨੂੰਹ ਤੇ ਪੁੱਤਰ) ਆਕੀ ਹੋ ਖੜੋਂਦੇ ਹਨ ਤੇ ਮਾਤਾ ਦੁਖੀ ਹੁੰਦੀ ਹੈ। ਮਾਤਾ ਪਿਤਾ ਦੇ ਲੱਖਾਂ ਉਪਕਾਰਾਂ ਨੂੰ ਵਿਸਾਰ ਕੇ ਕਪੁੱਤ੍ਰ ਪੁੱਤ੍ਰ ਨੇ ਮਾਪਿਆਂ ਨਾਲ ਲੜਾਈ ਦੀ ਚੱਕੀ ਝੋਈ ਹੈ। (ਭਾਵ ਮਾਪਿਆਂ ਨਾਲ ਝਗੜੇ ਕਰਦਾ ਹੈ)। (ਇਸ ਸੰਸਾਰ ਵਿਚ) ਕੋਈ ਵਿਰਲਾ ਹੀ ਸਰਵਣ ਵਰਗਾ ਪੁੱਤਰ ਮਾਪਿਆਂ ਦੀ ਸੇਵਾ ਕਰਦਾ ਹੈ।੧੧। ਕਾਮਣਿ ਕਾਮਣਿਆਰੀਐ ਕੀਤੋ ਕਾਮਣੁ ਕੰਤ ਪਿਆਰੇ॥
ਜੰਮੇ ਸਾਂਈ ਵਿਸਾਰਿਆ ਵੀਵਾਹਿਆਂ ਮਾਂ ਪਿਅ ਵਿਸਾਰੇ॥
ਸੁਖਾਂ ਸੁਖਿ ਵਿਵਾਹਿਆ ਸਉਣੁ ਸੰਜੋਗੁ ਵਿਚਾਰਿ ਵਿਚਾਰੇ॥
ਪੁਤ ਨੂਹੈਂ ਦਾ ਮੇਲੁ ਵੇਖਿ ਅੰਗ ਨਾ ਮਾਥਨਿ ਮਾਂ ਪਿਉ ਵਾਰੇ॥
ਨੂੰਹ ਨਿਤ ਮੰਤ ਕੁਮੰਤ ਦੇਇ ਮਾਂ ਪਿਉ ਛਡਿ ਵਡੇ ਹਤਿਆਰੇ॥
ਵਖ ਹੋਵੈ ਪੁਤੁ ਰੰਨਿ ਲੈ ਮਾਂ ਪਿਉ ਦੇ ਉਪਕਾਰੁ ਵਿਸਾਰੇ॥
ਲੋਕਾਚਾਰਿ ਹੋਇ ਵਡੇ ਕੁਚਾਰੇ ॥੧੨॥

ਟੂਣੇ ਕਰਨ ਵਾਲੀ ਇਸਤ੍ਰੀ ਨੇ ਆਪਣੇ ਪਿਆਰੇ ਪਤੀ 'ਤੇ ਐਸਾ ਜਾਦੂ ਪਾ ਦਿੱਤਾ, ਕਿ ਜਨਮ ਲੈਣ ਤੋਂ ਪਿੱਛੋਂ ਉਸ ਨੇ ਆਪਣੇ ਸਾਈਂ (ਮਾਲਕ ਪ੍ਰਭੂ) ਨੂੰ ਭੁਲਾ ਦਿੱਤਾ ਤੇ ਵਿਆਹ ਹੋ ਜਾਣ ਬਾਅਦ ਮਾਪਿਆਂ ਨੂੰ ਵਿਸਾਰ ਦਿੱਤਾ। (ਮਾਪਿਆਂ ਨੇ) ਸੁੱਖਾਂ ਸੁੱਖ ਕੇ ਤੇ ਕਈ ਤਰ੍ਹਾਂ ਦੇ ਸ਼ਗਨ ਆਦਿ ਵਿਚਾਰ ਕੇ ਪੁੱਤਰ ਦਾ ਵਿਆਹ ਕੀਤਾ। ਨੂੰਹ ਤੇ ਪੁੱਤਰ ਦਾ ਮਿਲਾਪ ਵੇਖ ਕੇ ਮਾਪੇ ਅੰਗਾਂ ਵਿਚ ਨਹੀਂ ਮਿਉਂਦੇ ਤੇ ਵਾਰਨੇ ਜਾਂਦੇ ਹਨ। (ਪਰ) ਨੂੰਹ ਆਪਣੇ ਪਤੀ ਨੂੰ ਨਿੱਤ ਖੋਟੀ ਮੱਤ ਦਿੰਦੀ ਹੈ, ਜਿਸ ਕਰਕੇ ਪੁੱਤਰ ਮਾਪਿਆਂ ਨੂੰ ਛੱਡ ਕੇ ਵੱਡੇ ਹਤਿਆਰਿਆਂ (ਪਾਪੀਆਂ) ਵਾਲਾ ਕੰਮ ਕਰਦਾ ਹੈ। (ਇਸ ਹਰ ਰੋਜ਼ ਖੋਟੀ ਮੱਤ ਦਾ ਅਸਰ ਇਹ ਹੁੰਦਾ ਹੈ ਕਿ) ਪੁੱਤਰ ਵਹੁਟੀ ਨੂੰ ਲੈ ਕੇ ਵੱਖ ਹੋ ਜਾਂਦਾ ਹੈ ਅਤੇ ਮਾਪਿਆਂ ਦੇ ਸਾਰੇ ਉਪਕਾਰ ਭੁਲਾ ਦਿੰਦਾ ਹੈ। (ਪੁੱਤਰ ਦਾ ਇਹ ਕਰਮ) ਲੋਕਾਚਾਰੀ ਵੱਲੋਂ ਬੜਾ ਖੋਟੀ ਚਾਲ ਵਾਲਾ ਹੁੰਦਾ ਹੈ।੧੨। ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦੁ ਨ ਜਾਣੈ ਕਥਾ ਕਹਾਣੀ॥
ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬਿਬਾਣੀ॥
ਮਾਂ ਪਿਉ ਪਰਹਰਿ ਕਰੈ ਪੂਜੁ ਦੇਵੀ ਦੇਵ ਨ ਸੇਵ ਕਮਾਣੀ॥
ਮਾਂ ਪਿਉ ਪਰਹਰਿ ਨ੍ਹਾਵਣਾ ਅਠਸਠਿ ਤੀਰਥ ਘੁੰਮਣ ਵਾਣੀ॥
ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ॥
ਮਾਂ ਪਿਉ ਪਰਹਰਿ ਵਰਤ ਕਰਿ ਮਰਿ ਜੰਮੈ ਭਰਮਿ ਭੁਲਾਣੀ॥
ਗੁਰੁ ਪਰਮੇਸਰੁ ਸਾਰੁ ਨ ਜਾਣੀ ॥੧੩॥

(ਜਿਹੜਾ ਪੁੱਤਰ) ਮਾਪਿਆਂ ਨੂੰ ਤਿਆਗ ਕੇ ਵੇਦ ਸੁਣਦਾ ਹੈ, ਉਹ ਵੇਦਾਂ ਦੀਆਂ ਕਥਾ ਕਹਾਣੀਆਂ ਦਾ ਭੇਦ ਨਹੀਂ ਜਾਣ ਸਕਦਾ। (ਜਿਹੜਾ ਪੁੱਤਰ) ਮਾਤਾ ਪਿਤਾ ਨੂੰ ਤਿਆਗ ਕੇ ਬਨਾਂ ਵਿਚ ਜਾ ਕੇ ਤਪ ਕਰਦਾ ਹੈ, ਉਹ ਜੰਗਲਾ ਵਿਚ ਭੁੱਲਾ ਫਿਰਦਾ ਹੈ। (ਜਿਹੜਾ ਪੁੱਤਰ) ਮਾਪਿਆਂ ਨੂੰ ਵੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਉਸ ਦੀ ਪੂਜਾ ਨੂੰ ਦੇਵੀ ਦੇਵਤੇ ਪ੍ਰਵਾਨ ਨਹੀਂ ਕਰਦੇ। ਮਾਤਾ ਪਿਤਾ ਨੂੰ ਵਿਸਾਰਕੇ (ਜਿਹੜਾ ਪੁੱਤਰ) ਅਠਾਹਠ ਤੀਰਥਾਂ 'ਤੇ ਇਸ਼ਨਾਨ ਕਰਦਾ ਫਿਰਦਾ ਹੈ, ਉਹ ਘੁੰਮਣਘੇਰੀ ਵਿਚ ਗੋਤੇ ਖਾਂਦਾ ਹੈ। ਮਾਪਿਆਂ ਦਾ ਤਿਆਗ ਕਰਕੇ (ਜਿਹੜਾ ਪੁੱਤਰ) ਦਾਨ ਕਰਦਾ ਹੈ, ਉਹ ਪੁੱਤਰ ਅਗਿਆਨੀ ਤੇ ਬੇਈਮਾਨ ਹੈ। ਮਾਤਾ ਪਿਤਾ ਦਾ ਤਿਆਗ ਕਰਕੇ (ਜਿਹੜਾ ਪੁੱਤਰ) ਵਰਤ ਹੋਮ ਆਦਿ ਕਰਮ ਕਰਦਾ ਹੈ, ਉਹ ਚੁਰਾਸੀ ਲੱਖ ਜੂਨਾਂ ਦੇ ਚੱਕਰ ਵਿਚ ਭਰਮਦਾ ਭੁੱਲਾ ਹੋਇਆ ਫਿਰਦਾ ਹੈ। (ਇਹੋ ਜਿਹੇ ਖੋਟੇ ਪੁੱਤਰ ਨੇ) ਗੁਰੂ ਤੇ ਪਰਮੇਸ਼ਰ ਦੀ ਸਾਰ ਨਹੀਂ ਜਾਣੀ।੧੩। ਕਾਦਰੁ ਮਨਹੁਂ ਵਿਸਾਰਿਆ ਕੁਦਰਤਿ ਅੰਦਰਿ ਕਾਦਰੁ ਦਿਸੈ॥
ਜੀਉ ਪਿੰਡ ਦੇ ਸਾਜਿਆ ਸਾਸ ਮਾਸ ਦੇ ਜਿਸੈ ਕਿਸੈ॥
ਅਖੀ ਮੁਹੁਂ ਨਕੁ ਕੰਨੁ ਦੇਇ ਹਥੁ ਪੈਰੁ ਸਭਿ ਦਾਤ ਸੁ ਤਿਸੈ॥
ਅਖੀਂ ਦੇਖੈ ਰੂਪ ਰੰਗੁ ਸਬਦ ਸੁਰਤਿ ਮੁਹਿ ਕੰਨ ਸਰਿਸੈ॥
ਨਕਿ ਵਾਸੁ ਹਥੀਂ ਕਿਰਤਿ ਪੈਰੀ ਚਲਣ ਪਲ ਪਲ ਖਿਸੈ॥
ਵਾਲ ਦੰਦ ਨਹੁਂ ਰੋਮ ਰੋਮ ਸਾਸਿ ਗਿਰਾਸਿ ਸਮਾਲਿ ਸਲਿਸੈ॥
ਸਾਦੀ ਲਬੈ ਸਾਹਿਬੋ ਤਿਸ ਤੂੰ ਸੰਮਲ ਸੈਵੈਂ ਹਿਸੈ॥
ਲੂਣੁ ਪਾਇ ਕਰਿ ਆਟੈ ਮਿਸੈ ॥੧੪॥

(ਸੰਸਾਰ ਦੇ ਲੋਕਾਂ ਨੇ) ਕਾਦਰ (ਪ੍ਰਭੂ) ਨੂੰ ਵਿਸਾਰ ਦਿੱਤਾ ਹੈ (ਪਰ) ਉਹ ਪਰਮਾਤਮਾ ਆਪਣੀ ਕੁਦਰਤ ਵਿਚ (ਪਰਤੱਖ) ਦਿਸਦਾ ਹੈ। (ਪ੍ਰਭੂ ਨੇ) ਜੀਉ, ਸਰੀਰ, ਮਾਸ ਤੇ ਸਵਾਸ ਆਦਿ ਬਣਾ ਕੇ ਸਭ ਜੀਵਾਂ ਦੀ ਰਚਨਾ ਕੀਤੀ ਹੈ। ਅੱਖਾਂ, ਮੂੰਹ, ਨੱਕ, ਕਨ, ਦੋਵੇਂ ਹੱਥ ਤੇ ਪੈਰ ਸਭ ਉਸ ਪ੍ਰਭੂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਹਨ। ਅੱਖਾਂ ਰੂਪ ਰੰਗ ਵੇਖਦੀਆਂ ਹਨ, ਮੂੰਹੋਂ ਬੋਲਣ ਤੇ ਕੰਨਾਂ ਵਿਚ ਸੁਣਨ ਦੀ ਵਿਸ਼ੇਸ਼ ਸੁਰਤੀ ਦਿੱਤੀ ਹੈ। ਨੱਕ ਵਾਸ਼ਨਾ ਲੈਂਦਾ ਹੈ, ਹੱਥਾਂ ਨਾਲ ਕਾਰ ਵਿਹਾਰ ਹੁੰਦਾ ਹੈ ਤੇ ਪੈਰਾਂ ਨਾਲ ਪਲ ਪਲ ਚਲਣਾ ਹੁੰਦਾ ਹੈ। ਸਿਰ 'ਤੇ ਵਾਲ ਦਿੱਤੇ ਹਨ ਤੇ ਮੂੰਹ ਵਿੱਚ ਦੰਦ ਲਾਏ ਹਨ। ਹੇ ਭਾਈ! ਐਸੇ ਪ੍ਰਭੂ ਨੂੰ ਰੋਮ ਰੋਮ ਤੇ ਸਵਾਸ ਸਵਾਸ ਵਿਚ ਪ੍ਰੀਤ ਨਾਲ ਯਾਦ ਕਰ। (ਜੇ ਕੋਈ ਸ਼ੰਕਾ ਕਰੇ ਕਿ ਹਰ ਸਮੇਂ ਪ੍ਰਭੂ ਦਾ ਸਿਮਰਨ ਨਹੀਂ ਹੋ ਸਕਦਾ, ਕਿਉਂਕਿ ਜਗਤ ਦੇ ਕਾਰ ਵਿਹਾਰ ਵੀ ਕਰਨੇ ਹੁੰਦੇ ਹਨ ਤਾਂ ਇਸ ਦਾ ਉੱਤਰ ਇਹ ਦਿੰਦੇ ਹਨ ਕਿ)। ਸੁਆਦਾਂ ਦੇ ਲਾਲਚ ਕਰਕੇ ਤੂੰ ਸਾਹਿਬ (ਮਾਲਕ) ਦੀ ਸੇਵਾ ਕਰਦਾ ਹੈਂ। ਉਸ ਤੋਂ ਸੋਵਾਂ ਹਿੱਸਾ ਉਸ ਪ੍ਰਭੂ ਦਾ ਸਿਮਰਨ ਕਰ ਤੇ ਇਸ ਸਵਾਸਾਂ ਰੂਪੀ ਆਟੇ ਵਿਚ ਸਿਮਰਨ ਰੂਪੀ ਲੂਣ ਪਾ ਕੇ ਇਸ ਨੂੰ ਮਿੱਸਾ ਕਰ।੧੪। ਦੇਹੀ ਵਿਚਿ ਨ ਜਾਪਈ ਨੀਂਦ ਭੁਖੁ ਤੇਹ ਕਿਥੈ ਵਸੈ॥
ਹਸਣੁ ਰੋਵਣੁ ਗਾਵਣਾ ਛਿਕ ਡਿਕਾਰੁ ਖੰਗੂਰਣੁ ਦਸੈ॥
ਆਲਕ ਤੇ ਅੰਗਵਾੜੀਆਂ ਹਿਡਕੀ ਖੁਰਕਣੁ ਪਰਸ ਪਰਸੈ॥
ਉਭੇ ਸਾਹ ਉਬਾਸੀਆਂ ਚੁਟਕਾਰੀ ਤਾੜੀ ਸੁਣਿ ਕਿਸੈ॥
ਆਸਾ ਮਨਸਾ ਹਰਖੁ ਸੋਗੁ ਜੋਗੁ ਭੋਗੁ ਦੁਖੁ ਸੁਖੁ ਨ ਵਿਣਸੈ॥
ਜਾਗਦਿਆਂ ਲਖੁ ਚਿਤਵਣੀ ਸੁਤਾ ਸੁਹਣੇ ਅੰਦਰਿ ਧਸੈ॥
ਸੁਤਾ ਹੀ ਬਰੜਾਂਵਦਾ ਕਿਰਤਿ ਵਿਰਤਿ ਵਿਚਿ ਜਸ ਅਪਜਸੈ॥
ਤਿਸਨਾ ਅੰਦਰਿ ਘਣਾ ਤਰਸੈ ॥੧੫॥

ਇਹ ਪਤਾ ਨਹੀਂ ਲੱਗਦਾ ਕਿ (ਇਸ ਮਨੁੱਖਾ) ਦੇਹੀ ਵਿਚ ਨੀਂਦਰ, ਭੁੱਖ ਤੇ ਤਰੇਹ ਕਿਥੇ ਵਸਦੀਆਂ ਹਨ। ਹੱਸਣਾ, ਰੋਣਾ, ਗਾਉਣਾ, ਨਿੱਛਾਂ, ਡਕਾਰਣਾ ਤੇ ਖੰਘੂਰਨਾ ਬਾਰੇ (ਕੋਈ) ਦੱਸੋ। ਆਲਸ, ਆਕੜਾਂ ਭੰਨਣੀਆਂ, ਹਿੜਕੀ ਤੇ ਆਪੋ ਵਿਚ ਇਕ ਦੂਜੇ ਨੂੰ ਖੁਰਕਣਾ। ਉਭੇ ਸਾਹ ਲੈਣੇ, ਉਬਾਸੀਆਂ ਲੈਣੀਆਂ, ਚੁਟਕੀਆਂ ਮਾਰਨੀਆਂ, ਕਿੱਸੇ ਕਹਾਣੀਆਂ ਸੁਣ ਕੇ ਖੁਸ਼ੀ ਨਾਲ ਤਾੜੀਆਂ ਮਾਰਨੀਆਂ। ਆਸਾ, ਮਨਸਾ, ਖੁਸ਼ੀ, ਗਮੀ, ਕਦੀ ਭੋਜ, ਕਦੀ ਜੋਗ, ਦੁੱਖ ਦੀਆਂ ਗੱਲਾਂ ਸੁਣ ਕੇ ਪ੍ਰਸੰਨ ਨਾ ਹੋਣਾ। ਜਾਗਦਿਆਂ (ਮਨੁੱਖ) ਇਹੋ ਜਿਹੀਆਂ ਲੱਖਾਂ ਚਿਤਵਨੀਆਂ ਕਰਦਾ ਹੈ ਤੇ ਸੁੱਤਾ ਹੋਇਆ ਸੁਪਨਿਆਂ ਵਿਚ ਜਾ ਵੜਦਾ ਹੈ। ਸੁੱਤਾ ਪਿਆ ਮਨੁੱਖ ਬਰੜਾਉਂਦਾ ਹੈ ਕਿਰਤ ਵਿਹਾਰ ਦੇ ਜਸ ਅਪਜਸ ਨੂੰ ਲੈਂਦਾ ਹੈ (ਭਾਵ ਸੁਪਨੇ ਵਿਚ ਵੀ ਉਹੋ ਕੁਛ ਵੇਖਦਾ ਹੈ)। (ਮਨੁੱਖ) ਤ੍ਰਿਸ਼ਨਾ ਵਿਚ ਫਸਿਆ ਹੋਇਆ (ਸੁਪਨੇ ਵਿਚ ਵੀ) ਬਹੁਤ ਤਰਸਦਾ (ਦੁਖੀ ਹੁੰਦਾ) ਹੈ।੧੫। ਗੁਰਮਤਿ ਦੁਰਮਤਿ ਵਰਤਣਾ ਸਾਧੁ ਅਸਾਧੁ ਸੰਗਤਿ ਵਿਚਿ ਵਸੈ॥
ਤਿੰਨ ਵੇਸ ਜਮਵਾਰ ਵਿਚਿ ਹੋਇ ਸੰਜੋਗੁ ਵਿਜੋਗੁ ਮੁਣਸੈ॥
ਸਹਸ ਕੁਬਾਣ ਨ ਵਿਸਰੈ ਸਿਰਜਣਹਾਰੁ ਵਿਸਾਰਿ ਵਿਗਸੈ॥
ਪਰ ਨਾਰੀ ਪਰ ਦਰਬੁ ਹੇਤੁ ਪਰ ਨਿੰਦਾ ਪਰਪੰਚ ਰਹਸੈ॥
ਨਾਮ ਦਾਨ ਇਸਨਾਨੁ ਤਜਿ ਕੀਰਤਨ ਕਥਾ ਨ ਸਾਧੁ ਪਰਸੈ॥
ਕੁਤਾ ਚਉਕ ਚੜ੍ਹਾਈਐ ਚਕੀ ਚਟਣਿ ਕਾਰਣ ਨਸੈ॥
ਅਵਗੁਣਿਆਰਾ ਗੁਣ ਨ ਸਰਸੈ ॥੧੬॥

ਖੋਟੀ ਮੱਤ ਵਾਲਾ ਮਨੁੱਖ ਸਾਧਾਂ ਦੀ ਸੰਗਤ ਕਰਦਾ ਹੋਇਆ ਵੀ ਖੋਟਿਆਂ ਦੀ ਸੰਗਤ ਵਿਚ ਵਸਦਾ ਹੈ। ਮਨੁੱਖ ਨੂੰ ਜਨਮ ਵਿਚ ਤਿੰਨ ਵੇਸਾਂ (ਬਾਲਪਨ, ਜੁਆਨੀ ਤੇ ਬੁਢੇਪਾ) ਦਾ ਸੰਜੋਗ ਵਿਜੋਗ ਹੋਈ ਜਾਂਦਾ ਹੈ। (ਤਿੰਨ ਅਵਸਥਾ ਵਿਚ ਮਨੁੱਖ ਨੂੰ) ਖੋਟੀਆਂ ਵਾਦੀਆਂ ਨਹੀਂ ਵਿਸਰਦੀਆਂ ਤੇ ਸਿਰਜਨਹਾਰ ਪ੍ਰਭੂ ਨੂੰ ਵਿਸਾਰ ਕੇ ਖੁਸ਼ ਹੁੰਦਾ ਹੈ। (ਖੋਟਾ ਪੁਰਸ਼) ਪਰਾਈ ਇਸਤ੍ਰੀ, ਪਰਾਇਆ ਧਨ ਤੇ ਪਰਾਈ ਨਿੰਦਾ ਕਰਕੇ ਵਲਾਂ ਛਲਾਂ ਵਿਚ ਖੁਸ਼ੀ ਹੁੰਦਾ ਹੈ। ਮੰਦੇ ਕਰਮਾਂ ਵਿਚ ਲੱਗਾ ਮਨੁੱਖ ਨਾਮ, ਦਾਨ ਤੇ ਇਸ਼ਨਾਨ (ਆਦਿ ਸ਼ੁਭ ਕਰਮਾਂ) ਨੂੰ ਤਿਆਗ ਦਿੰਦਾ ਹੈ ਤੇ ਕਥਾ ਕੀਰਤਨ ਤੇ ਸਤਿਸੰਗਤ ਵੀ ਨਹੀਂ ਕਰਦਾ। (ਜਿਸ ਤਰ੍ਹਾਂ) ਕੁੱਤੇ ਨੂੰ ਤਖਤ 'ਤੇ ਬਿਠਾ ਦੇਈਏ ਤਦ ਵੀ ਉਹ ਚੱਕੀ ਚੱਟਣ ਲਈ ਨੱਸਦਾ ਹੈ। (ਇਸੇ ਤਰ੍ਹਾਂ) ਅਵਗੁਣਿਆਰਾ ਮਨੁੱਖ ਗੁਣਾਂ 'ਤੇ ਪ੍ਰਸੰਨ ਨਹੀਂ ਹੁੰਦਾ।੧੬। ਜਿਉ ਬਹੁ ਵਰਨ ਵਣਾਸਪਤਿ ਮੂਲ ਪਤ੍ਰ ਫਲੁ ਫੁਲੁ ਘਨੇਰੇ॥
ਇਕ ਵਰਨੁ ਬੈਸੰਤਰੈ ਸਭਨਾ ਅੰਦਰਿ ਕਰਦਾ ਡੇਰੇ॥
ਰੂਪੁ ਅਨੂਪੁ ਅਨੇਕ ਹੋਇ ਰੰਗੁ ਸੁਰੰਗੁ ਸੁ ਵਾਸੁ ਚੰਗੇਰੇ॥
ਵਾਂਸਹੁ ਉਠਿ ਉਪੰਨਿ ਕਰਿ ਜਾਲਿ ਕਰੰਦਾ ਭਸਮੈ ਢੇਰੇ॥
ਰੰਗ ਬਿਰੰਗੀ ਗਊ ਵੰਸ ਅੰਗੁ ਅੰਗੁ ਧਰਿ ਨਾਉ ਲਵੇਰੇ॥
ਸੱਦੀ ਆਵੈ ਨਾਉ ਸੁਣਿ ਪਾਲੀ ਚਾਰੈ ਮੇਰੇ ਤੇਰੇ॥
ਸਭਨਾ ਦਾ ਇਕੁ ਰੰਗੁ ਦੁਧੁ ਘਿਅ ਪਟ ਭਾਂਡੈ ਦੋਖ ਨ ਹੇਰੇ॥
ਚਿਤੈ ਅੰਦਰਿ ਚੇਤੁ ਚਿਤੇਰੇ ॥੧੭॥

ਜਿਸ ਤਰ੍ਹਾਂ ਬਣਸਪਤੀ ਦੇ ਅਨੇਕਾਂ ਰੰਗ ਰੂਪ ਹਨ ਤੇ ਮੂਲ, ਪੱਤ੍ਰ, ਫਲ ਤੇ ਫੁੱਲ ਬਹੁਤੇ ਰੰਗ ਹਨ। (ਪਰ) ਸਾਰੀ ਬਣਸਪਤੀ ਵਿਚ ਅੱਗ ਇਕੋ ਰੰਗ ਦੀ ਵਸਦੀ ਹੈ। ਬੜੇ ਬੜੇ ਸੋਹਣੇ ਰੰਗ ਰੂਪ ਵਾਲੇ ਅਨੇਕਾਂ ਤਰ੍ਹਾਂ ਦੇ ਵਾਂਸ ਹੁੰਦੇ ਹਨ। (ਪਰ) ਵਾਸਾਂ ਤੋਂ ਹੀ ਅੱਗ ਉੱਠ ਕੇ ਪੁੱਠੇ ਕੰਮ ਕਰਕੇ ਸਾਰਿਆਂ ਵਾਂਸਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਗਊਆਂ ਦੀ ਰੰਗ ਬਿਰੰਗੀ ਵੰਸ ਹੁੰਦੀ ਹੈ, ਉਹਨਾਂ ਲਵੇਰੀਆਂ ਦੇ ਨਾਂ ਅੱਡੋ ਅੱਡ ਰੱਖ ਦਿੱਤੇ ਜਾਂਦੇ ਹਨ। ਪਾਲੀ (ਵਾਗੀ) ਸਭਨਾਂ ਨੂੰ ਚਾਰਦਾ ਹੈ ਤੇ ਜਿਸ ਗਾਂ ਦਾ ਨਾਂ ਲੈ ਕੇ ਆਵਾਜ਼ ਮਾਰਦਾ ਹੈ, ਉਹੋ ਹੀ ਨੱਠੀ ਆਉਂਦੀ ਹੈ। (ਪਰ) ਸਾਰੀਆਂ ਗਊਆਂ ਦਾ ਦੁੱਧ ਇਕੋ ਰੰਗ ਦਾ ਹੁੰਦਾ ਹੈ, ਘਿਉ ਤੇ ਰੇਸ਼ਮ 'ਦੇ ਭਾਂਡੇ ਦਾ ਦੋਸ਼ ਨਹੀਂ ਵੇਖੀਦਾ (ਅਰਥਾਤ ਭਗਤ ਜਨ ਕਿਸੇ ਜਾਤ ਦੇ ਹੋਣ, ਉਹਨਾਂ ਨੂੰ ਘਿਉ ਤੇ ਰੇਸ਼ਮ ਵਾਂਗੂੰ ਪਵਿੱਤ੍ਰ ਜਾਣੋ)। ਸਾਰੀ ਰਚਨਾ ਵਿਚ ਪ੍ਰਭੂ ਆਪ ਵਸ ਰਿਹਾ ਹੈ, ਇਸ ਲਈ) ਇਸ ਸੰਸਾਰ ਦੀ ਚਿੱਤ੍ਰਕਾਰੀ ਕਰਨ ਵਾਲੇ ਚਿੱਤ੍ਰਕਾਰ (ਅਕਾਲ ਪੁਰਖ) ਦਾ ਚਿੱਤ ਵਿਚ ਸਿਮਰਨ ਕਰੋ।੧੭। ਧਰਤੀ ਪਾਣੀ ਵਾਸੁ ਹੈ ਫੁਲੀ ਵਾਸੁ ਨਿਵਾਸੁ ਚੰਗੇਰੀ॥
ਤਿਲ ਫੁਲਾਂ ਦੇ ਸੰਗਿ ਮਿਲਿ ਪਤਿਤ ਪੁਨੀਤੁ ਫੁਲੇਲੁ ਘਵੇਰੀ॥
ਅਖੀ ਦੇਖਿ ਅਨ੍ਹੇਰੁ ਕਰਿ ਮਨਿ ਅੰਧੇ ਤਨਿ ਅੰਧੁ ਅੰਧੇਰੀ॥
ਛਿਅ ਰੁਤ ਬਾਰਹ ਮਾਹ ਵਿਚ ਸੂਰਜੁ ਇਕੁ ਨ ਘੁਘੂ ਹੇਰੀ॥
ਸਿਮਰਣਿ ਕੂੰਜ ਧਿਆਨ ਕਛੁ ਪਥਰ ਕੀੜੇ ਰਿਜਕੁ ਸਵੇਰੀ॥
ਕਰਤੇ ਨੋ ਕੀਤਾ ਚਿਤੇਰੀ ॥੧੮॥

ਧਰਤੀ ਤੇ ਪਾਣੀ ਵਿਚ ਵਸਣ ਕਰਕੇ ਫੁੱਲਾਂ ਵਿਚ ਸੋਹਣੀ ਵਾਸ਼ਨਾ ਦਾ ਨਿਵਾਸ ਹੁੰਦਾ ਹੈ। ਤਿਲ ਫੁਲਾਂ ਨਾਲ ਮਿਲ ਕੇ ਪਾਪੀ ਤੋਂ ਪਵਿੱਤ੍ਰ ਫੁਲੇਲ ਵਾਲੀ ਸੁਗੰਧੀ ਦਿੰਦੇ ਹਨ। ਅੱਖਾਂ ਨਾਲ ਦੇਖਦਾ ਹੋਇਆ ਵੀ ਹਨੇਰ ਮਾਰਦਾ ਹੈ, ਮਨ ਦੇ ਅੰਨ੍ਹੇ ਨੂੰ ਤਨ ਵੱਲੋਂ ਵੀ ਅੰਧ ਅੰਧੇਰ ਹੀ ਦਿਸਦਾ ਹੈ। (ਜਿਵੇਂ) ਛੇ ਰੁੱਤਾਂ ਤੇ ਬਾਰਾਂ ਮਹੀਨਿਆਂ ਵਿਚ ਸੂਰਜ ਇਕੋ ਹੁੰਦਾ ਹੈ, ਪਰ ਉੱਲੂ ਨੂੰ ਸੂਰਜ ਨਹੀਂ ਦਿਸਦਾ। ਸਿਮਰਣ ਕਰਨ ਨਾਲ ਕੂੰਜ ਦੇ ਬੱਚੇ ਤੇ ਧਿਆਨ ਕਰਨ ਨਾਲ ਕੱਛੂ ਦੇ ਬੱਚੇ ਪਲਦੇ ਹਨ, ਪੱਥਰ ਦੇ ਕੀੜਿਆਂ ਨੂੰ ਵੀ ਹਰ ਰੋਜ਼ ਪ੍ਰਭੂ ਰਿਜ਼ਕ ਦਿੰਦਾ ਹੈ। (ਸੰਸਾਰ) ਸਿਰਜਨਹਾਰ ਨੂੰ ਇਹ ਪ੍ਰਭੂ ਦਾ ਬਣਾਇਆ ਜੀਵ ਯਾਦ ਨਹੀਂ ਕਰਦਾ।੧੮। ਘੁਘੂ ਚਾਮਚਿੜਕ ਨੋ ਦੇਹੁੰ ਨ ਸੁਝੈ ਚਾਨਣੁ ਹੋਂਦੇ॥
ਰਾਤਿ ਅਨ੍ਹੇਰੀ ਦੇਖਦੇ ਬੋਲੁ ਕੁਬੋਲ ਅਬੋਲੁ ਖਲ਼ਂਦੇ॥
ਮਨਮੁਖ ਅੰਨ੍ਹੇ ਰਾਤਿ ਦਿਹੁੰ ਸੁਰਤਿ ਵਿਹੂਣੇ ਚਕੀ ਝੋਂਦੇ॥
ਅਉਗੁਣ ਚੁਣਿ ਚੁਣਿ ਛਡਿ ਗੁਣ ਪਰਹਰਿ ਹੀਰੇ ਫਟਕ ਪਰੋਂਦੇ॥
ਨਾਉ ਸੁਜਾਖੇ ਅੰਨਿਆ ਮਾਇਆ ਮਦ ਮਤਵਾਲੇ ਰੋਂਦੇ॥
ਕਾਮ ਕਰੋਧ ਵਿਰੋਧ ਵਿਚਿ ਕਾਰੇ ਪਲੋ ਭਰਿ ਭਰਿ ਧੋਂਦੇ॥
ਪਥਰ ਪਾਪ ਨ ਛੁਟਹਿ ਢੋੰਦੇ ॥੧੯॥

ਉੱਲੂ ਤੇ ਚਾਮਚੜਿੱਕ ਨੂੰ ਚਾਨਣ ਹੁੰਦਿਆਂ ਦਿਨੇ ਕੁਝ ਨਹੀਂ ਸੁਝਦਾ (ਦਿਸਦਾ)। (ਪਰ) ਉਹ ਅੰਨ੍ਹੇਰੀ ਰਾਤ ਵਿਚ ਸਭ ਕੁਝ ਵੇਖਦੇ ਹਨ ਤੇ ਆਪਣੇ ਭੈੜੇ ਬੋਲਾਂ ਤੋਂ ਚੁੱਪ ਹੋ ਕੇ ਖੜੋਂਦੇ ਹਨ। ਅੰਨ੍ਹੇ ਅਗਿਆਨੀ ਮਨਮੁਖ ਗਿਆਨ ਤੋਂ ਬਿਨਾਂ ਝਗੜਿਆਂ ਦੀ ਚੱਕੀ ਝੋਈ ਰੱਖਦੇ ਹਨ (ਭਾਵ ਹਰ ਸਮੇਂ ਕੁਛ ਨਾ ਕੁਛ ਬੋਲਦੇ ਰਹਿੰਦੇ ਹਨ, ਕਦੇ ਵੀ ਚੁੱਪ ਨਹੀਂ ਹੁੰਦੇ)। ਉਹ ਮਨਮੁਖ ਗੁਣਾਂ ਨੂੰ ਛੱਡ ਕੇ ਔਗੁਣਾਂ ਨੂੰ ਚੁਣ ਚੁਣ ਕੇ ਇਕੱਠੇ ਕਰਦੇ ਰਹਿੰਦੇ ਹਨ, ਮਾਨੌ ਹੀਰਿਆਂ ਨੂੰ ਛੱਡ ਕੇ ਕੱਚ ਦੇ ਮਣਕਿਆਂ ਦੇ ਹਾਰ ਪਰੋਂਦੇ ਹਨ। ਮਨਮੁਖ ਹੈਨ ਤਾਂ ਅੰਨ੍ਹੇ, ਪਰ ਨਾਂ ਉਹਨਾਂ ਨੇ ਸੁਜਾਖੇ ਰੱਖਿਆ ਹੋਇਆ ਹੈ, ਉਹ ਮਾਇਆ ਮਦ ਵਿਚ ਮਤਵਾਲੇ ਹੋਏ ਰੋਂਦੇ ਹਨ। ਕਾਮ, ਕ੍ਰੋਧ ਆਦਿ ਵਿਸ਼ਿਆਂ ਤੇ ਵਿਰੋਧ ਵਿਚ ਚਾਰੇ ਅੰਤਹਕਰਣ ਰੂਪੀ ਪੱਲੇ ਭਰ ਭਰ ਕੇ ਧੋਂਦੇ ਹਨ (ਭਾਵ ਦੁਨੀਆਂ ਸਾਹਮਣੇ ਸਚਿਆਰ ਬਣਨ ਲਈ ਕੋਈ ਨਾ ਕੋਈ ਕਰਮ ਧਰਮ ਕਰਦੇ ਰਹਿੰਦੇ ਹਨ)। ਉਹ ਪਾਪਾਂ ਦੇ ਪੱਥਰ ਢੋਂਦੇ ਹੋਏ ਨਰਕਾਂ ਤੋਂ ਛੁਟਦੇ ਨਹੀਂ।੧੯। ਥਲਾ ਅੰਦਰਿ ਅਕੁ ਉਗਵਨਿ ਵੁਠੇ ਮੀਂਹ ਪਵੈ ਮੁਹਿ ਮੋਆ॥
ਪਤਿ ਟੁਟੈ ਦੁਧੁ ਵਹਿ ਚਲੈ ਪੀਤੈ ਕਾਲਕੂਟੁ ਓਹੁ ਹੋਆ॥
ਅਕਹੁੰ ਫਲ ਹੋਇ ਖਖੜੀ ਨਿਹਫਲੁ ਸੋ ਫਲੁ ਅਕਤਿਡੁ ਭੋਆ॥
ਵਿਹੁਂੁ ਨਸੈ ਅਕ ਦੁਧ ਤੇ ਸਪੁ ਖਾਧਾ ਖਾਇ ਅਕ ਨਰੋਆ॥
ਸੋ ਅਕ ਚਰਿ ਕੈ ਬਕਰੀ ਦੇਇ ਦੁਧੁ ਅੰਮ੍ਰਿਤ ਮੋਹਿ ਚੋਆ॥
ਸਪੈ ਦੁਧੁ ਪਿਆਲੀਐ ਵਿਸੁ ਉਗਾਲੈ ਪਾਸਿ ਖੜੋਆ॥
ਗੁਣ ਕੀਤੈ ਅਵਗੁਣੁ ਕਰਿ ਢੋਆ ॥੨੦॥

ਰੇਤਲੇ ਮੈਦਾਨਾਂ ਵਿਚ ਅੱਕ ਕੇ ਬੂਟੇ ਉੱਗਦੇ ਹਨ, ਜੋ ਮੀਂਹ ਦੇ ਵੱਸਣ ਨਾਲ ਮੂਧੇ ਮੂੰਹ ਡਿੱਗ ਪੈਂਦੇ ਹਨ (ਉਹਨਾਂ ਲਈ ਮੀਂਹ ਦਾ ਪਾਣੀ ਜ਼ਹਿਰ ਵਾਂਗੂੰ ਹੁੰਦਾ ਹੈ)। (ਉਸ ਅੱਕ ਦੇ) ਪੱਤਰ ਟੁੱਟਦੇ ਹਨ ਤਾਂ ਉਹਨਾਂ ਵਿਚੋਂ ਦੁੱਧ ਵਹਿ ਤੁਰਦਾ ਹੈ, ਉਸ ਦੁੱਧ ਦੇ ਪੀਣ ਨਾਲ ਜ਼ਹਿਰ ਦਾ ਅਸਰ ਹੁੰਦਾ ਹੈ। ਅੱਕ ਤੋਂ ਪੱਖੜੀ ਦਾ ਨਿਕੰਮਾ ਫਲ ਪੈਦਾ ਹੁੰਦਾ ਹੈ, ਜੋ ਅਕਤਿੱਡੇ ਨੂੰ ਹੀ ਚੰਗਾ ਲੱਗਦਾ ਹੈ। ਅੱਕ ਦਾ ਦੁੱਧ ਵਰਤਣ ਨਾਲ ਜ਼ਹਿਰ ਦੂਰ ਹੁੰਦੀ ਹੈ, ਸੱਪ ਦਾ ਡੰਗਿਆਂ ਮਨੁੱਖ ਅੱਕ ਦੇ ਖਾਣ ਨਾਲ ਰਾਜ਼ੀ ਹੋ ਜਾਂਦਾ ਹੈ। ਉਹੋ ਅੱਕ ਬੱਕਰੀ ਚਰ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੀ ਹੈ, ਜਿਸ ਨੂੰ (ਬਾਲਾਂ ਦੇ) ਮੂੰਹ ਵਿਚ ਚੋਇਆ ਜਾਂਦਾ ਹੈ। ਜੇ ਸੱਪ ਨੂੰ ਦੁੱਧ ਪਿਆਈਏ ਤਾਂ ਉਹ ਕੋਲ ਖੜੋਤਾ ਹੋਇਆ ਜ਼ਹਿਰ ਉੱਗਲਦਾ ਹੈ। (ਇਸ ਤਰ੍ਹਾਂ ਮਨਮੁਖ) ਗੁਣ ਕੀਤੇ ਨੂੰ ਵੀ ਅਵਗੁਣ ਕਰ ਦਿੰਦਾ ਹੈ।੨੦। ਕੁਹੈ ਕਸਾਈ ਬਕਰੀ ਲਾਇ ਲੂਣ ਸੀਖ ਮਾਸੁ ਪਰੋਆ॥
ਹਸਿ ਹਸਿ ਬੋਲੇ ਕੁਹੀਂਦੀ ਖਾਧੇ ਅਕਿ ਹਾਲੁ ਇਹੁ ਹੋਆ॥
ਮਾਸ ਖਾਨਿ ਗਲਿ ਛੁਰੀ ਦੇ ਹਾਲੁ ਤਿਨਾੜਾ ਕਉਣੁ ਅਲੋਆ॥
ਜੀਭੈ ਹੰਦਾ ਫੇੜਿਆ ਖਉ ਦੰਦਾਂ ਮੁਹੁ ਭੰਨਿ ਵਿਗੋਆ॥
ਪਰ ਤਨ ਪਰ ਧਨ ਨਿੰਦ ਕਰਿ ਹੋਇ ਦੁਜੀਭਾ ਬਿਸੀਅਰੁ ਭੋਆ॥
ਵਸਿ ਆਵੈ ਗੁਰੁਮੰਤ ਸਪੁ ਨਿਗੁਰਾ ਮਨਮੁਖੁ ਸੁਣੈ ਨ ਸੋਆ॥
ਵੇਖਿ ਨ ਚਲੈ ਅਗੈ ਟੋਆ ॥੨੧॥

ਕਸਾਈ ਬੱਕਰੀ ਨੂੰ ਮਾਰਦਾ ਹੈ ਲੂਣ ਲਾ ਕੇ ਮਾਸ ਨੂੰ ਸੀਖ ਉੱਤੇ ਪਰੋਂਦਾ ਹੈ। (ਉਹ ਬੱਕਰੀ) ਮਰੀਂਦੀ ਹੋਈ ਹੱਸ ਹੱਸ ਕੇ ਕਹਿੰਦੀ ਹੈ ਕਿ ਅੱਕ ਦੇ ਖਾਣ ਨਾਲ ਮੇਰਾ ਇਹ ਹਾਲ ਹੋਇਆ ਹੈ। (ਜਿਹੜੇ ਮਨੁੱਖ) ਮੇਰੇ ਗਲ ਵਿਚ ਛੁਰੀ ਫੇਰ ਕੇ ਮੇਰਾ ਮਾਸ ਖਾਂਦੇ ਹਨ, ਉਹਨਾਂ ਦਾ ਕੀ ਹਾਲ ਹੋਵੇਗਾ? ਜੀਭ ਦਾ ਵਿਗੜਿਆ ਹੋਇਆ ਦੰਦਾਂ ਦਾ ਖਉ ਤੇ ਮੂੰਹ ਨੂੰ ਨਾਸ ਕਰਦਾ ਹੈ। ਪਰ ਇਸਤ੍ਰੀ ਗਮਨ ਕਰਨ ਵਾਲਾ, ਪਰਾਏ ਧਨ ਨੂੰ ਲੈਣ ਵਾਲਾ ਤੇ ਪਰਾਈ ਨਿੰਦਾ ਕਰਨ ਵਾਲਾ ਮਨੁੱਖ ਦੋ ਜੀਭਾ ਸੱਪ ਬਣਦਾ ਹੈ। ਦੋ ਜੀਭਾ ਸੱਪ ਤਾਂ ਗੁਰਾਂ ਦਾ ਮੰਤਰ ਸੁਣ ਕੇ ਵਸ ਵਿਚ ਆ ਜਾਂਦਾ ਹੈ, ਪਰ ਮਨਮੁਖ ਗੁਰੂ ਦੇ ਉਪਦੇਸ਼ ਦੀ ਕਨਸੋਅ ਵੀ ਨਹੀਂ ਸੁਣਦਾ। (ਉਹ ਮਨਮੁਖ ਅਗਿਆਨ ਵਿਚ ਅੰਨ੍ਹਾ ਹੋਇਆ) ਟੋਆ ਟਿੱਬਾ ਵੇਖਕੇ ਨਹੀਂ ਚਲਦਾ।੨੧। ਆਪਿ ਨ ਵੰਝੈ ਸਾਹੁਰੈ ਲੋਕਾ ਮਤੀ ਦੇ ਸਮਝਾਏ॥
ਚਾਨਣ ਘਰਿ ਵਿਚਿ ਦੀਵਿਅਹੁ ਹੇਠ ਅੰਨੇਰੁ ਨ ਸਕੈ ਮਿਟਾਏ॥
ਹਥੁ ਦੀਵਾ ਫੜਿ ਆਖੁੜੈ ਹੁਇ ਚਕਚਉਧੀ ਪੈਰੁ ਥਿੜਾਏ॥
ਹਥ ਕੰਙਣੁ ਲੈ ਆਰਸੀ ਅਉਖਾ ਹੋਵੈ ਦੇਖਿ ਦਿਖਾਏ॥
ਦੀਵਾ ਇਕਤੁ ਹਥ ਲੈ ਆਰਸੀ ਦੂਜੈ ਹਥਿ ਫੜਾਏ॥
ਹੁੰਦੇ ਦੀਵੇ ਆਰਸੀ ਆਖੁੜਿ ਟੋਏ ਪਾਉਂਦਾ ਜਾਏ॥
ਦੂਜਾ ਭਾਉ ਕੁਦਾਉ ਹਰਾਏ ॥੨੨॥

(ਛੁਟੜ ਇਸਤ੍ਰੀ) ਆਪ ਤਾਂ ਸਹੁਰੇ ਘਰ ਜਾ ਕੇ ਵਸਦੀ ਨਹੀਂ, ਪਰ ਲੋਕਾਂ ਨੂੰ ਮੱਤਾਂ ਦੇ ਕੇ ਸਮਝਾਉਂਦੀ ਹੈ (ਕਿ ਸਹੁਰੇ ਘਰ ਵਸਣਾ ਚੰਗਾ ਹੁੰਦਾ ਹੈ)। ਦੀਵੇ ਦੇ ਜਗਣ ਨਾਲ ਘਰ ਵਿਚ ਚਾਨਣ ਹੁੰਦਾ ਹੈ, ਪਰ ਦੀਵਾ ਆਪਣੇ ਹੇਠਲਾ ਅੰਨ੍ਹੇਰਾ ਦੂਰ ਨਹੀਂ ਕਰ ਸਕਦਾ। ਹੱਥ ਵਿਚ ਦੀਵਾ ਫੜ ਕੇ ਤੁਰਨ ਵਾਲਾ ਠੇਡੇ ਖਾਂਦਾ ਹੈ ਤੇ ਚਕ੍ਰਤ ਹੋਏ ਦੇ ਪੈਰ ਖਿੜਕਦੇ ਹਨ। ਜਿਹੜਾ ਮਨੁੱਖ ਹੱਥ ਦੇ ਕੰਙਣ ਨੂੰ ਸ਼ੀਸ਼ਾ ਲੈ ਕੇ ਵੇਖਦਾ ਹੈ, ਉਹ ਵੇਖਣ ਵਿਖਾਉਣ ਵਿਚ ਔਖਾ ਹੋਵੇਗਾ। (ਜੇਹੜਾ ਮਨੁੱਖ) ਇਕ ਹੱਥ ਵਿਚ ਦੀਵਾ ਤੇ ਦੂਜੇ ਹੱਥ ਵਿਚ ਸ਼ੀਸ਼ਾ ਫੜਦਾ ਹੈ। ਉਹ ਦੀਵੇ ਤੇ ਸ਼ੀਸ਼ੇ ਦੇ ਹੁੰਦਿਆਂ ਠੇਡਾ ਖਾ ਕੇ ਟੋਏ ਵਿਚ ਜਾ ਪਏਗਾ। ਦੂਜੇ ਭਾਵ ਦਾ ਖੋਟਾ ਦਾਅ ਹਾਰ ਹੀ ਦਿੰਦਾ ਹੈ।੨੨। ਅਮਿਅ ਸਰੋਵਰਿ ਮਰੈ ਡੁਬਿ ਤਰੈ ਨ ਮਨਤਾਰੂ ਸੁ ਅਵਾਈ॥
ਪਾਰਸੁ ਪਰਸਿ ਨ ਪਥਰਹੁ ਕੰਚਨੁ ਹੋਇ ਨ ਅਘੜੁ ਘੜਾਈ॥
ਬਿਸੀਅਰੁ ਵਿਸੁ ਨ ਪਰਹਰੈ ਅਠ ਪਹਰ ਚੰਨਣਿ ਲਪਟਾਈ॥
ਸੰਖ ਸਮੁੰਦਹੁਂ ਸਖਣਾ ਰੋਵੈ ਧਾਹਾਂ ਮਾਰਿ ਸੁਣਾਈ॥
ਘੁਘੂ ਸੁਝੁ ਨ ਸੁਝਈ ਸੂਰਜੁ ਜੋਤਿ ਨ ਲੁਕੈ ਲੁਕਾਈ॥
ਮਨਮੁਖ ਵਡਾ ਅਕ੍ਰਿਤਘਣੁ ਦੂਜੈ ਭਾਇ ਸੁਆਇ ਲੁਭਾਈ॥
ਸਿਰਜਨਹਾਰ ਨ ਚਿਤਿ ਵਸਾਈ ॥੨੩॥

ਅੰਮ੍ਰਿਤੁ ਦੇ ਸਰੋਵਰ ਵਿਚ ਅਮੋੜ ਅਣਤਾਰੂ ਡੁੱਬ ਮਰਦਾ ਹੈ, ਤਰਦਾ ਨਹੀਂ। ਪਾਰਸ ਨੂੰ ਛੁਹ ਕੇ ਪੱਥਰ ਸੋਨਾ ਨਹੀਂ ਹੁੰਦਾ ਤੇ ਨਾ ਹੀ ਉਹ ਅਘੜ ਪੱਥਰ ਸੋਨੇ ਵਾਂਗੂੰ ਘੜਿਆ ਜਾਂਦਾ ਹੈ। ਸੱਪ ਅੱਠੇ ਪਹਿਰ ਚੰਦਨ ਦੇ ਬ੍ਰਿਛ ਨਾਲ ਲਪੇਟੇ ਰਹਿਣ 'ਤੇ ਵੀ ਆਪਣੀ ਜ਼ਹਿਰ ਨਹੀਂ ਛੱਡਦਾ। ਸੰਖ ਸਮੁੰਦਰ ਵਿਚੋਂ ਖਾਲੀ ਨਿਕਲਦਾ ਹੈ ਤੇ ਧਾਹਾਂ ਮਾਰ ਮਾਰ ਕੇ ਲੋਕਾਂ ਨੂੰ ਸੁਣਾਉਂਦਾ ਹੈ। ਉੱਲੂ ਨੂੰ ਸੂਰਜ ਚੜ੍ਹਿਆ ਨਹੀਂ ਦਿਸਦਾ, ਸੂਰਜ ਦਾ ਪ੍ਰਕਾਸ਼ ਲੋਕਾਂ ਤੋਂ ਲੁਕਿਆ ਨਹੀਂ ਰਹਿੰਦਾ। ਮਨਮੁਖ ਵੱਡਾ ਅਕ੍ਰਿਤਘਨ ਹੈ, ਜੋ ਦੂਜੇ ਭਾਵ ਦੇ ਸੁਆਦਾਂ ਵਿਚ ਲੁਭਾਇਮਾਨ ਹੋ ਰਿਹਾ ਹੈ। ਇਹੋ ਜਿਹਾ ਮਨਮੁਖ ਸਿਰਜਨਹਾਰ (ਅਕਾਲ ਪੁਰਖ) ਨੂੰ ਆਪਣੇ ਚਿੱਤ ਵਿਚ ਨਹੀਂ ਵਸਾਉਂਦਾ।੨੩। ਮਾਂ ਗਭਣਿ ਜੀਅ ਜਾਣਦੀ ਪੁਤੁ ਸਪੁਤੁ ਹੋਵੈ ਸੁਖਦਾਈ॥
ਕੁਪੁਤਹੁਂ ਧੀ ਚੰਗੇਰੜੀ ਪਰ ਘਰ ਜਾਇ ਵਸਾਇ ਨ ਆਈ॥
ਧੀਅਹੁਂ ਸਪ ਸਕਾਰਥਾ ਜਾਉ ਜਣੇਂਦੀ ਜਣਿ ਜਣਿ ਖਾਈ॥
ਮਾਂ ਡਾਇਣ ਧੰਨੁ ਧੰਨੁ ਹੈ ਕਪਟੀ ਪੁਤੈ ਖਾਇ ਅਘਾਈ॥
ਬਾਮ੍ਹਣ ਗਾਈ ਖਾਇ ਸਪੁ ਫੜਿ ਗੁਰ ਮੰਤ੍ਰ ਪਵਾਇ ਪਿੜਾਈ॥
ਨਿਗੁਰੇ ਤੁਲਿ ਨ ਹੋਰੁ ਕੋ ਸਿਰਜਣਹਾਰੈ ਸਿਰਠਿ ਉਪਾਈ॥
ਮਾਤਾ ਪਿਤਾ ਨ ਗੁਰੁ ਸਰਣਾਈ ॥੨੪॥

ਗਰਭਵਤੀ ਹੋ ਕੇ ਮਾਂ ਆਪਣੇ ਮਨ ਵਿਚ ਇਹ ਜਾਣਦੀ ਹੈ ਕਿ ਮੇਰਾ ਪੁੱਤਰ ਸਪੁੱਤਰ ਹੋ ਕੇ ਮੈਨੂੰ ਸੁਖ ਦੇਵੇਗਾ। (ਪਰ) ਖੋਟੇ ਪੁੱਤਰ ਨਾਲੋਂ ਧੀ ਚੰਗੀ ਹੈ, ਜੋ ਪਰਾਏ ਘਰ ਨੂੰ ਜਾ ਕੇ ਵਸਾਏਗੀ ਤੇ ਮੁੜ ਕੇ ਨਹੀਂ ਆਵੇਗੀ। ਖੋਟੀ ਧੀ ਨਾਲੋਂ ਸੱਪਣੀ ਚੰਗੀ ਹੈ, ਜੋ ਆਪਣੇ ਜਣੇ ਬੱਚਿਆਂ ਨੂੰ ਆਪ ਹੀ ਖਾਂ ਲੈਂਦੀ ਹੈ। (ਸੱਪਣੀ ਨਾਲੋਂ) ਡੈਣ ਮਾਂ ਵੀ ਧੰਨ ਹੈ, ਜੋ ਆਪਣੇ ਕਪਟੀ ਪੁੱਤਰ ਨੂੰ ਖਾ ਕੇ ਰੱਜਦੀ ਹੈ। ਭਾਵੇਂ ਸੱਪ, ਬ੍ਰਾਹਮਣ ਤੇ ਗਊ ਨੂੰ ਖਾ ਲੈਂਦਾ ਹੈ, ਪਰ ਉਹ ਫਿਰ ਵੀ ਚੰਗਾ ਹੈ, ਕਿਉਂਕਿ ਉਹ ਗੁਰੂ ਦੇ ਮੰਤਰ ਨੂੰ ਸੁਣ ਕੇ ਪਟਾਰੀ ਵਿਚ ਪੈ ਜਾਂਦਾ ਹੈ। ਸਿਰਜਨਹਾਰ ਨੇ ਏਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਪਰ ਨਿਗੁਰੇ ਵਰਗੀ ਬੁਰੀ ਚੀਜ਼ ਹੋਰ ਕੋਈ ਨਹੀਂ ਰਚੀ। (ਨਿਗੁਰੇ ਦੇ ਲੱਛਣ ਇਹ ਹੁੰਦੇ ਹਨ ਕਿ ਉਹ) ਮਾਤਾ ਪਿਤਾ ਤੇ ਗੁਰੂ ਦੀ ਸ਼ਰਣ ਵਿਚ ਨਹੀਂ ਜਾਂਦਾ।੨੪। ਨਿਗੁਰੇ ਲਖ ਨ ਤੁਲ ਤਿਸ ਸਤਿਗੁਰ ਸਰਣਿ ਨ ਆਏ॥
ਜੋ ਗੁਰ ਗੋਪੈ ਆਪਣਾ ਤਿਸੁ ਡਿਠੇ ਨਿਗੁਰੇ ਸਰਮਾਏ॥
ਸੀਂਹ ਸਉਹਾਂ ਜਾਣਾ ਭਲਾ ਨਾ ਤਿਸੁ ਬੇਮੁਖ ਸਉਹਾਂ ਜਾਏ॥
ਸਤਿਗੁਰ ਤੇ ਜੋ ਮੁਹੁ ਫਿਰੈ ਤਿਸੁ ਮੁਹਿ ਲਗਣੁ ਵਡੀ ਬੁਲਾਏ॥
ਜੇ ਤਿਸੁ ਮਾਰੈ ਧਰਮ ਹੈ ਮਾਰਿ ਨ ਹੰਘੈ ਆਪੁ ਹਟਾਏ॥
ਸੁਆਮਿ ਧ੍ਰੋਹੀ ਅਕਿਰਤਘਣੁ ਬਾਮਣ ਗਊ ਵਿਸਾਹਿ ਮਰਾਏ॥
ਬੇਮੁਖ ਲੂੰਅ ਨ ਤੁਲਿ ਤੁਲਾਇ ॥੨੫॥

ਲੱਖਾਂ ਨਿਗੁਰੇ ਉਸ ਨਿਗੁਰੇ ਦੇ ਬਰਾਬਰ ਨਹੀਂ, ਜਿਹੜਾ ਨਿਗੁਰਾ ਸਤਿਗੁਰੂ ਦੀ ਸ਼ਰਣ ਵਿਚ ਨਹੀਂ ਆਉਂਦਾ। ਜਿਹੜਾ ਨਿਗੁਰਾ ਆਪਣੇ ਗੁਰੂ ਨੂੰ ਛੁਪਾਉਂਦਾ ਹੈ (ਭਾਵ ਗੁਰੂ ਤੋਂ ਬੇਮੁਖ ਹੁੰਦਾ ਹੈ) ਉਸ ਨੂੰ ਵੇਖਕੇ ਨਿਗੁਰੇ ਵੀ ਸ਼ਰਮਾਉਂਦੇ ਹਨ। ਸ਼ੇਰ ਦੇ ਸਾਹਮਣੇ ਜਾਣਾ ਚੰਗਾ ਹੈ, ਪਰ ਗੁਰੂ ਤੋਂ ਬੇਮੁਖ ਦੇ ਸਾਹਮਣੇ ਨਹੀਂ ਜਾਣਾ ਚਾਹੀਦਾ। ਜਿਹੜਾ ਮਨੁੱਖ ਆਪਣੇ ਗੁਰੂ ਤੋਂ ਮੂੰਹ ਫੇਰ ਲੈਂਦਾ ਹੈ। (ਭਾਵ ਬੇਮੁਖ ਹੋ ਜਾਂਦਾ ਹੈ) ਉਸ ਦੇ ਮੂੰਹ ਲੱਗਣ ਨਾਲ ਵੱਡੇ ਉਪਦ੍ਰਵ ਵਿਆਪਦੇ ਹਨ। ਉਸ ਦੇ ਇਸ ਬੇਮੁਖ ਸੁਭਾਵ ਨੂੰ ਮਾਰਨਾ ਧਰਮ ਦਾ ਕੰਮ ਹੈ, ਜੋ ਕੋਈ ਐਸਾ ਨਹੀਂ ਕਰ ਸਕਦਾ ਤਾਂ ਉਸਦੀ ਸੰਗਤ ਤੋਂ ਆਪਣੇ ਆਪ ਨੂੰ ਦੂਰ ਰੱਖੇ। ਮਾਲਕ ਨੂੰ ਮਾਰਨ ਵਾਲੇ, ਕੀਤੇ ਨੂੰ ਜਾਨਣ ਵਾਲੇ, ਬ੍ਰਾਹਮਣ ਤੇ ਗਊ ਨੂੰ ਮਾਰਨ ਵਾਲੇ ਤੇ ਵਿਸ਼ਵਾਸਘਾਤੀ ਆਦਿ ਪਾਪੀ। ਬੇਮੁਖ ਦੇ ਇਕ ਰੋਮ ਦੇ ਬਰਾਬਰ ਵੀ ਨਹੀਂ ਪੁੱਜਦੇ।੨੫। ਮਾਣਸ ਦੇਹਿ ਦੁਲੰਭੁ ਹੈ ਜੁਗਹ ਜੁਗੰਤਰਿ ਆਵੈ ਵਾਰੀ॥
ਉਤਮੁ ਜਨਮੁ ਦੁਲੰਭੁ ਹੈ ਇਕ ਵਾਕੀ ਕੋੜਮਾ ਵੀਚਾਰੀ॥
ਦੇਹਿ ਅਰੋਗ ਦੁਲੰਭੁ ਹੈ ਭਾਗਠੁ ਹੈ ਮਾਤ ਪਿਤਾ ਹਿਤਕਾਰੀ॥
ਸਾਧੂ ਸੰਗਿ ਦੁਲੰਭੁ ਹੈ ਗੁਰਮੁਖਿ ਸੁਖ ਫਲੁ ਭਗਤਿ ਪਿਆਰੀ॥
ਫਾਥਾ ਮਾਇਆ ਮਹਾਂ ਜਾਲਿ ਪੰਜਿ ਦੂਤ ਜਮਕਾਲੁ ਸੁ ਭਾਰੀ॥
ਜਿਉ ਕਰਿ ਸਹਾ ਵਹੀਰ ਵਿਚਿ ਪਰ ਹਥਿ ਪਾਸਾ ਪਉਛਕਿ ਸਾਰੀ॥
ਦੂਜੈ ਭਾਇ ਕੁਦਾਇਅੜਿ ਜਮ ਜੰਦਾਰੁ ਸਾਰ ਸਿਰਿ ਮਾਰੀ॥
ਆਵੈ ਜਾਇ ਭਵਾਈਐ ਭਵਜਲੁ ਅੰਦਰਿ ਹੋਇ ਖੁਆਰੀ॥
ਹਾਰੈ ਜਨਮੁ ਅਮੋਲੁ ਜੁਆਰੀ ॥੨੬॥

ਇਹ ਮਨੁੱਖਾ ਦੇਹ ਦੁਰਲੱਭ ਹੈ, ਕਿਉਂਕਿ ਕਈ ਜੁਗਾਂ ਪਿੱਛੋਂ ਇਸ ਦੀ ਵਾਰੀ ਆਉਂਦੀ ਹੈ। ਸੱਚ ਬੋਲਣ ਵਾਲੇ (ਭਾਵ ਚੰਗੇ) ਪਰਿਵਾਰ ਵਿਚ ਜਨਮ ਹੋਣਾ ਹੋਰ ਵੀ ਉੱਤਮ ਤੇ ਦੁਰਲੱਭ ਹੈ। ਦੇਹ ਦਾ ਅਰੋਗ ਹੋਣਾ ਵੀ ਦੁਰਲੱਭ ਹੈ ਤੇ ਮਾਤਾ ਪਿਤਾ ਦਾ ਧਨਵਾਨ ਦੇ ਹਿੱਤਕਾਰੀ ਹੋਣਾ ਵੀ ਦੁਰਲੱਭ ਹੈ। ਸਾਧਸੰਗਤ ਦਾ ਮੇਲ ਹੋਣਾ ਵੀ ਦੁਰਲੱਭ ਹੈ, ਗੁਰਮੁਖ ਸੱਜਣ ਸੁਖ ਫਲ ਦਾਤੀ ਭਗਤੀ ਨੂੰ ਪਿਆਰੀ ਜਾਣਦੇ ਹਨ। (ਪਰ ਆਮ ਮਨੁੱਖ ਦੀ ਦਸ਼ਾ ਇਹ ਹੈ ਕਿ ਉਹ) ਮਾਇਆ ਦੇ ਜਾਲ ਤੇ ਕਾਮ ਕ੍ਰੋਧ ਆਦਿ ਪੰਜਾਂ ਦੂਤਾਂ ਵਿਚ ਫਸਿਆ ਜਨਮ ਮਰਨ ਦੇ ਕਸ਼ਟ ਸਹਿੰਦਾ ਹੈ। ਜਿਵੇਂ ਸਹਿਆ ਸ਼ਿਕਾਰੀਆਂ ਦੇ ਵਹੀਰ ਵਿਚ ਫਸਿਆ ਦੁਖੀ ਹੁੰਦਾ ਹੈ ਜਾਂ ਬਾਜੀ ਪੁੱਠੀ ਪੈ ਜਾਂਦੀ ਹੈ। ਦੂਜੇ ਭਾਉ ਦੇ ਕੁਦਾਉ ਵਿਚ ਫਸ ਕੇ ਜਮ ਦਾ ਡੰਡਾ ਸਿਰ 'ਤੇ ਵੱਜਦਾ ਹੈ। ਦਵੈਤ ਭਾਵਨਾ ਵਿਚ ਫਸਦੇ ਤੇ ਜਨਮ ਮਰਨ ਦੇ ਚੱਕਰ ਵਿਚ ਮਨਮੁਖ ਨੂੰ ਭੁਆਇਆ ਜਾਂਦਾ ਹੈ ਤੇ ਇਸ ਸੰਸਾਰ ਵਿਚ ਜੀਵ ਦੀ ਖੁਆਰੀ ਹੁੰਦੀ ਹੈ। (ਕਈ ਜੁਗਾਂ ਪਿੱਛੋਂ ਮਿਲੀ ਇਹ) ਅਮੋਲਕ ਜਨਮ ਦੀ ਬਾਜ਼ੀ ਮਨਮੁਖ ਜੁਆਰੀਆਂ ਵਾਂਗੂੰ ਹਾਰ ਬੈਠਦਾ ਹੈ।੨੬। ਇਹੁ ਜਗੁ ਚਉਪੜਿ ਖੇਲੁ ਹੈ ਆਵਾ ਗਉਣ ਭਉਜਲ ਸੈਂਸਾਰੇ॥
ਗੁਰਮੁਖਿ ਜੋੜਾ ਸਾਧਸੰਗਿ ਪੂਰਾ ਸਤਿਗੁਰ ਪਾਰਿ ਉਤਾਰੇ॥
ਲਗਿ ਜਾਇ ਸੁ ਪੁਗਿ ਜਾਇ ਗੁਰ ਪਰਸਾਦੀ ਪੰਜਿ ਨਿਵਾਰੇ॥
ਗੁਰਮੁਖਿ ਸਹਜਿ ਸੁਭਾਉ ਹੈ ਆਪਹੁੰ ਬੁਰਾ ਨ ਕਿਸੈ ਵਿਚਾਰੇ॥
ਸ਼ਬਦ ਸੁਰਤਿ ਲਿਵ ਸਾਵਧਾਨ ਗੁਰਮੁਖਿ ਪੰਥ ਚਲੈ ਪਗੁ ਧਾਰੇ॥
ਲੋਕ ਵੇਦ ਗੁਰੁ ਗਿਆਨ ਮਤਿ ਭਾਇ ਭਗਤਿ ਗੁਰੁ ਸਿਖ ਪਿਆਰੇ॥
ਨਿਜ ਘਰਿ ਜਾਇ ਵਸੈ ਗੁਰੁ ਦੁਆਰੇ ॥੨੭॥

ਇਹ ਸੰਸਾਰ ਚਉਪੜ ਦੀ ਖੇਡ ਵਾਂਗੂੰ ਹੈ। ਸੰਸਾਰ ਸਮੁੰਦਰ ਵਿਚ ਆਵਾਗਵਣ ਦੀ ਬਾਜ਼ੀ ਵਿਛੀ ਹੋਈ ਹੈ ਤੇ (ਜੀਵ ਚੁਰਾਸੀ ਲੱਖ ਜੂਨਾਂ ਵਿਚ ਨਰਦਾਂ ਵਾਂਗੂੰ ਫਿਰ ਰਹੇ ਹਨ)। ਜਿਹੜਾ ਗੁਰਮੁਖ ਸਾਧ ਸੰਗਤ ਨਾਲ ਮਿਲ ਕੇ ਜੋੜਾ ਹੋਇਆ ਹੈ, ਪੂਰਾ ਸਤਿਗੁਰੂ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ। ਜਿਹੜਾ ਜੀਵ ਸਤਿਗੁਰਾਂ ਦੀ ਚਰਣੀਂ ਜਾ ਲਗਦਾ ਹੈ, ਉਹ ਪੁੱਗ ਜਾਂਦਾ ਹੈ (ਭਾਵ ਪੂਰਨ ਹੋ ਜਾਂਦਾ ਹੈ), ਸਤਿਗੁਰਾਂ ਦੀ ਕਿਰਪਾ ਨਾਲ ਉਸ ਦੇ ਪੰਜੇ ਦੂਤ (ਕਾਮ, ਕ੍ਰੋਧ ਆਦਿ) ਨਾਸ ਹੋ ਜਾਂਦੇ ਹਨ। ਗੁਰਮੁਖ ਦਾ ਸੁਭਾਉ ਸ਼ਾਂਤੀ ਵਾਲਾ ਹੋ ਜਾਂਦਾ ਹੈ ਤੇ ਉਹ ਆਪਣੇ ਤੋਂ ਬੁਰਾ ਕਿਸੇ ਨੂੰ ਨਹੀਂ ਜਾਣਦਾ। (ਉਹ ਗੁਰਮੁਖ) ਸ਼ਬਦ ਦੀ ਤਾਰ ਵਿਚ ਸਾਵਧਾਨ ਹੋ ਕੇ ਗੁਰਮੁਖਾਂ ਦੇ ਮਾਰਗ ਉਤੇ ਬੁੱਧੀ ਰੂਪੀ ਪੈਰ ਟਿਕਾ ਕੇ ਚਲਦਾ ਹੈ। (ਉਹ ਗੁਰਮੁਖ) ਸ਼ਬਦ ਦੀ ਤਾਰ ਵਿਚ ਸਾਵਧਾਨ ਹੋ ਕੇ ਗੁਰਮੁਖਾਂ ਦੇ ਮਾਰਗ ਉਤੇ ਬੁੱਧੀ ਰੂਪੀ ਪੈਰ ਟਿਕਾ ਕੇ ਚਲਦਾ ਹੈ। (ਉਹ) ਲੋਕ, ਧਰਮ ਗ੍ਰੰਥ, ਗੁਰੂ ਦੀ ਮੱਤ ਅਨੁਸਾਰ ਗੁਰਸਿੱਖਾਂ ਨਾਲ ਮਿਲ ਕੇ ਪ੍ਰੇਮਾ-ਭਗਤੀ ਕਰਦਾ ਹੈ। (ਇਸ ਤਰ੍ਹਾਂ) ਉਹ ਗੁਰਸਿੱਖ ਗੁਰੂ ਦੇ ਵਸੀਲੇ ਨਾਲ ਆਪਣੇ ਨਿੱਜ ਸਰੂਪ ਵਿਚ ਜਾ ਵਸਦਾ ਹੈ।੨੭। ਵਾਸ ਸੁਗੰਧ ਨ ਹੋਵਈ ਚਰਣੋਦਕ ਬਾਵਨ ਬੋਹਾਏ॥
ਕਚਹੁ ਕੰਚਨ ਨ ਥੀਐ ਕਚਹੁੰ ਕੰਚਨ ਪਾਰਸ ਲਾਏ॥
ਨਿਹਫਲੁ ਸਿੰਮਲੁ ਜਾਣੀਐ ਅਫਲੁ ਸਫਲੁ ਕਰਿ ਸਭ ਫਲੁ ਪਾਏ॥
ਕਾਉਂ ਨ ਹੋਵਨਿ ਉਜਲੇ ਕਾਲੀ ਹੂੰ ਧਉਲੇ ਸਿਰਿ ਆਏ॥
ਕਾਗਹੁ ਹੰਸ ਹੁਇ ਪਰਮ ਹੰਸੁ ਨਿਰਮੋਲਕੁ ਮੋਤੀ ਚੁਣਿ ਖਾਏ॥
ਪਸੂ ਪਰੇਤਹੁੰ ਦੇਵ ਕਰਿ ਸਾਧਸੰਗਤਿ ਗੁਰੁ ਸਬਦਿ ਕਮਾਏ॥
ਤਿਸ ਗੁਰੁ ਸਾਰ ਨ ਜਾਤੀਆ ਦੁਰਮਤਿ ਦੂਜਾ ਭਾਇ ਸਭਾਏ॥
ਅੰਨਾ ਆਗੂ ਸਾਥੁ ਮੁਹਾਏ ॥੨੮॥

ਵਾਂਸ ਵਿਚ ਸੁਗੰਧੀ ਨਹੀਂ ਹੁੰਦੀ (ਪਰ) ਸਤਿਗੁਰੂ ਦੇ ਚਰਣਾਂ ਦਾ ਜਲ ਰੂਪੀ ਬਾਵਨ ਚੰਦਨ ਵਾਂਸ ਰੂਪੀ ਸਾਕਤਾਂ ਅੰਦਰ ਭਗਤੀ ਰੂਪੀ ਸੁਗੰਧੀ ਮਹਿਕਾ ਦਿੰਦਾ ਹੈ। ਕੱਚ ਤੋਂ ਸੋਨਾ ਨਹੀਂ ਬਣਦਾ, (ਪਰ) ਸਤਿਗੁਰੂ ਪਾਰਸ ਨਾਲ ਛੁਹਿਆਂ ਕੱਚ ਰੂਪੀ ਸਾਕਤ ਵੀ ਸੋਨਾ (ਗੁਰਮੁਖ) ਹੋ ਜਾਂਦਾ ਹੈ। ਸਿੰਮਲ ਦਾ ਬ੍ਰਿਛ ਨਿਹਫਲ ਹੁੰਦਾ ਹੈ, ਪਰ ਸਤਿਗੁਰੂ ਰੂਪੀ ਚੰਦਨ ਨਾਲ ਮਿਲ ਕੇ ਉਹ ਅਫਲੋਂ ਫਲ ਵਾਲਾ ਹੋ ਜਾਂਦਾ ਹੈ ਤੇ ਸਾਰੇ ਫਲ (ਧਰਮ, ਅਰਥ, ਕਾਮ, ਮੋਖ) ਪ੍ਰਾਪਤ ਕਰ ਲੈਂਦਾ ਹੈ। ਕਾਉਂ ਕਾਲਿਆਂ ਤੋਂ ਕਦੇ ਚਿੱਟੇ ਨਹੀਂ ਹੁੰਦੇ, ਭਾਵੇਂ ਕਾਲਿਆਂ ਵਾਲਾਂ ਤੋਂ ਧਉਲੇ ਆ ਜਾਣ। (ਪਰ) ਸਤਿਗੁਰਾਂ ਨੂੰ ਮਿਲ ਕੇ ਕਾਵਾਂ ਵਰਗੇ ਸਾਕਤ ਪੁਰਸ਼ ਵੀ ਪਰਮ ਹੰਸ ਹੋ ਜਾਂਦੇ ਹਨ ਤੇ ਸਤਿਸੰਗ ਰੂਪੀ ਮਾਨ ਸਰੋਵਰ ਦੇ ਸ਼ੁਭ ਗੁਣਾਂ ਰੂਪੀ ਮੋਤੀ ਚੁਣ ਚੁਣ ਕੇ ਖਾਂਦੇ ਹਨ। ਸਤਿਗੁਰੂ ਪਸ਼ੂਆਂ ਤੇ ਪ੍ਰੇਤਾਂ ਨੂੰ ਦੇਵਤੇ ਬਣਾ ਦਿੰਦੇ ਹਨ ਤੇ ਉਹ ਫਿਰ ਸਤਿਸੰਗਤ ਵਿਚ ਮਿਲ ਕੇ ਗੁਰੂ ਦੇ ਉਪਦੇਸ਼ ਦਾ ਅਭਿਆਸ ਕਰਦੇ ਹਨ। (ਹੇ ਮਨਮੁਖ!) ਤੂੰ ਐਸੇ ਮਹਾਨ ਸਤਿਗੁਰੂ ਦੀ ਸਾਰ ਨਹੀਂ ਜਾਣੀ ਤੇ ਖੋਟੀ ਮੱਤ ਕਰਕੇ ਦੂਜੇ ਭਾਵ ਵਿਚ ਭੁੱਲ ਰਿਹਾ ਹੈ। (ਤੇਰੇ ਵਰਗਾ) ਅੰਨ੍ਹਾਂ ਆਗੂ ਸਾਰੇ ਸਾਥ ਨੂੰ ਹੀ ਲੂਟਾ ਦਿੰਦਾ ਹੈ।੨੮। ਮੈ ਜੇਹਾ ਨ ਅਕਿਰਤਿਘਣੁ ਹੈ ਭਿ ਨ ਹੋਆ ਹੋਵਣਿਹਾਰਾ॥
ਮੈ ਜੇਹਾ ਨ ਹਰਾਮਖੋਰੁ ਹੋਰੁ ਨ ਕੋਈ ਅਵਗੁਣਿਆਰਾ॥
ਮੈ ਜੇਹਾ ਨਿੰਦਕੁ ਨ ਕੋਇ ਗੁਰੁ ਨਿੰਦਾ ਸਿਰਿ ਬਜਰੁ ਭਾਰਾ॥
ਮੈ ਜੇਹਾ ਬੇਮੁਖੁ ਨ ਕੋਇ ਸਤਿਗੁਰ ਤੇ ਬੇਮੁਖ ਹਤਿਆਰਾ॥
ਮੈ ਜੇਹਾ ਕੋ ਦੁਸਟ ਨਾਹਿ ਨਿਰਵੈਰੈ ਸਿਉ ਵੈਰ ਵਿਕਾਰਾ॥
ਮੈ ਜੇਹਾ ਨ ਵਿਸਾਹੁ ਧ੍ਰੋਹੁ ਸਗਲ ਸਮਾਧੀ ਮੀਨ ਅਹਾਰਾ॥
ਬਜਰੁ ਲੇਪੁ ਨ ਉਤਰੈ ਪਿੰਡੁ ਅਪਰਚੇ ਅਉਚਰਿ ਚਾਰਾ॥
ਮੈ ਜੇਹਾ ਨ ਦੁਬਾਜਰਾ ਤਜਿ ਗੁਰਮਤਿ ਦੁਰਮਤਿ ਹਿਤਕਾਰਾ॥
ਨਾਉ ਮੁਰੀਦ ਨ ਸਬਦਿ ਵੀਚਾਰਾ ॥੨੯॥

੩੭॥
ਮੈਂ ਇਹੋ ਜਿਹਾ ਅਕ੍ਰਿਤਘਣ ਹਾਂ, ਜਿਸ ਵਰਗਾ ਅੱਗੇ ਨਾ ਕੋਈ ਹੋਇਆ ਹੈ, ਨਾ ਹੈ ਤੇ ਨਾ ਕੋਈ ਅੱਗੋਂ ਹੋਵੇਗਾ। ਮੇਰੇ ਜਿਹਾ ਨਾ ਕੋਈ ਹਰਾਮਖੋਰ ਹੈ ਤੇ ਨਾ ਹੀ ਮੇਰੇ ਵਰਗਾ ਕੋਈ ਔਗੁਣਹਾਰਾ ਹੈ। ਮੇਰੇ ਜਿਹਾ ਨਿੰਦਕ ਵੀ ਕੋਈ ਨਹੀਂ, ਜਿਸ ਨੇ ਗੁਰੂ ਦੀ ਨਿੰਦਾ ਦਾ ਭਾਰੀ ਭਾਰ ਆਪਣੇ ਸਿਰ 'ਤੇ ਚੁੱਕਿਆ ਹੋਇਆ ਹੈ। ਮੇਰੇ ਵਰਗਾ ਬੇਮੁਖ ਵੀ ਕੋਈ ਨਹੀਂ, ਜੋ ਸਤਿਗੁਰੂ ਤੋਂ ਬੇਮੁਖ ਤੇ ਹਤਿਆਰਾ ਹੈ। ਮੇਰੇ ਜਿਹਾ ਦੁਸ਼ਟ ਵੀ ਕੋਈ ਨਹੀਂ, ਕਿਉਂਕਿ ਮੈਂ ਨਿਰਵੈਰਾਂ ਨਾਲ ਵੈਰ ਵਿਰੋਧ ਕਰਦਾ ਹਾਂ। ਮੇਰੇ ਵਰਗਾ ਵਿਸ਼ਵਾਸਘਾਤੀ ਵੀ ਕੋਈ ਨਹੀਂ ਕਿਉਂਕਿ ਮੈਂ ਬਗਲੇ ਵਾਂਗੂੰ ਸਮਾਧੀਆਂ ਲਾ ਕੇ ਮੱਛੀਆਂ ਖਾਣ ਵਾਲਾ ਹਾਂ। ਮੇਰੇ ਸਿਰ ਤੋਂ ਭਾਰੀ ਪਾਪਾਂ ਦਾ ਭਾਰ ਨਹੀਂ ਉਤਰੇਗਾ, ਕਿਉਂਕਿ ਮੈਂ ਪ੍ਰੇਮ-ਹੀਣ ਤੇ ਪੂਜਾ ਦਾ ਧਨ ਖਾਣ ਵਾਲੇ ਮਨੁੱਖਾਂ ਨਾਲ ਖਾਣ ਪੀਣ ਕਰਦਾ ਰਹਿੰਦਾ ਹਾਂ। ਮੇਰੇ ਜਿਹਾ ਦੁਬਾਜਰਾ ਵੀ ਕੋਈ ਨਹੀਂ, ਕਿਉਂਕਿ ਮੈਂ ਗੁਰੂ ਦੀ ਸਿੱਖਿਆ ਤਿਆਗਕੇ ਦੁਰਮਤਿ (ਖੋਟੀ ਮਤ) ਨਾਲ ਹਿੱਤ ਕਰਦਾ ਹਾਂ। ਨਾਮ ਕਰਕੇ ਤਾਂ ਮੈਂ ਗੁਰੂ ਦਾ ਸਿੱਖ ਹਾਂ, ਪਰ ਗੁਰੂ ਦੇ ਸ਼ਬਦ ਦੀ ਵਿਚਾਰ ਮੈਂ ਕਦੀ ਵੀ ਨਹੀਂ ਕਰਦਾ।੨੯।੩੭।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ