ਰਾਜੇ ਮੀਹ ਮੁਕਦਮ ਕੁਤੇ॥ ਮਨੁੱਖ ਕੋਲ ਸਰੀਰਕ ਤੇ ਬੌਧਿਕ ਬਲ ਕਾਫ਼ੀ ਹੈ, ਇਸ ਦੀ ਵਰਤੋਂ ਮਨੁੱਖ ਸਹੀ ਕਰ ਸਕੇ, ਰਾਜਨੀਤੀ ਦਾ ਜਨਮ ਹੋਇਆ। ਪਸ਼ੂ-ਜਗਤ ਵਿਚ ਵੱਡਾ ਪਸ਼ੂ ਛੋਟੇ ਪਸ਼ੂ ਨੂੰ ਖਾ ਜਾਂਦਾ ਹੈ। ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ। ਸ਼ੇਰ ਮ੍ਰਿਗਾਵਲੀ 'ਤੇ ਟੁੱਟ ਪੈਂਦਾ ਹੈ। ਡੱਡੂਆਂ, ਸੱਪਾਂ, ਚਿੜੀਆਂ 'ਤੇ ਬਾਜ ਕਾਬੂ ਪਾ ਲੈਂਦਾ ਹੈ। ਵੱਡੇ ਦਰੱਖ਼ਤ ਦੇ ਥੱਲੇ ਛੋਟੇ ਨਹੀਂ ਪਨਪਦੇ। ਮਨੁੱਖੀ ਦੁਨੀਆ ਵਿਚ ਹਰ ਇਕ ਨੂੰ ਵਧਣ ਫੁਲਣ ਦਾ ਅਵਸਰ ਮਿਲ ਸਕੇ, ਰਾਜਾ ਪ੍ਰਥਾ ਦਾ ਜਨਮ ਹੋਇਆ, ਇਥੇ ਵੱਡਾ ਛੋਟੇ ਨੂੰ ਖਾ ਨਾ ਜਾਵੇ ਤੇ ਛੋਟਾ ਮਨੁੱਖ ਵੱਡੇ ਮਨੁੱਖ ਦੀ ਉਲੰਘਣਾ ਨਾ ਕਰਨ ਲੱਗ ਪਵੇ, ਕੁਛ ਨਿਯਮ ਬਣਾਏ ਗਏ, ਰਾਜਨੀਤੀ ਦੀ ਆਪਣੀ ਮਹਾਨਤਾ ਹੈ ਤੇ ਇਸ ਦੀ ਲੋੜ ਹੈ, ਪਰ ਰਾਜਨੀਤੀ ਦੀ ਪਹੁੰਚ ਬਹੁਤ ਗਹਿਰੀ ਨਹੀਂ ਹੈ।
ਮਨੁੱਖ ਨੂੰ ਮਨ ਨਾਲ ਬੁਰਾ ਕਰਨ ਦੀ ਪੂਰੀ ਖੁੱਲ੍ਹ ਹੈ। ਜੋ ਮਨ ਵਿਚ ਬੁਰਾ ਕੀਤਾ ਜਾਂਦਾ ਹੈ, ਇਹ ਪਾਪ ਹੈ ਤੇ ਜੋ ਤਨ ਨਾਲ ਕੀਤਾ ਜਾਏ, ਇਹ ਅਪਰਾਧ ਹੈ। ਪਾਪ ਤਕ ਸਮਾਜ ਕਾਨੂੰਨ ਦੀ ਪਹੁੰਚ ਨਹੀਂ ਹੈ, ਇਸ ਵਾਸਤੇ ਪਾਪ ਕਰਨ ਦੀ ਖੁੱਲ੍ਹ ਹੈ। ਵੇਖਣ ਵਿਚ ਐਸਾ ਹੀ ਆਇਆ ਹੈ ਕਿ ਸੌ ਵਿੱਚੋਂ ਇਕ ਨੂੰ ਛੱਡ ਕੇ ਬਾਕੀ ਸਭ ਪਾਪੀ ਹਨ, ਕਿਉਂਕਿ ਹਰ ਇਕ ਦੇ ਮਨ ਵਿਚ ਕੋਈ ਨਾ ਕੋਈ ਬੁਰੀ ਧਾਰਨਾ ਹੁੰਦੀ ਹੈ। ਮਨ ਨਾਲ ਕਿਸੇ ਦਾ ਕਤਲ, ਚੋਰੀ ਜਾਂ ਯਾਰੀ ਕੀਤੀ ਜਾਏ ਤਾਂ ਕਾਨੂੰਨ ਨੂੰ ਇਸ ਦਾ ਕੋਈ ਬੋਧ ਨਹੀਂ ਹੈ। ਪਾਪੀਆਂ ਦੀ ਸੰਖਿਆ ਘੱਟ ਹੈ, ਅਪਰਾਧੀਆਂ ਦੀ ਸੰਖਿਆ ਬਹੁਤ ਜ਼ਿਆਦਾ ਹੈ। ਕਾਨੂੰਨ ਸਜ਼ਾ ਸਿਰਫ਼ ਅਪਰਾਧੀਆਂ ਨੂੰ ਹੀ ਦੇ ਸਕਦਾ ਹੈ, ਜੋ ਕਿਸੇ ਦਾ ਕਤਲ, ਚੋਰੀ-ਜਾਰੀ ਕਰ ਲੈਂਦੇ ਹਨ ਤੇ ਜੇਲ੍ਹ ਵਿਚ ਅਪਰਾਧੀ ਜਾਂਦੇ ਹਨ, ਤੇ ਇਨ੍ਹਾਂ ਦੀ ਤਾਦਾਦ ਕੋਈ ਇਕ ਪ੍ਰਤੀਸ਼ਤ ਹੈ, ਪਾਪ ਜ਼ਿਆਦਾ ਹੈ, ਅਪਰਾਧ ਘੱਟ ਹੈ, ਪਰ ਜੋ ਮਨ ਵਿਚ ਪਾਪ ਹੈ, ਜੇ ਲਗਾਤਾਰ ਮਨ ਵਿਚ ਟਿਕਿਆ ਰਹੇ ਤਾਂ ਅਪਰਾਧ ਬਣ ਜਾਂਦਾ ਹੈ।
ਪਾਪ ਨਾਲ ਤਾਂ ਖ਼ੁਦ ਪੀੜਤ ਹੁੰਦਾ ਹੈ, ਪਰ ਅਪਰਾਧ ਨਾਲ ਤਾਂ ਦੂਜੇ ਵੀ ਪੀੜਤ ਹੁੰਦੇ ਹਨ। ਅਪਰਾਧ ਨਾ ਹੋ ਸਕੇ, ਕਿਸੇ ਮਨੁੱਖ ਤੋਂ ਦੂਜਾ ਪੀੜਤ ਨਾ ਹੋਵੇ, ਨੈਤਿਕ ਵਿਵਸਥਾ ਬਣਾਈ ਗਈ ਪਰ ਇਸ ਨੈਤਿਕ ਵਿਵਸਥਾ ਨਾਲ ਅਪਰਾਧ ਘਟੇ ਨਹੀਂ ਹਨ ਬਲਕਿ ਵਧੇ ਹਨ। ਸੰਸਾਰ ਭਰ ਦੀਆਂ ਜੇਲ੍ਹਾ ਅਪਰਾਧੀਆਂ ਨਾਲ ਭਰੀਆਂ ਪਈਆਂ ਹਨ। ਇਹ ਦੁਖਾਂਤ, ਘਟਨਾ ਦੀਰਘ ਸੋਚ ਮੰਗਦੀ ਹੈ। ਕੀ ਕਰਾਨ ਹੈ? ਇਤਨੀ ਨੈਤਿਕ ਵਿਵਸਥਾ ਹੋਣ ਦੇ ਬਾਵਜੂਦ ਵੀ ਮਨੁੱਖ ਨੂੰ ਜੀਵਨ ਦਾ ਢੰਗ ਨਾ ਆ ਸਕਿਆ, ਇਹ ਘਟਨਾ ਦੀਰਘ ਸੋਚ ਮੰਗਦੀ ਹੈ। ਇਕ ਕਹਾਵਤ ਹੈ: ਯਥਾ ਰਾਜਾ, ਤਥਾ ਪਰਜਾ। ਨਿਰਧਨ ਧਨਵਾਨ ਦੀ ਨਕਲ ਕਰਦਾ ਹੈ। ਨਿਰਗੁਣ ਗੁਣਵਾਨ ਦੀ ਨਕਲ ਕਰਦਾ ਹੈ।
ਜੋ ਮਨੁੱਖ ਧਨ, ਸ਼ੋਹਰਤ, ਪਦ ਵਿਚ ਅੱਗੇ ਨਿਕਲ ਗਿਆ ਹੈ, ਉਸ ਅੱਗੇ ਨਿਕਲ ਗਏ ਦੀ ਨਕਲ ਚੱਲ ਪੈਂਦੀ ਹੈ ਤੇ ਅੱਗੇ ਨਿਕਲ ਗਿਆ ਭਟਕ ਗਿਆ ਹੈ ਤਾਂ ਪਿੱਛੇ ਚੱਲਣ ਵਾਲੇ ਵੀ ਭਟਕ ਹੀ ਜਾਂਦੇ ਹਨ। ਪਦ ਪ੍ਰਤਿਸ਼ਟਾ ਵਿਚ ਸੱਤਾਧਾਰੀ ਕਿਸ ਤਰ੍ਹਾਂ ਅੱਗੇ ਨਿਕਲਿਆ, ਉਹੀ ਤਰੀਕਾ ਦੂਜੇ ਵੀ ਅਪਨਾਂਦੇ ਹਨ। ਜਿਹੜਾ ਮਨੁੱਖ ਜ਼ਿਆਦਾ ਸਾਹਸੀ, ਤਾਕਤਵਰ ਸੀ, ਜ਼ਿਆਦਾ ਪ੍ਰਤਿਭਾਸ਼ਾਲੀ ਸੀ, ਉਸ ਨੇ ਆਪਣੇ ਆਲੇ-ਦੁਆਲੇ ਕੁਛ ਹਿਮਾਇਤੀ ਇਕੱਠੇ ਕਰ ਲਏ ਤੇ ਉਨ੍ਹਾਂ ਦੇ ਆਸਰੇ 'ਤੇ ਦੂਜਿਆਂ ਨੂੰ ਦਬਾ ਕੇ ਰੱਖਣ ਲੱਗ ਪਿਆ। ਚੱਲਦੇ ਚਲੱਦੇ ਐਸੀ ਫ਼ਿਤਰਤ ਦੇ ਮਨੁੱਖ ਰਾਜੇ ਮਹਾਰਾਜੇ ਬਾਦਸ਼ਾਹ ਬਣ ਗਏ। ਸ਼ੁਰੂਆਤ ਵਿਚ ਰਾਜ-ਪ੍ਰਥਾ ਇਸੇ ਢੰਗ ਨਾਲ ਹੀ ਚੱਲੀ ਸੀ।
ਧਨ-ਸੰਪਦਾ ਬਹੁਤ ਹੋ ਗਈ ਤੇ ਉਸ ਦੀ ਰਖਵਾਲੀ ਵਾਸਤੇ ਸਿਪਾਹੀ ਰੱਖ ਲਏ। ਫਿਰ ਪੀੜ੍ਹੀ-ਦਰ-ਪੀੜ੍ਹੀ ਇਹ ਬਾਦਸ਼ਾਹਤ ਚੱਲਣ ਲੱਗ ਪਈ। ਕਦੀ ਕਦੀ ਇਸ ਪੀੜ੍ਹੀ ਵਿਚ ਚੰਗੇ ਮਹਾਂਪੁਰਸ਼ ਵੀ ਪੈਦਾ ਹੁੰਦੇ ਰਹੇ-ਜਨਕ, ਹਰੀਸ਼ ਚੰਦਰ, ਬਿਕ੍ਰਮਾਜੀਤ, ਮਹਾਰਾਜਾ ਰਣਜੀਤ ਸਿੰਘ ਜੈਸੇ ਸੰਤ, ਭਗਤ, ਗੁਰਸਿੱਖ ਪੈਦਾ ਹੋਏ ਲੇਕਿਨ ਇਹ ਆਟੇ ਵਿਚ ਲੂਣ ਜਿਤਨੇ ਵੀ ਨਹੀਂ ਹਨ। ਜ਼ਿਆਦਾ ਉਹੀ ਸਨ ਜੋ ਮੁਫ਼ਤ ਦੀ ਧਨ-ਸੰਪਦਾ ਪ੍ਰਾਪਤ ਕਰ ਕੇ ਵਿਲਾਸੀ ਹੋ ਗਏ। ਹਰਮ ਰਾਣੀਆਂ ਤੇ ਬੇਗਮਾਂ ਨਾਲ ਭਰ ਲਏ। ਇਨ ਰਾਤ ਰਾਗ ਰੰਗ ਦੀ ਮਹਿਫ਼ਲ ਵਿਚ ਲੀਨ ਰਹਿਣ ਲੱਗ ਪਏ। ਪਰਜਾ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਆਪਣੀ ਨਿੱਜੀ ਐਸ਼ੋ-ਇਸ਼ਰਤ 'ਤੇ ਖਰਚ ਕਰਨ ਲੱਗ ਪਏ।
ਸ਼ਰਾਬ ਪਾਣੀ ਦੀ ਤਰ੍ਹਾਂ ਪੀਣ ਲੱਗ ਪਏ ਅਤੇ ਹਾਲਾਤ ਇਸ ਹੱਦ ਤਕ ਬਦਤਰ ਹੋ ਗਏ ਕਿ ਲੋਕਾ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਵੀ ਮਹਿਫ਼ੂਜ਼ ਨਾ ਰਹਿ ਸਕੀ। ਜਦ ਚਾਹਿਆ ਕਿਸੇ ਦੀ ਅਸਮਤ ਲੁੱਟ ਲਈ। ਰੰਚਕ ਮਾਤਰ ਕਿਸੇ ਨੇ ਇਨਸਾਫ਼ ਤੇ ਸੱਚਾਈ ਵਾਸਤੇ ਦੁਹਾਈ ਦਿੱਤੀ ਤਾਂ ਕਿਸੇ ਦੀ ਜ਼ਬਾਨ ਕੱਟ ਦਿੱਤੀ, ਕਿਸੇ ਦੀਆਂ ਅੱਖਾਂ ਕੱਢ ਲਈਆਂ, ਕਿਸੇ ਨੂੰ ਸੂਲੀ ਚਾੜ੍ਹਿਆ ਤੇ ਕਿਸੇ ਨੂੰ ਕੋੜੇ ਮਾਰ ਕੇ ਅਧਮੋਇਆ ਕੀਤਾ। ਰੋਮ ਦੇ ਬਾਦਸ਼ਾਹ ਕੁਛ ਤਾਂ ਐਸੇ ਮਨੁੱਖ ਨੂੰ ਸ਼ੈਰਾਂ ਦੇ ਪਿੰਜਰਿਆਂ ਵਿਚ ਜ਼ਿੰਦਾ ਸੁੱਟ ਦੇਂਦੇ ਸਨ ਤੇ ਉਸ ਦੀ ਬੇ-ਵਸੀ ਦਾ ਦ੍ਰਿਸ਼ ਆਪਣੀਆਂ ਅੱਖਾਂ ਵਿਚ ਵੇਖ ਰਸ ਲੈਂਦੇ ਸਨ। ਇਕ ਪ੍ਰਤੀਸ਼ਤ ਰਾਜਿਆਂ ਤੇ ਬਾਦਸ਼ਾਹਾਂ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਇਤਿਹਾਸ ਖੂਨੀ ਕਾਰਨਾਮਿਆਂ ਨਾਲ ਭਰਿਆ ਪਿਆ ਹੈ।
ਅੱਯਾਸ਼ੀ ਤੇ ਬਦਮਾਸ਼ੀ ਉਨ੍ਹਾਂ ਦੀ ਫ਼ਿਤਰਤ ਬਣ ਚੁੱਕੀ ਸੀ। ਐਸੀ ਹਾਲਤ ਵੇਖ, ਅਣਖੀਲੇ ਬੰਦੇ ਬਾਗ਼ੀ ਹੋਣ ਲੱਗ ਪਏ ਤੇ ਸਹਿਜੇ ਸਹਿਜੇ ਬਾਗ਼ੀਆਂ ਦੀ ਗਿਣਤੀ ਵੱਧ ਪਈ ਯਾ ਬਾਗ਼ੀਆਂ ਦੇ ਇਕੱਠ ਨੇ ਹਰ ਮੁਲਕ ਵਿਚ ਵਿਦਰੋਹ ਖੜਾ ਕਰ ਦਿੱਤਾ। ਕਿਸੇ ਕਿਸੇ ਥਾਂ ਵਿਦਰੋਹੀ ਸਫਲ ਹੋਏ ਤਾਂ ਰਾਜ-ਪ੍ਰਥਾ ਦਾ ਵਿਕਲਪ ਲੱਭਿਆ ਗਿਆ। ਗਣਤੰਤਰ ਤੇ ਸਮਾਜਵਾਦ (ਡੈਮੋਕਰੇਸੀ ਤੇ ਕਮਿਊਨਿਜ਼ਮ) ਦੀ ਪ੍ਰਥਾ ਪ੍ਰਗਟ ਹੋਈ। ਅਜੇ ਕਿਧਰੇ ਜਮਹੂਰੀਅਤ ਹੈ ਤੇ ਕਿਧਰੇ ਕਮਿਊਨਿਜ਼ਮ। ਬਾਦਸ਼ਾਹ ਸ਼ਖ਼ਸੂ ਰਾਜ-ਪ੍ਰਥਾ ਹੁਣ ਥੋੜੇ ਮੁਲਕਾਂ ਵਿਚ ਰਹਿ ਗਈ ਹੈ। ਸ਼ਖਸੀ ਹਕੂਮਤ ਤੇ ਭ੍ਰਸ਼ਟ ਹੋਣ 'ਤੇ ਜੋ ਕ੍ਰਾਂਤੀ ਹੋਈ, ਉਸ ਤੋਂ ਗਣਤੰਤਰ ਤੇ ਸਮਾਜਵਾਦ ਨੇ ਜਨਮ ਲਿਆ।
ਇਸ ਕ੍ਰਾਂਤੀ ਵਿੱਚੋਂ ਜੰਮੇ ਇਹ ਦੋਵੇਂ ਬੱਚੇ ਵੀ ਪੰਗੂ ਸਾਬਿਤ ਹੋਏ। ਜਮਹੂਰੀ ਨਿਜ਼ਾਮ ਵੇਖੀਏ ਤਾਂ ਇਥੇ ਇਹ ਸਾਫ਼ ਦਿਖਾਈ ਦੇਂਦਾ ਹੈ ਕਿ ਨਿਰਧਨ ਮਨੁੱਖ ਚੁਣਾਓਂ ਨਹੀਂ ਲੜ ਸਕਦਾ। ਧਨ ਜਿਸ ਕੋਲ ਅਧਿਕ ਹੈ ਯਾ ਜਿਸ ਕੋਲ ਤਰ੍ਹਾਂ-ਤਰ੍ਹਾਂ ਦੀ ਸਾਜ਼ਸ਼ਾਂ ਘੜਨ ਵਾਲੀ ਬ੍ਰਿਤੀ ਹੈ ਤੇ ਉਸ ਬ੍ਰਿਤੀ ਨਾਲ ਜਰਾਇਮ-ਪੇਸ਼ਾ ਲੋਕਾਂ ਦੀ ਮਦਦ ਨਾਲ ਉਹ ਸੱਤਾ ਪ੍ਰਾਪਤ ਕਰਨ ਵਿਚ ਸਫਲ ਹੋ ਜਾਂਦਾ ਹੈ। ਧਨਵਾਨਾਂ ਤੇ ਵਿਲਾਸੀ ਮਨੁੱਖਾਂ ਕੋਲੋਂ ਰਾਜ-ਸੱਤਾ ਖੋਹ, ਫਿਰ ਰਾਜ-ਸੱਤਾ ਧਨਵਾਨਾਂ ਤੇ ਵਿਲਾਸੀ ਅੱਯਾਸ਼ ਮਨੁੱਖਾਂ ਦੇ ਹੱਥਾਂ ਵਿਚ ਚਲੀ ਗਈ। ਜਿਹੜੇ ਜਿਹੜੇ ਮੁਲਕ ਸਮਾਜਵਾਦ ਦੀ ਲਪੇਟ ਵਿਚ ਆਏ, ਇਹ ਮੁਲਕ ਇਕ ਜੇਲ੍ਹਖਾਨਾ ਬਣ ਕੇ ਰਹਿ ਗਏ।
ਸਮਾਜਵਾਦ ਮੁਲਕਾਂ ਦੇ ਸੱਤਾਧਾਰੀ ਅੱਜ ਜਿਤਨੀ ਆਪਣੇ ਹੱਥਾਂ ਵਿਚ ਸ਼ਕਤੀ ਰੱਖਦੇ ਹਨ, ਇਤਨੀ ਪਹਿਲੇ ਕਦੇ ਵੀ ਨਹੀਂ ਸੀ। ਇਹ ਕਹਿੰਦੇ ਹਨ ਕਿ ਅਸੀਂ ਸਾਰਿਆਂ ਨੂੰ ਇਕ ਕਰਨਾ ਹੈ, ਪਰ ਜੇਕਰ ਸਾਰਿਆਂ ਨੂੰ ਮਕਾਨ ਇਕ ਜੈਸੇ, ਕਪੜੇ ਤੇ ਵੇਤਨ ਇਕ ਜੈਸਾ ਦਿੱਤਾ ਤਾਂ ਫਿਰ ਅਸੀਂ ਵੇਖਦੇ ਹਾਂ ਕਿ ਜੇ ਬੁੱਧੀਮਾਨ ਹੈ, ਉਹੋ ਫ਼ੈਕਟਰੀ ਦਾ ਮੈਨੇਜਰ ਬਣ ਜਾਂਦਾ ਹੈ-ਬਾਕੀ ਮਜ਼ਦੂਰ। ਇਕ ਫ਼ੌਜ਼ ਵਿਚ ਜਨਰਲ ਬਣ ਜਾਂਦਾ ਹੈ-ਦੁਜਾ ਸਿਪਾਹੀ। ਇਕ ਸਾਰਿਆਂ ਨੂੰ ਬਰਾਬਰ ਕਰਦਾ ਕਰਦਾ ਪੂਰੀ ਸੱਤਾ ਆਪਣੇ ਹੱਥ ਵਿਚ ਰੱਖ ਲੈਂਦਾ ਹੈ, ਤੇ ਬਾਕੀ ਸਾਰੇ ਸ਼ਕਤੀ-ਹੀਣ ਹੋ ਜਾਂਦੇ ਹਨ। ਰਾਜੇ ਬਾਦਸ਼ਾਹਾਂ ਦੇ ਖ਼ਿਲਾਫ਼ ਵਿਦਰੋਹ ਵਾਸਤੇ ਗੁੰਜਾਇਸ਼ ਸੀ, ਪਰ ਸਮਾਜਵਾਦੀ ਦੇਸ਼ਾਂ ਨੇ ਤਾਂ ਇਤਨੀ ਸ਼ਕਤੀ ਵੀ ਮਨੁੱਖ ਕੋਲ ਨਹੀਂ ਰਹਿਣ ਦਿੱਤੀ।
ਜੋ ਕਿਸੇ ਆਵਾਜ਼ ਉਠਾਈ ਤਾਂ ਤਤ-ਛਿਨ ਗੋਲੀ ਨਾਲ ਉਡਾ ਦਿੱਤਾ, ਯਾ ਸਾਰੀ ਜ਼ਿੰਦਗੀ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ। ਅੱਜ ਸਮਾਜਵਾਦੀ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਕਿਤਨੇ ਕਵੀ, ਸਾਹਿਤਕਾਰ ਜੋ ਸਮਾਜਵਾਦੀ ਪ੍ਰਣਾਲੀ ਨਾਲ ਸਹਿਮਤ ਨਾ ਹੋਵੇ- ਸੜ ਰਹੇ ਹਨ। ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੋਵੇ ਤਾਂ ਪਾਸਪੋਰਟ ਚਾਹੀਦਾ ਹੈ। ਘੋਰ ਜ਼ੁਲਮ, ਆਪਣੇ ਹੀ ਦੇਸ਼ ਵਿਚ ਪਾਸਪੋਰਟ ਦੀ ਲੋੜ ਪੈ ਜਾਵੇ ਤੇ ਆਪਣੇ ਮੁਲਕ ਦਾ ਦੂਜਾ ਸ਼ਹਿਰ ਵੇਖਣਾ ਅੋਖਾ ਹੋਵੇ, ਇਨ੍ਹਾਂ ਦੇਸ਼ਾਂ ਵਿਚ ਬਾਹਰੋ ਤੋਂ ਚਿੱਠੀਆਂ ਨਹੀਂ ਜਾ ਸਕਦੀਆਂ ਤੇ ਉਥੋਂ ਕੋਈ ਚਿੱਠੀ ਨਹੀਂ ਆ ਸਕਦੀ। ਸਿੱਧਾ ਟੈਲੀਫੋਨ ਨਹੀਂ ਕਰ ਸਕਦੇ।
ਸਮੁੱਚ ਮੁਲਕ ਨੂੰ ਇਕ ਜੇਲ੍ਹ ਬਣਾ ਦਿੱਤਾ, ਇਨ੍ਹਾਂ ਸਮਾਜਵਾਦੀ ਕ੍ਰਾਂਤੀਕਾਰੀਆਂ ਨੇ। ਜਿਥੇ ਜਿਥੇ ਜਨਤਾ ਨੇ ਇਨ੍ਹਾਂ ਦਾ ਸਾਥ ਦੇ ਕੇ ਕ੍ਰਾਂਤੀ ਨੂੰ ਸਫਲ ਕੀਤਾ, ਉਹ ਅੱਜ ਖ਼ੂਨ ਦੇ ਹੰਝੂ ਰੋ ਰਹੇ ਹਨ। ਜਿਸ ਦੀ ਹੋਂਦ ਨੇ ਮਨੁੱਖ ਬਣਾਉਣਾ ਹੈ ਤੇ ਪਰਉਪਕਾਰੀ ਬਿਰਤੀਆਂ ਨੂੰ ਜਨਮ ਦੇਣਾ ਹੈ, ਉਹ ਹੈ ਧਰਮ। ਔਰ ਜਦ ਧਰਮ ਖੋਹ ਜਾਂਦਾ ਹੈ, ਸੱਤਾਧਾਰੀ ਦਰਿੰਦੇ ਹੋ ਜਾਂਦੇ ਹਨ ਤੇ ਉਨ੍ਹਾਂ ਦੇ ਅਨੁਯਾਈ ਕੂਕਰ ਬ੍ਰਿਤੀ ਦੇ ਹੋ ਜਾਂਦੇ ਹਨ। ਰਾਜੇ ਮੀਹ ਮੁਕਦਮ ਕੁਤੇ॥ {ਮਲਾਰ ਵਾਰ ਮ:੧, ਪੰਨਾ ੧੨੮੮} ਜਿਸ ਕੋਲ ਸਤਿ ਹੋਵੇ, ਉਹੀ ਠੀਕ ਸੱਤਾ ਚਲਾ ਸਕਦਾ ਹੈ। ਸਤਿ ਬਿਨਾ ਬੰਦਗੀ ਤੋਂ ਨਹੀਂ ਮਿਲਦਾ: ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ।
{ਇਕਬਾਲ} ਧਰਮ-ਹੀਣੀ ਸੱਤਾ ਚੰਗੇਜ਼ੀ ਤੇ ਹਲਾਕੂ ਦੀ ਸੱਤਾ ਹੈ। ਸੱਤਾ ਜਿਤਨੇ ਤਕ ਸਤਿਵਾਦੀ ਕੋਲ ਨਹੀਂ ਆਂਵਦੀ ਉਤਨੇ ਤਕ ਇਹ ਉਪੱਦ੍ਰਵ ਤੇ ਅਨਿਆਇ ਭ੍ਰਿਸ਼ਟਾਚਾਰ ਰਹੇਗਾ। ਕੋਰੀ ਸੱਤਾ ਮਨੁੱਖ ਨੂੰ ਭ੍ਰਸ਼ਟ ਕਰ ਦੇਂਦੀ ਹੈ।