ਨਿਰਾਸ਼ਾ (ਪਾਰਟ ੨) ਸਤਿਗੁਰੂ ਜੀ ਫੁਰਮਾਉਂਦੇ ਹਨ: ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ॥ {ਸਲੋਕ ਮ:੫, ਪੰਨਾ ੩੨੨} ਸੁਖ ਤਾਂ ਇਕ ਮ੍ਰਿਗ ਤ੍ਰਿਸ਼ਨਾ ਹੈ। ਸਹਿਰਾ (ਮਾਰੂਥਲ) ਵਿਚ ਤਪਦੀ ਹੋਈ ਰੇਤ ਨੂੰ ਹਿਰਨ ਪਾਣੀ ਸਮਝ ਲੈਂਦਾ ਹੈ। ਦੌੜ ਕੇ ਜਾਂਦਾ ਹੈ ਉਧਰ ਨੂੰ। ਇਹ ਪਿਆਸਾ ਹਿਰਨ ਕੀ ਦੇਖਦਾ ਹੈ ਕਿ ਰੇਤ ਹੈ। ਲੇਕਿਨ ਅੱਗੇ ਫਿਰ ਉਸ ਨੂੰ ਚਮਕਦੀ ਹੋਈ ਰੇਤ, ਪਾਣੀ ਦਿਖਾਈ ਦਿੰਦੀ ਹੈ ਤੇ ਉਹ ਫਿਰ ਉਧਰ ਦੌੜਦਾ ਹੈ। ਇਸ ਤਰ੍ਹਾਂ ਸਹਿਰਾ ਵਿਚ ਦੌੜਦਾ ਰਹਿੰਦਾ ਹੈ। ਪਾਣੀ ਦਿਖਾਈ ਦਿੰਦਾ ਹੈ, ਪਰ ਅਸਲ ਵਿਚ ਰੇਤ ਹੁੰਦੀ ਹੈ। ਉਹ ਹੋਰ ਅੱਗੇ ਦੌੜਦਾ ਹੈ ਔਰ ਦੌੜਦਿਆਂ ਦੌੜਦਿਆਂ ਪਿਆਸੇ ਹਿਰਨ ਦੇ ਪ੍ਰਾਣ ਨਿਕਲ ਜਾਂਦੇ ਹਨ।
ਇਵੇਂ ਹੀ ਜਿਧਰ ਜਿਧਰ ਮਨੁੱਖ ਨੂੰ ਸੁਖ ਦਿਖਾਈ ਦਿੰਦਾ ਹੈ, ਉਧਰ ਦੀ ਹੀ ਉਹ ਦੌੜ ਲਗਾਈ ਰੱਖਦਾ ਹੈ, ਪਰ ਸੁਖ ਤਾਂ ਕਿਧਰੇ ਵੀ ਨਹੀਂ ਮਿਲਦਾ। ਅਸੀਂ ਦੇਖਦੇ ਹਾਂ, ਇਕ ਬੇ-ਔਲਾਦ ਹੈ, ਬੱਚੇ ਦੀ ਖ਼ਾਤਰ ਤੀਰਥਾਂ ’ਤੇ ਰਟਨ ਕਰਦਾ ਫਿਰਦਾ ਹੈ; ਹਵਨ ਯੱਗ ਕਰਾ ਰਿਹਾ ਹੈ; ਮੰਦਿਰ ਵਿਚ, ਮਸਜਿਦ ਵਿਚ, ਗੁਰਦੁਆਰਿਆਂ ਵਿਚ ਪ੍ਰਾਰਥਨਾਵਾਂ ਕਰਾ ਰਿਹਾ ਹੈ, ਕੇਵਲ ਇਕ ਪੁੱਤਰ ਲਈ। ਲੇਕਿਨ ਉਸ ਨੂੰ ਸਮਝ ਨਹੀਂ ਆਉਂਦੀ ਕਿ ਜਿਸ ਦੇ ਚਾਰ ਚਾਰ ਪੁੱਤਰ ਨੇ, ਉਹ ਤਾਂ ਪਹਿਲਾਂ ਹੀ ਦੁਖੀ ਹੈ, ਔਰ ਜਿਸ ਵਕਤ ਪੁੱਤਰ ਦੀ ਪ੍ਰਾਪਤੀ ਹੋਈ, ਸੁਖ ਤਾਂ ਖ਼ਤਮ ਹੋ ਗਿਆ। ਹੁਣ ਹੋਰ ਆਸਾਂ ਆਣ ਘੇਰਦੀਆਂ ਹਨ। ਇਸ ਤਰ੍ਹਾਂ ਇਕ ਆਸਾ ਪੂਰੀ ਹੁੰਦੀ ਹੈ ਤੇ ਪੂਰੀ ਹੁੰਦਿਆਂ ਹੀ ਮਰ ਜਾਂਦੀ ਹੈ।
ਤੇ ਜ਼ਿੰਦਾ ਰਹਿਣ ਵਾਸਤੇ ਔਰ ਸੁਖ ਨੂੰ ਕਾਇਮ ਰੱਖਣ ਵਾਸਤੇ ਕਿਸੇ ਹੋਰ ਆਸਾ ਨੂੰ ਜਨਮ ਦੇਣਾ ਪੈਂਦਾ ਹੈ। ਸਿਆਣੇ ਤਾਂ ਇੰਜ ਕਹਿੰਦੇ ਨੇ ਕਿ ਹਰ ਸੁਆਸ ਪਰ ਆਸ ਸੁਆਰ ਹੁੰਦੀ ਹੈ। ਅੰਤਿਮ ਸਮੇਂ ਸੁਆਸ ਨਹੀਂ ਨਿਕਲਦੇ, ਬਲਕਿ ਅਨੰਤ ਆਸਾਂ ਦਾ ਹੀ ਖ਼ਾਤਮਾ ਹੁੰਦਾ ਹੈ: ਹਜ਼ਾਰੋਂ ਸਾਂਸ ਲੇਕਰ ਆਖ਼ਿਰ ਦਮ ਨਿਕਲਤਾ ਹੈ ਮਨੁੱਖੀ ਦੁਨੀਆ ਵਿਚ ਸਾਰੇ ਕਰਮ ਆਸਾ ’ਤੇ ਅਸਵਾਰ ਹੋ ਕੇ ਗਵਨ ਕਰਦੇ ਹਨ। ਇੱਛਾਵਾਂ ਜਿਤਨੀਆਂ ਪ੍ਰਬਲ ਹੁੰਦੀਆਂ ਹਨ, ਉਤਨਾ ਹੀ ਉਹ ਪ੍ਰਾਣੀ ਕਰਮ ਪਰਵਿਰਤ ਹੁੰਦਾ ਹੈ। ਇਸ ਵਾਸਤੇ ਇੱਛਾਵਾਂ ਅੰਤ ਸਮੇਂ ਤਕ ਮਨੁੱਖ ਨੂੰ ਕਰਮ ਵਿਚ ਪਰਵਿਰਤ ਰੱਖਦੀਆਂ ਹਨ। ਔਰ ਸਿਆਣੇ ਕਹਿੰਦੇ ਨੇ ਕਿ ਮਨੁੱਖ ਹੈ ਹੀ ਕਰਮ ਕਰਣੀ।
ਕੁਛ ਕਰਦਾ ਰਹੇ; ਕਿਉਂਕਿ ਕੁਛ ਕਰਨ ਨਾਲ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਬੜੇ ਬੜੇ ਕਰਮਸ਼ੀਲ ਮਨੁੱਖ, ਕਰਮ ਦੇ ਵਿਚ ਪਰਵਿਰਤ ਮਨੁੱਖ, ਦੇਖਣ ਵਿਚ ਬੜੇ ਹੀ ਦੁਖੀ ਨਜ਼ਰ ਆਏ ਹਨ। ਕੀ ਕੋਈ ਸਿਕੰਦਰ ਤੋਂ ਵੀ ਜ਼ਿਆਦਾ ਪਰਵਿਰਤ ਹੋਇਆ ਹੈ? ਮੁਲਕ ਦਰ ਮੁਲਕ ਫ਼ਤਹਿ ਕਰਦਾ ਗਿਆ, ਪਰ ਦੁਖੀ ਹੁੰਦਾ ਗਿਆ, ਬੇਜ਼ਾਰ ਹੁੰਦਾ ਗਿਆ। ਬੇਅੰਤ ਮੁਲਕ ਫ਼ਤਹਿ ਕਰ ਕੇ ਵੀ ਅੰਤ ਨੂੰ ਖ਼ਾਲੀ ਹੱਥ ਹੀ ਰੁਖ਼ਸਤ ਹੋਇਆ। ਉਸ ਦੇ ਖ਼ਾਲੀ ਹੱਥ ਇਹ ਸੰਦੇਸਾ ਸਨ ਕਿ ਮੈਨੂੰ ਸੁਖ ਨਹੀਂ ਮਿਲਿਆ। ਸੰਸਾਰ ਤੋਂ ਕਿਸ ਨੂੰ ਸੁਖ ਮਿਲਿਆ ਹੈ, ਭਾਵ ਜਨਮ ਤੋਂ, ਜੀਵਨ ਤੋਂ, ਕਿਸ ਨੂੰ ਸੁਖ ਮਿਲਿਆ ਹੈ। ਐਸਾ ਕੋਈ ਇਕ ਪ੍ਰਾਣੀ ਵੀ ਅਸੀਂ ਰੂਏ-ਜ਼ਮੀਨ ’ਤੇ ਨਹੀਂ ਦੇਖ ਸਕਦੇ।
ਅਗਰ ਕੋਈ ਕਹਿੰਦਾ ਹੈ ਕਿ ਜਗਤ ਇਕ ਸੁਖ ਹੈ, ਜੀਵਨ ਇਕ ਸੁਖ ਹੈ, ਉਹ ਫਿਰ ਇਹੀ ਦੱਸ ਰਿਹਾ ਹੈ ਕਿ ਉਸ ਕੋਲ ਅਕਲ ਨਹੀਂ ਹੈ। ਐਸਾ ਪ੍ਰਾਣੀ ਹੋਸ਼ ਵਿਚ ਨਹੀਂ ਹੈ। ਲੇਕਿਨ ਤਾਰਕਕ ਕਹਿੰਦੇ ਨੇ ਕਿ ਅਗਰ ਜੀਵਨ ਸੁਖ ਨਹੀਂ ਹੈ ਤੇ ਫਿਰ ਜੀਵਨ ਦੀ ਲਾਲਸਾ ਕਿਉਂ ਹੈ? ਲਾਲਸਾ ਤਾਂ ਸੁਖ ਦੀ ਹੀ ਹੋ ਸਕਦੀ ਹੈ, ਦੁਖ ਦੀ ਤਾਂ ਨਹੀਂ ਹੋ ਸਕਦੀ। ਤੇ ਭਾਵੇਂ ਜੀਵਨ ਦੁਖ ਹੈ, ਲੇਕਿਨ ਜੀਵਨ ਵਿਚ ਸੁਖ ਦੀ ਆਸਾ ਕਾਇਮ ਹੈ, ਸੁਖੀ ਭਵਿੱਸ਼ ਦੀ ਆਸਾ। ਬਸ ਇਹੀ ਮਨੁੱਖ ਨੂੰ ਜੀਵਾਈ ਜਾ ਰਿਹਾ ਹੈ। ਮੈਂ ਅੱਜ ਰੋਗੀ ਹਾਂ, ਕੱਲ ਨੂੰ ਨਹੀਂ ਹੋਵਾਂਗਾ; ਅੱਜ ਪਰੇਸ਼ਾਨ ਹਾਂ, ਦੁਖੀ ਹਾਂ, ਕੱਲ ਸੁਖੀ ਹੋ ਜਾਵਾਂਗਾ।
ਸੁਖ ਹਮੇਸ਼ਾ ਭਵਿੱਸ ਵਿਚ ਹੀ ਹੁੰਦਾ ਹੈ, ਵਰਤਮਾਨ ਵਿਚ ਨਹੀਂ। ਬਸ ਭਵਿੱਸ਼ ਵਿਚ ਹੀ ਸੁਖ ਦੀ ਲਾਲਸਾ ਦਿਖਾਈ ਦਿੰਦੀ ਹੈ ਔਰ ਅਸੀਂ ਉਸੇ ਨੂੰ ਹੀ ਕਹਿ ਦਿੰਦੇ ਹਾਂ ਕਿ ਇਹ ਸੁਖੀ ਹੈ। ਔਰ ਸਾਰੀ ਮਨੁੱਖਤਾ ਭਵਿੱਸ਼ ਦੀ ਚਿੰਤਾ ਕਰਦੀ ਹੈ ਕਿ ਭਵਿੱਸ਼ ਵਿਚ ਜੀਵਨ ਸੁਖੀ ਹੋਵੇ; ਭਵਿੱਸ਼ ਸੁਖੀ ਹੋਵੇਗਾ ਤਾਂ ਹੀ ਮੈਂ ਸੁਖੀ ਹੋਵਾਂਗਾ। ਪਰ ਮਨੁੱਖ ਨੇ ਕਦੇ ਨਹੀਂ ਸੋਚਿਆ ਕਿ ਜਿਸ ਢੰਗ ਨਾਲ ਮੈਂ ਜੀਅ ਰਿਹਾ ਹਾਂ, ਅਗਰ ਮੈਂ ਅੱਜ ਦੁਖੀ ਹਾਂ ਤਾਂ ਕੱਲ ਵੀ ਦੁਖੀ ਹੀ ਰਹਾਂਗਾ।