ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ (ਪਾਰਟ ੩) ਮਹਾਨ ਹੈ ਉਹ ਵਿਅਕਤੀ, ਸਤਿਕਾਰਯੋਗ ਹੈ ਉਹ ਵਿਅਕਤੀ, ਜਿਸ ਨੇ ਇਹ ਗਿਆਨ ਜਗਤ ਦੇ ਸਾਹਮਣੇ ਰੱਖਿਆ। ਪਰ ਜੇਕਰ ਉਹ ਆਖੇ ਕਿ ਮੈਂ ਹੀ ਗਿਆਨ ਹਾਂ ਅਤੇ ਮੈਂ ਹੀ ਗੁਰੂ ਹਾਂ, ਮੈਂ ਹੀ ਪਰਮਾਤਮਾ ਹਾਂ; ਇਹ ਤਾਂ ਇਸ ਤਰ੍ਹਾਂ ਹੋ ਗਿਆ ਕਿ ਘੜਾ ਆਖੇ ਕਿ ਮੈਂ ਹੀ ਪਾਣੀ ਹਾਂ, ਕੋਈ ਨਲਕਾ ਆਕੈ ਕਿ ਮੈਂ ਹੀ ਪਾਣੀ ਹਾਂ। ਬਸ, ਇਹੋ ਹੀ ਇਕ ਵੱਡਾ ਭੁਲੇਖਾ ਹੈ। ਪਰੰਤੂ ਸੱਚ ਇਹੋ ਹੈ ਕਿ ਪਿਆਸ ਪਾਣੀ ਤੋਂ ਹੀ ਬੁਝੇਗੀ, ਆਤਮਿਕ ਕਲਿਆਣ ਗਿਆਨ ਤੋਂ ਹੀ ਹੋਵੇਗਾ, ਗੁਰਬਾਣੀ ਤੋਂ ਹੀ ਹੋਵੇਗਾ। ਇਹ ਗੁਰਬਾਣੀ ਚਾਹੋ ਪੱਥਰਾਂ ’ਤੇ ਲਿਖੀ ਹੋਵੇ, ਚਾਹੇ ਕਾਗ਼ਜ਼ ’ਤੇ ਲਿਖੀ ਹੋਵੇ, ਚਾਹੇ ਮਨੁੱਖੀ ਹਿਰਦੇ ’ਤੇ ਲਿਖੀ ਹੋਵੇ; ਕਿਧਰੇ ਵੀ ਲਿਖੀ ਹੋਵੇ, ਆਤਮਿਕ ਗਿਆਨ ਕੇਵਲ ਗੁਰਬਾਣੀ ਤੋਂ ਹੀ ਹੋਵੇਗਾ, ਆਤਮਿਕ ਸ਼ਾਂਤੀ ਉਨ੍ਹਾਂ ਬੋਲਾਂ ਤੋਂ ਹੀ ਹੋਵੇਗੀ, ਜਿਹੜੇ ਬੋਲ ਪਰਮਾਤਮਾ ਦੇ ਹਨ ਅਤੇ ਉਨ੍ਹਾਂ ਨੂੰ ਹੀ ਗੁਰਬਾਣੀ ਕਹਿੰਦੇ ਹਨ, ਖ਼ਸਮ ਦੇ ਬੋਲ ਕਹਿੰਦੇ ਹਨ, ਈਸ਼ਵਰ ਦੇ ਬੋਲ ਕਹਿੰਦੇ ਹਨ।
ਇਸ ਸੰਬੰਧ ਵਿਚ ਤਾਰਕਿਕ ਹੋਰ ਵੀ ਤਰਕ ਖੜੀ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਤਾਂ ਬੋਲਦੇ ਨਹੀਂ, ਅਸੀਂ ਬੁਲਾਂਦੇ ਹਾਂ। ਇਥੇ ਅਸੀ ਸਪੱਸ਼ਟ ਕਰਦੇ ਹਾਂ ਅਤੇ ਗੱਲ ਨੂੰ ਖੋਲ੍ਹਦੇ ਹਾਂ। ਇਸ ਸੰਬੰਧ ਵਿਚ ਮੈਂ ਇਕ ਦਲੀਲ ਪੇਸ਼ ਕਰਿਆ ਕਰਦਾ ਹਾਂ। ਇਕ ਅਨਪੜ੍ਹ ਇਸਤਰੀ ਦਾ ਪਤੀ ਕਿਧਰੇ ਪ੍ਰਦੇਸ਼ ਚਲਾ ਗਿਆ। ਵਕਤ ਪਾ ਕੇ ਉਸ ਨੇ ਆਪਣੀ ਪਤਨੀ ਨੂੰ ਇਕ ਪਿਆਰ ਭਰੀ ਪੱਤ੍ਰਿਕਾ ਲਿਖੀ। ਜਿਸ ਤਰ੍ਹਾਂ ਦਾ ਰਿਸ਼ਤਾ ਹੋਵੇ, ਸੰਬੰਧਿਤ ਅਲਫ਼ਾਜ਼ ਵੈਸੇ ਹੀ ਲਿਖੇ ਜਾਂਦੇ ਹਨ। ਜਿਵੇਂ ਭਰਾ, ਭਰਾ ਨੂੰ ਚਿੱਠੀ ਲਿਖੇ, ਤਾਂ ਭਰਾ ਕਰਕੇ ਹੀ ਸੰਬੋਧਨ ਕਰਦਾ ਹੈ; ਪੁੱਤਰ ਪਿਤਾ ਨੂੰ ਚਿੱਠੀ ਲਿਖੇ, ਤਾਂ ਪਿਤਾ ਰੂਪ ਵਿਚ ਸੰਬੋਧਨ ਕਰਦਾ ਹੈ; ਜਾਂ ਪਿਤਾ ਪੁੱਤਰ ਨੂੰ ਚਿੱਠੀ ਲਿਖੇ, ਤਾਂ ਉਸ ਨੂੰ ਪੁੱਤਰ ਰੂਪ ਵਿਚ ਸੰਬੋਧਨ ਕਰਦਾ ਹੈ।
ਪਤੀ ਨੇ ਪਤਨੀ ਨੂੰ ਚਿੱਠੀ ਲਿਖੀ ਹੈ ਤਾਂ ਉਸ ਨੇ ਪਤਨੀ ਰੂਪ ਵਿਚ ਉਸ ਨੂੰ ਸੰਬੋਧਨ ਕਰਕੇ ਸੰਬੰਧਿਤ ਅਲਫ਼ਾਜ਼ ਲਿਖੇ ਹਨ। ਚਿੱਠੀ ਪਤਨੀ ਦੇ ਹੱਥ ਵਿਚ ਹੈ, ਪਰ ਉਹ ਪੜ੍ਹ ਨਹੀਂ ਸਕਦੀ, ਅਨਪੜ੍ਹ ਹੈ। ਪੜੋਸੀ ਦੇ ਘਰ ਚਲੀ ਗਈ ਅਤੇ ਕਹਿੰਦੀ ਹੈ ਕਿ ਵੀਰ ਜੀ, ਇਹ ਚਿੱਠੀ ਪੜ੍ਹ ਕੇ ਸੁਣਾਓ। ਪੜੋਸੀ ਚਿੱਠੀ ਖੋਲ੍ਹ ਕੇ ਪੜ੍ਹਨ ਲੱਗਦਾ ਹੈ-ਮੇਰੀ ਪਿਆਰੀ ਪਤਨੀ, ਪਤਨੀ ਗੱਲ ਤਾਂ ਸਮਝ ਗਈ ਕਿ ਚਿੱਠੀ ਮੇਰੇ ਪਤੀ ਦੀ ਹੀ ਹੈ ਅਤੇ ਹੁੰਗਾਰਾ ਭਰੀ ਜਾਂਦੀ ਹੈ। ਜੋ ਜੋ ਪਤੀ ਨੇ ਲਿਖਿਆ ਹੈ, ਪੜੋਸੀ ਪੜ੍ਹ ਕੇ ਸੁਣਾ ਰਿਹਾ ਹੈ, ਪਤਨੀ ਸ਼ੌਕ ਨਾਲ ਸੁਣੀ ਜਾ ਰਹੀ ਹੈ, ਇਕਾਗਰ-ਚਿੱਤ ਹੋ ਕੇ ਸੁਣੀ ਜਾ ਰਿਹਾ ਹੈ, ਹੁੰਗਾਰਾ ਭਰੀ ਜਾ ਰਹੀ ਹੈ, ਪ੍ਰਸੰਨ ਹੋਈ ਜਾ ਰਹੀ ਹੈ।
ਜੇਕਰ ਚਿੱਠੀ ਪੜ੍ਹਨ ਵਾਲੇ ਦੇ ਦਿਲ ਵਿਚ ਇਹ ਮੁਗ਼ਾਲਤਾ ਹੋ ਜਾਏ ਕਿ ਮੈਂ ਇਹ ਸ਼ਬਦ ਦੁਹਰਾਏ ਹਨ-ਮੇਰੀ ਪਿਆਰੀ ਪਤਨੀ ਅਤੇ ਇਸ ਨੇ ਹੁੰਗਾਰਾ ਵੀ ਭਰਿਆ ਹੈ, ਖ਼ੁਸ਼ ਵੀ ਹੋਈ ਹੈ, ਪ੍ਰਸੰਨ ਵੀ ਹੋਈ ਹੈ ਤਾਂ ਕਿਉਂ ਨਾ ਮੈਂ ਦਾਅਵਾ ਕਰ ਦਿਆਂ ਕਿ ਤੂੰ ਮੇਰੀ ਪਤਨੀ ਹੈਂ ਅਤੇ ਮੈਂ ਤੇਰਾ ਪਤੀ ਹਾਂ। ਚਿੱਠੀ ਪੜ੍ਹ ਕੇ ਸੁਣਾਉਣ ਵਾਲਾ ਜੇ ਪਤੀ ਹੋਣ ਦਾ ਦਾਅਵਾ ਕਰੇ ਤਾਂ ਉਹ ਦੁਸ਼ਟ ਹੈ, ਦੁਰਾਚਾਰੀ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਵਿਆਖਿਆਕਾਰ ਜੇਕਰ ਗੁਰੂ ਹੋਣ ਦਾ ਦਾਅਵਾ ਕਰੇ ਤਾਂ ਉਹ ਦੁਸ਼ਟ ਹੈ, ਦੁਰਾਚਾਰੀ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਵਿਆਖਿਆਕਾਰ ਜੇਕਰ ਗੁਰੂ ਹੋਣ ਦਾ ਦਾਅਵਾ ਕਰੇ ਤਾਂ ਉਸ ਤੋਂ ਵੱਡਾ ਹੋਰ ਕੋਈ ਪਾਖੰਡੀ ਨਹੀਂ।
ਉਸ ਤੋਂ ਵੱਡਾ ਹੋਰ ਕੋਈ ਝੂਠਾ ਨਹੀਂ। ਹਾਂ, ਇਵੇਂ ਕਿਹਾ ਜਾ ਸਕਦਾ ਹੈ ਕਿ ਸਤਿਕਾਰ ਹੈ ਤੇਰਾ, ਸਨਮਾਨ ਹੈ ਤੇਰਾ, ਧੰਨਵਾਦ ਹੈ ਤੇਰਾ ਕਿ ਤੂੰ ਚਿੱਠੀ ਪੜ੍ਹ ਕੇ ਸੁਣਾ ਦਿੱਤੀ, ਪਰ ਇਹ ਤੇਰੀ ਬਦਕਿਸਮਤੀ ਹੈ, ਜੋ ਤੂੰ ਇਹ ਦਾਅਵਾ ਕਰ ਦਿੱਤਾ ਕਿ ਖ਼ਸਮ ਵੀ ਮੈਂ ਹੀ ਹਾਂ। ਇਹ ਚਿੱਠੀ ਵੀ ਮੇਰੀ ਹੈਂ। ਸੋ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਸਿੱਖ ਜਗਤ ਵਿਚ ਬੇਅੰਤ ਹਨ-ਗੁਰਬਾਣੀ ਪੜ੍ਹਨੀ, ਗੁਰਬਾਣੀ ਪੜ੍ਹਾਉਣੀ ਤੇ ਫਿਰ ਮਨੁੱਖਤਾ ਨੂੰ ਕਹਿ ਦੇਣਾ ਕਿ ਇਹ ਗੁਰਬਾਣੀ ਕੁਝ ਵੀ ਨਹੀਂ, ਅਸੀਂ ਸਵੈਮ ਹੀ ਗੁਰੂ ਹਾਂ। ਇਵੇਂ ਮਨੁੱਪ ਦੇ ਅਹੰਕਾਰ ਤੇ ਅਗਿਆਨਤਾ ਤੋਂ ਬਿਨਾਂ ਹੋਰ ਕੁਝ ਵੀ ਪ੍ਰਗਟ ਨਹੀਂ ਹੁੰਦਾ।
ਦੁਸਰੀ ਇਕ ਤਰਕ ਇਹ ਕਿ ਚਾਰ ਲਿਖੇ ਹੋਏ ਇਹ ਅੱਖਰ, ਕੀ ਇਨ੍ਹਾਂ ਨੂੰ ਹੀ ਗੁਰੂ ਮੰਨ ਲਈਏ? ਇਨ੍ਹਾਂ ਵਿਚ ਕੀ ਹੈ? ਇਹ ਤਾਂ ਜੜ੍ਹ ਹਨ, ਚੇਤੰਨ ਥੋੜੇ ਹਨ। ਜੇ ਕਾਗ਼ਜ਼ ਜੜ੍ਹ ਹੈ ਤਾਂ ਇਹ ਅੱਖਰ ਵੀ ਜੜ੍ਹ ਹਨ। ਇਨ੍ਹਾਂ ਵਿਚ ਵੀ ਕੁਝ ਨਹੀਂ ਹੈ। ਇਸ ਸੰਬੰਧ ਵਿਚ ਇਕ ਜਵਾਬ ਹੈ-ਪ੍ਰਦੇਸ ਗਏ ਇਕ ਬੱਚੇ ਨੇ ਆਪਣੇ ਘਰ ਮਾਂ ਬਾਪ ਨੂੰ ਚਿੱਠੀ ਲਿਖੀ। ਇਹ ਭੈਣ ਦਾ ਇਕਲੌਤਾ ਭਰਾ ਹੈ, ਇਹ ਮਾਂ-ਬਾਪ ਦਾ ਇਕਲੌਤਾ ਲੜਕਾ ਹੈ, ਪਤਨੀ ਦਾ ਪਿਆਰਾ ਪਤੀ ਹੈ। ਇਸ ਚਿੱਠੀ ਨੂੰ ਪੜ੍ਹ ਕੇ ਸਾਰਾ ਪਰਿਵਾਰ ਨੱਚ ਉਠਿਆ ਹੈ, ਖ਼ੁਸ਼ ਹੋ ਰਿਹਾ ਹੈ। ਚਿੱਠੀ ਨੂੰ ਬਾਰ-ਬਾਰ ਚੁੰਮਦੇ ਪਏ ਹਨ। ਸਵਾਲ ਇਹ ਪੈਦਾ ਹੁੰਦੈ ਕਿ ਇਨ੍ਹਾਂ ਘਰ ਵਾਲਿਆਂ ਨੂੰ ਕੌਣ ਸਮਝਾਵੇ ਕਿ ਇਹ ਕੇਵਲ ਚਾਰ ਅੱਖਰ ਹੀ ਹਨ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਨੱਚਦੇ ਪਏ ਹੋ।
ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਖੁਸ਼ ਹੁੰਦੇ ਪਏ ਹੋ। ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਆਪੇ ਤੋਂ ਬਾਹਰ ਹੁੰਦੇ ਪਏ ਹੋ। ਫਿਰ ਇਕ ਦਿਨ ਟੈਲੀਗ੍ਰਾਮ ਆ ਗਈ। ਉਸ ਵਿਚ ਥੋੜੇ ਜਿਹੇ ਅੱਖਰ ਹਨ ਕਿ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਹੈ, ਹਾਦਸਾ ਹੋ ਗਿਆ ਹੈ, ਉਸ ਵਿਚ ਉਸ ਦੀ ਮ੍ਰਿਤੂ ਹੋ ਗਈ ਹੈ। ਇਹ ਪੜ੍ਹ ਕੇ ਸਾਰੇ ਘਰ ਵਿਚ ਮਾਤਮ ਛਾ ਗਿਆ ਹੈ, ਭੈਣ ਦੇ ਹੰਝੂ ਥੰਮ੍ਹਦੇ ਨਹੀਂ, ਪਤਨੀ ਦੇ ਸੁਆਸ ਥੰਮ੍ਹ ਗਏ ਹਨ, ਮਾਂ ਦਾ ਜ਼ਮੀਨ ‘ਤੇ ਚਲਣਾ ਮੁਹਾਲ ਹੋ ਗਿਆ ਹੈ ਤੇ ਪਿਤਾ ਦੇ ਸਿਰ ’ਤੇ ਆਸਮਾਨ ਡਿੱਗ ਪਿਆ ਹੈ, ਘਰ ਸ਼ਮਸ਼ਾਨਘਾਟ ਬਣ ਗਿਆ ਹੈ। ਹੁਣ ਕੋਈ ਤਰਕਸ਼ੀਲ ਪੁਰਸ਼ ਇਨ੍ਹਾਂ ਨੂੰ ਇਹ ਆਖੇ ਕਿ ਤੁਸੀਂ ਚਾਰ ਅੱਖਰਾਂ ਨੂੰ ਪੜ੍ਹ ਕੇ ਹੀ ਘਰ ਨੂੰ ਸ਼ਮਸ਼ਾਨਘਾਟ ਬਣਾ ਬੈਠੇ ਹੋ।
ਸਿਰਫ਼ ਚਾਰ ਅੱਖਰਾਂ ਨੂੰ ਪੜ੍ਹ ਕੇ ਇਤਨਾ ਵੱਡਾ ਰੁਦਨ। ਠੀਕ ਹੈ, ਭਾਵੇਂ ਚਾਰ ਅੱਖਰ ਹੀ ਹਨ, ਪਰ ਇਨ੍ਹਾਂ ਚਾਰ ਅੱਖਰਾਂ ਵਿਚ ਹੀ ਬਹੁਤ ਕੁਝ ਹੈ। ਇਵੇਂ ਹੀ ਪੰਜ ਸਾਲ ਤੋਂ ਗਿਆ ਇਕ ਪ੍ਰਦੇਸੀ, ਉਸ ਦੀ ਵੀ ਟੈਲੀਗ੍ਰਾਮ ਆਈ ਹੈ, ਤਾਰ ਆਈ ਹੈ ਕਿ ਮੈਂ ਫ਼ਲਾਣੇ ਸਮੇਂ ’ਤੇ ਘਰ ਪਹੁੰਚ ਰਿਹਾ ਹਾਂ। ਉਹ ਪੰਜ ਸਾਲ ਬਾਅਦ ਆ ਰਿਹਾ ਹੈ। ਮਾਂ ਦੀਆਂ ਅੱਖਾਂ ਵਿਚ ਨਵੀਂ ਰੌਸ਼ਨੀ ਆ ਗਈ। ਇਨ੍ਹਾਂ ਚਾਰ ਅੱਖਰਾਂ ਨੂੰ ਪੜ੍ਹ ਕੇ ਪਿਤਾ ਦੇ ਪੈਰਾਂ ਵਿਚ ਨਵੀਂ ਗਤੀ ਆ ਗਈ। ਪਤਨੀ ਦੇ ਸੁਆਸਾਂ ਵਿਚ ਪਤਾ ਨਹੀਂ ਕਿਥੋਂ ਦੀ ਅਗੰਮੀ ਮਹਿਕ ਪੈਦਾ ਹੋ ਗਈ। ਭੈਣ ਦਾ ਹਾਸਾ ਹੁਲਾਸ ਰੁਕਦਾ ਨਹੀਂ। ਕੋਈ ਇਹ ਪੁੱਛੇ ਕਿ ਤੁਸੀਂ ਚਾਰ ਅੱਖਰਾਂ ਨੂੰ ਪੜ੍ਹ ਕੇ ਹੀ ਘਰ ਨੂੰ ਮੇਲਾ ਬਣਾ ਬੈਠੇ ਹੋ, ਘਰ ਨੂੰ ਉਤਸਵ ਮੰਗਲ ਦਾ ਅਖਾੜਾ ਬਣਾ ਬੈਠੇ ਹੋ।
ਹੈਨ ਤਾਂ ਚਾਰ ਹੀ ਅੱਖਰ ਪਰ ਇਨ੍ਹਾਂ ਚਾਰ ਅੱਖਰਾਂ ਵਿਚ ਬਹੁਤ ਕੁਝ ਹੈ। ਸੋ ਗੁਰਮੁਖੋ! ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਰ ਅੱਖਰ ਹੀ ਹਨ, ਪਰ ਇਨ੍ਹਾਂ ਚਾਰ ਅੱਖਰਾਂ ਵਿਚ ਹੀ ਨਿਰੰਕਾਰ ਬੈਠਾ ਹੈ, ਈਸ਼ਵਰ ਬੈਠਾ ਹੈ, ਪਰਮਾਤਮਾ ਬੈਠਾ ਹੈ। ਜੇਕਰ ਸਮਝਣ ਦੀ ਤੌਫ਼ੀਕ ਹੋਵੇ, ਜੇਕਰ ਜਾਨਣ ਦਾ ਮਨ ਹੋਵੇ ਅਤੇ ਅੰਦਰ ਚਾਹੁੰਦਾ ਹੋਵੇ ਤਾਂ ਇਨ੍ਹਾਂ ਚਾਰ ਅੱਖਰਾਂ ਵਿਚ ਹੀ ਪਰਮਾਤਮਾ ਦੀ ਝਲਕ ਮਿਲ ਜਾਂਦੀ ਹੈ।