Vaar 23

ਵਾਰਾਂ ਭਾਈ ਗੁਰਦਾਸ ਜੀ (ਪਾਠ ੨) · ੨੩ / ੪੦

ਵਾਰ ੨੩ ਸਤਿਗੁਰਪ੍ਰਸਾਦਿ॥
ਸਤਿ ਰੂਪ ਗੁਰੁ ਦਰਸਨੋ ਪੂਰਨ ਬ੍ਰਹਮੁ ਅਚਰਜੁ ਦਿਖਾਇਆ॥
ਸਤਿ ਨਾਮੁ ਕਰਤਾ ਪੁਰਖੁ ਪਾਰਬ੍ਰਹਮੁ ਪਰਮੇਸਰੁ ਧਿਆਇਆ॥
ਸਤਿਗੁਰ ਸਬਦ ਗਿਆਨੁ ਸਚੁ ਅਨਹਦ ਧੁਨਿ ਵਿਸਮਾਦੁ ਸੁਣਾਇਆ॥
ਗੁਰਮੁਖਿ ਪੰਥੁ ਚਲਾਇਓਨੁ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ॥
ਗੁਰ ਸਿਖੁ ਦੇ ਗੁਰਸਿਖ ਕਰਿ ਸਾਧਸੰਗਤਿ ਸਚੁ ਖੰਡੁ ਵਸਾਇਆ॥
ਸਚੁ ਰਾਸ ਰਹਰਾਸਿ ਦੇ ਸਤਿਗੁਰ ਗੁਰਸਿਖ ਪੈਰੀ ਪਾਇਆ॥
ਚਰਣ ਕਵਲ ਪਰਤਾਪੁ ਜਣਾਇਆ ॥੧॥

(ਪਰਮੇਸ਼ਰ ਵਲੋਂ ਭੇਜੇ) ਸੱਤਿ ਸਰੂਪ ਗੁਰੂ (ਨਾਨਕ ਦੇਵ ਜੀ) ਨੇ ਪਾਰਬ੍ਰਹਮ (ਵਾਹਿਗੁਰੂ) ਨੂੰ ਹੀ ਪੂਰਨ ਅਸਚਰਜ ਰੂਪ ਵਾਲਾ ਦਿਖਾਇਆ ਹੈ। (ਪੂਰਨ) ਗੁਰੂ ਨੇ ਸਤਿਨਾਮ ਕਰਤਾ ਪੁਰਖੁ, ਪਾਰਬ੍ਰਹਮ (ਪੂਰਨ) ਪਰਮੇਸ਼ਰ ਦਾ ਜਾਪ ਕੀਤਾ (ਤੇ ਕਰਵਾਇਆ ਹੈ)। ਸਤਿਗੁਰੂ ਦਾ ਸੱਚਾ ਸ਼ਬਦ ਸੱਚਾ ਗਿਆਨ ਸੀ, (ਜਿਸ ਨੇ ਸਿਮਰਨ ਕਰਨ ਵਾਲੇ ਨੂੰ) ਅਨਹਦ ਧੁਨੀ ਦੇ ਵਿਸਮਾਦ (ਮਸਤੀ ਭਰੇ ਮੰਡਲਾਂ ਤਕ ਪਹੁਮਚਣ ਦੀ ਬਿਧੀ ਦਾ ਗਿਆਨ ਸਮਝਾਇਆ ਤੇ) ਸੁਣਾਇਆ ਹੈ। (ਐਸਾ ਕਰਕੇ ਪੂਰੇ ਸਤਿਗੁਰੂ ਜੀ ਨੇ ਇਕ) ਗੁਰਮੁਖਾਂ ਦਾ ਪੰਥ (ਰਾਹ ਖੋਲ੍ਹ ਦਿੱਤਾ) ਚਲਾਇਆ ਅਤੇ ਨਾਮ, ਦਾਨ ਤੇ ਇਸ਼ਨਾਨ ਕਰਨਾ ਦ੍ਰਿੜ੍ਹ ਕਰਾ ਦਿੱਤਾ ਹੈ। (ਪੂਰੇ) ਗੁਰੂ ਨੇ ਸਿੱਖਿਆ ਦੇ ਕੇ ਗੁਰਸਿੱਖ ਬਣਾ ਦਿੱਤੇ (ਉਨ੍ਹਾਂ ਦੇ ਅਭਿਆਸ ਲਈ) ਸਾਧ ਸੰਗਤ ਰੂਪ ਸੱਚਖੰਡ ਵਸਾ ਦਿੱਤਾ (ਜਿਥੇ ਕੇਵਲ ਸ਼ਬਦ ਤੇ ਗੁਰ-ਸਿੱਖਿਆ ਦੀਆਂ ਵੀਚਾਰਾਂ ਹੁੰਦੀਆਂ ਹਨ)। (ਅਗੋਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਖਸ਼ਿਸ਼) ਸੱਚ ਦੀ ਰਾਸ ਤੇ ਸੱਚੀ ਰਹੁ ਰੀਤੀ ਦਾ ਗਿਆਨ ਦੇ ਕੇ, (ਆਪਣੀ ਥਾਂ ਟਿਕੲ ਕੇ) ਆਪ ਚਰਣੀਂ ਲੱਗੇ ਤੇ ਸਭ ਸਿੱਖਾਂ ਨੂੰ ਵੀ (ਆਪਣੇ ਥਾਪੇ) ਸਤਿਗੁਰੂ ਦੀ ਚਰਣੀਂ ਲਾਇਆ। (ਇਸ ਤਰ੍ਹਾਂ) ਚਰਣ ਕੰਵਲਾਂ (’ਤੇ ਨਮਸਕਾਰ ਕਰਨ ਦਾ) ਪਰਤਾਪ (ਮਹਿਮਾ) ਗੁਰੂ ਸਿੱਖਾਂ ਨੂੰ ਦੱਸਿਆ (ਜਣਾਇਆ ਤੇ) ਸਮਝਾਇਆ।੧। ਤੀਰਥ ਨ੍ਹਾਤੈ ਪਾਪ ਜਾਨਿ ਪਤਿਤ ਉਧਾਰਣ ਨਾਉਂ ਧਰਾਇਆ॥
ਤੀਰਥ ਹੋਨ ਸਕਾਰਥੇ ਸਾਧ ਜਨਾਂ ਦਾ ਦਰਸਨ ਪਾਇਆ॥
ਸਾਧ ਹੋਏ ਮਨ ਸਾਧਿ ਕੈ ਚਰਣ ਕਵਲ ਗੁਰ ਚਿਤਿ ਵਸਾਇਆ॥
ਉਪਮਾ ਸਾਧ ਅਗਾਧਿ ਬੋਧ ਕੋਟ ਮਧੇ ਕੋ ਸਾਧੁ ਸੁਣਾਇਆ॥
ਗੁਰਸਿਖ ਸਾਧ ਅਸੰਖ ਜਗਿ ਧਰਮਸਾਲ ਥਾਇ ਥਾਇ ਸੁਹਾਇਆ॥
ਪੈਰੀ ਪੈ ਪੈਰ ਧੋਵਣੇ ਚਰਣੋਦਕੁ ਲੈ ਪੈਰੁ ਪੁਜਾਇਆ॥
ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ॥੨॥

ਤੀਰਥਾਂ ’ਤੇ ਨ੍ਹਾਤਿਆਂ ਚੜ੍ਹੇ ਪਾਪ ਲੱਥ ਜਾਂਦੇ ਹਨ (ਇਸ ਮਨੌਤ ਦੇ ਅਧਾਰ ’ਤੇ ਲੋਕਾਂ ਨੇ ਤੀਰਥਾਂ ਨੂੰ) ਪਤਿਤਾਂ (ਪਾਪੀਆਂ) ਦਾ ਉਧਾਰ (ਤਾਰਨ ਵਾਲੇ) ਕਰਨ ਵਾਲੇ ਮੰਨ ਲਿਆ ਹੈ। ਪਰ ਤੀਰਥ ਤਾਂ ਆਪ ਆਪਣੇ ਆਪ ਨੂੰ ਸਾਧੂਜਨਾਂ ਦਾ ਦਰਸ਼ਨ ਕਰਕੇ, ਸਫਲਾ ਸਮਝਦੇ ਹਨ। (ਪਰ ਸਾਧੂ ਕਿਸੇ ਭੇਖੀ ਸਾਧੂ ਨੂੰ ਨਾ ਸਮਝਣਾ, ਸਾਧੂ ਤਾਂ ਉਹ ਹੈ:-) ਸਾਧੂ ਹੋਈਦਾ ਹੈ ਮਨ ਨੂੰ ਸਾਧਿ ਕੇ (ਵਸ ਕਰਕੇ, ਮਨ ਦੀਆਂ ਭੈੜੀਆਂ ਖਾਹਿਸ਼ਾਂ ਨੂੰ ਖਤਮ ਕਰਕੇ) ਤੇ ਸਤਿਗੁਰੂ ਦੇ ਚਰਣ ਕਵਲਾਂ ਨੂੰ ਚਿੱਤ ਵਿਚ ਵਸਾ ਕੇ। ਇਹੋ ਜੇਹੇ ਸਾਧੂ ਦੀ ਉਪਮਾ ਅਗਾਧ ਬੋਧ (ਅਤਿ ਉੱਚਤਮ) ਹੈ ਤੇ (ਇਹੋ ਜਿਹਾ ਸਾਧੂ ਕਰੋੜਾਂ ਵਿਚੋਂ ਕੋਈ ਇਕ ਅੱਧਾ ਹੀ ਹੁੰਦਾ ਹੈ)। (ਸਤਿਗੁਰਾਂ ਦੀ ਅਗਾਧ ਮਹਿਮਾ ਤੇ ਸ਼ਰਧਾ ਰੱਖਣ ਵਾਲੇ) ਅਨੇਕਾਂ ਗੁਰਸਿੱਖ ਜਗਤ ਵਿਚ ਮੌਜੂਦ ਹਨ ਤੇ ਥਾਂ ਥਾਂ ’ਤੇ (ਗੁਰੂ ਦੀਆਂ ਥਾਪੀਆਂ) ਧਰਮਸ਼ਾਲਾਂ ਵਿਚ ਉਹ ਸੁਭਾਇਮਾਨ ਹੋ ਰਹੇ ਹਨ। ਉਹ ਗੁਰਸਿੱਖਾਂ ਦੇ ਪੈਰ ਧੋਂਦੇ ਹਨ ਤੇ ਚਰਣੋਦਕ ਲੈ ਕੇ ਗੁਰਸਿੱਖਾਂ (ਨਾਮ ਅਭਿਆਸੀਆਂ) ਦੇ ਪੈਰ ਪੂਜਦੇ ਹਨ। ਅਲਖ (ਪਰਮੇਸ਼ਰ) ਨੂੰ (ਅਜਿਹੇ ਗੁਰਮੁਖ ਗੁਰਸਿੱਖਾਂ ਨੇ) ਲੱਖ ਲਿਆ ਹੈ ਤੇ ਇਹੋ ਹੀ ਗੁਰਮੁਖਾਂ ਨੂੰ ਸੁਖ ਫਲ ਪ੍ਰਾਪਤ ਹੋਇਆ ਜਾਣੋ (ਜੋ ਧਰਮਸਾਲਾਂ ਵਿਚ ਗੁਰਸਿੱਖੀ ਦੀ ਸੇਵਾ ਤੇ ਕਮਾਈ ਕਰਦੇ ਹਨ)।੨। ਪੰਜਿ ਤਤ ਉਤਪਤਿ ਕਰਿ ਗੁਰਮੁਖਿ ਧਰਤੀ ਆਪੁ ਗਵਾਇਆ॥
ਚਰਣ ਕਵਲ ਸਰਣਾਗਤੀ ਸਭ ਨਿਧਾਨ ਸਭੇ ਫਲ ਪਾਇਆ॥
ਲੋਕ ਵੇਦ ਗੁਰ ਗਿਆਨ ਵਿਚਿ ਸਾਧੂ ਧੂੜਿ ਜਗਤ ਤਰਾਇਆ॥
ਪਤਿਤ ਪੁਨੀਤ ਕਰਾਇ ਕੈ ਪਾਵਨ ਪੁਰਖ ਪਵਿਤ੍ਰ ਕਰਾਇਆ॥
ਚਰਣੋਦਕ ਮਹਿਮਾ ਅਮਿਤ ਸੇਖ ਸਹਸ ਮੁਖਿ ਅੰਤੁ ਨ ਪਾਇਆ॥
ਧੂੜੀ ਲੇਖੁ ਮਿਟਾਇਆ ਚਰਣੋਦਕ ਮਨੁ ਵਸਗਤਿ ਆਇਆ॥
ਪੈਰੀ ਪੈ ਜਗੁ ਚਰਨੀ ਲਾਇਆ ॥੩॥

(ਪਰਮੇਸ਼ਰ ਨੇ) ਪੰਜ ਤੱਤ ਬਣਾਏ ਹਨ, (ਜਿਨ੍ਹਾਂ ਵਿਚੋਂ ਗੁਰੂ ਦੇ ਵਰੋਸਾਏ) ਗੁਰਮੁਖ ਨੇ ਧਰਤੀ ਦੇ ਗੁਣ ਧਾਰਨ ਕਰਕੇ ਆਪਣਾ ਆਪਾ ਗਵਾ ਦਿੱਤਾ ਹੈ। (ਗੁਰਮੁਖਾਂ ਨੇ) ਚਰਣਾਂ ਦੀ ਸ਼ਰਣ ਪ੍ਰਾਪਤ ਕਰਕੇ ਸਭ (ਪਦਾਰਥਾਂ ਦੇ) ਖਜ਼ਾਨੇ ਤੇ ਹੋਰ ਸਭ ਫਲ ਪ੍ਰਾਪਤ ਕਰ ਲੀਤੇ ਹਨ। ਆਮ ਲੋਕਾਂ ਤੇ ਵੇਦਾਂ (ਧਰਮ ਗ੍ਰੰਥਾਂ) ਦਾ ਨਿਚੋੜ ਗੁਰੂ ਦੇ ਗਿਆਨ ਵਿਚ ਹੈ ਕਿ ਸਾਧੂਆਂ ਦੀ ਧੂੜੀ ਨੇ ਜਗਤ ਨੂੰ ਹੀ ਤਾਰ ਦਿੱਤਾ ਹੈ। (ਇਹ ਚਰਣ ਧੂੜੀ ਹੀ ਹੈ ਜੋ) ਪਾਪੀਆਂ ਨੂੰ ਵੀ ਪੁਨੀਤ ਕਰਦੀ ਹੈ ਤੇ ਪਵਿੱਤ੍ਰ ਪੁਰਖਾਂ ਦੀ ਪਵਿੱਤ੍ਰਤਾਈ ਨੂੰ ਕਾਇਮ ਰੱਖਦੀ ਹੈ। (ਸਾਧੂ ਦੀ ਧੂੜੀ ਦੇ) ਚਰਣੋਦਕ (ਅੰਮ੍ਰਿਤ) ਦੀ ਗਿਣਤੀ ਮਿਣਤੀ ਤੋਂ ਰਹਿਤ ਮਹਿਮਾ ਹੈ ਤੇ ਸ਼ੇਸ਼ ਨਾਗ ਜੋ ਹਜ਼ਾਰਾਂ ਮੂੰਹਾਂ ਵਾਲਾ ਹੈ, (ਉਹ ਨਿੱਤ ਨਵੇਂ ਦਿਨ ਨਵੇਂ ਨਾਮ ਲੈਂਦਾ ਹੈ, ਪਰ) ਉਸ ਨੇ ਵੀ ਸਾਧੂ ਧੂੜੀ ਦੀ ਮਹਿਮਾ ਦਾ ਅੰਤ ਨਹੀਂ ਜਾਣਿਆਂ। (ਸਾਧੂਆਂ ਦੀ ਚਰਣ) ਧੂੜੀ (ਕਰਮਾਂ ਦੇ ਮਾੜੇ) ਲੇਖਾਂ ਨੂੰ ਮੇਟਣ ਵਾਲੀ ਹੈ ਤੇ ਚਰਣੋਦਕ ਨਾਲ (ਦਹਿਦਿਸ ਭੱਜੇ ਫਿਰਨ ਵਾਲਾ) ਮਨ ਵਸ ਵਿਚ ਆ ਜਾਂਦਾ ਹੈ। (ਗੁਰਮੁਖ ਸਾਧੂਆਂ ਨੇ, ਗੁਰੂ ਦੀ) ਪੈਰੀ ਪੈ ਕੇ ਸਾਰੇ ਜਗਤ ਨੂੰ ਪੈਰੀਂ ਪਾ ਲਿਆ ਹੈ।੩। ਚਰਣੋਦਕੁ ਹੋਇ ਸੁਰਸਰੀ ਤਜਿ ਬੈਕੁੰਠ ਧਰਤਿ ਵਿਚਿ ਆਈ॥
ਨਉ ਸੈ ਨਦੀ ਨੜਿੰਨਵੈ ਅਠਸਠਿ ਤੀਰਥਿ ਅੰਗਿ ਸਮਾਈ॥
ਤਿਹੁ ਲੋਈ ਪਰਵਾਣੁ ਹੈ ਮਹਾਦੇਵ ਲੈ ਸੀਸ ਚੜ੍ਹਾਈ॥
ਦੇਵੀ ਦੇਵ ਸਰੇਵਦੇ ਜੈ ਜੈ ਕਾਰ ਵਡੀ ਵਡਿਆਈ॥
ਸਣੁ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥਿ ਲਿਵ ਲਾਈ॥
ਸਾਧੂ ਧੂੜਿ ਦੁਲੰਭ ਹੈ ਸਾਧਸੰਗਤਿ ਸਤਿਗੁਰੁ ਸਰਣਾਈ॥
ਚਰਨ ਕਵਲ ਦਲ ਕੀਮ ਨ ਪਾਈ ॥੪॥

ਗੰਗਾ (ਬਾਵਨ ਅਵਤਾਰ ਦੇ) ਚਰਨਾਂ ਦਾ ਅੰਮ੍ਰਿਤ (ਹੋਣ ਕਰਕੇ) ਬੈਕੁੰਠ ਨੂੰ ਛੱਡ ਕੇ ਧਰਤੀ ਵਿਚ ਆ ਗਈ। ਨੌ ਸੌ ਤੇ ਨੜਿਨਵੇਂ ਨਦੀਆਂ ਨੇ ਮਿਲ ਕੇ, ਅਠਾਹਠ ਤੀਰਥਾਂ ਸਮੇਤ ਗੰਗਾ ਵਿਖੇ ਸਮਾਈ ਕੀਤੀ ਹੈ, (ਇਸੇ ਕਰਕੇ ਗੰਗਾ ਦਾ ਇਸ਼ਨਾਨ ਸਭ ਤੋਂ ਵੱਧ ਉੱਤਮਤਾ ਵਾਲਾ ਮੰਨਦੇ ਹਨ)। ਤਿੰਨਾਂ ਲੋਕਾਂ ਵਿਚ ਇਹ ਗੰਗਾ ਮਾਨਨੀਯ ਹੋਈ ਹੈ, ਜਿਸ ਨੂੰ ਸ਼ਿਵ ਜੀ ਨੇ ਲੈ ਕੇ ਸਿਰ ’ਤੇ ਰੱਖ ਲਿਆ ਹੈ। ਦੇਵੀਆਂ ਦੇਵਤੇ ਇਸ ਦੀ ਪੂਜਾ ਤੇ ਅਰਾਧਨਾ ਕਰਦੇ ਹਨ ਤੇ ਜੈ ਜੈਕਾਰ ਕਰਕੇ ਇਸ ਦੀ ਵੱਡੀ ਮਹਿਮਾ ਦਾ ਕਥਨ ਕਰਦੇ ਹਨ। (ਪਰ) ਲੱਖਾਂ ਬੈਕੁੰਠ ਤੇ ਬੈਕੁੰਠ ਧਾਮਾਂ ਦੇ ਮਾਲਕ, ਸਮੇਤ ਗੰਗਾ ਦੇ ਲਿਵ ਲਾਉਂਦੇ (ਤੇ ਧਿਆਨ ਜੋੜ ਕੇ ਕਹਿ ਰਹੇ ਹਨ ਕਿ) ਸੰਤਾਂ ਦੇ ਚਰਣਾਂ ਦੀ ਧੂੜੀ ਕੀਮਤੀ ਵਸਤੂ ਹੈ, (ਜੋ ਪੂਰੇ) ਸਤਿਗੁਰੂ ਅਤੇ ਸਾਧ ਸੰਗਤ ਦੀ ਸ਼ਰਣ ਗਿਆਂ ਹੀ ਪ੍ਰਾਪਤ ਹੁੰਦੀ ਹੈ। ਸਾਧੂ ਦੇ ਚਰਣ ਕਵਲਾਂ ਦੇ ਇਕ ਕਿਣਕੇ ਦੀ ਵੀ ਕੀਮਤ ਕਿਸੇ ਨਹੀਂ ਪਾਈ। (ਸਾਧੂ ਦੇ ਚਰਣ ਕਵਲਾਂ ਦੀ ਧੂੜੀ ਸਭ ਤੋਂ ਪਵਿੱਤਰ ਤੇ ਕੀਮਤੀ ਹੈ)।੪। ਚਰਣ ਸਰਣਿ ਜਿਸੁ ਲਖਮੀ ਲਖ ਕਲਾ ਹੋਇ ਲਖੀ ਨ ਜਾਈ॥
ਰਿਧਿ ਸਿਧਿ ਨਿਧਿ ਸਭ ਗੋਲੀਆਂ ਸਾਧਿਕ ਸਿਧ ਰਹੇ ਲਪਟਾਈ॥
ਚਾਰਿ ਵਰਨ ਛਿਅ ਦਰਸਨਾਂ ਜਤੀ ਸਤੀ ਨਉ ਨਾਥ ਨਿਵਾਈ॥
ਤਿੰਨ ਲੋਅ ਚੌਦਹ ਭਵਨ ਜਲਿ ਥਲਿ ਮਹੀਅਲ ਛਲੁ ਕਰਿ ਛਾਈ॥
ਕਵਲਾ ਸਣੁ ਕਵਲਾਪਤੀ ਸਾਧਸੰਗਤਿ ਸਰਣਾਗਤਿ ਆਈ॥
ਪੈਰੀ ਪੈ ਪੈ ਖਾਕ ਹੋਇ ਆਪੁ ਗਵਾਇ ਨ ਆਪੁ ਗਵਾਈ॥
ਗੁਰਮੁਖਿ ਸੁਖਫਲੁ ਵਡੀ ਵਡਿਆਈ ॥੫॥

(ਜਿਸ) ਲੱਛਮੀ (ਮਾਇਆ) ਦੀ ਸ਼ਰਣ ਵਿਚ (ਸਾਰਾ ਸੰਸਾਰ) ਹੈ, (ਉਹ ਲੱਛਮੀ ਗੁਰਮੁਖ ਦੀ ਸ਼ਰਨ ਵਿਚ ਹੈ) ਤੇ ਲੱਖਾਂ ਕਲਾਂ (ਸ਼ਕਤੀਆਂ) ਜਿਸ ਮਾਇਆ ਦੀ ਸ਼ਰਣ ਵਿਚ ਹਨ, ਉਹ ਕਿਸੇ ਤੋਂ ਲਖੀ (ਭਾਵ ਜਾਣੀ) ਨਹੀਂ ਜਾਂਦੀ। ਰਿੱਧੀਆਂ ਸਿੱਧੀਆਂ ਤੇ ਨਿਧੀਆਂ ਸਭ (ਲੱਛਮੀ ਦੀਆਂ) ਗੋਲੀਆਂ (ਦਾਸੀਆਂ) ਹਨ, ਸਾਧਨਾ ਕਰਨ ਵਾਲੇ ਸਾਧਕ ਵੀ ਲੱਛਮੀ ਦੀ ਲਪੇਟ ਵਿਚ ਹੀ ਹਨ। ਚਾਰ ਵਰਣ ਤੇ ਛੀਏ ਦਰਸ਼ਨ (ਛੇ ਸ਼ਾਸਤਰਾਂ ਦੇ ਵੱਖ ਵੱਖ ਧਰਮ) ਅਤੇ ਜਤੀ ਸਤੀ ਤੇ ਨਉ ਨਾਥ ਸਭਨਾਂ ਨੂੰ ਲੱਛਮੀ ਨੇ ਆਪਣੇ ਵਸ ਕਰ ਲਿਆ ਹੈ। ਤਿੰਨ ਲੋਕ, ਚੌਦਾਂ ਭਵਨ, ਜਲਾਂ ਥਲਾਂ, ਧਰਤੀ ਤੇ ਆਕਾਸ਼ ਪਾਤਾਲ ਵਿਚ ਛਲ ਰੂਪ ਹੋ ਕੇ ਇਹ ਮਾਇਆ ਸਭ ’ਤੇ ਛਾਈ ਹੋਈ ਹੈ। (ਐਸੀ ਸਭ ਨੂੰ ਵਸ ਵਿਚ ਕਰ ਲੈਣ ਵਾਲੀ) ਕਵਲਾ (ਲੱਛਮੀ) ਆਪਣੇ ਪਤੀ (ਵਿਸ਼ਨੂੰ ਸਹਿਤ) ਸਾਧ ਸੰਗਤ ਦੀ ਸ਼ਰਣ ਵਿਚ ਆਈ ਹੈ। (ਸਾਧ ਸੰਗਤ ਦੀ) ਸ਼ਰਣੀ ਲੱਗ ਕੇ, ਪੈਰੀਂ ਪੈ ਕੇ, ਚਰਣਾਂ ਦੀ ਧੂੜੀ ਬਣ ਗਈ ਹੈ, ਆਪਾ ਗਵਾ ਕੇ, ਉਹ ਫਿਰ ਆਪੇ ਨੂੰ ਜਤਾਉਂਦੀ ਵੀ ਨਹੀਂ ਹੈ। (ਇਹ ਹੈ) ਗੁਰਮੁਖਾਂ ਦਾ ਸੁਖ ਫਲ (ਦੀ ਅਚਰਜ ਕਹਾਣੀ ਤੇ ਤਪ ਤਿਆਗ ਦੀ ਅਲੌਕਿਕ ਕਥਾ, ਜਿਸ ਕਾਰਣ ਉਸ ਦੀ) ਵੱਡੀ ਤੋਂ ਵੱਡੀ ਸ਼ੋਭਾ ਹੈ।੫। ਬਾਵਨ ਰੂਪੀ ਹੋਇ ਕੈ ਬਲਿ ਛਲਿ ਅਛਲਿ ਆਪੁ ਛਲਾਇਆ॥
ਕਰੌੰ ਅਢਾਈ ਧਰਤਿ ਮੰਗਿ ਪਿਛੋਂ ਦੇ ਵਡ ਪਿੰਡੁ ਵਧਾਇਆ॥
ਦੁਇ ਕਰੁਵਾ ਕਰਿ ਤਿੰਨਿ ਲੋਅ ਬਲਿ ਰਾਜੇ ਫਿਰਿ ਮਗਰੁ ਮਿਣਾਇਆ॥
ਸੁਰਗਹੁ ਚੰਗਾ ਜਾਣਿ ਕੈ ਰਾਜੁ ਪਤਾਲ ਲੋਕ ਦਾ ਪਾਇਆ॥
ਬ੍ਰਹਮਾ ਬਿਸਨੁ ਮਹੇਸ ਤ੍ਰੈ ਭਗਤਿ ਵਛਲ ਦਰਵਾਨ ਸਦਾਇਆ॥
ਬਾਵਨ ਲਖ ਸੁ ਪਾਵਨਾ ਸਾਧਸੰਗਤਿ ਰਜ ਇਛ ਇਛਾਇਆ॥
ਸਾਧਸੰਗਤਿ ਗੁਰ ਚਰਨ ਧਿਆਇਆ ॥੬॥

(ਪਰਮੇਸ਼ਰ ਨੇ ਨਿੱਕਾ ਜਿਹਾ ਬੌਣਾ) ਬਾਵਨ ਰੂਪ ਧਾਰਕੇ, ਰਾਜੇ ਬਲ ਨੂੰ ਛਲ ਲਿਆ, (ਪਰ ਬਲ ਦੀ ਭਗਤੀ ’ਤੇ ਪ੍ਰਸੰਨ ਹੋ ਕੇ, ਫਿਰ) ਅਛਲ ਨੇ ਆਪ ਛਲਾ ਲਿਆ। (ਦਾਨ ਮੰਗਿਆ ਢਾਈ ਕਦਮ ਧਰਤੀ, ਤੇ ਬਲ ਨੇ ਮੰਨ ਲਿਆ, ਪਰ) ਬਾਵਨ ਨੇ ਨਿੱਕੇ ਜਿਹੇ ਸਰੀਰ ਨੂੰ ਏਨਾ ਵਧਾਇਆ ਕਿ ਦੋ ਕਦਮਾਂ ਨਾਲ ਧਰਤੀ ਮਿਣ ਲਈ। ਤਿੰਨੇ ਲੋਕ ਹੀ ਉਸ ਦੇ ਦੋ ਕਦਮਾਂ ਵਿਚ ਮਿਣੇ ਗਏ। ਇਹ ਵੇਖ ਰਾਜਾ ਬਲ ਡੋਲਿਆ, ਧਰਮ (ਬਚਨ, ਪ੍ਰਣ) ਅਨੁਸਾਰ ਬਾਕੀ ਅੱਧੇ ਕਦਮ ਲਈ ਆਪਣੇ ਆਪ ਨੂੰ ਪੇਸ਼ ਕਰ ਦਿੱਤਾ)। (ਬਲ ਨੇ ਬਾਵਨ ਦੇ ਪੈਰ ਫੜ ਲਏ ਤਾਂ ਬਾਵਨ ਨੇ ਖੁਸ਼ ਹੋ) ਪਾਤਾਲ ਦਾ ਰਾਜ ਦੇ ਦਿੱਤਾ। (ਉਸ ਨੇ ਸਰਗ ਤੋਂ ਚੰਗਾ, ਪਾਤਾਲ ਦੇ ਰਾਜ ਨੂੰ ਜਾਣ ਲਿਆ। ਉਹ ੧੦੦ ਯੱਗ ਸੰਪੂਰਨ ਕਰਕੇ ਸੁਰਗਾਪੁਰੀ ਦਾ ਰਾਜ ਲੈਣਾ ਚਾਹੁੰਦਾ ਸੀ, ਪਰ ਪਰਮੇਸ਼ਰ ਨੇ ਬਾਵਨ ਰੂਪ ਹੋ, ਉਸ ਨੂੰ ਪਾਤਾਲ ਦਾ ਰਾਜ ਬਖਸ਼ ਦਿੱਤਾ)। (ਬਲ ਨੂੰ ਦਿੱਤੇ ਬਚਨ ਅਨੁਸਾਰ) ਵਿਸ਼ਨੂੰ, ਬ੍ਰਹਮਾ ਤੇ ਸ਼ਿਵਜੀ ਤਿੰਨੇ ਹੀ ਉਸ ਦੇ ਦਰ ਦੇ ਦਰਵਾਨ (ਪਹਿਰੇਦਾਰ) ਬਣ ਕੇ ਵਾਰੋ ਵਾਰੀ ਪਹਿਰਾ ਦੇ ਰਹੇ ਹਨ। ਕਿਉਂਕਿ ਪ੍ਰਭੂ ਦਾ ਬਿਰਦ ਭਗਤ ਵਛਲ ਹੈ ਤੇ ਬਲ ਦੀ ਨਿਮ੍ਰਤਾ ਧਾਰਨ ਵਿਚ ਸਭ ਭਗਤੀਆਂ ਆ ਗਈਆਂ ਤੇ ਉਸ ਨੇ ਅਛਲ ਨੂੰ ਛਲ ਲਿਆ। ਬਾਵਨ ਵਰਗੇ ਸੁਪਾਵਨ (ਵੱਡੇ ਪਵਿੱਤਰ) ਲੱਖਾਂ ਹਨ ਜਿਨ੍ਹਾਂ ਨੇ ਸਾਧ ਸੰਗਤ ਦੀ ਚਰਣ ਧੂੜੀ ਦੀ ਇੱਛਾ ਕੀਤੀ ਹੈ, ਜੋ ਸਭ ਇੱਛਾ ਨੂੰ ਪੂਰਨ ਕਰਨ ਵਾਲੀ ਹੈ। (ਇਸ ਲਈ ਅਸਾਂ) ਸਾਧ ਸੰਗਤ ਤੇ ਗੁਰੂ ਦੇ ਚਰਣਾਂ ਦੀ ਅਰਾਧਨਾ ਕੀਤੀ ਹੈ।੬। ਸਹਸ ਬਾਹੁ ਜਮਦਗਨਿ ਘਰਿ ਹੋਇ ਪਰਾਹਣੁ ਚਾਰੀ ਆਇਆ॥
ਕਾਮਧੇਣੁ ਲੋਭਾਇ ਕੈ ਜਮਦਗਨੈ ਦਾ ਸਿਰੁ ਵਢਵਾਇਆ॥
ਪਿਟਦੀ ਸੁਣਿ ਕੈ ਰੇਣੁਕਾ ਪਰਸਰਾਮ ਧਾਈ ਕਰਿ ਧਾਇਆ॥
ਇਕੀਹ ਵਾਰ ਕਰੋਧ ਕਰਿ ਖਤ੍ਰੀ ਮਾਰਿ ਨਿਖਤ੍ਰ ਗਵਾਇਆ॥
ਚਰਣ ਸਰਣਿ ਫੜਿ ਉਬਰੇ ਦੂਜੈ ਕਿਸੈ ਨ ਖੜਗੁ ਉਚਾਇਆ॥
ਹਉਮੈ ਮਾਰਿ ਨ ਸਕੀਆ ਚਿਰੰਜੀਵ ਹੁਇ ਆਪੁ ਜਣਾਇਆ॥
ਚਰਣ ਕਵਲ ਮਕਰੰਦੁ ਨ ਪਾਇਆ ॥੭॥

ਹਜ਼ਾਰ ਬਾਹਾਂ ਵਾਲਾ (ਸਹਸ ਬਾਹੁ) ਜਮਦਗਨਿ ਰਿਖੀ (ਜੋ ਰਿਸ਼ਤੇ ਵਿਚ ਉਸ ਦਾ ਸਾਂਢੂ ਸੀ) ਦੇ ਘਰ (ਜੰਗਲ ਵਿਖੇ) ਪਰਾਹੁਣਾ ਬਣ ਕੇ ਆ ਗਿਆ। (ਜਮਦਗਨਿ ਰਿਖੀ ਨੇ ਅਰਧਾਨਾ ਕੀਤੀ ਤੇ ਕਾਮਧੇਨ ਗਊ ਪ੍ਰਾਹੁਣਿਆਂ ਦੀ ਖਾਤਰਦਾਰੀ (ਸੇਵਾ ਕਰਨ ਲਈ) ਸਵਰਗਾਂ ਵਿਚੋਂ ਧਰਤੀ ’ਤੇ ਆਪਣੇ ਘਰ ਵਿਖੇ ਲੈ ਆਂਦੀ। ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਰਾਜੇ ਦੀ ਫ਼ੌਜ ਤੇ ਹੋਰ ਸਭ ਨੂੰ ਮਿਲੇ। ਜਮਦਗਨਿ ਨੇ ਵੇਖ ਲਿਆ ਕਿ ਕਾਮਧੇਨ ਗਊ ਤੋਂ ਇਹ ਸਭ ਕੁਝ ਮਿਲਿਆ ਹੈ, ਤਾਂ ਉਹ) ਕਾਮਧੇਨ ਦਾ ਲੋਭੀ ਹੋ ਗਿਆ (ਕਿ ਇਸ ਨੂੰ ਮੈਂ ਕਬਜ਼ੇ ਵਿਚ ਕਰ ਲਵਾਂ, ਕਿਉਂਕਿ ਜਮਦਗਨਿ ਤੋਂ ਮੰਗੀ ਸੀ ਤਾਂ ਉਸ ਕਿਹਾ-ਇਹ ਮੇਰੀ ਨਹੀਂ ਹੈ, ਸਵਰਗਾਂ ਤੋਂ ਆਈ ਹੈ ਤੇ ਉਥੇ ਹੀ ਜਾਵੇਗੀ। ਉਹ ਜ਼ਬਰਦਸਤੀ ਕਰਨ ਲੱਗਾ ਤਾਂ ਕਾਮਧੇਨ ਸਵਰਗਾਂ ਨੂੰ ਉਡ ਗਈ ਤੇ ਸਹਸ ਬਾਹੁ ਨੇ ਗੁੱਸੇ ਵਿਚ ਆ ਕੇ) ਰਿਖੀ ਜਮਦਗਨਿ ਦਾ ਸਿਰ ਤਲਵਾਰ ਮਾਰ ਕੇ ਵੱਢ ਦਿੱਤਾ। (ਰਿਖੀ ਦੀ ਪਤਨੀ) ਰੇਣੁਕਾ ਪਤੀ ਦਾ ਕਤਲ ਵੇਖ ਕੇ ਵਿਰਲਾਪ ਕਰਨ ਲੱਗੀ। (ਮਾਂ ਨੂੰ ਰੋਂਦੀ ਵੇਖ) ਪਰਸਰਾਮ ਜੰਗਲ ਵਿਚੋਂ ਦੌੜ ਕੇ ਉਸ ਦੇ ਪਾਸ ਪੁੱਜਾ। (ਮਾਂ ਕੋਲੋਂ ਸਭ ਕੁਝ ਸੁਣ ਕੇ ਉਸ ਨੇ ਸਹਸ ਬਾਹੁ ਤੇ ਉਸ ਦੀ ਫੌਜ ਨੂੰ ਕੁਹਾੜੇ ਨਾਲ ਖਤਮ ਕਰ ਦਿੱਤਾ। (ਇਸ ਨੇ) ੨੧ ਵੇਰ ਧਰਤੀ ਤੋਂ ਖੱਤਰੀ ਰਾਜਿਆਂ ਨੂੰ ਮਾਰ ਕੇ ਭਜਾ ਦਿੱਤਾ। ਕਰੋਧ ਕਰਕੇ ਧਰਤੀ ਤੋਂ ਖੱਤਰੀ ਰਾਜੇ ਮਾਰ ਮੁਕਾਏ। ਜਿਹੜੇ ਬਚਦੇ ਰਹੇ, ਉਹ ਪਰਸ ਰਾਮ ਤੋਂ ਹੱਥ ਜੋੜ ਅਤੇ ਸ਼ਰਣ ਵਿਚ ਆ ਕੇ ਬਚਦੇ ਰਹੇ। ਹੋਰ ਕਿਸੇ ਨੇ ਉਸ ਵਿਰੁਧ ਖੜਗ ਨਾ ਚੁੱਕੀ। ਪਰਸ ਰਾਮ ਬਹੁਤ ਵੱਡੀ ਉਮਰ ਦਾ ਹੋਇਆ ਪਰ ਇਹ ਹਉਮੈ ਨੂੰ ਨਾ ਮਾਰ ਸਕਿਆ। (ਖੱਤਰੀ ਭਾਵੇਂ ੨੧ ਵਾਰ ਮਾਰੇ)। ਇਹ ਆਪਾ ਜਣਾਉਣ ਲੱਗ ਪਿਆ (ਭਾਵ ਹੰਕਾਰੀ ਤੋ ਗਿਆ)। ਇਹ ਆਪਣੇ ਹੰਕਾਰ ਕਰਕੇ ਪ੍ਰਭੂ ਦੇ ਚਰਣ ਕਵਲਾਂ ਦਾ ਰਸ ਪ੍ਰਾਪਤ ਨਾ ਕਰ ਸਕਿਆ।੭। ਰੰਗ ਮਹਲ ਰੰਗ ਰੰਗ ਵਿਚਿ ਦਸਰਥੁ ਕਉਸਲਿਆ ਰਲੀਆਲੇ॥
ਮਤਾ ਮਤਾਇਨਿ ਆਪ ਵਿਚਿ ਚਾਇ ਚਈਲੇ ਖਰੇ ਸੁਖਾਲੇ॥
ਘਰਿ ਅਸਾੜੈ ਪੁਤੁ ਹੋਇ ਨਾਉ ਕਿ ਧਰੀਐ ਬਾਲਕ ਬਾਲੇ॥
ਰਾਮ ਚੰਦੁ ਨਾਉ ਲੈਂਦਿਆਂ ਤਿੰਨਿ ਹਤਿਆ ਤੇ ਹੋਇ ਨਿਰਾਲੇ॥
ਰਾਮ ਰਾਜ ਪਰਵਾਣ ਜਗਿ ਸਤ ਸੰਤੋਖ ਧਰਮ ਰਖਵਾਲੇ॥
ਮਾਇਆ ਵਿਚਿ ਉਦਾਸ ਹੋਇ ਸੁਣੈ ਪੁਰਾਣੁ ਬਸਿਸਟੁ ਬਹਾਲੇ॥
ਰਾਮਾਇਣੁ ਵਰਤਾਇਆ ਸਿਲਾ ਤਰੀ ਪਗ ਛੁਹਿ ਤਤਕਾਲੇ॥
ਸਾਧਸੰਗਤਿ ਪਗ ਧੂੜਿ ਨਿਹਾਲੇ ॥੮॥

ਰਾਜਾ ਦਸਰਥ ਦੇ ਖਾਸ ਰੰਗ ਮਹਿਲਾਂ ਵਿਚ, ਜਦ ਰਾਣੀ ਕੁਸ਼ੱਲਿਆ ਗਰਭਵਤੀ ਹੋ ਗਈ। (ਤਾਂ ਉਸ ਸਮੇਂ) ਬੜੇ ਚਾਵਾਂ ਤੇ ਖੁਸ਼ੀਆਂ ਵਿਚ ਪਤੀ ਪਤਨੀ ਆਪਸ ਵਿਚ ਸਲਾਹਾਂ ਕਰਨ ਲੱਗੇ (ਜੋ) ਬੜੇ ਹੀ ਸੁਖਾਂ ਵਿਚ ਮਸਤ ਸਨ (ਸਲਾਹ ਇਹ ਕਰਦੇ ਸਨ ਕਿ ਜੇ) ਅਸਾਡੇ ਘਰ ਪੁੱਤਰ ਹੋਵੇ, ਤਾਂ ਉਸਦਾ ਨਾਮ ਕੀ ਰੱਖਿਆ ਜਾਵੇ? ਹੇ ਬਾਲੇ! (ਕੁੱਸ਼ਲਿਆ ਨੂੰ ਸੰਬੋਧਨ ਕਰਕੇ ਕਿਹਾ ਹੈ)। ਰਾਮ ਚੰਦ ਨਾਉਂ (ਉਨ੍ਹਾਂ ਦੇ ਮੂੰਹੋਂ ਨਿਕਲਿਆ) ਇਹ ਨਾਮ ਲੈਂਦਿਆਂ ਹੀ ਤਿੰਨਾਂ ਹਤਿਆਂ (ਸਰਵਨ ਤੇ ਉਸਦੇ ਅੰਨ੍ਹੇ ਮਾਤਾ ਪਿਤਾ, ਜੋ ਰਾਜਾ ਦਸਰਥ ਤੋਂ ਭੁਲੇਖੇ ਵਿਚ ਆ ਕੇ ਤੀਰ ਵੱਜਣ ਨਾਲ ਮਾਰੇ ਗਏ) ਤੋਂ ਰਹਿਤ ਹੋ ਗਏ। ਰਾਮ ਚੰਦਰ ਜੀ ਦਾ ਜਨਮ ਰਾਜ ਪ੍ਰਮਾਣੀਕ ਰਾਜ ਸੀ, ਜੋ ਕਿ ਸਤ, ਸੰਤੋਖ ਤੇ ਧਰਮ ਵਾਲਾ ਰਾਜ ਸੀ। ਰਾਮ ਚੰਦਰ ਜੀ ਏਨੇ ਨਿਮ੍ਰਰਤਾ ਵਾਲੇ ਸਨ ਕਿ (ਗੁਰੂ) ਵਸ਼ਿਸ਼ਟ ਜੀ ਨੂੰ (ਆਪਣੇ ਤੋਂ ਉੱਚੇ) ਬਿਠਾ ਕੇ ਦਰਬਾਰ ਵਿਚ ਪੁਰਾਤਨ ਕਥਾਵਾਂ ਸੁਣਦੇ ਸਨ।(ਰਾਮ ਚੰਦਰ ਜੀ ਨੇ ਜਗਤ ਵਿਚ) ਰਾਮ-ਰਾਜ ਵਰਤਾਇਆ (ਭਾਵ ਸਭ ਨੂੰ ਨਿਸਚਿੰਤ ਕੀਤਾ, ਸਭ ਦੀਆਂ ਲੋੜਾਂ ਨੂੰ ਪੂਰਨ ਕੀਤਾ। ਇਸ ਦੇ ਨਾਲ ਸਭ ਦੇ ਮਨਾਂ ਵਿਚ ਇਹ ਗੱਲ ਪ੍ਰਪੱਕ ਕਰਕੇ ਬਿਠਾ ਦਿੱਤੀ ਕਿ ਸਾਡੇ ਜੀਵਨ) ਪ੍ਰਭੂ ਦੇ ਆਸਰੇ ਹਨ। (ਗੌਤਮ ਦੇ ਸਰਾਪ ਨਾਲ ਬਣੀ) ਸਿਲਾ ਰਾਮ ਜੀ ਦੇ ਪੈਰਾਂ ਨਾਲ ਲੱਗ ਕੇ ਤੁਰ ਗਈ।(ਰਾਮ ਚੰਦਰ ਜੀ ਪਰਮੇਸ਼ਰ ਦੇ ਪਿਆਰੇ ਸਨ) ਉਹ ਸਾਧੂ ਸੰਤਾਂ ਦੀ ਚਰਣ ਧੂੜੀ ਨੂੰ ਪਿਆਰਦੇ ਸਨ।੮। ਕਿਸਨ ਲੈਆ ਅਵਤਾਰੁ ਜਗਿ ਮਹਮਾ ਦਸਮ ਸਕੰਧੁ ਵਖਾਣੈ॥
ਲੀਲਾ ਚਲਤ ਅਚਰਜ ਕਰਿ ਜੋਗੁ ਭੋਗੁ ਰਸ ਰਲੀਆ ਮਾਣੈ॥
ਮਹਾ ਭਾਰਥੁ ਕਰਵਾਇਓਨੁ ਕੈਰੋ ਪਾਡੋ ਕਰਿ ਹੈਰਾਣੈ॥
ਇੰਦ੍ਰਾਦਿਕ ਬ੍ਰਹਮਾਦਿਕਾ ਮਹਿਮਾ ਮਿਤਿ ਮਿਰਜਾਦ ਨ ਜਾਣੈ॥
ਮਿਲੀਆ ਟਹਲਾ ਵੰਡਿ ਕੈ ਜਗਿ ਰਾਜਸੂ ਰਾਜੇ ਰਾਣੈ॥
ਮੰਗ ਲਈ ਹਰਿ ਟਹਲ ਏਹ ਪੈਰ ਧੋਇ ਚਰਣੋਦਕੁ ਮਾਣੈ॥
ਸਾਧਸੰਗਤਿ ਗੁਰ ਸਬਦੁ ਸਿਞਾਣੈ ॥੯॥

ਕ੍ਰਿਸ਼ਨ ਜੀ ਦਾ ਜਗ ’ਤੇ ਅਵਤਾਰ ਧਾਰਨਾ, ਇਹ ਮਹਿਮਾ ਭਰੀ ਕਥਾ (ਭਾਗਵਤ ਪੁਰਾਣ ਦੇ) ਦਸਵੇਂ ਸਕੰਧ ਵਿਚ ਲਿਖੀ ਹੋਈ ਹੈ। ਉਹਨਾਂ ਨੇ ਅਸਚਰਜਤਾ ਵਾਲੀਆਂ ਲੀਲ੍ਹਾਂ, ਤਮਾਸ਼ੇ ਤੇ ਕੌਤਕ ਕੀਤੇ ਤੇ ਜੋਗ ਤੇ ਭੋਗ ਦ ਰਸ ਤੇ ਆਨੰਦ ਨੂੰ ਮਾਣਿਆ। ਸ੍ਰੀ ਕ੍ਰਿਸ਼ਨ ਜੀ ਨੇ ਮਹਾਂ ਭਾਰਥੁ ਦਾ ਵੱਡਾ ਜੰਗ ਅਖਾੜਾ ਕਰਵਾਇਆ ਤੇ ਕੌਰਵਾਂ ਪਾਂਡਵਾਂ ਦੋਹਾਂ ਨੂੰ ਹੀ ਹੈਰਾਨ ਕਰ ਦਿੱਤਾ। (ਜਿਸ ਦੀ ਹਿੰਦੂ ਧਰਮ ਅਨੁਸਾਰ) ਮਹਿਮਾ ਤੇ ਮਰਯਾਦਾ ਦੀ ਕੀਮਤ ਇੰਦਰ ਤੇ ਸ਼ਿਵਜੀ, ਵਿਸ਼ਨੂੰ, ਬ੍ਰਹਮਾ ਜੀ ਵਰਗੇ ਵੀ ਨਹੀਂ ਜਾਣ ਸਕਦੇ। ਏਨੀ ਵੱਡੀ ਗੋਰਵਤਾ ਵਾਲੇ ਕ੍ਰਿਸ਼ਨ ਜੀ ਸਨ, ਪਰ ਜਦ ਮਹਾਂਭਾਰਤ ਮਗਰੋਂ ਰਾਜਸੂ ਯੱਗ ਕਰਨ ਵੇਲੇ ਵੱਖ ਵੱਖ ਕੰਮਾਂ ਦੀਆਂ ਸੇਵਾਂ ਜਾਂ ਡਿਊਟੀਆਂ (ਟਹਿਲਾਂ) ਨੀਯਤ ਹੋਣ ਲੱਗੀਆਂ ਤਾਂ ਕ੍ਰਿਸ਼ਨ ਹੀ ਨੇ ਇਹ ਟਹਿਲ (ਸੇਵਾ) ਕਰਨੀ ਮੰਗ ਕੇ ਆਪਣੇ ਜੁੰਮੇ ਲੁਆ ਲਈ ਕਿ ਮੈਂ (ਸਾਧੂਆਂ ਦੇ) ਚਰਣ ਧੋਵਾਂਗਾ ਤੇ ਚਰਣੋਦਕ (ਚਰਣਾਂ ਦੇ ਧੋਣ ਰੂਪ ਅੰਮ੍ਰਿਤ) ਦਾ ਰੰਗ ਮਾਣਾਂਗਾ। ਸਾਧਾਂ ਦੀ ਸੰਗਤ ਤੇ ਗੁਰੂ ਦੇ ਸ਼ਬਦ (ਉਪਦੇਸ਼) ਨਾਲ ਹੀ ਇਹ ਪਛਾਣ ਹੁੰਦੀ ਹੈ। (ਭਾਵ ਹਉਮੈ ਦੇ ਤਿਆਗ ਨਾਲ ਹੀ ਨਿਮ੍ਰਤਾ ਧਾਰਨ ਕਰਕੇ ਹੀ ਮਨੁੱਖ ਸੇਵਾ ਦੀ ਕਮਾਈ ਕਰਦਾ ਹੈ)।੯। ਮਛ ਰੂਪ ਅਵਤਾਰੁ ਧਰਿ ਪੁਰਖਾਰਥੁ ਕਰਿ ਵੇਦ ਉਧਾਰੇ॥
ਕਛੁ ਰੂਪ ਹੁਇ ਅਵਤਰੇ ਸਾਗਰੁ ਮਥਿ ਜਗਿ ਰਤਨ ਪਸਾਰੇ॥
ਤੀਜਾ ਕਰਿ ਬੈਰਾਹ ਰੂਪੁ ਧਰਤਿ ਉਧਾਰੀ ਦੈਤ ਸੰਘਾਰੇ॥
ਚਉਥਾ ਕਰਿ ਨਰਸਿੰਘ ਰੂਪੁ ਅਸੁਰੁ ਮਾਰਿ ਪ੍ਰਹਿਲਾਦਿ ਉਬਾਰੇ॥
ਇਕਸੈ ਹੀ ਬ੍ਰਹਮੰਡ ਵਿਚਿ ਦਸ ਅਵਤਾਰ ਲਏ ਅਹੰਕਾਰੇ॥
ਕਰਿ ਬ੍ਰਹਮੰਡ ਕਰੋੜਿ ਜਿਨਿ ਲੂੰਅ ਲੂੰਅ ਅੰਦਰਿ ਸੰਜਾਰੇ॥
ਲਖ ਕਰੋੜਿ ਇਵੇਹਿਆ ਓਅੰਕਾਰ ਅਕਾਰ ਸਵਾਰੇ॥
ਚਰਣ ਕਮਲ ਗੁਰ ਅਗਮ ਅਪਾਰੇ ॥੧੦॥

ਪਰਮਾਤਮਾ ਨੇ ਮੱਛ ਰੂਪ ਧਾਰ ਕੇ ਅਵਤਾਰ ਲਿਆ, ਜਿਸ ਨੇ ਪੁਰਸ਼ਾਰਥ (ਉੱਦਮ ਤੇ ਮਿਹਨਤ) ਕਰਕੇ ਵੇਦਾਂ ਨੂੰ ਉਦਾਰਿਆ, (ਭਾਵ ਬਚਾਇਆ)। ਫਿਰ ਕੱਛੂ ਦਾ ਰੂਪ ਧਾਰ ਅਵਤਾਰ ਲਿਆ ਤੇ ਜਗਤ ਵਿਚ ਸਮੁੰਦਰ ਨੂੰ ਰਿੜਕ ਰਤਨਾਂ ਦਾ ਪਸਾਰਾ ਕੀਤਾ। (ਚੌਦਾਂ ਰਤਨ ਕੱਢੇ ਗਏ)। ਤੀਜਾ ਸੂਰ ਦਾ ਰੂਪ ਧਾਰ ਕੇ ਅਵਤਾਰ ਲਿਆ। ਧਰਤੀ ਦਾ ਉਧਾਰ ਕੀਤਾ, (ਦੁੱਖ ਦੇਣ ਵਾਲੇ ਸਭ) ਦੈਂਤ ਮਾਰ ਮੁਕਾਏ। ਚੌਥਾ ਨਰਸਿੰਘ ਦਾ ਰੂਪ ਧਾਰਨ ਕਰਕੇ, ਦੈਂਤ ਨੂੰ ਮਾਰ ਕੇ ਪ੍ਰਹਿਲਾਦ (ਭਗਤ) ਦੀ ਰੱਖਿਆ ਕੀਤੀ, (ਉਸ ਨੂੰ ਬਚਾ ਲਿਆ, ਦੁੱਖਾਂ ਤੋਂ ਛੁਡਾ ਲਿਆ)। ਇਸ ਇਕੇ ਬ੍ਰਹਮੰਡ ਵਿਚ ਹੀ ਦਸ ਅਵਤਾਰਾਂ ਨੇ ਜਨਮ ਲਿਆ, (ਇਸ ਗੱਲ ਦਾ ਲੋਕੀ) ਹੰਕਾਰ ਕਰਦੇ ਹਨ। (ਪਰ ਇਹ ਨਹੀਂ ਜਾਣਦੇ ਕਿ ਪਰਮੇਸ਼ਰ ਨੇ ਇਹੋ ਜਿਹੇ) ਕਰੋੜਾਂ ਹੀ ਬ੍ਰਹਿਮੰਡ (ਰਚੇ ਹਨ) ਤੇ ਇੱਕ ਲੂੰਅ ਵਿਚ ਸਮਾਏ ਹੋਏ ਹਨ। ਇਹੋ ਜਿਹੇ (ਅਵਤਾਰਾਂ ਵਰਗੇ) ਲੱਖਾਂ ਤੇ ਕਰੋੜਾਂ ਸਰੂਪ (ਪਰਮੇਸ਼ਰ ਨੇ) ਸਵਾਰ ਛੱਡੇ ਹਨ, (ਜਿਨ੍ਹਾਂ ਦੇ ਮੁਕਾਬਲੇ ਇਹ ਦਸਾਂ ਦਾ ਕਥਨ ਕੀ ਚੀਜ਼ ਹੈ, ਭਾਵ ਕੁਝ ਵੀ ਨਹੀਂ)। (ਪਰ) ਇੱਕ ਗੁਰੂ ਦੇ ਚਰਣ ਕਮਲ ਐਸੇ ਅਗੰਮ (ਗਮਤਾ ਰਹਿਤ) ਤੇ ਅਪਾਰ ਉੱਚਤਾ ਵਾਲੇ ਹਨ, ਜਿਨ੍ਹਾਂ ਦੀ ਕਿ ਕੋਈ ਕੀਮਤ ਪਾ ਨਹੀਂ ਸਕਦਾ। (ਭਾਵ ਅਵਤਾਰਾਂ ਨੇ ਤਾਂ ਆਪਣੀ ਹੀ ਪੂਜਾ ਕਰਵਾਈ ਤੇ ਆਪਣੇ ਹੀ ਨਾਮ ਦਾ ਪਰਚਾਰ ਕੀਤਾ, ਪਰ ਕਰੋੜਾਂ ਬ੍ਰਹਮੰਡਾਂ ਦੇ ਸਾਜਣਹਾਰ ਪ੍ਰਭੂ ਦਾ ਨਾਮ ਗੁਰੂ ਨਾਨਕ ਦੇਵ ਜੀ ਨੇ ਹੀ ਜਪਾਇਆ, ਇਸੇ ਲਈ ਇਹ ਅਗੰਮ ਤੇ ਅਪਾਰ ਹਨ)।੧੦। ਸਾਸਤ੍ਰ ਵੇਦ ਪੁਰਾਣ ਸਭ ਸੁਣਿ ਸੁਣਿ ਆਖਣੁ ਆਖ ਸੁਣਾਵਹਿ॥
ਰਾਗ ਨਾਦ ਸੰਗਤਿ ਲਖ ਅਨਹਦ ਧੁਨਿ ਸੁਣਿ ਸੁਣਿ ਗੁਣ ਗਾਵਹਿ॥
ਸੇਖ ਨਾਗ ਲਖ ਲੋਮਸਾ ਅਬਿਗਤਿ ਗਤਿ ਅੰਦਰਿ ਲਿਵ ਲਾਵਹਿ॥
ਬ੍ਰਹਮੇ ਬਿਸਨੁ ਮਹੇਸ ਲਖ ਗਿਆਨੁ ਧਿਆਨੁ ਤਿਲੁ ਅੰਤੁ ਨ ਪਾਵਹਿ॥
ਦੇਵੀ ਦੇਵ ਸਰੇਵਦੇ ਅਲਖ ਅਭੇਵ ਨ ਸੇਵ ਪੁਜਾਵਹਿ॥
ਗੋਰਖ ਨਾਥ ਮਛੰਦ੍ਰ ਲਖ ਸਾਧਿਕ ਸਿਧਿ ਨੇਤ ਕਰਿ ਧਿਆਵਹਿ॥
ਚਰਨ ਕਮਲ ਗੁਰੁ ਅਗਮ ਅਲਾਵਹਿ ॥੧੧॥

ਸ਼ਾਸਤਰਾਂ, ਵੇਦਾਂ ਤੇ ਪੁਰਾਣਾਂ (ਦੀਆਂ ਕਥਾਵਾਂ) ਸਭ ਲੋਕ ਵਿਦਵਾਨਾਂ ਕੋਲੋਂ ਸੁਣਦੇ ਤੇ ਸੁਣ ਸੁਣ ਕੇ ਫਿਰ ਅੱਗੋਂ ਆਪ ਹੋਰਨਾਂ ਨੂੰ ਆਖ ਕੇ ਸੁਣਾਉਂਦੇ ਹਨ। ਰਾਗਾਂ ਦੇ ਸ਼ਬਦ ਲੱਖਾਂ ਸੰਗੀਤਕਾਰ ਰਾਗ ਗਾ ਕੇ ਇਕ ਰਸ ਧੁਨੀ ਦੇ ਗੀਤ ਗਾਉਂਦੇ ਹਨ ਤੇ ਸੁਣਨ ਵਾਲੇ ਗੁਣ ਗਾਉਂਦੇ ਹਨ। ਲੱਖਾਂ ਸ਼ੇਸ਼ ਨਾਗ ਤੇ ਲੱਖਾਂ ਹੀ ਲੋਕਸ ਰਿਖੀ ਵਰਗੇ (ਚਿਰਜੀਵੀ) ਨਾ ਜਾਣੀ ਜਾਣ ਵਾਲੀ ਗਤੀ ਦੇ ਮਾਲਕ (ਪਰਮੇਸ਼ਰ) ਦਾ ਧਿਆਨ (ਲਿਵ) ਲਾਉਂਦੇ ਹਨ। ਲੱਖਾਂ ਹੀ ਬ੍ਰਹਮਾ, ਬਿਸ਼ਨ ਤੇ ਮਹੇਸ਼ (ਪ੍ਰਭੂ ਦੇ) ਗਿਆਨ ਤੇ ਧਿਆਨ ਦਾ ਇੱਕ ਤਿਲ ਮਾਤਰ ਭੀ ਅੰਤ ਨਹੀਂ ਪਾ ਸਕਦੇ। ਦੇਵੀ ਦੇਵਤੇ ਸਾਰੇ ਹੀ (ਪ੍ਰਭੂ ਦੀ) ਅਰਾਧਨਾ ਕਰਦੇ ਹਨ, (ਪਰ) ਅਲਖ (ਨਾ ਲਖੇ ਜਾਣ ਵਾਲੇ) ਪ੍ਰਭੂ ਦਾ ਭੇਦ ਨਹੀਂ ਪਾ ਸਕਦੇ ਤੇ ਨਾ ਹੀ ਸੇਵਾ ਕਰਕੇ ਉਸ (ਪ੍ਰਭੂ) ਤੀਕ ਪਹੁੰਚ ਸਕਦੇ ਹਨ। ਲੱਖਾਂ ਹੀ ਗੋਰਖ ਨਾਦ ਤੇ ਮਛੰਦਰ ਵਰਗੇ ਵੀ ਲੱਖਾਂ ਹੀ ਸਾਧਨਾ ਕਰਨ ਵਾਲੇ ਸਾਧਕ ਤੇ ਲੱਖਾਂ ਹੀ ਸ਼ਕਤੀਆਂ ਪ੍ਰਾਪਤ ਕਰ ਚੁੱਕੇ ਸਿੱਧ ਲੋਕ (ਹੇ ਪ੍ਰਭੂ! ਤੁਸਾਂ ਨੂੰ) “ਤੂੰ ਬੇਅੰਤ ਹੈਂ, ਤੂੰ ਬੇਅੰਤ ਹੈ” ਆਖ ਕੇ ਸਿਮਰਨ ਕਰਦੇ ਹਨ। ਗੁਰੂ ਦੇ ਚਰਣ ਕਮਲ ਅਗੰਮ ਹਨ (ਭਾਵ ਉਨ੍ਹਾਂ ਦੀ ਬਰਾਬਰੀ ਕੋਈ ਨਹੀਂ ਕਰਦਾ)।੧੧। ਮਥੈ ਤਿਵੜੀ ਬਾਮਣੈ ਸਉਹੇ ਆਏ ਮਸਲਤਿ ਫੇਰੀ॥
ਸਿਰੁ ਉਚਾ ਅਹੰਕਾਰ ਕਰਿ ਵਲ ਦੇ ਪਗ ਵਲਾਏ ਡੇਰੀ॥
ਅਖੀਂ ਮੂਲਿ ਨ ਪੂਜੀਅਨਿ ਕਰਿ ਕਰਿ ਵੇਖਨਿ ਮੇਰੀ ਤੇਰੀ॥
ਨਕੁ ਨ ਕੋਈ ਪੂਜਦਾ ਖਾਇ ਮਰੋੜੀ ਮਣੀ ਘਨੇਰੀ॥
ਉਚੇ ਕੰਨ ਨ ਪੂਜੀਅਨਿ ਉਸਤਤਿ ਨਿੰਦਾ ਭਲੀ ਭਲੇਰੀ॥
ਬੋਲਹੁ ਜੀਭ ਨ ਪੂਜੀਐ ਰਸ ਕਸ ਬਹੁ ਚਖੀ ਦੰਦਿ ਘੇਰੀ॥
ਨੀਵੇਂ ਚਰਣ ਪੂਜ ਹਥ ਕੇਰੀ ॥੧੨॥

(ਕਿਸੇ ਕੰਮ ਤੁਰੇ ਜਾਂਦਿਆਂ) ਅੱਗੋਂ ਬ੍ਰਾਹਮਣ ਮਿਲ ਪਵੇ ਉਸ ਦੇ ਮਥੇ ’ਤੇ ਤਿਊੜੀ ਹੋਵੇ ਤਾਂ ਜਾਣ ਵਾਲਾ (ਅਪਸ਼ਗਨ ਸਮਝਕੇ) ਜਿਧਰ ਜਾਣਾ ਹੋਵੇ, ਉਧਰ ਜਾਣ ਦੀ ਸਲਾਹ ਬਦਲ ਦੇਂਦਾ ਹੈ। (ਭਾਵ ਬ੍ਰਾਹਮਣ ਪੂਜਣ ਯੋਗ ਹੈ, ਪਰ ਉਸਦੀ ਤਿਊੜੀ ਅਪਸ਼ਗਨ ਹੈ)। ਹੰਕਾਰੀ ਦਾ ਸਿਰ ਜਿਸ ਉਤੇ ਵਲ ਪਾ ਪਾ ਕੇ ਪੱਗ ਬੰਨ੍ਹੀ ਹੁੰਦੀ ਹੈ, (ਉਹ ਵੀ ਝੁਕਣ ਜਾਂ ਆਦਰ ਯੋਗ ਨਹੀਂ)। ਅੱਖਾਂ ਨੂੰ ਬਿਲਕੁਲ ਹੀ ਪੂਜਿਆ ਨਹੀਂ ਜਾਂਦਾ, (ਕਿਉਂਕਿ) ਅੱਖਾਂ ਮੇਰ-ਤੇਰ (ਦਵੈਤ ਭਾਵ) ਨਾਲ ਵੇਖਦੀਆਂ ਹਨ। ਅਜਿਹੇ ਨੱਕ ਨੂੰ ਵੀ ਕੋਈ ਨਹੀਂ ਪੂਜਦਾ, ਜੋ ਨੀਵੇਂ (ਜਾਂ ਮਾੜੇ ਨੂੰ ਵੇਖ, ਨਫਰਤ ਨਾਲ) ਨੱਕ ਨੂੰ ਮਰੋੜਦਾ ਹੈ, ਕਿਉਂਕਿ ਉਸ ਵਿਚ ਮੈਂ (ਆਪੇ ਹੰਕਾਰ) ਦੀ ਮਨੌਤ ਬੜੀ ਹੈ। ਉੱਚੇ ਕੰਨਾਂ ਦੀ ਵੀ ਕੋਈ ਪੂਜਾ ਨਹੀਂ ਕਰਦਾ, (ਕਿਉਂਕਿ ਇਹ ਹੋਰਨਾਂ ਦੀ) ਉਸਤਤਿ ਤੇ ਨਿੰਦਿਆ ਸੁਣਦੇ ਰਹਿੰਦੇ ਹਨ। ਜੀਭ (ਰਸਨਾ) ਦੀ ਪੂਜਾ ਇਸ ਲਈ ਨਹੀਂ ਹੁੰਦੀ ਕਿ ਮਾੜੇ ਬੋਲ ਬੋਲਦੀ ਹੈ ਤੇ ਦੂਜੇ ਰਸਾਂ ਕਸਾਂ ਦੇ ਸਵਾਦ ਮਾਨਣ ਲਈ ਦੰਦਾਂ ਵਿਚ ਘਿਰੀ ਰਹਿੰਦੀ ਹੈ। ਚਰਣ ਨੀਵੇਂ ਹਨ, (ਇਸ ਲਈ ਇਹ) ਹੱਥਾਂ ਨਾਲ ਪੂਜੇ ਜਾਂਦੇ ਹਨ।੧੨। ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਨ ਖਾਈ॥
ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ॥
ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ॥
ਮਾਸੁ ਪਵਿਤ੍ਰੁੁ੍ਰ ਗ੍ਰਿਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ॥
ਚਮੜੇ ਦੀਆਂ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵ ਲਾਈ॥
ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ॥
ਸਾਧਸੰਗਤਿ ਸਤਿਗੁਰ ਸਰਣਾਈ ॥੧੩॥

ਹਾਥੀ ਦਾ ਮਾਸ ਅਪਵਿੱਤ੍ਰ ਹੈ, ਕਿਉਂਕਿ ਉਹ ਹੰਕਾਰ ਹੈ, ਸ਼ੇਰ ਨੂੰ ਵੀ ਆਪਣੀ ਤਾਕਤ ਦਾ ਵੱਡਾ ਮਾਣ ਹੈ, (ਇਸ ਲਈ) ਉਸ ਦੇ ਮਾਸ ਨੂੰ ਵੀ ਕੋਈ ਨਹੀਂ ਖਾਂਦਾ। ਬੱਕਰੀ ਨਿਮਾਣਿਆਂ ਵਾਂਗ ਰਹਿੰਦੀ ਹੈ, (ਤੇ ਨਿਰਮਾਣਤਾ ਦੀ) ਦੋਹਾਂ ਲੋਕਾਂ ਵਿਚ ਸ਼ੋਭਾ ਹੈ, ਏਥੇ ਵੀ ਅਤੇ ਅੱਗੇ ਵੀ। ਮਰਣੇ ਤੇ ਵਿਆਹ ਆਦਿ ਕਾਰਜਾਂ ਵਿਖੇ ਇਹ ਮੰਨੀ ਜਾਂਦੀ ਹੈ, ਜਗ ’ਤੇ ਵੱਡੇ ਭੰਡਾਰਿਆਂ ਵਿਚ ਵੀ ਇਸ ਦੀ ਪ੍ਰਮਾਣੀਕਤਾ ਹੈ। ਗ੍ਰਿਹਸਥੀ ਵਾਸਤੇ ਇਸ ਦਾ ਮਾਸ ਖਾਣਾ ਪਵਿੱਤ੍ਰ ਮੰਨਿਆਂ ਗਿਆ ਹੈ। (ਇਸ ਦੀਆਂ) ਆਂਦਰਾਂ ਦੀਆਂ ਤਾਰਾਂ ਬਣਦੀਆਂ, (ਜੋ ਤੰਤੀ ਸਾਜਾਂ) ’ਤੇ ਲੱਗਦੀਆਂ ਤੇ ਵੀਚਾਰਵਾਨ (ਭਗਤ ਤੇ ਪ੍ਰੇਮੀ ਲੋਕ) ਵਜਾਉਂਦੇ ਹਨ (ਤੇ ਪ੍ਰਭੂ ਗੀਤਾਂ ਦੀ ਧੁਨ ਉੱਠਦੀ ਹੈ)। (ਬੱਕਰੀ ਦੇ) ਚਮੜੇ ਦੀਆਂ ਜੁੱਤੀਆਂ ਬਣਦੀਆਂ ਹਨ, ਜੋ ਸਾਧੂਆਂ ਦੀ ਸੰਗਤ ਵਿਚ ਜਾਣ ਵਾਲੇ ਪਹਿਨਦੇ ਹਨ। (ਬੱਕਰੀ ਦੇ ਚਮੜੇ ਦੀਆਂ) ਮ੍ਰਦੰਗਾਂ (ਢੋਲਕੀਆਂ) ਬਣਦੀਆਂ ਹਨ ਤੇ ਦੌੜੀਆਂ ਮੜ੍ਹ ਕੇ (ਸਾਧ ਸੰਗਤ ਵਿਖੇ) ਕੀਰਤਨ ਦੇ ਸਮੇਂ ਵਜਦੀਆਂ ਹਨ, ਇਸ ਲਈ ਵੱਡੀਆਂ ਸੁਖਦਾਈ ਹਨ। ਸਾਧ ਸੰਗਤ ਵਿਚ ਆਉਣਾ (ਇਹੋ ਹੀ) ਸਤਿਗੁਰਾਂ ਦੀ ਸ਼ਰਣ ਵਿਚ ਜਾਣਾ ਹੈ (ਤੇ ਸਤਿਸੰਗਤ ਓਹੀ ਹੈ, ਜਿਥੇ ਸਤਿਗੁਰੂ ਦਾ ਸ਼ਬਦ ਤੇ ਪ੍ਰਭੂ ਦੀ ਕੀਰਤੀ ਹੁੰਦੀ ਹੋਵੇ)।੧੩। ਸਭ ਸਰੀਰ ਸਕਾਰਥੇ ਅਤਿ ਅਪਵਿਤ੍ਰੁ ਸੁ ਮਾਣਸ ਦੇਹੀ॥
ਬਹੁ ਬਿੰਜਨ ਮਿਸਟਾਨ ਪਾਨ ਹੁਇ ਮਲ ਮੂਤ੍ਰ ਕੁਸੂਤ੍ਰ ਇਵੇਹੀ॥
ਪਾਟ ਪਟੰਬਰ ਵਿਗੜਦੇ ਪਾਨ ਕਪੂਰ ਕੁਸੰਗ ਸਨੇਹੀ॥
ਚੋਆ ਚੰਦਨੁ ਅਰਗਜਾ ਹੁਇ ਦੁਰਗੰਧ ਸੁਗੰਧ ਹੁਰੇਹੀ॥
ਰਾਜੇ ਰਾਜ ਕਮਾਂਵਦੇ ਪਾਤਿਸਾਹ ਖਹਿ ਮੁਏ ਸਭੇ ਹੀ॥
ਸਾਧਸੰਗਤਿ ਗੁਰੁ ਸਰਣਿ ਵਿਣੁ ਨਿਹਫਲੁ ਮਾਣਸ ਦੇਹ ਇਵੇਹੀ॥
ਚਰਨ ਸਰਣਿ ਮਸਕੀਨੀ ਜੇਹੀ ॥੧੪॥

(ਹੋਰ) ਸਭ ਕਿਸਮਾਂ ਦੇ ਸਰੀਰ ਨਿਸਫਲ (ਬੇਅਰਥ) ਹਨ, ਪਰ ਮਾਣਸ (ਮਨੁੱਖਾ) ਦੇਹੀ ਸਭ ਤੋਂ ਨਖਿੱਪ ਤੇ ਅਪਵਿੱਤ੍ਰ ਹੈ (ਜੋ ਮਰਨ ਮਗਰੋਂ ਕਿਸੇ ਕੰਮ ਨਹੀਂ ਆਉਂਦੀ ਤੇ ਜਦ ਤਕ ਜੀਵਤ ਰਹਿੰਦੀ ਹੈ)। ਅਨੇਕਾਂ ਕਿਸਮ ਦੇ ਪਕਵਾਨ ਤੇ ਮਿੱਠੇ ਭੋਜਨ ਖਾਂਦੀ ਹੈ, ਜੋ ਮਲ-ਮੂਤਰ ਬਣਾ ਕੇ ਬੜਾ ਹੀ ਕੁਸੂਤ੍ਰ ਕੰਮ ਕਰਦੀ ਹੈ। (ਇਸ ਦੇਹ ਨਾਲ ਲੱਗ ਕੇ) ਰੇਸ਼ਮੀ ਕੱਪੜੇ ਮੈਲੇ ਹੁੰਦੇ ਤੇ ਫਿਰ ਪਾਟ ਜਾਂਦੇ ਹਨ। (ਇਸੇ ਤਰ੍ਹਾਂ) ਪਾਨ ਤੇ ਕਪੂਰ (ਸੁਗੰਧ) ਵੀ ਇਸ ਦੇਹੀ ਦੇ ਸੰਗ ਨਾਲ ਮਿਲ ਕੇ ਹਾਲੋਂ-ਬੇਹਾਲ ਹੋ ਜਾਂਦੇ ਹਨ। ਚੋਆ, ਚੰਦਨ, ਅਰਗਜਾ (ਸੁਗੰਧੀਆਂ ਦਾ ਸਮੂਹ) ਮਨੁੱਖਾ ਦੇਹੀ ਨਾਲ ਲੱਗ ਕੇ ਦੁਰਗੰਧੀ ਵਿਚ ਬਦਲ ਜਾਂਦੇ ਹਨ। ਰਾਜੇ ਰਾਜ ਕਮਾਂਵਦੇ ਹਨ, ਪਾਤਸ਼ਾਹ (ਸੁਖਾਂ ਨੂੰ ਮਾਣਦੇ ਹਨ, ਪਰ ਸੰਤੁਸ਼ਟਤਾ ਨਹੀਂ ਤੇ ਇੱਕ ਦੂਜੇ ਨਾਲ ਈਰਖਾ ਦੇ ਵਸ ਹੋ ਕੇ) ਆਪੋ ਵਿਚ ਖਹਿ ਖਹਿ ਲੜ ਮਰਦੇ ਹਨ। ਸਾਧ ਸੰਗਤ ਤੇ ਗੁਰੂ ਦੇ ਸ਼ਬਦ ਦੀ ਵੀਚਾਰ ਬਿਨਾਂ ਗੁਰੂ ਦੇ ਆਸ਼੍ਰਿਤ ਹੋਏ ਬਿਨਾਂ ਇਹ ਮਨੁੱਖਾ ਦੇਹੀ ਨਿਸਫਲ ਹੀ ਹੈ। (ਪ੍ਰਭੂ ਦੀਆਂ ਕੀਤੀਆਂ ਬਖਸ਼ਿਸ਼ਾਂ ਤੇ ਦਿੱਤੀਆਂ ਨਿਯਾਮਤਾਂ ਦਾ ਗੁਣ ਨਾ ਜਾਣਨਾ, ਦੇਣ ਵਾਲੇ ਦਾ ਸ਼ੁਕਰ ਗੁਜ਼ਾਰ ਨਾ ਹੋਣ ਕਰਕੇ ਇਹ ਅਮੋਲਕ ਮਨੁੱਖਾ ਜਨਮ ਨਿਹਫਲ ਚਲਾ ਜਾਂਦਾ ਹੈ)। (ਪਰ ਜਿਨ੍ਹਾਂ ਨੇ) ਗੁਰੂ ਦੀ ਸ਼ਰਣ ਪ੍ਰਾਪਤ ਕਰਕੇ ਗਰੀਬੀ (ਮਸਕੀਨੀ) ਤੇ ਨਿਰਮਾਣਤਾ ਧਾਰਨ ਕਰ ਲਈ ਹੈ, ਉਹ ਦੇਹਾਂ ਸਫਲੀਆਂ ਕਰ ਜਾਂਦੇ ਹਨ (ਤੇ ਮੋਖ ਨੂੰ ਪ੍ਰਾਪਤ ਹੁੰਦੇ ਹਨ)।੧੪। ਗੁਰਮੁਖਿ ਸੁਖ ਫਲੁ ਪਾਇਆ ਸਾਧਸੰਗਤਿ ਗੁਰ ਸਰਣੀ ਆਏ॥
ਧ੍ਰੂ ਪ੍ਰਹਿਲਾਦੁ ਵਖਾਣੀਅਨਿ ਅੰਬਰੀਕੁ ਬਲਿ ਭਗਤਿ ਸਬਾਏ॥
ਜਨਕਾਦਿਕ ਜੈਦੇਉ ਜਗਿ ਬਾਲਮੀਕੁ ਸਤਿਸੰਗਿ ਤਰਾਏ॥
ਬੇਣੁ ਤਿਲੋਚਨੁ ਨਾਮਦੇਉ ਧੰਨਾ ਸਧਨਾ ਭਗਤ ਸਦਾਏ॥
ਭਗਤੁ ਕਬੀਰੁ ਵਖਾਣੀਐ ਜਨ ਰਵਿਦਾਸੁ ਬਿਦਰ ਗੁਰੁ ਭਾਏ॥
ਜਾਤਿ ਅਜਾਤਿ ਸਨਾਤਿ ਵਿਚਿ ਗੁਰਮੁਖਿ ਚਰਣ ਕਵਲ ਚਿਤੁ ਲਾਏ॥
ਹਉਮੈ ਮਾਰੀ ਪ੍ਰਗਟੀ ਆਏ ॥੧੫॥

ਗੁਰਮੁਖਾਂ ਨੇ (ਭਗਤੀ ਦਾ) ਸੁਖ ਫਲ ਪ੍ਰਾਪਤ ਕੀਤਾ ਹੈ। ਉਹ ਸਾਧ ਸੰਗਤ ਵਿਚ ਮਿਲ ਕੇ ਗੁਰੂ ਦੀ ਸ਼ਰਣ ਵਿਚ ਜਾਂਦੇ ਹਨ। (ਭਾਵ ਸਦਾ ਲਈ ਜੀਵਨ ਨੂੰ ਗੁਰੂ ਸ਼ਰਣ ਦੇ ਹਵਾਲੇ ਕਰ ਦਿੰਦੇ ਹਨ) ਜਿਵੇਂ:- ਧਰੂ ਜੀ ਤੇ ਪ੍ਰਹਿਲਾਦ ਬਾਰੇ ਕਿਹਾ ਜਾਂਦਾ ਹੈ। ਰਾਜਾ ਅੰਬਰਿਕ ਤੇ ਬਲ ਰਾਜਾ ਵੱਡੇ ਪ੍ਰਸਿੱਧ ਭਗਤ ਸਦਵਾਏ। ਸਨਕਾਦਿਕਾਂ (ਬ੍ਰਹਮਾ ਦੇ ਪੁੱਤਰਾਂ ਦੀ ਭਗਤੀ ਪ੍ਰਸਿੱਧ ਹੈ), ਜੈਦੇਉ, ਬਾਲਮੀਕ (ਬਟਵਾਰਾ) ਸਤਿਸੰਗ ਪ੍ਰਾਪਤ ਕਰਕੇ ਇਸ ਸੰਸਾਰ ਤੋਂ ਤਰ ਗਏ ਹਨ। ਭਗਤ ਬੇਣੀ, ਤ੍ਰਿਲੋਚਨ, ਨਾਮਦੇਵ,ਧੰਨਾ ਤੇ ਸਧਨਾ ਜੀ ਭਗਤ ਸਦਵਾਏ ਸਨ। ਕਬੀਰ ਜੀ ਨੂੰ ਵੀ ਭਗਤ ਭਗਤ ਕਰਕੇ ਲੋਕੀ ਆਖਦੇ ਹਨ, ਰਵਿਦਾਸ ਜੀ ਨੂੰ ਵੀ ਭਗਤ ਜਨ ਕਹਿੰਦੇ ਹਨ ਤੇ (ਦਾਸੀ ਦਾ ਪੁੱਤਰ, ਦਾਸਾ ਭਾਵ ਧਾਰਨ ਵਾਲਾ) ਬਿਦਰ ਜੀ ਗੁਰੂ ਨੂੰ ਭਾਏ। (ਕਈ ਇਨ੍ਹਾਂ ਵਿਚੋਂ) ਨੀਵੀਆਂ ਤੇ ਕਈ ਉੱਚੀਆਂ ਜਾਤਾਂ ਵਾਲੇ ਹਨ, ਪਰ ਗੁਰਮੁਖ ਹੋ ਕੇ ਇਨ੍ਹਾਂ ਗੁਰੂ ਚਰਣਾਂ ਵਿਚ ਚਿੱਤ ਲਾਇਆ ਹੈ (ਤੇ ਭਗਤ ਪਦਵੀ ਨੂੰ ਪੁੱਜ ਗਏ)। (ਇਹ ਗੁਰਮੁਖ ਜਨ) ਆਪਣੀ ਹਉਮੈ ਗੁਆ ਕੇ ਸੰਸਾਰ ਵਿਚ ਪ੍ਰਸਿੱਧ ਹੋਏ।੧੫। ਲੋਕ ਵੇਦ ਸੁਣਿ ਆਖਦਾ ਸੁਣਿ ਸੁਣਿ ਗਿਆਨੀ ਗਿਆਨੁ ਵਖਾਣੈ॥
ਸੁਰਗ ਲੋਕ ਸਣੁ ਮਾਤ ਲੋਕ ਸੁਣਿ ਸੁਣਿ ਸਾਤ ਪਤਾਲੁ ਨ ਜਾਣੈ॥
ਬੂਤ ਭਵਿਖ ਨ ਵਰਤਮਾਨ ਆਦਿ ਮਧਿ ਅੰਤ ਹੋਏ ਹੈਰਾਣੈ॥
ਉਤਮ ਮਧਮ ਨੀਚ ਹੋਇ ਸਮਝਿ ਨ ਸਕਣਿ ਚੋਜ ਵਿਡਾਣੈ॥
ਰਜ ਗੁਣ ਤਮ ਗੁਣ ਆਖੀਐ ਸਤਿ ਗੁਣ ਸੁਣ ਆਖਾਣ ਵਖਾਣੈ॥
ਮਨ ਬਚ ਕਰਮ ਸਿ ਭਰਮਦੇ ਸਾਧ ਸੰਗਤਿ ਸਤਿਗੁਰ ਨ ਸਿਞਾਣੈ॥
ਫਕੜੁ ਹਿੰਦੂ ਮੁਸਲਮਾਣੈ ॥੧੬॥

ਲੋਕਾਂ ਕੋਲੋਂ ਵੇਦ ਦੀਆਂ ਗੱਲਾਂ ਸੁਣ ਕੇ (ਸੁਣਨ ਵਾਲਾ ਓਹੀ ਗੱਲਾਂ ਫਿਰ) ਹੋਰਾਂ ਨੂੰ ਆਖਦਾ ਹੈ। ਸੁਣ ਸੁਣ ਕੇ ਹੀ ਗਿਆਨੀ ਲੋਕ ਗਿਆਨ ਦੀਆਂ ਗਲਾਂ ਆਖਦੇ ਹਨ। (ਪਰ ਕੇਵਲ) ਸੁਣ ਸੁਣ ਕੇ ਹੀ ਨਾ ਸੁਰਗ ਪੁਰੀ ਦੇ ਲੋਕ ਤੇ ਨਾ ਮਾਤ ਲੋਕ ਦੇ ਲੋਕ ਸੱਤੇ ਪਾਤਾਲਾਂ (ਭਾਵ ਧਰਤੀਆਂ) ਦੇ ਲੋਕ ਸੁਣਦੇ, (ਜ਼ਰੂਰ ਹਨ) ਪਰ ਜਾਣਦੇ ਨਹੀਂ। ਭੂਤ ਵਿਚ ਵੀ, ਭਵਿੱਖ ਤੇ ਵਰਤਮਾਨ (ਹੁਣ ਦੇ) ਸਮੇਂ ਵਿਚ ਵੀ, ਸੁਣਦੇ ਜ਼ਰੂਰ ਹਨ, ਪਰ ਨਾ ਸਮਝਣ ਕਰਕੇ ਆਦਿ, ਅੰਤ ਤੇ ਮੱਧ ਤੀਕਰ ਹੈਰਾਨ ਹੀ ਹੈਰਾਨ ਹਨ (ਕਿ ਇਹ ਕੀ ਗੱਲ ਹੋਈ ਕਿਵੇਂ ਬਣੀ? ਕਿਵੇਂ ਸਮਝ ਆਵੇ?) ਉੱਤਮ, ਮੱਧਮ ਤੇ ਨੀਚ ਸ਼੍ਰੇਣੀ (ਤਿੰਨਾਂ ਤਰ੍ਹਾਂ ਦੇ ਮਨੁੱਖ) ਉਸ ਪਰਮਾਤਮਾ ਬਾਰੇ ਤੇ ਉਸਦੇ ਅਸਚਰਜ ਕੌਤਕਾਂ ਸੰਬੰਧੀ ਕੁਝ ਵੀ ਸਮਝ ਨਹੀਂ ਸਕਦੇ। ਰਜੋ ਗੁਣੀ, ਤਮੋ ਗੁਣੀ ਤੇ ਸਤੋ ਗੁਣੀ (ਧਨਵਾਨ, ਕਰੋਧੀ, ਤੇ ਤਾਕਤਵਰ ਅਤੇ ਧਰਮੀ) ਪੁਰਸ਼ ਸਭ ਅਖਾਣਾਂ (ਆਖੀਆਂ ਹੋਈਆਂ ਗਲਾਂ) ਨੂੰ ਹੀ ਆਖਦੇ ਜਾਂ ਦਸਦੇ ਹਨ। ਲੋਕ ਮਨ, ਬਚਨ ਤੇ ਭਰਮਾਂ ਵਿਚ ਪਏ ਭਰਮ ਰਹੇ ਹਨ, (ਕਿਉਂਕਿ) ਉਹ ਨਾ ਸਾਧ ਸੰਗਤ ਵਿਚ ਜਾਂਦੇ ਹਨ ਤੇ ਨਾ ਸੱਚੇ ਸਤਿਗੁਰੂ ਨੂੰ ਹੀ ਪਛਾਣਦੇ ਹਨ। (ਇਹੀ ਕਾਰਣ ਹੈ ਕਿ ਸਮੇਂ ਦੇ ਦੋਵੇਂ ਧਰਮਾਂ ਦੇ ਲੋਕ) ਹਿੰਦੂ ਅਤੇ ਮੁਸਲਮਾਨ ਨਿਰੇ ਫੱਕੜ (ਫੋਕੀ ਗਿਆਨ ਚਰਚਾ ਵਾਲੇ) ਹੀ ਹਨ, ਪੂਰੇ ਗੁਰੂ ਦੀ ਸ਼ਰਣ ਵਿਚ ਜਾ ਕੇ ਆਪਣੀ ਹਉਮੈ ਮੇਟ ਕੇ, ਸਰੀਰ ਨੂੰ ਸਫਲ ਕਰਨ ਦਾ ਕਿਸੇ ਨੂੰ ਖਿਆਲ ਹੀ ਨਹੀਂ, ਜਿਸ ਚੀਜ਼ ਲਈ ਕਿ ਮਨੁੱਖਾ ਜਨਮ ਸਭ ਤੋਂ ਉੱਤਮ ਵਸਤੂ ਮਿਲੀ ਹੈ।੧੬। ਸਤਿਜੁਗਿ ਇਕੁ ਵਿਗਾੜਦਾ ਤਿਸੁ ਪਿਛੈ ਫੜਿ ਦੇਸੁ ਪੀੜਾਏ॥
ਤ੍ਰੇਤੈ ਨਗਰੀ ਵਗਲੀਐ ਦੁਆਪੁਰਿ ਵੰਸੁ ਨਰਕਿ ਸਹਮਾਏ॥
ਜੋ ਫੇੜੈ ਸੋ ਫੜੀਦਾ ਕਲਿਜੁਗਿ ਸਚਾ ਨਿਆਉ ਕਰਾਏ॥
ਸਤਿਜੁਗ ਸਤੁ ਤ੍ਰੇਤੈ ਜੁਗਾ ਦੁਆਪੁਰਿ ਪੂਜਾ ਚਾਰਿ ਦਿੜਾਏ॥
ਕਲਿਜੁਗਿ ਨਾਉ ਅਰਾਧਣਾ ਹੋਰ ਕਰਮ ਕਰਿ ਮੁਕਤਿ ਨ ਪਾਏ॥
ਜੁਗਿ ਜੁਗਿ ਲੁਣੀਐ ਬੀਜਿਆ ਪਾਪੁ ਪੁੰਨੁ ਕਰਿ ਦੁਖ ਸੁਖ ਪਾਏ॥
ਕਲਿਜੁਗਿ ਚਿਤਵੈ ਪੁੰਨ ਫਲ ਪਾਪਹੁ ਲੇਪੁ ਅਧਰਮ ਕਮਾਏ॥
ਗੁਰਮੁਖਿ ਸੁਖਿਫਲੁ ਆਪੁ ਗਵਾਏ ॥੧੭॥

ਸਤਿਜੁਗ ਦੇ ਸਮੇਂ ਵਿਚ ਇੱਕ ਮਨੁੱਖ ਪਾਪ-ਕਰਮ ਕਰਦਾ ਸੀ, ਤਾਂ ਉਸ ਦੇ ਬਦਲੇ ਸਾਰਾ ਦੇਸ ਫੜਿਆਂ ਜਾਂਦਾ ਸੀ ਤੇ ਪੀੜ ਦਿੱਤਾ ਜਾਂਦਾ ਸੀ। ਤ੍ਰੇਤੇ ਵਿਚ ਇੱਕ ਦਾ ਦੋਸ਼ ਹੁੰਦਾ ਸੀ ਤਾਂ ਸਾਰੀ ਨਗਰੀ ਨੂੰ ਘੇਰ ਕੇ ਫੜ ਲਿਆ ਜਾਂਦਾ ਸੀ। ਦੁਆਪਰ ਵਿਚ ਇੱਕ ਦੇ ਪਿੱਛੇ ਸਾਰੀ ਬੰਸ ਫੜ ਕੇ ਜੇਲਾਂ ਵਿਚ ਪਾ ਦਿੱਤੀ ਜਾਂਦੀ ਸੀ। ਪਰ ਕਲਜੁਗ ਵਿਚ ਏਡਾ ਉੱਤਮ ਨਿਆਉਂ ਹੈ ਕਿ ਜੋ ਕਰਦਾ ਹੈ ਓਹੀ ਫੜੀਦਾ ਹੈ, ਹੋਰ ਨਹੀਂ। ਸਤਜੁਗ ਵਿਚ ਲੋਕ ਸੱਚ ਬੋਲਦੇ ਸੀ ਤੇ ਸੱਚੀ ਹੀ ਦ੍ਰਿੜ੍ਹ ਕਰਾਉਂਦੇ ਸੀ। ਤ੍ਰੇਤੇ ਵਿਚ ਯੱਗ ਕਰਨ ਦੀ ਰੀਤੀ ਪ੍ਰਚੱਲਤ ਸੀ ਤੇ ਦੁਆਪਰ ਵਿਚ ਪੂਜਾ, ਕਰਤਬਾਂ ਸਹਿਤ ਦਿੜਾਈਆਂ ਜਾਂਦੀਆਂ ਸਨ। ਪਰ ਕਲਜੁਗ ਵਿਚ ਕੇਵਲ ਇੱਕ ਨਾਮ-ਸਿਮਰਨ ਦੀ ਹੀ ਪ੍ਰਮੁਖਤਾ ਹੈ, ਹੋਰ ਕਰਮਾਂ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਵੱਖ ਵੱਖ ਜੁਗਾਂ ਵਿਚ ਜੋ ਕੋਈ ਪਾਪ-ਪੁੰਨ ਬੀਜਦਾ (ਭਾਵ ਜੈਸਾ ਕਰਮ ਕਰਦਾ ਸੀ) ਓਹੋ ਜਿਹਾ ਫਲ ਵੱਢਦਾ ਸੀ (ਭਾਵ ਓਹੋ ਜਿਹਾ ਦੁੱਖ ਜਾਂ ਸੁਖ ਪ੍ਰਾਪਤ ਹੁੰਦਾ ਸੀ)। ਪਰ (ਇਹ ਕਲਜੁਗ ਦੀ ਵਡਿਆਈ ਜਾਂ ਵਾਧਾ ਸਮਝੋ ਕਿ) ਇਸ ਵਿਚ ਜੇ ਕੋਈ ਪੁੰਨ ਕਰਮ ਦਾ ਚਿਤਵਨ ਵੀ ਕਰੇ, ਤਾਂ ਫਲ ਮਿਲ ਜਾਂਦਾ ਹੈ, ਪਰ ਪਾਪ ਦਾ ਫਲ ਪਾਪ ਦਾ ਕਰਮ ਕਰਨ ਨਾਲ ਮਿਲਦਾ ਹੈ। ਗੁਰਮੁਖ ਨੂੰ ਸੁਖ ਪ੍ਰਾਪਤ ਹੁੰਦਾ ਹੈ, ਜੋ ਆਪਾ ਭਾਵ (ਹਉਮੈ) ਨੂੰ ਗੁਆਉਣ ਨਾਲ ਮਿਲਦਾ ਹੈ।੧੭। ਸਤਜੁਗ ਦਾ ਅਨਿਆਉ ਵੇਖਿ ਧਉਲ ਧਰਮੁ ਹੋਆ ਉਡੀਣਾ॥
ਸੁਰਪਤਿ ਨਰਪਤਿ ਚਕ੍ਰਵੈ ਰਖਿ ਨ ਹੰਘਨਿ ਬਲ ਮਤਿ ਹੀਣਾ॥
ਤ੍ਰੇਤੇ ਖਿਸਿਆ ਪੈਰੁ ਇਕੁ ਹੋਮ ਜਗ ਜਗੁ ਥਾਪਿ ਪਤੀਣਾ॥
ਦੁਆਪੁਰਿ ਦੁਇ ਪਗ ਧਰਮ ਦੇ ਪੂਜਾ ਚਾਰ ਪਖੰਡੁ ਅਲੀਣਾ॥
ਕਲਿਜੁਗ ਰਹਿਆ ਪੈਰ ਇਕੁ ਹੋਇ ਨਿਮਾਣਾ ਧਰਮ ਅਧੀਣਾ॥
ਮਾਣੁ ਨਿਮਾਣੈ ਸਤਿਗੁਰੂ ਸਾਧਸੰਗਤਿ ਪਰਗਟ ਪਰਬੀਣਾ॥
ਗੁਰਮੁਖ ਧਰਮ ਸਪੂਰਣੁ ਰੀਣਾ ॥੧੮॥

ਸਤਜੁਗ ਦੇ ਸਮੇਂ ਵਿਚ ਅਨਿਆਂ ਵੇਖ ਕੇ ਧਉਲ ਰੂਪ ਧਰਮ ਉਦਾਸ ਤੇ ਚਿੰਤਾਤੁਰ ਹੋ ਗਿਆ। (ਉਸ ਨੇ ਦੇਖਿਆ ਕਿ) ਦੇਵਤਿਆਂ ਦੇ ਰਾਜੇ, ਸੰਸਾਰ ਦੇ ਰਾਜੇ ਤੇ ਚੱਕਰਵਰਤੀ ਵੀ ਧਰਮ ਨਹੀਂ ਰੱਖ ਸਕੇ, ਕਿਉਂਕਿ ਉਨ੍ਹਾਂ ਦੀ ਬੁਧੀ ਤੇ ਬਲ ਹੀਣ ਹੋ ਗਏ ਸਨ। ਤ੍ਰੇਤੇ ਵਿਚ ਧਉਲ ਰੂਪ ਧਰਮ ਦਾ ਇੱਕ ਪੈਰ ਥਿੜਕ ਗਿਆ। ਲੋਕ ਹੋਮ ਤੇ ਯੱਗ ਦੇ ਕਰਮ-ਕਾਂਡਾਂ ਵਿਚ ਹੀ ਪਤੀਜ ਗਏ। (ਉਨ੍ਹਾਂ ਸਮਝ ਲਿਆ ਕਿ ਬਸ ਇਹੋ ਕਰਮ ਹੀ ਧਰਮ ਹਨ)। ਦੁਆਪਰ ਵਿਚ ਦੋ ਪੈਰ ਹੀ ਧਰਮ ਦੇ ਰਹਿ ਗਏ, ਲੋਕ ਪੂਜਾ ਦੇ ਆਕਾਰ (ਕਰਮ-ਕਾਂਡਾਂ ਵਿਚ) ਹੀ ਲੀਨ ਹੋ ਗਏ। ਕਲਜੁਗ ਆਇਆ, ਤਾਂ ਧਰਮ ਰੂਪ ਧਉਲ ਦਾ ਇਕੋ ਪੈਰ ਰਹਿ ਗਿਆ। (ਪਰ ਪ੍ਰਭੂ ਨੇ ਧਉਲ ਧਰਮ ਤੇ ਧਰਤੀ ਦੀ ਪੁਕਾਰ ਸੁਣ ਕੇ) ਨਿਮਾਣਿਆਂ ਦੇ ਮਾਣ ਸਤਿਗੁਰੂ (ਗੁਰੂ ਨਾਨਕ ਦੇਵ ਜੀ) ਨੂੰ ਸੰਸਾਰ ਵਿਚ ਭੇਜ ਦਿੱਤਾ, ਜਿਨ੍ਹਾਂ ਨੇ ਧਰਮੀ ਦੀ ਪੈਜ ਰੱਖਣ ਲਈ ਸਾਧ ਸੰਗਤਿ (ਦੀ ਨੀਂਹ ਰੱਖੀ) ਤੇ ਪਰਬੀਨ (ਪੂਰੇ ਤੌਰ ’ਤੇ) ਪ੍ਰਗਟ ਹੋਏ। ਗੁਰਮੁਖਾਂ ਨੇ ਖਤਮ ਹੋ ਰਹੇ ਧਰਮ ਦੇ ਚਾਰ ਪੈਰ ਮੁਕੰਮਲ ਕਰ ਦਿੱਤੇ।੧੮। ਚਾਰਿ ਵਰਨਿ ਇਕ ਵਰਨਿ ਕਰਿ ਵਰਨ ਅਵਰਨ ਸਾਧਸੰਗੁ ਜਾਪੈ॥
ਛਿਅ ਰੁਤੀ ਛਿਅ ਦਰਸਨਾ ਗੁਰਮੁਖਿ ਦਰਸਨੁ ਸੂਰਜੁ ਥਾਪੈ॥
ਬਾਰਹ ਪੰਥ ਮਿਟਾਇ ਕੈ ਗੁਰਮੁਖਿ ਪੰਥ ਵਡਾ ਪਰਤਾਪੈ॥
ਵੇਦ ਕਤੇਬਹੁ ਬਾਹਰਾ ਅਨਹਦ ਸਬਦੁ ਅਗੰਮ ਅਲਾਪੈ॥
ਪੈਰੀ ਪੈ ਪਾ ਖਾਕ ਹੋਇ ਗੁਰਸਿਖਾ ਰਹਰਾਸਿ ਪਛਾਪੈ॥
ਮਾਇਆ ਵਿਚਿ ਉਦਾਸੁ ਕਰਿ ਆਪੁ ਗਵਾਏ ਜਪੈ ਅਜਾਪੈ॥
ਲੰਘ ਨਿਕਥੈ ਵਰੈ ਸਰਾਪੈ ॥੧੯॥

ਸਤਿਗੁਰੂ ਜੀ ਨੇ ਚਹੁੰਆ ਦਾ ਇੱਕ ਵਰਣ (ਗੁਰਸਿੱਖੀ) ਬਣਾ ਦਿੱਤਾ ਤੇ ਸਾਧ ਸੰਗਤ ਕਾਇਮ ਕਰ ਦਿੱਤੀ, ਜਿਥੇ ਵਰਣ ਅਵਰਣ ਸਾਧ ਸੰਗਤ ਹੀ ਹੈ। ਛੇ ਰੁਤਾਂ ਤੇ ਛੇ ਦਰਸ਼ਨਾਂ (ਵਿਚੋਂ) ਗੁਰਮੁਖ ਦਰਸ਼ਨ (ਗੁਰਸਿੱਖਾਂ ਦਾ ਧਰਮ) ਸੂਰਜ ਵਾਂਗ (ਸਤਿਗੁਰੂ ਜੀ ਨੇ) ਥਾਪ ਦਿੱਤਾ। ਜੋਗੀਆਂ ਦੇ ਬਾਰਾਂ ਪੰਥ ਮਿਟਾ ਕੇ ਗੁਰਮੁਖ ਪੰਥ ਚਲਾ ਦਿੱਤਾ, ਜੋ ਵੱਡੇ ਪਰਤਾਪ ਵਾਲਾ ਹੈ। (ਇਹ ਪੰਥ) ਵੇਦ ਤੇ ਕਤੇਬਾਂ ਤੋਂ ਬਾਹਰਾ (ਨਿਰਾਲਾ) ਹੈ, ਜੋ ਅਨਹਦ ਸ਼ਬਦ ਦੇ ਅਗੰਮੀ ਜਾਪ ਦਾ ਅਲਾਪ ਕਰਨ ਵਾਲਾ ਹੈ। (ਇਉਂ ਗੁਰਮੁਖ ਗੁਰਸਿੱਖ) ਪੈਰੀਂ ਪੈਂਦੇ ਤੇ ਪੈਰਾਂ ਦੀ ਧੂੜ ਮੱਥੇ ਨੂੰ ਲਾਉਂਦੇ ਹਨ ਤੇ ਇਹੋ ਗੁਰਸਿੱਖਾਂ ਦੀ ਰਹੁਰੀਤੀ (ਆਪਸੀ ਮਿਲਾਪ) ਦੀ ਪਛਾਣ ਸਮਝੀ ਜਾਂਦੀ ਹੈ। ਗੁਰਸਿੱਖ ਮਾਇਆ ਵਿਚ ਰਹਿੰਦੇ, ਮਾਇਆ ਤੋਂ ਉਦਾਸ (ਭਾਵ ਨਿਰਲੇ) ਰਹਿ ਕੇ, ਆਪਾ-ਭਾਵ (ਮੈਂ-ਮੇਰੀ) ਨੂੰ ਮਿਟਾ ਕੇ ਅਜਪਾ ਜਾਪ ਨੂੰ ਜਪਦੇ ਹਨ। (ਪਰਮੇਸ਼ਰ ਦਾ ਸਿਮਰਨ ਕਰਦੇ ਹਨ ਤੇ ਪ੍ਰੇਮ ਨਾਲ ਸੁਰਤ ਨੂੰ ਇਸ ਅਜਪਾ ਜਾਪ ਵਿਚ ਜੋੜੀ ਰੱਖਦੇ ਹਨ)। (ਜਿਸ ਕਾਰਣ ਉਹ ਗੁਰਮੁਖ) ਵਰ ਸਰਾਪ ਦੀ ਹੱਦ ਨੂੰ ਟੱਪ ਜਾਂਦੇ ਹਨ (ਭਾਵ ਉਸ ਚੌਥੇ ਪਦ ਦੀ ਅਵਸਥਾ ਵਿਚ ਪਹੁੰਚ ਜਾਂਦੇ ਹਨ, ਜਿਥੇ ਸੁਖ ਦੁੱਖ ਤੇ ਅਮੀਰ ਗਰੀਬ ਦਾ ਫਰਕ ਨਹੀਂ ਹੁੰਦਾ, ਉਹ ਸਦਾ ਇਕ-ਰਸ ਰਹਣਿ ਵਾਲੇ ਜੀਵਨ ਦੀ ਪਦਵੀ ’ਤੇ ਪਹੁੰਚ ਜਾਂਦੇ ਹਨ।੧੯। ਮਿਲਦੇ ਮੁਸਲਮਾਨ ਦੁਇ ਮਿਲਿ ਮਿਲਿ ਸਲਾਮਾਲੇਕੀ॥
ਜੋਗੀ ਕਰਨਿ ਅਦੇਸ ਮਿਲਿ ਆਦਿ ਪੁਰਖੁ ਆਦੇਸੁ ਵਿਸੇਖੀ॥
ਸੰਨਿਆਸੀ ਕਰਿ ਓਨਮੋ ਓਨਮ ਨਾਰਾਇਣ ਬਹੁ ਭੇਖੀ॥
ਬਾਮ੍ਹਣ ਨੋ ਕਰਿ ਨਮਸਕਾਰ ਕਰਿ ਆਸੀਰ ਵਚਨ ਮੁਹੁ ਦੇਖੀ॥
ਪੈਰੀ ਪਵਣਾ ਸਤਿਗੁਰੂ ਗੁਰ ਸਿਖਾ ਰਹਿਰਾਸ ਸਰੇਖੀ॥
ਰਾਜਾ ਰੰਕ ਬਰਾਬਰੀ ਬਾਲਕ ਬਿਰਧਿ ਨ ਭੇਦੁ ਨਿਮੇਖੀ॥
ਚੰਦਨ ਭਗਤਾ ਰੂਪ ਨ ਰੇਖੀ ॥੨੦॥

ਦੋ ਮੁਸਲਮਾਨ ਜਦੋਂ ਆਪੋ ਵਿਚ ਮਿਲਦੇ ਹਨ ਤਾਂ ਦੋਵੇਂ ਹੀ ਸਲਾਮਾ ਲੈਕਮ ਕਰਦੇ ਹਨ। ਜਦ ਜੋਗੀ ਮਿਲਦੇ ਹਨ ਤਾਂ ਇੱਕ ‘ਆਦੇਸ’ (ਨਮਸਕਾਰ) ਕਹਿੰਦਾ ਹੈ, ਤੇ ਦੂਜਾ ਅੱਗੋਂ ‘ਆਦਿ ਪੁਰਖ ਆਦੇਸ’ ਆਖਦਾ ਹੈ। (ਭਾਵ ਆਦਿ ਪੁਰਖ, ਪਰਮੇਸ਼ਰ ਨੂੰ ਨਮਸਕਾਰ ਹੋਵੇ)। (ਇਸੇ ਤਰ੍ਹਾਂ ਜਦ ਇੱਕ) ਸੰਨਿਆਸੀ ਦੂਜੇ ਨੂੰ ਮਿਲਦਾ ਹੈ ਤਾਂ ‘ਓਨਮੋ’ (ਓਅੰ ਨੂੰ ਨਮਸਕਾਰ ਹੈ) ਕਹਿੰਦਾ ਹੈ ਤੇ ਅੱਗੋਂ ਦੂਜਾ ਜਵਾਬ ਵਿਚ ‘ਓਨਮੋ ਨਾਰਾਇਣ’ (ਨਾਰਾਇਣ ਨੂੰ ਨਮਸਕਾਰ ਹੈ) ਕਹਿੰਦਾ ਹੈ। ਬਾਮ੍ਹਣ ਨੂੰ ਜੇ ਕੋਈ ਨਮਸਕਾਰ ਕਰਦਾ ਹੈ ਤਾਂ ਉਹ ਮੂੰ ਤੋਂ ਅਸ਼ੀਰਵਾਦ ਦਾ ਬਚਨ ਕਰਦਾ ਹੈ, (ਪਰ ਦੂਜੇ ਨੂੰ ਦੇਖ ਕੇ) ਮੂਹ ਦੇਖਦਾ ਹੈ (ਕਿ ਇਹ ਨਮਸਕਾਰ ਕਰਨ ਵਾਲਾ ਕੌਣ ਹੈ?) ਸਤਿਗੁਰੂ ਜੀ ਨੇ (ਗੁਰਸਿੱਖਾਂ ਨੂੰ ਪੈਰੀਂ ਪੈਣਾ ਦੀ) ਰਹੁਰੀਤੀ ’ਤੇ ਚਲਣ ਦਾ ਹੁਕਮ ਦਿੱਤਾ ਹੈ, (ਇਸ ਲਈ ਜ ਦਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਮਿਲਦਾ ਹੈ ਤਾਂ) ‘ਪੈਰੀ ਪੈ ਜੀ’ ਦੋਵੇਂ ਹੀ ਇੱਕ ਦੂਜੇ ਨੂੰ ਆਖਦੇ ਹਨ। ਇਸ ਗੱਲ ਕਰਕੇ ਰਾਜਾ ਤੇ ਰੰਕ ਗਰੀਬ ਇਕੋ ਜਿਹੇ ਹਨ, ਨਾ ਹੀ ਬਾਲਕ ਤੇ ਬਿਰਧ ਦਾ ਕੋਈ ਤਿਲ ਮਾਤਰ ਜਿੰਨਾਂ ਵੀ ਫਰਕ ਰੱਖਦਾ ਹੈ। ਚੰਦਨ ਰੂਪ (ਮਹਿਕ ਵੰਡਣ ਵਾਲੀ) ਭਗਤੀ ਦੀ ਕੋਈ ਰੂਪ-ਰੇਖਾ ਨਹੀਂ ਹੁੰਦੀ।੨੦। ਨੀਚਹੁ ਨੀਚ ਸਦਾਵਣਾ ਗੁਰ ਉਪਦੇਸੁ ਕਮਾਵੈ ਕੋਈ॥
ਤ੍ਰੈ ਵੀਹਾਂ ਦੇ ਦੰਮ ਲੈ ਇਕੁ ਰੁਪਈਆ ਹੋਛਾ ਹੋਈ॥
ਦਸੀ ਰੁਪਯੀਂ ਲਈਦਾ ਇਕ ਸੁਨਈਆ ਹਉਲਾ ਸੋਈ॥
ਸਹਸ ਸੁਨਈਏ ਮੁਲੁ ਕਰਿ ਲੱਯੈ ਹੀਰਾ ਹਾਰ ਪਰੋਈ॥
ਪੈਰੀ ਪੈ ਪਾਖਾਕ ਹੋਇ ਮਨ ਬਚ ਕਰਮ ਭਰਮ ਭਉ ਖੋਈ॥
ਹੋਇ ਪੰਚਾਇਣ ਪੰਜਿ ਮਾਰ ਬਾਹਰਿ ਜਾਂਦਾ ਰਖਿ ਸਗੋਈ॥
ਬੋਲ ਅਬੋਲ ਸਾਧ ਜਨ ਓੋਈ ॥੨੧॥

੨੩॥
ਨੀਚ ਤੋਂ ਨੀਚ (ਦਾਸਾਂ ਦਾ ਦਾਸਮ ਨਿਮ੍ਰਤਾ ਧਾਰਨੀ) ਅਖਵਾਉਣਾ (ਇਹ ਗੁਰੂ ਦਾ ਉਪਦੇਸ਼ ਤੇ ਸਿੱਖਿਆ ਹੈ ਪਰ) ਇਸ ਗੁਰੂ ਉਪਦੇਸ਼ ਨੂੰ ਕਮਾਉਂਦਾ ਕੋਈ ਵਿਰਲਾ ਹੀ ਹੈ। ਤਿੰਨ ਵੀਹਾਂ ਪੈਸਿਆਂ ਨੂੰ ਦੇ ਕੇ ਜੇ ਇੱਕ ਰੁਪਈਏ ਨੂੰ ਲਈਏ ਤਾਂ ਰੁਪਏ ਦਾ ਭਾਰ ਹੋਛਾ (ਹੌਲਾ) ਰਹਿ ਜਾਂਦਾ ਹੈ। ਦਸਾਂ ਰੁਪਈਆਂ ਨੂੰ ਦੇ ਕੇ ਇੱਕ ਮੋਹਰ ਜਾਂ ਬੁਤਕੀ ਨੂੰ ਲਈਏ, ਤਾਂ ਦਿਸਦਾ ਭਾਰ ਵੀ ਘੱਟ ਜਾਂਦਾ ਹੈ, (ਪਰ ਕੀਮਤੀ ਬਹੁਤੀ ਹੈ)। (ਇਸੇ ਤਰ੍ਹਾਂ) ਹਜ਼ਾਰ ਮੋਹਰਾਂ ਦਾ ਮੁੱਲ ਦੇ ਕੇ, ਇੱਕ ਹੀਰਾ ਖਰੀਦ ਕੇ ਹਾਰ ਵਿਚ ਪਰੋਇਆ ਜਾਂਦਾ ਹੈ, (ਜਿਸ ਦਾ ਹਜ਼ਾਰ ਮੋਹਰਾਂ ਦਾ ਭਾਰ ਨਾਲੋਂ ਕਿਤੇ ਭਾਰ ਘਟ ਹੈ, ਪਰ ਮੁੱਲ ਵਿਚ ਹਜ਼ਾਰ ਗੁਣਾਂ ਵਧ ਮੁੱਲ ਦਾ ਹੈ। ਇਸੇ ਤਰ੍ਹਾਂ ਹੋਰ ਧਰਮਾਂ ਦੀ ਰਹੁਰੀਤੀ ਨਾਲੋਂ) ਪੈਰੀ ਪੈਣਾ ਤੇ ਪੈਰਾਂ ਦੀ ਖਾਕ ਹੋਣਾ (ਐਵੇਂ ਜ਼ਬਾਨੀ ਜ਼ਬਾਨੀ ਨਹੀਂ) ਮਨ, ਬਚਨਾਂ ਤੇ ਕਰਮ (ਕਰਕੇ, ਦਿਲੋਂ ਮਨੋਂ ਜੋ ਐਸਾ ਹੁੰਦਾ ਹੈ, ਉਹ) ਆਪਣੇ ਭਰਮਾਂ ਭੁਲੇਖੇ ਤੇ ਡਰਾਂ ਨੂੰ ਗਵਾ ਲੈਂਦਾ ਹੈ। (ਸਾਧ ਸੰਗਤ ਦੀ ਕਿਰਪਾ ਤੇ ਗੁਰੂ ਦੀ ਬਖਸ਼ਿਸ਼ ਨਾਲ) ਉਹ ਪੰਜਾਂ ਵਿਕਾਰਾਂ (ਕਾਮ, ਕ੍ਰੋਧ ਆਦਿ) ਨੂੰ ਮਾਰ ਕੇ ਮੁਖੀ (ਪੰਚਾਇਣ) ਤੇ ਸ੍ਰੇਸ਼ਟ (ਉੱਤਮ) ਹੋ ਜਾਂਦਾ ਹੈ। ਤੇ (ਮਨ ਦਾ ਜੇਤੂ ਬਣ ਕੇ) ਬਾਹਰ ਨੱਸ ਨੱਸ ਜਾਣ ਵਾਲੇ ਮਨ ਨੂੰ ਆਪਣੇ ਅੰਦਰ ਹੀ ਰੋਕਣ ਵਾਲਾ (ਬਲਵਾਨ) ਹੋ ਜਾਂਦਾ ਹੈ। ਐਸੇ (ਗੁਰਮੁਖ) ਸਾਧ ਜਨਾਂ ਦੇ ਬਚਨ ਕੀਮਤੀ (ਲਾਲ ਵਾਂਗ) ਹੁੰਦੇ ਹਨ।੨੧।੨੩।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ