ਸਤਿਗੁਰਿ ਪੂਰੈ ਕੀਨੀ ਦਾਤਿ (ਪਾਰਟ ੧)

Giani Sant Singh ji Maskeen · ਕਥਾ ਅਤੇ ਲੈਕਚਰ · ੩੯ / ੩੧੨

ਸਤਿਗੁਰਿ ਪੂਰੈ ਕੀਨੀ ਦਾਤਿ (ਪਾਰਟ ੧) ਧਨਾਸਰੀ ਮਹਲਾ ੫॥
ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ॥
ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ॥੧॥

ਸਤਿਗੁਰਿ ਪੂਰੈ ਕੀਨੀ ਦਾਤਿ॥
ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ॥
ਰਹਾਉ॥
ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ॥
ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ॥੨॥

੧੦॥੪੧॥

(ਅੰਗ ੬੮੧) ਸਨਮਾਨ ਯੋਗ ਗੁਰੂ ਰੂਪ ਸਾਧਸੰਗਤਿ ਜੀਉ! ਫਤਹਿ ਪ੍ਰਵਾਨ ਕਰਨੀ: ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਧੰਨ ਗੁਰੂ ਅਰਜਨ ਦੇਵ ਜੀ ਦਾ ਮਹਾਨ ਬਖਸ਼ਿਸ਼ ਭਰਿਆ ਇਹ ਮਹਾਂਵਾਕ ਜਿਸ ਵਿਚ ਸਾਹਿਬ ਆਰੰਭ ਕਰਦੇ ਹਨ:- ਛਡਾਇ ਲੀਓ ਮਹਾ ਬਲੀ ਤੇ ਦਰਅਸਲ ਇਕ ਪਰਮਾਤਮਾ ਮਹਾਂਬਲੀ ਹੈ ਅਤੇ ਇਕ ਉਸ ਦੀ ਮਾਇਆ ਮਹਾਂਬਲੀ ਹੈ। ਇਕ ਈਸ਼ਵਰ ਪਰਮ-ਸ਼ਕਤੀ ਹੈ, ਇਕ ਉਸ ਦੀ ਮਾਇਆ ਪਰਮ-ਸ਼ਕਤੀ ਹੈ। ਕਹਿੰਦੇ ਹਨ ਜਿੰਨਾ ਵੱਡਾ ਮਨੁੱਖ ਹੋਵੇ, ਓਨੀ ਵੱਡੀ ਉਸ ਦੀ ਛਾਇਆ ਬਣ ਜਾਂਦੀ ਹੈ। ਛਾਇਆ ਓਨੀ ਵੱਡੀ ਹੋਵੇਗੀ ਜਿੰਨਾ ਕੋਈ ਵੱਡਾ ਹੋੇਵੇਗਾ। ਮਾਇਆ ਕੀ ਹੈ? ਪਰਮਾਤਮਾ ਦੀ ਛਾਇਆ ਹੈ। ਮਹਾਂ-ਮਾਈ ਕੀ ਹੈ? ਛਾਇਆ। ਛਾਇਆ ਦਾ ਆਪਣਾ ਅਸਰ ਹੈ, ਕਿਉਂਕਿ ਮਹਾਂਬਲੀ ਦੀ ਛਾਇਆ ਹੈ। ਕਿਸੇ ਕਮਜ਼ੋਰ ਦੀ ਛਾਇਆ ਨਹੀਂ ਹੈ। ਪੰਜਾਬ ਦੇ ਵਿਚ ਕਿਸੇ ਨੂੰ ਮਾੜੀ-ਮੋਟੀ ਕੋਈ ਬੀਮਾਰੀ ਹੋ ਜਾਏ ਤਾਂ ਕਹਿ ਦਿੰਦੇ ਹਨ ਕਿ ਇਸ ਨੂੰ ਕੋਈ ਛਾਇਆ ਰੋਗ ਹੋ ਗਿਆ ਹੈ। ਕਿਸੇ ਦੀ ਛਾਇਆ ਦਾ ਅਸਰ ਹੋ ਗਿਆ ਹੈ। ਜਿਥੇ ਪਰਮਾਤਮਾ ਮਹਾਨ ਹੈ, ਉਥੇ ਉਸ ਦੀ ਛਾਇਆ ਬੜੀ ਮਹਾਨ ਹੈ। ਪਰਮਾਤਮਾ ਵਿਆਪਕ ਹੈ, ਉਸ ਦੀ ਛਾਇਆ ਵਿਆਪਕ ਹੈ। ਕਿਸੇ ਵੀ ਥਾਂ 'ਤੇ ਮਨੁੱਖ ਉਸ ਦੀ ਛਾਇਆ ਤੋਂ ਬੱਚ ਨਹੀਂ ਸਕਦਾ। ਹਰ ਥਾਂ 'ਤੇ ਪਰਮਾਤਮਾ ਹੈ, ਹਰ ਥਾਂ 'ਤੇ ਮਾਇਆ ਹੈ। ਹਰ ਥਾਂ 'ਤੇ ਨਿਰੰਕਾਰ ਹੈ, ਹਰ ਥਾਂ 'ਤੇ ਸੰਸਾਰ ਹੈ। ਸੰਸਾਰ ਮਾਇਆ ਹੈ। ਸੰਸਾਰ ਦੇ ਵਿਚ ਅਸੀਂ ਸੰਬੰਧ ਜੋੜਦੇ ਹਾਂ ਕਾਮ ਕਰਕੇ, ਲੋਭ ਕਰਕੇ ਅਤੇ ਅਹੰਕਾਰ ਕਰਕੇ। ਪਰਮਾਤਮਾ ਨਾਲ ਸੰਬੰਧ ਜੁੜਦਾ ਹੈ ਦਇਆ ਕਰਕੇ, ਸੰਤੋਖ ਕਰਕੇ। ਇਹ ਰਿਸ਼ਤੇ ਹਨ। ਜੇਕਰ ਦਇਆ ਨਹੀਂ, ਸੰਤੋਖ ਨਹੀਂ ਤਾਂ ਫਿਰ ਪਰਮਾਤਮਾ ਨਾਲ ਕੋਈ ਰਿਸ਼ਤਾ ਨਹੀਂ। ਜੇਕਰ ਕਾਮ ਨਹੀਂ, ਲੋਭ ਨਹੀਂ, ਹੰਕਾਰ ਨਹੀਂ ਤਾਂ ਸੰਸਾਰ ਨਾਲ ਕੋਈ ਸੰਬੰਧ ਨਹੀਂ। ਕਾਮੀ ਦਾ ਸੰਬੰਧ ਸੰਸਾਰ ਨਾਲ ਹੈ। ਲੋਭੀ ਦਾ ਸੰਬੰਧ ਸੰਸਾਰ ਨਾਲ ਹੈ। ਹੰਕਾਰੀ ਦਾ ਸੰਬੰਧ ਸੰਸਾਰ ਨਾਲ ਹੈ। ਹੰਕਾਰੀ ਨੂੰ ਸਤਾ ਚਾਹੀਦੀ ਹੈ, ਲੋਭੀ ਨੂੰ ਧਨ ਚਾਹੀਦਾ ਹੈ ਅਤੇ ਕਾਮੀ ਨੂੰ ਕਾਮਨੀ ਚਾਹੀਦੀ ਹੈ। ਪੁਰਸ਼ ਕਾਮ-ਰਾਜ ਹੈ, ਇਸਤਰੀ ਨੂੰ ਕਾਮਨੀ ਕਹਿ ਦਿੱਤਾ ਗਿਆ ਹੈ। ਮਨੁੱਖ ਪਰਿਵਾਰ ਦੇ ਸੰਬੰਧ, ਧਨ-ਸੰਪਦਾ ਦੇ ਸੰਬੰਧ, ਸਤਾ ਦੇ ਸੰਬੰਧ ਜੋੜਦਾ ਹੈ ਲੋਭ ਕਰਕੇ, ਕਾਮ ਕਰਕੇ, ਹੰਕਾਰ ਕਰਕੇ। ਜੇਕਰ ਹੰਕਾਰ ਨਹੀਂ, ਲੋਭ ਨਹੀਂ, ਕਾਮ ਨਹੀਂ, ਤਾਂ ਫਿਰ ਸੰਸਾਰ ਨਹੀਂ। ਉਸ ਮਨੁੱਖ ਦੀ ਦੁਨੀਆਂ ਵਿਚ ਸੰਸਾਰ ਮਿੱਟ ਜਾਂਦਾ ਹੈ। ਲੋਭ ਨਹੀਂ, ਹੰਕਾਰ ਨਹੀਂ, ਕਾਮ ਨਹੀਂ ਤਾਂ ਫਿਰ ਸੰਸਾਰ ਨਹੀਂ। ਇਸ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਸੰਸਾਰੀ ਬੰਦਾ ਨਹੀਂ ਹੈ। ਸੰਸਾਰ ਵਿਚ ਰਹਿਣ ਲਈ ਇਹ ਤਿੰਨ ਚਾਹਿਦੇ ਹਨ। ਪਰ ਪਰਮਾਤਮਾ ਨਾਲ ਜੁੜਨ ਲਈ ਦਇਆ ਚਾਹੀਦੀ ਹੈ, ਸੰਤੋਖ ਚਾਹੀਦਾ ਹੈ। ਸੰਤੁਸ਼ਟੀ ਨਹੀਂ ਹੈ, ਦਇਆ ਨਹੀਂ ਹੈ ਤਾਂ ਨਿਰੰਕਾਰ ਨਹੀਂ ਹੈ। ਕਠੋਰ ਮਨੁੱਖ ਦੀ ਦੁਨੀਆਂ ਵਿਚ ਪਰਮਾਤਮਾ ਨਹੀਂ ਹੈ। ਤ੍ਰਿਸ਼ਨਾਲੂ ਮਨੁੱਖ ਦੀ ਦੁਨੀਆਂ ਵਿਚ ਈਸ਼ਵਰ ਨਹੀਂ ਹੈ। ਮੈਂ ਅਰਜ਼ ਕਰਾਂ, ਜਿਥੇ ਕਾਮ ਨਹੀਂ, ਕ੍ਰੋਧ ਨਹੀਂ, ਲੋਭ ਨਹੀਂ, ਉਥੇ ਸੰਸਾਰ ਨਹੀਂ ਹੈ। ਉਥੇ ਪਦਾਰਥ ਨਹੀਂ ਹੈ, ਉਥੇ ਰੂਪ-ਰੰਗ ਨਹੀਂ ਹੈ। ਰੂਪ ਨਾਲ, ਸੁਹੱਪਣ ਨਾਲ, ਤਨ ਨਾਲ ਸੰਬੰਧ ਤਾਂ ਕਾਮ ਕਰਕੇ ਜੁੜੇਗਾ, ਪਦਾਰਥਾਂ ਨਾਲ ਸੰਬੰਧ ਲੋਭ ਕਰਕੇ ਜੁੜੇਗਾ। ਜੇ ਹੰਕਾਰ ਹੀ ਨਹੀਂ, ਲੋਭ ਹੀ ਨਹੀਂ, ਕਾਮ ਹੀ ਨਹੀਂ ਤਾਂ ਨਾ ਪਰਿਵਾਰ ਹੈ, ਨਾ ਪਦਾਰਥ ਹਨ ਤੇ ਨਾ ਹੀ ਸਤਾ ਹੈ। ਸਾਹਿਬਾਂ ਨੇ ਇਥੇ ਜੋ ਮਹਾਂਬਲੀ ਸ਼ਬਦ ਵਰਤਿਆ ਹੈ, ਇਹ ਮਾਇਆ ਲਈ ਵਰਤਿਆ ਹੈ। ਤੁਸੀਂ ਕਹੋਗੇ ਕਿ ਮਹਾਂਬਲੀ ਤਾਂ ਪਰਮਾਤਮਾ ਹੈ, ਮਹਾਂਬਲੀ ਮਾਇਆ ਹੈ। ਇਕ ਵਾਰੀ ਮੈਂ ਫਿਰ ਦੁਹਰਾ ਦੇਵਾਂ ਜੇ ਮਹਾਂਬਲੀ ਪਰਮਾਤਮਾ ਹੈ ਤਾਂ ਉਸਦੀ ਬਣਾਈ ਹੋਈ ਮਾਇਆ ਵੀ ਮਹਾਂਬਲੀ ਹੈ। ਉਹ ਕਮਜ਼ੋਰ ਨਹੀਂ ਹੈ। ਪਰਮਾਤਮਾ ਇਕ ਸ਼ਕਤੀ ਹੈ, ਮਾਇਆ ਇਕ ਸ਼ਕਤੀ ਹੈ। ਜਿੰਨਾ ਵੱਡਾ ਪਰਮਾਤਮਾ ਆਪ ਹੈ, ਓਨੀ ਹੀ ਵੱਡੀ ਉਸਦੀ ਮਾਇਆ ਹੈ। ਇਕ ਨਾਸਤਿਕ ਜੋ ਮਹਾਂਬਲੀ ਪਰਮਾਤਮਾ ਹੈ, ਉਸ ਤੋਂ ਬੱਚਣ ਦੀ ਕੋਸ਼ਿਸ਼ ਕਰਦਾ ਹੈ। ਇਕ ਸਾਧੂ, ਇਕ ਅਭਿਆਸੀ, ਇਕ ਗੁਰਮੁਖ ਜੋ ਮਹਾਂਬਲੀ ਮਾਇਆ ਹੈ, ਇਸ ਤੋਂ ਬੱਚਣ ਦੀ ਕੋਸ਼ਿਸ਼ ਕਰਦਾ ਹੈ। ਦੋ ਤਰ੍ਹਾਂ ਦੀ ਕੋਸ਼ਿਸ਼ ਹੈ। ਇਹ ਮਹਾਂਬਲੀ ਸ਼ਬਦ ਸਤਿਗੁਰੂ ਨੇ ਮਾਇਆ ਲਈ ਵਰਤਿਆ ਹੈ। ਅਜਿਹਾ ਦੇਖਣ ਵਿਚ ਆਇਆ ਹੈ ਕਿ ਪਹਿਲਾਂ ਛਾਇਆ ਹੈ, ਫਿਰ ਉਹ ਹੈ ਜਿਸਦੀ ਛਾਇਆ ਹੈ। ਮਾਂ-ਬਾਪ ਮਾਇਆ ਹੈ, ਪਰਿਵਾਰ ਮਾਇਆ ਹੈ, ਪਦਾਰਥ ਮਾਇਆ ਹਨ, ਰਾਜਨੀਤੀ ਮਾਇਆ ਹੈ। ਪਰਮਾਤਮਾ ਵਿਆਪਕ ਹੈ, ਮਾਇਆ ਵਿਆਪਕ ਹੈ। ਜਿਥੋਂ ਤਕ ਮਨੁੱਖ ਹੈ, ਉਥੇ ਤਕ ਰਾਜਨੀਤੀ ਹੈ। ਜਿਥੋਂ ਤਕ ਮਨੁੱਖ ਹੈ, ਉਥੋਂ ਤਕ ਪਦਾਰਥ ਹਨ। ਜਿਥੋਂ ਤਕ ਮਨੁੱਖ ਹੈ, ਉਥੋਂ ਤਕ ਪਰਿਵਾਰਕ ਜ਼ਿੰਦਗੀ ਹੈ। ਇਹ ਮਾਇਆ ਇੰਨੀ ਮਹਾਂਬਲੀ ਹੈ ਕਿ ਇਕ ਰਾਜਨੀਤਿਕ ਦੀ ਮੌਤ ਕਿਸੇ ਹੱਦ ਤਕ ਰਾਜ-ਸਿੰਘਾਸਣ 'ਤੇ ਆਉਂਦੀ ਹੈ ਜਾਂ ਰਾਜ-ਸਿੰਘਾਸਣ ਦੀ ਚਾਹਤ ਵਿਚ ਹੁੰਦੀ ਹੈ। ਇਕ ਮਨੁੱਖ ਜੰਮਦਾ ਪਰਿਵਾਰ ਵਿਚ ਹੈ, ਮਰਦਾ ਵੀ ਪਰਿਵਾਰ ਵਿਚ ਹੈ। ਇਕ ਮਨੁੱਖ ਜੰਮਦਾ ਪਦਾਰਥਾਂ ਵਿਚ ਹੈ, ਮਰਦਾ ਵੀ ਪਦਾਰਥਾਂ ਵਿਚ ਹੈ। ਇਕ ਮਨੁੱਖ ਜੰਮਿਆ ਰਾਜ-ਕੁਮਾਰ ਹੈ, ਰਾਜ-ਸਿੰਘਾਸਣ 'ਤੇ ਹੀ ਮੌਤ ਹੋਵੇਗੀ। ਇਹ ਮਾਇਆ ਬੜੀ ਪ੍ਰਬਲ ਹੈ-ਕਿਤੇ ਪਰਿਵਾਰ ਦੇ ਰੂਪ ਵਿਚ, ਕਿਤੇ ਪਦਾਰਥਾਂ ਦੇ ਰੂਪ ਵਿਚ, ਕਿਤੇ ਸਿੰਘਾਸਣ ਦੇ ਰੂਪ ਵਿਚ। ਮੂਲ ਰੂਪ ਵਿਚ ਲਉ ਤਾਂ ਮਾਇਆ ਆਖਿਰ ਇਹੀ ਹੈ, ਹੋਰ ਕੀ ਹੈ। ਧੀਆਂ-ਪੁੱਤਰ ਮਾਇਆ ਹਨ, ਪਤੀ ਪਤਨੀ ਮਾਇਆ ਹਨ, ਮਾਂ-ਬਾਪ ਮਾਇਆ ਹਨ। ਕਬੀਰ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਜੇ ਮਾਇਆ ਝੂਠੀ ਹੈ ਤਾਂ ਫਿਰ ਪਰਿਵਾਰ ਵੀ ਝੂਠਾ ਹੈ। ਮਾਤਾ ਝੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ॥
ਆਵਹਿ ਜੂਠੇ ਜਾਹਿ ਭੀ ਜੂਠੇ ਮਰਹਿ ਅਭਾਗੇ॥
(ਅੰਗ ੧੧੯੫) ਇਹ ਮਾਂ ਵੀ ਝੂਠੀ ਹੈ, ਪਿਤਾ ਵੀ ਝੂਠਾ ਹੈ। ਮਾਂ-ਬਾਪ ਤੋਂ ਇਹ ਜੋ ਪੁੱਤਰ ਜੰਮਿਆ ਹੈ, ਇਹ ਵੀ ਝੂਠਾ ਹੈ। ਫਿਰ ਇਹ ਜੋ ਝੂਠਾ ਜੰਮਿਆ ਹੈ, ਝੂਠ ਵਿਚ ਹੀ ਜੀਵੇਗਾ ਅਤੇ ਇਕ ਦਿਨ ਝੂਠ ਵਿਚ ਹੀ ਮਰ ਜਾਏਗਾ। ਜੀਵੇਗਾ ਪਦਾਰਥਾਂ ਵਿਚ, ਪਦਾਰਥ ਝੂਠੇ ਹਨ। ਜੀਵੇਗਾ ਰਾਜਨੀਤੀ ਵਿਚ, ਸਿੰਘਾਸਣ ਵਿਚ ਤਾਂ ਰਾਜਨੀਤੀ ਝੂਠੀ ਹੈ। ਝੂਠ ਨੂੰ ਪੰਜਾਬ ਵਿਚ ਅਸੀਂ ਕਹਿ ਦਿੰਦੇ ਹਾਂ ਕੁੜ- ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ॥
(ਆਸਾ ਦੀ ਵਾਰ) ਇਹ ਧੀਆਂ ਪੁੱਤਰ, ਪਤੀ-ਪਤਨੀ, ਭੈਣ-ਭਰਾ ਸਭ ਪਦਾਰਥ ਮਾਇਆ ਹ। ਇਸ ਦਾ ਇੰਨਾ ਵੱਡਾ ਪ੍ਰਭਾਵ ਹੈ ਕਿ ਪਰਮਾਤਮਾ ਦਾ ਪਤਾ ਹੀ ਨਹੀਂ ਚੱਲਦਾ। ਹਰ ਮਨੁੱਖ ਜੀਅ ਰਿਹਾ ਹੈ ਪਰਿਵਾਰ ਵਿਚ। ਹਰ ਮਨੁੱਖ ਜੀਅ ਰਿਹਾ ਹੈ ਪਦਾਰਥਾਂ ਵਿਚ। ਹਰ ਮਨੁੱਖ ਜੀਅ ਰਿਹਾ ਹੈ ਰਾਜਨੀਤੀ ਵਿਚ। ਕੌਣ ਜੀਅ ਰਿਹਾ ਹੈ ਪਰਮਾਤਮਾ ਵਿਚ? ਕੋਈ ਵੀ ਨਹੀਂ। ੨੪ ਘੰਟੇ ਦਾ ਸਮਾਂ ਜੇਕਰ ਇਸਨੂੰ ਨਾਪੀਏ ਤਾਂ ਇਸਦੇ ਵਿਚ ਜਿੰਨਾ ਮਨੁੱਖ ਸਮਾਂ ਖਰਚ ਕਰਦਾ ਹੈ ਪਰਿਵਾਰ ਵਿਚ, ਪਦਾਰਥਾਂ ਵਿਚ, ਰਾਜਨੀਤੀ ਵਿਚ, ਕੌਣ ਓਨਾ ਸਮਾਂ ਖਰਚ ਕਰਦਾ ਹੈ ਪਰਮਾਤਮਾ ਵਿਚ? ਸਮਾਂ ਸਾਰਾ ਮਾਇਆ ਵਿਚ ਖਰਚ ਹੁੰਦਾ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ