ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ

Giani Sant Singh ji Maskeen · ਕਥਾ ਅਤੇ ਲੈਕਚਰ · ੬੮ / ੩੧੨

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ਮਾਨਸਿਕ ਰੋਗਾਂ ਵਿੱਚੋਂ ਵਹਿਮ ਤੋਹਮਤ ਦਾ ਆਪਣਾ ਇਕ ਖ਼ਾਸ ਥਾਂ ਹੈ, ਕਹਿੰਦੇ ਹਨ ਵਹਿਮ ਦਾ ਇਲਾਜ ਲੁਕਮਾਨ ਹਕੀਮ ਕੋਲ ਵੀ ਨਹੀਂ ਸੀ। ਜੋ ਘਟਨਾ ਘਟੀ ਨਹੀਂ ਔਰ ਜੋ ਹੋ ਹੀ ਨਾ ਸਕੇ, ਉਸ ਨੂੰ ਮੰਨ ਜਾਣਾ- ਇਹ ਵਹਿਮ ਹੈ। ਲਗਾਤਾਰ ਮੰਨਣ ਨਾਲ ਮਨੌਤ ਮਨ ਵਿਚ ਆਪਣੀ ਥਾਂ ਬਣਾ ਲੈਂਦੀ ਹੈ, ਫਿਰ ਮਨ ਵਿੱਚੋਂ ਕੱਢਣਾ ਔਖਾ ਹੋ ਜਾਂਦਾ ਹੈ। ਮਾਨਸਿਕ ਤਲ 'ਤੇ ਬਹੁਤ ਸਾਰੀਆਂ ਐਸੀਆਂ ਮਨੌਤਾਂ ਜੀ ਰਹੀਆਂ ਹਨ, ਜਿਨ੍ਹਾਂ ਦਾ ਸੱਚਾਈ ਨਾਲ ਦੂਰ ਦਾ ਵੀ ਵਾਸਤਾ ਨਹੀਂ। ਵਹਿਮ ਤੇ ਮਨੌਤ ਹਰ ਦੇਸ਼, ਹਰ ਕੌਮ ਅੰਦਰ ਹੁੰਦੇ ਹਨ। ਹਰ ਸਿਆਣਾ ਤੇ ਸੂਰਖ, ਪੜ੍ਹਿਆ-ਅਣਪੜ੍ਹਿਆ ਇਸ ਦੀ ਲਪੇਟ ਵਿਚ ਆ ਜਾਂਦਾ ਹੈ। ਤੇਰਾਂ ਨੰਬਰ ਮਨਹੂਸ ਹੈ, ਇਸ ਵਾਸਤੇ ਤੇਰਾਂ ਨੰਬਰ ਦੇ ਮਕਾਨ ਯਾ ਕਮਰੇ ਵਿਚ ਨਹੀਂ ਰਹਿਣਗੇ। ਇਸ ਵਾਸਤੇ ਇਕ ਹੋਰ ਮੂੜ੍ਹਤਾ ਨੇ ਜਨਮ ਲਿਆ ਹੈ ਕਿ ਉਹ ਬਾਰਾਂ ਤੋਂ ਬਾਦ ਚੌਦਾਂ ਦੀ ਗਿਣਤੀ ਮਕਾਨ ਯਾ ਕਮਰੇ 'ਤੇ ਲਾ ਦੇਣਗੇ। ਵਹਿਮ ਇਸ ਹੱਦ ਤਕ ਘਰ ਕਰ ਗਿਆ ਹੈ ਕਿ ਤੇਰਾਂ ਨੰਬਰ ਦਾ ਹਿੰਦਸਾ ਹੀ ਰੱਬ ਬਣ ਗਿਆ। ਯੌਰਪ ਨੂੰ ਅਸੀਂ ਐਸਾ ਮੰਨਦੇ ਹਾਂ ਕਿ ਸਾਇੰਸ ਤੇ ਦੁਨਿਆਵੀ ਤੌਰ 'ਤੇ ਬੜਾ ਉੱਨਤ ਹੈ। ਪਰ ਹਰ ਉੱਨਤੀ ਨਾਲ ਪਸਤੀ ਵੀ ਉਤਨੀ ਹੀ ਹੁੰਦੀ ਹੈ। ਚੀਨੀਆਂ ਦਾ ਵਹਿਮ ਇਹ ਹੈ ਕਿ ਕਿਸੇ ਥਾਂ ਉਨ੍ਹਾਂ ਨੂੰ ਠੁੱਡਾ ਲੱਗ ਜਾਵੇ ਤਾਂ ਉਸ ਥਾਂ ਧੂਪ-ਦੀਪ ਜ਼ਰੂਰ ਕਰਨਗੇ। ਉਨ੍ਹਾਂ ਹੀ ਮਨੌਤ ਹੈ ਕਿ ਉਸ ਥਾਂ 'ਤੇ ਕਿਸੇ ਵੈਰੀ ਦੀ ਰੂਹ ਹੈ, ਜਿਸ ਨੇ ਠੁੱਡਾ ਮਾਰਿਆ ਹੈ। ਮਰਦ ਮਰ ਜਾਵੇ ਤਾਂ ਉਸ ਨਾਲ ਕਾਗ਼ਜ਼ ਦੀ ਬਣਾਈ ਹੋਈ ਇਸਤਰੀ, ਧਨ, ਮਕਾਨ, ਹੋਰ ਸਾਜ਼ੋ-ਸਾਮਾਨ ਵੀ ਕਬਰਿਸਤਾਨ ਤਕ ਲੈ ਜਾਣਗੇ ਇਹ ਸਾਰਾ ਸਾਮਾਨ ਉਸ ਨੂੰ ਅੱਗੇ ਮਿਲੇ। ਹਿੰਦੁਸਤਾਨ ਅਨੇਕਾਂ ਨਸਲਾਂ ਤੇ ਅਨੇਕਾਂ ਧਰਮਾਂ ਦਾ ਮੁਲਕ ਹੈ। ਇਸ ਵਾਸਤੇ ਇਥੇ ਅਨੇਕਾਂ ਵਹਿਮ-ਭਰਿਆਂ ਮਨੌਤਾਂ ਨੇ ਜਨਮ ਲਿਆ-ਕੋਈ ਨਿੱਛ ਮਾਰ ਦੇਵੇ ਯਾ ਆਪਣੇ ਆਪ ਨੂੰ ਆ ਜਾਵੇ ਤਾਂ ਫਿਰ ਕਿਸੇ ਖ਼ਾਸ ਕੰਮ 'ਤੇ ਨਹੀਂ ਜਾਣਾ, ਕੋਈ ਪਿੱਛੋਂ ਆਵਾਜ਼ ਮਾਰ ਦੇਵੇ, ਬਿੱਲੀ ਰਸਤਾ ਕੱਟ ਜਾਵੇ, ਖੋਤਾ ਬੋਲ ਪਵੇ ਯਾ ਅਸਮਾਨ ਵਿੱਚੋਂ ਟੁੱਟਦਾ ਹੋਇਆ ਤਾਰਾ ਦਿੱਸ ਪਵੇ, ਇਹ ਸਾਰੀ ਬਦਸ਼ਗਨੀ ਦੀਆਂ ਨਿਸ਼ਾਨੀਆਂ ਮੰਨ ਲਈਆਂ ਜਾਂਦੀਆਂ ਹਨ। ਚਾਂਦਨੀ ਰਾਤ ਹੋਵੇ, ਨਾਸਕਾ ਦੀ ਸਵਰ ਸੱਚੀ ਚੱਲ ਰਹੀ ਹੋਵੇ ਤਾਂ ਕਿਸੇ ਖ਼ਾਸ ਪਾਸੇ ਵੱਲ ਸਫ਼ਰ ਕਰਨਾ ਹੈ। ਇਤਿਆਦਿਕ ਅਨੇਕ ਐਸੀਆਂ ਝੂਠੀਆਂ ਮਨੌਤਾਂ ਚੱਲ ਰਹੀਆਂ ਹਨ। ਇਨ੍ਹਾਂ ਮਨੌਤਾਂ ਨੂੰ ਮੰਨਣ ਵਾਲਾ ਧਰਮੀ ਨਹੀਂ ਹੁੰਦਾ। ਉਸ ਦੇ ਮਨ ਵਿਚ ਨਿਰੰਕਾਰ ਦੇ ਨਾਮ ਦਾ ਰਸ ਨਹੀਂ ਹੁੰਦਾ। ਅੰਤਸ਼ਕਰਨ ਰੱਬੀ ਯਾਦ ਤੋਂ ਖ਼ਾਲੀ ਹੁੰਦਾ ਹੈ। ਇਸ ਵਾਸਤੇ ਸ਼ਗਨ-ਅਪਸ਼ਗਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ: ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ॥
{ਆਸਾ ਮ:੫, ਪੰਨਾ ੪੦੧} ਜਬ ਆਪਨ ਆਪੁ ਆਪਿ ਉਰਿ ਧਾਰੈ॥
ਤਉ ਸਗਨ ਅਪਸਗਨ ਕਹਾ ਬੀਚਾਰੈ॥
{ਗਉੜੀ ਸੁਖਮਨੀ ਮ:੫, ਪੰਨਾ ੨੯੧} ਦਿਨ-ਵਾਰ-ਮਹੀਨਾ-ਸਾਲ ਇਹ ਪਰਮਾਤਮਾ ਦੀ ਕ੍ਰਿਤ ਹੈ। ਜੇ ਕ੍ਰਿਤ ਮਾੜੀ ਹੈ ਤੇ ਕਰਤਾ ਚੰਗਾ ਨਹੀਂ ਹੋ ਸਕਦਾ। ਭੋਲੇ ਭਾਵ ਅਸੀਂ ਕਰਤੇ 'ਤੇ ਦੋਸ਼ ਲਾਈ ਜਾ ਰਹੇ ਹਾਂ- ਇਹ ਦਿਨ ਠੀਕ ਹੈ, ਇਹ ਵਾਰ, ਮਹੀਨਾ, ਰੁੱਤ ਚੰਗੀ ਨਹੀਂ ਹੈ। ਪਰ ਇਹ ਆਖਣ ਦੀ ਹਿੰਮਤ ਨਹੀਂ ਕਰਦੇ ਕਿ ਅਸੀਂ ਖ਼ੁਦ ਚੰਗੇ ਨਹੀਂ ਹਾਂ। ਮਨੁੱਖ ਖ਼ੁਦ ਚੰਗਾ ਹੋਵੇ ਤਾਂ ਸਭ ਕੁਛ ਠੀਕ ਹੈ। ਉਹੋ ਦਿਨ-ਵਾਰ-ਰੁੱਤ-ਥਿੱਤ ਮਹਾਨ ਹੈ, ਜਿਸ ਵਕਤ ਮਨ ਸਿਮਰਨ ਵਿਚ ਲੀਨ ਹੋਵੇ ਤੇ ਰਸਨਾ ਨਾਮ ਉਚਾਰਨ ਕਰੇ। ਸਾਡੇ ਭਲੇ ਹੋਣ ਨਾਲ ਦਿਨ ਦਿਹਾਰ ਭਲਾ ਹੋ ਜਾਂਦਾ ਹੈ: ਭਲੇ ਦਿਨਸ ਭਲੇ ਸੰਜੋਗ॥
ਜਿਤੁ ਭੇਟੇ ਪਾਰਬ੍ਰਹਮ ਨਿਰਜੋਗ॥
ਓਹ ਬੇਲਾ ਕਉ ਹਉ ਬਲਿ ਜਾਉ॥
ਜਿਤੁ ਮੇਰਾ ਮਨੁ ਜਪੈ ਹਰਿ ਨਾਉ॥
ਸਫਲ ਮੂਰਤੁ ਸਫਲ ਓਹ ਘਰੀ॥
ਜਿਤੁ ਰਸਨਾ ਉਚਰੈ ਹਰਿ ਹਰੀ॥
{ਗਉੜੀ ਮਹਲਾ ੫, ਪੰਨਾ ੧੯੧} ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ॥
{ਜੈਤਸਰੀ ਵਾਰ ਮ:੫, ਪੰਨਾ ੭੦੯} ਕਹਿੰਦੇ ਹਨ ਕਿ ਸੰਸਾਰ ਦੇ ਨੱਬੇ ਪ੍ਰਤੀਸ਼ਤ ਸੱਚ ਬਾਰ-ਬਾਰ ਦੋਹਰਾਏ ਗਏ ਝੂਠ ਹਨ। ਇਕ ਝੂਠ ਅਗਰ ਬਾਰ-ਬਾਰ ਦੋਹਰਾਇਆ ਜਾਵੇ ਤਾਂ ਬਹੁਤ ਸਾਰੇ ਉਸ ਝੂਠ ਨੂੰ ਰਟੀ ਜਾਵਣ ਤੇ ਇਹ ਖ਼ਿਆਲ ਹੀ ਮਿਟ ਜਾਂਦਾ ਹੈ ਕਿ ਇਹ ਝੂਠ ਹੈ। ਮਨੁੱਖ ਖ਼ੁਦ ਕਿਸੇ ਇਕ ਝੂਠ ਦਾ ਬਾਰ-ਬਾਰ ਜ਼ਿਕਰ ਕਰੇ ਤੇ ਬਹੁਤ ਦਿਨਾਂ ਤਕ ਕਰਦਾ ਰਹੇ ਤਾਂ ਉਸ ਨੂੰ ਖ਼ੁਦ ਵੀ ਉਹੋ ਸੱਚ ਭਾਸਣ ਲੱਗ ਪੈਂਦਾ ਹੈ। ਵਹਿਮ ਮਨੌਤਾਂ ਬਿਲਕੁਲ ਝੂਠ ਹਨ ਪਰ ਇਤਨੀ ਬਾਰ ਦੋਹਰਾਈਆਂ ਗਈਆਂ ਹਨ ਕਿ ਹੁਣ ਸੱਚ ਪ੍ਰਤੀਤ ਹੁੰਦੀਆਂ ਹਨ। ਕਿਸੇ ਖ਼ਾਸ ਦਿਨ ਨੂੰ ਭੈੜਾ ਸਮਝ ਕੇ ਕੇਸੀਂ ਇਸ਼ਨਾਨ ਨਾ ਕਰਨਾ, ਸਫ਼ਰ ਨਾ ਕਰਨਾ, ਦਿਨ-ਦਿਹਾਰ ਨੂੰ ਭੈੜਾ ਸਮਝ ਕੇ ਵਿਆਹ ਕੁੜਮਾਈ ਨਾ ਕਰਨੀ, ਇਸ ਤਰ੍ਹਾਂ ਦੀਆਂ ਅਨੰਤ ਵਹਿਮ ਭਰੀਆਂ ਮਨੌਤਾਂ ਚੱਲ ਰਹੀਆਂ ਹਨ। ਜਿਸ ਵੇਲੇ ਪਰਮਾਤਮਾ ਚੇਤੇ ਆਵੇ, ਉਸ ਦੀ ਯਾਦ ਨਾਲ ਹਿਰਦਾ ਸਰਸ਼ਾਰ ਹੋ ਜਾਵੇ, ਬਸ ਉਹ ਦਿਨ ਘੜੀ ਮਹਾਨ ਹੈ। ਨਾਨਕ ਸੋਈ ਦਿਨਸੁ ਸੁਹਾਵੜਾ ਜਿਉ ਪ੍ਰਭੁ ਆਵੈ ਚਿਤਿ॥
ਜਿਤੁ ਦਿਨਿ ਵਿਸਰੈ ਪਾਰਬ੍ਰਹਮ ਫਿਟੁ ਭਲੇਰੀ ਰੁਤਿ॥
{ਗਉੜੀ ਵਾਰ ਮ:੫, ਪੰਨਾ ੩੧੮} ਪਿਰਿ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ॥
ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ॥
{ਗੂਜਰੀ ਵਾਰ ਮ:੫, ਪੰਨਾ ੫੨੨} ਵਹਿਮ ਤੇ ਤੋਹਮਤ ਨੂੰ ਜ਼ਿਆਦਾ ਜਨਮ ਤਥਾਕਥਿਤ ਧਰਮੀ ਲੋਕਾਂ ਨੇ ਦਿੱਤਾ ਹੈ। ਵਹਿਮੀ ਮਨੁੱਖ ਸਹਿਮਿਆ ਡਰਿਆ ਹੁੰਦਾ ਹੈ। ਆਪਣੇ 'ਤੇ ਦੋਸ਼ ਮੜ੍ਹਨ ਦੀ ਥਾਂ ਉਹ ਦਿਨ-ਦਿਹਾਰ; ਕੁੱਤੇ ਬਿੱਲੀਆਂ 'ਤੇ ਦੋਸ਼ ਮੜ੍ਹ ਛੱਡਦਾ ਹੈ। ਇਸ ਤਰ੍ਹਾਂ ਆਪ ਬਚਣ ਦੀ ਕੋਸ਼ਿਸ਼ ਕਰਦਾ ਹੈ। ਇਸ ਨਾਲ ਆਪਣੇ ਆਪ ਨੂੰ ਸੰਵਾਰਨ ਦਾ ਅਵਸਰ ਵੀ ਖੋਹ ਬੈਠਦਾ ਹੈ। ਭਾਈ ਗੁਰਦਾਸ ਹੀ ਨੇ ਐਸੇ ਵਹਿਮ ਨਾਲ ਭਰੇ ਹੋਏ ਮਨੁੱਖ ਦਾ ਦ੍ਰਿਸ਼ ਇਸ ਤਰ੍ਹਾਂ ਪੇਸ਼ ਕੀਤਾ ਹੈ: ਬੈਸਨੋ ਅਨੰਨਿ ਬ੍ਰਹਮੰਨਿ ਸਾਲਗ੍ਰਾਮ ਸੇਵਾ, ਗੀਤਾ ਭਾਗਵਤ ਸ੍ਰੋਤਾ ਏਕਾਕੀ ਕਹਾਵਹੀ॥
ਤੀਰਥ ਧਰਮ ਦੇਵ ਜਾਤ੍ਰਾ ਕਉ ਪੰਡਿਤ ਪੂਛਿ, ਕਰਤ ਗਵਨ ਸੋ ਮਹੂਰਤ ਸੋਧਾਵਹੀ॥
ਬਾਹਰਿ ਨਿਕਸਿ ਗਰਧਬ ਸ੍ਵਾਨ ਸਗਨ ਕੈ, ਸੰਕਾ ਉਪਰਾਜਿ ਬਹੁਤਿ ਘਰਿ ਆਵਹੀ॥
ਪਤਿਬ੍ਰਤ ਗਹਿ ਰਹਿ ਸਕਤ ਨ ਏਕਾ ਟੇਕ, ਦੁਬਿਧਾ ਅਛਿਤ ਨ ਪਰੰਮ ਪਦ ਪਾਵਹੀ॥੪੪੭॥

{ਕਬਿੱਤ ਸਵੱਯੇ, ਭਾਈ ਗੁਰਦਾਸ ਜੀ} ਜਿਸ ਨੂੰ ਇਕ ਦੀ ਟੇਕ ਹੈ ਤੇ ਇਸ ਗੱਲ ਦੀ ਵੀ ਸੂਝ ਹੈ ਕਿ ਕ੍ਰਿਤ ਮਾਨ ਜਗਤ ਕਰਤੇ ਦੇ ਵੱਸ ਹੈ, ਐਸੀ ਸੂਝ-ਬੂਝ ਰੱਖਣ ਵਾਲੇ 'ਤੇ ਕਿਸੇ ਸ਼ਗਨ ਅਪਸ਼ਗਨ ਦਾ ਅਸਰ ਨਹੀਂ ਪੈਂਦਾ: ਗੁਰ ਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਐਸੋ, ਪਤਿਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ॥
ਪੂਛਤ ਨ ਜੋਤਕ ਅਉ ਬੇਦ ਥਿਤਿ ਵਾਰ ਕਛੁ, ਗ੍ਰਿਹ ਅਉ ਨਖਤ੍ਰ ਕੀ ਨ ਸੰਕਾ ਉਰਧਾਰੀ ਹੈ॥
ਜਾਨਤ ਨ ਸਗਨ ਲਗਨ ਆਨ ਦੇਵ ਸੇਵ, ਸਬਦ ਸੁਰਤਿ ਲਿਵ ਨੇਹੁ ਨਿਰੰਕਾਰੀ ਹੈ॥
ਸਿਖ ਸੰਤ ਬਾਲਕ ਸ੍ਰੀ ਗੁਰ ਪ੍ਰਤਿਪਾਲਕ ਹੁਇ, ਜੀਵਨ ਮੁਕਤਿ ਗਤਿ ਬ੍ਰਹਮ ਬੀਚਾਰੀ ਹੈ॥੪੪੮॥

{ਕਬਿੱਤ ਸਵੱਯੇ, ਭਾਈ ਗੁਰਦਾਸ ਜੀ} ਵਿਘਨਾਂ ਦਾ ਦਿਨ-ਦਿਹਾਰ ਨਾਲ ਕੋਈ ਸੰਬੰਧ ਨਹੀਂ, ਇਹ ਤਾਂ ਨਾਮ-ਬਾਣੀ ਦੇ ਵਿਸਰਨ ਨਾਲ ਪੈਦਾ ਹੋਣ ਲੱਗ ਪੈਂਦੇ ਹਨ: ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ॥
ਨਾਨਕ ਅਨਦਿਨੁ ਬਿਲਪਤੇ ਜਿਉ ਸੁੰਵੈ ਘਰਿ ਕਾਉ॥
{ਸਲੋਕ ਮ:੫, ਪੰਨਾ ੫੨੨} ਅਗਰ ਨਾਮ ਵਿਚ ਦ੍ਰਿੜ੍ਹਤਾ ਹੋਵੇ, ਸਤਿਗੁਰੂ 'ਤੇ ਪੂਰਨ ਭਰੋਸਾ ਹੋਵੇ ਤਾਂ ਫਿਰ ਸਾਰੇ ਵਿਘਨ ਨਾਸ ਹੋ ਜਾਂਦੇ ਹਨ: ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ॥
{ਸੋਰਠਿ ਮ:੫, ਪੰਨਾ ੬੨੨}

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ