ਸਤਿਗੁਰਪ੍ਰਸਾਦਿ॥
ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥
ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ॥
ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ॥
ਚੋਆ ਚੰਦਨੁ ਪਰਹਰੈ ਖਰੁ ਖੇਹ ਪਲਟੈ॥
ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ॥
ਆਪਣ ਹਥੀਂ ਆਪਣੀ ਜੜ ਆਪਿ ਉਪਟੈ ॥੧॥
ਕੁੱਤੇ ਨੂੰ (ਜੇ) ਰਾਜ ਸਿੰਘਾਸਣ 'ਤੇ ਬਿਠਾ ਦੇਈਏ, ਤਦ ਵੀ ਉਹ ਚੱਕੀ ਨੂੰ ਹੀ ਚੱਟੇਗਾ। ਸੱਪ ਨੂੰ (ਜੇ) ਦੁੱਧ ਵੀ ਪਿਆਓ ਤਦ ਵੀ ਉਹ ਮੂੰਹ ਵਿਚੋਂ ਜ਼ਹਿਰ ਹੀ ਸੁਟੇਗਾ। ਪੱਥਰ ਨੂੰ ਭਾਵੇਂ ਕਿੰਨਾ ਚਿਰ ਪਾਣੀ ਵਿਚ ਰੱਖੋ, ਉਸ ਦੇ ਮਨ ਦਾ ਕਰੜਾਪਨ ਫਿਰ ਵੀ ਨਹੀਂ ਘਟਦਾ। ਖੋਤਾ ਚੰਦਨ ਆਦਿ ਸੁਗੰਧਿਆਂ ਨੂੰ ਛੱਡ ਕੇ ਖੇਹ ਵਿਚ ਹੀ ਲੇਟਦਾ ਹੈ। (ਇਸੇ ਤਰ੍ਹਾਂ) ਨਿੰਦਕ ਪਰਾਈ ਨਿੰਦਾ ਕਰਨ ਦੇ ਹਠ ਵੱਲੋਂ ਨਹੀਂ ਹਟਦਾ। (ਇਸ ਕੁਕਰਮ ਦਾ ਫਲ ਉਸ ਨੂੰ ਇਹ ਮਿਲਦਾ ਹੈ ਕਿ) ਉਹ ਆਪਣੇ ਹਥੀਂ ਆਪਣੀ ਜੜ ਆਪ ਹੀ ਪੁੱਟਦਾ ਹੈ।੧। ਕਾਉਂ ਕਪੂਰ ਨ ਚਖਈ ਦੁਰਗੰਧਿ ਸੁਖਾਵੈ॥
ਹਾਥੀ ਨੀਰਿ ਨ੍ਹਵਾਲੀਐ ਸਿਰਿ ਛਾਰੁ ਉਡਾਵੈ॥
ਤੁੰਮੇ ਅੰਮ੍ਰਿਤ ਸਿੰਜੀਐ ਕਉੜਤੁ ਨ ਜਾਵੈ॥
ਸਿਮਲੁ ਰੁਖੁ ਸਰੇਵੀਐ ਫਲੁ ਹਥਿ ਨ ਆਵੈ॥
ਨਿੰਦਕੁ ਨਾਮ ਵਿਹੂਣਿਆ ਸਤਿਸੰਗ ਨ ਭਾਵੈ॥
ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥੨॥
ਕਾਂ ਕਪੂਰ ਨੂੰ ਨਹੀਂ ਚੱਖਦਾ, ਉਸ ਨੂੰ (ਵਿਸ਼ਟਾ ਦੀ) ਬਦਬੋ ਹੀ ਚੰਗੀ ਲੱਗਦੀ ਹੈ। ਹਾਥੀ ਨੂੰ ਪਾਣੀ ਨਾਲ ਨ੍ਹਵਾਈਏ ਤਦ ਵੀ ਉਹ ਆਪਣੇ ਸਿਰ ਵਿਚ ਖੇਹ ਹੀ ਪਾਉਂਦਾ ਹੈ। ਤੁੰਮੇ ਨੂੰ ਅੰਮ੍ਰਿਤ (ਦੁੱਧ) ਨਾਲ ਕਿੰਨਾ ਹੀ ਸਿੰਜੀਏ, ਉਸ ਦਾ ਕਉੜਾਪਨ ਫਿਰ ਵੀ ਨਹੀਂ ਜਾਂਦਾ। ਸਿੰਮਲ ਦੇ ਰੁਖ ਨੂੰ ਭਾਵੇਂ ਕਿੰਨਾ ਪਾਲੀਏ, ਉਸ ਤੋਂ ਫਲ ਨਹੀਂ ਮਿਲਦਾ। (ਇਸੇ ਤਰ੍ਹਾਂ) ਨਿਦਕ ਨਾਮ ਤੋਂ ਵਿਹੂਣੇ ਹੁੰਦੇ ਹਨ, ਉਹਨਾਂ ਨੂੰ ਸਤਿਸੰਗ ਚੰਗਾ ਨਹੀਂ ਲੱਗਦਾ। ਜੇਕਰ ਆਗੂ (ਰਾਹ ਦੱਸਣ ਵਾਲਾ) ਅੰਨ੍ਹਾ ਹੋਵੇ, ਤਦ ਉਹ ਸਾਰੇ ਸਾਥ ਨੂੰ ਹੀ ਲੁਟਾ ਬੈਠੇਗਾ।੨। ਲਸਣੁ ਲੁਕਾਇਆ ਨ ਲੁਕੈ ਬਹਿ ਖਾਜੈ ਕੂਣੈ॥
ਕਾਲਾ ਕੰਬਲੁ ਉਜਲਾ ਕਿਉਂ ਹੋਇ ਸਬੂਣੈ॥
ਡੇਮੂ ਖਖਰ ਜੋ ਛੁਹੈ ਦਿਸੈ ਮੁਹਿ ਸੂਣੈ॥
ਕਿਤੈ ਕੰਮਿ ਨ ਆਵਈ ਲਾਵਣੁ ਬਿਨੁ ਲੂਣੈ॥
ਨਿੰਦਕਿ ਨਾਮ ਵਿਸਾਰਿਆ ਗੁਰ ਗਿਆਨ ਵਿਹੂਣੈ॥
ਹਲਤਿ ਪਲਤਿ ਸੁਖੁ ਨਾ ਲਹੈ ਦੁਖੀਆ ਸਿਰੁ ਝੂਣੈ ॥੩॥
ਥੋਮ ਨੂੰ ਭਾਵੇਂ ਕਿਸੇ ਖੂੰਜੇ (ਨੁੱਕਰ) ਵਿਚ ਬਹਿ ਕੇ ਲੁਕ ਕੇ ਖਾਓ, ਉਹ ਲੁਕਦਾ ਨਹੀਂ (ਵਾਸ਼ਨਾ ਤੋਂ ਮਾਲੂਮ ਹੋ ਜਾਂਦਾ ਹੈ)। ਕਾਲੇ ਕੰਬਲ ਨੂੰ ਭਾਵੇਂ ਕਿੰਨਾ ਸਾਬਨ ਮਲੋ, ਉਹ ਉੱਜਲਾ (ਚਿੱਟਾ) ਕਿਵੇਂ ਹੋ ਸਕਦਾ ਹੈ? (ਭਾਵ ਉਹ ਚਿੱਟਾ ਨਹੀਂ ਹੁੰਦਾ)। ਭੂੰਡਾਂ ਦੀ ਖੱਬਰ ਨੂੰ ਜਿਹੜਾ ਛੇੜੇਗਾ, ਉਸ ਦਾ ਮੂੰਹ ਸੁੱਜਿਆ ਹੋਇਆ ਦਿਸੇਗਾ। ਬਿਨਾਂ ਲੂਣ ਪਾਇਆਂ ਭਾਜੀ ਕਿਸੇ ਕੰਮ ਨਹੀਂ ਆਉਂਦੀ। (ਇਸੇ ਤਰ੍ਹਾਂ) ਗੁਰੂ ਦੇ ਗਿਆਨ ਤੋਂ ਹੀਣਾ ਮਨਮੁਖ (ਗੁੱਝਾ ਨਹੀਂ ਰਹਿੰਦਾ, ਕਿਉਂਕਿ) ਉਸ ਨੇ ਪ੍ਰਭੂ ਦੇ ਨਾਮ ਨੂੰ ਵਿਸਾਰ ਦਿੱਤਾ ਹੁੰਦਾ ਹੈ। (ਇਸ ਦਾ ਫਲ ਮਨਮੁਖ ਨੂੰ ਇਹ ਮਿਲਦਾ ਹੈ ਕਿ ਉਹ) ਲੋਕ-ਪਰਲੋਕ ਵਿਚ ਸੁਖ ਨਹੀਂ ਲੈਂਦਾ ਤੇ ਦੁਖੀ ਹੋਇਆ ਸਿਰ ਝੂਣਦਾ ਹੈ।੩। ਡਾਇਣੁ ਮਾਣਸ ਖਾਵਣੀ ਪੁਤੁ ਬੁਰਾ ਨ ਮੰਗੈ॥
ਵਡਾ ਵਿਕਰਮੀ ਆਖੀਐ ਧੀ ਭੈਣਹੁ ਸੰਗੈ॥
ਰਾਜੇ ਧ੍ਰੋਹੁ ਕਮਾਂਵਦੇ ਰੈਬਾਰ ਸੁਰੰਗੇ॥
ਬਜਰ ਪਾਪ ਨ ਉਤਰਨਿ ਜਾਇ ਕੀਚਨਿ ਗੰਗੈ॥
ਥਰਹਰ ਕੰਬੈ ਨਰਕੁ ਜਮੁ ਸੁਣਿ ਨਿੰਦਕ ਨੰਗੈ॥
ਨਿੰਦਾ ਭਲੀ ਨ ਕਿਸੈ ਦੀ ਗੁਰ ਨਿੰਦ ਕੁਢੰਗੈ ॥੪॥
ਡੈਣ ਮਨੁੱਖਾਂ ਨੂੰ ਖਾਂਦੀ ਹੈ, ਪਰ ਆਪਣੀ ਸੰਤਾਨ (ਧੀ, ਪੁੱਤਰ) ਦਾ ਬੁਰਾ ਨਹੀਂ ਮੰਗਦੀ। ਜਿਸ ਨੂੰ ਵੱਡਾ ਵਿਕਰਮੀ (ਮੰਦੇ ਕਰਮ ਕਰਨ ਵਾਲਾ) ਆਖਿਆ ਜਾਂਦਾ ਹੈ, ਉਹ ਵੀ ਆਪਣੀ ਧੀ ਭੈਣ ਨਾਲ ਵਿਭਚਾਰ ਕਰਨ ਤੋਂ ਮੰਗਦਾ ਹੈ। ਰਾਜੇ ਆਪੋ ਵਿਚ ਧਰੋਹ (ਵੈਰ ਵਿਰੋਧ) ਕਰਦੇ ਹਨ, ਪਰ ਵਿਚੋਲਾ (ਸਫੀਰ) ਆਨੰਦ ਵਿਚ ਰਹਿੰਦਾ ਹੈ, (ਉਸ ਨੂੰ ਕੋਈ ਕੁਛ ਨਹੀਂ ਕਹਿੰਦਾ)। ਜਿਹੜੇ ਪਾਪ ਕਰਮ ਪਵਿੱਤਰ ਤੀਰਥਾਂ 'ਤੇ ਜਾ ਕੇ ਕੀਤੇ ਜਾਂਦੇ ਹਨ, ਉਹ ਵੱਡੇ ਭਾਰੇ ਪਾਪ ਕਿਸੇ ਤਰ੍ਹਾਂ ਵੀ ਨਹੀਂ ਉੱਤਰਦੇ। ਨਰਕ ਤੇ ਜਮ, ਨਿੰਦਕ ਦਾ ਖੋਟਾ ਢੰਗ ਸੁਣ ਕੇ ਥਰਥਰ ਕੰਬਦੇ ਹਨ (ਕਿ ਅਸੀਂ ਅਧੋਗਤੀ ਨੂੰ ਨਾ ਚਲੇ ਜਾਈਏ)। ਨਿੰਦਾ ਕਿਸੇ ਦੀ ਵੀ ਕਰਨੀ ਚੰਗੀ ਨਹੀਂ, ਪਰ ਗੁਰੂ ਦੀ ਨਿੰਦਾ ਕਰਨੀ ਤਾਂ ਬੜਾ ਭਾਰੀ ਖੋਟਾ ਕਰਮ ਹੈ।੪। ਨਿੰਦਾ ਕਰਿ ਹਰਣਾਖਸੈ ਵੇਖਹੁ ਫਲੁ ਵਟੈ॥
ਲੰਕ ਲੁਟਾਈ ਰਾਵਣੈ ਮਸਤਕਿ ਦਸ ਕਟੈ॥
ਕੰਸੁ ਗਇਆ ਸਣ ਲਸਕਰੈ ਸਭ ਦੈਤ ਸੰਘਟੈ॥
ਵੰਸੁ ਗਵਾਇਆ ਕੈਰਵਾਂ ਖੂਹਣਿ ਲਖ ਫਟੈ॥
ਦੰਤ ਬਕਤ੍ਰ ਸਿਸਪਾਲ ਦੇ ਦੰਦ ਹੋਏ ਖਟੈ॥
ਨਿੰਦਾ ਕੋਇ ਨ ਸਿਝਿਓ ਇਉ ਵੇਦ ਉਘਟੈ॥
ਦੁਰਬਾਸੇ ਨੇ ਸਰਾਪ ਦੇ ਯਾਦਵ ਸਭ ਤਟੈ ॥੫॥
ਹਰਨਾਕਸ਼ ਨੇ ਆਪਣੇ ਗੁਰੂ ਨਾਰਦ ਦੀ ਨਿੰਦਾ ਕਰਕੇ ਕੀ ਫਲ ਪਾਇਆ? (ਭਾਵ ਮਾਰਿਆ ਗਿਆ)। ਰਾਵਣ ਨੇ ਰਾਮ ਜੀ ਦੀ ਨਿੰਦਾ ਕਰਕੇ ਲੰਕਾ ਖੁਹਾ ਲਈ ਤੇ ਦਸ ਸਿਰ ਕਟਵਾ ਲਏ। ਕੰਸ (ਵਾਸਦੇਵ, ਕ੍ਰਿਸ਼ਨ ਜੀ ਤੇ ਆਪਣੇ ਪਿਤਾ ਦੀ) ਨਿੰਦਾ ਕਰਕੇ ਆਪਣੀਆਂ ਫੌਜਾਂ ਤੇ ਦੈਂਤਾਂ ਸਮੇਤ ਮਾਰਿਆ ਗਿਆ। ਕੈਰਵਾਂ ਨੇ ਵੀ ਗੁਰੂ ਜੀ ਦੀ ਨਿੰਦਾ ਕਰਕੇ ਆਪਣੀ ਵੰਸ ਨਾਸ ਕਰਵਾ ਲਈ ਤੇ ਉਹਨਾਂ ਦੀ ਕਈ ਖੂਹਣੀਆਂ ਫ਼ੌਜ਼ ਖਤਮ ਹੋ ਗਈ। ਸਸਪਾਲ ਤੇ ਦੰਤ ਬਕਤ੍ਰ ਦੇ (ਗੁਰੂ ਦੀ ਨਿੰਦਾ ਕਰਕੇ) ਦੰਦ ਖੱਟੇ ਹੋਏ (ਭਾਵ ਦੁੱਖ ਪਾਇਆ)। ਧਰਮ ਗ੍ਰੰਥ ਇਹ ਪ੍ਰਗਟ ਕਰਦੇ ਹਨ ਕਿ ਨਿੰਦਾ ਕਰਨ ਨਾਲ ਕੋਈ ਵੀ ਸਫਲ ਨਹੀਂ ਹੋਇਆ। ਯਾਦਵਾਂ ਨੇ ਦੁਰਵਾਸ਼ਾ ਰਿਸ਼ੀ ਨਾਲ ਮਸ਼ਕਰੀ ਕੀਤੀ (ਭਾਵ ਉਸ ਦੀ ਨਿੰਦਾ ਕੀਤੀ), ਜਿਸ ਕਰਕੇ ਰਿਸ਼ੀ ਦੇ ਸਰਾਪ ਨਾਲ ਯਾਦਵਾਂ ਦੀ ਕੁਲ ਦਾ ਨਾਸ ਹੋ ਗਿਆ।੫। ਸਭਨਾਂ ਦੇ ਸਿਰ ਗੁੰਦੀਅਨਿ ਗੰਜੀ ਗੁਰੜਾਵੈ॥
ਕੰਨਿ ਤਨਉੜੇ ਕਾਮਣੀ ਬੂੜੀ ਬਰਿੜਾਵੈ॥
ਨਥਾਂ ਨਕਿ ਨਵੇਲੀਆਂ ਨਕਟੀ ਨ ਸੁਖਾਵੈ॥
ਕਜਲ ਅਖੀਂ ਹਰਣਾਖੀਆਂ ਕਾਣੀ ਕੁਰਲਾਵੈ॥
ਸਭਨਾਂ ਚਾਲ ਸੁਹਾਵਣੀ ਲੰਗੜੀ ਲੰਗੜਾਵੈ॥
ਗਣਤ ਗਣੈ ਗੁਦੇਵ ਦੀ ਤਿਸੁ ਦੁਖਿ ਵਿਹਾਵੈ ॥੬॥
ਸਾਰਿਆਂ ਦੇ ਸਿਰ ਗੁੰਦੇ ਹੋਏ ਵੇਖ ਕੇ ਗੰਜੀ ਗੁਰੜਾਉਂਦੀ (ਦੁਖੀ ਹੁੰਦੀ) ਹੈ। ਹੋਰ ਇਸਤ੍ਰੀਆਂ ਦੇ ਕੰਨਾਂ ਵਿਚ ਤਨਉੜੇ (ਪਿੱਪਲਵਤ੍ਰੇ) ਪਏ ਵੇਖ ਕੇ ਬੂੜੀ (ਬੁੱਚੀ) ਬੁੜਬੁੜ ਕਰਦੀ ਹੈ। ਨਕਵਢੀ ਨੂੰ ਸਹੇਲੀਆਂ ਦੇ ਨੱਕ ਵਿਚ ਨਥਾਂ ਪਈਆਂ ਨਹੀਂ ਸੁਖਾਉਂਦੀਆਂ। ਹਰਨ ਵਰਗੀਆਂ ਸੋਹਣੀਆਂ ਅੱਖਾਂ ਵਿਚ ਸੁਰਮਾ ਪਿਆ ਵੇਖ ਕੇ ਕਾਣੀ ਕੁਰਲਾਉਂਦੀ ਹੈ। ਸਭ ਇਸਤ੍ਰੀਆਂ ਦੀ ਚਾਲ ਸੋਹਣੀ ਹੈ, ਪਰ ਲੰਗੜੀ ਲੰਗੜਾ ਕੇ ਤੁਰਦੀ ਹੈ। ਜਿਹੜਾ ਪੁਰਸ਼ ਆਪਣੇ ਗੁਰੂ ਦੀ ਨਿੰਦਾ ਕਰਦਾ ਹੈ, ਉਹ ਉਪਰੋਕਤ ਕਥਨ ਕੀਤੇ ਅਪਾਹਜਾਂ ਵਾਂਗੂੰ ਦੁੱਖ ਵਿਚ ਜਿੰਦਗੀ ਨੂੰ ਬਤੀਤ ਕਰਦਾ ਹੈ।੬। ਅਪਤੁ ਕਰੀਰ ਨ ਮਉਲੀਐ ਦੇ ਦੋਸ ਬਸੰਤੈ॥
ਸੰਢਿ ਸਪੁਤੀ ਨ ਥੀਐ ਕਣਤਾਵੈ ਕੰਤੈ॥
ਕਲਰਿ ਖੇਤੁ ਨ ਜੰਮਈ ਘਨਹਰੁ ਵਰਸੰਤੈ॥
ਪੰਗਾ ਪਿਛੈ ਚੰਗਿਆਂ ਅਵਗੁਣ ਗੁਣਵੰਤੈ॥
ਸਾਇਰੁ ਵਿਚਿ ਘੰਘੂਟਿਆਂ ਬਹੁ ਰਤਨ ਅਨੰਤੈ॥
ਜਨਮ ਗਵਾਇ ਅਕਾਰਥਾ ਗੁਰੁ ਗਣਤ ਗਣੰਤੈ ॥੭॥
ਪੱਤਿਆਂ ਤੋਂ ਹੀਣਾ ਕਰੀਰ ਦਾ ਬ੍ਰਿਛ ਆਪ ਤਾਂ ਫਲਦਾ ਨਹੀਂ, ਪਰ ਦੋਸ਼ ਬਸੰਤ ਰੁੱਤ ਨੂੰ ਦਿੰਦਾ ਹੈ। ਸੰਢਿ (ਬਾਂਝ ਇਸਤ੍ਰੀ) ਆਪ ਤਾਂ ਪੁੱਤਰ ਜੰਮਦੀ ਨਹੀਂ, ਪਰ ਦੋਸ਼ ਪਤੀ ਨੂੰ ਦਿੰਦੀ ਹੈ। ਕੱਲਰੀ ਖੇਤ ਵਿਚ ਖੇਤੀ ਨਹੀਂ ਉੱਗਦੀ, ਭਾਵੇਂ ਕਿੰਨਾ ਮੀਂਹ ਵਸੇ। ਬੁਰਾ ਪੁਰਸ਼ ਵੀ ਚੰਗਿਆਂ ਨਾਲ ਲੱਗਣ ਕਰਕੇ ਔਗੁਣਾਂ ਤੋਂ ਗੁਣਾਂ ਵਾਲਾ ਹੋ ਜਾਂਦਾ ਹੈ। (ਜਿਸ ਤਰ੍ਹਾਂ) ਸਮੁੰਦਰ ਵਿਚ ਘੋਗਿਆਂ ਤੋਂ ਹੀ ਬੇਅੰਤ ਰਤਨ ਪੈਦਾ ਹੋ ਜਾਂਦੇ ਹਨ। ਗੁਰੂ ਦੇ ਕਰਤਵਾਂ ਦੀ ਗਿਣਤੀ ਕਰਨ ਵਾਲੇ (ਭਾਵ ਨਿੰਦਾ ਕਰਨ ਵਾਲੇ) ਮਨੁੱਖ ਦਾ ਜਨਮ ਵਿਅਰਥ ਜਾਂਦਾ ਹੈ।੭। ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ॥
ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ॥
ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ॥
ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ॥
ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ॥
ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ ॥੮॥
ਉਸ ਨੂੰ (ਭਾਵ ਧਰਤੀ ਨੂੰ) ਅਸਮਾਨ ਨਾਲ ਖਹਿੰਦੇ (ਬਹੁਤ ਉੱਚੇ) ਪਹਾੜ ਭਾਰੇ ਨਹੀਂ ਜਾਪਦੇ। ਬੜੇ ਬੜੇ ਕਿਲ੍ਹੇ ਤੇ ਘਰ ਬਾਰ ਵੀ (ਧਰਤੀ ਨੂੰ) ਭਾਰੇ ਨਹੀਂ ਦਿਸਦੇ। ਸਮੁੰਦਰ ਤੇ ਨਦੀਆਂ ਦੇ ਵਹਿਣ ਵੀ (ਧਰਤੀ ਨੂੰ) ਭਾਰੇ ਨਹੀਂ ਲੱਗਦੇ। ਫਲਾਂ ਨਾਲ ਭਰੇ ਬ੍ਰਿਛ ਵੀ ਉਸ ਨੂੰ ਭਾਰੇ ਨਹੀਂ ਲੱਗਦੇ। (ਪਰ) ਧਰਤੀ ਨੂੰ ਅਕਿਰਤਘਣ ਭਾਰੇ ਲੱਗਦੇ ਹਨ, ਕਿਉਂਕਿ ਉਹ ਬੁਰਿਆਂ ਤੋਂ ਬੁਰੇ ਹਨ।੮। ਮਦ ਵਿਚਿ ਰਿਧਾ ਪਾਇ ਕੈ ਕੁਤੇ ਦਾ ਮਾਸੁ॥
ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ॥
ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ॥
ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ॥
ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ॥
ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ ॥੯॥
(ਚੂਹੜੀ ਨੇ) ਸ਼ਰਾਬ ਵਿਚ ਕੁੱਤੇ ਦਾ ਮਾਸ ਪਾ ਕੇ ਰਿੰਨ੍ਹਿਆ। ਉਸ ਰਿੰਨ੍ਹੇ ਹੋਏ ਮਾਸ ਨੂੰ ਉਸ ਦੀ ਖੋਪਰੀ ਵਿਚ ਪਾ ਕੇ ਰੱਖਿਆ ਹੋਇਆ ਸੀ, ਇਸ ਕਰਕੇ ਉਸ ਵਿਚੋਂ ਭੈੜੀ ਵਾਸ਼ਨਾ ਆ ਰਹੀ ਸੀ। ਲਹੂ ਦੇ ਭਰੇ ਕਪੜੇ ਨਾਲ ਉਸ ਨੂੰ ਢੱਕਿਆ ਹੋਇਆ ਸੀ। ਇਸ ਤਰ੍ਹਾਂ ਉਸ ਮਾਸ ਨੂੰ ਢਕ ਕੇ ਚੂਹੜੀ ਭੋਗ ਬਿਲਾਸ ਕਰਨ ਲਈ ਲੈ ਕੇ ਤੁਰੀ ਜਾਂਦੀ ਸੀ। (ਅੱਗੋਂ ਕਿਸੇ ਨੇ ਪੁੱਛਿਆ ਕਿ ਇਹ ਤੂੰ ਕਿਹੜੀ ਚੀਜ਼ ਢੱਕ ਕੇ ਲਈ ਜਾਂਦੀ ਹੈਂ, ਤਾਂ ਚੂਹੜੀ ਨੇ ਪੁੱਛਣ ਵਾਲੇ ਦਾ) ਸੰਸਾ ਦੂਰ ਕਰਨ ਲਈ ਸਭ ਕੁਛ ਦੱਸ ਦਿੱਤਾ ਤੇ ਕਿਹਾ ਕਿ ਮੈਂ ਜੋ ਕੁਛ ਲਈ ਜਾਂਦੀ ਹਾਂ, ਇਸ ਨੂੰ ਇਸ ਲਈ ਢੱਕਿਆ ਹੋਇਆ ਹੈ ਕਿ ਕਿਸੇ ਅਕ੍ਰਿਤਘਣ ਮਨੁੱਖ ਦੀ ਨਜ਼ਰ ਪੈ ਗਈ ਤਾਂ ਇਹ ਸਾਰਾ ਕੁਛ ਨਿਕੰਮਾਂ ਹੋ ਜਾਏਗਾ।੯। ਚੋਰੁ ਗਇਆ ਘਰਿ ਸਾਹ ਦੈ ਘਰ ਅੰਦਰਿ ਵੜਿਆ॥
ਕੁਛਾ ਕੂਣੈ ਭਾਲਦਾ ਚਉਬਾਰੇ ਚੜ੍ਹਿਆ॥
ਸੁਇਨਾ ਰੁਪਾ ਪੰਡ ਬੰਨ੍ਹਿ ਅਗਲਾਈ ਅੜਿਆ॥
ਲੋਭ ਲਹਰਿ ਹਲਕਾਇਆ ਲੂਣ ਹਾਂਡਾ ਫੜਿਆ॥
ਚੁਖਕੁ ਲੈ ਕੇ ਚਖਿਆ ਤਿਸੁ ਕਖੁ ਨ ਖੜਿਆ॥
ਲੂਣ ਹਰਾਮੀ ਗੁਨਹਗਾਰੁ ਧੜੁ ਧੰਮੜ ਧੜਿਆ ॥੧੦॥
ਇਕ ਚੋਰ ਚੋਰੀ ਕਰਨ ਵਾਸਤੇ ਇਕ ਸ਼ਾਹ ਦੇ ਘਰ ਅੰਦਰ ਜਾ ਵੜਿਆ। ਸਾਰੇ ਪਾਸੇ ਫੋਲਾ ਫਾਲੀ ਕਰਕੇ ਜਦੋਂ ਉਸ ਨੂੰ ਕੁਛ ਨਾ ਮਿਲਿਆ ਤਾਂ ਉਹ ਉਪਰ ਚੁਬਾਰੇ 'ਤੇ ਜਾ ਚੜ੍ਹਿਆ। ਸੋਨੇ ਚਾਂਦੀ ਆਦਿ ਬਹੁਤਮੁੱਲੇ ਪਦਾਰਥਾਂ ਦੀ ਪੰਡ ਬੰਨ੍ਹ ਲਈ, ਫਿਰ ਉਹ ਹੋਰ ਮਾਲ ਲੈਣ ਦੇ ਲੋਭ ਵਿਚ ਫਸ ਗਿਆ। ਲੋਭ-ਲਹਿਰ ਦਾ ਐਸਾ ਹਲਕ ਕੁਦਿਆ ਕਿ ਉਸ ਨੇ ਲੂਣ ਵਾਲਾ ਭਾਂਡਾ ਜਾ ਫੜਿਆ। ਉਸ ਭਾਂਡੇ ਵਿਚੋਂ ਖੰਡ ਦੇ ਭੁਲੇਖੇ ਉਸ ਨੇ ਥੋੜ੍ਹਾ ਜਿਹਾ ਲੂਣ ਚੱਖਿਆ ਤਾਂ ਸਾਰਾ ਮਾਲ ਉਹ ਉਥੇ ਹੀ ਛੱਡ ਗਿਆ, ਕੁਛ ਵੀ ਨਾਲ ਲੈ ਕੇ ਨਾ ਗਿਆ (ਉਸ ਦੇ ਦਿਲ ਵਿਚ ਇਹ ਵਿਚਾਰ ਆਈ ਕਿ ਮੈਂ ਸ਼ਾਹ ਦਾ ਲੂਣ ਖਾ ਲਿਆ ਹੈ, ਇਸ ਲਈ ਮੈਂ ਲੂਣਹਰਾਮੀ ਨਹੀਂ ਬਣਨਾ ਚਾਹੁੰਦਾ)। (ਕਿਉਂਕਿ) ਲੂਣਹਰਾਮੀ ਗੁਨਾਹਗਾਰ ਹੁੰਦਾ ਹੈ ਤੇ (ਪ੍ਰਭੂ ਦੀ ਦਰਗਾਹ ਵਿਚ) ਉਹ ਢੋਲ ਵਾਂਗੂੰ ਚੋਬਾਂ ਨਾਲ ਕੁਟਿਆ ਜਾਂਦਾ ਹੈ।੧੦। ਖਾਧੇ ਲੂਣ ਗੁਲਾਮ ਹੋਇ ਪੀਹਿ ਪਾਣੀ ਢੋਵੈ॥
ਲੂਣ ਖਾਇ ਕਰਿ ਚਾਕਰੀ ਰਣਿ ਟੁਕ ਟੁਕ ਹੋਵੈ॥
ਲੂਣ ਖਾਇ ਧੀ ਪੁਤੁ ਹੋਇ ਸਭ ਲਜਾ ਧੋਵੈ॥
ਲੂਣੁ ਵਣੋਟਾ ਖਾਇ ਕੈ ਹਥ ਜੋੜਿ ਖੜੋਵੈ॥
ਵਾਟ ਵਟਾਊ ਲੂਣੁ ਖਾਇ ਗੁਣੁ ਕੰਠਿ ਪਰੋਵੈ॥
ਲੂਣ ਹਰਾਮੀ ਗੁਨਹਗਾਰ ਮਰਿ ਜਨਮੁ ਵਿਗੋਵੈ ॥੧੧॥
ਲੂਣ ਖਾਣ ਵਾਲਾ (ਨੌਕਰ) ਗੁਲਾਮਾਂ ਵਾਂਗੂੰ ਚੱਕੀ ਪੀਂਹਦਾ ਤੇ ਪਾਣੀ ਢੋਂਹਦਾ ਹੈ। ਲੂਣ ਖਾਣ ਕਰਕੇ ਚਾਕਰ (ਨੌਕਰ) ਮਾਲਕ ਦੀ ਖਾਤਰ ਜੁੱਧ ਵਿਚ ਟੁਕੜੇ ਟੁਕੜੇ ਹੋ ਕੇ ਮਰਦਾ ਹੈ। ਮਾਤਾ ਪਿਤਾ ਦਾ ਲੂਣ ਖਾਣ ਕਰਕੇ ਪੁੱਤ੍ਰ ਧੀਆਂ ਕੁਟੰਬ ਦੀਆਂ ਲੱਜਾ ਧੋਂਦੇ ਹਨ (ਭਾਵ ਇੱਜ਼ਤ ਵਧਾਉਂਦੇ ਹਨ)। ਸ਼ਾਹ ਦਾ ਗੁਮਾਸ਼ਤਾ ਸ਼ਾਹ ਦਾ ਲੂਣ ਖਾ ਕੇ ਉਸ ਅੱਗੇ ਹੱਥ ਜੋੜ ਕੇ ਖੜੋਂਦਾ ਹੈ। ਰਾਹ ਜਾਂਦਾ ਮੁਸਾਫਿਰ ਜੋ ਕਿਸੇ ਦੇ ਘਰੋਂ ਲੂਣ ਖਾਵੇ ਤਾਂ ਉਹ ਕੰਠ ਵਿਖੇ ਗੁਣਾਂ ਦਾ ਹਾਰ ਪਰੋਂਦਾ ਹੈ (ਭਾਵ ਹਰ ਥਾਂ 'ਤੇ ਉਸ ਦੀ ਵਡਿਆਈ ਕਰਦਾ ਹੈ)। ਲੂਣ ਖਾ ਕੇ ਜੋ ਹਰਾਮ ਕਰਦਾ ਹੈ, ਉਹ ਪਾਪੀ ਜਨਮ ਮਰਨ ਦੇ ਗੇੜ ਵਿਚ ਪੈ ਕੇ ਆਪਣਾ ਜਨਮ ਖਰਾਬ ਕਰ ਲੈਂਦਾ ਹੈ।੧੧। ਜਿਉ ਮਿਰਯਾਦਾ ਹਿੰਦੂਆ ਗਊ ਮਾਸੁ ਅਖਾਜੁ॥
ਮੁਸਲਮਾਣਾਂ ਸੂਅਰਹੁ ਸਉਗੰਦ ਵਿਆਜੁ॥
ਸਹੁਰਾ ਘਰਿ ਜਾਵਾਈਐ ਪਾਣੀ ਮਦਰਾਜੁ॥
ਸਹਾ ਨ ਖਾਈ ਚੂਹੜਾ ਮਾਇਆ ਮੁਹਤਾਜੁ॥
ਜਿਉ ਮਿਠੈ ਮਖੀ ਮਰੈ ਤਿਸੁ ਹੋਇ ਅਕਾਜੁ॥
ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਡੂਪਾਜੁ ॥੧੨॥
ਜਿਵੇਂ ਹਿੰਦੂਆਂ ਦੀ ਮਰਿਯਾਦਾ ਹੈ ਕਿ ਉਹਨਾਂ ਲਈ ਗਊ ਦਾ ਮਾਸ ਅਖਾਜੁ (ਹਰਾਮ) ਹੈ। ਮੁਸਲਮਾਨਾਂ ਲਈ ਸੂਰ ਦੇ ਮਾਸ ਤੇ ਵਿਆਜ ਦੀ ਸੌਂਹ ਹੈ (ਮੁਸਲਮਾਨ ਸੂਰ ਦਾ ਮਾਸ ਤੇ ਵਿਆਜ ਖਾਣ ਨੂੰ ਹਰਾਮ ਸਮਝਦੇ ਹਨ)। ਜਵਾਈ ਦੇ ਘਰ ਦਾ ਪਾਣੀ ਸਹੁਰੇ ਲਈ ਸ਼ਰਾਬ ਦੇ ਬਰਾਬਰ ਹੈ। ਚੂਹੜਾ ਭਾਵੇਂ ਮਾਇਆ ਦਾ ਕਿੰਨਾ ਲੋੜਵੰਦ ਹੋਵੇ, ਉਹ ਸਹਿਆ ਨਹੀਂ ਖਾਂਦਾ। ਜਿਵੇਂ ਸ਼ਹਿਦ ਉਤੇ ਮੱਖੀ ਮੋਹਿਤ ਹੁੰਦੀ ਹੈ ਤੇ ਉਸ ਦਾ ਨਾਸ ਹੋ ਜਾਂਦਾ ਹੈ। (ਇਸੇ ਤਰ੍ਹਾਂ) ਸਿੱਖ ਲਈ ਧਰਮਸਾਲਾ ਦੀ ਝਾਕ ਰੱਖਣੀ ਖੰਡ ਵਿਚ ਗਲੇਫੀ ਜ਼ਹਿਰ ਵਾਂਗੂੰ ਖਤਰਨਾਕ ਹੈ। (ਭਾਵ ਸਿੱਖ ਧਰਮਸਾਲਾ ਦੇ ਪਦਾਰਥਾਂ ਵੱਲ ਨਾ ਵੇਖੇ, ਸਗੋਂ ਧਰਮ ਦੀ ਕਿਰਤ ਕਰਕੇ ਵੰਡ ਕੇ ਛੱਕੇ)।੧੨। ਖਰਾ ਦੁਹੇਲਾ ਜਗ ਵਿਚਿ ਜਿਸ ਅੰਦਰਿ ਝਾਕੁ॥
ਸੋਇਨੇ ਨੋ ਹਥੁ ਪਾਇਦਾ ਹੁਇ ਵੰਞੈ ਖਾਕੁ॥
ਇਠ ਮਿਤ ਪੁਤ ਭਾਇਰਾ ਵਿਹਰਨਿ ਸਭ ਸਾਕੁ॥
ਸੋਗੁ ਵਿਜੋਗੁ ਸਰਾਪੁ ਹੈ ਦੁਰਮਤਿ ਨਾਪਾਕੁ॥
ਵਤੈ ਮੁਤੜਿ ਰੰਨ ਜਿਉ ਦਰਿ ਮਿਲੈ ਤਲਾਕੁ॥
ਦੁਖੁ ਭੁਖੁ ਦਾਲਿਦ ਘਣਾ ਦੋਜਕ ਅਉਤਾਕੁ ॥੧੩॥
ਜਿਸ ਮਨੁੱਖ ਵਿਚ ਆਪਣੀ ਕਮਾਈ ਛੱਡ ਕੇ ਧਰਮਸਾਲਾ ਦੇ ਪਦਾਰਥਾਂ ਦੀ ਝਾਕ ਹੈ, ਉਹ ਸੰਸਾਰ ਵਿਚ ਬਹੁਤ ਦੁਖੀ ਹੁੰਦਾ ਹੈ। ਜੇਕਰ ਉਹ ਸੋਨੇ ਨੂੰ ਹੱਥ ਪਾਉਂਦਾ ਹੈ ਤਾਂ ਉਹ ਸੁਆਹ ਹੋ ਜਾਂਦਾ ਹੈ। ਉਸ ਨੂੰ ਪਿਆਰੇ ਮਿੱਤਰ, ਪੁੱਤਰ ਤੇ ਭਰਾ ਆਦਿ ਸੰਬੰਧੀ ਬੜੇ ਗੁੱਸੇ ਨਾਲ ਵੇਖਦੇ ਹਨ ਤੇ ਉਸ ਨੂੰ ਛੱਡ ਦਿੰਦੇ ਹਨ। ਉਸ ਨੂੰ ਸੋਗ, ਵਿਜੋਗ ਦਾ ਸਰਾਪ ਲੱਗਾ ਰਹੇਗਾ ਤੇ ਉਹ ਖੋਟੀ ਮੱਤ ਕਰਕੇ ਸਦਾ ਅਪਵਿੱਤਰ ਰਹੇਗਾ। ਉਹ ਛੁੱਟੜ ਇਸਤ੍ਰੀ ਵਾਂਗੂੰ ਪਿਆ ਫਿਰੇਗਾ ਤੇ ਉਸ ਨੂੰ (ਪ੍ਰਭੂ ਦੀ) ਦਰਗਾਹ ਵਿਚੋਂ ਤਲਾਕ (ਧੱਕਾ) ਮਿਲੇਗਾ। ਇਸ ਸੰਸਾਰ ਵਿਚ ਉਸ ਨੂੰ ਬਹੁਤ ਸਾਰਾ ਦੁੱਖ, ਭੁੱਖ ਤੇ ਦਲਿੱਦਰ ਮਿਲੇਗਾ ਤੇ ਅੱਗੇ ਨਰਕ ਰੂਪੀ ਸਰਾਂ ਵਿਚ ਵਾਸਾ ਮਿਲੇਗਾ।੧੩। ਵਿਗੜੈ ਚਾਟਾ ਦੁਧ ਦਾ ਕਾਂਜੀ ਦੀ ਚੁਖੈ॥
ਸਹਸ ਮਣਾ ਰੂਈ ਜਲੈ ਚਿਣਗਾਰੀ ਧੁਖੈ॥
ਬੂਰੁ ਵਿਣਾਹੇ ਪਾਣੀਐ ਖਉ ਲਾਖਹੁ ਰੁਖੈ॥
ਜਿਉ ਉਦਮਾਦੀ ਅਤੀਸਾਰੁ ਖਈ ਰੋਗੁ ਮਨੁਖੈ॥
ਜਿਉ ਜਾਲਿ ਪੰਖੇਰੂ ਫਾਸਦੇ ਚੁਗਣ ਦੀ ਭੁਖੈ॥
ਤਿਉ ਅਜਰੁ ਝਾਕ ਭੰਡਾਰ ਦੀ ਵਿਆਪੈ ਵੇਮੁਖੈ ॥੧੪॥
ਕਾਂਜੀ ਦੀ ਇਕ ਬੂੰਦ ਪੈਣ ਨਾਲ ਦੁੱਧ ਦਾ ਮਟਕਾ ਖਰਾਬ ਹੋ ਜਾਂਦਾ ਹੈ। ਹਜ਼ਾਰਾਂ ਮਣ ਰੂੰ ਇਕ ਚਿੰਗਾਰੀ ਨਾਲ ਸੜ ਜਾਂਦੀ ਹੈ। ਪਾਣੀ ਦੇ ਤਾਲਾਬ ਨੂੰ ਬੂਰ ਖਰਾਬ ਕਰ ਦਿੰਦਾ ਲੈ ਬ੍ਰਿਛ ਨੂੰ ਲਾਖ ਪੈ ਜਾਏ ਤਾਂ ਉਸ ਦਾ ਨਾਸ ਹੋ ਜਾਂਦਾ ਹੈ। ਜਿਵੇਂ ਸ਼ੌਦਾਈ ਨੂੰ ਅਤੀਸਾਰ ਰੋਗ ਤੇ ਮਨੁੱਖ ਨੂੰ ਖਈ ਰੋਗ ਨਾਸ ਕਰ ਦਿੰਦਾ ਹੈ। ਜਿਵੇਂ ਦਾਣਾ ਚੁਗਣ ਦੀ ਤ੍ਰਿਸ਼ਣਾ ਨਾਲ ਪੰਛੀ ਜਾਲ ਵਿਚ ਫਸ ਜਾਂਦੇ ਹਨ। (ਇਸੇ ਤਰ੍ਹਾਂ) ਨਾ ਜਰੀ ਜਾਣ ਵਾਲੀ ਧਰਮਸਾਲਾ ਦੇ ਭੰਡਾਰੇ ਦੀ ਝਾਕ ਜਿਸ ਬੇਮੁਖ ਨੂੰ ਲੱਗ ਜਾਂਦੀ ਹੈ, ਉਸ ਦਾ ਨਾਸ ਕਰ ਦਿੰਦੀ ਹੈ।੧੪। ਅਉਚਰੁ ਝਾਕ ਭੰਡਾਰ ਦੀ ਚੁਖੁ ਲਗੈ ਚਖੀ॥
ਹੋਇ ਦੁਕੁਧਾ ਨਿਕਲੈ ਭੋਜਨੁ ਮਿਲਿ ਮਖੀ॥
ਰਾਤਿ ਸੁਖਾਲਾ ਕਿਉ ਸਵੈ ਤਿਣੁ ਅੰਦਰਿ ਅਖੀ॥
ਕਖਾ ਦਬੀ ਅਗਿ ਜਿਉ ਓਹੁ ਰਹੈ ਨ ਰਖੀ॥
ਝਾਕ ਝਕਾਈਐ ਝਾਕਵਾਲੁ ਕਰਿ ਭਖ ਅਭਖੀ॥
ਗੁਰ ਪਰਸਾਦੀ ਉਬਰੇ ਗੁਰ ਸਿਖਾਂ ਲਖੀ ॥੧੫॥
ਧਰਮਸਾਲਾ ਦੇ ਭੰਡਾਰਿਆਂ ਦੀ ਝਾਕ (ਤੱਕ) ਚੰਗੀ ਨਹੀਂ, (ਪਰ ਜਿਸ ਨੂੰ ਇਸ ਦੇ) ਚੱਖਣ ਦੀ ਚਾਹ ਲੱਗ ਜਾਂਦੀ ਹੈ। ਉਸ ਨੂੰ ਉਲਟੀ ਹੋ ਕੇ ਨਿਕਲ ਜਾਂਦੀ ਹੈ, ਜਿਸ ਤਰ੍ਹਾਂ ਮੱਖੀ ਨਾਲ ਮਿਲਿਆ ਭੋਜਨ ਖਾਧਿਆਂ ਨਿਕਲ ਜਾਂਦਾ ਹੈ। ਜਿਸਦੀ ਅੱਖ ਵਿਚ ਕੱਖ ਪੈ ਜਾਏ ਉਹ ਰਾਤ ਨੂੰ ਸੌਖਾ ਕਿਵੇਂ ਸੌਂ ਸਕਦਾ ਹੈ? ਜਿਵੇਂ ਕੱਖਾਂ ਹੇਠਾਂ ਅੱਗ ਦਬਾ ਕੇ ਰੱਖੀਏ ਤਾਂ ਉਹ ਨਹੀਂ ਰਹਿੰਦੀ। ਝਾਕ ਵਾਲਾ ਝਾਕ ਨੂੰ ਤਾੜਦਾ ਰਹਿੰਦਾ ਹੈ ਤੇ ਉਹ ਨਾ ਖਾਣ ਵਾਲੇ ਪਦਾਰਥਾਂ ਨੂੰ ਵੀ ਖਾ ਜਾਂਦਾ ਹੈ। ਜਿਨ੍ਹਾਂ ਗੁਰਸਿੱਖਾਂ ਨੇ ਇਹ ਗੱਲ ਜਾਣ ਲਈ ਹੈ, ਉਹ ਗੁਰੂ ਦੀ ਕ੍ਰਿਪਾ ਨਾਲ ਇਸ ਝਾਕ ਤੋਂ ਬਚ ਗਏ ਹਨ।੧੫। ਜਿਉ ਘੁਣ ਖਾਧੀ ਲਕੜੀ ਵਿਣੁ ਤਾਣਿ ਨਿਤਾਣੀ॥
ਜਾਣ ਡਰਾਵਾ ਖੇਤ ਵਿਚਿ ਨਿਰਜੀਤੁ ਪਰਾਣੀ॥
ਜਿਉ ਧੂਅਰੁ ਝੜੁਵਾਲ ਦੀ ਕਿਉ ਵਰਸੈ ਪਾਣੀ॥
ਜਿਉ ਥਣ ਗਲ ਵਿਚਿ ਬਕਰੀ ਦੁਹਿ ਦੁਧੁ ਨ ਆਣੀ॥
ਝਾਕੇ ਅੰਦਰਿ ਝਾਕਵਾਲੁ ਤਿਸ ਕਿਆ ਨੀਸਾਣੀ॥
ਜਿਉ ਚਮੁ ਚਟੈ ਗਾਇ ਮਹਿ ਉਹ ਭਰਮਿ ਭੁਲਾਣੀ ॥੧੬॥
ਜਿਵੇਂ ਘੁਣ ਦੀ ਖਾਧੀ ਲੱਕੜ ਜ਼ੋਰ ਤੋਂ ਬਿਨਾਂ ਕਮਜ਼ੋਰ ਹੋ ਜਾਂਦੀ ਹੈ। ਜਿਸ ਤਰ੍ਹਾਂ ਖੇਤਾਂ ਵਿਚ ਨਕਲੀ ਡਰਾਉਣਾ ਮਨੁੱਖ ਮੁਰਦਾ (ਪ੍ਰਾਣ-ਹੀਣ) ਹੁੰਦਾ ਹੈ। ਜਿਵੇਂ ਧੂੰਏ ਤੋਂ ਬੱਦਲ ਵਾਂਗੂੰ ਬਰਖਾ ਨਹੀਂ ਹੁੰਦੀ। ਜਿਸ ਤਰ੍ਹਾਂ ਬੱਕਰੀ ਦੇ ਗਲ ਵਾਲੇ ਥਣਾਂ 'ਚੋਂ ਚੋਇਆਂ ਦੁੱਧ ਨਹੀਂ ਨਿਕਲਦਾ। (ਇਸੇ ਤਰ੍ਹਾਂ) ਧਰਮਸਾਲਾ ਦੀ ਝਾਕ ਰੱਖਣ ਵਾਲਾ ਮਨੁੱਖ ਨਿਸਫਲ ਹੁੰਦਾ ਹੈ। ਉਸ ਦੀ ਨਿਸ਼ਾਨੀ ਕੀ ਹੈ? (ਉਸਦੀ ਨਿਸ਼ਾਨੀ ਇਹ ਹੈ ਕਿ) ਜਿਵੇਂ ਗਊਆਂ ਮਹੀਆਂ ਤੂੜੀ ਦੇ ਭਰੇ ਹੋਏ ਚੰਮ ਨੂੰ ਭਰਮ ਵਿਚ ਭੁੱਲੀਆਂ ਹੋਈਆਂ ਚਟਦੀਆਂ ਹਨ, ਇਸੇ ਤਰ੍ਹਾਂ ਧਰਮਸਾਲਾ ਦੀ ਝਾਕ ਰੱਖਣ ਵਾਲਿਆਂ ਦੀ ਬੁਧੀ ਭਰਮ ਵਿਚ ਭੁੱਲੀ ਹੋਈ ਭੱਖ ਅਭੱਖ ਦੀ ਵਿਚਾਰ ਨਹੀਂ ਕਰਦੀ।੧੬। ਗੁਛਾ ਹੋਇ ਧ੍ਰਿਕਾਨੂਆ ਕਿਉ ਵੜੀਐ ਦਾਖੈ॥
ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ॥
ਗਹਣੇ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ॥
ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ॥
ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ॥
ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ ॥੧੭॥
ਧ੍ਰਿਕੋਨਿਆਂ ਦੇ ਗੁੱਛੇ ਨੂੰ ਦਾਖਾਂ ਦਾ ਗੁੱਛਾ ਕਿਸ ਤਰ੍ਹਾਂ ਕਿਹਾ ਜਾਵੇ? (ਭਾਵ ਨਹੀਂ ਕਿਹਾ ਜਾਂਦਾ)। ਅੱਕ ਦੀ ਖੱਖੜੀ ਨੂੰ ਕੋਈ ਅੰਬ ਨਹੀਂ ਆਖਦਾ। ਜਿਸ ਤਰ੍ਹਾਂ ਮੁਲੰਮੇ ਦੇ ਗਹਿਣਿਆਂ ਦੀ ਕੋਈ ਸਾਖ ਨਹੀਂ ਭਰਦਾ ਕਿ ਇਹ ਸੋਨੇ ਦੇ ਗਹਿਣੇ ਹਨ। ਬਿਲੌਰ ਹੀਰਿਆਂ ਦੇ ਤੁੱਲ ਨਹੀਂ ਪੁੱਜਦਾ, ਕਿਉਂਕਿ ਹੀਰੇ ਬੜੇ ਕੀਮਤੀ ਹੁੰਦੇ ਹਨ। ਲੱਸੀ ਤੇ ਦੁੱਧ ਦੋਵੇਂ ਚਿੱਟੇ ਰੰਗ ਦੇ ਦਿਸਦੇ ਹਨ, ਪਰ ਗੁਣ ਤੇ ਸੁਆਦ ਤੋਂ ਉਹਨਾਂ ਦਾ ਨਿਰਣਾ ਹੋ ਜਾਂਦਾ ਹੈ। (ਇਸੇ ਤਰ੍ਹਾਂ) ਸਾਧ ਤੇ ਅਸਾਧ ਕਰਮਾਂ ਤੇ ਬੋਲੀ ਤੋਂ ਪਰਖੇ ਜਾਂਦੇ ਹਨ।੧੭। ਸਾਵੇ ਪੀਲੇ ਪਾਨ ਹਹਿ ਓਇ ਵੇਲਹੁ ਤੁਟੇ॥
ਚਿਤਮਿਤਾਲੇ ਫੋਫਲੇ ਫਲ ਬਿਰਖਹੁਂ ਛੁਟੇ॥
ਕਥ ਹਰੇਹੀ ਭੂਸਲੀ ਦੇ ਚਾਵਲ ਚੁਟੇ॥
ਚੂਨਾ ਦਿਸੈ ਉਜਲਾ ਦਹਿ ਪਥਰੁ ਕੁਟੇ॥
ਆਪੁ ਗਵਾਇ ਸਮਾਇ ਮਿਲਿ ਰੰਗੁਚੀਚ ਵਹੁਟੇ॥
ਤਿਉ ਚਹੁ ਵਰਨਾ ਵਿਚਿ ਸਾਧ ਹਨਿ ਗੁਰਮੁਖਿ ਮੁਹ ਜੁਟੇ॥੧੮॥
ਪਾਨਾਂ ਦੇ ਪੱਤਰ ਸਾਵੇ ਪੀਲੇ ਹੋ ਕੇ ਵੇਲ ਨਾਲੋਂ ਟੁੱਟਦੇ ਹਨ। ਸੁਪਾਰੀਆਂ ਰੰਗ ਬਰੰਗੀਆਂ ਹੋ ਕੇ ਬ੍ਰਿਛ ਨਾਲੋਂ ਡਿੱਗਦਿਆਂ ਹਨ। ਕੱਥ ਹੌਲੀ ਤੇ ਭੂਸਲੇ ਰੰਗ ਦੀ ਹੁੰਦੀ ਹੈ, ਜੋ ਚਾਵਲ ਜਿੰਨੀ ਚੁਟਕੀ ਨਾਲ ਪਾਈਦੀ ਹੈ। ਚੂਨਾ ਚਿੱਟਾ ਦਿਸਦਾ ਹੈ, ਜੋ ਪੱਥਰ ਸਾੜ ਕੇ ਫਿਰ ਬਰੀਕ ਕਰਨ ਲਈ ਪੱਥਰ 'ਤੇ ਕੁੱਟਿਆ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ (ਪਾਨ, ਸੁਪਾਰੀਆਂ, ਕੱਥਾ ਤੇ ਚੂਨਾ) ਜਦੋਂ ਆਪਣਾ ਆਪ ਗਵਾ ਕੇ ਆਪੋ ਵਿਚ ਮਿਲ ਕੇ ਇਕ ਹੁੰਦੀਆਂ ਹਨ, ਤਾਂ ਇਹਨਾਂ ਵਿਚੋਂ ਚੀਚ ਵਹੁਟੀ ਵਰਗਾ ਲਾਲ ਰੰਗ ਨਿਕਲਦਾ ਹੈ। ਇਸੇ ਤਰ੍ਹਾਂ ਜਦੋਂ ਚਾਰ ਵਰਣਾਂ ਵਿਚੋਂ ਸਜੇ ਗੁਰਮੁਖ ਪੁਰਸ਼ ਬੈਠਦੇ ਹਨ ਤਾਂ ਉਸ ਸਾਧ (ਸ੍ਰੇਸ਼ਟ) ਹੋ ਜਾਂਦੇ ਹਨ।੧੮। ਚਾਕਰ ਸਭ ਸਦਾਇੰਦੇ ਸਾਹਿਬ ਦਰਬਾਰੇ॥
ਨਿਵਿ ਨਿਵਿ ਕਰਨਿ ਜੁਹਾਰੀਆ ਸਭ ਸੈ ਹਥੀਆਰੇ॥
ਮਜਲਸ ਬਹਿ ਬਫਾਇੰਦੇ ਬੋਲ ਬੋਲਨਿ ਭਾਰੇ॥
ਗਲੀਏ ਤੁਰੇ ਨਚਾਇੰਦੇ ਗਜਗਾਹ ਸਵਾਰੇ॥
ਰਣ ਵਿਚਿ ਪਇਆਂ ਜਾਣੀਅਨਿ ਜੋਧ ਭਜਣਹਾਰੇ॥
ਤਿਉ ਸਾਂਗਿ ਸਿਞਾਪਨਿ ਸਨਮੁਖਾਂ ਬੇਮੁਖ ਹਤਿਆਰੇ ॥੧੯॥
ਪਾਤਸ਼ਾਹ ਦੇ ਦਰਬਾਰ ਸਾਰੇ ਨੌਕਰ ਸਦਾਉਂਦੇ ਹਨ। ਸਭ ਹਥਿਆਰਬੰਦ ਨੌਕਰ ਪਾਤਸ਼ਾਹ ਨੂੰ ਨਿਉਂ ਨਿਉਂ ਕੇ ਨਮਸਕਾਰਾਂ ਕਰਦੇ ਹਨ। (ਉਹ) ਮਜਲਸਾਂ (ਸਭਾ) ਵਿਚ ਬੈਠ ਕੇ ਆਪਣਾ ਆਪ ਜਣਾਉਂਦੇ ਹਨ ਤੇ ਬੜੇ ਭਾਰੇ ਬੋਲ ਬੋਲਦੇ ਹਨ। (ਉਹ) ਗਲੀਆਂ (ਬਾਜ਼ਾਰਾਂ) ਵਿਚ ਘੋੜੇ ਨਚਾਉਂਦੇ ਹਨ ਤੇ ਗਜਗਾਹਾਂ ਸਵਾਰਦੇ ਹਨ। (ਪਰ) ਜਦੋਂ ਇਹ ਨੌਕਰ ਜੰਗ ਵਿਚ ਜਾਂਦੇ ਹਨ, ਤਦੋਂ ਪਤਾ ਲੱਗਦਾ ਹੈ ਕਿ ਇਹਨਾਂ ਵਿਚੋਂ ਸੂਰਮਾ ਕੌਣ ਹੈ ਤੇ ਜੰਗ ਵਿਚੋਂ ਭੱਜਣ ਵਾਲਾ ਕਾਇਰ ਕਿਹੜਾ ਹੈ। (ਇਸੇ ਤਰ੍ਹਾਂ) ਜਿਹੜੇ ਬਮੁਖ ਤੇ ਹਤਿਆਰੇ ਸਨਮੁਖਾਂ (ਗੁਰਮੁਖਾਂ) ਦਾ ਸਵਾਂਗ ਬਣਾ ਕੇ ਫਿਰਦੇ ਹਨ, ਉਹ ਸਤਿਗੁਰਾਂ ਵੱਲੋਂ ਪ੍ਰੀਖਿਆ ਲੈਣ ਸਮੇਂ ਸਿਞਾਣੇ ਜਾਂਦੇ ਹਨ।੧੯। ਜੇ ਮਾਂ ਹੋਵੈ ਜਾਰਨੀ ਕਿਉ ਪੁਤੁ ਪਤਾਰੇ॥
ਗਾਈ ਮਾਣਕੁ ਨਿਗਲਿਆ ਪੇਟੁ ਪਾੜਿ ਨ ਮਾਰੇ॥
ਜੇ ਪਿਰੁ ਬਹੁ ਘਰੁ ਹੰਢਣਾ ਸਤੁ ਰਖੈ ਨਾਰੇ॥
ਅਮਰੁ ਚਲਾਵੈ ਚੰਮ ਦੇ ਚਾਕਰ ਵੇਚਾਰੇ॥
ਜੇ ਮਦੁ ਪੀਤਾ ਬਾਮਣੀ ਲੋਇ ਲੁਝਣਿ ਸਾਰੇ॥
ਜੇ ਗੁਰ ਸਾਂਗਿ ਵਰਤਦਾ ਸਿਖੁ ਸਿਦਕੁ ਨ ਹਾਰੇ ॥੨੦॥
ਜੇਕਰ ਮਾਂ ਵਿਭਚਾਰਨੀ ਹੋਵੇ ਤਾਂ ਪੁੱਤਰ ਉਸ ਦੀ ਨਿੰਦਾ ਕਿਵੇਂ ਕਰੇਗਾ? (ਭਾਵ ਪੁੱਤਰ ਨਿੰਦਾ ਨਹੀਂ ਕਰੇਗਾ)। ਜੇਕਰ ਗਾਂ ਮਾਣਕ ਨਿਗਲ ਲਵੇ ਤਾਂ ਉਸ ਦਾ ਢਿੱਡ ਪਾੜ ਕੇ ਨਹੀਂ ਮਾਰੀਦਾ। ਜੇਕਰ ਪਤੀ ਬਹੁਤੇ ਘਰਾਂ ਵਿਚ ਫਿਰਨ ਵਾਲਾ ਹੋਵੇ (ਭਾਵ ਵਿਭਚਾਰੀ ਹੋਵੇ), ਤਦ ਉਸ ਦੀ ਪਤਣੀ ਆਪਣੇ ਸਤ ਧਰਮ ਨੂੰ ਕਾਇਮ ਰੱਖਦੀ ਹੈ (ਉਹ ਬਿਭਚਾਰ ਨਹੀਂ ਕਰਦੀ)। ਜੇਕਰ ਬਾਦਸ਼ਾਹ ਆਪਣੇ ਹੁਕਮ ਨਾਲ ਚੰਮ ਦੇ ਦੰਮ ਚਲਾਵੇ ਤਾਂ ਵਿਚਾਰੇ ਨੌਕਰਾਂ ਦਾ ਕੀ ਚਾਰਾ ਹੈ (ਉਹ ਬਾਦਸ਼ਾਹ ਦੇ ਹਰ ਹੁਕਮ ਨੂੰ ਮੰਨਦੇ ਹਨ)। ਜੇ ਕੋਈ ਬ੍ਰਾਹਮਣੀ ਸ਼ਰਾਬ ਪੀ ਲਵੇ ਤਾਂ ਲੋਕ ਉਸ ਨੂੰ ਵੇਖ ਕੇ ਕ੍ਰਿਝਦੇ ਹਨ (ਪਰ ਉਸ ਬ੍ਰਾਹਮਣੀ ਨੂੰ ਮਾਰਦਾ ਕੋਈ ਨਹੀਂ)। (ਸਿੱਖ ਦੀ ਪ੍ਰੀਖਿਆ ਲੈਣ ਲਈ) ਜੇ ਗੁਰੂ ਕੋਈ ਸਵਾਂਗ ਵਰਤਦਾ ਹੈ ਤਾਂ ਸਿੱਖ ਆਪਣਾ ਭਰੋਸਾ ਨਹੀਂ ਹਾਰਦਾ।੨੦। ਧਰਤੀ ਉਪਰਿ ਕੋਟ ਗੜ ਭੁਇਚਾਲ ਕਮੰਦੇ॥
ਝਖੜਿ ਆਏ ਤਰੁਵਰਾ ਸਰਬਤ ਹਲੰਦੇ॥
ਡਵਿ ਲਗੈ ਉਜਾੜਿ ਵਿਚਿ ਸਭ ਘਾਹ ਜਲੰਦੇ॥
ਹੜ ਆਏ ਕਿਨਿ ਥੰਮੀਅਨਿ ਦਰੀਆਉ ਵਹੰਦੇ॥
ਅੰਬਰਿ ਪਾਟੇ ਥਿਗਲੀ ਕੂੜਿਆਰ ਕਰੰਦੇ॥
ਸਾਂਗੈ ਅੰਦਰਿ ਸਾਬਤੇ ਸੇ ਵਿਰਲੇ ਬੰਦੇ ॥੨੧॥
ਧਰਤੀ 'ਤੇ ਜੋ ਕਰੋੜਾਂ ਕਿਲ੍ਹੇ ਹਨ, ਉਹ ਭੁਚਾਲ ਦੇ ਆਇਆਂ ਕੰਬ ਉੱਠਦੇ ਹਨ। ਝਖੜ (ਹਨੇਰੀ) ਦੇ ਵਗਣ ਨਾਲ ਸਭ ਬ੍ਰਿਛ ਹਿਲਣ ਲੱਗ ਪੈਂਦੇ ਹਨ। ਜਦੋਂ ਜੰਗਲ ਵਿਚ ਅੱਗ ਲੱਗਦੀ ਹੈ, ਤਦੋਂ ਸਾਰੇ ਘਾਹ ਤੇ ਬੂਟੇ ਸੜ ਜਾਂਦੇ ਹਨ। ਦਰਿਆ ਵਿਚ ਹੜ੍ਹ ਆਏ ਨੂੰ ਕੌਣ ਥੰਮ੍ਹ ਸਕਦਾ ਹੈ? (ਭਾਵ ਕੋਈ ਨਹੀਂ ਰੋਕ ਸਕਦਾ)। ਜੇ ਆਕਾਸ਼ ਪਾਟ ਜਾਏ ਤਾਂ ਉਸ ਨੂੰ ਟਾਕੀ ਲਾਉਣੀ ਝੂਠੇ ਲੋਕਾਂ ਦਾ ਕੰਮ ਹੈ। (ਭਾਵ ਇਹ ਕੰਮ ਕੋਈ ਨਹੀਂ ਕਰ ਸਕਦਾ)। (ਹੇ ਸਤਿਗੁਰੂ ਜੀ!) ਆਪ ਦੇ ਵਰਤਾਏ ਸਵਾਂਗ ਵਿਚ ਕੋਈ ਵਿਰਲਾ ਸੇਵਕ ਹੀ ਸਾਬਤ ਰਹਿੰਦਾ ਹੈ।੨੧। ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ॥
ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ॥
ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ॥
ਆਗੂ ਲੈ ਉਝੜਿ ਪਵੇ ਕਿਸੁ ਕਰੈ ਪੁਕਾਰਾ॥
ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ॥
ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ ॥੨੨॥
ਜੇਕਰ ਮਾਂ ਹੀ ਆਪਣੇ ਪੁੱਤਰ ਨੂੰ ਜ਼ਹਿਰ ਦੇਵੇ ਤਾਂ ਉਸ ਤੋਂ ਪਿਆਰਾ ਹੋਰ ਕੌਣ ਹੈ ਜੋ ਪੁੱਤਰ ਨੂੰ ਬਚਾਏਗਾ? (ਭਾਵ ਕੋਈ ਨਹੀਂ ਬਚਾ ਸਕਦਾ)। ਜੇਕਰ ਪਹਿਰੇਦਾਰ ਹੀ ਘਰ ਨੂੰ ਭੰਨੇ (ਭਾਵ ਚੋਰੀ ਕਰੇ) ਤਾਂ ਘਰ ਦੀ ਰਾਖੀ ਕਰਨ ਵਾਲਾ ਹੋਰ ਕੌਣ ਹੈ (ਭਾਵ ਹੋਰ ਕੋਈ ਨਹੀਂ)। ਜੇ ਮਲਾਹ ਹੀ ਬੇੜੀ ਨੂੰ ਡੋਬੇ ਤਾਂ ਉਸ ਬੇੜੀ ਦਾ ਕਿਵੇਂ ਪਾਰ ਉਤਾਰਾ ਹੋ ਸਕਦਾ ਹੈ? ਜੇ ਆਗੂ ਹੀ ਆਪਣੇ ਸਾਥੀਆਂ ਨੂੰ ਕੁਰਾਹੇ ਲੈ ਤੁਰੇ ਤਾਂ ਸਾਥ ਕਿਸੇ ਅੱਗੇ ਪੁਕਾਰ ਕਰੇਗਾ। ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਕੋਈ ਸਾਰ ਨਹੀਂ ਲੈਂਦਾ। ਜੇ ਗੁਰੂ ਹੀ ਕੋਈ ਸਵਾਂਗ ਕਰਕੇ ਸਿੱਖ ਨੂੰ ਭਰਮਾਏ ਤਾਂ ਸਿੱਖ ਵਿਚਾਰਾ ਕੀ ਕਰ ਸਕਦਾ ਹੈ?੨੨। ਜਲ ਵਿਚਿ ਕਾਗਦ ਲੂਣ ਜਿਉ ਘਿਅ ਚੋਪੜਿ ਪਾਏ॥
ਦੀਵੇ ਵਟੀ ਤੇਲੁ ਦੇ ਸਭ ਰਾਤਿ ਜਲਾਏ॥
ਵਾਇ ਮੰਡਲ ਜਿਉ ਡੋਰ ਫੜਿ ਗੁਡੀ ਓਡਾਏ॥
ਮੁਹ ਵਿਚਿ ਗਰੜ ਦੁਗਾਰ ਪਾਇ ਜਿਉ ਸਪੁ ਲੜਾਏ॥
ਰਾਜਾ ਫਿਰੈ ਫਕੀਰੁ ਹੋਇ ਸੁਣਿ ਦੁਖਿ ਮਿਟਾਏ॥
ਸਾਂਗੈ ਅੰਦਰਿ ਸਾਬਤਾ ਜਿਸੁ ਗੁਰੂ ਸਹਾਏ ॥੨੩॥
੩੫॥
ਜਿਵੇਂ ਕਾਗਜ਼ ਤੇ ਲੂਣ ਨੂੰ ਘਿਉ ਨਾਲ ਚੋਪੜ ਕੇ ਪਾਣੀ ਵਿਚ ਰੱਖੀਏ ਤਾਂ ਉਹ ਘੱਟ ਗਲਦੇ ਹਨ। ਦੀਵੇ ਦੀ ਵੱਟੀ ਤੇਲ ਦੇ ਆਸਰੇ ਸਾਰੀ ਰਾਤ ਬਲਦੀ ਰਹਿੰਦੀ ਹੈ। ਡੋਰ ਦੇ ਆਸਰੇ ਆਕਾਸ਼ ਵਿਚ ਗੁੱਡੀ ਉਡਾਈ ਜਾਂਦੀ ਹੈ। ਜਿਵੇਂ ਮੂੰਹ ਵਿਚ ਗਾਰੜੂ ਬੂਟੀ ਰੱਖ ਕੇ ਸਰੀਰ ਨੂੰ ਸੱਪ ਲੜਾਇਆ ਜਾਏ ਤਾਂ ਸੱਪ ਦਾ ਜ਼ਹਿਰ ਨਹੀਂ ਚੜ੍ਹਦਾ। ਰਾਜਾ ਫਕੀਰ ਹੋ ਕੇ ਫਿਰਦਾ ਹੈ ਤਾਂ ਪਰਜਾ ਦੇ ਦੁੱਖ ਵੇਖ ਕੇ ਉਸ ਨੂੰ ਦੂਰ ਕਰਾ ਹੈ। (ਇਸੇ ਤਰ੍ਹਾਂ) ਜਿਸ ਸਿੱਖ 'ਤੇ ਸਤਿਗੁਰੂ ਜੀ ਆਪਣੀ ਕਿਰਪਾ ਕਰਨ, ਉਹ ਸਤਿਗੁਰੂ ਜੀ ਦੀ ਪ੍ਰੀਖਿਆ ਵਿਚ ਪੂਰਾ ਉੱਤਰਦਾ ਹੈ, (ਡੋਲਦਾ ਨਹੀਂ)।੨੩।੩੫।