ਮਨੁਖ ਦੀ ਕਥਾ (ਪਾਰਟ ੧) ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਸੰਸਾਰ ਵਿਚ ਦੋ ਕਥਾਵਾਂ ਹੀ ਮਹਾਨ ਨੇ-ਇਕ ਪਰਮਾਤਮਾ ਅਕਾਲ ਪੁਰਖ ਦੀ ਕਥਾ ਤੇ ਦੂਜੀ ਮਨੁੱਖ ਦੀ ਕਥਾ। ਕਿਉਂ? ਜੇ ਅਕਾਲ ਪੁਰਖ ਆਪਣੀ ਥਾਂ ’ਤੇ ਮਹਾਨ ਹੈ ਤਾਂ ਉਸ ਤਕ ਪਹੁੰਚਣ ਵਾਲਾ ਤੁੱਛ ਨਹੀਂ ਹੋ ਸਕਦਾ। ਉਹ ਵੀ ਆਪਣੀ ਥਾਂ ’ਤੇ ਮਹਾਨ ਹੈ। ਉਹਦੀ ਵੀ ਖ਼ਾਸ ਅਹਿਮੀਅਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜਾਂ ਤਾਂ ਪਰਮਾਤਮਾ ਦੀ ਕਥਾ ਹੈ ਜਾਂ ਫਿਰ ਮਨੁੱਖ ਦੀ ਕਥਾ ਹੈ। ਗੁਰੂ ਗ੍ਰੰਥ ਸਾਹਿਬ ਇਤਿਹਾਸਕ ਗ੍ਰੰਥ ਨਹੀਂ ਹਨ। ਜੇ ਅਸੀਂ ਇਹ ਲੱਭਣਾ ਚਾਹੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਨਮ ਕਦੋਂ ਹੋਇਆ? ਕਿਥੇ ਹੋਇਆ? ਉਹਨਾਂ ਦੀ ਪਤਨੀ ਕੌਣ ਸੀ?, ਤਾਂ ਇਸ ਤਰ੍ਹਾਂ ਦਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚ ਨਹੀਂ ਹੈ। ਨਿਰੋਲ ਬ੍ਰਹਮ ਦੀ ਵਿਚਾਰ ਹੈ, ਨਿਰੋਲ ਬ੍ਰਹਮ ਦੀ ਕਥਾ ਹੈ। ਬ੍ਰਹਮ ਨੂੰ ਸਮਝਣ ਵਾਲੇ ਜਾਂ ਫਿਰ ਬ੍ਰਹਮ ਤਕ ਪਹੁੰਚਣ ਵਾਲਿਆਂ ਦੀ ਕਥਾ ਹੈ। ਭਗਵਾਨ ਦੀ ਗੱਲ ਹੈ, ਭਗਤਾਂ ਦੀ ਗੱਲ ਹੈ, ਸਿੱਖ ਦੀ ਗੱਲ ਹੈ ਜਾਂ ਗੁਰੂ ਦੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕੋਸ਼ਿਸ਼ ਕੀਤੀ ਹੈ ਕਿ ਪਰਮਾਤਮਾ ਨੂੰ ਸਮਝਣ ਤੋਂ ਪਹਿਲੇ ਮਨੁੱਖ ਆਪਣੇ ਆਪ ਨੂੰ ਸਮਝੋ, ਕਿਉਂਕਿ ਮਨੁੱਖ ਕ੍ਰਿਤ ਹੈ। ਜੇ ਇਸ ਕ੍ਰਿਤ ਵਿਚ ਕੁਝ ਮਹਾਨਤਾ ਦੀ ਝਲਕ ਦਿਸੀ ਤਾਂ ਕੁਦਰਤੀ ਗੱਲ ਹੈ, ਇਸ ਨੇ ਕਰਤੇ ਦੀ ਤਾਰੀਫ ਕਰਨੀ ਹੈ। ਇਸ ਵਾਸਤੇ ਗੁਰੂ ਜੀ ਨੇ ‘ਮਨੁੱਖ ਦੀ ਕਥਾ’ ਬੜੇ ਵਿਸਥਾਰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਹੈ, ਜੋ ਸਿਰੀਰਾਗ ਦੇ ਅੰਦਰ ਹੈ। ਇਸ ਤਰ੍ਹਾਂ ਦੀ ਕਥਾ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ “ਪਹਰਿਆ ਕੇ ਘਰਿ ਗਾਵਣਾ” ਨਾਮ ਦੀ ਬਾਣੀ ਦੇ ਨਾਂ ’ਤੇ ਵੀ ਅੰਕਿਤ ਕੀਤੀ ਹੈ। ਰਾਤ ਦੇ ਚਾਰ ਪਹਿਰ ਹੁੰਦੇ ਨੇ। ਜ਼ਿੰਦਗੀ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਹਿੱਸਿਆਂ ਵਿਚ ਤਕਸੀਮ ਕੀਤਾ ਹੈ। ਸੂਰਜ ਦੇ ਗ਼ਰੂਬ ਹੋਣ ਨਾਲ ਰਾਤ ਦੀ ਸ਼ੁਰੂਆਤ ਹੁੰਦੀ ਹੈ ਤੇ ਸੂਰਜ ਦੇ ਉਦੈ ਹੁੰਦਿਆਂ ਰਾਤ ਦਾ ਅੰਤ ਹੋ ਜਾਂਦਾ ਹੈ। ਜੀਵਨ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਤ ਨਾਲ ਤਸ਼ਬੀਹ ਦਿੱਤੀ ਹੈ। ਸ਼ੇਖ ਸਾਅਦੀ ਸਾਹਿਬ ਇਕ ਥਾਂ ’ਤੇ ਕਹਿੰਦੇ ਹਨ: ਅਗਿਆਨ ਭਰੀ ਜ਼ਿੰਦਗੀ ਐਸੀ ਰਾਤ ਹੈ, ਜਿਸ ਵਿਚ ਤਾਰੇ ਵੀ ਨਹੀਂ। ਚੰਦਰਮਾ ਦਾ ਹੋਣਾ ਤਾਂ ਦਰ-ਕਿਨਾਰ ਹੈ, ਤਾਰੇ ਵੀ ਨਹੀਂ, ਇਸ ਵਾਸਤੇ ਸਾਹਿਬ ਕਹਿੰਦੇ ਨੇ: ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ॥
(ਸਿਰੀਰਾਗੁ ਮ:੧, ਪੰਨਾ ੭੮) ਸਤਿਗੁਰ ਦੀ ਸੇਵਾ ਕਰ, ਸਿਮਰਨ ਕਰ, ਤਾਂ ਕਿ ਜੀਵਨ ਰੂਪੀ ਰਾਤ ਵਿਚ ਪ੍ਰਕਾਸ਼ ਪੈਦਾ ਹੋਵੇ। ਜੀਵਨ ਦੀ ਇਹ ਰਾਤ ਕਿੱਥੋਂ ਸ਼ੁਰੂ ਹੋਈ ਅਤੇ ਇਸ ਰਾਤ ਦਾ ਕਿਵੇਂ ਅੰਤ ਹੁੰਦਾ ਹੈ?, ਇਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਵਿਚ ਇਸ ਢੰਗ ਨਾਲ ਫੁਰਮਾਨ ਕਰਦੇ ਨੇ: ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥
(ਸਿਰੀਰਾਗੁ ਮ:੧, ਪੰਨਾ ੭੪) ਵਣਜਾਰਾ ਮਿੱਤਰ ਇਸ ਵਾਸਤੇ ਕਿਹਾ ਹੈ ਕਿ ਮਨੁੱਖ ਸੁਆਸਾਂ ਦੀ ਪੂੰਜੀ ਲੈ ਕੇ ਆਇਆ ਹੈ ਅਤੇ ਇਥੇ ਕੁਝ ਖੱਟਣ ਆਇਆ ਹੈ। ਵਾਸਤਵ ਧਨ ਜੀਵਨ-ਧਨ ਹੈ। ਵਾਸਤਵ ਪੂੰਜੀ ਸੁਆਸਾਂ ਦੀ ਪੂੰਜੀ ਹੈ। ਅਗਰ ਸੁਆਸਾਂ ਦੀ ਪੂੰਜੀ ਹੀ ਨਹੀਂ ਤਾਂ ਮਨੁੱਖ ਕੁਝ ਵੀ ਨਹੀਂ ਕਰ ਸਕਦਾ। ਇਹ ਪਰਮ ਧਨ ਹੈ। ਭਗਤ ਕਬੀਰ ਜੀ ਕਹਿੰਦੇ ਨੇ: ਮੋਹਿ ਐਸੇ ਬਨਜ ਸਿਉ ਨਹੀਨ ਕਾਜੁ॥
ਜਿਹ ਘਟੈ ਮੂਲੁ ਨਿਤ ਬਢੈ ਬਿਆਜੁ॥
(ਬਸੰਤੁ ਕਬੀਰ ਜੀ, ਪੰਨਾ ੧੧੯੫) ਮੈਂ ਐਸਾ ਕੋਈ ਵਣਜ ਕਰ ਕੇ ਰਾਜ਼ੀ ਨਹੀਂ, ਜਿਹਦੇ ਨਾਲ ਸੁਆਸਾਂ ਦੀ ਪੂੰਜੀ ਘਟਦੀ ਹੋਵੇ ਤੇ ਪਾਪਾਂ ਦਾ ਵਿਆਜ ਵਧਦਾ ਹੋਵੇ। ਆਪ ਕਹਿੰਦੇ ਨੇ, “ਸਾਬਤੁ ਪੂੰਜੀ ਰਾਸਿ”, ਹੇ ਪਰੀਪੂਰਨ ਪਰਮਾਤਮਾ! ਮੈਂ ਜਿਤਨੀ ਪੂੰਜੀ ਤੇਰੇ ਕੋਲੋਂ ਲੈ ਕੇ ਗਿਆ ਸੀ, ਸਾਬਤ ਲੈ ਕੇ ਆਇਆ ਹਾਂ। ਆਖਰ ਪਰਮਾਤਮਾ ਜੋ ਪੁੱਛ ਕਰਦਾ ਹੈ, ਇਹੀ ਕਰਦਾ ਹੈ-ਤੂੰ ਕੀ ਵਿਹਾਜਿਆ ਹੈ? ਤੂੰ ਕੀ ਕੀਤੈ? ਇਸ ਵਾਸਤੇ ਗੁਰੂ ਨਾਨਕ ਦੇਵ ਜੀ ਜੀਵ ਨੂੰ ਵਣਜਾਰਾ ਕਹਿ ਕੇ ਸੰਬੋਧਨ ਕਰਦੇ ਹਨ ਕਿ ਐ ਵਣਜਾਰਿਆ ਮਿੱਤਰਾ! ਜ਼ਿੰਦਗੀ ਦੀ ਰਾਤ ਦਾ ਪਹਿਲਾ ਪਹਿਰ ਮਾਤਾ ਦੇ ਗਰਭ ਤੋਂ ਸ਼ੁਰੂ ਹੋਇਆ ਹੈ। ਸਾਡੇ ਦੇਸ਼ ਦੇ ਤਮਾਮ ਰਿਸ਼ੀ-ਮੁਨੀਆਂ ਨੇ ਵੀ ਗਰਭ ਕਾਲ ਦੇ ਬੱਚੇ ਨੂੰ ਬ੍ਰਹਮ ਗਿਆਨੀ ਮੰਨਿਆ ਹੈ। ਉਹਦਾ ਮਨ ਟਿਕਿਆ ਹੋਇਆ ਹੈ, ਕਿਉਂਕਿ ਮਨ ਨੂੰ ਖਿੰਡਾਉਣ ਦੇ ਕੋਈ ਸਾਧਨ ਉਪਲਬਧ ਨਹੀਂ। ਨਾ ਬੱਚਾ ਵੇਖ ਸਕਦਾ ਹੈ, ਨਾ ਸੁਣ ਸਕਦਾ ਹੈ, ਨਾ ਚੱਲ ਸਕਦਾ ਹੈ, ਨਾ ਸਪਰਸ਼ ਕਰ ਸਕਦਾ ਹੈ, ਸਹਿਜੇ ਹੀ ਮਨ ਦੀ ਇਕਾਗਰਤਾ ਬਣੀ ਹੋਈ ਹੈ। ਭਜਨ ਕਰ ਕੇ, ਤਪ ਕਰ ਕੇ, ਆਖਰ ਮਨੁੱਖ ਕੀ ਲੱਬਦੈ? ਇਕਾਗਰਤਾ ਹੀ ਤਾਂ ਲੱਭਦੈ! ਤੇ ਸਾਰਾ ਰਸ ਵੀ ਇਕਾਗਰਤਾ ਵਿਚ ਹੀ ਹੈ। ਕੀਰਤਨ ਵਿਚ ਵੀ ਰਸ ਉਦੋਂ ਬਣਦਾ ਹੈ, ਜਦ ਮਨ ਟਿਕ ਜਾਏ। ਭੋਜਨ ਦੀ ਥਾਲੀ ਅੱਗੇ ਹੋਵੇ ਤੇ ਮਨੁੱਖ ਨੇ ਉਸੇ ਵਕਤ ਟ੍ਰੇਨ ’ਤੇ ਜਾਣਾ ਹੋਵੇ, ਸਮਾਂ ਬਹੁਤ ਥੋੜ੍ਹਾ ਹੋਵੇ ਤੇ ਮਨ ਉਹਦਾ ਟ੍ਰੇਨ ਵਿਚ ਹੋਵੇ, ਤਾਂ ਭੋਜਨ ਦਾ ਸੁਆਦ ਨਹੀਂ ਆਵੇਗਾ। ਇਕਾਗਰਤਾ ਵਿਚ ਹੀ ਰਸ ਹੈ। ਮਨ ਦੀ ਇਕਾਗਰਤਾ ਬੰਦਾ ਜਪ ਤਪ ਕਰ ਕੇ ਲੋੜਦੈ, ਜੋ ਬੱਚੇ ਨੂੰ ਕੁਦਰਤੀ ਮਿਲੀ ਹੋਈ ਹੈ। ਜਦੋਂ ਇਹ ਮਾਂ ਦੇ ਗਰਭ ਵਿਚ ਸੀ, ਤਾਂ ਗੁਰੂ ਨਾਨਕ ਦੇਵ ਜੀ ਪੁੱਛਦੇ ਨੇ ਕਿ ਉਥੇ ਤੂੰ ਕੀ ਕਰਦਾ ਸੀ: ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ॥
(ਸਿਰੀਰਾਗੁ ਮ:੧, ਪੰਨਾ ੭੪) ਤੂੰ ਖਸਮ ਨਾਲ ਜੁੜਿਆ ਹੋਇਆ ਸੀ। ਤੂੰ ਅੱਠੇ ਪਹਿਰ ਪ੍ਰਾਰਥਨਾ ਵਿਚ ਸੀ: ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ॥
(ਸਿਰੀਰਾਗੁ ਮ:੧, ਪੰਨਾ ੭੪) ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ॥
(ਸਿਰੀਰਾਗੁ ਮ:੧, ਪੰਨਾ ੭੪) ਪਹਿਲੇ ਪਹਿਰ ਮਨੁੱਖ ਨੂੰ ਨੀਂਦ ਨਹੀਂ ਆਉਂਦੀ। ਨੀਂਦ ਦੀ ਸ਼ੁਰੂਆਤ ਦੂਜੇ ਪਹਿਰ ਤੋਂ ਹੁੰਦੀ ਹੈ। ਤੀਜੇ ਪਹਿਰ ਵਿਚ ਨੀਂਦ ਬਹੁਤ ਗੂੜ੍ਹੀ ਹੋ ਜਾਂਦੀ ਹੈ। ਅਕਸਰ ਚੋਰ, ਯਾਰ, ਡਾਕੂ, ਜਦ ਕੋਈ ਡਾਕਾ ਜਾਂ ਸੰਨ੍ਹ ਮਾਰਦੇ ਹਨ ਤਾਂ ਤੀਸਰੇ ਪਹਿਰ ਵਿਚ ਮਾਰਦੇ ਹਨ। ਸੋ ਪਹਿਲੇ ਪਹਿਰ ਵਿਚ ਮਨੁੱਖ ਦੀ ਚੇਤਨਾ ਪੂਰਨ ਰੂਪ ਵਿਚ ਜਾਗੀ ਹੋਈ ਸੀ। ਮਨ ਵਿਚ ਕੋਈ ਖਿੰਡਾਉ ਨਹੀਂ ਸੀ। ਸੋ ਜੀਵਨ ਦਾ ਪਹਿਲਾ ਪਹਿਰ ਮਾਤਾ ਦੇ ਗਰਭ ਵਿਚ ਬਤੀਤ ਹੋ ਗਿਆ।
ਮਨੁਖ ਦੀ ਕਥਾ (ਪਾਰਟ ੧)
Giani Sant Singh ji Maskeen · ਕਥਾ ਅਤੇ ਲੈਕਚਰ · ੪੯ / ੩੧੨
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ