ਵਿਣੁ ਭਾਣੇ ਕਿ ਨਾਈ ਕਰੀ (ਪਾਰਟ ੩) ਬਾਹਰ ਦੀ ਸੰਪਦਾ ਨੂੰ ਤਾਂ ਮਨੁੱਖ ਨੇ ਮੁੱਲ ਦਿੱਤਾ ਹੈ, ਪਰ ਅਜੇ ਜੀਵਨ ਦੇ ਅੰਦਰ ਪਈ ਹੋਈ ਸੰਪਦਾ ਨੂੰ ਮੁੱਲ ਨਹੀਂ ਦਿੱਤਾ। ਅਜੇ ਮਨੁੱਖ ਨੇ ਇਸਨੂੰ ਮਹਾਨ ਨਹੀਂ ਮੰਨਿਆ। ਉਸਦਾ ਮੂਲ ਕਾਰਨ ਹੈ ਕਿ ਉਸਨੇ ਅਜੇ ਇਸ ਦਾ ਰਸ ਨਹੀਂ ਮਾਣਿਆ। ਰਸ ਉਦੋਂ ਹੀ ਮਾਣ ਸਕਦਾ ਹੈ, ਜਦੋਂ ਪ੍ਰਾਪਤ ਹੋਵੇ। ਸੋ ਇਹ ਪ੍ਰਾਪਤ ਕਰ ਸਕੇ, ਇਹ ਖੋਜ ਕਰ ਸਕੇ, ਇਸ ਵਾਸਤੇ ਗੁਰੂ ਦੀ ਸਿਖਿਆ ਦੀ ਲੋੜ ਹੈ, ਗੁਰੂ ਦੇ ਉਪਦੇਸ਼ ਦੀ ਲੋੜ ਹੈ। ਇਸਦੀ ਚੇਤਨਾ, ਇਸਦੀ ਖੋਜ, ਇਸਦੀ ਸੁਰਤ ਅੰਤਰ-ਆਤਮੇ ਵਿਚ ਗਮਨ ਕਰੇ। ਭਗਤ ਪੀਪਾ ਜੀ ਦਾ ਫੁਰਮਾਨ ਹੈ-"ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ॥" ਮੈਂ ਇਸ ਬਹੁਖੰਡੀ ਕਾਇਆਂ ਦੀ ਗਹਿਰਾਈ ਵਿਚ ਖੋਜ ਕੀਤੀ ਹੈ। ਖੋਜਣ ਦਾ ਇਕੋ ਇਕ ਢੰਗ ਹੈ ਕਿ ਮਨੁੱਖ ਗੁਰੂ ਦਾ ਸ਼ਬਦ ਸੁਣੇ। ਜਿਤਨੀ ਗਹਿਰਾਈ ਨਾਲ ਸੁਣੇਗਾ, ਜਿਤਨੇ ਧਿਆਨ ਨਾਲ ਸੁਣੇਗਾ, ਸੁਰਤ ਉਤਨੀ ਹੀ ਗਹਿਰੀ ਜਾਵੇਗੀ। ਅਤੇ ਜਿਤਨੀ ਗਹਿਰਾਈ ਵਿਚ ਜਾਵੇਗੀ, ਉਤਨੇ ਰਤਨ ਪਦਾਰਥ ਝੋਲੀ ਵਿਚ ਪੈਣਗੇ। ਸੰਖ ਤੇ ਸਿੱਪੀਆਂ ਤਾਂ ਸਾਗਰ ਦੇ ਕਿਨਾਰੇ ਵੀ ਲੱਭ ਜਾਂਦੇ ਹਨ, ਪਰ ਮੋਤੀ ਲੱਭਣ ਲਈ ਗਹਿਰੇ ਪਾਣੀ ਵਿਚ ਜਾਣਾ ਪੈਂਦਾ ਹੈ। ਸਰੀਰ ਦੇ ਉੱਪਰ ਉੱਪਰ ਤਾਂ ਕਾਮ ਹੈ, ਵਾਸ਼ਨਾ ਹੈ। ਜੀਵਨ ਦੇ ਕਿਨਾਰੇ ਵਿਚ ਤਾਂ ਸਿੱਪੀਆ ਹੀ ਪਈਆ ਹਨ, ਸੰਖ ਤੇ ਘੋਗੇ ਪਏ ਹਨ। ਥੋੜਾ ਜਿਹਾ ਅੰਦਰ ਝਾਤ ਮਾਰੀਏ, ਗਹਿਰਾਈ ਵਿਚ ਜਾਈਏ ਤਾਂ ਉਹ ਅਦੁੱਤੀ ਰਤਨ ਪਏ ਹੋਏ ਹਨ ਜਿਨ੍ਹਾਂ ਦੇ ਮਿਲਦਿਆਂ ਹੀ ਮਨੁੱਖ ਦਾ ਜੀਵਨ ਧਨ ਧਨ ਹੋ ਜਾਂਦਾ ਹੈ। ਸੰਪੂਰਨ ਹੋ ਜਾਂਦਾ ਹੈ। ਭਗਤ ਪੀਪਾਂ ਜੀ ਕਹਿੰਦੇ ਹਨ-ਇਸ ਬਹੁਖੰਡੀ ਕਾਇਆਂ ਦੀ ਮੈਂ ਬਹੁ ਪ੍ਰਕਾਰ ਖੋਜ ਕੀਤੀ ਹੈ, "ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ॥" ਨੌਂ ਖਜਾਨਿਆਂ ਦੀ ਪ੍ਰਾਪਤੀ ਹੋ ਗਈ, ਨੌਂ ਰਤਨਾਂ ਦੀ ਪ੍ਰਾਪਤੀ ਹੋ ਗਈ: ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ। ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ॥... ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
{ਅੰਗ ੬੯੫} ਪਰਮਾਤਮਾ ਨੇ ਜੋ ਕੁਛ ਬ੍ਰਹਿਮੰਡ ਵਿਚ ਛੁਪਾ ਕੇ ਰੱਖਿਆ ਹੈ, ਉਹੀ ਪਿੰਡ ਵਿਚ ਵੀ ਛੁਪਾ ਰੱਖਿਆ ਹੈ। ਜੋ ਸਾਗਰ ਤੇ ਪਹਾੜਾਂ ਵਿਚ ਛੁਪਾ ਕੇ ਰੱਖਿਆ ਹੈ, ਉਹੀ ਮੱਤ ਵਿਚ ਵੀ ਛੁਪਾ ਕੇ ਰੱਖਿਆ ਹੈ। ਲੱਭਣਾ ਪਏਗਾ। ਗੀਟੇ ਤੇ ਪੱਥਰ ਤਾਂ ਪਹਾੜਾਂ ਉਪਰ ਵੀ ਮਿਲ ਜਾਣਗੇ, ਪਰ ਸੋਨਾ, ਚਾਂਦੀ, ਹੀਰਾ ਖੁਦਾਈ ਕਰ ਕੇ ਲੱਭੇਗਾ, ਗਹਿਰੇ ਤਲ ਵਿਚ ਜਾਣਾ ਪਵੇਗਾ। ਇਤਨੀ ਗੱਲ ਵੀ ਸਪੱਸ਼ਟ ਹੈ ਕਿ ਸਾਰੇ ਪਹਾੜਾਂ ਵਿਚ ਸੋਨਾ ਨਹੀਂ ਹੁੰਦਾ, ਸਮੂਹ ਸਾਗਰ ਦੇ ਤਲ ਵਿਚ ਮੋਤੀ ਵੀ ਨਹੀਂ ਹੁੰਦੇ ਪਰ ਜੀਵਨ ਦਾ ਤਲ ਤਾਂ ਮੋਤੀਆਂ ਨਾਲ ਭਰਿਆ ਹੋਇਆ ਹੈ, ਮਾਣਿਕਾਂ ਨਾਲ ਭਰਿਆ ਹੋਇਆ ਹੈ, ਰਤਨਾਂ ਨਾਲ ਭਰਿਆ ਹੋਇਆ ਹੈ। ਕੋਈ ਵੀ ਮੱਤ ਇਨ੍ਹਾਂ ਰਤਨਾਂ ਤੋਂ ਖਾਲੀ ਨਹੀਂ। ਅਗਰ ਕੋਈ ਖੋਜ ਕਰੇ, ਤਾਂ ਨੌਂ ਨਿਧਾਨ ਝੋਲੀ ਵਿਚ ਆ ਕੇ ਪੈਣਗੇ ਅਤੇ ਮਿਲਦਿਆਂ ਹੀ ਮਨੁੱਖ ਦੀ ਜ਼ਿੰਦਗੀ ਸੰਪੂਰਨ ਹੋ ਜਾਵੇਗੀ। ਪਾਤਸ਼ਾਹ ਫੁਰਮਾਨ ਕਰਦੇ ਹਨ-"ਮਤਿ ਵਿਚਿ ਰਤਨ ਜਵਾਹਰ ਮਾਣਿਕ...॥" ਇਸ ਮੱਤ ਦੇ ਅੰਦਰ, ਇਸੇ ਮਨ ਦੇ ਅੰਦਰ, ਪਰਮਾਤਮਾ ਦੇ ਨਾਮ ਦਾ ਰਤਨ ਹੈ। ਇਸੇ ਮੱਤ ਦੇ ਅੰਦਰ ਸਬਰ ਸੰਤੋਖ ਪਿਆ ਹੈ, ਨਿਰਵੈਰਤਾ ਪਈ ਹੈ। ਰੱਬੀ ਗੁਣ ਕੋਈ ਬਾਹਰ ਨਹੀਂ ਹਨ। ਤੇ ਨਾ ਹੀ ਬਜ਼ਾਰ ਵਿਚੋਂ ਮਿਲਦੇ ਹਨ ਜਾਂ ਬਾਹਰੋਂ ਉਪਲਬਧ ਹੋ ਸਕਦੇ ਹਨ। ਇਹ ਤਮਾਮ ਦੈਵੀ ਸੰਪਦਾ ਜੀਵਨ ਦੇ ਅੰਦਰ ਪਈ ਹੈ। ਪਰ ਮਨੁੱਖ ਆਪਣੇ ਹੱਥੋਂ ਅਵਸਰ ਗੁਆ ਬੈਠਦਾ ਹੈ। ਜੀਵਨ ਦਾ ਅੰਤ ਹੋ ਜਾਂਦਾ ਹੈ, ਪਰ ਮੱਤ ਦੀ ਖੁਦਾਈ ਨਹੀਂ ਕਰਦਾ। ਮੱਤ ਵਿਚੋਂ ਕੁਝ ਲੱਭਣ ਦੀ ਕੋਸ਼ਿਸ਼ ਨਹੀਂ ਕਰਦਾ। ਮਨੁੱਖ ਦੀ ਮੱਤ ਤਾਂ ਅਜਿਹਾ ਪ੍ਰਕਾਸ਼ ਰੱਖਦੀ ਹੈ, ਜੋ ਪਰਮਾਤਮਾ ਦਾ ਹੀ ਪ੍ਰਕਾਸ਼ ਹੈ। "ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥" ਮਨ ਦੇ ਇਕ ਹਿੱਸੇ ਨੂੰ ਹੀ ਮੱਤ ਕਹਿੰਦੇ ਹਨ। ਜਦੋਂ ਵਿਚਾਰਾਂ ਤੇ ਫੁਰਨਿਆਂ ਦੀ ਦੁਨੀਆਂ ਸ਼ੁਰੂ ਹੋਵੇ, ਉਦੋਂ ਮੱਤ ਹੈ। ਜਦੋਂ ਗਹਿਰੇ ਤਲ ਵਿਚ ਕਿਸੇ ਨੂੰ ਯਾਦ ਕਰ ਰਿਹਾ ਹੋਵੇ, ਤਾਂ ਮਨ ਦੀ ਚਿੱਤ ਬਣ ਜਾਂਦਾ ਹੈ। ਇਹ ਮਨ ਦੇ ਹੀ ਅੰਗ ਹਨ। ਇਹ ਮਨ ਦੇ ਹੀ ਰੂਪ ਹਨ। ਮਨ ਨੂੰ ਖੋਜਦਿਆਂ ਖੋਜਦਿਆਂ ਆਖ਼ਿਰ ਰੱਬ ਪ੍ਰਾਪਤ ਹੋ ਹੀ ਜਾਂਦਾ ਹੈ। ਇਸ ਵਾਸਤੇ ਮੇਰੇ ਪਾਤਸ਼ਾਹ ਫੁਰਮਾਨ ਕਰਦੇ ਹਨ, "ਇਸੁ ਮਨ ਕਉ ਕੋਈ ਖੋਜਹੁ ਭਾਈ॥
ਮਨੁ ਖੋਜਤ ਨਾਮੁ ਨਉ ਨਿਧਿ ਪਾਈ॥" ਹੇ ਮੇਰੇ ਭਾਈ! ਕੋਈ ਤਾਂ ਇਸ ਮਨ ਦੀ ਖੋਜ ਕਰੋ। ਇਹ ਠੀਕ ਹੈ ਕਿ ਤਨ ਦੀ ਖੋਜ ਕਰਾਂਗੇ ਤਾਂ ਖੂਨ ਮਾਸ ਹੱਡੀਆਂ ਮਿੱਝ ਇਸ ਤੋਂ ਬਿਨਾਂ ਹੋਰ ਕੁਝ ਨਹੀਂ ਮਿਲਣਾ। ਤਨ ਦੇ ਜਿਤਨੇ ਗਹਿਰੇ ਤਲ ਵਿਚ ਚਲੇ ਜਾਈਏ, ਮਾਸ ਤੋਂ ਬਿਨਾਂ, ਦੁਰਗੰਧੀ ਤੋਂ ਬਿਨਾਂ, ਖੂਨ ਤੋਂ ਬਿਨਾਂ, ਵਿਸ਼ਟਾ ਤੋਂ ਬਿਨਾਂ, ਮਿੱਝ ਤੋਂ ਬਿਨਾਂ ਹੋਰ ਕੁਝ ਪ੍ਰਾਪਤ ਨਹੀਂ ਹੋਣਾ। ਹੱਥ ਵਿਚ ਹੋਰ ਕੁਝ ਨਹੀਂ ਲੱਗੇਗਾ। ਪਰ ਸਾਹਿਬ ਤਾਂ ਐਸਾ ਕਹਿ ਵੀ ਨਹੀਂ ਰਹੇ ਕਿ ਤਨ 'ਚੋਂ ਖੋਜਣਾ ਹੈ। ਨਹੀਂ, ਮਨ ਨੂੰ ਖੋਜੋ। "ਇਸੁ ਮਨ ਕਉ ਕੋਈ ਖੋਜਹੁ ਭਾਈ॥
ਮਨੁ ਖੋਜਤ ਨਾਮੁ ਨਉ ਨਿਧਿ ਪਾਈ॥" ਇਸ ਮਨ ਨੂੰ ਖੋਜ, ਇਸ ਮਨ ਨੂੰ ਖੋਜੋਗੇ, ਨੌਂ ਨਿਧਾਨ ਦੀ ਪ੍ਰਾਪਤੀ ਹੋ ਜਾਵੇਗੀ, ਨੌਂ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਵੇਗੀ। ਛੇਵੀਂ ਪਉੜੀ ਵਿਚ ਗੁਰੂ ਨਾਨਕ ਦੇਵ ਜੀ ਦਾ ਮੂਲ ਉਪਦੇਸ਼ ਇਹੀ ਹੈ ਕਿ "ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥" ਜੇ ਤੂੰ ਕਿਧਰੇ ਗੁਰੂ ਦੀ ਇਕ ਸਿਖਿਆ ਸੁਣ ਲਵੇਂ, ਗੁਰੂ ਦਾ ਸ਼ਬਦ ਸੁਣ ਲਵੇਂ, ਤਾਂ ਤੇਰੇ ਜੀਵਨ ਦੇ ਅੰਦਰੋਂ, ਤੇਰੇ ਮਨ ਦੇ ਅੰਦਰੋਂ ਨੌਂ ਖਜ਼ਾਨੇ ਪ੍ਰਗਟ ਹੋ ਜਾਣਗੇ। ਅਨੇਕਾਂ ਰਤਨ ਤੇਰੇ ਅੰਦਰ ਛੁਪੇ ਹੋਏ ਹਨ: ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥
ਗੁਰੂ ਨੇ ਤਾਂ ਦਰਅਸਲ ਸੂਝ ਹੀ ਦੇਣੀ ਹੈ, ਬੂਝ ਹੀ ਦੇਣੀ ਹੈ। "ਗੁਰਾ ਇਕ ਦੇਹਿ ਬੁਝਾਈ॥" ਗੁਰੂ ਦੀ ਲੋੜ ਕੀ ਹੈ? ਕਿਉਂ ਹੈ? ਬਸ ਇਸ ਲਈ ਕਿ ਕੁਝ ਬੂਝ ਮਿਲੇ, ਕੁਝ ਸੂਝ ਮਿਲੇ। ਸੰਸਾਰ ਦੀ ਸੂਝ ਤਾਂ ਅਸੀਂ ਸੰਸਾਰ ਤੋਂ ਲੈ ਲੈਂਦੇ ਹਾਂ, ਬਾਹਰੋਂ ਲੈ ਲੈਂਦੇ ਹਾਂ। ਧਨ ਦਾ ਕੀ ਰੂਪ ਹੈ? ਕੀ ਰੰਗ ਹੈ? ਪਦਾਰਥ ਕੀ ਹਨ? ਇਹ ਸੂਝ ਤਾਂ ਸਾਨੂੰ ਕਦਮ ਕਦਮ 'ਤੇ ਮਿਲ ਜਾਂਦੀ ਹੈ। ਮਾਂ ਬਾਪ ਤੋਂ ਮਿਲ ਜਾਂਦੀ ਹੈ, ਪਰਿਵਾਰ ਤੋਂ ਮਿਲ ਜਾਂਦੀ ਹੈ, ਸੰਸਾਰ ਤੋਂ ਮਿਲ ਜਾਂਦੀ ਹੈ। ਪਰ ਉਨ੍ਹਾਂ ਰਤਨਾਂ ਦੀ ਬੂਝ ਜੋ ਮਨੁੱਖ ਦੇ ਅੰਤਰ-ਆਤਮੇ ਵਿਚ ਪਏ ਹਨ, ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਇਸ ਵਾਸਤੇ ਧਾਰਮਿਕ ਦੁਨੀਆ ਵਿਚ ਗੁਰੂ ਦੀ ਬਹੁਤ ਵੱਡੀ ਮਹਾਨਤਾ ਹੈ। ਗੁਰੂ ਨਾਨਕ ਨੇ ਜਿਸ ਮਾਰਗ ਨੂੰ ਜਨਮ ਦਿੱਤਾ, ਉਸ ਮਾਰਗ ਦਾ ਨਾਂ ਹੀ ਗੁਰੂ-ਘਰ ਪੈ ਗਿਆ, ਗੁਰੂ-ਮਤਿ ਪੈ ਗਿਆ। ਗੁਰੂ ਤੋਂ ਬਿਨਾਂ ਪ੍ਰਭੂ ਤਕ ਪਹੁਚੰਣਾ ਬਹੁਤ ਔਖਾ ਹੈ; ਬਹੁਤ ਔਖਾ ਹੈ। ਗੁਰੂ ਮਾਰਗ ਹੈ, ਗੁਰੂ ਰਸਤਾ ਹੈ। ਇਸ ਵਾਸਤੇ ਰਸਤੇ ਦਾ ਨਾਂ ਵੀ ਪੈ ਗਿਆ-ਗੁਰੂ ਪੰਥ। ਉਹ ਪੰਥ, ਉਹ ਮਾਰਗ ਜੋ ਗੁਰੂ ਨੇ ਬਣਾਇਆ ਹੈ, ਜੋ ਗੁਰੂ ਨੇ ਸੰਵਾਰਿਆ ਹੇ, ਗੁਰੂ ਨੇ ਹੀ ਸ਼ਿੰਗਾਰਿਆ ਹੈ। ਉਸੇ 'ਤੇ ਚੱਲ ਕੇ ਹੀ ਮਨੁੱਖ ਪਰਮਾਤਮਾ ਤਕ ਪਹੁੰਚ ਸਕੇਗਾ। ਸੋ ਗੁਰੂ ਕੋਲੋਂ ਕੀ ਮੰਗਣਾ ਹੈ? ਆਖਿਰ ਮਨੁੱਖ ਦਾ ਮਨ ਅਮੰਗ ਹੋ ਹੀ ਨਹੀਂ ਸਕਦਾ। ਮੰਗਣਾ ਕੀ ਹੈ? ਮੰਗ ਇਹ ਮੰਗਣੀ ਹੈ, "ਗੁਰਾ ਇਕ ਦੇਹਿ ਬੁਝਾਈ॥" ਹੇ ਗੁਰੂ! ਬਖ਼ਸ਼ਿਸ਼ ਕਰ, ਇਕ ਬੂਝ ਬੁਝਾ, ਇਕ ਸੂਝ ਦੇਹ, ਇਕ ਸਮਝ ਦੇਹ। ਕਿਹੜੀ ਸੂਝ? ਕਿਹੜੀ ਸਮਝ? "ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥" ਜੋ ਸਾਰੇ ਜੀਵਾਂ ਦਾ ਦਾਤਾ ਹੈ, ਜੋ ਸਾਰਿਆਂ ਨੂੰ ਰੋਜੀ ਦੇ ਰਿਹਾ ਹੈ, ਉਹ ਮੈਨੂੰ ਬਿਲਕੁਲ ਹੀ ਨਾ ਭੁੱਲੇ। ਜਿਸਨੂੰ ਭੁੱਲ ਜਾਈਏ, ਸੰਬੰਧ ਟੁੱਟ ਜਾਂਦੇ ਹਨ। ਜਿਸਨੂੰ ਯਾਦ ਕਰਦੇ ਰਹੀਏ, ਸੰਬੰਧ ਜੁੜੇ ਰਹਿੰਦੇ ਹਨ। ਮਾਂ ਬੱਚੇ ਨੂੰ ਭੁੱਲ ਗਈ, ਬੱਚੇ ਨਾਲ ਸੰਬੰਧ ਟੁੱਟ ਗਿਆ। ਬੱਚਾ ਮਾਂ ਨੂੰ ਭੁੱਲ ਗਿਆ, ਮਾਂ ਨਾਲ ਸੰਬੰਧ ਟੁੱਟ ਗਿਆ। ਵੱਡਾ ਭਰਾ ਛੋਟੇ ਨੂੰ ਭੁੱਲ ਜਾਵੇ, ਛੋਟਾ ਵੱਡੇ ਨੂੰ ਭੁੱਲ ਜਾਵੇ, ਸੰਬੰਧ ਟੁੱਟ ਗਿਆ। ਮਿੱਤਰ ਮਿੱਤਰ ਨੂੰ ਭੁੱਲ ਜਾਣ, ਤੋ ਭੁੱਲਿਦਿਆਂ ਹੀ ਸੰਬੰਧ ਟੁੱਟ ਗਏ। ਜਗਤ ਦੇ ਤਮਾਮ ਸੰਬੰਧ ਯਾਦ 'ਤੇ ਖੜੇ ਹਨ, ਚੇਤੇ 'ਤੇ ਖੜੇ ਹਨ। ਘਰ ਦੇ ਵਿਚ ਜੋ ਪਦਾਰਥ ਪਿਆ ਹੈ, ਉਹਦੇ ਨਾਲ ਵੀ ਸੰਬੰਧ ਚੇਤੇ ਕਰ ਕੇ ਜੁੜਦਾ ਹੈ। ਜੋ ਪਦਾਰਥ ਚਿੱਤ ਵਿਚੋਂ ਨਿਕਲ ਗਿਐ, ਉਹ ਭਾਵੇਂ ਹੈ ਲੇਕਿਨ ਫਿਰ ਵੀ ਨਹੀਂ ਹੈ। ਕਿਉਂਕਿ ਯਾਦ ਦੇ ਵਿਚੋਂ ਨਿਕਲ ਗਿਐ, ਚੇਤੇ ਦੇ ਵਿਚੋਂ ਨਿਕਲ ਗਿਆ ਹੈ। ਜਿਸ ਵਸਤੂ ਨਾਲ ਸੰਬੰਧ ਜੋੜਨਾ ਹੈ, ਉਸਦਾ ਚਿੰਤਨ ਚੇਤਾ ਬੜਾ ਲਾਜ਼ਮੀ ਹੈ। ਅਕਸਰ ਐਸਾ ਹੁੰਦਾ ਹੈ ਕਿ ਜੋ ਚਿੱਤ ਵਿਚੋਂ ਨਿਕਲ ਗਿਆ, ਸੰਬੰਧ ਟੁੱਟ ਗਿਆ। ਜੋ ਯਾਦ ਵਿਚੋਂ ਨਿਕਲ ਗਿਆ, ਰਿਸ਼ਤਾ ਟੁੱਟ ਗਿਆ। ਗੂੜ੍ਹੇ ਤੋਂ ਗੂੜ੍ਹਾ ਰਿਸ਼ਤਾ, ਵੱਡੇ ਤੋਂ ਵੱਡਾ ਰਿਸ਼ਤਾ ਵੀ ਯਾਦ 'ਤੇ ਖੜਾ ਹੈ। ਜਿਸਨੂੰ ਜਿਤਨਾ ਜ਼ਿਆਦਾ ਯਾਦ ਕਰੀਏ, ਉਸ ਨਾਲ ਉਤਨਾ ਗਹਿਰਾ ਸੰਬੰਧ ਜੁੜਦਾ ਹੈ, ਉਤਨਾ ਗਹਿਰਾ ਰਿਸ਼ਤਾ ਜੁੜਦਾ ਹੈ। ਪਰਮਾਤਮਾ ਤਾਂ ਵਿਆਪਕ ਹੈ, ਸਰਬ-ਵਿਆਪਕ ਹੈ, ਰੋਮ ਰੋਮ ਵਿਚ ਵਿਆਪਕ ਹੈ। ਯਾਦ ਕਰ ਕੇ ਇਸ ਨਾਲ ਸੰਬੰਧ ਜੁੜ ਸਕਦਾ ਹੈ। ਇਕ ਮਨੁੱਖ ਕੋਲ ਬੈਠਾ ਹੁੰਦਾ ਹੈ ਤਾਂ ਅਸੀਂ ਕਹਿ ਦਿੰਦੇ ਹਾਂ, ਪੁੱਛ ਲੈਂਦੇ ਹਾਂ ਬਈ ਇਹ ਜਿਹੜਾ ਕੋਲ ਬੈਠਾ ਹੈ? ਇਹ ਕੌਣ ਹੈ? ਤੁਹਾਡਾ ਕੀ ਲੱਗਦਾ ਹੈ? ਤੇ ਮਨੁੱਖ ਬੋਲ ਪੈਂਦਾ ਹੈ ਕਿ ਇਹ ਤਾਂ ਕੋਈ ਦੂਰ ਦਾ ਜਾਪਦਾ ਹੈ। ਪਰ ਦੂਰੀ ਤਾਂ ਦੋ ਫੁਟ ਦੀ ਵੀ ਨਹੀਂ। ਕੋਲ ਬੈਠਾ ਹੈ, ਬਿਲਕੁਲ ਕੋਲ ਬੈਠਾ ਹੈ ਅਤੇ ਮਨੁੱਖ ਕਹਿ ਰਿਹਾ ਹੈ, ਦੂਰ ਦਾ ਜਾਪਦਾ ਹੈ। ਇਕ ਐਸੇ ਮਨੁੱਖ ਦਾ ਨਾਂ ਲਿਆ ਗਿਆ, ਜੋ ਗਾਲਬਨ ਪੰਜ ਹਜ਼ਾਰ ਮੀਲ ਦੀ ਦੂਰੀ 'ਤੇ ਰਹਿੰਦਾ ਹੈ। ਜਿਵੇਂ ਹੀ ਨਾਮ ਲਿਆ ਗਿਆ, ਇਕ ਦਮ ਸੁਣਨ ਵਾਲਾ ਖਿੜ ਉਠਿਆ, ਪ੍ਰਸੰਨ ਹੋ ਗਿਆ ਤੇ ਕਹਿਣ ਲੱਗਾ- ਉਹ ਤਾਂ ਸਾਡੇ ਨੇੜੇ ਦਾ ਹੈ। ਪੰਜ ਹਜ਼ਾਰ ਮੀਲ ਦੀ ਦੂਰੀ 'ਤੇ ਰਹਿਣ ਵਾਲਾ ਨੇੜੇ ਦਾ ਹੈ; ਕੋਲ ਬੈਠਾ ਹੋਇਆ ਦੂਰ ਦਾ ਹੈ। ਪਰਮਾਤਮਾ ਬਹੁਤ ਨਿਕਟ ਹੈ। ਬਕੋਲਿ ਭਗਤ ਰਵਿਦਾਸ-"ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ॥" ਹੱਥ ਵੀ ਆਪਸ ਤੋਂ ਦੂਰ ਹੋ ਸਕਦੇ ਹਨ, ਪਰ ਉਹ ਤਾਂ ਰੋਮ ਰੋਮ ਵਿਚ ਹੈ। ਉਹ ਤਾਂ ਵਿਆਪਕ ਹੈ। ਲੇਕਿਨ ਦੂਰੀ ਕਿਉਂ ਹੈ? ਯਾਦ ਵਿਚ ਨਹੀਂ। ਕੋਈ ਸੰਬੰਧ ਨਹੀ, ਕੋਈ ਚਿੰਤਨ ਨਹੀਂ, ਉਸ ਪਰਮ ਸ਼ਕਤੀ ਨਾਲ ਜੋ ਸਾਡੇ ਰੋਮ ਰੋਮ ਵਿਚ ਵਿਆਪਕ ਹੈ। ਦੇ ਦੈਵੀ ਆਨੰਦ ਦਾ ਮਾਲਕ ਹੈ। ਜੋ ਦੈਵੀ ਸੰਪਦਾ ਦਾ ਮਹਾਨ ਖਜ਼ਾਨਾ ਹੈ। ਜੋ ਗੁਣ ਨਿਧਾਨ ਹੈ, ਉਹ ਸਾਡੇ ਰੋਮ ਰੋਮ ਵਿਚ ਵਿਆਪਕ ਹੈ। ਲੇਕਿਨ ਸਾਡੇ ਚੇਤੇ ਵਿਚੋਂ ਨਿਕਲ ਗਿਆ ਹੈ, ਸਾਡੀ ਯਾਦ ਵਿਚੋਂ ਨਿਕਲ ਗਿਆ ਹੈ; ਸਾਡੇ ਚਿੰਤਨ ਵਿਚੋਂ ਨਿਕਲ ਗਿਆ ਹੈ। ਇਸ ਵਾਸਤੇ ਕੋਲ ਹੁੰਦਾ ਹੋਇਆ ਵੀ ਦੂਰ ਹੈ। ਇਤਨਾ ਦੂਰ ਕਿ ਕਈ ਦਫਾ ਮਨੁੱਖ ਕਹਿ ਦਿੰਦਾ ਹੈ-ਉਹ ਤਾਂ ਸਤਵੇਂ ਅਸਮਾਨ 'ਤੇ ਹੈ, ਉਹ ਤਾਂ ਸਤਵੇਂ ਪਾਤਾਲ ਵਿਚ ਹੈ। ਦਰਅਸਲ ਜਿਸ ਨਾਲ ਕੋਈ ਸੰਬੰਧ ਹੀ ਨਹੀਂ, ਜਿਸ ਨਾਲ ਕੋਈ ਯਾਦ ਦਾ ਰਿਸ਼ਤਾ ਹੀ ਨਹੀਂ, ਉਹ ਤਾਂ ਹੈ ਹੀ ਦੂਰ। ਜਿਸ ਦਿਨ ਅੰਦਰੋਂ ਪਰਮਾਤਮਾ ਦੀ ਯਾਦ ਚੱਲ ਪੈਂਦੀ ਹੈ, ਤਾਂ ਗੁਰੂ ਦੀ ਬੂਝ ਬੁਝਾ ਦਿੰਦਾ ਹੈ। ਉਸ ਦਿਨ ਮਨੁੱਖ ਨੂੰ ਪਤਾ ਚੱਲਦਾ ਹੈ ਕਿ ਇਹ ਰੱਬ ਵੀ ਦੂਰ ਹੈ, ਉਹ ਤਾਂ ਇਸ ਤੋਂ ਵੀ ਨੇੜੇ ਹੈ: ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੋ ਹੋਈ॥
{ਅੰਗ ੬੫੮} ਕਾਹੇ ਰੇ ਮਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥
{ਅੰਗ ੬੮੪} ਉਹ ਤਾਂ ਤੇਰੇ ਵਿਚ ਹੈ। ਉਹ ਤਾਂ ਤੇਰੇ ਅੰਦਰ ਵਸਿਆ ਹੋਇਆ ਹੈ। ਗੁਰੂ ਕੋਲੋਂ ਇਹ ਬੂਝ ਲੈਣੀ ਹੈ, ਗੁਰੂ ਕੋਲੋਂ ਇਹ ਸੂਝ ਲੈਣੀ ਹੈ। ਇਹ ਅਰਦਾਸ ਕਟ ਕੇ ਹੀ ਮੰਗ ਸਕਾਂਗੇ। ਇਹ ਬੇਨਤੀ ਨਾਲ ਹੀ ਪ੍ਰਾਪਤ ਕਰ ਸਕਾਂਗੇ। ਗੁਰੂ 'ਤੇ ਹੁਕਮ ਨਹੀਂ ਚੱਲ ਸਕਦਾ। "ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ॥" "ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥" ਜੋ "ਕਿ ਰਾਜ਼ਕ ਰਹਿੰਦ ਹੈ, ਕਿ ਰੋਜ਼ੀ ਦਹਿੰਦ ਹੈ"- ਜ਼ੱਰੇ ਜ਼ੱਰੇ ਦੀ ਜੋ ਪਾਲਣਾ ਕਰ ਰਿਹਾ ਹੈ, ਉਹ ਮੈਨੂੰ ਭੁੱਲੇ ਨਾ। ਉਸਦੀ ਯਾਦ ਹਮੇਸ਼ਾ ਬਣੀ ਰਹੇ। ਉਸਦੀ ਇਹ ਯਾਦ ਹੀ ਜੀਵਨ ਵਿਚੋਂ ਅਨੇਕਾਂ ਰਤਨਾ ਨੂੰ ਪ੍ਰਗਟ ਕਰ ਦਿੰਦੀ ਹੈ। ਦੈਵੀ ਸੰਪਦਾ ਨੂੰ ਜਨਮ ਦਿੰਦੀ ਹੈ। ਜਿੱਥੇ ਪ੍ਰਭੂ ਚਿੰਤਨ ਹੈ, ਉੱਥੇ ਪ੍ਰਭੂ ਅਨੰਦ ਹੈ। ਜਿੱਥੇ ਪ੍ਰਭੂ ਵਿਸਰ ਗਿਆ, ਉੱਥੇ ਸਾਰੇ ਦੁੱਖ ਹਨ। ਜਿੱਥੇ ਪਰਮਾਤਮਾ ਦੀ ਯਾਦ ਹੈ, ਉੱਥੇ ਪਰਮ ਪ੍ਰਕਾਸ਼ ਹੈ। ਜਿੱਥੇ ਪਰਮਾਤਮਾ ਭੁੱਲ ਗਿਆ ਹੈ, ਉੱਥੇ ਤਾਂ ਮੱਸਿਆ ਦੀ ਰਾਤ ਹੈ, ਉੱਥੇ ਤਾਂ ਭਟਕਣਾ ਹੈ, ਠੋਕਰਾਂ ਹਨ, ਅਤੇ ਕਿਤਨੀਆ ਠੋਕਰਾਂ ਹਨ? ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫੁਰਮਾਨ ਹੈ-"ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥" ਪਰਮਾਤਮਾ ਨੂੰ ਭੁੱਲ ਜਾਈਏ, ਉਸਨੂੰ ਚੇਤੇ 'ਚੋਂ ਕੱਢ ਦੇਈਏ ਤਾਂ ਇਕ ਰੋਗ ਥੋੜ੍ਹਾ ਵਿਆਪਦਾ ਹੈ, ਅਨੇਕਾਂ ਰੋਗ ਸਰੀਰ ਨੂੰ ਆ ਲੱਗਦੇ ਹਨ। ਮਨ ਨੂੰ ਆ ਲੱਗਦੇ ਹਨ। ਸਾਰੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਉਸਦੀ ਯਾਦ ਹੀ ਜ਼ਿੰਦਗੀ ਨੂੰ ਸਵਰਗ ਬਣਾ ਦਿੰਦੀ ਹੈ। ਇਸ ਵਾਸਤੇ ਸਾਹਿਬ ਸਾਨੂੰ ਮੰਗਣ ਦੀ ਜਾਚ ਸਿਖਾਉਂਦੇ ਹਨ। ਗੁਰੂ ਕੋਲੋਂ ਕੀ ਮੰਗਣਾ ਹੈ? "ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥"
ਵਿਣੁ ਭਾਣੇ ਕਿ ਨਾਈ ਕਰੀ (ਪਾਰਟ ੩)
Giani Sant Singh ji Maskeen · ਕਥਾ ਅਤੇ ਲੈਕਚਰ · ੭੨ / ੩੧੨
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ