ਮੇਰਾ ਠਾਕੁਰੁ ਅਗਮ ਦਇਆਲੁ ਹੈ (ਪਾਰਟ ੧) ਸੂਹੀ ਛੰਤ ਮਹਲਾ ੪ ॥
ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥
ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥
ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥
ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥
ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥
ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥
ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥
ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥
ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥
ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥
ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥
ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥
ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥
ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥
ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥
ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥
੨॥੬॥
੫॥੭॥
੬॥੧੮॥
ਸਤਿਕਾਰ ਯੋਗ ਸਾਧ ਸੰਗਤ ਜੀ! ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਧੰਨ ਗੁਰੂ ਰਾਮਦਾਸ ਜੀ ਦਾ ਇਹ ਵਾਕ ਰਾਗ ਸੂਹੀ ਵਿਚ ਹੈ, ਜੋ ਛੰਤਾਂ ਵਿਚ ਹੈ। ਭਾਰਤੀ ਕਾਵਿ ਸ਼ੈਲੀ ਦੇ ਵਿਚ ਛੰਤਾਂ ਦੀ ਵੀ ਆਪਣੀ ਅਹਿਮੀਅਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਛੰਦ, ਪਦੇ, ਦੋਹਰੇ, ਪਉੜੀਆਂ ਅਤੇ ਇਸ ਤੋਂ ਇਲਾਵਾ ਸਵੱਈਏ ਹਨ। ਇਹ ਵੱਖ-ਵੱਖ ਕਾਵਿ ਸ਼ੈਲੀ ਦੀ ਬਾਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਮਹਾਨ ਵਾਕ ਛੰਦਾਂ ਦਾ ਵਾਕ ਹੈ। ਚਾਰ ਛੰਦਾਂ ਦੇ ਵਿਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਰੀਪੂਰਨ ਪਰਮਾਤਮਾ ਦੇ ਸੰਬੰਧ ਵਿਚ ਗੱਲ ਆਖੀ ਹੈ। ਇਸ ਤਰ੍ਹਾਂ ਇਕ ਖ਼ਿਆਲ ਨੂੰ ਚਾਰ ਪਦਿਆਂ ਵਿਚ ਪੇਸ਼ ਕੀਤਾ ਗਿਆ ਹੁੰਦਾ ਹੈ, ਉਸਨੂੰ ਚਉਪਦਾ ਕਹਿੰਦੇ ਹਨ, ਇਸ ਤਰ੍ਹਾਂ ਇਹ ਚਾਰ ਛੰਦ ਹਨ। ਇਹਨਾਂ ਛੰਦਾਂ ਦੀ ਬਾਣੀ ਵਿਚ ਪ੍ਰਥਮ ਛੰਦ ਦੇ ਵਿਚ ਦੱਸਿਆ ਗਿਆ ਹੈ ਕਿ ਈਸ਼ਵਰ ਦਾ ਮਿਲਨ ਕਿਉਂ ਨਹੀਂ ਹੁੰਦਾ? ਇਸਦਾ ਕਾਰਣ ਹਉਮੈ ਹੈ। ਈਸ਼ਵਰ ਦਾ ਮਿਲਨ ਕਿਉਂ ਨਹੀਂ ਹੁੰਦਾ? ਕਾਰਣ ਵਿਅਰਥ ਦੀਆਂ ਇੱਛਾਵਾਂ। ਤੀਸਰੇ ਛੰਦ ਦੇ ਵਿਚ ਅਚੇਤ ਪੁਣਾ ਚੇਤਨਾ ਸੁੱਤੀ ਹੋਈ ਹੈ। ਜਾਗਰਿਤੀ ਨਹੀਂ ਹੈ। ਚੌਥੇ ਛੰਦ ਦੇ ਵਿਚ ਜੋਦੜੀ ਹੈ, ਬੇਨਤੀ ਹੈ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਨੁੱਖ ਨੂੰ ਕਾਰਣ ਦੱਸੇ ਹਨ, ਕਿ ਈਸ਼ਵਰ ਦੇ ਵਿਆਪਕ ਹੁੰਦਿਆਂ ਅਤੇ ਈਸ਼ਵਰ ਦਾ ਜੀਵ ਦੇ ਅੰਦਰ ਹੁੰਦਿਆਂ ਹੋਇਆਂ ਮਿਲਨ ਕਿਉਂ ਨਹੀਂ ਹੁੰਦਾ? ਮੈਂ ਅਕਸਰ ਅਰਜ਼ ਕਰਦਾ ਹੁੰਦਾ ਹਾਂ ਕਿ ਕੋਈ ਸਥਾਨਿਕ ਦੂਰੀਆਂ ਤਾਂ ਹੈ ਨਹੀਂ। ਸਥਾਨਿਕ ਦੂਰੀਆਂ ਪਰਮਾਤਮਾ ’ਤੇ ਲਾਗੂ ਨਹੀਂ ਹੁੰਦੀਆਂ। ਕਾਲ ਦੀ ਦੂਰੀ ਵੀ ਨਹੀਂ। ਸਮੇਂ ਦੀ ਦੂਰੀ ਵੀ ਪਰਮਾਤਮਾ ’ਤੇ ਲਾਗੂ ਨਹੀਂ ਹੁੰਦੀ। ਫਿਰ ਕਿਹੜੀ ਦੂਰੀ ਹੈ? ਮਨੁੱਖੀ ਜਗਤ ਦੇ ਵਿਚ ਇਹ ਦੂਰੀਆਂ ਦੋ ਹੀ ਮੰਨੀਆਂ ਜਾਂਦੀਆਂ ਹਨ-ਕਾਲ ਦੂਰੀ, ਸਥਾਨ ਦੂਰੀ। ਪੰਜ ਦੱਸ ਹਜ਼ਾਰ ਮੀਲ ਦੂਰ ਹੋਵੇਗਾ ਤਾਂ ਸਥਾਨਿਕ ਦੂਰੀ। ਹਜ਼ਾਰ ਦੋ ਹਜ਼ਾਰ ਸਾਲ ਪਹਿਲੇ ਹੋਇਆਂ ਹੋਏਗਾ ਜਾਂ ਹੋਏਗਾ ਤਾਂ ਕਾਲ ਦੂਰੀ, ਸਮੇਂ ਦੀ ਦੂਰੀ। ਇਹ ਦੋ ਦੂਰੀਆਂ ਪਰਮਾਤਮਾ ’ਤੇ ਲਾਗੂ ਨਹੀਂ ਹੁੰਦੀਆਂ। ਕਾਲ ਦੂਰੀ ਇਸ ਵਾਸਤੇ ਲਾਗੂ ਨਹੀਂ ਹੁੰਦੀ ਕਿਉਂਕਿ ਸਰਬਕਾਲ ਹੈ। ਸਥਾਨਿਕ ਦੂਰੀ ਇਸ ਵਾਸਤੇ ਲਾਗੂ ਨਹੀਂ ਹੁੰਦੀ ਕਿਉਂਕਿ ਸਰਬਠੌਰ ਹੈ। ਸਰਬਕਾਲ ਜੋ ਸਰਬਠੌਰ ਹੈ, ਜੋ ਸਰਬਠੌਰ ਹੈ ਤੇ ਸਰਬ ਕਾਲ ਹੈ। ਫਿਰ ਕੋਈ ਦੂਰੀ ਤਾਂ ਹੈ ਜਿਸ ਕਾਰਨ ਮਨੁੱਖ ਈਸ਼ਵਰ ਤੋਂ ਬਿਨਾਂ ਜੀਅ ਰਿਹਾ ਹੈ। ਫਿਰ ਵੀ ਦੋ ਦੂਰੀਆਂ ਜੋ ਮਨੁੱਖ ਦੀ ਤਰਫੋਂ ਹਨ, ਲਾਗੂ ਹੁੰਦੀਆਂ ਹਨ। ਮਨੁੱਖ ਦੀ ਤਰਫੋਂ ਬੜੀ ਸਿਆਣੀ ਸੁਲਝੀ ਹੋਈ ਸੰਗਤ ਹੈ। ਰੋਜ਼ ਦੇ ਤੁਸੀਂ ਸਤਿਸੰਗੀ ਹੋ, ਗੁਰਮਤਿ ਵਿਚਾਰਾਂ ਸਰਵਨ ਕਰਨ ਵਾਲੇ ਹੋ ਅਤੇ ਗਹਿਰਾਈ ਨਾਲ ਸੁਣਦੇ ਹੋ। ਅਸੀਂ ਇਹ ਨਹੀਂ ਕਹਿ ਸਕਦੇ ਕਿ ਦੋ ਹਜ਼ਾਰ ਸਾਲ ਪਹਿਲੇ ਪਰਮਾਤਮਾ ਹੋਇਆ ਸੀ, ਨਹੀਂ ਕਹਿ ਸਕਦੇ। ਸੌ ਸਾਲ ਬਾਅਦ ਹੋਏਗਾ, ਨਹੀਂ ਕਹਿ ਸਕਦੇ। ਕਾਲ ਦੂਰੀ ’ਤੇ ਲਾਗੂ ਹੁੰਦੀ ਹੈ ਜੋ ਸਰਬ ਕਾਲ ਨਾ ਹੋਵੇ, ਤੇ ਹਰ ਸਮੇਂ ਤ੍ਰਿਕਾਲ ਦਰਸੀ ਹੈ। ਤੂੰ ਮੇਰੀ ਸਿਮਰਤੀ ਤੋਂ ਦੂਰ ਹੈ, ਮੇਰੀ ਸਿਮਰਤੀ ਤੇਰੇ ਤੱਕ ਨਹੀਂ ਪਹੁੰਚਦੀ, ਤੂੰ ਮੇਰੀ ਸਮਝ ਤੋਂ ਦੂਰ ਹੈ, ਮੇਰੀ ਸਮਝ ਤੇਰੇ ਤੱਕ ਨਹੀਂ ਪਹੁੰਚਦੀ। ਜਿਸ ਤੱਕ ਸਮਝ ਨਹੀਂ ਪਹੁੰਚਦੀ, ਉਹ ਨੇੜੇ ਹੁੰਦਾ ਵੀ ਦੂਰ ਹੈ। ਮੇਰੇ ਕੋਲ ਹੀਰਾ ਪਿਆ ਹੈ, ਮੇਰੀ ਸਮਝ ਵਿਚ ਨਹੀਂ ਤਾਂ ਦੂਰ ਹੈ, ਭਾਵੇਂ ਮੇਰੇ ਸਾਹਮਣੇ ਪਿਆ ਹੈ। ਮੇਰੀ ਸਮਝ ਇਸ ਨੂੰ ਕੱਚ ਸਮਝਦੀ ਹੈ, ਪਰ ਹੈ ਹੀਰਾ। ਮੇਰੀ ਸਮਝ ਇਸ ਨੂੰ ਚਮਕਦਾ ਪੱਥਰ ਸਮਝਦੀ ਹੈ, ਪਰ ਹੈ ਹੀਰਾ। ਫਿਰ ਸਮਝ ਦਾ ਆਪਣਾ ਇਕ ਵਿਗਿਆਨ ਹੈ। ਸਮਝ ਜਿਸ ਤੋਂ ਪ੍ਰਭਾਵਿਤ ਹੋਵੇ, ਹਿਰਦਾ ਉਸੇ ਨੂੰ ਹੀ ਯਾਦ ਕਰਦਾ ਹੈ, ਦੂਜੇ ਨੂੰ ਨਹੀਂ। ਮੇਰੀ ਸਮਝ ਜਿਸ ਤੋਂ ਪ੍ਰਭਾਵਿਤ ਨਹੀਂ, ਮੇਰਾ ਹਿਰਦਾ ਉਸ ਨੂੰ ਯਾਦ ਵੀ ਨਹੀਂ ਕਰ ਸਕਦਾ। ਹਿਰਦਾ ਉਸਦੀ ਮੰਗ ਵੀ ਨਹੀਂ ਕਰ ਸਕਦਾ। ਮਨੁੱਖ ਪਰਿਵਾਰ ਦੇ ਪ੍ਰਭਾਵ ਹੇਠ ਜੀਅ ਰਿਹਾ ਹੈ, ਨਿਰੰਕਾਰ ਦੇ ਪ੍ਰਭਾਵ ਵਿਚ ਨਹੀਂ ਜੀਅ ਰਿਹਾ। ਮਨੁੱਖ ਪੁੱਤਰਾਂ ਤੇ ਮਿੱਤਰਾਂ ਦੇ ਪ੍ਰਭਾਵ ਵਿਚ ਜੀਅ ਰਿਹਾ ਹੈ, ਗੁਰੂ ਦੇ ਪ੍ਰਭਾਵ ਵਿਚ ਨਹੀਂ। ਮਨੁੱਖ ਪਦਾਰਥਾਂ ਦੇ ਪ੍ਰਭਾਵ ਵਿਚ ਜੀਅ ਰਿਹਾ ਹੈ, ਪਰਮਾਤਮਾ ਦੇ ਪ੍ਰਭਾਵ ਵਿਚ ਨਹੀਂ। ਕਿਊਂ? ਮਿੱਤਰ ਦੀ ਸਮਝ ਹੈ, ਪੁੱਤਰ ਦੀ ਸਮਝ ਹੈ, ਪਤਨੀ ਦੀ ਸਮਝ ਹੈ, ਪਤੀ ਦੀ ਸਮਝ ਹੈ, ਮਾਂ ਬਾਪ ਦੀ ਸਮਝ ਹੈ ਅਤੇ ਸਿਰਫ ਸਮਝ ਹੀ ਨਹੀਂ, ਸਮਝ ਪ੍ਰਭਾਵਿਤ ਹੈ। ਬਾਰ ਬਾਰ ਕੌਣ ਯਾਦ ਆਏਗਾ ਜਿਸ ਤੋਂ ਮੈਂ ਪ੍ਰਭਾਵਿਤ ਹਾਂ। ਨਹੀਂ ਤਾਂ ਯਾਦ ਵੀ ਨਹੀਂ ਆ ਸਕਦਾ। ਜਿਸ ਤੋਂ ਮੇਰੀ ਸਮਝ ਪ੍ਰਭਾਵਿਤ ਨਹੀਂ ਉਹਨੂੰ ਯਾਦ ਵੀ ਕਰਾਂਗਾ ਤਾਂ ਮੈਂ ਭੁੱਲ ਜਾਵਾਂਗਾ। ਇਸ ਵਾਸਤੇ ਤੁਸੀ ਕਦੇ ਦੇਖਿਆ ਹੈ ਕਿ ਕਿਸੇ ਨੇ ਹੱਥ ਵਿਚ ਮਾਲਾ ਪਕੜੀ ਹੋਵੇ ਤੇ ਪੁੱਤਰ ਨੂੰ ਯਾਦ ਕਰ ਰਿਹਾ ਹੋਵੇ। ਪਤਨੀ ਨੂੰ ਯਾਦ ਆਉਂਦਾ ਹੈ, ਮਾਲਾ ਦੀ ਕੀ ਲੋੜ ਹੈ। ਜ਼ਬਾਨ ਨਾਲ ਤੁਹਾਨੂੰ ਕੋਈ ਜੱਪ ਕਰਦੇ ਮਿਲਣਗੇ? ਕੋਈ ਮਾਤਾ ਪਿਤਾ ਪੁੱਤਰ ਦਾ ਜੱਪ ਕਰਦੇ ਮਿਲਣਗੇ? ਲੋੜ ਹੀ ਨਹੀਂ। ਹਰ ਵਕਤ ਹਿਰਦੇ ਵਿਚ ਵੱਸਿਆ ਹੈ। ਜੱਪ ਵੀ ਉਸੇ ਦਾ ਕਰਨਾ ਪੈਂਦਾ ਹੈ, ਮਾਲਾ ਵੀ ਉਸ ਦੀ ਫੇਰਨੀ ਪੈਂਦੀ ਹੈ। ਫੇਰਦੇ ਹਨ, ਜਿਸ ਤੋਂ ਲੋਕੀਂ ਪ੍ਰਭਾਵਿਤ ਹਨ। ਜਾਂ ਇੰਝ ਕਹਿ ਲਉ ਮਾਫੀ ਵੀ ਮੰਗ ਲਵਾਂ ਜਿੰਨੇ ਚਿਰ ਤੱਕ ਸਮਝ ਪ੍ਰਭਾਵਿਤ ਨਹੀਂ, ਉਤਨੇ ਚਿਰ ਤੱਕ ਹੀ ਮਾਲਾ ਹੈ। ਜਦੋਂ ਸਮਝ ਪ੍ਰਭਾਵਿਤ ਹੋ ਜਾਏਗੀ, ਮਾਲਾ ਛੁੱਟ ਜਾਏਗੀ। ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ॥
(ਅੰਗ ੧੩੬੪) ਮਾਲਾ ਤੋਂ ਛੁੱਟ ਕੇ ਜ਼ਬਾਨ ’ਤੇ ਆ ਵੱਸੇਗਾ। ਜ਼ਬਾਨ ਤੋਂ ਵੀ ਛੁੱਟ ਜਾਏਗਾ। ਹਿਰਦੇ ਵਿਚ ਆ ਵੱਸੇਗਾ। ਜਿਸ ਤੱਕ ਮੇਰੀ ਯਾਦ ਹੀ ਨਹੀਂ ਪਹੁੰਚਦੀ ਤਾਂ ਦੋ ਦੂਰੀਆਂ ਤਾਂ ਲਾਗੂ ਹੋ ਗਈਆਂ। ਪਰ ਮੇਰੀ ਤਰਫੋਂ, ਪਰਮਾਤਮਾ ਦੀ ਤਰਫੋਂ ਨਹੀਂ। ਉਹ ਤਾਂ ਵਿਆਪਕ ਹੈ। ਮਨੁੱਖ ਜਿਸ ਢੰਗ ਨਾਲ ਜੀਅ ਰਿਹਾ ਹੈ, ਇਹਦੀ ਯਾਦ ਵਿਚ ਪਰਿਵਾਰ ਹੈ, ਇਹਦੀ ਸਮਝ ਵਿਚ ਰਾਜਨੀਤੀ ਵੀ ਹੈ। ਕਾਰੋਬਾਰ ਵੀ ਹੈ ਅਤੇ ਪ੍ਰਭੂ ਦੀ ਯਾਦ ਵਿਚ ਵੀ ਜੀਅ ਰਿਹਾ ਹੈ। ਇਹ ਦੂਰੀ ਮੇਰੀ ਤਰਫੋਂ ਲਾਗੂ ਹੁੰਦੀ ਹੈ, ਪਰਮਾਤਮਾ ਦੀ ਤਰਫੋਂ ਨਹੀਂ। ਪਰਮਾਤਮਾ ਤਾਂ ਨੇੜੇ ਹੈ। ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ॥
(ਅੰਗ ੬੫੮) ਇਹ ਹੱਥ ਵੀ ਜਿੰਨਾ ਤਨ ਤੋਂ ਦੂਰ ਜਾ ਸਕਦਾ ਹੈ, ਉਹ ਤਾਂ ਇਤਨਾ ਵੀ ਦੂਰ ਨਹੀਂ, ਹੱਥਾਂ ਦੇ ਵਿਚ ਹੈ। ਇਹ ਰੋਮ ਰੋਮ ਵਿਚ ਹੈ। ਪਰ ਕੀ ਕੀਤਾ ਜਾਏ, ਮੇਰੀ ਤਰਫੋਂ ਉਸ ’ਤੇ ਦੋ ਦੂਰੀਆਂ ਲਾਗੂ ਹਨ। ਹੁਣ ਮੈਂ ਦੂਸਰਾ ਨੁਕਤਾ ਬਿਆਨ ਕਰਾਂ। ਜਿਸ ਤੋਂ ਸਮਝ ਪ੍ਰਭਾਵਿਤ ਨਹੀਂ, ਜਿਸ ਨੂੰ ਸਮਝ ਮਹਾਨ ਨਾ ਮੰਨੇ, ਬੁੱਧ ਮਹਾਨ ਨਾ ਮੰਨੇ, ਉਹ ਵੀ ਯਾਦ ਦਾ ਹਿੱਸਾ ਨਹੀਂ ਬਣਦਾ। ਜਿਵੇਂ ਕੋਈ ਇਸ ਤਰ੍ਹਾਂ ਵੀ ਕਹਿੰਦੇ ਹਨ, ਹੋਵੇਗਾ ਪਰਮਾਤਮਾ, ਉਹਨੂੰ ਯਾਦ ਕਰਨ ਦੀ ਕੀ ਲੋੜ ਹੈ। ਜਿਹੜੇ ਅਜੇ ਕਹਿੰਦੇ ਹਨ ਪਰਮਾਤਮਾ ਹੋਵੇਗਾ, ਉਹਨਾਂ ਨੂੰ ਕੁਝ ਵੀ ਪਤਾ ਨਹੀਂ। ਜੇ ਕਿਧਰੇ ਚੱਲ ਜਾਏ ਤਾਂ ਫਿਰ- ਬਿਸਰਤ ਨਾਹਿ ਮਨ ਤੇ ਹਰੀ॥
(ਅੰਗ ੧੧੨੦) ਫਿਰ ਭੁਲਾਣਾ ਵੀ ਚਾਹੇਗਾ ਤਾਂ ਭੁਲਾ ਨਹੀਂ ਸਕੇਗਾ। ਕਿਉਂ? ਅਕਲ ਪ੍ਰਭਾਵਿਤ ਹੋ ਗਈ। ਉਹਦੀ ਯਾਦ ਮਹਾਂ ਅਨੰਦ ਬਣ ਗਈ, ਰੱਸ ਬਣ ਗਈ। ਲੋਕੀਂ ਜਦ ਮੈਨੂੰ ਕਹਿ ਦੇਂਦੇ ਹਨ ਕਿ ਬੜਾ ਸਤਿਸੰਗੀ ਹੈ, ਬੜਾ ਪ੍ਰੇਮੀ ਹੈ, ਬੜਾ ਨਿਤ ਦਾ ਨੇਮੀ ਹੈ। ਬੜਾ ਗੁਰਮੁਖਿ ਹੈ ਤਾਂ ਮੈਂ ਕਿਹਾ ਤੇਰੇ ਕੋਲ ਨਾਪਣ ਤੋਲਣ ਦਾ ਕੋਈ ਪੈਮਾਨਾ ਹੈ? ਠੀਕ ਹੈ ਤੇਰੇ ਅਨੁਸਾਰ ਇਹ ਗੁਰਮੁਖਿ ਹੋਏਗਾ, ਨਿਤਨੇਮੀ ਹੋਏਗਾ, ਰੋਜ਼ ਦਾ ਸਤਿਸੰਗੀ ਹੋਏਗਾ, ਪ੍ਰੇਮੀ ਹੋਏਗਾ। ਫਿਰ ਇਹਨਾਂ ਵਿਚ ਛਾਪ ਇਹਨਾਂ ਦੀ ਜ਼ਿੰਦਗੀ ਵਿਚ ਨਹੀਂ ਪਈ। ਇਹ ਰੋਜ਼ ਸਤਿਸੰਗ ਵਿਚ ਜਾਂਦਾ ਹੈ। ਹੈ ਕੁਸੰਗੀ, ਕੋਈ ਸਤਿਸੰਗੀ ਨਹੀਂ। ਨਹੀਂ ਤਾਂ ਇਸ ਜੀਵਨ ਨੇ ਦੱਸ ਦੇਣਾ ਸੀ। ਇਹਦੀ ਤਰਜ਼ੇ ਜ਼ਿੰਦਗੀ ਨੇ ਦੱਸ ਦੇਣਾ ਸੀ। ਠੀਕ ਹੈ ਰੋਜ਼ ਪੜ੍ਹਦਾ ਹੋਏਗਾ ਬਾਣੀ, ਸੁਣਦਾ ਹੋਏਗਾ ਬਾਣੀ, ਜਾਂਦਾ ਹੋਏਗਾ ਗੁਰਦੁਆਰੇ ਪਰ ਅਜੇ ਸਮਝ ਵਿਚ ਕੁਝ ਵੀ ਨਹੀਂ ਹੈ। ਇਕ ਸੂਫੀ ਸੰਤ ਦਾ ਬੜਾ ਕੀਮਤੀ ਬੋਲ ਯਾਦ ਆਇਆ। ਉਹ ਕਹਿੰਦਾ ਹੈ- ਮਨ ਨਾ ਦਾਮਨ ਤੋਕੇ ਹਸਤੀ ਮੈਂ ਨਹੀਂ ਜਾਣਦਾ ਤੂੰ ਕੀ ਹੈ? ਤੇਰੀ ਹਸਤੀ ਕੀ ਹੈ? ਤੂੰ ਵਾਸਤਵ ਵਿਚ ਕੀ ਹੈਂ। ਮੈਨ ਨਹੀਂ ਜਾਣਦਾ। ਮਨ ਦਾ ਦਾਮਨ ਤੋਕੇ ਹਸਤੀ ਇਹ ਪਹਿਲੀ ਪੰਗਤੀ ਹੈ। ਦੂਸਰੀ ਪੰਗਤੀ ਹੈ- ਹਰ ਚਿ ਹਸਤੀ ਤੋ ਹਸਤ। ਜੋ ਕੁਝ ਵੀ ਵੀ ਹੈ, ਖੁਦਾ! ਤੂੰ ਹੀ ਹੈ, ਹੋਰ ਕੋਈ ਨਹੀਂ। ਦੋ ਪੰਗਤੀਆਂ ਦੇ ਵਿਚ ਤੱਤ ਸਾਰ ਰੱਖ ਦਿੱਤਾ ਹੈ ਅਤੇ ਕਿਸ ਨੇ ਜਾਣਿਆ ਹੈ ਅਤੇ ਅੱਜ ਤੱਕ ਕੌਣ ਜਾਣੇਗਾ ਪੂਰਾ। ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ॥
(ਅੰਗ ੨੫) ਇਸ ਸਾਗਰ ਨੂੰ ਮੈਂ ਕਿਵੇਂ ਨਾਪਾਂ-ਤੋਲਾਂ? ਮੱਛਲੀ ਕਿਵੇਂ ਨਾਪੇਗੀ, ਕਿਵੇਂ ਤੋਲੇਗੀ? ਪਰ ਜੀਅ ਤਾਂ ਸਕਦੀ ਹੈ ਇਹ ਸਮਝ ਕੇ ਕਿ ਇਹ ਸਾਗਰ ਹੈ, ਮੇਰੀ ਜ਼ਿੰਦਗੀ ਹੈ। ਇਤਨੀ ਸਮਝ ਕਹਿੰਦੇ ਮੱਛਲੀ ਨੂੰ ਵੀ ਨਹੀਂ ਹੈ। ਇਹ ਸਮਝ ਉਸ ਦਿਨ ਆਉਂਦੀ ਹੈ, ਬੜੇ ਧਿਆਨ ਨਾਲ ਸੁਣਨਾ ਦੋ ਨੁਕਤੇ। ਜਿਸ ਦਿਨ ਮੱਛਲੀ ਸਾਗਰ ਤੋਂ ਵਿਛੜਦੀ ਹੈ, ਉਸ ਦਿਨ ਸਮਝ ਆਉਂਦੀ ਹੈ ਕਿ ਇਹ ਸਾਗਰ ਤਾਂ ਮੇਰਾ ਜੀਵਨ ਸੀ। ਮੱਛਲੀ ਨੂੰ ਉਸ ਦਿਨ ਪਤਾ ਚੱਲਦਾ ਹੈ ਜਿਸ ਦਿਨ ਸਾਗਰ ਤੋਂ ਵਿਛੜਦੀ ਹੈ। ਕੋਈ ਮਛੇਰਾ ਵਿਛੋੜ ਦੇਂਦਾ ਹੈ। ਮਛੇਰੇ ਨੇ ਜਾਲ ਪਾ ਕੇ ਪਕੜ ਲਿਆ ਤੇ ਸਾਗਰ ਤੋਂ ਬਾਹਰ ਕੱਢ ਦਿੱਤਾ ਤਾਂ ਤੜਪਦੀ ਹੈ। ਅੱਜ ਪਤਾ ਚੱਲਦਾ ਹੈ ਕਿ ਜਿਸ ਵਿਚ ਮੈਂ ਜੀਅ ਰਹੀ ਸੀ, ਉਹ ਮੇਰਾ ਜੀਵਨ ਹੈ। ਜਿਸ ਵਿਚ ਮੈਂ ਜੀਅ ਰਹੀ ਸੀ, ਉਹ ਮੇਰੀ ਜ਼ਿੰਦਗੀ ਹੈ। ਉਹ ਮੇਰੇ ਪ੍ਰਾਣ ਹਨ। ਮੱਛਲੀ ਨੂੰ ਵਿਛੜ ਕੇ ਹੀ ਸਾਗਰ ਦਾ ਪਤਾ ਚੱਲਦਾ ਹੈ। ਮਨੁੱਖ ਨੂੰ ਮਿਲ ਕੇ, ਜੁੜ ਕੇ ਹੀ ਪਰਮਾਤਮਾ ਦਾ ਪਤਾ ਚੱਲਦਾ ਹੈ, ਉਂਝ ਨਹੀਂ। ਅਲੱਗ ਅਲੱਗ ਹੈ। ਉਸ ਤੋਂ ਬਿਨਾਂ ਪਤਾ ਚੱਲੇਗਾ ਹੀ ਨਹੀਂ। ਕਿਉਂਕਿ ਸਾਗਰ ਤੋਂ ਤਾਂ ਮੱਛਲੀ ਨੂੰ ਵਿਛੋੜਿਆ ਜਾ ਸਕਦਾ ਹੈ, ਪਰ ਪਰਮਾਤਮਾ ਤੋਂ ਕੋਈ ਸਾਨੂੰ ਕਿਸ ਤਰ੍ਹਾਂ ਵਿਛੋੜੇ? ਅਸੀਂ ਤਾਂ ਉਸ ਦੇ ਵਿਚ ਹਾਂ। ਮਿਲ ਕੇ ਹੀ ਪਤਾ ਚੱਲਦਾ ਹੈ ਕਿ ਮਿਲਣਾ ਕੀ ਹੈ। ਚਿੰਤਨ, ਸਮਝ ਮੇਰੀ ਤਰਫੋਂ ਦੂਰ ਹੈ। ਇਤਨੀ ਵੀ ਸਮਝ ਕਿਉਂ ਨਹੀਂ। ਕਈਆਂ ਨੂੰ ਇਹ ਵੀ ਸਮਝ ਨਹੀਂ। ਸੋ ਕਾਰਣ ਦੱਸਦੇ ਹਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਕਿਉਂਕਿ ਵਾਕ ਥੋੜਾ ਲੰਬਾ ਹੈ। ਇਸ ਲਈ ਭੂਮਿਕਾ ਵਿਚ ਮੈਂ ਬਹੁਤਾ ਵਿਸਥਾਰ ਬਿਆਨ ਨਾ ਕਰਾਂ। ਆਪ ਲੜੀਵਾਰ ਛੰਦਾਂ ਨੂੰ ਸੁਣੋ। ਚਾਰ ਛੰਦ ਹਨ।