ਮਨਮੁਖਿ ਜਨਮੁ ਗਵਾਇਆ (ਪਾਰਟ ੨)

Bhai Pinderpal Singh ji · ਕਥਾ ਅਤੇ ਲੈਕਚਰ · ੨ / ੧੨

ਮਨਮੁਖਿ ਜਨਮੁ ਗਵਾਇਆ (ਪਾਰਟ -੨) ਗੁਰੂ ਸਾਹਿਬ ਨੇ ਬਾਣੀ ਵਿਚ ਮਨਮੁਖ ਦੀ ਪਰਿਭਾਸ਼ਾ ਜਿਥੇ ਕਈ ਕਈ ਲੰਬੇਰੇ ਸ਼ਬਦਾਂ ਵਿਚ ਦਿੱਤੀ ਹੈ, ਉਥੇ ਇਕ ਇਕ ਤੁੱਕ ਵਿਚ ਵੀ ਦੱਸ ਦਿੱਤਾ ਹੈ ਕਿ ਮਨਮੁਖ ਬਿਰਤੀ ਕੀ ਹੈ? ਗੁਰੂ ਅੰਗਦ ਸਾਹਿਬ ਦਾ ਬਚਨ ਆਉਂਦਾ ਹੈ ਕਿ ਦੇਂਦੇ ਥਾਵਹੁ ਦਿਤਾ ਚੰਗਾ ਜਿਸ ਥਾਂ ਤੋਂ ਦਾਤ ਮਿਲੀ, ਜਿਸ ਜਗ੍ਹਾ ਤੋਂ ਦਾਤਾਂ ਝੋਲੀ ਵਿਚ ਭਰੀਆਂ, ਉਸ ਥਾਂ ਨੂੰ ਚੰਗਾ ਨਾ ਸਮਝਿਆ। ਜਿਹੜੀ ਦਾਤ ਮਿਲੀ, ਉਸਨੂੰ ਚੰਗਾ ਜਾਣ ਲਿਆ। ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ॥
{ਅਂਗ ੧੩੮} ਇਹ ਹੈ ਮਨਮੁਖ ਦੇ ਲੱਛਣ ਕਿ ਦਾਤ ਨੂੰ ਸਭ ਕੁਝ ਸਮਝ ਲੈਣਾ ਤੇ ਦੇਣ ਵਾਲੇ ਦਾਤੇ ਦਾ ਰੰਚਿਕ ਮਾਤਰ ਵੀ ਕਦੀ ਸ਼ੁਕਰ ਨਾ ਕਰਨਾ। ਹਜ਼ੂਰ ਨੇ ਬਾਣੀ ਵਿਚ ਕ੍ਰਿਪਾ ਕੀਤੀ ਹੈ ਕਿ ਦੂਜਾ ਮਨਮੁਖ ਦਾ ਲੱਛਣ ਇਹ ਹੈ ਕਿ ਜੋ ਪ੍ਰਾਪਤ ਹੈ, ਉਸਦਾ ਕਦੀ ਸ਼ੁਕਰ ਨਹੀਂ, ਜੋ ਨਹੀਂ ਮਿਲਿਆ ਉਸਦੇ ਲਈ ਉਲਾਹਮੇ। ਅਸੀਂ ਸੁਖਮਨੀ ਸਾਹਿਬ ਦੀ ਬਾਣੀ ਵਿਚ ਹਜ਼ੂਰ ਦੇ ਬਚਨ ਪੜ੍ਹਦੇ ਹਾਂ:- ਦਸ ਬਸਤੂ ਲੇ ਪਾਛੈ ਪਾਵੈ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ॥
ਏਕ ਭੀ ਨਾ ਦੇਇ ਦਸ ਭੀ ਹਿਰਿ ਲੇਇ॥
ਤਉ ਮੂੜਾ ਕਹੁ ਕਹਾ ਕਰੇਇ॥
{ਅੰਗ ੨੬੮} ਇਹ ਹੈ ਮਨਮੁਖ ਬਿਰਤੀ। ਸਾਹਿਬ ਨੇ ਬਚਨ ਕੀਤਾ- ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ॥
ਝਗੜਾ ਕਰਦਿਆ ਅਨਦਿਨੁ ਗੁਦਰੇ ਸਬਦਿ ਨ ਕਰਹਿ ਵੀਚਾਰੁ॥
ਸੁਧਿ ਮਤਿ ਕਰਤੈ ਸਭਿ ਹਿਰਿ ਲਈ ਬੋਲਨਿ ਸਭੁ ਵੇਕਾਰੁ॥
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਹਾਰੁ॥
ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਹ ਮਾਇਆ ਮੋਹ ਪਿਆਰੁ॥
{ਅੰਗ ੩੧੬} ਕਈ ਵਾਰੀ ਅਸੀਂ ਦੁੱਖ ਸੁੱਖ ਵੇਲੇ ਗੁਰੂ ਸੰਗਤ ਤੇ ਕੀਰਤਨ ਦਾ ਆਸਰਾ ਲੈਂਦੇ ਹਾਂ। ਜਿਹੜੇ ਬੰਦੇ ਕਦੀ ਗੁਰੂ ਕੋਲ ਨਹੀਂ ਆਏ, ਸੰਗਤ ਵਿਚ ਨਹੀਂ ਆਏ, ਨਾਮ ਕਦੀ ਨਹੀਂ ਜੱਪਿਆ, ਜੇ ਮਾਨੋ ਕਿਸੇ 'ਤੇ, ਕਿਸੇ ਨੇ ਭੋਗ 'ਤੇ, ਕਿਸੇ ਨੇ ਜਨਮ-ਦਿਨ 'ਤੇ ਸੱਦਾ ਪੱਤਰ ਦਿੱਤਾ ਹੈ ਤਾਂ ਸਮਾਜਿਕ ਤੌਰ 'ਤੇ ਆਉਣਾ ਪੈਣਾ ਹੈ। ਉਹਨਾਂ ਬੰਦਿਆਂ ਨੂੰ ਕਦੀ ਸੰਗਤ ਵਿਚ ਬੈਠਿਆਂ ਦੇਖਿਉ। ਇਹ ਸੱਚ ਹੈ। ਉਹ ਜਾਂ ਤਾਂ ਚਾਰ-ਚੁਫੇਰੇ ਝਾਕੀ ਜਾਣਗੇ ਜਾਂ ਉਹ ਟਿੱਕ ਕੇ ਨਹੀਂ ਬੈਠਣਗੇ। ਕਦੀ ਆਪਣੇ ਅੰਗ ਖੁਰਕੀ ਜਾਣਗੇ। ਕਦੀ ਆਪਣੇ ਹੱਥਾਂ ਨਾਲ ਕਿਸੇ ਚੀਜ਼ ਨੂੰ ਛੇੜੀ ਜਾਣਗੇ। ਇਥੋਂ ਤੱਕ ਕਿ ਸਾਹਮਣੇ ਕੋਈ ਪ੍ਰੇਮ ਨਾਲ ਭਿੱਜ ਕੇ ਕੀਰਤਨ ਕਰਦਾ ਹੋਵੇਗਾ ਤਾਂ ਉਹ ਕੀਰਤਨ ਵਾਲੇ ਵੱਲ ਦੇਖਕੇ ਉਬਾਸੀਆਂ ਲਈ ਜਾਣਗੇ। ਕਿਉਂ ਨਹੀਂ ਅੰਦਰ ਟਿੱਕਦਾ? ਉਹਨਾਂ ਦੀ ਮਜਬੂਰੀ ਹੈ, ਕਿਉੇਂਕਿ ਕਿਸੇ ਨੇ ਸੱਦਿਆ ਹੈ, ਰਿਸ਼ਤੇਦਾਰੀ ਹੈ। ਜੇ ਘੰਟਾ ਕੀਰਤਨ ਹੋਇਆ, ਕਥਾ ਹੋਈ, ਉਹਨਾਂ ਨੂੰ ਬੈਠਣਾ ਪੈਣਾ ਹੈ, ਪਰ ਵਿਚਾਰਿਆਂ ਲਈ ਮੌਤ ਦਿੱਸਦੀ ਪਈ ਹੈ, ਬੈਠਾ ਨਹੀਂ ਜਾਂਦਾ। ਕਿਉਂ? ਗੁਰੂ ਜੀ ਨੇ ਕਿਹਾ ਹੈ ਕਿ ਪਰਮਾਤਮਾ ਦੀ ਹਜ਼ੂਰੀ ਤੋਂ ਦੂਰੀ ਪੈ ਗਈ ਹੈ। ਆਪਣਾ ਆਪ ਨਹੀਂ ਪਛਾਣਿਆ। ਦੇਖੋ ਡੇਢ ਘੰਟਾ ਕੀਰਤਨ ਹੋਵੇ, ਰੱਤੀਆਂ ਹੋਈਆਂ ਰੂਹਾਂ ਪ੍ਰੇਮ ਨਾਲ ਭਿੱਜ ਕੇ ਗੁਰੂ ਗੁਰੂ ਸੁਣ ਕੇ ਜੱਪ ਕੇ ਅੱਗੇ ਚੱਲੀਆਂ ਜਾਣਗੀਆਂ ਪਰ ਜੇਕਰ ਅਜਿਹੇ ਬੰਦਿਆਂ ਨੂੰ ਡੇਢ ਘੰਟੇ ਦੇ ਕੀਰਤਨ ਤੋਂ ਬਾਅਦ ਬਾਹਰ ਮਿਲੋ ਤਾਂ ਇੰਝ ਲੱਗੇਗਾ। ਜਿਵੇਂ ਬਿਲਕੁਲ ਖੁਸ਼ਕ ਹਨ। ਇਨ੍ਹਾਂ ਉੱਪਰ ਕੋਈ ਅਸਰ ਹੀ ਨਹੀਂ ਹੋਇਆ। ਮਹਾਂਪੁਰਖ ਇਕ ਦਿਨ ਬਚਨ ਕਰ ਰਹੇ ਸਨ ਕਿ ਜੋ ਕੁਝ ਗੁਰੂ ਕੋਲੋਂ ਲੈ ਕੇ ਜਾਣਾ ਹੈ, ਉਹੋ ਕੁਝ ਹੀ ਘਰ ਦੇ ਮਕਾਨ ਵਿਚ ਰਹਿਣਾ ਹੈ। ਅਸੀਂ ਸੰਗਤ ਵਿਚ ਆਉਂਦੇ ਹਾਂ, ਕੀਰਤਨ ਕਥਾ ਸੁਣਦੇ ਹਾਂ। ਜੋ ਸੁਣਿਆ ਹੈ, ਯਤਨ ਕਰੀਏ ਜਦੋਂ ਕੀਰਤਨ ਸੁਣਦੇ ਹਾਂ ਅੰਦਰੇ ਅੰਦਰ ਸ਼ਬਦ ਰਾਹੀਂ ਅਰਦਾਸਾਂ ਵੀ ਕਰੀਏ ਤੇ ਨਾਮ ਜੱਪਦੇ ਰਹੀਏ। ਅਸੀਂ ਕਹਾਂਗੇ ਕਿ ਕੀਰਤਨ ਸੁਣਦਿਆਂ ਨਾਮ ਜੱਪਣ ਦੀ ਕੀ ਲੋੜ ਹੈ? ਕੀਰਤਨ ਵਿਚ ਤਾਂ ਖ਼ੁਦ ਬਾਣੀ ਨਾਮ ਹੈ। ਇਸਦੇ ਵਿਚ ਕੋਈ ਸ਼ੱਕ ਨਹੀਂ। ਅੰਦਰ ਟਿੱਕ ਜਾਏ ਤਾਂ ਕੀਰਤਨ ਹੀ ਸਭ ਕੁਝ ਹੈ, ਪਰ ਜੇ ਤੇਰਾ ਅੰਦਰ ਨਹੀਂ ਟਿੱਕਿਆ, ਕੰਨਾ ਨਾਲ ਕੀਰਤਨ ਸੁਣਦਾ ਹੈਂ ਤਾਂ ਆਪਣੇ ਅੰਦਰ ਤੂੰ ਸ਼ਬਦ ਨੂੰ ਕਮਾਈ ਜਾ, ਨਾਮ ਜੱਪੀ ਜਾ। ਅਸੀਂ ਕਹਾਂਗੇ ਕਿ ਕੀਰਤਨ ਵਿਚ ਨਾਮ ਕਿਵੇਂ? ਜਦੋਂ ਕੀਰਤਨ ਸੁਣਦੇ ਹਾਂ ਤਾਂ ਤੇਰਾ ਅੰਦਰ ਦੁਕਾਨ ਵਿਚ ਬੈਠ ਸਕਦਾ ਹੈ, ਜੇ ਕੀਰਤਨ ਸੁਣਦੇ ਹਾਂ ਤਾਂ ਨਿਮਾਣਿਆਂ ਦੇ ਸਕੂਲ ਵਿਚ ਜਾ ਸਕਦਾ ਹੈ, ਜੇ ਕੀਰਤਨ ਸੁਣਦਿਆਂ ਆਪਣੇ ਮਿੱਤਰਾਂ ਵੈਰੀਆਂ ਨੂੰ ਚੇਤੇ ਕਰ ਸਕਦਾ ਹੈਂ ਤਾਂ ਕਿੰਨਾ ਚੰਗਾ ਹੈ ਕਿ ਮਨ ਨੂੰ ਭਜਾਉਣ ਦੀ ਥਾਂ ਕੀਰਤਨ ਸੁਣਦਿਆਂ ਵਾਹਿਗੁਰੂ ਸ਼ਬਦ ਵਿਚ ਜੋੜ ਦੇ। ਜਿਉਂ ਜਿਉਂ ਅੰਦਰ ਜੋੜਾਂਗੇ, ਤਿਉਂ ਤਿਉਂ ਸੱਚ ਮੁੱਚ ਉਹ ਰੱਸ ਬਣੇਗਾ। ਉਸ ਕੀਰਤਨ ਵਿਚੋਂ ਵੀ ਰੱਸ ਆਉਣ ਲੱਗ ਪਵੇਗਾ। ਮਨਮੁਖ ਬਿਰਤੀ ਵਾਲੇ ਬੰਦੇ ਟਿੱਕ ਕੇ ਕੀਰਤਨ ਨਹੀਂ ਸੁਣ ਸਕਣਗੇ। ਬਾਹਰ ਨਿਕਲਣਗੇ ਬਿਲਕੁਲ ਖ਼ੁਸ਼ਕ। ਗਿਆਨੀ ਗਿਆਨ ਸਿੰਘ ਨੇ ਤਵਾਰੀਖ ਗੁਰੂ ਖ਼ਾਲਸਾ ਵਿਚ ਗੁਰੂ ਕਲਗੀਧਰ ਸੱਚੇ ਪਾਤਿਸ਼ਾਹ ਜੀ ਦੇ ਵੇਲੇ ਦੀ ਇਕ ਬੜੀ ਭਾਵਪੂਰਕ ਸਾਖੀ ਲਿਖੀ ਹੈ। ਉਹ ਲਿਖਦੇ ਹਨ ਕਿ ਹਜ਼ੂਰ ਦੇ ਚਰਨਾਂ ਵਿਚ ਇਕ ਵਾਰੀ ਗੁਰਸਿੱਖਾਂ ਨੇ ਬੇਨਤੀ ਕੀਤੀ-ਸੱਚੇ ਪਾਤਿਸ਼ਾਹ! ਸੰਗਤ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਰੀਰ ਆਉਂਦੇ ਹਨ, ਬੈਠਦੇ ਵੀ ਇਕ ਜਗ੍ਹਾ 'ਤੇ ਹਨ, ਪਰ ਵਾਪਿਸ ਜਾਂਦਿਆਂ ਸਾਰਿਆਂ ਦੇ ਅੰਦਰ ਇਕੋ ਜਿਹੇ ਕਿਉਂ ਨਹੀਂ? ਮੈਂ ਅਰਜ਼ ਕਰਾਂ, ਜੋ ਕੁਝ ਲੈ ਕੇ ਗੁਰੂ ਕੋਲੋਂ ਜਾਵਾਂਗੇ, ਉਹੀ ਘਰ ਜਾਣਾ ਹੈ। ਜੇ ਕੀਰਤਨ ਸੁਣਦਿਆਂ, ਬਾਣੀ ਸੁਣਦਿਆਂ, ਨਾਮ ਜੱਪਦਿਆਂ ਇਥੋਂ ਤੁਰਾਂਗੇ ਤਾਂ ਘਰ ਤੱਕ ਕਿਸੇ ਨਾਲ ਬੋਲਣ ਦੀ ਥਾਂ ਗੁਰੂ ਗੁਰੂ ਜੱਪਦੇ ਜਾਵਾਂਗੇ। ਚੇਤੇ ਰੱਖਿਉ, ਘਰ ਦੇ ਵਿਹੜੇ ਵਿਚ ਵੀ ਗੁਰੂ ਚਲਾ ਜਾਏਗਾ। ਜੇ ਸੰਗਤ ਤੋਂ ਬਾਹਰ ਨਿਕਲ ਕੇ ਕੇਵਲ ਦੁਨੀਆ ਦੀਆ ਗੱਲਾਂ ਕਰਨ ਲੱਗ ਪਵਾਂਗੇ ਤਾਂ ਘਰ ਕੇਵਲ ਗੱਲਾਂ ਹੀ ਜਾਣਗੀਆਂ। ਆਪਾਂ ਗੁਰੂ ਘਰੋਂ ਕੁਝ ਲੈਣ ਆਏ ਹਾਂ, ਜੇ ਲੈਣ ਆਏ ਤਾਂ ਫਿਰ ਗੁਰੂ ਕੋਲੋਂ ਨਾਮ ਲੈ ਕੇ ਤੁਰੀਏ। ਨਾਮ ਲੈ ਕੇ ਤੁਰੋਗੇ, ਜੱਪਦੇ ਜਾਉਗੇ, ਫਿਰ ਗੁਰੂ ਰਾਮਦਾਸ ਘਰ ਤੱਕ ਜਾਣਗੇ। ਜੇ ਇਸ ਦਰਬਾਰ ਵਿਚ ਸੰਗਤ ਵਿਚ ਆ ਕੇ ਕੇਵਲ ਬਾਹਰ ਦੀਆਂ ਗੱਲਾਂ ਲੈ ਗਏ ਤਾਂ ਘਰ ਨਾਮ ਦਾ ਰੱਸ ਨਹੀਂ ਜਾਏਗਾ। ਸੱਚੇ ਪਾਤਿਸ਼ਾਹ ਜੀ ਨੇ ਉਹਨਾਂ ਨੂੰ ਇਹ ਗੱਲ ਸਮਝਾਉਣ ਲਈ ਬਹੁਤ ਸੋਹਣੀ ਇਕ ਉਦਾਹਰਨ ਦਿੱਤੀ ਸੀ। ਸਾਹਿਬ ਨੇ ਪਾਣੀ ਤਿੰਨ ਬਰਤਨਾਂ ਵਿਚ ਪੁਆਇਆ। ਕਹਿਣ ਲੱਗੇ ਆਉ ਮੈਂ ਤੁਹਾਡੇ ਪ੍ਰਸ਼ਨਾਂ ਦਾ ਉੱਤਰ ਦਿੰਦਾ ਹਾਂ। ਗੁਰੂ ਸਾਹਿਬ ਅਸਲੀ ਕ੍ਰਿਪਾ ਕਰਦੇ ਸਨ। ਜਦੋਂ ਕਿਸੇ ਸਿੱਖ ਦੇ ਮਨ ਵਿਚ ਕੋਈ ਸਵਾਲ ਉਪਜਦਾ ਸੀ ਤਾਂ ਕਈ ਵਾਰੀ ਉਸੇ ਸਮੇਂ ਉੱਤਰ ਦੇਣ ਦੀ ਥਾਂ, ਸਤਿਗੁਰੂ ਕੁਝ ਦ੍ਰਿਸ਼ਟਮਾਨ ਉਦਾਹਰਨ ਦਿੰਦੇ ਸਨ। ਸੱਚੇ ਪਾਤਿਸ਼ਾਹ ਨੇ ਤਿੰਨ ਬਰਤਨ ਪਾਣੀ ਦੇ ਮੰਗਵਾਏ। ਇਕ ਦੇ ਵਿਚ ਹਜ਼ੂਰ ਨੇ ਪਤਾਸੇ ਰੱਖ ਦਿੱਤੇ, ਦੂਜੇ ਵਿਚ ਦਾਤਾਰ ਜੀ ਨੇ ਮਿੱਟੀ ਦਾ ਢੇਲਾ ਰੱਖ ਦਿੱਤਾ ਤੇ ਤੀਜੇ ਬਰਤਨ ਵਿਚ ਇਕ ਪੱਥਰ ਰੱਖ ਦਿੱਤਾ। ਕੁਝ ਪਹਿਰ ਬਤੀਤ ਹੋਏ, ਸਤਿਗੁਰੂ ਨੇ ਕਿਹਾ, ਆਉ ਗੁਰੂ ਦੇ ਸਿੱਖੋ! ਤੁਹਾਡੇ ਸਵਾਲ ਦਾ ਉੱਤਰ ਦੇਣ ਲੱਗਾ ਹਾਂ। ਆਉਂਦੇ ਸਾਰੇ ਹਨ, ਬਾਣੀ ਸਾਰੇ ਸੁਣਦੇ ਹਨ ਪਰ ਤਬਦੀਲੀ ਸਾਰਿਆਂ ਵਿਚ ਕਿਉਂ ਨਹੀਂ? ਸਤਿਗੁਰੂ ਜੀ ਨੇ ਕ੍ਰਿਪਾ ਕੀਤੀ। ਪਹਿਲਾਂ ਉਹਨਾਂ ਦਿਖਾਇਆ ਪੱਥਰ ਵਾਲਾ ਭਾਂਡਾ। ਉਹ ਪਾਣੀ ਵਿਚ ਬਿਲਕੁਲ ਭਿੱਜ ਗਿਆ। ਇਸ ਨੂੰ ਹੱਥ ਲਾਵਾਂਗੇ ਤਾਂ ਪਤਾ ਨਹੀਂ ਇਹ ਪਿਘਲ ਨਾ ਜਾਏ। ਸਾਹਿਬ ਨੇ ਕਿਹਾ ਪਾਣੀ ਵਿਚ ਪੱਥਰ ਪਿਆ ਕਿਹੋ ਜਿਹਾ ਪ੍ਰਤੀਤ ਹੁੰਦਾ ਹੈ? ਹਜ਼ੂਰ ਭਿੱਜਾ ਹੈ। ਸੱਚੇ ਪਾਤਿਸ਼ਾਹ ਨੇ ਕਿਹਾ ਬਾਹਰ ਕੱਢੋ। ਜਦੋਂ ਹੱਥ ਪਾ ਕੇ ਪਾਣੀ ਵਿਚੋਂ ਪੱਥਰ ਕੱਢਿਆ ਤਾਂ ਕਹਿਣ ਲੱਗੇ, ਇਸਨੂੰ ਦੱਬੋ। ਦੱਬਿਆ ਤਾਂ ਪਿਘਲਣਾ ਕਿੱਥੇ ਸੀ, ਪਾਣੀ ਵਿਚ ਕਈ ਪਹਿਰ ਰਹਿਣ ਦੇ ਬਾਵਜੂਦ ਪੱਥਰ ਫਿਰ ਕਠੋਰ ਦਾ ਕਠੋਰ ਹੈ। ਸੱਚੇ ਪਾਤਿਸ਼ਾਹ ਨੇ ਕਿਹਾ, ਦੂਜੇ ਬਰਤਨ ਵਿਚ ਹੱਥ ਮਾਰੋ। ਕਹਿਣ ਲੱਗੇ ਮਹਾਰਾਜ ਮਿੱਟੀ ਦਾ ਢੇਲਾ ਤਾਂ ਰਿਹਾ ਨਹੀਂ, ਉਸਦਾ ਵਜੂਦ ਖ਼ਤਮ ਹੋ ਗਿਆ। ਕਹਿਣ ਲੱਗੇ ਹੱਥ ਤਾਂ ਮਾਰੋ। ਉਹ ਢੇਲਾ ਤਾਂ ਨਹੀਂ ਸੀ ਪਰ ਮਿੱਟੀ ਖੁਰ ਕੇ ਭਾਂਡੇ ਦੀ ਤਹਿ ਵਿਚ ਜੰਮ ਚੁਕੀ ਸੀ। ਜਦੋਂ ਹੱਥਾਂ ਨਾਲ ਬਾਹਰ ਕੱਢੀ ਤਾਂ ਕਹਿਣ ਲੱਗੇ, ਪਿਘਲੀ ਤਾਂ ਜ਼ਰੂਰ ਹੈ ਪਰ ਆਪਣੀ ਹੋਂਦ ਨਹੀਂ ਛੱਡੀ। ਤੀਸਰਾ ਸੀ ਪਤਾਸੇ ਵਾਲਾ ਬਰਤਨ। ਕਹਿਣ ਲੱਗੇ ਹੱਥ ਮਾਰੋ ਥੱਲਿਉਂ ਪਤਾਸਾ ਨਿਕਲ ਆਵੇ। ਹੱਥ ਮਾਰੇ ਸਿੱਖਾਂ ਨੇ ਪਰ ਪਤਾਸਾ ਹੋਵੇ ਤਾਂ ਨਿਕਲੇ। ਉਸ ਵਿਚ ਕੇਵਲ ਪਾਣੀ ਹੀ ਪਾਣੀ ਹੈ, ਪਤਾਸਾ ਤਾਂ ਨਜ਼ਰ ਨਹੀਂ ਆਉਂਦਾ ਪਿਆ। ਸੱਚੇ ਪਾਤਿਸ਼ਾਹ ਨੇ ਕਿਹਾ ਕਿ ਤਿੰਨ ਤਰ੍ਹਾਂ ਦੇ ਲੋਕ ਸੰਗਤ ਵਿਚ ਆਉਂਦੇ ਹਨ। ਪਹਿਲੇ ਉਹ ਹਨ ਜਿਹੜੇ ਬਾਹਰੋਂ ਆ ਕੇ ਬੈਠ ਗਏ। ਦੋ ਤਿੰਨ ਘੰਟੇ ਰਹੇ ਤੇ ਚਿਹਰੇ ਤੋਂ ਇੰਝ ਲੱਗਣ ਲੱਗਾ ਕਿ ਅੰਦਰ ਕਿਤੇ ਸੱਟ ਵੱਜ ਗਈ ਹੈ। ਪਰ ਜਦੋਂ ਬਾਹਰ ਨਿਕਲੇ, ਉਹੀ ਅੰਦਰ ਦੀ ਕਠੋਰਤਾ, ਉਹੀ ਅੰਦਰ ਦਾ ਰੁੱਖਾਪਨ। ਪੱਥਰ ਆਇਆ ਤੇ ਪੱਥਰ ਹੀ ਰਿਹਾ। ਦੂਜੇ ਹਨ ਮਿੱਟੀ ਦੀ ਤਰ੍ਹਾਂ, ਆਂਏ ਢੇਲੇ ਸਨ। ਗੁਰੂ ਕੋਲ ਆਏ, ਅੱਖਾਂ ਭਿੱਜ ਗਈਆਂ। ਜਿੰਨੀ ਦੇਰ ਤੱਕ ਪਰਮਾਤਮਾ ਕੋਲ ਬੈਠੇ ਰਹੇ, ਆਪਣੀਆਂ ਵਾਸ਼ਨਾਵਾਂ ਦਾ ਵਜੂਦ ਖ਼ਤਮ ਕਰਨ ਦਾ ਯਤਨ ਕੀਤਾ ਪਰ ਹੈਰਾਨੀ ਦੀ ਗੱਲ ਢੇਲਾ ਤਾਂ ਖੁਰ ਗਿਆ ਪਰ ਮਿੱਟੀ ਨਹੀਂ ਖੁਰੀ। ਆਏ ਜ਼ਰੂਰ ਪਰ ਅੰਦਰ ਦੀ ਮੈਲ ਨਾ ਗਈ। ਤੀਜੇ ਰੰਗ ਰਤੜੇ, ਪਰਮਾਤਮਾ ਵਿਚ ਭਿੱਜੇ ਆਏ ਤੇ ਪਤਾਸੇ ਦੀ ਤਰ੍ਹਾਂ ਆਏ। ਸਰੀਰ ਕੇਵਲ ਪੰਜਾਂ ਤੱਤਾਂ ਦਾ ਭੁਲੇਖਾ ਪਾਉਂਦਾ ਸੀ, ਪਰ ਅੰਦਰ ਦੀ ਹੋਂਦ ਖਤਮ ਕਰਕੇ ਪਰਮਾਤਮਾ ਦੀ ਹਜ਼ੂਰੀ ਵਿਚ ਸਦੀਵ ਕਾਲ ਲਈ ਟਿੱਕ ਗਏ। ਅੱਜ ਬਖ਼ਸ਼ਿਸ਼ ਕੀਤੀ ਕਿ ਮਨਮੁਖ ਬੰਦਾ ਆਪਣੇ ਆਪ ਨੂੰ ਕਦੀ ਨਹੀਂ ਪਛਾਣਦਾ, ਪਰਮਾਤਮਾ ਨੂੰ ਬਹੁਤ ਦੂਰ ਜਾਣਦਾ ਹੈ। ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥
ਮਨਮੁਖ ਬੰਦੇ ਨੇ ਕੀਮਤੀ ਜਨਮ ਨੂੰ ਗਵਾ ਦਿੱਤਾ ਝੂਠ ਵਿਚ ਖਚਤ ਹੋ ਕੇ, ਲਾਲਚ ਵਿਚ ਪ੍ਰਵਿਰਤ ਹੋ ਕੇ ਤੇ ਸਾਰੀ ਜ਼ਿੰਦਗੀ ਕੂੜ ਬੋਲ ਬੋਲ ਕੇ। ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥

ਜਿਨ੍ਹਾਂ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖ਼ਸ਼ਿਸ਼ ਕਰ ਦਿੱਤੀ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤ ਨਾਲ ਤਰੁੱਠ ਕੇ ਉਹਨਾਂ ਵਿਛੜਿਆਂ ਹੋਇਆ ਨੂੰ ਆਪਣੇ ਨਾਲ ਮਿਲਾ ਦਿੱਤਾ। ਮ: ੩ ॥
ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥
ਉਸ ਹਰੀ ਪ੍ਰਭ ਦਾ ਜਿਹੜਾ ਮੰਗਲਮਈ ਗੀਤ ਹੈ, ਉਹ ਹੀ ਸੱਚਾ ਸੋਹਿਲਾ ਹੈ, ਉਹ ਹੀ ਸਥਿਰ ਰਹਿਣ ਵਾਲਾ ਹੈ। ਜਿਹੜੇ ਗੁਰਮੁਖ ਦੇ ਸਨਮੁਖ ਹੋ ਗਏ, ਉਹਨਾਂ ਨੂੰ ਪਰੀਪੂਰਨ ਪਰਮਾਤਮਾ ਜੀ ਦਾ ਨਾਮ ਮਿਲਿਆ ਹੈ। ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥
ਉਹਨਾਂ ਗੁਰਮੁਖਾਂ ਨੇ ਫਿਰ ਦਿਨ ਰਾਤ ਜੱਪਣਾ ਸ਼ੁਰੂ ਕਰ ਦਿੱਤਾ ਤੇ ਨਾਮ ਦੀ ਅਜਿਹੀ ਭੁੱਖ ਹੈ ਜਿਹੜੀ ਅੰਤਲੇ ਦੱਮ ਤੱਕ ਵੀ ਪੂਰੀ ਨਹੀਂ ਹੁੰਦੀ। ਸਾਹਿਬ ਕਹਿਣ ਲੱਗੇ ਕਿ ਗੁਰਮੁਖ ਆਪਣੇ ਪਰੀਪੂਰਨ ਪਰਮਾਤਮਾ ਨੂੰ ਰੰਗ ਵਿਚ ਰੱਤੇ ਹੋਏ ਜੱਪਦੇ ਹਨ। ਵਡਭਾਗੀ ਹਰਿ ਪਾਇਆ ਪੂਰਨੁ ਪਰਮਾਨੰਦੁ ॥
ਵੱਡਿਆ ਭਾਗਾਂ ਵਾਲੇ ਨੂੰ ਉਸ ਪਰੀਪੂਰਨ ਪਰਮਾਤਮਾ, ਜਿਸਦੇ ਕੋਲ ਪਰਮਾਨੰਦ ਹੈ, ਦੀ ਪ੍ਰਾਪਤੀ ਹੋਈ ਹੈ। ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੨॥

ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਦਾਸਾਂ ਨੇ ਉਸ ਪਰੀਪੂਰਨ ਪਰਮਾਤਮਾ ਨੂੰ ਜੱਪਿਆ, ਬਖ਼ਸ਼ਿਸ਼ ਹੋ ਗਈ। ਨਾ ਉਹਨਾਂ ਦਾ ਕਦੀ ਮਨ ਟੁੱਟਿਆ ਤੇ ਨਾ ਕਦੀ ਉਹਨਾਂ ਦਾ ਤਨ ਟੁੱਟਿਆ। ਮਨ ਕਰਕੇ ਤੇ ੳਨ ਕਰਕੇ ਜੁੜ ਗਏ। ਪਉੜੀ ॥
ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥
ਕੋਈ ਬੰਦਾ ਜਿਹੜਾ ਈਰਖਾ ਵੱਸ ਗੁਰੂ ਦੀ ਨਿੰਦਿਆ ਕਰਨ ਲੱਗ ਪਵੇ, ਕਹਿੰਦੇ ਹਨ, ਜੇ ਕਿਤੇ ਉਸ ਦੇ ਮਨ ਵਿਚ ਤਰਸ ਆ ਜਾਏ ਤੇ ਕਿਤੇ ਗੁਰੂ ਗੁਰੂ ਕਹਿਣ ਲੱਗ ਪਏ ਤਾਂ ਕਿਤੇ ਅੰਦਰ ਦਾ ਭਾਗ ਜਾਗ ਜਾਏ। ਨਿੰਦਿਆ ਗੁਰੂ ਦੀ ਕਰਦਾ ਸੀ, ਪਰਤ ਤੇ ਗੁਰੂ ਦੇ ਚਰਨਾਂ ਵਿਚ ਡਿੱਗ ਪਿਆ। ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥
ਜਦੋਂ ਨਿੰਦਕ ਨੇ ਆ ਕੇ ਚਰਨ ਫੜੇ, ਸੱਚੇ ਪਾਤਿਸ਼ਾਹ! ਮੈਂ ਭੁੱਲ ਗਿਆ ਸੀ। ਬਸ ਭੁੱਲਾ ਹੀ ਨਹੀਂ ਕਿਹਾ ਜਾਂਦਾ। ਜਿਸ ਦਿਨ ਸੱਚੀ ਮੁੱਚੀ ਭੁੱਲਾ ਕਹਿ ਦੇਵਾਂਗੇ ਤਾਂ ਚੇਤੇ ਰੱਖੋ, ਉਸ ਦਿਨ ਸਾਰੇ ਜਨਮਾਂ ਦੇ ਕੀਤੇ ਹੋਏ ਪਾਪ ਸੜ ਜਾਣਗੇ। ਪਿਛਲੇ ਸਾਰੇ ਕੀਤੇ ਪਾਪ ਖ਼ਤਮ ਕਰ ਦਿੱਤੇ ਤੇ ਸਤਿਸੰਗਤ ਵਿਚ ਗੁਰੂ ਜੀ ਨੇ ਕਿਹਾ ਕਿ ਸੰਗਤ ਵਿਚ ਬੈਠ ਜਾ ਤੇ ਕਹਿਣ ਲੱਗੇ ਆਉ ਮੈਂ ਤੁਹਾਨੂੰ ਦੱਸਾਂ ਕਿ ਸੰਗਤ ਵਿਚ ਆ ਕੇ ਪਵਿੱਤਰ ਕਿਸ ਤਰ੍ਹਾਂ ਹੋਈਦਾ ਹੈ? ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥
ਜਦੋਂ ਪਾਣੀ ਦੀਆਂ ਬੂੰਦਾਂ ਡਿੱਗੀਆ, ਮੈਲੀਆਂ ਨਹੀਂ ਸਨ, ਨਿਰਮਲ ਸਨ। ਜਿੱਥੇ ਡਿੱਗੀਆਂ, ਜੇ ਨਾਲੇ ਵਿਚ ਡਿੱਗੀਆ ਤਾਂ ਪਵਿੱਤਰ ਬਣ ਗਈਆਂ, ਮਿੱਟੀ 'ਤੇ ਡਿੱਗੀਆਂ ਤਾਂ ਗੰਦਲਾ ਪਾਣੀ ਹੋ ਗਿਆ, ਜਿਸ ਥਾਂ 'ਤੇ ਡਿੱਗੀਆਂ ਉਹਨਾਂ ਦੀ ਨਿਰਮਲਤਾਈ ਵਿਚ ਮੈਲ ਆ ਗਈ ਤੇ ਉਹ ਫਿਰ ਨਾਲੀਆਂ ਰਾਹੀਂ, ਗਲੀਆਂ ਰਾਹੀਂ ਛੱਪੜਾਂ ਵਿਚੋਂ ਜਿਥੋਂ-ਜਿਥੋਂ ਬੂੰਦ ਲੰਘੀ, ਤਿਉਂ ਤਿਉਂ ਮੈਲੀ ਹੋ ਗਈ। ਅਖ਼ੀਰ 'ਤੇ ਸਫ਼ਰ ਕਰਦੀ ਕਰਦੀ ਭਾਵੇਂ ਮੈਲੀ ਸੀ ਪਰ ਇਕ ਕਸ਼ਿਸ਼ ਰੱਬ ਨੇ ਇਸਦੇ ਵਿਚ ਰੱਖੀ ਆਪਣੇ ਪਿਆਰੇ ਨੂੰ ਮਿਲਣ ਲਈ ਤਾਂ ਵੀ ਤੁਰਦੀ ਰਹੀ। ਕਹਿਣ ਲੱਗੇ ਸਿਖੋ! ਕੋਈ ਵੀ ਨਿੰਦਕ ਹੈ, ਯਾਦ ਰੱਖੋ, ਜਿਸ ਦਿਨ ਆਇਆ ਸੀ ਅੰਦਰ ਪਵਿੱਤਰਤਾ ਲੈ ਕੇ ਆਇਆ ਸੀ। ਇਥੇ ਜਿਹੋ ਜਹੀ ਸੁਸਾਇਟੀ ਮਿਲੀ ਉਹੋ ਜਿਹਾ ਅੰਦਰ ਹੋ ਗਿਆ। ਪਰ ਜਿਵੇਂ ਗੰਦਾ ਨਿਰਮਲ ਬਣਾ ਦੇਂਦੀ ਹੈ ਮੈਲੇ ਪਾਣੀ ਨੂੰ ਗੁਰੂ ਨੇ ਨਿਰਮਲ ਕਰ ਦਿੱਤਾ ਡਿੱਗੇ ਹੋਏ ਨਿੰਦਕਾਂ ਨੂੰ। ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥
ਗੁਰੂ ਰਾਮਦਾਸ ਜੀ ਮੇਹਰ ਕਰਦੇ ਹਨ ਕਿ ਗੁਰਸਿੱਖੋ! ਇਹੋ ਜਿਹੀ ਵਡਿਆਈ ਗੁਰੂ ਕੋਲ ਹੈ, ਆਮ ਬੰਦੇ ਕੋਲ ਨਹੀਂ। ਗੁਰੂ ਕਦੀ ਨਹੀਂ ਵੈਰ ਕਮਾਉਂਦੇ। ਜਦੋਂ ਗੁਰੂ ਜੀ ਨੂੰ ਕੋਈ ਮਿਲਦਾ ਹੈ, ਅੰਦਰ ਦੀ ਤ੍ਰਿਸ਼ਨਾ ਮਿੱਟਦੀ ਹੈ। ਕਹਿੰਦੇ ਹਨ, ਜਿੰਨਾ ਮਰਜ਼ੀ ਨਿੰਦਕ ਹੋਵੇ, ਇਕ ਵਾਰੀ ਗੁਰੂ ਸਾਹਮਣੇ ਖਲੋ ਜਾਏ, ਸਤਿਗੁਰੂ ਇਕ ਛਿਨ ਵਿਚ ਅੰਦਰ ਸ਼ਾਂਤ ਕਰ ਦਿੰਦੇ ਹਨ। ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥

੧॥
ਸੁਧੁ ॥
ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਮੇਰੇ ਸਤਿਗੁਰੂ ਦਾ ਅਸਚਰਜ ਦੇਖੋ। ਜਿਹੜਾ ਸਤਿਗੁਰੂ ਨੂੰ ਅੰਦਰੋਂ ਮੰਨਦਾ ਹੈ, ਉਸਨੂੰ ਸਾਰੇ ਪਿਆਰ ਕਰਦੇ ਹਨ। ਉਹ ਸਾਰਿਆਂ ਨੂੰ ਚੰਗਾ ਲੱਗਦਾ ਹੈ। ਸਤਿਗੁਰੂ ਰਹਿਮਤ ਕਰਨ। ਭੁੱਲਾਂ ਚੁੱਕਾ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕ ਫਤਹਿ॥

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ