ਵਾਰ ੧੯ ਸਤਿਗੁਰਪ੍ਰਸਾਦਿ ॥
ਗੁਰਮੁਖ ਏਕੰਕਾਰ ਆਪ ਉਪਾਇਆ॥
ਓਅੰਕਾਰ ਆਕਾਰ ਪਰਗਟੀ ਆਇਆ॥
ਪੰਚ ਤੱਤ ਵਿਸਥਾਰ ਚਲਿਤ ਰਚਾਇਆ॥
ਥਾਣੀ ਬਾਣੀ ਚਾਰ ਜਗਤ ਉਪਾਇਆ॥
ਕੁਦਰਤ ਅਗਮ ਅਪਾਰਅੰਤ ਨ ਪਾਇਆ॥
ਸਚ ਨਾਉਂ ਕਰਤਾਰ ਸਚ ਸਮਾਇਆ ॥੧॥
ਪਰਮੇਸ਼ਰ ਨੇ ਆਪ ਮੁਖੀ ਸਤਿਗੁਰੂ (ਗੁਰੂ ਨਾਨਕ ਦੇਵ ਜੀ ਨੂੰ) ਪੈਦਾ ਕੀਤਾ ਹੈ। ਇਹ ਪ੍ਰਭੂ ਸੁਆਮੀ ਦਾ ਹੀ ਸਰੂਪ (ਗੁਰਦੇਵ ਜੀ) ਸਨ, ਜੋ ਪ੍ਰਗਟ ਰੂਪ ਵਿਚ ਸੰਸਾਰ ’ਤੇ ਉਜਾਗਰ ਹੋਏ। ਪੰਜਾਂ ਤੱਤਾਂ ਦਾ ਵਿਸਥਾਰ ਕਰਕੇ ਇੱਕ ਚਲਤ (ਖੇਡ) ਨੂੰ ਰਚ ਦਿੱਤਾ ਹੈ। ਚਾਰ ਖਾਣੀਆਂ, (ਅੰਡਜ, ਜੇਰਜ, ਸੇਤਜ ਤੇ ਉਤਭੁਜ) ਤੇ ਚਾਰ ਹੀ ਬਾਣੀਆਂ (ਪਰਾ, ਪਸੰਤੀ, ਮੱਧਮਾ, ਅਤੇ ਬੈਖਰੀ) ਨਾਲ ਜਗਤ ਨੂੰ ਸਾਜ ਦਿੱਤਾ ਹੈ। (ਉਸ ਦੀ) ਕੁਦਰਤ (ਰਚਨਾ ਤੇ ਪਸਾਰਾ) ਏਡਾ ਅਗੰਮ ਤੇ ਅਪਾਰ ਹੈ ਕਿ ਮਨ ਨਾਲ ਵਿਚਾਰ ਕੇ ਜਾਂ ਕੋਈ ਬੋਲ ਬੋਲ ਕੇ ਕੁਛ ਅੰਦਾਜਾ ਜਾਂ ਹਿਸਾਬ ਨਹੀਂ ਲਾਇਆ ਜਾ ਸਕਦਾ (ਕਿ ਕਿੰਨੀ ਕੁ ਵੱਡੀ ਉਸ ਦੀ ਕੁਦਰਤ ਹੈ)। (ਉਹੀ) ਸੱਚਾ ਕਰਤਾਰ (ਜਿਸ ਨੇ ਇਹ ਸਭ ਕੁਛ ਬਣਾਇਆ ਹੈ, ਉਹੀ) ਸੱਚਾ (ਆਪ ਆਪਣੀ ਕੁਦਰਤ) ਵਿਚ ਸਮਾ ਰਿਹਾ ਹੈ। ਭਾਵ ਹਰ ਥਾਂ ਵਿਆਪਕ ਹੈ।੧। ਲਖ ਚੋਰਾਸੀਹ ਜੂਨਿ ਫੇਰ ਫਿਰਾਇਆ॥
ਮਾਨਸ ਜਨਮ ਦੁਲੰਭ ਕਰਮੀ ਪਾਇਆ॥
ਉੱਤਮ ਗੁਰਮੁਖ ਪੰਥ ਆਪ ਗਵਾਇਆ॥
ਸਾਧ ਸੰਗਤ ਰਹਿਰਾਸ ਪੈਰੀਂ ਪਾਇਆ॥
ਨਾਮੁ ਦਾਨ ਇਸ਼ਨਾਨ ਸਚੁ ਦਿੜਾਇਆ॥
ਸ਼ਬਦ ਸੁਰਤਿ ਲਿਵਲੀਣ ਭਾਣਾ ਭਾਇਆ ॥੨॥
(ਪਰਮੇਸ਼ਰ ਨੇ) ੮੪ ਲੱਖ ਜੂਨਾਂ ਵਿਚ ਫੇਰ ਫੇਰ ਕੇ (ਭੲਆਂਟਣੀਆਂ ਦਿੱਤੀਆਂ, ਭਾਵ ਕਈ ਕੁਝ ਬਣ ਕੇ ਜੰਮਿਆ, ਮਰਿਆ ਤੇ ਫਿਰ ਕੁਝ ਹੋਰ ਇਸ ਤਰ੍ਹਾਂ ਦਾ ਚੱਕਰ ਫੇਰ ਬਣਾਈ ਰੱਖਿਆ)। ਮਨੁੱਖਾ ਜਨਮ ਵੱਡੀ ਦੁਰਲੱਭ ਜੂਨੀ ਹੈ, ਜੋ ਕਰਮਾਂ (ਬਖਸ਼ਿਸ਼ਾਂ) ਨਾਲ ਪ੍ਰਾਪਤ ਹੋਈ ਹੈ। (ਫਿਰ ਮਨੁਖਾ ਜਨਮ ਵਿਚ ਅੱਗੋਂ) ਗੁਰਮੁਖਾਂ (ਗੁਰੂ ਨਾਨਕ ਦਾ ਚਲਾਇਆ ਗਾਡੀ ਰਾਹੁ) ਪੰਥ ਉੱਤਮ ਹੈ, (ਕਿਉਂਕਿ ਇਹ ਆਪਾ-ਭਾਵ) ਦੂਈ ਦਵੈਤ ਨੂੰ ਗਵਾਉਣ ਤੇ ਪ੍ਰਾਪਤ ਹੁੰਦਾ ਹੈ। (ਕਿਵੇਂ ਪ੍ਰਾਪਤ ਹੋਇਆ?) ਸਾਧ ਸੰਗਤ ਵਿਚ ਜਾ ਕੇ (ਗੁਰਮੁਖਾਂ ਵਾਲੀ) ਰਹੁਰੀਤੀ (ਤੇ ਚਲਣ ਨਾਲ) ਪੈਰੀਂ ਪੈਣ (ਨਿਮ੍ਰਤਾ ਧਾਰਨ) ਨਾਲ ਮਿਲਿਆ। (ਫਿਰ ਸਾਧ ਸੰਗਤ ਦੇ ਮਿਲਾਪ ਤੋਂ) ਨਾਮ, ਦਾਨ, ਇਸ਼ਨਾਨ ਤੇ ਸੱਚ ਨੂੰ ਆਪਣੇ ਜੀਵਨ ਦਾ ਦ੍ਰਿੜ੍ਹਤਾ ਨਾਲ (ਅੰਗ ਬਣਾ ਲਿਆ)। ਸਦਾ ਹੀ ਗੁਰ ਸ਼ਬਦ ਵਿਚ (ਧਿਆਨ) ਸੁਰਤੀ ਨੂੰ ਜੋੜੀ ਰੱਖਣਾ, ਲਿਵਲੀਨ ਹੋ ਕੇ (ਪ੍ਰਭੂ ਦੇ) ਭਾਣੇ ਨੂੰ ਹੀ ਚੰਗਾ ਜਾਣਨ ਲੱਗ ਜਾਣਾ, (ਇਹ ਗੁਰਮੁਖਾਂ ਦੀ ਰਹੁਰਤੀ ਹੈ।੨। ਗੁਰਮੁਖ ਸੁਘੜ ਸੁਜਾਣ ਗੁਰ ਸਮਝਾਇਆ॥
ਮਿਹਮਾਣੀ ਮਿਹਮਾਣ ਮਜਲਸ ਆਇਆ॥
ਖਾਵਾਲੇ ਸੋ ਖਾਣ ਪੀਐ ਪੀਆਇਆ॥
ਕਰੈ ਨ ਗਰਬ ਗੁਮਾਨਹਸੈ ਹਸਾਇਆ॥
ਪਾਹੁਨੜਾ ਪਰਵਾਣ ਕਾਜ ਸੁਹਾਇਆ॥
ਮਜਲਸ ਕਰ ਹੈਰਾਨ ਉਠ ਸਿਧਾਇਆ ॥੩॥
ਗੁਰੂ ਜੀ ਸਮਝਾਏ ਤੇ ਸਿਖਾਏ ਗੁਰਮੁਖ (ਆਪ ਤੋਂ ਆਪ ਹੀ) ਸਿਆਣੇ ਤੇ ਸੁਜਾਣ (ਮੰਨੇ ਜਾਣ ਵਾਲੇ ਚਤੁਰ) ਹੁੰਦੇ ਹਨ। (ਉਸ ਸੰਸਾਰ ਵਿਚ) ਆਏ ਹਨ, ਪ੍ਰਾਹਣਿਆਂ ਵਾਂਗ, ਜੋ ਠੀਕ ਪ੍ਰਾਹੁਣਚਾਰੀ ਕਰਦੇ ਤੇ ਕਰਾਉਂਦੇ ਹਨ (ਕਾਰ ਵਿਹਾਰ ਤੇ ਪ੍ਰਮਾਰਥ ਨੂੰ ਠੀਕ ਢੰਗ ਨਾਲ ਨਿਭਾਉਂਦੇ ਹਨ)। (ਜੋ ਵੀ ਸੰਸਾਰ ਦਾ ਮਾਲਕ, ਪ੍ਰਭੂ) ਉਨ੍ਹਾਂ ਨੂੰ ਘਰ ਵਿਚ ਖਾਣ ਲਈ ਦਿੰਦਾ ਹੈ, ਉਹੀ ਖਾਂਦੇ ਹਨ, ਜੋ ਪੀਣ ਨੂੰ ਮਿਲਦਾ ਹੈ ਓਹੀ ਪੀਂਦੇ ਹਨ (ਭਾਵ ਲੋਭ ਲਾਲਚ ਤੋਂ ਸੁਤੰਤਰ ਹਨ)। (ਉਹ ਕਿਸੇ ਗੱਲ ਦਾ) ਹੰਕਾਰ ਜਾਂ ਗਰਬ ਗੁਮਾਨ ਨਹੀਂ ਕਰਦੇ, (ਜਿੰਨਾ ਕੁ ਪ੍ਰਭੂ) ਹੱਸਣ ਦਾ ਸਮਾਂ ਦੇਵੇ, ਜਾਂ ਹਸਾਵੇ ਓਨਾ ਕੁ ਹੀ ਹੱਸਦੇ ਹਨ, (ਵਾਧੂ ਗੱਪ-ਗਿਆਨ ਦੇ ਹਾਸਿਆਂ ਤੋਂ ਨਿਰਲੇਪ ਰਹਿੰਦੇ ਹਨ)। ਸੰਸਾਰ ’ਤੇ ਪ੍ਰਾਹੁਣੇ ਵਾਂਗ ਆਉਣਾ ਉਨ੍ਹਾਂ ਦਾ ਹੀ ਪ੍ਰਵਾਣ ਹੁੰਦਾ ਹੈ, ਜਿਹੜੇ ਚੰਗੇ ਤੇ ਸੁਚੱਜੇ ਕੰਮਾਂ ਵਿਚ ਹੀ ਸੁਭਾਇਮਾਨ ਹੁੰਦੇ ਹਨ, (ਭਾਵ ਬੁਰੇ ਕੰਮਾਂ ਦੀ ਰੁਚੀ ਦਾ ਹੀ ਅਭਾਵ ਕਰ ਦੇਂਦੇ) ਹਨ। ਗੁਰਮੁਖ ਇਸ ਤਰ੍ਹਾਂ ਦੀ ਉੱਚ ਜ਼ਿੰਦਗੀ ਬਿਤਾ ਕੇ) ਜਦ ਸੰਸਾਰ ਤੋਂ ਜਾਂਦੇ ਹਨ ਤਾਂ ਪਿਛਲੇ ਯਾਦ ਕਰਨ ਵਾਲਿਆਂ ਨੂੰ ਹੈਰਾਨ ਕਰਨ ਵਾਲੇ ਕਾਰਨਾਮਿਆਂ ਦੀ ਦਾਸਤਾਨ ਦੇ ਜਾਂਦੇ ਹਨ।੩। ਗੋਇਲੜਾ ਦਿਨ ਚਾਰ ਗੁਰਮੁਖ ਜਾਣੀਐ॥
ਮੰਝੀ ਲੈ ਮਿਹਰਵਾਨ ਚੋਜ ਵਿਡਾਣੀਐ॥
ਵਰਸੈ ਨਿਝਰਧਾਰ ਅੰਮ੍ਰਿਤ ਵਾਣੀਐ॥
ਵੰਝਲੀਆਂ ਝੀਂਗਾਰਮਜਲਸ ਮਾਣੀਐ॥
ਗਾਵਨ ਮਾਝ ਮਲਾਰ ਸੁਘੜ ਸੁਜਾਣੀਐ॥
ਹਉਮੈ ਗਰਬ ਨਿਵਾਰ ਮਨ ਵਸ ਜਾਣੀਐ॥
ਗੁਰਮੁਖ ਸ਼ਬਦ ਵਿਚਾਰਸਚ ਸਿਞਾਣੀਐ ॥੪॥
ਇਹ ਸੰਸਾਰ ਗੋਇਲੜੇ (ਗਾਈਆਂ ਮਹੀਆਂ ਦੇ ਚਰਨ ਵਾਲੀ ਥਾਂ ਵਾਂਗ) ਚਾਰ ਦਿਨਾਂ ਦਾ ਮੇਲਾ ਹੈ, ਗੁਰਮੁਖ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਮਾਹੀ ਲੋਕ (ਗਊਆਂ ਮੱਝਾਂ ਚਾਰਨ ਵਾਲੇ) ਜਿਵੇਂ ਗਊਆਂ ਮਹੀਆਂ ਨੁੰ ਚਾਰਨ ਲਈ ਬਾਹਰ ਬੇਅਬਾਦ ਥਾਵਾਂ ’ਤੇ ਲੈ ਕੇ ਚਲੇ ਜਾਂਦੇ ਹਨ, ਗਊਆਂ ਮੱਝਾਂ ਚਰਦੀਆਂ ਹਨ ਤੇ ਉਹ ਉਥੇ ਅਸਚਰਜ (ਦੌੜ-ਭੱਜਦੀਆਂ) ਖੇਡਾਂ ਖੇਡਦੇ ਹਨ। (ਉਹ) ਮੀਂਹ ਦੀ ਨਿੱਝਰ ਧਾਰਾ ਵਰਸਦੀ ਵਿਚ ਵੀ ਜਾਂਦੇ ਹਨ ਤੇ ਉਥੇ ਬਹਿ ਕੇ ਮਿੱਠੇ ਮਿੱਠੇ ਗੀਤ ਗਾਉਂਦੇ ਹਨ। ਵੰਝਲੀਆਂ (ਬਾਂਸਰੀਆਂ) ਦੀ ਮਸਤ ਧੁਨਾਂ ਵਜਾ ਕੇ, ਆਪਣੇ ਨਾਲ ਰੰਗ ਮਾਣਦੇ ਹਨ। (ਉਹ ਰਾਗਾਂ ਦੇ ਜਾਣੂੰ ਹੁੰਦੇ, ਇਸ ਲਈ) ਸਿਆਣੇ ਗਵਈਆਂ ਵਾਂਗ ਮਾਝ ਤੇ ਮਲਾਰ ਦੀਆਂ ਧੁਨਾਂ ਗਾਉਂਦੇ ਹਨ ਤੇ ਮਨ ਨੂੰ ਵਸ ਕਰ ਲੈਣ ਵਾਲੇ ਰਾਗ ਅਲਾਪਦੇ ਹਨ। ਹੰਕਾਰ ਨੂੰ ਦੂਰ ਕਰਕੇ ਮਨ ਨੂੰ ਵਸ ਵਿਚ ਲਿਆਉਂਦੇ ਹਨ। ਗੁਰਮੁਖ ਵੀ ਕਿਸੇ ਤਰ੍ਹਾਂ ਸ਼ਬਦ ਦੀ ਵਿਚਾਰ ਕਰਕੇ ਸੱਚ ਨੂੰ ਪਛਾਣ ਲੈਂਦੇ ਹਨ ਕਿ ਇਹ ਸੰਸਾਰ ਮੁਸਾਫਰ ਖਾਨੇ ਵਾਂਗ ਹੀ ਹੈ।੪। ਵਾਟ ਵਟਾਊ ਰਾਤ ਸਰਾਈਂ ਵਸਿਆ॥
ਉਠ ਚਲਿਆ ਪਰਭਾਤ ਮਾਰਗ ਦਸਿਆ॥
ਨਾਹਿ ਪਰਾਈ ਤਾਤ ਨ ਚਿਤ ਰਹਸਿਆ॥
ਮੁਏ ਨ ਪੁਛੈ ਜਾਤ ਵਿਵਾਹਿ ਨ ਹਸਿਆ॥
ਦਾਤਾ ਕਰੈ ਜੁ ਦਾਤ ਨ ਭੁਖਾ ਤਸਿਆ॥
ਗੁਰਮੁਖ ਸਿਮਰਣ ਵਾਤ ਕਵਲ ਵਿਗਸਿਆ ॥੫॥
ਰਾਹੇ ਜਾਂਦਾ ਮੁਸਾਫਰ, ਰਾਤ ਸਮੇਂ, ਕਿਸੇ ਸਰਾਂ ਵਿਚ ਜਾ ਕੇ ਰਿਹਾ। ਉਥੋਂ ਦਿਨ ਦੇ ਚੜ੍ਹਾਉ ਤੋਂ ਪਹਿਲੇ ਹੀ ਉੱਠ ਕੇ ਜਦੋਂ ਰਸਤਾ ਦਿਸਣ ਲੱਗ ਪਿਆ, ਤੁਰ ਪਿਆ। (ਰਾਤ ਰਹਿਣ ਵਿਚ) ਨਾ ਉਸ ਨੂੰ ਕੋਈ ਪਰਾਏ ਦੀ ਤੰਗੀ ਹੀ ਹੋਈ, ਤੇ ਨਾ ਹੀ ਚਿਤ ਕਿਸੇ ਰਹੱਸ (ਸੁਆਦ) ਵਿਚ ਆਇਆ। ਰਸਤੇ ਵਿਚ ਜਾਂਦੇ ਨਾ ਕਿਸੇ ਮਰਨ ਵਾਲੇ ਦੀ ਜਾਤ ਪੁੱਛੀ (ਕਿ ਕੌਣ ਹੈ) ਤੇ ਨਾ ਹੀ ਕਿਸੇ ਦੀ ਬਰਾਤ ਜਾਂ ਵਿਆਹ ਨੂੰ ਵੇਖ ਕੇ ਉਸ ਦੇ ਮਨ ਨੂੰ ਹਾਸਾ ਆਇਆ। (ਤਿਵੇਂ ਹੀ ਗੁਰਮੁਖ, ਮੁਸਾਫਰ ਵਾਂਗ) ਪਰਮੇਸ਼ਰ ਜੋ ਦਾਤ ਦੇਵੇ, ਉਹੀ ਲੈਂਦੇ ਹਨ, ਭੁੱਖੇ ਜਾਂ ਤਿਹਾਏ ਰਹਿਣ ਦੀ ਸ਼ਿਕਾਇਤ ਜਾਂ ਗਿਲਾ ਨਹੀਂ ਕਰਦੇ। ਗੁਰਮੁਖਾਂ ਨੂੰ ਸਿਮਰਣ ਦੀ (ਹੀ ਵੱਡੀ ਦਾਤ ਪ੍ਰਾਪਤ ਹੈ), ਇਸੇ ਲਈ ਉਨ੍ਹਾਂ ਦਾ ਮੂੰਹ ਸਿਮਰਨ ਕਰਕੇ ਕੰਵਲ ਵਾਂਗ ਖਿੜਿਆ ਰਹਿੰਦਾ ਹੈ।੫। ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ॥
ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ॥
ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ॥
ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ॥
ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ ॥੬॥
ਦੀਵਾਲੀ ਦੀ ਰਾਤ ਨੂੰ ਹਰ ਘਰ ਵਿਚ (ਖੁਸ਼ੀ ਨਾਲ) ਦੀਵੇ ਬਾਲੇ ਜਾਂਦੇ ਹਨ (ਜੋ ਕੁਝ ਵਿਚ ਮਗਰੋਂ ਬੁਝ ਜਾਂਦੇ ਹਨ)। (ਇਸੇ ਤਰ੍ਹਾਂ ਰਾਤ ਵੇਲੇ) ਵੱਡੇ ਛੋਟੇ ਤਾਰੇ ਅਸਮਾਨ ਨਿਕਲ ਕੇ ਚਮਕਾਂ ਮਾਰਦੇ ਤੇ ਲਿਸ਼ਕਦੇ ਹਨ, (ਪਰ ਦਿਨ ਚੜ੍ਹਦੇ ਹੀ ਖਤਮ ਹੋ ਜਾਂਦੇ ਹਨ)। ਬਾਗਾਂ ਵਿਚ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜਦੇ ਹਨ, (ਪਰ ਕੁਝ ਚਿਰ ਹੀ ਪੂਰੇ ਖਿੜਦੇ ਹਨ ਕਿ ਮਾਲੀ) ਉਨ੍ਹਾਂ ਨੂੰ ਚੁਣ ਚੁਣ ਕੇ ਤੋੜ ਲੈਂਦਾ ਹੈ। ਯਾਤਰੀਆਂ ਦੇ ਟੋਲਿਆਂ ਦੇ ਟੋਲੇ ਤੀਰਥਾਂ ਪੁਰ ਯਾਤਰਾ ਕਰਨ ਜਾਂਦੇ ਹਨ, ਤੇ ਅੱਖਾਂ ਨਾਲ ਦੇਖਦੇ ਹਾਂ (ਕਿ ਮੁੜ ਤੀਰਥਾਂ ਨੂੰ ਖਾਲੀ ਕਰ ਆਉਂਦੇ ਹਨ)। ਹਰਿਚੰਦਉਰੀ ਵਾਂਗ ਸੰਸਾਰ ਵਿਚ ਅਨੇਕਾਂ ਅਜੇਹੀਆਂ ਨਗਰੀਆਂ ਦੀ ਝਾਤੀ (ਦਿਖਾਵੇ ਮਾਤ੍ਰ) ਦਿਸਦੀ ਹੈ ਤੇ ਖਤਮ ਹੋ ਜਾਂਦੀ ਹੈ, ਵਸਦੀ ਤੇ ਉਜੜ ਜਾਂਦੀ ਹੈ। (ਪਰ ਅਸਲ ਵਿਚ) ਜੋ ਜੀਵਨ ਦਾ ਸੁਖ ਫਲ, ਸ਼ਬਦ ਦੀ ਦਾਤ (ਪ੍ਰਭੂ ਦਾ ਸਿਮਰਨ ਤੇ ਭਜਨ) ਹੈ, ਉਹ ਗੁਰੂ ਦੇ ਵਰੋਸਾਏ ਗੁਰਮੁਖ ਹੀ ਸੰਭਾਲਦੇ ਹਨ।੬। ਗੁਰਮੁਖ ਮਨ ਪਰਗਾਸ ਗੁਰੂ ਉਪਦੇਸਿਆ॥
ਪੇਈਅੜੈ ਘਰ ਵਾਸੁ ਮਿਟੇ ਅੰਦੇਸਿਆ॥
ਆਵਾ ਵਿਚ ਨਿਰਾਸ ਗਿਆਨ ਅਵੇਸਿਆ॥
ਸਾਧ ਸੰਗਤਿ ਰਹਿਰਾਸ ਸ਼ਬਦ ਸੰਦੇਸਿਆ॥
ਗੁਰਮੁਖ ਦਾਸਨਿ ਦਾਸ ਮਤਿ ਪਰਵੇਸਿਆ॥
ਸਿਮਰਣ ਸਾਸ ਗਿਰਾਸ ਦੇਸ ਵਿਦੇਸਿਆ ॥੭॥
ਗੁਰਮੁਖਾਂ ਦੇ ਮਨ ਵਿਚ ਚਾਨਣਾ ਹੋ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। (ਉਸ ਸੰਸਾਰ ਦੇ ਵਸੇਬੇ ਨੂੰ) ਪੇਕੇ ਘਰ ਵਿਚ ਰਹਿਣੀ ਵਾਂਗ ਸਮਝਦੇ ਹਨ, (ਕਿਉਂਕਿ) ਉਨ੍ਹਾਂ ਦੇ ਅੰਦੇਸੇ ਤੇ ਭਰਮ ਮਿਟ ਚੁੱਕੇ ਹਨ। ਉਹ ਆਸਾ ਦੇ ਵਿਚ ਨਿਰਾਸ ਹੋ ਕੇ ਰਹਿੰਦੇ ਹਨ, (ਕਿਉਂਕਿ ਉਨ੍ਹਾਂ ਦੇ ਗੁਰੂ ਦੇ ਬਖਸ਼ੇ) ਗਿਆਨ ਵਿਚ ਵਾਸਾ ਹੋ ਜਾਂਦਾ ਹੈ। ਸਾਧ ਸੰਗਤ ਦੀ ਰਹੁਰੀਤੀ (ਇਹੋ ਹੈ ਕਿ ਸਾਧ ਸੰਗਤ ਵਿਚ ਜਾਣ ਵਾਲੇ ਨੂੰ) ਗੁਰ ਸ਼ਬਦ ਦਾ ਹੀ ਸੰਦੇਸ਼ਾ ਦਿੱਤਾ ਜਾਂਦਾ ਹੈ। ਗੁਰਮੁਖ ਨਿਮ੍ਰਤਾ ਧਾਰਨ ਕਰਕੇ ਦਾਸਾਂ ਦੇ ਦਾਸ ਬਣਨ ਦੀ ਮੱਤ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦੇ ਹਨ। ਉਹ ਸਵਾਸ ਸਵਾਸ ਪ੍ਰਭੂ ਦੇ ਸਿਮਰਨ ਵਿਚ ਹੀ ਗੁਜ਼ਾਰਦੇ ਹਨ। ਭਾਵੇਂ ਉਹ ਆਪਣੇ ਦੇਸ ਵਿਚ ਹੋਣ ਤੇ ਭਾਵੇਂ ਪ੍ਰਦੇਸ ਵਿਚ, ਸਿਮਰਨ ਨੂੰ ਜਾਰੀ ਰੱਖਦੇ ਹਨ।੭। ਨਦੀ ਨਾਵ ਸੰਜੋਗ ਮੇਲ ਮਿਲਾਇਆ॥
ਸੁਹਣੇ ਅੰਦਰਿ ਭੋਗ ਰਾਜ ਕਮਾਇਆ॥
ਕਦੇ ਹਰਖ ਕਦੇ ਸੋਗ ਤਰਵਰ ਛਾਇਆ॥
ਕਟੈ ਹਉਮੈਂ ਰੋਗ ਨ ਆਪਿ ਗਣਾਇਆ॥
ਘਰ ਹੀ ਅੰਦਰ ਜੋਗ ਗੁਰਮੁਖ ਪਾਇਆ॥
ਹੋਵਣ ਹਾਰ ਸੁ ਹੋਗ ਗੁਰ ਸਮਝਾਇਆ ॥੮॥
ਜਿਵੇਂ ਨਦੀ ਵਿਚ (ਬੇੜੀ ਦੇ ਪੂਰ) ਦਾ ਮੇਲ ਹੁੰਦਾ ਹੈ, ਪਰ ਨਦੀ ਤੋਂ ਪਾਰ ਹੁੰਦੇ ਹੀ ਸਭ ਆਪੋ ਆਪਣੇ ਰਾਹੀਂ ਪੈ ਜਾਂਦੇ ਹਨ। ਸੁਪਨੇ ਵਿਚ ਜੇ ਕੋਈ ਰਾਜਾ ਬਣ ਜਾਏ ਤਾਂ ਸੁਪਨੇ ਵਿਚ ਹੀ ਰਾਜਾ ਰਹੇਗਾ, ਜਾਗ ਖੁਲ੍ਹਣ ’ਤੇ ਸਭ ਕੁਝ ਖਤਮ ਹੋ ਜਾਂਦਾ ਹੈ। ਕਦੇ ਖੁਸ਼ੀ ਅਤੇ ਕਦੀ ਗਮੀ ਆ ਜਾਂਦੀ ਹੈ, ਬ੍ਰਿਛ ਦੀ ਛਾਂ ਵਾਂਗੂੰ ਟਿਕਣ ਵਾਲੀ ਕੋਈ ਵਸਤੂ ਨਹੀਂ ਹੈ। (ਪਰ ਜਿਨ੍ਹਾਂ ਗੁਰਮੁਖਾਂ ਦੇ ਸਤਿਗੁਰੂ ਦੀ ਕ੍ਰਿਪਾ ਨਾਲ) ਹਉਮੈ ਦੇ ਰੋਗ ਕੱਟੇ ਗਏ ਹਨ, ਉਹ ਆਪਣੀ ਇਸ ਵਡਿਆਈ ਨੂੰ ਕਿਸੇ ਤਾਈਂ ਜਣਾਉਂਦੇ ਨਹੀਂ (ਉਨ੍ਹਾਂ ਨੇ) ਘਰ ਵਿਚ ਰਹਿੰਦੇ ਹੀ ਜੋਗ-ਜੁਗਤ ਨੂੰ ਗੁਰਮੁਖਤਾਈ ਨਾਲ ਪ੍ਰਾਪਤ ਕਰ ਲਿਆ ਹੈ। ਉਹਨਾਂ ਗੁਰਮੁਖਾਂ ਨੂੰ ਸਤਿਗੁਰੂ ਜੀ ਨੇ ਇਹ ਗੱਲ ਦ੍ਰਿੜ੍ਹ ਕਰਾ ਦਿੱਤੀ ਹੈ ਕਿ ਜੋ ਕੁਛ ਵਰਤ ਰਿਹਾ ਹੈ, ਇਹ ਸਭ ਪ੍ਰਭੂ ਦਾ ਭਾਣਾ ਹੈ। (ਇਸ ਲਈ ਉਹ ਭਾਣੇ ਵਿਚ ਸ਼ਾਕਰ ਰਹਿੰਦੇ ਹਨ)।੮। ਗੁਰਮੁਖ ਸਾਧੂ ਸੰਗ ਚਲਣ ਜਾਣਿਆ॥
ਚੇਤ ਬਸੰਤ ਸੁ ਰੰਗ ਸਭ ਰੰਗ ਮਾਣਿਆ॥
ਸਾਵਣ ਲਹਰ ਤਰੰਗ ਨੀਰ ਨਿਵਾਣਿਆ॥
ਸਜਣ ਮੇਲ ਸੁ ਢੰਗ ਚੋਜ ਵਿਡਾਣਿਆ॥
ਗੁਰਮੁਖ ਪੰਥ ਨਿਪੰਗ ਦਰ ਖਰਵਾਣਿਆ॥
ਗੁਰਮਤਿ ਮੇਲ ਅਭੰਗ ਸਤਿ ਸੁਹਾਣਿਆ ॥੯॥
ਗੁਰਮੁਖ ਨੇ ਸਾਧੂਆਂ ਦੇ ਸੰਗ ਵਿਚ ਬੈਠ ਕੇ (ਇਸ ਗੱਲ ਨੂੰ ਨਿਸ਼ਚਿਤ ਤੌਰ ’ਤੇ) ਜਾਣਿਆਂ ਹੈ ਕਿ (ਇਸ ਅਸਥਿਰ ਸੰਸਾਰ ਤੋਂ ਜ਼ਰੂਰ) ਚਲਣਾ ਪੈਣਾ ਹੈ। (ਮਨੁਖਾ ਜਨਮ) ਬਸੰਤ ਦੀ ਬਹਾਰ ਵਰਗਾ ਖੇੜੇ ਵਾਲਾ ਸਮਾਂ ਹੈ, ਜਿਸ ਦੇ ਸਭ ਰੰਗਾਂ ਨੂੰ (ਗੁਰਮੁਖ ਨੇ ਹਿਰਦੇ ਵਿਚ, ਸਾਧ ਸੰਗਤ ਕਰਕੇ) ਮਾਣ ਲਿਆ ਹੈ। ਸਾਵਣ ਦੇ ਮਹੀਨੇ ਵਿਚ ਵਰਖਾ ਦੇ ਮੀਂਹ ਦਾ ਪਾਣੀ ਨਿਵਾਣ ਵੱਲ ਹੀ ਜਾਂਦਾ ਹੈ। (ਗੁਰਮੁਖ ਨੇ ਇਸ ਤੋਂ ਸਿੱਖਿਆ ਲੈ ਕੇ ਨਿਮ੍ਰਤਾ ਧਾਰਨ ਕੀਤੀ ਹੈ ਤੇ ਸੰਸਾਰਕ ਭੋਗਾਂ ਤੇ ਰਸਾਂ ਕਸਾਂ ਤੋਂ ਮੂੰਹ ਭਵਾ ਲਿਆ ਹੈ)। (ਐਸੇ) ਸੱਜਣਾਂ ਦਾ ਮੇਲ ਵੀ ਬੜੇ ਹੀ ਸੁੰਦਰ ਰੰਗ ਢੰਗ ਵਾਲਾ ਤੇ ਅਸਚਰਜ ਕੌਤਕਾਂ ਵਾਲਾ ਹੁੰਦਾ ਹੈ। ਗੁਰਮੁਖਾਂ ਦਾ ਪੰਥ (ਰਸਤਾ) ਨਿਰੋਲ ਸ਼ੁੱਧ (ਮੈਲ ਜਾਂ ਦਵੈਤ-ਭਾਵ ਤੋਂ ਰਹਿਤ ਹੁੰਦਾ ਹੈ)। ਜੋ ਪਰਮੇਸ਼ਰ ਦੇ ਦਰਵਾਜ਼ੇ ਦਾ ਪ੍ਰਮਾਣੀਕ ਰਾਹ ਹੈ। ਗੁਰਮੁਖ ਦਾ ਮੇਲ ਟੁੱਟਣ ਵਾਲਾ ਨਹੀਂ ਹੈ, ਉਨ੍ਹਾਂ ਨੂੰ ਸਤਿ ਸਰੂਪ (ਅਕਾਲ ਪੁਰਖ) ਹੀ ਸੁੰਦਰ ਤੇ ਸ਼ੋਭਾ ਵਾਲਾ ਲੱਗਦਾ ਹੈ, ਤੇ ਉਹ ਉਸੇ ਵਿਚ ਹੀ ਇਕ ਰਸ ਲੀਨ ਹੋਏ ਰਹਿੰਦੇ ਹਨ।੯। ਗੁਰਮੁਖ ਸਫਲ ਜਨੰਮ ਜਗ ਵਿਚ ਆਇਆ॥
ਗੁਰਮਤਿ ਪੂਰ ਕਰੰਮ ਆਪ ਗਵਾਇਆ॥
ਭਾਉ ਭਗਤਿ ਕਰ ਕੰਮ ਸੁਖਫਲ ਪਾਇਆ॥
ਗੁਰ ਉਪਦੇਸ਼ ਅਗੰਮ ਰਿਦ ਵਸਾਇਆ॥
ਧੀਰਜ ਧੁਜਾ ਧਰੰਮ ਸਹਿਜ ਸੁਭਾਇਆ॥
ਸਹੈ ਨ ਦੁਖ ਸਹੰਮ ਭਾਣਾ ਭਾਇਆ ॥੧੦॥
ਗੁਰਮੁਖਾਂ ਦਾ ਜਗ ਵਿਚ ਆਉਣਾ ਸਫਲਾ ਹੈ (ਕਿਉਂਕਿ ਉਨ੍ਹਾਂ ਦਾ ਮਾਰਗ ਗੁਰੂ ਦਾ ਦੱਸਿਆ ਉਪਦੇਸ਼ ਹੁੰਦਾ ਹੈ ਤੇ ਉਹ ਉਸ ਤੋਂ ਲਾਂਭੇ ਨਹੀਂ ਜਾਂਦੇ)। ਗੁਰੂ ਦੀ ਮੱਤ ਪੂਰੀ ਬਖਸ਼ਿਸ਼ ਕਰਦੀ ਹੈ, ਕਿਉਂਕਿ ਉਨ੍ਹਾਂ ਨੇ ਆਪਾ ਭਾਵ (ਦਵੈਤ ਤੇ ਦੂਈ ਨੂੰ ਆਪਣੇ ਹਿਰਦੇ ਵਿਚੋਂ) ਗਵਾ ਦਿੱਤਾ ਹੁੰਦਾ ਹੈ। ਉਨ੍ਹਾਂ ਦਾ ਹਰ ਕੰਮ ਭਾਉ (ਪ੍ਰੇਮਾ) ਭਗਤੀ ਦੇ ਦਾਇਰੇ ਵਿਚ ਹੁੰਦਾ ਹੈ, ਜਿਸ ਕਰਕੇ ਉਹ ਸੁਖ ਫਲ ਪ੍ਰਾਪਤ ਕਰਦੇ ਹਨ। ਉਨ੍ਹਾਂ ਨੇ ਆਪਣੇ ਹਿਰਦੇ ਵਿਚ ਸਤਿਗੁਰੂ ਦੇ ਬਖਸ਼ੇ ਅਗੰਮ (ਅਪਹੁੰਚ ਪ੍ਰਭੂ ਦੇ ਉਪਦੇਸ਼ ਨੂੰ ਵਸਾ ਲਿਆ ਹੁੰਦਾ ਹੈ। ਉਨ੍ਹਾਂ ਨੇ ਸਹਿਜ ਸੁਭਾਅ ਹੀ ਆਪਣੇ ਆਪ ਨੂੰ ਧੀਰਜ ਤੇ ਧਰਮ ਦੀ ਧੁਜਾ ਬਣਾਇਆ ਹੋਇਆ ਹੈ। ਉਹ ਦੁੱਖਾਂ ਤੋਂ ਦੁੱਖੀ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਪ੍ਰਭੂ ਦਾ ਭਾਣਾ ਮਿੱਠਾ ਲੱਗਦਾ ਹੈ।੧੦। ਗੁਰਮੁਖ ਦੁਰਲਭ ਦੇਹ ਅਉਸਰ ਜਾਣਦੇ॥
ਸਾਧ ਸੰਗਤ ਅਸਨੇਹ ਸਭ ਰੰਗ ਮਾਣਦੇ॥
ਸ਼ਬਦ ਸੁਰਤਿ ਲਿਵ ਲੇਹ ਆਖ ਅਖਾਣਦੇ॥
ਦੇਹੀ ਵਿਚ ਬਿਦੇਹ ਸਚ ਸਿਞਾਣਦੇ॥
ਦੁਬਿਧਾ ਓਹ ਨ ਏਹ ਇਕ ਪਛਾਣਦੇ॥
ਚਾਰ ਦਿਹਾੜੇ ਥੇਹ ਮਨ ਵਿਚ ਆਣਦੇ ॥੧੧॥
ਗੁਰਮੁਖ (ਮਨੁਖਾ) ਦੇਹ ਨੂੰ ਇੱਕ ਅਲੱਭ ਵਸਤੂ ਦੇ ਲੱਭਣ ਵਾਲਾ ਸਮਾਂ ਜਾਣਦੇ ਹਨ। ਉਹ ਸਾਧ ਸੰਗਤ ਵਿਚ ਆਪਣਾ ਪ੍ਰੇਮ ਲਾਉਂਦੇ ਹਨ (ਤੇ ਸ਼ਬਦ ਦੀ ਵਿਚਾਰ ਵਿਚ ਹੀ) ਸਾਰੇ ਰੰਗ ਮਾਣਦੇ ਹਨ। (ਸਾਧ ਸੰਗਤ ਵਿਚ ਜਾ ਕੇ ਉਹ) ਸ਼ਬਦ ਤੇ ਸੁਰਤ ਦੀ ਲਿਵ ਲਾਉਂਦੇ ਤੇ ਲਿਵ ਧਿਆਨ ਦੇ ਰਸ ਨੂੰ ਹੀ ਮਾਣਦੇ ਤੇ ਵਖਾਣਦੇ (ਮੂੰਹੋਂ ਕਹਿੰਦੇ) ਹਨ। ਦੇਹੀ ਵਿਚ ਰਹਿੰਦੇ ਹੋਏ ਹੀ ਉਹ ਦੇਹ ਦੇ ਨਾਸ਼ਮਾਨ ਸੁਖਾਂ ਦਾ ਤਿਆਗ ਕਰ ਦੇਂਦੇ ਹਨ ਤੇ ਇੱਕ ਸੱਚ ਨੂੰ ਹੀ ਸਿਆਣਦੇ ਹਨ। ਉਨ੍ਹਾਂ ਲਈ ਦੁਬਿਧਾ ਨਾ ਏਥੇ ਨਾ ਓਥੇ (ਅੱਗੇ) ਹੈ, (ਕਿਉਂਕਿ ਉਹ ਕੇਵਲ) ਇੱਕ (ਪ੍ਰਭੂ) ਨੂੰ ਹੀ ਪਛਾਣਦੇ ਹਨ। (ਉਹ ਸਮਝ ਲੈਂਦੇ ਹਨ ਕਿ) ਇਹ ਸੰਸਾਰ ਚਾਰ ਦਿਨਾਂ ਲਈ (ਜ਼ਿੰਦਗੀ) ਹੈ, (ਤੇ ਇਹੋ ਗੱਲ) ਉਹ ਮਨ ਵਿਚ ਵਸਾ ਲੈਂਦੇ ਹਨ।੧੧। ਗੁਰਮੁਖ ਪਰ ਉਪਕਾਰੀ ਵਿਰਲਾ ਆਇਆ॥
ਗੁਰਮੁਖ ਸੁਖ ਫਲ ਪਾਇ ਆਪ ਗਵਾਇਆ॥
ਗੁਰਮੁਖ ਸਾਖੀ ਸ਼ਬਦ ਸਿਖ ਸੁਣਾਇਆ॥
ਗੁਰਮੁਖ ਸ਼ਬਦ ਵੀਚਾਰ ਸੱਚ ਕਮਾਇਆ॥
ਸਚ ਰਿਦੈ ਮੁਹਿ ਸਚ ਸਚ ਸੁਹਾਇਆ॥
ਗੁਰਮੁਖ ਜਨਮ ਸਵਾਰ ਜਗਤ ਤਰਾਇਆ ॥੧੨॥
ਕੋਈ ਪਰਉਪਕਾਰੀ ਗੁਰਮੁਖ (ਸੰਸਾਰ ’ਤੇ) ਵਿਰਲਾ ਹੀ ਜਨਮ ਲੈਂਦਾ ਹੈ। ਗੁਰਮੁਖ ਓਹੀ ਹੈ, ਜਿਸ ਵਿਚ ਆਪਾ (ਦਵੈਤ ਭਾਵ) ਨਹੀਂ, ਉਸੇ ਗੁਰਮੁਖ ਨੇ ਹੀ (ਪ੍ਰਭੂ ਦੇ ਬਖਸ਼ੇ) ਸੁਖ ਫਲ (ਗੁਰਮੁਖਤਾਈ) ਨੂੰ ਪ੍ਰਾਪਤ ਕੀਤਾ ਹੈ। ਗੁਰਮੁਖਾਂ (ਦਾ ਕੰਮ ਏਹੀ ਹੈ ਕਿ ਉਹ) ਸ਼ਬਦ ਤੇ ਸ਼ਬਦ ਦੀ ਕਥਾ ਤੇ ਉਸ ਦੀ ਸਿੱਖਿਆ ਹੋਰ ਸਿੱਖਾਂ ਨੁੰ ਸੁਣਾਉਂਦੇ ਹਨ। ਗੁਰਮੁਖ ਸ਼ਬਦ ਦੀ ਵਿਚਾਰ ਵਿਚ ਹੀ ਲਿਵਲੀਨ ਰਹਿੰਦੇ ਹਨ ਤੇ (ਸੱਚ) ਤੇ ਉਪਦੇਸ਼ ਦੀ ਹੀ ਕਮਾਈ ਕਰਦੇ ਹਨ, (ਸੱਚ ਵਿਚ ਜ਼ਿੰਦਗੀ ਨੂੰ ਢਾਲ ਦੇਂਦੇ ਹਨ)। ਉਹਨਾਂ ਦੇ ਹਿਰਦੇ ਵਿਚ ਵੀ ਸੱਚ ਤੇ ਮੂੰਹ ਵਿਚ ਵੀ ਸੱਚ ਹੀ ਹੁੰਦਾ ਹੈ, ਭਾਵ ਉਹ ਅੰਦਰੋਂ ਬਾਹਰੋਂ ਸੱਚੇ ਹੁੰਦੇ ਹਨ ਤੇ ਸੱਚ ਹੀ ਉਹਨਾਂ ਨੂੰ ਸੋਹਣਾ ਲੱਗਦਾ ਹੈ ਤੇ ਸੱਚ ਨਾਲ ਉਹ ਆਪ ਵੀ ਸ਼ੋਭਾ ਵਾਲੇ ਹੋ ਜਾਂਦੇ ਹਨ। (ਇਸ ਤਰ੍ਹਾਂ) ਗੁਰਮੁਖ ਆਪਣੇ ਜੀਵਨ ਨੂੰ ਸਵਾਰ (ਭਾਵ ਸਫਲਾ ਕਰ) ਲੈਂਦੇ ਹਨ (ਤੇ ਅਜੇਹੇ ਗੁਰਮੁਖਾਂ ਦੀ ਸੰਗਤ ਕਰਨ ਵਾਲਾ) ਜਗਤ ਵੀ ਤਰ ਜਾਂਦਾ ਹੈ।੧੨। ਗੁਰਮੁਖ ਆਪ ਗਵਾਇ ਆਪ ਪਛਾਣਿਆ॥
ਗੁਰਮੁਖ ਸਤ ਸੰਤੋਖ ਸਹਿਜ ਸਮਾਣਿਆ॥
ਗੁਰਮੁਖ ਧੀਰਜ ਧਰਮ ਦਇਆ ਸੁਖ ਮਾਣਿਆ॥
ਗੁਰਮੁਖ ਅਰਥ ਵੀਚਾਰ ਸ਼ਬਦ ਵਖਾਣਿਆ॥
ਗੁਰਮੁਖ ਹੋਂਦੇ ਤਾਣ ਰਹੇ ਨਿਤਾਣਿਆ॥
ਗੁਰਮੁਖ ਦਰਗਹ ਮਾਣ ਹੋਇ ਨਿਮਾਣਿਆ ॥੧੩॥
ਗੁਰਮੁਖਾਂ ਨੇ ਆਪਾ-ਬਾਵ (ਹਉਮੈ ਤੇ ਹੰਗਤਾ) ਨੂੰ ਗਵਾ ਕੇ ਆਪਣੇ ਆਪੇ ਨੂੰ (ਸਵੈ-ਸਰੂਪ) ਨੂੰ ਪਛਾਣਿਆਂ ਹੈ। ਗੁਰਮੁਖਿ ਸਤਿ, ਸੰਤੋਖ ਵਿਚ ਹੀ ਵਰਤਦਾ ਹੈ ਤੇ ਫਿਰ ਸਹਜ-ਪਦ ਵਿਚ ਸਮਾ ਜਾਂਦਾ ਹੈ। ਗੁਰਮੁਖ ਧੀਰਜਵਾਨ, ਧਰਮ ਵਾਲਾ ਤੇ ਦਇਆ (ਨੂੰ ਆਪਣੇ ਜੀਵਨ ਦਾ ਅੰਗ ਬਣਾ ਕੇ ਸੱਚਾ) ਸੁਖ ਮਾਣਦਾ ਹੈ। ਗੁਰਮੁਖ ਨੇ ਸ਼ਬਦ ਦੇ ਅਰਥਾਂ ਨੂੰ ਵੀਚਾਰ (ਸਮਝ ਕੇ) ਫਿਰ ਸ਼ਬਦ ਦਾ ਜਾਪ ਕੀਤਾ ਹੈ ਤੇ ਵਰਣਨ ਕੀਤਾ ਹੈ। ਗੁਰਮੁਖ ਵਿਚ ਭਾਵੇਂ ਕਿੰਨਾ ਤਾਣ (ਜ਼ੋਰ) ਹੋਵੇ, ਪਰ ਉਹ ਤਾਣ ਹੁੰਦੇ ਵੀ ਨਿਤਾਣਾ ਰਹਿੰਦਾ ਹੈ, (ਕਿਸੇ ਨਾਲ ਜ਼ੋਰ ਨਹੀਂ ਕਰਦਾ, ਨਾ ਦਿਖਾਉਂਦਾ ਹੀ ਹੈ)। (ਇਸੇ ਤਰ੍ਹਾਂ ਦੀ ਗੁਜ਼ਰਾਨ ਕਰਨ ਕਰਕੇ, ਐਸੇ) ਨਿਤਾਣਾ ਰਹਿਣ ਵਾਲੇ ਗੁਰਮੁਖ ਨੂੰ (ਪ੍ਰਭੂ ਦੀ) ਦਰਗਾਹ (ਦਰਬਾਰ) ਵਿਚ ਮਾਣ ਪ੍ਰਾਪਤ ਹੁੰਦਾ ਹੈ।੧੩। ਗੁਰਮੁਖ ਜਨਮ ਸਵਾਰ ਦਰਗਹ ਚਲਿਆ॥
ਸਚੀ ਦਰਗਹ ਜਾਇ ਸਚਾ ਪਿੜ ਮਲਿਆ॥
ਗੁਰਮੁਖ ਭੋਜਨ ਭਾਉ ਚਾਉ ਅਲਲਿਆ॥
ਗੁਰਮੁਖ ਨਿਹਚਲ ਚਿਤ ਨ ਹਲੈ ਹਲਿਆ॥
ਗੁਰਮੁਖ ਸਚ ਅਲਾਉ ਭਲੀ ਹੂੰ ਭਲਿਆ॥
ਗੁਰਮੁਖ ਸਦੇ ਜਾਨ ਆਵਨ ਘਲਿਆ ॥੧੪॥
ਗੁਰਮੁਖ (ਜਗਤ ਵਿਚੋਂ ਆਪਣੇ) ਜਨਮ ਨੂੰ ਸੰਵਾਰ ਕੇ (ਭਾਵ ਸਫਲਾ ਕਰਕੇ) ਦਰਗਾਹ (ਪਰਲੋਕ) ਨੂੰ ਚਲਦੇ ਹਨ। (ਉਹਨਾਂ ਨੇ ਪ੍ਰਭੂ ਦੀ) ਸੱਚੀ ਦਰਗਾਹ (ਦਰਬਾਰ) ਵਿਚ ਜਾ ਕੇ, ਸੱਚਾ ਪਿੜ (ਸੱਚ ਵਾਲੇ ਪਾਸੇ ਜਿਥੇ ਅੱਗੇ ਵੀ ਮਹਾਨ ਪੁਰਖ ਬੈਠੇ ਹੁੰਦੇ ਹਨ ਉਥੇ) ਆਪਣੀ ਰੱਕੀ ਥਾਂ ਨੁੰ ਜਾ ਮਲਿਆ। ਗੁਰਮੁਖਾਂ ਦਾ ਭੋਜਨ ਵੀ ਪ੍ਰੇਮ ਦਾ ਹੀ ਭੋਜਨ ਹੈ ਤੇ ਉਤਸ਼ਾਹ ਵੀ ਐਸਾ ਵੱਡਾ ਤੇ ਅਡੋਲ (ਸਥਿਰ ਰਹਿਣ ਵਾਲਾ) ਹੈ (ਕਿ ਚਾਉ ਮੁਕਦਾ ਹੀ ਨਹੀਂ, ਸਦਾ ਹੀ ਖੇੜਾ ਤੇ ਉਤਸ਼ਾਹ ਕਾਇਮ ਰਹਿੰਦਾ ਹੈ)। ਗੁਰਮੁਖਾਂ ਦਾ ਚਿਤ (ਸਿਮਰਨ ਵਿਚ) ਨਿਹਚਲ ਹੈ, (ਜੋ ਦੁੱਖਾਂ ਸੁਖਾਂ ਦੇ) ਹਿਲਾਏ ਹਿਲਦੇ ਨਹੀਂ। ਗੁਰਮੁਖ ਜੋ ਬੋਲਦੇ ਹਨ, ਸਭ ਸੱਚ ਹੀ ਬੋਲਦੇ ਹਨ ਤੇ ਉਨ੍ਹਾਂ ਦਾ ਬੋਲਣਾ ਭਲਿਆਂ ਤੋਂ ਵੀ ਭਲਾ ਹੁੰਦਾ ਹੈ। (ਅਜੇਹੇ) ਗੁਰਮੁਖ (ਪ੍ਰਭੂ ਦੇ) ਸੱਦੇ ਆਉਣ ’ਤੇ ਹੀ (ਪ੍ਰਭੂ ਕੋਲ) ਜਾਂਦੇ ਹਨ ਤੇ ਉਸ ਦੇ ਘਲਣ ਨਾਲ ਹੀ (ਸੰਸਾਰ ’ਤੇ) ਆਉਂਦੇ ਹਨ।੧੪। ਗੁਰਮੁਖ ਸਾਧ ਅਸਾਧ ਸਾਧ ਵਖਾਣੀਐ॥
ਗੁਰਮੁਖ ਬੁਧਿ ਬਿਬੇਕ ਬਿਬੇਕੀ ਜਾਣੀਐ॥
ਗੁਰਮੁਖ ਭਾਉ ਭਗਤਿ ਭਗਤ ਪਛਾਣੀਐ॥
ਗੁਰਮੁਖ ਬ੍ਰਹਮ ਗਿਆਨ ਗਿਆਨੀ ਬਾਣੀਐ॥
ਗੁਰਮੁਖ ਪੂਰਣ ਮਤਿ ਸ਼ਬਦ ਨੀਸਾਣੀਐ॥
ਗੁਰਮੁਖ ਪਉੜੀ ਪਤਿ ਪਿਰਮ ਰਸ ਮਾਣੀਐ ॥੧੫॥
ਗੁਰਮੁਖ ਉਨ੍ਹਾਂ ਅਸਾਧ ਰੋਗਾਂ ਨੂੰ ਜਿੱਤ ਲੈਂਦੇ ਹਨ, (ਇਸੇ ਲਈ ਹੀ ਉਹ) ਸਾਧੂ ਕਹੇ ਜਾਂਦੇ ਹਨ। ਗੁਰਮੁਖਾਂ ਦੀ ਬੁਧੀ ਬਿਬੇਕ (ਵਿਚਾਰਵਾਨ) ਵਾਲੀ ਹੁੰਦੀ ਹੈ, ਇਸੇ ਲਈ ਹੀ ਉਹ ਸ਼ੁਭ ਵਿਚਾਰਾਂ ਵਾਲੇ ਜਾਣੇ ਜਾਂਦੇ ਹਨ। ਗੁਰਮੁਖਾਂ ਵਿਚ ਪ੍ਰੇਮਾ-ਭਗਤੀ ਹੁੰਦੀ ਹੈ, ਇਸੇ ਲਈ ਉਹ ਭਗਤ ਕਰਕੇ ਹੀ ਪਛਾਣੇ ਜਾਂਦੇ ਹਨ। ਗੁਰਮੁਖਾਂ ਨੂੰ ਇਹ ਗਿਆਨ ਹੁੰਦਾ ਹੈ ਕਿ ਸੰਸਾਰ ਵਿਚ ਸਭ ਕੁਝ ਬ੍ਰਹਮ ਹੀ ਬ੍ਰਹਮ ਹੈ, ਇਸੇ ਲਈ ਉਹ ਬ੍ਰਹਮ ਗਿਆਨੀ ਕਰਕੇ ਜਾਣੇ ਜਾਂਦੇ ਹਨ। ਗੁਰਮੁਖ ਪੂਰਨ ਮਤਵਾਨ ਹੁੰਦੇ ਹਨ, ਉਨ੍ਹਾਂ ਦੀ ਮੱਤ (ਬੋਲਾਂ) ਵਿਚੋਂ ਗੁਰੂ ਦੇ ਸ਼ਬਦ ਦੀ ਸਿੱਖਿਆ ਵਾਲੀ ਮੱਤ ਦੀ ਹੀ ਨਿਸ਼ਾਨੀ ਪ੍ਰਗਟ ਹੁੰਦੀ ਹੈ। ਗੁਰਮੁਖ (ਪ੍ਰਭੂ ਦੀ ਬਖਸ਼ੀ) ਪਤ-ਅਬਰੋ (ਇਜ਼ਤ ਸਨਮਾਨ ਦੀ ਪਉੜੀ ’ਤੇ ਚੜ੍ਹ ਕੇ (ਪ੍ਰਭੂ ਦੇ) ਪ੍ਰੇਮ ਰਸ ਨੂੰ ਮਾਣਦੇ ਹਨ।੧੫। ਸਚ ਨਾਉਂ ਕਰਤਾਰ ਗੁਰਮੁਖ ਪਾਈਐ॥
ਗੁਰਮੁਖ ਓਅੰਕਾਰ ਸ਼ਬਦ ਧਿਆਈਐ॥
ਗੁਰਮੁਖ ਸ਼ਬਦ ਵੀਚਾਰ ਸ਼ਬਦ ਲਿਵ ਲਾਈਐ॥
ਗੁਰਮੁਖ ਸਚ ਅਚਾਰ ਸਚ ਕਮਾਈਐ॥
ਗੁਰਮੁਖ ਮੋਖ ਦੁਆਰ ਸਹਜ ਸਮਾਈਐ॥
ਗੁਰਮੁਖ ਨਾਮ ਅਧਾਰ ਨ ਪਛੋਤਾਈਐ ॥੧੬॥
ਗੁਰਮੁਖਾਂ ਤੋਂ ਸੱਚੇ ਪ੍ਰਭੂ ਦਾ ਸੱਚਾ ਨਾਮ ਪ੍ਰਾਪਤ ਹੁੰਦਾ ਹੈ। ਗੁਰਮੁਖ ਓਅੰਕਾਰ ਨਾਮ ਤੇ ਸ਼ਬਦ ਦਾ ਧਿਆਨ ਧਰਦੇ ਹਨ। ਗੁਰਮੁਖਾਂ ਕੋਲ ਹੀ ਪ੍ਰਭੂ ਦੇ ਸੱਚੇ ਸ਼ਬਦ ਦੀ ਵੀਚਾਰ ਹੁੰਦੀ ਹੈ, ਤੇ ਉਹ ਸਦਾ ਸ਼ਬਦ ਦੀ ਵਿਚਾਰ ਵਿਚ ਹੀ ਮਨ ਨੂੰ ਜੋੜਦੇ ਹਨ। ਗੁਰਮੁਖਾਂ ਦਾ ਆਚਾਰ ਸੱਚਾ ਹੈ, ਤੇ ਉਹ ਸਦਾ ਸੱਚ ਦੀ ਹੀ ਕਮਾਈ ਕਰਦੇ ਹਨ। (ਕਿਉਂਕਿ ਉਹ ਸੱਚ ਤੇ ਸੱਚੇ ਦੇ ਨਾਮ ਸਿਮਰਨ ਤੋਂ ਐਧਰ ਓਧਰ ਨਹੀਂ ਹੁੰਦੇ), ਇਸ ਲਈ ਗੁਰਮੁਖਾਂ ਦੇ ਦਰਸ਼ਨ ਹੀ ਮੋਖ ਦਾ ਦਰਵਾਜ਼ਾ ਹਨ, (ਤੇ ਉਨ੍ਹਾਂ ਦੇ ਦਰਸ਼ਨਾਂ ਨਾਲ) ਸਹਿਜ ਪਦ ਵਿਚ ਲੀਨ ਹੋ ਜਾਈਦਾ ਹੈ। (ਗੁਰਮੁਖਾਂ ਨੂੰ ਕੇਵਲ ਸੱਚੇ) ਨਾਮ ਦਾ ਹੀ ਆਸਰਾ ਹੈ (ਨਾਮ ਦੇ ਆਧਾਰ ਨਾਲ ਉਹ) ਦੁੱਖ ਦਾ ਪਛੋਤਾਵਾ ਨਹੀਂ ਕਰਦੇ, ਭਾਵ ਦੁੱਖ ਨੂੰ ਦੁੱਖ ਮੰਨਦੇ, ਭਾਣੇ ਵਿਚ ਹੀ ਖੁਸ਼ ਤੇ ਪ੍ਰਸੰਨ ਰਹਿੰਦੇ ਹਨ।੧੬। ਗੁਰਮੁਖ ਪਾਰਸ ਪਰਸ ਪਾਰਸ ਹੋਈਐ॥
ਗੁਰਮੁਖ ਹੋਇ ਅਪਰਸ ਦਰਸ ਅਲੋਈਐ॥
ਗੁਰਮੁਖ ਬ੍ਰਹਮ ਧਿਆਨ ਦੁਬਿਧਾ ਖੋਈਐ॥
ਗੁਰਮੁਖ ਪਰ ਧਨ ਰੂਪ ਨਿੰਦ ਨ ਗੋਈਐ॥
ਗੁਰਮੁਖ ਅੰਮ੍ਰਿਤ ਨਾਉ ਸ਼ਬਦ ਵਿਲੋਈਐ॥
ਗੁਰਮੁਖ ਹਸਦਾ ਜਾਇ ਅੰਤ ਨ ਰੋਈਐ ॥੧੭॥
ਗੁਰਮੁਖ (ਪਾਰਸ) ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਨਾਲ ਛੋਹਣ ਕਰਕੇ ਉਸ ਵਰਗੇ ਪਾਰਸ ਬਣ ਜਾਈਦਾ ਹੈ। ਗੁਰਮੁਖ (ਸੰਸਾਰ ਵਿਚ ਰਹਿੰਦੇ ਹੋਏ, ਸੰਸਾਰੀ ਵਿਕਾਰਾਂ) ਤੋਂ ਨਿਰਲੇਪ ਹੋ ਰਹਿੰਦੇ ਹਨ ਤੇ (ਹਿਰਦੇ ਵਿਚ ਕੇਵਲ ਪ੍ਰਭੂ ਦੇ) ਦਰਸ਼ਨਾਂ ਨੂੰ ਹੀ ਲੋਚਦੇ ਹਨ। (ਇਸੇ ਲਈ ਉਨ੍ਹਾਂ) ਗੁਰਮੁਖਾਂ ਦਾ ਪਰਮੇਸ਼ਰ ਵਿਚ ਹੀ ਧਿਆਨ ਲੱਗਾ ਰਹਿੰਦਾ ਤੇ ਉਹ ਦੁਬਿਧਾ (ਦਵੈਤ ਭਾਵ) ਨੂੰ ਮੇਟ ਤੇ ਗਵਾ ਦੇਂਦੇ ਹਨ। ਗੁਰਮੁਖ ਪਰ ਧਨ ਤੇ (ਪਰ ਇਸਤ੍ਰੀ ਦੇ) ਰੂਪ ਵੱਲ (ਨਹੀਂ ਵੇਖਦੇ), ਨਾ ਨਿੰਦਿਆ ਸੁਣਦੇ ਹਨ ਤੇ ਨਾ ਹੀ ਕਰਦੇ ਹਨ। ਗੁਰਮੁਖ ਕੇਵਲ (ਪ੍ਰਭੂ ਦੇ) ਅੰਮ੍ਰਿਤ ਨਾਮ ਨੂੰ ਜਪਦੇ ਤੇ (ਗੁਰੂ ਕੇ) ਸ਼ਬਦ ਦਾ ਵਿਚਾਰ (ਰਿੜਕਣਾ) ਕਰਦੇ ਹਨ। ਗੁਰਮੁਖ ਅੰਤ ਸਮੇਂ (ਪ੍ਰਭੂ ਕੋਲ ਜਾਂਦੇ) ਹੱਸਦੇ ਹਨ ਤੇ (ਮੌਤ ਦੇ ਦੁੱਖ ਨਾਲ) ਰੋਂਦੇ ਵੀ ਨਹੀਂ, ਭਾਵ ਅੰਤ ਸਮੇਂ ਵੀ ਆਨੰਦ ਵਿਚ ਹੀ ਰਹਿੰਦੇ ਹਨ।੧੭। ਗੁਰਮੁਖ ਪੰਡਿਤ ਹੋਇ ਜਗ ਪਰਬੋਧੀਐ॥
ਗੁਰਮੁਖ ਸਤ ਸੰਤੋਖ ਨ ਕਾਮ ਵਿਰੋਧੀਐ॥
ਗੁਰਮੁਖ ਆਪ ਗਵਾਇ ਅੰਦਰ ਸੋਧੀਐ॥
ਗੁਰਮੁਖ ਹੈ ਨਿਰਵੈਰ ਨ ਵੈਰ ਵਿਰੋਧੀਐ॥
ਚਹੁੰ ਵਰਨਾ ਉਪਦੇਸ ਸਹਿਜ ਸਮੋਧੀਐ॥
ਧੰਨ ਜਣੇਂਦੀ ਮਾਉਂ ਜੋਧਾ ਜੋਧੀਐ ॥੧੮॥
ਗੁਰਮੁਖ ਪੰਡਿਤ ਹੋ ਕੇ ਜਗਤ ਨੂੰ ਉਪਦੇਸ਼ ਦੇਂਦੇ ਹਨ। ਗੁਰਮੁਖ ਆਪਾ ਬਾਵ (ਦਵੈਤ) ਨੂੰ ਗੁਆ ਦੇਂਦੇ ਹਨ, ਤੇ ਆਪਣੇ ਅੰਦਰ (ਇੰਦ੍ਰਿਆਂ ਤੇ ਮਨ ਦੀ) ਸੋਧ ਸੁਧਾਈ ਕਰਦੇ ਹਨ। ਗੁਰਮੁਖ ਸਤ ਤੇ ਸੰਤੋਖ (ਸੱਚ ਅਤੇ ਸਬਰ) ਦੇ ਧਨੀ ਹੁੰਦੇ ਹਨ ਤੇ ਉਹਨਾਂ ਅੰਦਰ ਨਾ ਕਾਮ-ਵਾਸ਼ਨਾ ਹੁੰਦੀ ਹੈ ਤੇ ਨਾ ਹੀ ਕਰੋਧ ਦੀ ਭਾਵਨਾ ਉਪਜਦੀ ਹੈ। ਗੁਰਮੁਖ ਨਿਰਵੈਰ ਹੁੰਦੇ ਹਨ ਤੇ ਉਨ੍ਹਾਂ ਦਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਹੁੰਦਾ (ਉਹ ਸਬਰ ਨਾਲ ਇਨ੍ਹਾਂ ਭਾਵਨਾਂ ਨੂੰ ਦਬਾ ਲੈਂਦੇ ਹਨ ਤੇ ਭਾਣੇ ਨੂੰ ਮਿੱਠਾ ਕਰ ਮੰਨਦੇ ਹਨ)। ਉਹ ਚਾਰੇ ਵਰਣਾਂ ਦੇ ਲੋਕਾਂ ਨੂੰ ਉਪਦੇਸ਼ ਦੇਂਦੇ ਹਨ ਤੇ ਸਹਿਜ ਵਿਖੇ ਲਿਵਲੀਨ ਹੋਏ ਰਹਿੰਦੇ ਹਨ। (ਐਸੇ) ਗੁਰਮੁਖ ਦੀ ਜਨਨੀ (ਮਾਤਾ) ਧੰਨ ਹੈ, ਜਿਸ ਨੇ ਐਸਾ ਸੂਰਮਾ (ਜੋ ਵਿਕਾਰਾਂ ਦੀ ਫੌਜ ਦਾ ਜੇਤੂ ਹੈ) ਜੋਧਾ ਤੇ ਬਹਾਦਰ ਪੁੱਤਰ ਪੈਦਾ ਕੀਤਾ ਹੈ।੧੮। ਗੁਰਮੁਖ ਸਤਿਗੁਰ ਵਾਹ ਸ਼ਬਦ ਸਲਾਹੀਐ॥
ਗੁਰਮੁਖ ਸਿਫਤ ਸਲਾਹ ਸਚੀ ਪਾਤਿਸ਼ਾਹੀਐ॥
ਗੁਰਮੁਖ ਸਚ ਸਨਾਹਦਾਤ ਇਲਾਹੀਐ॥
ਗੁਰਮੁਖ ਗਾਡੀ ਰਾਹ ਸਚ ਨਿਬਾਹੀਅ॥
ਗੁਰਮੁਖ ਮਤਿ ਅਗਾਹ ਨ ਗਹਣ ਗਹਾਈਐ॥
ਗੁਰਮੁਖ ਬੇਪਰਵਾਹ ਨ ਬੇਪਰਵਾਹੀਐ ॥੧੯॥
ਗੁਰਮੁਖ ਸਤਿ ਸਰੂਪ ਵਾਹਿਗੁਰੂ (ਤੇ ਸਤਿਗੁਰੂ) ਦੇ ਸ਼ਬਦ ਦੀ ਸਿਫਤ ਸਲਾਹੁਤਾ ਕਰਦੇ ਹਨ। ਗੁਰਮੁਖਾਂ ਕੋਲ ਸਿਫਤ-ਸਲਾਹ (ਕੇਵਲ) ਸੱਚੇ ਪਾਤਸ਼ਾਹ (ਪਰਮੇਸ਼ਰ ਤੇ ਸਤਿਗੁਰੂ) ਜੀ ਦੀ ਹੈ, (ਤੇ ਉਹਨਾਂ ਕੋਲ ਸੱਚੀ ਪਾਤਸ਼ਾਹੀ ਵੀ ਇਸੇ ਗੱਲ ਦੀ ਹੀ ਹੈ)। ਗੁਰਮੁਖ ਸੱਚੇ (ਪਰਮੇਸ਼ਰ ਨੂੰ ਹੀ) ਸਲਾਹੁੰਦੇ (ਤੇ ਵਡਿਆਈ ਕਰਦੇ) ਹਨ ਤੇ ਉਹਨਾਂ ਕੋਲ ਇੱਕ ਕਿਸਮ ਦੀ ਦਾਦਿ-ਇਲਾਹੀ (ਰੱਬੀ ਬਖਸ਼ਿਸ਼) ਹੈ। ਗੁਰਮੁਖਾਂ ਦਾ ਰਸਤਾ (ਗੁਰੂ ਦਾ ਦੱਸਿਆ) ਗਾਡੀ ਰਾਹੁ ਹੈਮ ਜੋ ਸੱਚ (ਸੱਚੇ ਪ੍ਰਭੂ ਤੀਕ) ਪਹੁੰਚਾ ਦਿੰਦਾ ਹੈ। ਗੁਰਮੁਖਾਂ ਦੀ ਮਤਿ (ਵਿਚ ਗੁਰੂ ਦੇ ਉਪਦੇਸ਼ ਦਾ ਅਸਰ ਹੁੰਦਾ ਹੈ, ਜਿਸ ਕਰਕੇ ਉਹ) ਗਹਿਰੇ ਵਿਦਵਾਨਾਂ ਵਾਲੀ ਹੁੰਦੀ ਹੈ, ਜਿਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਗੁਰਮੁਖ ਬੇਪਰਵਾਹ ਹੁੰਦੇ ਹਨ, (ਪਰ ਜੇ ਕੋਈ ਆਸ਼ਾ ਕਰਕੇ ਉਨ੍ਹਾਂ ਦੀ ਸ਼ਰਨ ਵਿਚ ਆਵੇ ਤਾਂ ਉਸਦੀ ਮਦਦ ਕਰਨ ਤੋਂ) ਬੇਪਰਵਾਹ ਨਹੀਂ ਹੁੰਦੇ।੧੯। ਗੁਰਮੁਖ ਪੂਰਾ ਤੋਲ ਨ ਤੋਲਣ ਤੋਲੀਐ॥
ਗੁਰਮੁਖ ਪੂਰਾ ਬੋਲ ਨ ਬੋਲਨ ਬੋਲੀਐ॥
ਗੁਰਮੁਖ ਮਤਿ ਅਡੋਲ ਨ ਡੋਲਣ ਡੋਲੀਐ॥
ਗੁਰਮੁਖ ਪਿਰਮ ਅਮੋਲ ਨ ਮੋਲਣ ਮੋਲੀਐ॥
ਗੁਰਮੁਖ ਪੰਥ ਨਿਰੋਲ ਨ ਰੋਲਣ ਰੋਲੀਐ॥
ਗੁਰਮੁਖ ਸ਼ਬਦ ਅਲੋਲ ਪੀ ਅੰਮ੍ਰਿਤ ਝੋਲੀਐ ॥੨੦॥
ਗੁਰਮੁਖਾਂ ਦੀ ਹਰ ਵਸਤੂ ਦਾ ਪੂਰਤ ਤੋਲ ਹੈ, ਜਿਸ ਨੂੰ ਕੋਈ ਚਾਹੇ ਕਿ ਅਕਲ ਦੀ ਤੱਕੜੀ ਨਾਲ ਤੋਲੇ, ਤਾਂ ਤੋਲ ਨਹੀਂ ਸਕਦਾ। ਗੁਰਮੁਖਾਂ ਦਾ ਬਚਨ ਭੀ ਪੂਰਾ ਹੈ (ਕੱਚਾ ਬਚਨ ਨਹੀਂ ਕਰਦੇ, ਜੋ ਕਹਿੰਦੇ ਹਨ, ਕਰ ਦਿਖਾਉਂਦੇ ਹਨ) ਜੋ ਰੀਸ ਕਰਨ ਨਾਲ ਬੋਲ ਕੇ ਬਲਿਆ ਨਹੀਂ ਜਾਂਦਾ (ਭਾਵ ਜੇ ਕੋਈ ਕਰਨੀ ਰਹਿਤ ਮਨੁਖ ਉਨ੍ਹਾਂ ਦੇ ਬੋਲਾਂ ਦੀ ਰੀਸ ਕਰਨਾ ਚਾਹੇ, ਤਾਂ ਨਹੀਂ ਕਰ ਸਕਦਾ)। ਗੁਰਮੁਖਾਂ ਦੀ ਮਤਿ ਸਥਿਰਤਾ ਵਾਲੀ ਹੈ, (ਜੋ ਕਿਸੇ ਦੇ ਦਬਾਅ ਜਾਂ ਹੋਰ ਭਰਮ ਭੁਲੇਖੇ ਵਿਚ ਪਾ ਕੇ) ਡੁਲਾਇਆਂ ਡੋਲਦੀ ਨਹੀਂ। ਗੁਰਮੁਖਾਂ ਦਾ ਪੰਥ (ਰਸਤਾ) ਵੀ ਨਿਰੋਲ (ਮਿਲਾਵਟ ਰਹਿਤ) ਹੈ, ਜੋ ਕਿਸੇ ਦੇ ਰੋਲਿਆਂ (ਜਾਂ ਰਲਾਇਆਂ ਕਿਸੇ ਹੋਰ ਨਾਲ ਰਲਦਾ) ਰੁਲਦਾ ਨਹੀਂ ਹੈ। ਗੁਰਮੁਖਾਂ ਦਾ ਸ਼ਬਦ (ਉਪਦੇਸ਼ ਅੰਮ੍ਰਿਤ) ਸਥਿਰਤਾ ਵਾਲਾ ਹੈ, (ਜਿਸ ਨੂੰ ਵਿਸ਼ਿਆ ਦੇ ਬੂਰ ਨੂੰ ਹਟਾ ਕੇ) ਝੋਲ ਕੇ ਪੀਤਾ ਜਾ ਸਕਦਾ ਹੈ।੨੦। ਗੁਰਮੁਖ ਸੁਖਫਲ ਪਾਇ ਸਭ ਫਲ ਪਾਇਆ॥
ਰੰਗ ਸੁਰੰਗ ਚੜ੍ਹਾਇ ਸਭ ਰੰਗ ਲਾਇਆ॥
ਗੰਧ ਸੁਗੰਧ ਸਮਾਇ ਬੋਹਿ ਬੋਹਾਇਆ॥
ਅੰਮ੍ਰਿਤ ਰਸ ਤ੍ਰਿਪਤਾਇ ਸਭ ਰਸ ਆਇਆ॥
ਸ਼ਬਦ ਸੁਰਤਿ ਲਿਵਲਾਇ ਅਨਹਦ ਵਾਇਆ॥
ਨਿਜ ਘਰ ਨਿਹਚਲ ਜਾਇ ਨ ਦਹਦਿਸ ਧਾਇਆ ॥੨੧॥
੧੯॥
ਗੁਰਮੁਖਾਂ ਨੇ ਸੁਖ ਫਲ (ਆਤਮ ਰਸ ਆਨੰਦ) ਪਾ ਕੇ ਇਸੇ ਦੀ ਬਦੌਲਤ ਹੋਰ ਸਭ ਫਲ (ਸੁਖ) ਪ੍ਰਾਪਤ ਕਰ ਲਏ ਹਨ। (ਉਹਨਾਂ ’ਤੇ ਜੀਵਨ ਪਦ ਦਾ) ਸੁੰਦਰ ਰੰਗ ਚੜ੍ਹ ਗਿਆ ਹੈ (ਜਿਸ ਨਾਲ ਗੁਰਮੁਖਾਂ ਨੂੰ ਹੋਰ ਵੀ) ਸਭ ਰੰਗ (ਭਾਗ) ਲੱਗ ਗਏ ਹਨ। (ਗੁਰਮੁਖਾਂ ਦੇ ਅੰਦਰ ਸੇਵਾ ਤੇ ਸਿਮਰਨ ਦੀ) ਖੁਸ਼ਬੋ ਤੇ ਸੁਗੰਧੀ ਸਮਾਈ ਹੋਈ ਹੈ, (ਜਿਸ ਸੁਗੰਧੀ ਨਾਲ ਉਨ੍ਹਾਂ ਨੇ ਆਪਣੇ ਸਭ ਆਲੇ ਦੁਆਲੇ ਨੂੰ) ਸੁਗੰਧਤ ਕਰ ਦਿੱੱਤਾ ਹੈ। ਉਹ ਅੰਮ੍ਰਿਤ ਰਸ (ਦੇ ਭੋਜਨ ਨਾਲ) ਤ੍ਰਿਪਤ ਹੋ ਗਏ ਹਨ ਭਾਵ ਰੱਜ ਗਏ ਹਨ, ਜਿਸ ਨਾਲ ਉਹਨਾਂ ਨੂੰ ਸਾਰੇ ਹੀ ਰਸ ਪ੍ਰਾਪਤ ਹੋ ਗਏ ਹਨ। ਗੁਰਮੁਖਾਂ ਨੇ ਸ਼ਬਦ ਨੂੰ ਸੁਰਤੀ (ਧਿਆਨ) ਵਿਚ ਰੱਖ ਕੇ ਲਿਵ ਜੋੜੀ ਹੈ ਤੇ ਆਪਣੇ ਅੰਦਰ ਅਨਹਦ (ਇਕ ਰਸ) ਦੇ ਵਾਜੇ ਵਜਦੇ ਸੁਣੇ ਹਨ। (ਇਸ ਤਰ੍ਹਾਂ ਗੁਰਮੁਖ) ਆਪਣੇ ਨਿੱਜ ਘਰ ਦੇ ਅਸਥਿਰ ’ਤੇ ਪੁੱਜ ਜਾਂਦੇ ਹਨ ਤੇ (ਮਨਮੁਖਾਂ ਦੇ ਦੁਖਦਾਈ) ਦਸੋ-ਦਿਸ਼ਾਂ ਦੀ ਭੱਜ ਨੱਠ ਦੇ ਚੱਕਰ ਵਿਚ ਨਹੀਂ ਪੈਂਦੇ।੨੧।੧੯।