ਸਤਿਗੁਰ ਕੀ ਸੇਵਾ ਉਤਮ ਹੈ (ਪਾਰਟ ੨) ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਿਸ਼ਾਹ ਨੇ ਗੁਰੂ ਦੀ ਰਹਿਮਤ ਤੇ ਗੁਰੂ ਦੀ ਸੇਵਾ ਸੰਬੰਧੀ ਮਾਰੂ ਰਾਗ ਵਿਚ ਇਹ ਬਚਨ ਕਿਹਾ ਹੈ ਕਿ- ਕਾਇਆ ਆਰਣੁ ਸਰੀਰ ਇਕ ਭੱਠੀ ਹੈ। ਮਨੁ ਵਿਚਿ ਲੋਹਾ ਇਸ ਸਰੀਰ ਭੱਠੀ ਦੇ ਵਿਚ ਮਨ ਲੋਹਾ ਬਣਿਆ ਪਿਆ ਹੈ। ਪੰਚ ਅਗਨਿ ਤਿਤੁ ਲਾਗਿ ਰਹੀ॥
{ਅੰਗ ੯੯੦} ਪੰਜਾਂ ਵਿਕਾਰਾਂ ਦੀ ਅੱਗ ਇਸ ਮਨ ਨੂੰ ਲੱਗੀ ਹੋਈ ਹੈ। ਪਿਆਰਿਉ! ਇਕ ਚਿੰਗਿਆੜੀ ਲੱਗ ਜਾਏ, ਉਹ ਕਈ ਸਾਲਾਂ ਦੇ ਬਣੇ ਹੋਏ ਘਰ ਨੂੰ ਸਾੜ ਦਿੰਦੀ ਹੈ ਤੇ ਜਿਸ ਮਨ ਨੂੰ ਪੰਜਾਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੋਵੇ, ਇਹ ਬਚੇਗਾ ਕਿਵੇਂ? ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨੑ ਚਿੰਤ ਭਈ॥
ਸੜਿਆ ਲੋਹਾ ਨਿਕੰਮਾ ਹੈ, ਇਸਨੂੰ ਕੋਈ ਨਹੀਂ ਰੱਖਦਾ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਿਸ਼ਾਹ ਜੀ ਨੇ ਇਕ ਕ੍ਰਿਪਾ ਕੀਤੀ ਹੈ। ਕਹਿੰਦੇ ਹਨ ਕਿ ਸੜ ਚੁੱਕੇ ਲੋਹੇ ਨੂੰ ਭੱਠੀ ਵਿਚ, ਘਰ ਵਿਚ ਥਾਂ ਨਹੀਂ, ਪਰ ਜਿਹੜੇ ਮਨ ਸੜ ਕੇ ਮਨੂਰ ਬਣ ਗਏ ਹਨ, ਉਹ ਕਦੀ ਸਮਰੱਥ ਗੁਰੂ ਦੀ ਸੇਵਾ ਵਿਚ ਆ ਜਾਣ, ਗੁਰੂ ਤਾਂ ਸੜ ਚੁੱਕੇ ਮਨਾਂ ਨੂੰ ਵੀ ਪਰਤ ਕੇ ਸੋਨਾ ਬਣਾ ਦਿੰਦੇ ਹਨ। ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ॥
ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥
{ਅੰਗ ੯੯੦} ਸੜ ਚੁੱਕੇ ਮਨ ਸੋਨਾ ਬਣ ਗਏ, ਜਿਹੜੇ ਗੁਰੂ ਦੀ ਸੇਵਾ ਵਿਚ ਆ ਗਏ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਮੋਲਕ ਬਚਨ ਹੈ ਕਿ ਪਰਮਾਤਮਾ ਨੇ ਇਹ ਸਾਰੀ ਕੁਦਰਤ ਸਿਰਜੀ ਹੈ। ਕਹਿੰਦੇ ਹਨ, ਉਸਨੇ ਅਜਿਹੀ ਖੇਡ ਵਰਤਾਈ ਹੈ ਕਿ ਇਸ ਸੰਸਾਰ ਵਿਚ ਇਕ ਇਨਸਾਨ ਉਹ ਹਨ ਜਿਹੜੇ ਅੰਦਰੋਂ ਅੱਤ ਦੇ ਨਿਰਮਲ ਹਨ ਤੇ ਇਕ ਬੰਦੇ ਉਹ ਹਨ ਜਿਹੜੇ ਜਨਮ ਤੋਂ ਲੈ ਕੇ ਆਪਣੀ ਜ਼ਿੰਦਗੀ ਦੇ ਕਈ ਦਹਾਕੇ ਲੰਘ ਜਾਣ 'ਤੇ ਅੰਦਰ ਦਾ ਖੋਟ ਛੱਡਣ ਨੂੰ ਤਿਆਰ ਨਹੀਂ। ਕਹਿੰਦੇ ਹਨ, ਪਰਮੇਸ਼ਰ ਜੀ! ਖੋਟੇ ਤੇ ਖਰੇ ਤੁਸੀਂ ਬਣਾਏ ਤੇ ਤੇਰੀ ਅਸਚਰਜ ਖੇਡ ਹੈ ਕਿ ਜਿਸ ਵੇਲੇ ਖੋਟੇ ਤੇਰੇ ਘਰ ਵੱਲ ਗਏ ਤੇ ਤੂੰ ਆਪਣੇ ਖ਼ਜ਼ਾਨਿਆਂ ਵਿਚੋਂ ਖੋਟਿਆਂ ਨੂੰ ਟਣਕਾ ਕੇ ਬਾਹਰ ਕੱਢ ਦਿੱਤਾ। ਕਿਉੇਂਕਿ ਪਹਿਲਾਂ ਖੋਟੇ ਤੇ ਖਰੇ ਸਿੱਕੇ ਟਣਕਾਏ ਜਾਂਦੇ ਹਨ। ਜਦੋਂ ਪੁੱਛਿਆ ਤਾਂ ਉੱਤਰ ਮਿਲਿਆ ਕਿ ਇਸ ਖ਼ਜ਼ਾਨੇ ਵਿਚ ਕੇਵਲ ਖਰਿਆਂ ਨੂੰ ਥਾਂ ਮਿਲਦੀ ਹੈ, ਖੋਟਿਆਂ ਨੂੰ ਨਹੀਂ। ਖੋਟੇ ਬਾਹਰ ਕੱਢ ਦਿੱਤੇ ਗਏ। ਜਦੋਂ ਸੱਚੀ ਦਰਗਾਹ ਵਿਚ ਵੀ ਖੋਟਿਆਂ ਨੂੰ ਧੱਕੇ ਪਏ ਤਾਂ ਉਹ ਕਿਹੜੇ ਪਾਸੇ ਜਾਣ ਤੇ ਸਤਿਗੁਰੂ ਨੇ ਕਿਹਾ, ਗੁਰੂ ਦੀ ਸੇਵਾ ਲੱਗੀ ਹੈ, ਖੋਟਿਆ! ਜੇ ਤੈਨੂੰ ਪਰਮਾਤਮਾ ਨੇ ਆਪਣੇ ਘਰ ਵਿਚ ਥਾਂ ਨਹੀਂ ਦਿੱਤੀ ਤਾਂ ਤੂੰ ਗੁਰੂ ਦੇ ਭਾਂਡਿਆਂ ਵਿਚ ਖਲੋ ਜਾ। ਚੇਤੇ ਰੱਖੀ, ਇਥੇ ਭਾਂਡਿਆਂ ਵਿਚ, ਇਥੇ ਜੋੜਿਆਂ ਵਿਚ, ਇਥੇ ਹੱਥੀਂ ਸੇਵਾ ਵਿਚ ਜਿਨ੍ਹਾਂ ਨੂੰ ਰੱਬ ਵੀ ਧੱਕੇ ਮਾਰਦਾ ਹੈ ਤੇ ਸੇਵਾ ਕਰ, ਸੇਵਾ ਖੋਟਿਆਂ ਨੂੰ ਖਰੇ ਬਣਾ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਕਰਵਾ ਦਿੰਦੀ ਹੈ। ਮੈਂ ਇਤਿਹਾਸ ਦੀ ਇਕ ਛੋਟੀ ਜਿਹੀ ਘਟਨਾ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਆਪ ਜੀ ਨੂੰ ਗਿਆਤ ਹੋਣਾ ਹੈ ਕਿ ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਿਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸਿੱਖੀ ਦੇ ਪਰਚਾਰ ਲਈ ੨੨ ਮੰਜੀਆਂ ਥਾਪੀਆਂ ਸਨ। ਜਿਹੜੇ ਆਪ ਖ਼ੁਦ ਮੰਜੀ 'ਤੇ ਬੈਠਦੇ ਸਨ ਤੇ ਜਗਿਆਸੂ ਜਦੋਂ ਉਹਨਾਂ ਕੋਲ ਆਉਂਦੇ ਸਨ ਤਾਂ ਮੰਜੀ 'ਤੇ ਬੈਠ ਕੇ ਉਹ ਗੁਰਮਤਿ ਦਾ ਉਪਦੇਸ਼ ਦ੍ਰਿੜ੍ਹ ਕਰਾਉਂਦੇ ਸਨ। ਇਹਨਾਂ ੨੨ ਮੰਜੀਆਂ ਦੇ ਵਿਚੋਂ ਦੋ ਮੰਜੀਆਂ ਅਜਿਹੇ ਗੁਰਸਿੱਖਾਂ ਨੂੰ ਦਿੱਤੀਆਂ ਜਿਹੜੇ ਦਮਪਤੀ ਰੂਪ ਵਿਚ ਹਨ। ਪਤੀ ਤੇ ਪਤਨੀ ਦੋਨਾਂ ਨੂੰ ਮੰਜੀਆਂ ਦਿੱਤੀਆਂ ਗਈਆਂ। ਉਹਨਾਂ ਵਿਚੋਂ ਇਕ ਮੰਜੀ ਸੀ ਭਾਈ ਸਚਣ ਸੱਚ ਦੀ ਤੇ ਦੂਜੀ ਮੰਜੀ ਸੀ ਮਥੋ ਤੇ ਮੁਰਾਰੀ ਦੀ, ਇਹ ਇਤਿਹਾਸ ਹੈ। ਮਥੋ ਤੇ ਮੁਰਾਰੀ, ਮੁਰਾਰੀ ਪੁਰਸ਼ ਦਾ ਨਾਮ ਹੈ ਤੇ ਮਥੋ ਇਸਤਰੀ ਦਾ ਨਾਮ ਹੈ। ਗੋਇੰਦਵਾਲ ਵਿਚ ਹਜ਼ੂਰ ਦੇ ਚਰਨਾਂ ਵਿਚ ਲਾਹੌਰ ਦਾ ਇਕ ਵਸਨੀਕ ਆਇਆ ਸੀ। ਆਇਆ ਕੀ ਉਸਨੂੰ ਚੁੱਕ ਕੇ ਲਿਆਏ ਸਨ। ਉਸਦਾ ਨਾਮ ਸੀ ਪ੍ਰੇਮਾ। ਸ਼ਾਹੂਕਾਰਾਂ ਦਾ ਮੁੰਡਾ ਸੀ। ਧਨ ਦੌਲਤ ਦੀ ਕਮੀ ਨਹੀਂ ਸੀ। ਮਾਂ-ਬਾਪ ਚਲਾਣਾ ਕਰ ਗਏ। ਇਸਦੇ ਪੈਸੇ ਦੇ ਯਾਰ ਇਸਦੇ ਚਾਰ ਚੁਫੇਟੇ ਆ ਢੁੱਕੇ। ਦੇਖੋ ਕਾਦਰ ਨੇ ਸਾਡੀਆਂ ਅੱਖਾਂ ਸਾਹਿਮਣੇ ਅਨੇਕਾਂ ਅਜਿਹੇ ਪ੍ਰਮਾਣ ਦਿੱਤੇ ਹਨ ਕਿ ਇਨਸਾਨ ਸਮਝੇ ਕਿ ਜਿੰਨੀ ਭੀੜ ਬੰਦੇ ਦੇ ਪਿੱਛੇ ਤੁਰਦੀ ਹੈ ਸੁੱਖ ਵੇਲੇ, ਇਸਦੀ ਗਿਣਤੀ ਕਦੇ ਮੁਸੀਬਤ ਵੇਲੇ ਕਰਕੇ ਵੇਖ। ਇਕ ਦਿਨ ਉਹ ਇੰਨਾ ਬੇਹਬਲ ਹੋਇਆ ਪੁਕਾਰ ਉੱਠਿਆ ਕਿ ਸਤਿਗੁਰੂ! ਮੈਨੂੰ ਪਾਪੀ ਨੂੰ ਰੱਖ ਲਉ। ਅੱਗੇ ਕੇਵਲ ਤਨ ਦਾ ਰੋਗ ਨਜ਼ਰ ਆਉਂਦਾ ਸੀ, ਹੁਣ ਸੇਵਾ ਕਰ ਕਰਕੇ, ਬਾਣੀ ਪੜ੍ਹ ਪੜ੍ਹ ਕੇ ਕੀਤੇ ਹੋਏ ਪਾਪ ਵੀ ਸਾਹਮਣੇ ਆਉਣ ਲੱਗੇ। ਗੁਰੂ ਅਮਰਦਾਸ ਮੇਹਰ ਦੇ ਘਰ ਵਿਚ ਆਏ। ਦੇਖੋ ਹੁਣ ਨਿਗੁਰੇ ਨੂੰ ਕਿਵੇਂ ਗੁਰੂ ਬਖ਼ਸ਼ਦੇ ਹਨ। ਮੇਹਰ ਦੇ ਘਰ ਵਿਚ ਆ ਕੇ ਕਿਹਾ ਕਿ ਜਿੱਥੇ ਅਸੀਂ ਇਸ਼ਨਾਨ ਕੀਤਾ ਹੈ ਉਸ ਨੀਰ ਦੇ ਨਾਲ ਇਸਦਾ ਇਸ਼ਨਾਨ ਕਰਾਇਆ ਜਾਏ। ਕੋੜ੍ਹੀ ਦਰਬਾਰ ਦੇ ਬਾਹਰ ਬੈਠਾ ਹੈ, ਸਿੱਖ ਇਸਨੂੰ ਲੈਣ ਲਈ ਆਏ ਤੇ ਭਾਵਨਾ ਨਾਲ ਕਹਿੰਦਾ ਹੈ ਕਿ ਮੈਨੂੰ ਇਸ ਦਰ ਤੋਂ ਉਠਾਉ ਨਾ, ਮੈਨੂੰ ਗੁਰੂ ਅਮਰਦਾਸ ਜੀ ਦੇ ਚਰਨਾਂ ਵਿਚ ਟਿੱਕੇ ਰਹਿਣ ਦਿਉ ਤੇ ਗੁਰਸਿੱਖਾਂ ਨੇ ਕਿਹਾ, ਭਾਈ ਅੱਜ ਰਹਿਮਤਾਂ ਦਾ ਸਾਈਂ ਤੇਰੇ ਉੱਤੇ ਰਹਿਮਤਾਂ ਦੀ ਬਰਸਾਤ ਕਰਨ ਲੱਗਾ ਹੈ। ਗੁਰੂ ਜੀ ਨੇ ਕਿਹਾ ਹੈ ਕਿ ਜਿਸ ਨੀਰ ਵਿਚ ਅਸੀਂ ਇਸ਼ਨਾਨ ਕੀਤਾ ਹੈ, ਉਸ ਨਾਲ ਇਸ ਦਾ ਇਸ਼ਨਾਨ ਕਰਾਇਆ ਜਾਏ। ਇਸ਼ਨਾਨ ਕਰਾਇਆ ਗਿਆ ਤੇ ਗੁਰੂ ਜੀ ਦੀ ਨਦਰੇ-ਕਰਮ ਹੋਈ ਤੇ ਇਸਨੂੰ ਗੁਰੂ ਜੀ ਨੇ ਅਰੋਗਤਾ ਦੀ ਦਾਤ ਦਿੱਤੀ। ਹਜ਼ੂਰ ਦੇ ਦਰਬਾਰ ਵਿਚ ਲਿਆਂਦਾ ਗਿਆ। ਸੋਹਣੇ ਬਸਤਰ ਪਹਿਨਾਏ ਗਏ ਤੇ ਜਦੋਂ ਸੋਹਣੇ ਬਸਤਰ ਪਹਿਨ ਕੇ ਆਇਆ ਤਾਂ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਇਹ ਤਾਂ ਮੇਰਾ ਮੁਰਾਰੀ ਹੈ, ਨਾਮ ਸੀ ਪ੍ਰੇਮਾ। ਇਸਦਾ ਤਨ ਕਿੰਨਾ ਸੋਹਣਾ ਹੈ, ਇਸਦੀ ਕੰਚਨ ਵਰਗੀ ਕਾਇਆ ਬਣ ਗਈ। ਦੇਖੋ ਗੁਰੂ ਦੀਆ ਮਿਹਰਾਂ! ਨਿਗੁਰਾ ਬੰਦਾ ਜਿਸਨੂੰ ਪਰਿਵਾਰ ਦੇ ਜੀਆਂ ਨੇ ਧੱਕਾ ਮਾਰ ਦਿੱਤਾ। ਕਹਿਣ ਲੱਗੇ ਕੋਈ ਹੈ ਗੁਰੂ ਦਾ ਸਿੱਖ ਜਿਹੜਾ ਆਪਣੀ ਬੱਚੀ ਦਾ ਰਿਸ਼ਤਾ ਇਸਨੂੰ ਦੇ ਦੇਵੇ। ਭਾਈ ਸੀਆਂ ਵਿਚ ਬੈਠਾ ਸੀ। ਉੱਠ ਕੇ ਹੱਥ ਜੋੜ ਕੇ ਕਹਿੰਦਾ ਹੈ, ਸੱਚੇ ਪਾਤਿਸ਼ਾਹ! ਮੇਰੀ ਬੱਚੀ ਮਥੋ ਹੈ, ਮੈਂ ਉਸਦਾ ਰਿਸ਼ਤਾ ਕਰਦਾ ਹਾਂ। ਹਜ਼ੂਰ ਦੇ ਸਾਹਮਣੇ ਬਚਨ ਕਰ ਦਿੱਤਾ। ਘਰਵਾਲੀ ਲੰਗਰ ਦੀ ਸੇਵਾ ਪਈ ਕਰਦੀ ਸੀ। ਕਿਸੇ ਜਾ ਕੇ ਕਿਹਾ, ਬੀਬੀ! ਤੂੰ ਪ੍ਰਸ਼ਾਦਿਆਂ ਦੀ ਸੇਵਾ ਪਈ ਕਰਦੀ ਹੈਂ, ਤੈਨੂੰ ਪਤਾ ਹੈ ਜਿਹੜਾ ਕੋੜ੍ਹੀ ਕਈ ਦਿਨਾਂ ਦਾ ਸੰਗਤਾਂ ਦੇ ਬਾਹਰ ਬੈਠਾ ਸੀ, ਉਸਦੇ ਨਾਲ ਤੇਰਾ ਨਾਤਾ ਕਰ ਦਿੱਤਾ ਹੈ। ਉਹ ਹੱਥ 'ਤੇ ਉਸੇ ਤਰ੍ਹਾਂ ਆਟਾ ਲੱਗਾ ਹੋਇਆ ਹੀ ਗੁਰੂ ਦਰਬਾਰ ਵਿਚ ਆ ਗਈ। ਕਹਿਣ ਲੱਗੀ, ਸੱਚੇ ਪਾਤਿਸ਼ਾਹ! ਇਹ ਕੀ ਕੀਤਾ? ਹਜ਼ੂਰ ਹੱਸ ਕੇ ਕਹਿਣ ਲੱਗੇ, ਬੇਟਾ! ਕੀ ਹੋਇਆ? ਕਹਿੰਦੀ ਆਪਣੇ ਦਿਲ ਦਾ ਟੁੱਕੜਾ ਦੇਣ ਲੱਗਿਆਂ ਘੱਟੋ ਘੱਟ ਪੁੱਛੀਦਾ ਹੈ ਕਿ ਇਸਦਾ ਘਰ ਕਿਹੜਾ ਹੈ? ਇਸਦਾ ਖ਼ਾਨਦਾਨ ਕਿਹੜਾ ਹੈ? ਹਜ਼ੂਰ ਨੇ ਕਿਹਾ, ਬਸ ਇਹੀ ਚੀਜ਼ਾਂ ਪੁੱਛਣ ਆਈ ਹੈ। ਕਹਿਣ ਲੱਗੇ ਕਿ ਇਸਦਾ ਖ਼ਾਨਦਾਨ ਪੁੱਛਣਾ ਹੈ ਤਾਂ ਇਸਦਾ ਜਨਮ ਅੱਜ ਗੁਰੂ ਦੇ ਘਰ ਵਿਚ ਹੋ ਚੁੱਕਾ ਹੈ। ਜੇ ਇਸਦਾ ਮਾਂ-ਬਾਪ ਦੇਖਣਾ ਹੈ ਤਾਂ ਮੈਂ ਭਰੀ ਸੰਗਤ ਵਿਚ ਦੱਸਦਾ ਹਾਂ ਕਿ ਇਸਦਾ ਮਾਂ-ਬਾਪ ਮੈਂ ਹਾਂ। ਜਿਥੋਂ ਤਕ ਪੁੱਛਦੀ ਪਈ ਹੈਂ ਕਿ ਇਸਦੀ ਰੋਟੀ ਕਿਵੇਂ ਚੱਲੇਗੀ ਤਾਂ ਚੇਤੇ ਰੱਖੀ, ਇਸ ਉੱਪਰ ਇੰਨੀ ਕੁ ਬਖ਼ਸ਼ਿਸ਼ ਹੋਵੇਗੀ ਗੁਰੂ ਨਾਨਕ ਸਾਹਿਬ ਦੀ ਇਕ ਇਹ ਤਾਂ ਡਿੱਗਿਆਂ ਹੋਇਆਂ ਦੇ ਅੰਦਰ ਨੂੰ ਨਾਮ ਦੇ ਖ਼ਜ਼ਾਨੇ ਵੰਡਿਆ ਕਰੇਗਾ। ਪਿਆਰਿਉ! ਉਸ ਵੇਲੇ ਹਜ਼ੂਰ ਨੇ ੨੨ ਮੰਜੀਆਂ ਵਿਚੋਂ ਇਕ ਮੰਜੀ ਇਸਨੂੰ ਦੇ ਦਿੱਤੀ, ਜਿਸਦੇ ਤਨ ਤੋਂ ਵੀ ਲੋਕ ਨਫ਼ਰਤ ਕਰਦੇ ਸਨ। ਗੁਰੂ ਦੀ ਸੇਵਾ ਤਾਂ ਨਿਗੁਰਿਆਂ ਨੂੰ ਵੀ ਬਖ਼ਸ਼ਿਸ਼ ਦੇ ਦਿੰਦੀ ਹੈ। ਹਰਿ ਜੀਉ ਆਪੇ ਬਖਸਿ ਮਿਲਾਇ ॥
ਪਰਮਾਤਮਾ ਜੀ ਨੇ ਆਪ ਤਰੁੱਠ ਕੇ ਨਿਗੁਰਿਆਂ ਨੂੰ ਬਖ਼ਸ਼ ਦਿੱਤਾ। ਆਪੇ ਹੀ ਅਪਰਾਧੀਆਂ ਦੇ ਪਾਪ ਖੰਡਨ ਕਰ ਦਿੱਤੇ ਤੇ ਪਰਮਾਤਮਾ ਨੇ ਇਕੱਲਾ ਇਹ ਨਹੀਂ ਕਿਹਾ ਕਿ ਤੈਨੂੰ ਬਖ਼ਸ਼ ਦਿੱਤਾ, ਕਹਿਣ ਲੱਗੇ ਬਖ਼ਸ਼ਿਸ਼ ਤੋਂ ਬਾਅਦ ਆਪਣੇ ਨਾਲ ਮਿਲਾ ਲਿਆ। ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥
ਰਹਾਉ ॥
ਧੰਨ ਗੁਰੂ ਅਮਰਦਾਸ ਸੱਚੇ ਪਾਤਿਸ਼ਾਹ ਜੀ ਦੇ ਅੰਦਰ ਦੀ ਨਿਮਰਤਾ ਹੈ। ਕਹਿੰਦੇ ਹਨ, ਹੇ ਭਾਈ! ਅਸੀਂ ਗੁਣਾਂ ਤੋਂ ਹੀਣੇ ਹਾਂ। ਸਾਨੂੰ ਗੁਣਾਂ ਤੋਂ ਹੀਣਿਆਂ ਨੂੰ ਸਮਰੱਥ ਸਤਿਗੁਰ ਨੇ ਆਪ ਕ੍ਰਿਪਾ ਕਰਕੇ ਬਖ਼ਸ਼ ਲਿਆ। ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥
ਜਦੋਂ ਸੱਚੇ ਸ਼ਬਦ ਦੀ ਵੀਚਾਰ ਕੀਤੀ, ਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਆਪਣੇ ਅੰਦਰ ਘੋਖਿਆ ਤੇ ਫਿਰ ਇਸ ਗੱਲ ਦੀ ਸਮਝ ਪਈ ਕਉਣ ਕਉਣ ਅਪਰਾਧੀ ਪਤਾ ਨਹੀਂ ਕਿੰਨੇ ਕਿੰਨੇ ਬੱਜਰ ਪਾਪ ਕਰਨ ਵਾਲੇ ਪਾਪੀਆਂ ਨੂੰ ਸਮਰੱਥ ਗੁਰੂ ਨੇ ਬਖ਼ਸ਼ ਦਿੱਤਾ। ਕੁਝ ਬੰਦੇ ਲੁੱਕ ਕੇ ਪਾਪ ਕਰਦੇ ਹਨ। ਕੁਝ ਬੰਦੇ ਅਜਿਹੇ ਪਾਪ ਕਰਦੇ ਹਨ ਕਿ ਪਤਾ ਲੱਗ ਜਾਂਦਾ ਹੈ। ਪਿਆਰਿਉ! ਜਿਹੜੇ ਲੁੱਕ ਕੇ ਪਾਪ ਕਰਦੇ ਹਨ, ਰੱਬ ਉਹਨਾਂ ਨੂੰ ਵੀ ਬਖ਼ਸ਼ ਦਿੰਦੇ ਹਨ ਤੇ ਜਿਨ੍ਹਾਂ ਦਾ ਪਤਾ ਸਾਰੇ ਜਹਾਨ ਵਿਚ ਲੱਗ ਜਾਏ, ਰੱਬ ਉਹਨਾਂ ਨੂੰ ਵੀ ਬਖ਼ਸ਼ ਦਿੰਦਾ ਹੈ। ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥੨॥
ਇਸ ਭਵ ਸਾਗਰ ਤੋਂ ਸਤਿਗੁਰ ਜੀ ਨੇ ਆਪਣੇ ਬੇੜੇ ਵਿਚ ਚਾੜ੍ਹ ਲਿਆ ਹੈ ਤੇ ਉਹ ਬੇੜਾ ਹੈ ਸ਼ਬਦ ਦਾ, ਨਾਮ ਦਾ। ਤੇ ਜਿਹੜੇ ਅਪਰਾਧੀ ਸਨ, ਸਾਰੇ ਪਾਰ ਹੋ ਗਏ।੨। ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥
ਹਜ਼ੂਰ ਗੁਰੂ ਅਮਰਦਾਸ ਜੀ ਕਹਿ ਰਹੇ ਹਨ ਕਿ ਦੇਖੋ, ਜਿਹੜੇ ਸੜ ਚੁੱਕੇ ਲੋਹੇ ਹਨ, ਉਹ ਵੀ ਸੋਨਾ ਬਣ ਗਏ, ਜਦੋਂ ਸਤਿਗੁਰੂ ਪਾਰਸ ਮਿਲ ਗਿਆ। ਗੁਰੂ ਪਾਰਸ ਨੇ ਆਪਣੇ ਸ਼ਬਦ ਦੀ ਸਪਰਸਤਾ ਨਾਲ ਸੜ ਚੁੱਕੇ ਮਨ ਵੀ ਕੰਚਨ ਬਣਾ ਦਿੱਤੇ। ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥
ਜਿਨ੍ਹਾਂ ਨੇ ਆਪਾ ਭਾਵ ਛੱਡ ਦਿੱਤਾ, ਮੈਂ ਮੇਰੀ ਨੂੰ ਤਿਆਗ ਦਿੱਤਾ ਤੇ ਗੁਰੂ ਦੇ ਸ਼ਬਦ ਨੂੰ ਸਹਾਰਾ ਬਣਾਇਆ ਤੇ ਜਿਨ੍ਹਾਂ ਨੇ ਸ਼ਬਦ ਨੂੰ ਸਹਾਰਾ ਬਣਾ ਕੇ ਆਪਣੀ ਹੋਂਦ ਛੱਡ ਦਿੱਤੀ, ਉਹਨਾਂ ਦੀ ਆਤਮਾ ਪਰਮਾਤਮਾ ਵਿਚ ਲੀਨ ਹੋ ਗਈ। ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥
ਧੰਨ ਗੁਰੂ ਅਮਰਦਾਸ ਜੀ ਮੇਹਰ ਕਰਦੇ ਹਨ ਕਿ ਮੈਂ ਆਪਣੇ ਸਤਿਗੁਰੂ ਤੋਂ ਵਾਰਨੇ ਜਾਂਦਾ ਹਾਂ। ਸਦੀਆ ਲਈ ਮੈਂ ਆਪਣੇ ਗੁਰੂ ਤੋਂ ਆਪਣੇ ਆਪ ਨੂੰ ਕੁਰਬਾਨ ਕਰਦਾ ਹਾਂ। ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥੪॥
ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸਨੇ ਨਾਮ ਦਾ ਖ਼ਜ਼ਾਨਾ ਮੈਨੂੰ ਦੇ ਦਿੱਤਾ ਤੇ ਇਹੋ ਜਿਹਾ ਖ਼ਜ਼ਾਨਾ ਦਿੱਤਾ ਕਿ ਦੇਖਕੇ ਕਿਹਾ, ਭਾਈ ਦੁਨੀਆ ਦੇ ਜਿੰਨੇ ਵੀ ਖ਼ਜ਼ਾਨੇ ਹਨ, ਉਹ ਖ਼ਰਚਿਆਂ ਤੇ ਖਾਂਦਿਆਂ ਮੁੱਕਦੇ ਹਨ ਪਰ ਇਹ ਜਿਹੜਾ ਖ਼ਜ਼ਾਨਾ ਤੇਰੀ ਝੋਲੀ ਵਿਚ ਪਾਉਣ ਲੱਗਾ ਹਾਂ, ਜਿੰਨਾ ਖ਼ਰਚੇਂਗਾ ਇਹ ਵੱਧੇਗਾ। ਇਸਨੇ ਕਦੀ ਵੀ ਘੱਟਣਾ ਨਹੀਂ। ਉਸਨੇ ਗੁਰਮਤਿ ਰਾਹੀਂ ਮੇਰੇ ਅੰਦਰ ਨੂੰ ਆਪਣੇ ਵਿਚ ਸਮਾ ਲਿਆ ਹੈ।੪। ਗੁਰ ਬਿਨੁ ਸਹਜੁ ਨ ਊਪਜੈ ਭਾਈ ਪੂਛਹੁ ਗਿਆਨੀਆ ਜਾਇ ॥
ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਸਹਜਿ ਹੀ ਪਰਮ ਅਵਸਥਾ ਹੈ। ਗੁਰੂ ਤੋਂ ਬਿਨਾਂ ਸਹਿਜ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ। ਜਾ ਕੇ ਗਿਆਨੀਆਂ ਕੋਲੋਂ ਪੁੱਛੋ ਕਿ ਸਹਿਜ ਗੁਰੂ ਤੋਂ ਬਿਨਾਂ ਲਿ ਸਕਦਾ ਹੈ। ਹਜ਼ੂਰ ਨੇ ਕਿਹਾ ਉਹਨਾਂ ਗਿਆਨੀਆਂ ਕੋਲੋਂ ਪੁੱਛੋ ਜਿਹੜੇ ਸਹਿਜ ਵਿਚ ਵਰਤਦੇ ਹਨ। ਗਿਆਨੀ ਕਹਿਣਗੇ, ਗੁਰੂ ਤੋਂ ਬਿਨਾਂ ਸਹਿਜ ਨਹੀਂ। ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ ॥੫॥
ਭਾਈ ਸੱਚ ਦੀ ਤੂੰ ਸੇਵਾ ਕਰ ਤੇ ਸਦਾ ਲਈ ਕਰ। ਜੇ ਸੇਵਾ ਕਰਨੀ ਹੈ ਤਾਂ, ਇਹ ਵੀ ਦਾਤ ਸਮਝ। ਗੁਰਮੁਖੋ! ਸੇਵਾ ਨੂੰ ਕਦੀ ਅਹਿਸਾਨ ਨਾ ਸਮਝਿਉ। ਇਹ ਨਾ ਕਹਿਉ ਕਿ ਮੈਂ ਕੀਤਾ, ਬਸ ਇਕੋ ਸ਼ਬਦ ਕਹਿਣਾ, ਸਤਿਗੁਰੂ! ਤੁਸੀਂ ਤਰਸ ਕਰਕੇ ਸੇਵਾ ਦਿੱਤੀ। ਸਤਿਗੁਰ ਦੀ ਸਦਾ ਸੇਵਾ ਕਰ। ਹਉਮੈ ਨੂੰ ਛੱਡ ਦੇ। ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ ॥
ਜਦੋਂ ਬੰਦਾ ਸੇਵਾ ਕਰਨੀ ਸ਼ੁਰੂ ਕਰਦਾ ਹੈ ਤਾਂ ਇਸਦੀ ਜ਼ਿੰਦਗੀ ਵਿਚ ਜੀਵਨ ਆਪਣੇ ਆਪ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਸੇਵਾ ਇਸ ਤਰ੍ਹਾਂ ਕਰ ਕਿ ਰੱਬ ਮੇਹਰ ਕਰੇ ਤੇ ਤੇਰੇ ਅੰਦਰ ਭੈਅ ਪੈਦਾ ਹੋ ਜਾਏ। ਭੈਅ ਕੇਵਲ ਉਹ ਹੀ ਗੁਰੂ ਦਾ ਮੰਨਦੇ ਹਨ ਜਿਹੜੇ ਭਾਉ ਨਾਲ ਸੇਵਾ ਕਰਦੇ ਹਨ। ਗੁਰਮੁਖੋ! ਇਹ ਭੈਅ ਪੈਦਾ ਹੁੰਦਾ ਹੈ ਸੇਵਾ ਕਰਕੇ ਤੇ ਹੁਣ ਆਤਮਕ ਜੀਵਨ ਅੰਦਰੋਂ ਨਿਕਲਣ ਲੱਗਾ ਹੈ। ਪ੍ਰੇਮ ਪਦਾਰਥੁ ਪਾਈਐ ਭਾਈ ਸਚੁ ਨਾਮੁ ਆਧਾਰੁ ॥੬॥
ਸੱਚੇ ਨਾਮ ਨੂੰ ਜਦੋਂ ਜ਼ਿੰਦਗੀ ਦਾ ਅਧਾਰ ਬਣਾਇਆ, ਫਿਰ ਉਹ ਪਦਾਰਥ ਮਿਲਿਆ ਜਿਹੜਾ ਪ੍ਰੇਮ ਹੈ। ਜੋ ਸਤਿਗੁਰੁ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ ॥
ਧੰਨ ਗੁਰੂ ਅਰਦਾਸ ਜੀ ਕਹਿੰਦੇ ਹਨ ਕਿ ਸਤਿਗੁਰੂ ਦੀ ਸੇਵਾ ਕਰਨ ਵਾਲਿਆ! ਮੈਂ ਅਰਦਾਸ ਕਰਦਾ ਹਾਂ ਕਿ ਮੈਨੂੰ ਤੇਰੇ ਚਰਨਾਂ ਦੀ ਧੂੜ ਮਿਲ ਜਾਏ। ਮੈਂ ਤੇਰੇ ਚਰਨਾਂ ਨਾਲ ਜੁੜਾਂ, ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਹੈ। ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥੭॥
ਕਹਿੰਦੇ ਹਨ ਕਿ ਮੈਂ ਤੇਰੇ ਚਰਨਾਂ ਵਿਚ ਆਇਆ ਹਾਂ, ਕਿਉਂਕਿ ਤੂੰ ਸੇਵਾ ਕਰਦਾ ਹੈਂ, ਤੇਰੇ ਅੰਦਰ ਗੁਰੂ ਵੱਸਦਾ ਹੈ। ਕਹਿੰਦੇ ਹਨ ਕਿ ਆਪਣੀ ਕੁਲ ਵੀ ਮੈਂ ਸਵਾਰਾਂਗਾ ਤੇ ਆਪਣੇ ਜਨਮ ਨੂੰ ਵੀ ਮੈਂ ਸਵਾਰਾਂਗਾ। ਜਿਹੜੇ ਗੁਰੂ ਦੇ ਚਰਨਾਂ ਵਿਚ ਜੁੜੇ ਹਨ, ਉਹਨਾਂ ਤੋਂ ਬਲਿਹਾਰ ਜਾ ਕੇ। ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥
ਜਦੋਂ ਗੁਰੂ ਦੀ ਬਖ਼ਸ਼ਿਸ ਵਰਤੀ, ਸਮਝ ਪੈ ਗਈ ਕਿ ਬਾਣੀ ਸੱਚ ਹੈ, ਸ਼ਬਦ ਹੀ ਹੈ। ਸਦੀਵ ਕਾਲ ਲਈ ਸ਼ਬਦ ਨੇ ਹੀ ਰਹਿਣਾ ਹੈ। ਨਾਨਕ ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ ਲਾਗੈ ਕੋਇ ॥੮॥
੨॥
ਗੁਰੂ ਅਮਰਦਾਸ ਜੀ ਕਹਿਣ ਲੱਗੇ, ਹੇ ਭਾਈ! ਜਦੋਂ ਮਨੁੱਖੀ ਮਨ ਦੇ ਅੰਦਰ ਨਾਮ ਵੱਸ ਜਾਏ, ਫਿਰ ਉਸ ਨੂੰ ਕੋਈ ਵਿਘਨ ਨਹੀਂ ਲੱਗਦਾ। ਉਸਨੂੰ ਕੋਈ ਰੁਕਾਵਟ ਨਹੀਂ ਲੱਗਦੀ, ਕਿਉਂਕਿ ਨਾਮ ਉਸਦੇ ਵਿਘਨ ਨੂੰ ਦੂਰ ਕਰ ਦਿੰਦਾ ਹੈ। ਧੰਨ ਗੁਰੂ ਅਮਰਦਾਸ ਜੀ! ਕ੍ਰਿਪਾ ਕਰੋ, ਜੋ ਆਪ ਜੀ ਦੇ ਪਵਿੱਤਰ ਬਚਨ ਵਿਚਾਰੇ ਹਨ, ਇਹਨਾਂ ਨੂੰ ਜ਼ਿੰਦਗੀ ਵਿਚ ਢਾਲਣ ਦੀ ਸੋਝੀ ਬਖ਼ਸ਼ ਦੇਣਾ। ਹੋਈਆਂ ਬੇਅੰਤ ਭੁੱਲਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥