ਅਸੰਖ ਨਿੰਦਕ ਸਿਰਿ ਕਰਹਿ ਭਾਰੁ (ਪਾਰਟ ੧) ਅਸੰਖ ਮੂਰਖ ਅੰਧ ਘੋਰ॥
ਅਸੰਖ ਚੋਰ ਹਰਾਮਖੋਰ॥
ਅਸੰਖ ਅਮਰ ਕਰਿ ਜਾਹਿ ਜੋਰ॥
ਅਸੰਖ ਗਲਵਢ ਹਤਿਆ ਕਮਾਹਿ॥
ਅਸੰਖ ਪਾਪੀ ਪਾਪੁ ਕਰਿ ਜਾਹਿ॥
ਅਸੰਖ ਕੂੜਿਆਰ ਕੂੜੇ ਫਿਰਾਹਿ॥
ਅਸੰਖ ਮਲੇਛ ਮਲੁ ਭਖਿ ਖਾਹਿ॥
ਅਸੰਖ ਨਿੰਦਕ ਸਿਰਿ ਕਰਹਿ ਭਾਰੁ॥
ਨਾਨਕੁ ਨੀਚੁ ਕਹੈ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਇ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥੧੮॥
ਕਾਦਰ ਕਰੀਮ ਨੇ ਲੱਖਾਂ ਜ਼ਿੰਦਗੀਆਂ ਦੇ ਦਰਿਆਈ ਪ੍ਰਵਾਹ ਚਲਾ ਦਿੱਤੇ ਹਨ। ਇਨ੍ਹਾਂ ਵਿਚ ਕੁਛ ਦਰਿਆ ਬੜੇ ਨਿਰਮਲ ਪਾਵਨ ਅਤੇ ਪਵਿੱਤਰ ਹਨ। ਪਰ ਜੀਵਨ ਦੇ ਕੁਛ ਦਰਿਆ ਤਾਂ ਪ੍ਰਿਥਵੀ ‘ਤੇ ਇਸ ਤਰ੍ਹਾਂ ਵਗ ਰਹੇ ਹਨ ਜਿਸ ਤਰ੍ਹਾਂ ਗੰਦੇ ਨਾਲੇ ਹੁੰਦੇ ਹਨ, ਜਿਨ੍ਹਾਂ ਵਿਚ ਗੰਦਲਾ ਅਤੇ ਬਦਬੂ ਵਾਲਾ ਪਾਣੀ ਹੁੰਦਾ ਹੈ। ਵਗਦੇ ਤਾਂ ਦਰਿਆ ਵੀ ਹਨ ਅਤੇ ਵਗਦੇ ਵਗਦੇ ਗੰਦੇ ਨਾਲੇ ਵੀ ਹਨ। ਦਰਿਆ ਵਿਚ ਵੀ ਪਾਣੀ ਹੈ ਅਤੇ ਨਾਲੇ ਵਿਚ ਵੀ ਪਾਣੀ ਹੈ। ਇਕ ਕੋਲ ਬੈਠੀਏ ਤਾਂ ਸੜਾਂਦ ਤੇ ਨਰਕ ਦਾ ਤਸੱਵਰ ਮਿਲਦਾ ਹੈ। ਦੂਜੇ ਕੋਲ ਬੈਠੀਏ ਤਾਂ ਚੈਨ, ਸ਼ਾਂਤੀ ਤੇ ਸਵਰਗ ਦੀ ਦੁਨੀਆ ਦਾ ਅਹਿਸਾਸ ਹੁੰਦਾ ਹੈ। ਜੀਵਨ ਦੇ ਇਸ ਤਰ੍ਹਾਂ ਦੇ ਦੋ ਦਰਿਆਵਾਂ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ ਹੈ। ਚੂੰਕਿ ਇਸ ਵੀਚਾਰ ਦੀ ਪਹਿਲੀ ਮੂਲ ਪਉੜੀ ਦੀ ਪਹਿਲੀ ਪੰਕਤੀ ਹੈ, “ਤਿਸ ਤੇ ਹੋਏ ਲਖ ਦਰੀਆਉ॥” ਉਹਨਾਂ ਲੱਖਾਂ ਦਰਿਆਵਾਂ ਵਿਚ ਇਕ ਤਾਂ ਉਹ ਦਰਿਆ ਹਨ ਜਿਨ੍ਹਾਂ ਵਿਚ ਜਪੀ, ਤਪੀ, ਗਿਆਨੀ, ਧਿਆਨੀ ਭਾਵ ਨਿਰਮਲ ਧਾਰਾ ਵਗ ਰਹੀ ਹੈ, ਪਾਵਨ ਧਾਰਾ ਵਗ ਰਹੀ ਹੈ। ਦੂਜੇ ਵਗ ਰਹੇ ਹਨ ਗੰਦੇ ਨਾਲੇ। ਉਨ੍ਹਾਂ ਵਿਚੋਂ ਸਭ ਤੋਂ ਸਿਰਮੌਰ ਹਨ: ਅਸੰਖ ਮੂਰਖ ਅੰਧ ਘੋਰ॥
ਅਨੰਤ ਮੂਰਖ ਹਨ ਜੋ ਗਿਣਤੀ ਤੋਂ ਪਰੇ ਹਨ, ਜਿਨ੍ਹਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਮੂਰਖ ਦੇ ਅੱਖਰੀ ਅਰਥ-ਜੋ ਮੂੰਹ ਰੱਖ ਕੇ ਗੱਲ ਕਰੇ। ਜਾਂ ਐਸਾ ਹੋਵੇ ਜੋ ਅਗਲੇ ਦਾ ਮੂੰਹ ਰੱਖ ਕੇ ਗੱਲ ਕਰੇ। ਜਿਸ ਨੇ ਬੋਲਣ ਲੱਗਿਆਂ ਬਸ ਮੂੰਹ ਹੀ ਅੱਗੇ ਰੱਖਿਆ ਹੈ, ਦਿਮਾਗ ਨਹੀਂ ਰੱਖਿਆ, ਵਿਚਾਰ ਅੱਗੇ ਨਹੀਂ ਰੱਖੇ। ਕਿਸੇ ਦਾ ਮੂੰਹ ਰੱਖ ਕੇ ਚੁੱਪ ਕਰ ਜਾਣਾ, ਕਿਸੇ ਦਾ ਮੂੰਹ ਰੱਖ ਕੇ ਬੋਲ ਪੈਣਾ ਅਤੇ ਬੋਲਣ ਲੱਗਿਆਂ ਹਰ ਵਕਤ ਮੂੰਹ ਹੀ ਅੱਗੇ ਰੱਖਣਾ, ਖਾਣ ਲੱਗਿਆਂ ਮੂੰਹ ਹੀ ਅੱਗੇ ਰੱਖਿਆ ਹੋਵੇ; ਇਸ ਤਰ੍ਹਾਂ ਦੇ ਪੁਰਸ਼ ਨੂੰ ਮੂਰਖ ਕਹਿੰਦੇ ਹਨ। ਸਾਹਿਬ ਕਹਿੰਦੇ ਹਨ ਕਿ ਅਜਿਹੇ ਲੋਕ ਗਿਣੇ ਹੀ ਨਹੀਂ ਜਾ ਸਕਦੇ। ਅਨੰਤ ਹਨ, ਬੇਸ਼ੁਮਾਰ ਹਨ। “ਅੰਧ ਘੋਰ”-ਜਿਵੇਂ ਮੱਸਿਆ ਦੀ ਰਾਤ ਦਾ ਘੁੱਪ ਹਨੇਰਾ ਜਿਸ ਵਿਚ ਮਨੁੱਖ ਨੂੰ ਆਪਣਾ ਹੱਥ ਵੀ ਨਹੀਂ ਦਿਖਾਈ ਦਿੰਦਾ। ਕਈ ਮਨੁੱਖੀ ਜੀਵਨ ਐਸੇ ਹਨ, ਜੋ “ਅੰਧ ਘੋਰ” ਵਿਚ ਬਤੀਤ ਹੋ ਰਹੇ ਹਨ, ਮੱਸਿਆ ਦੀ ਰਾਤ ਦੀ ਤਰ੍ਹਾਂ ਹਨ। ਬਿਲਕੁਲ ਅੰਧੇਰਾ; ਚਾਨਣ ਨਾਲੋਂ ਸੰਬੰਧ ਹੀ ਤੋੜ ਬੈਠੇ ਹਨ। ਜਿਵੇਂ ਉੱਲੂ ਦਾ ਰੋਸ਼ਨੀ ਨਾਲ ਕੋਈ ਸੰਬੰਧ ਹੀ ਨਹੀਂ, ਚਮਗਿੱਦੜ ਦਾ ਰੋਸ਼ਨੀ ਨਾਲ ਕੋਈ ਰਿਸ਼ਤਾ ਹੀ ਨਹੀਂ ਹੈ। ਉਨ੍ਹਾਂ ਨੇ ਅੰਧੇਰੇ ਨਾਲ ਹੀ ਰਿਸ਼ਤਾ ਜੋੜਿਆ ਹੋਇਆ ਹੈ। ਇਸ “ਅੰਧ ਘੋਰ” ਦੀ ਜ਼ਿੰਦਗੀ ਬਤੀਤ ਕਰਨ ਵਾਲੇ ਵੀ ਬਹੁਤ ਹਨ: ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭੂਮਤ ਘੁਘਨਾ॥
{ਅੰਗ ੧੩੮੭} ਜਿਵੇਂ ਘੁਘਨਾ (ਉੱਲੂ) ਅੰਧਕਾਰ ਵਿਚ ਭਟਕਦਾ ਹੈ, ਇਸੇ ਤਰ੍ਹਾਂ ਮਨੁੱਖ ਵੀ ਅਗਿਆਨਤਾ ਦੇ ਅੰਧਕਾਰ ਵਿਚ ਭਟਕਦੇ ਹਨ। ਇਸ ਤਰ੍ਹਾਂ ਦੇ ਮਨੁੱਖਾਂ ਵਾਸਤੇ ਚਾਹੇ ਕਿਤਨੇ ਹੀ ਸੂਰਜ ਚੜ੍ਹਨ, ਬੇਮਾਅਨੇ ਹੀ ਹਨ। ਉੱਲੂ ਵਾਸਤੇ ਇਕ ਸੂਰਜ ਦੀ ਬਜਾਏ ਬੇਸ਼ੁਮਾਰ ਸੂਰਜ ਪ੍ਰਕਾਸ਼ਮਾਨ ਹੋ ਜਾਣ ਤਾਂ ਕਿਸ ਅਰਥ? ਅੰਧਕਾਰ ਤਾਂ ਬਣਿਆ ਰਹੇਗਾ। ਘੁੱਪ ਹਨੇਰਾ ਤਾਂ ਬਣਿਆ ਹੀ ਰਹੇਗਾ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਅਦੀ ਸਾਹਿਬ ਦਾ ਕਹਿਣਾ ਹੈ: ਨਸੀਹਤ ਹਮਾ ਆਲਮ ਜੁਬਾਂ ਦੇ ਦਰ ਕਫਸ਼ ਅਸਤ। ਬਾਗੋਸੇ ਮਰਦਮੇ ਨਾਦਾਨ ਆਬੇ ਦਰ ਗੁਰਬਾਲ। ਦੁਨੀਆ ਦੇ ਤਮਾਮ ਆਲਮਾਂ ਦੀ ਨਸੀਹਤ ਮੂਰਖਾਂ ਵਾਸਤੇ ਐਸੀ ਹੋ ਜਿਵੇਂ ਛਾਣਨੀ ਵਿਚ ਪਾਣੀ, ਪਿੰਜਰੇ ਵਿਚ ਹਵਾ। ਪਿੰਜਰੇ ਵਿਚ ਹਵਾ ਕੈਦ ਨਹੀਂ ਕੀਤੀ ਜਾ ਸਕਦੀ ਅਤੇ ਛਾਣਨੀ ਵਿਚ ਪਾਣੀ ਨਹੀਂ ਰੱਖਿਆ ਜਾ ਸਕਦਾ। ਦੁਨੀਆ ਭਰ ਦੇ ਤਮਾਮ ਆਲਮਾਂ ਦੀ ਨਸੀਹਤ ਮੂਰਖ ਦੇ ਅੰਦਰ ਟਿਕ ਨਹੀਂ ਸਕਦੀ ਕਿਉਂਕਿ ਉਸਦਾ ਹਿਰਦਾ ਛਾਣਨੀ ਹੈ। ਮੂਰਖ ਦੇ ਅੰਦਰ ਇਸ ਤਰ੍ਹਾਂ ਦੀ ਸੁਗੰਧਤ ਪਵਣ ਦਾ ਕੋਈ ਸੰਬੰਧ ਨਹੀਂ ਕਿਉਂਕਿ ਟਿਕਾਉ ਵਾਸਤੇ ਕੋਈ ਥਾਂ ਨਹੀਂ ਹੈ। ਸਾਹਿਬ ਕਹਿੰਦੇ ਹਨ-ਇਸ ਧਾਰਾ ਵਿਚ ਅਨੰਤ ਮੂਰਖ ਹਨ। ਅਗਿਆਨਤਾ ਦੇ ਘੁੱਪ ਅੰਧਕਾਰ ਵਿਚ ਵਿਚਰਨ ਵਾਲੇ ਅਨੇਕਾਂ ਹਨ। ਅਸੰਖ ਹਨ, ਜਿਨ੍ਹਾਂ ਦੀ ਸੰਖਿਆ ਨਹੀਂ ਹੋ ਸਕਦੀ। ਅਸੰਖ ਚੋਰ ਹਰਾਮਖੋਰ॥
ਝੋ ਪਰਾਏ ਧਨ ‘ਤੇ ਮੋਹਿਤ ਹੁੰਦਾ ਹੈ, ਲਾਜ਼ਮੀ ਹੈ ਉਹ ਚੋਰ ਬਣ ਜਾਵੇਗਾ। ਜੇ ਤਨ ਚੋਰ ਨਹੀਂ ਬਣਿਆ ਤੇ ਮਨ ਤਾਂ ਚੋਰ ਬਣ ਹੀ ਜਾਵੇਗਾ। ਅਗਰ ਇਸਨੂੰ ਮੌਕਾ ਮਿਲੇ ਤਾਂ ਫਿਰ ਤਨ ਨਾਲ ਵੀ ਚੋਰੀ ਕਰ ਲਵੇਗਾ। ਜਿਸ ਮਨੁੱਖ ਨੂੰ ਪਰਾਇਆ ਧਨ ਪ੍ਰਭਾਵਿਤ ਕਰੇ, ਉਸ ਦੇ ਈਮਾਨ ‘ਤੇ ਭੋਰਸਾ ਨਹੀਂ ਕੀਤਾ ਜਾ ਸਕਦਾ। ਉਹ ਡਗਮਗਾ ਜਾਏਗਾ। ਉਸ ਦੇ ਅੰਦਰ ਚੋਰੀ ਦਾ ਭਾੳੇ ਹੈ। ਮੌਕਾ ਮਿਲਿਆ ਤਾਂ ਉਹ ਚੋਰ ਹੋ ਜਾਏਗਾ। ਦੁਨੀਆ ਵਿਚ ਬਹੁਤ ਸਾਰੇ ਲੋਗ ਇਸ ਵਾਸਤੇ ਸ਼ਰੀਫ ਹਨ ਕਿ ਬਦਮਾਸ਼ ਹੋਣ ਦਾ ਮੌਕਾ ਹੀ ਨਹੀਂ ਮਿਲਿਆ। ਆਖਿਰ ਬਦਮਾਸ਼ ਹੋਣ ਵਾਸਤੇ ਮੌਕਾ ਚਾਹੀਦਾ ਹੈ। ਬਦਮਾਸ਼ ਹੋਣ ਵਾਸਤੇ ਤਾਕਤ ਚਾਹੀਦੀ ਹੈ। ਦੇਖਣ ਵਿਚ ਆਇਆ ਹੈ ਕਿ ਸ਼ਰਾਫਤ ਕਮਜ਼ੋਰਾਂ ਕੋਲ ਹੈ, ਬਦਮਾਸ਼ੀ ਤਾਕਤਵਰਾਂ ਕੋਲ। ਜਦ ਸ਼ਰਾਫਤ ਕਮਜ਼ੋਰ ਕੋਲ ਹੋਵੇਗੀ, ਕੰਮ ਨਹੀਂ ਕਰੇਗੀ। ਸ਼ਰਾਫਤ ਵੀ ਤਾਕਤਵਰ ਕੋਲ ਚਾਹੀਦੀ ਹੈ। ਚੋਰੀ ਕਰਨ ਦਾ ਮੌਕਾ ਤਾਂ ਹੈ ਲੇਕਿਨ ਚੋਰੀ ਕਰਨ ਦਾ ਭਾਉ ਹੀ ਨਹੀਂ ਪੈਦਾ ਹੋਇਆ। ਅਜਿਹਾ ਮਨੁੱਖ ਸ਼ਕਤੀਸ਼ਾਲੀ ਹੈ। ਜਿਸ ਵਕਤ ਸ਼ਰਾਫਤ ਤਾਕਤਵਰ ਦੇ ਹੱਥ ਵਿਚ ਹੋਵੇ, ਤਾਂ ਸ਼ਰਾਫਤ ਕੰਮ ਕਰਦੀ ਹੈ; ਭਲੇਮਾਣਸੀ ਕੰਮ ਕਰਦੀ ਹੈ। ਸੋ ਦੁਨੀਆ ਵਿਚ ਜੋ ਸ਼ਰੀਫ ਦਿਖਾਈ ਦਿੰਦੇ ਹਨ, ਸ਼ਰੀਫ ਨਹੀਂ ਹਨ; ਮਜ਼ਬੂਰ ਹਨ, ਕਮਜ਼ੋਰ ਹਨ। ਦੁਨੀਆ ਵਿਚ ਜੋ ਚੋਰ ਨਹੀਂ ਦਿਖਾਈ ਦੇ ਰਹੇ, ਸਿਰਫ ਇਸ ਵਾਸਤੇ ਕਿ ਉਨ੍ਹਾਂ ਲਈ ਚੋਰੀ ਕਰਨ ਦਾ ਮੌਕਾ ਹੀ ਨਹੀਂ ਬਣਿਆ। ਮਹਾਰਾਜ ਕਹਿੰਦੇ ਹਨ-ਇਤਨੇ ਚੋਰ ਹਨ, ਜਿਨ੍ਹਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਇਹ ਚੋਰ ਵੀ ਕਈ ਪੱਧਰ ਦੇ ਹਨ। ਧਨ ਦੇ ਚੋਰ, ਰੂਪ ਦੇ ਚੋਰ, ਸੰਪਦਾ ਦੇ ਚੋਰ, ਵਿਚਾਰਾਂ ਦੇ ਚੋਰ, ਖਿਆਲਾਂ ਦੇ ਚੋਰ, ਕਵਿਤਾਵਾਂ ਦੇ ਚੋਰ; ਗੱਲ ਕੀ, ਜਗਤ ਵਿਚ ਬਹੁਪੱਖੀ ਚੋਰੀ ਮੌਜੂਦ ਹੈ। ਵਸਤੂ ਕਿਸੇ ਦੀ ਹੈ, ਮੋਹਰ ਆਪਣੀ ਲਾਉਣੀ। ਖਿਆਲ ਕਿਸੇ ਦਾ ਹੈ, ਦਾਅਵਾ ਆਪਣਾ ਕਰਨਾ। ਕਵਿਤਾ ਕਿਸੇ ਦੀ ਹੈ, ਜੋੜਨੀ ਆਪਣੇ ਨਾਮ ਨਾਲ। ਧਨ ਸੰਪਦਾ ਕਿਸੇ ਦੀ ਹੈ, ਮੋਹਰ ਉਸ ਦੇ ਉੱਤੇ ਆਪਣੀ ਲਾਉਣੀ। ਇਹ ਤਾਂ ਚੋਰੀ ਹੈ। ਜਿੱਥੇ ਵੀ ਮਨੁੱਖ ਨੂੰ ਮੌਕਾ ਮਿਲੇ, ਚੋਰੀ ਪ੍ਰਗਟ ਹੁੰਦੀ ਹੈ। ਮੌਕਾ ਨਹੀਂ ਮਿਲਿਆ, ਇਸ ਵਾਸਤੇ ਚੋਰੀ ਨਹੀਂ ਕਰ ਸਕਿਆ। ਕੋਈ ਛੋਟਾ ਜਾਂ ਵੱਡਾ ਚੋਰ ਵੀ ਨਹੀਂ ਹੁੰਦਾ। ਚੋਰ ਸਾਰੇ ਇਕ ਪੱਧਰ ਦੇ ਹੁੰਦੇ ਹਨ। ਜਿਸਨੂੰ ਛੋਟਾ ਮੋਕਾ ਮਿਲਿਆ, ਉਸਨੇ ਛੋਟੀ ਚੋਰੀ ਕੀਤੀ। ਜਿਸਨੂੰ ਵੱਡਾ ਮੌਕਾ ਮਿਲਿਆ, ਉਸਨੇ ਵੱਡੀ ਚੋਰੀ ਕੀਤੀ। ਗੱਲ ਸਾਰੀ ਮੌਕੇ ਦੀ ਹੈ। ਗੱਲ ਛੋਟੇ ਤੇ ਵੱਡੇ ਚੋਰ ਦੀ ਨਹੀਂ ਹੈ। ਦੁਨੀਆ ਵਿਚ ਕੋਈ ਵੀ ਛੋਟਾ ਤੇ ਵੱਡਾ ਬਦਮਾਸ਼ ਨਹੀਂ ਹੈ। ਜਿਸਨੂੰ ਛੋਟਾ ਮੌਕਾ ਮਿਲਿਆ, ਉਸਨੇ ਛੋਟੀ ਬਦਮਾਸ਼ੀ ਕੀਤੀ ਤੇ ਜਿਸਨੂੰ ਵੱਡਾ ਮੌਕਾ ਮਿਲਿਆ, ਉਸਨੇ ਵੱਡੀ ਬਦਮਾਸ਼ੀ ਕੀਤੀ। ਛੋਟੇ ਮੌਕੇ ਵਾਲੇ ਨੇ ਕਿਸੇ ਇਕ ਮਨੁੱਖ ਦੀ ਜੇਬ ਕੱਟ ਲਈ ਪਰ ਜਿਸਨੂੰ ਵੱਡਾ ਮੌਕਾ ਮਿਲਿਆ, ਉਸਨੇ ਸਾਰਾ ਦੇਸ਼ ਲੁੱਟ ਲਿਆ। ਸਾਰੇ ਦੇਸ਼ ਨੂੰ ਪੈਰਾਂ ਥੱਲੇ ਰੌਂਦ ਕੇ ਰੱਖ ਦਿੱਤਾ। ਗੱਲ ਸਾਰੀ ਮੌਕੇ ਦੀ ਹੈ। ਹਲਾਕੂ ਤੇ ਚੰਗੇਜ਼ ਖਾਂ ਤਾਂ ਕਈਆਂ ਦੇ ਅੰਦਰ ਬੈਠੇ ਹਨ ਪਰ ਉਤਨਾ ਮੌਕਾ ਮਿਲੇ ਤਾਂ ਬਹੁਤ ਸਾਰੇ ਲੋਕਾਂ ਦੇ ਅੰਦਰ ਚੰਗੇਜ਼ ਖਾਂ ਪ੍ਰਗਟ ਹੋ ਸਕਦਾ ਹੈ। ਹਲਾਕੂ ਪ੍ਰਗਟ ਹੋ ਸਕਦਾ ਹੈ। ਹਿਟਲਰ ਦਾ ਜਨਮ ਹੋ ਸਕਦਾ ਹੈ, ਔਰੰਗਜ਼ੇਬ ਦਾ ਜਨਮ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਕੋਲ ਬਹੁਤ ਵੱਡੇ ਮੌਕੇ ਸਨ। ਬਹੁਤ ਵੱਡਾ ਮੌਕਾ ਹੋਵੇ ਤਾਂ ਬੁਰਾਈ ਬਹੁਤ ਵੱਡੇ ਪੱਧਰ ‘ਤੇ ਪ੍ਰਗਟ ਹੁੰਦੀ ਹੈ ਔਰ ਮੌਕਾ ਛੋਟਾ ਹੋਵੇ ਤਾਂ ਬੁਰਾਈ ਛੋਟੇ ਪੱਧਰ ‘ਤੇ ਪ੍ਰਗਟ ਹੁੰਦੀ ਹੈ। ਸਾਹਿਬ ਕਹਿੰਦੇ ਹਨ-ਅਨੰਤ ਐਸੇ ਚੋਰ ਹਨ, ਜੋ ਗਿਣੇ ਨਹੀਂ ਜਾ ਸਕਦੇ। ਹਰਾਮ ਖੋਰ, ਬੇਗਾਨਾ ਹੱਕ ਖਾਣ ਵਾਲੇ ਅਤੇ ਜਿਤਾਣ ਵਾਲੇ ਹਨ। ਸਾਹਿਬ ਕਹਿੰਦੇ ਹਨ-ਇਸ ਤਰ੍ਹਾਂ ਦੇ ਹਰਾਮ ਖੋਰ ਵੀ ਅਨੰਤ ਹਨ, ਬੇਸ਼ੁਮਾਰ ਹਨ, ਗਿਣੇ ਨਹੀਂ ਜਾ ਸਕਦੇ।