ਕਰਮ ਭੂਮਿ ਮਹਿ ਬੋਅਹੁ ਨਾਮੁ

Giani Sant Singh ji Maskeen · ਕਥਾ ਅਤੇ ਲੈਕਚਰ · ੫ / ੩੧੨

ਕਰਮ ਭੂਮਿ ਮਹਿ ਬੋਅਹੁ ਨਾਮੁ ਜਗਤ ਰਚਨਾ ਵਿਖੇ ਇਕ ਅਟੱਲ ਨਿਯਮ ਕੰਮ ਕਰ ਰਿਹਾ ਹੈ ਕਿ ਧਰਤੀ ਦੀ ਕੁੱਖ ਵਿਚ ਜੋ ਬੀਜ ਪਾਈਏ ਓਹੀ ਪ੍ਰਫੁੱਲਤ ਹੋ, ਕਈ ਗੁਣਾ ਵੱਧ ਮਿਲਦਾ ਹੈ। ਬੀਜ ਵਧੀਆ ਹੋਵੇ, ਧਰਤੀ ਸੁਧਰੀ ਹੋਵੇ ਤੇ ਵਕਤ ਸਿਰ ਪਾਣੀ ਤੇ ਖਾਦ ਪਾਈ ਜਾਵੇ ਤਾਂ ਬੀਜ ਆਪਣੇ ਪੂਰਨ ਰੂਪ ਵਿਚ ਪ੍ਰਫੁੱਲਤ ਹੁੰਦਾ ਹੈ। ਪ੍ਰਫੁੱਲਤ ਹੋਏ ਬੂਟੇ ਦੀ ਦੇਖ-ਰੇਖ ਵੀ ਕਰਨੀ ਪੈਂਦੀ ਹੈ, ਕਿਧਰੇ ਕੋਈ ਪਸ਼ੂ ਪੰਛੀ ਫਲ ਲੱਗਣ ਤੋਂ ਪਹਿਲਾਂ ਬੂਟੇ ਨੂੰ ਨਾਸ ਨਾ ਕਰ ਦੇਵੇ। ਜੋ ਨਿਯਮ ਇਕ ਧਰਤੀ 'ਤੇ ਲਾਗੂ ਹੈ-ਓਹੀ ਨਿਯਮ ਮਨੁੱਖੀ ਸਰੀਰ 'ਤੇ ਲਾਗੂ ਹੈ ਕਿਉੇਂਕਿ ਮਨੁੱਖੀ ਤਨ ਵੀ ਧਰਤੀ ਹੈ। ਭਾਰਤ ਦੇ ਰਿਸ਼ੀਆਂ ਨੇ ਇਸ ਤਨ ਨੂੰ ਕਰਮ ਭੂਮੀ ਆਖਿਆ ਹੈ। ਹਰ ਕਰਮ ਇਕ ਬੀਜ ਹੈ। ਹਰ ਕਰਮ ਦਾ ਸੰਸਕਾਰ ਬਣਦਾ ਹੈ ਤੇ ਸੰਸਕਾਰਾਂ ਦੇ ਇਕੱਠ ਤੋਂ ਸੁਭਾਵ ਬਣਦਾ ਹੈ ਤੇ ਸੁਭਾਵ ਹੀ ਦੁਖ-ਸੁਖ ਨੂੰ ਨਮ ਦੇਂਦਾ ਹੈ। ਦੁਖ-ਸੁਖ ਦੇ ਫਲ ਕਰਮਾਂ ਦੇ ਬੀਜ ਤੋਂ ਪ੍ਰਫੁੱਲਤ ਹੁੰਦੇ ਹਨ। ਇਸ ਵਾਸਤੇ ਸਾਰੇ ਧਰਮ ਗ੍ਰੰਥ ਕਰਮਾਂ ਪ੍ਰਤੀ ਸੁਚੇਤ ਕਰਦੇ ਹਨ ਕਿ ਕਰਮ ਸ਼ੁਭ ਕਰਨਾ ਹੈ ਕਿਉਂਕਿ ਫਲ ਸ਼ੁਭ ਹੋਵੇਗਾ। ਦੁਖ-ਸੁਖ ਇਸੇ ਤਨ 'ਤੇ ਪ੍ਰਗਟ ਹੁੰਦਾ ਹੈ ਤੇ ਫਲ ਆਪ ਹੀ ਖਾਣਾ ਪੈਂਦਾ ਹੈ। ਇਸੇ ਵਾਸਤੇ ਹਰ ਕਰਮ ਸੋਚ ਕੇ ਹੀ ਕਰਨਾ ਚਾਹੀਦਾ ਹੈ: ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥
{ਆਸਾ ਦੀ ਵਾਰ, ਮ:੧, ਪੰਨਾ ੪੭੪} ਅਸ਼ੁਭ ਕਰਮ ਕਰਨ ਲੱਗਿਆਂ ਇਕ ਰਸ ਮਿਲਦਾ ਹੈ। ਇਸ ਵਾਸਤੇ ਰਸ ਕਰਕੇ ਬਹੁਤ ਮਨੁੱਖ ਅਸ਼ੁਭ ਕਰਮ ਕਰਨ ਲੱਗਿਆਂ ਸੋਚਦੇ ਨਹੀਂ ਹਨ। ਰਸ ਸੋਚਣ ਨਹੀਂ ਦੇਂਦਾ ਪਰ ਜਦ ਅਸ਼ੁਭ ਕਰਮ ਪ੍ਰਫੁੱਲਤ ਹੋ ਕੇ ਦੁਖ ਨੂੰ ਜਨਮ ਦੇਂਦੇ ਹਨ ਤਾਂ ਸਿਵਾਇ ਪਸ਼ਚਾਤਾਪ ਦੇ ਹੋਰ ਕੋਲ ਕੁਛ ਨਹੀਂ ਹੁੰਦਾ। ਪਸ਼ਚਾਤਾਪ ਪਿੱਛੋਂ ਤਾਪ ਕਰਨਾ, ਅਗਰ ਕਰਮ ਕਰਨ ਲੱਗਿਆਂ ਹੀ ਆਦਮੀ ਸੁਚੇਤ ਹੋਏ ਤਾਂ ਬਾਦ ਵਿਚ ਪਸ਼ਚਾਤਾਪ ਕਰਨ ਦੀ ਲੋੜ ਨਹੀਂ ਪੈਂਦੀ। ਪਸ਼ੂ ਜੂਨ ਭੋਗ ਜੂਨ ਹੈ, ਕਰਮ ਜੂਨ ਨਹੀਂ ਹੈ। ਕੁਝ ਭੋਗਣ ਵਾਸਤੇ ਆਏ ਹਨ ਪਰ ਮਨੁੱਖ ਭੋਗਣ ਦੇ ਨਾਲ ਨਾਲ ਕੁਛ ਕਰਨ ਵਾਸਤੇ ਆਇਆ ਹੈ। ਅਗਰ ਮਨੁੱਖ ਵੀ ਭੋਗ ਕਰਮਾਂ ਵਿਚ ਉਲਝ ਜਾਏ ਤਾਂ ਇਹ ਪਸ਼ੂ-ਵਤ ਹੋ ਜਾਂਦਾ ਹੈ। ਤਨ ਦੀ ਧਰਤੀ ਵਿਚ ਕੀ ਬੋਈਏ ਤੇ ਕਦੋਂ ਬੋਈਏ, ਇਸ ਦਾ ਪਤਾ ਚੱਲ ਸਕੇ, ਤਾਂ ਸ਼ੁਭ ਪਰੁਸ਼ਾਂ ਨੇ ਸਤਿਸੰਗ ਨੂੰ ਜਨਮ ਦਿੱਤਾ ਹੈ ਤਾਕਿ ਕਰਮ ਬੀਜਣ ਲੱਗਿਆਂ ਮਨੁੱਖ ਕੋਲੋਂ ਭੁੱਲ ਨਾ ਹੋਵੇ- ਇਥੇ ਆਪਣਾ ਬੀਜਿਆ ਆਪ ਹੀ ਖਾਣਾ ਪੈਂਦਾ ਹੈ। ਆਪੇ ਬੀਜਿ ਆਪੇ ਹੀ ਖਾਹੁ॥
{ਜਪੁਜੀ ਸਾਹਿਬ} ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥
{ਬਾਰਹ ਮਾਹਾ ਮਾਂਝ ਮ:੫, ਪੰਨਾ ੧੩੪} ਸ੍ਰੇਸ਼ਟ ਕਰਮ ਮਨੁੱਖ ਨੂੰ ਮਨੁੱਖੀ ਦੁਨੀਆ ਵਿਚ ਪ੍ਰਧਾਨ ਬਣਾ ਦੇਂਦੇ ਹਨ। ਕਰਮ ਤਿੰਨ ਤਰ੍ਹਾਂ ਦੇ ਹਨ: ਮਾਨਸਿਕ ਕਰਮ, ਵਾਹਕ ਕਰਮ, ਤੇ ਸਰੀਰਕ ਕਰਮ। ਜ਼ਬਾਨ ਨਾਲ ਯਾ ਸਰੀਰ ਨਾਲ ਜੋ ਸ਼ੁਭ-ਅਸ਼ੁਭ ਕੰਮ ਕਰੀਏ ਇਹ ਸਮਾਜ ਤੇ ਕਾਨੂੰਨ ਨੂੰ ਪਤਾ ਚੱਲ ਜਾਂਦਾ ਹੈ। ਪਰ ਜੋ ਮਨ ਨਾਲ ਕਰੀਏ, ਇਹ ਕਰਮ ਸਮਾਜ ਤੇ ਕਾਨੂੰਨ ਦੀਆਂ ਨਜ਼ਰਾਂ ਤੋਂ ਓਝਲ ਰਹਿ ਜਾਂਦਾ ਹੈ। ਸਮਾਜ ਤੇ ਕਾਨੂੰਨ ਦੀ ਦ੍ਰਿਸ਼ਟ ਬਹੁਤ ਮੋਟੀ ਹੈ, ਇਸ ਵਾਸਤੇ ਕਾਨੂੰਨ ਤੇ ਸਮਾਜ ਦੀ ਪਹੁੰਚ ਸਰੀਰਕ ਤੇ ਵਾਹਕ ਕਰਮਾਂ ਤਕ ਹੀ ਹੈ। ਸਰੀਰ ਨਾਲ ਸ਼ੁਭ ਕਰਮ ਕਰਨੇ ਯਾ ਜ਼ਬਾਨ ਨਾਲ ਚੰਗਾ ਬੋਲਣ ਵਾਲਾ ਸਮਾਜ ਵਿਚ ਪ੍ਰਤਿਸ਼ਠਤ ਹੁੰਦਾ ਹੈ-ਉਹੋ ਅਗਰ ਅਸ਼ੁਭ ਕਰਮ ਕਰੇ ਤਾਂ ਸਮਾਜ ਉਸ ਦੇ ਵਿਰੋਧ ਵਿਚ ਹੋ ਜਾਂਦਾ ਹੈ ਤੇ ਕਾਨੂੰਨ ਉਸ ਨੂੰ ਸਜ਼ਾ ਦੇਂਦਾ ਹੈ-ਮਨ ਕੀ ਸੋਚ ਰਿਹਾ ਹੈ, ਕੀ ਕਰ ਰਿਹਾ ਹੈ, ਇਸ ਦਾ ਸਮਾਜ ਤੇ ਕਾਨੂੰਨ ਨੁੰ ਕੋਈ ਪਤਾ ਨਹੀਂ। ਅਗਰ ਸਰੀਰ ਯਾ ਰਸਨਾ ਨਾਲ ਕੋਈ ਅਸ਼ੁਭ ਕਰਮ ਕਰੀਏ ਤਾਂ ਮਨੁੱਖ ਅਪਰਾਧੀ ਬਣ ਜਾਂਦਾ ਹੈ ਤੇ ਅਪਰਾਧੀ ਦੰਡਿਤ ਹੁੰਦਾ ਹੈ, ਪਰ ਜੇ ਮਨ ਨਾਲ ਕਰੀਏ, ਇਹ ਪਾਪ ਹੈ। ਕਾਨੂੰਨ ਤੇ ਸਮਾਜ ਦੀ ਪਾਪ ਤਕ ਪਹੁੰਚ ਨਹੀਂ। ਸੋ ਮਨ ਨਾਲ ਕੀਤਾ ਉਹ ਪਾਪ ਤੇ ਯਤਨ ਨਾਲ ਕੀਤਾ ਉਹ ਅਪਰਾਧ। ਪਾਪ ਕਰਨ ਲਈ ਪੂਰੀ ਖੁੱਲ੍ਹ ਹੈ, ਇਸ ਵਾਸਤੇ ਪਾਪੀਆਂ ਦੀ ਗਿਣਤੀ ਜਗਤ ਵਿਚ ਬਹੁਤ ਜ਼ਿਆਦਾ ਹੈ। ਇਕ ਮਨੁੱਖ ਮਨ ਨਾਲ ਬੁਰਾ ਕਰੇ, ਮਨ ਨਾਲ ਚੋਰੀ ਯਾਰੀ ਦੁਰਾਚਾਰ ਕਰੇ ਤਾਂ ਮਨ ਤਕ ਕਾਨੂੰਨ ਦੀ ਪਕੜ ਨਹੀਂ ਹੈ। ਦਿੱਤੀ ਹੋਈ ਇਹ ਖੁੱਲ੍ਹ ਕਰਤੇ ਪੁਰਖ ਵੱਲੋਂ ਇਕ ਪਾਇਆ ਹੋਇਆ ਪਰਦਾ ਹੈ-ਇਸ ਸੁਤੰਤਰਤਾ ਦਾ ਜੋ ਮਨੁੱਖ ਸਹੀ ਇਸਤੇਮਾਲ ਨਾ ਕਰ ਸਕਿਆ ਤਾਂ ਫਿਰ ਦੂਜੇ ਕਰਮ ਵੀ ਸਹਿਜੇ ਸਹਿਜੇ ਅਸ਼ੁਭ ਹੋ ਜਾਂਦੇ ਹਨ। ਕੋਈ ਅਠਾਨਵੇਂ ਪ੍ਰਤੀਸ਼ਤ ਮਨੁੱਖ ਪਾਪੀ ਹਨ, ਕਿਉਂਕਿ ਮਨ ਨੂੰ ਬੁਰਾ ਕਰਨ ਦੀ ਪੂਰੀ ਖੁੱਲ੍ਹ ਹੈ। ਕੋਈ ਇਕ ਪ੍ਰਤੀਸ਼ਤ ਅਪਰਾਧੀ ਹਨ। ਪਾਪ ਨੂੰ ਅਪਰਾਧ ਤ ਪੁੱਜਣ ਲਈ ਹਿੰਮਤ ਤੇ ਦਲੇਰੀ ਦੀ ਲੋੜ ਹੁੰਦੀ ਹੈ। ਜੋ ਸਮਾਜ ਤੇ ਕਾਨੂੰਨ ਦਾ ਭੈ ਨਹੀਂ ਮੰਨਦੇ, ਉਹ ਅਕਸਰ ਅਪਰਾਧੀ ਹੋ ਜਾਂਦੇ ਹਨ, ਇਹੋ ਜਿਹੇ ਅਪਰਾਧੀਆਂ ਦੀ ਗਿਣਤੀ ਸਿਰਫ਼ ਇਕ ਪ੍ਰਤੀਸ਼ਤ ਹੈ। ਜੇਲ੍ਹ ਅੰਦਰ ਪਏ ਕੈਦੀ ਕਰੀਬਨ ਸ਼ਹਿਰੀ ਯਾ ਮੁਲਕੀ ਆਬਾਦੀ ਦਾ ਇਕ ਪ੍ਰਤੀਸ਼ਤ ਹਿੱਸਾ ਹੁੰਦੇ ਹਨ। ਅਪਰਾਧ ਇਕ ਫਲ ਹੈ ਤੇ ਪਾਪ ਬੀਜ ਹੈ। ਬੀਜ ਹੀ ਪ੍ਰਫੁੱਲਤ ਹੋ ਕੇ ਫਲ ਬਣਦਾ ਹੈ। ਪਾਪ ਹੀ ਪ੍ਰਫੁੱਲਤ ਹੋ ਕੇ ਅਪਰਾਧ ਬਣ ਜਾਂਦਾ ਹੈ। ਕੁਝ ਕਰਮ ਐਸੇ ਹਨ ਜੋ ਸਾਨੂੰ ਅਕਾਲ ਪੁਰਖ ਦੇ ਨੇੜੇ ਲੈ ਜਾਂਦੇ ਹਨ ਤੇ ਕੁਛ ਐਸੇ ਹਨ ਜਿਨ੍ਹਾਂ ਕਰਕੇ ਦੂਰ ਚਲੇ ਜਾਈਦਾ ਹੈ: ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥
{ਸਲੋਕੁ, ਜਪੁਜੀ ਸਾਹਿਬ} ਅੰਮ੍ਰਿਤ ਵੇਲੇ ਵੱਡੇ ਦੀਆਂ ਵਡਿਆਈਆਂ ਦੀ ਵੀਚਾਰ ਕਰੀਏ ਤੇ ਨਾਮ ਜਪੀਏ ਤਾਂ ਤਨ ਦੀ ਧਰਤੀ ਵਿਚ ਇਕ ਐਸਾ ਅੰਮ੍ਰਿਤ-ਮਈ ਪੈਦਾ ਹੁੰਦਾ ਹੈ, ਜੋ ਸਦਾ ਹਰਿਆ-ਭਰਿਆ ਰਹਿੰਦਾ ਹੈ, ਜਿਸ 'ਤੇ ਪਤ-ਝੜ (ਖ਼ਿਜ਼ਾ) ਕਦੇ ਵੀ ਨਹੀਂ ਆਂਵਦੀ: ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ॥
ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ॥
{ਸਲੋਕ ਭਗਤ ਕਬੀਰ ਜੀ, ਪੰਨਾ ੧੩੭੬} ਇਸ ਸਮੇਂ ਵਿਚ ਕੋਈ ਅਨਯ ਕਰਮ ਕਰਨ ਦੀ ਮਹਾਨਤਾ ਨਹੀਂ ਹੈ: ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ, ਕਲਿ ਮਹਿ ਕੀਰਤਿ ਹਰਿ ਨਾਮਾ॥
{ਬਿਲਾਵਲੁ ਮ:੩, ਪੰਨਾ ੭੯੭} ਅਬ ਕਲੂ ਆਇਓ ਰੇ॥
ਇਕੁ ਨਾਮੁ ਬੋਵਹੁ ਬੋਵਹੁ॥
ਅਨ ਰੂਤਿ ਨਾਹੀ ਨਾਹੀ॥
ਮਤੁ ਭਰਮਿ ਭੂਲਹੁ ਭੂਲਹੁ॥
{ਬਸੰਤੁ ਮ:੫, ਪੰਨਾ ੧੧੮੫} ਇਸ ਕਰਮ ਖੇਤਰ ਵਿਚ ਜੇਕਰ ਨਾਮ ਬੋਵੇਂ ਤਾਂ ਅੰਮ੍ਰਿਤ-ਰਸ ਦੈਵੀ ਗੁਣ ਤੇ ਸੁਖ ਸਾਂਤੀ ਨਾਲ ਤੇਰੀਆਂ ਝੋਲੀਆਂ ਭਰ ਜਾਵਣ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ