ਅੰਮ੍ਰਿਤ ਵੇਲਾ ਤੇ ਸਾਧ ਸੰਗਤਿ ਕਿਸੇ ਸਰੀਰਕ ਰੋਗ ਦਾ ਇਲਾਜ ਕਰਨ ਵਾਸਤੇ ਨਿਰੀ ਦਵਾਈ ਹੀ ਕਾਫ਼ੀ ਨਹੀਂ ਹੋਇਆ ਕਰਦੀ। ਇਹ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਕਿ ਦਵਾਈ ਦੁੱਧ, ਪਾਣੀ, ਚਾਹ, ਸ਼ਰਬਤ ਆਦਿਕ ਕਿਸ ਚੀਜ਼ ਨਾਲ ਖਾਣੀ ਹੈ। ਕੋਈ ਦਵਾਈ ਖਾਲੀ ਪੇਟ ਸਵੇਰੇ ਹੀ ਖਾਣੀ ਹੁੰਦੀ ਹੈ, ਕੋਈ ਰੋਟੀ ਤੋਂ ਪਿੱਛੋਂ, ਕੋਈ ਪਹਿਲਾਂ। ਇਸੇ ਤਰ੍ਹਾਂ ਖੁਰਾਕ ਦਾ ਵੀ ਪੂਰਾ ਧਿਆਨ ਰੱਖਣਾ ਹੁੰਦਾ ਹੈ। ਕੋਈ ਚੀਜ਼ ਖਾਣੀ ਹੁੰਦੀ ਹੈ, ਕੋਈ ਨਹੀਂ ਖਾਣੀ ਹੁੰਦੀ। ਆਤਮਿਕ ਤੇ ਮਾਨਸਿਕ ਰੋਗਾਂ ਵਾਸਤੇ ਵੀ ਇਹੋ ਜਿਹੇ ਹੀ ਨਿਯਮ ਹਨ। ਰੋਗ ਹੈ 'ਜਗਤ ਦਾ ਮੋਹ' ਇਸ ਦੀ ਦਵਾਈ ਹੈ 'ਪ੍ਰਭੂ-ਚਰਨਾਂ ਵਿਚ ਜੁੜਨਾ।' ਸੂਰਜ ਚੜ੍ਹਦੇ ਸਾਰ ਮਨੁੱਖ ਦੀ ਸੁਰਤਿ ਜਗਤ ਦੇ ਧੰਦਿਆਂ ਵਿਚ ਖਿੰਡ ਜਾਂਦੀ ਹੈ।
ਦੁਨੀਆਂ ਵਾਲੇ ਕੰਮ ਵੀ ਮਨ ਲਾ ਕੇ ਕੀਤਿਆਂ ਹੀ ਸਿਰੇ ਚੜ੍ਹਦੇ ਹਨ। ਤੇ, ਮਨ ਇਕ ਪਾਸੇ ਹੀ ਲਗ ਸਕਦਾ ਹੈ-ਚਾਹੇ ਪ੍ਰਭੂ ਦੀ ਯਾਦ ਵਿਚ ਜੁੜੇ, ਚਾਹੇ ਰੋਟੀ ਕਮਾਉਣ ਵਾਸਤੇ ਲੋੜੀਂਦੀ ਦੌੜ-ਭੱਜ ਵੱਲ ਪਰਤੇ। ਸੋ, ਸਭ ਤੋਂ ਵਧੀਆ ਗੱਲ ਇਹੀ ਹੈ ਕਿ ਦੁਨੀਆਂ ਦੀ ਦੌੜ-ਭੱਜ ਤੋਂ ਪਹਿਲਾਂ ਪਹਿਲਾਂ ਹੀ ਮਨੁੱਖ ਆਤਮਿਕ ਰੋਗਾਂ ਨੂੰ ਦੂਰ ਕਰਨ ਵਾਲੀ ਦਵਾਈ ਵਰਤ ਲਿਆ ਕਰੇ। ਗੁਰਮਤਿ ਦੀ ਬੋਲੀ ਵਿਚ ਇਉਂ ਕਹਿ ਲਵੋ ਕਿ ਸਿੱਖ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਆਦਿਕ ਨਾਲ ਸਰੀਰਕ ਆਲਸ ਦੂਰ ਕਰਕੇ ਗੁਰਬਾਣੀ ਵਿਚ ਮਨ ਜੋੜੇ, ਪ੍ਰਭੂ ਦੀ ਸਿਫਤਿ ਸਾਲਾਹ ਵਿਚ ਟਿਕੇ। 'ਇਕ ਇਕ ਤੇ ਦੋ ਯਾਰਾਂ' ਦਾ ਅਖਾਣ ਸਾਡੀ ਬੋਲੀ ਵਿਚ ਪ੍ਰਸਿੱਧ ਹੈ।
ਜਿਵੇਂ ਦੁਨਿਆਵੀ ਦੌੜ-ਭੱਜ ਵਿਚ ਇਹ 'ਗੁਰ' ਬੜਾ ਹੀ ਜ਼ਰੂਰੀ ਹੈ ਤਿਵੇਂ ਆਤਮਕ ਜੀਵਨ ਉੱਚਾ ਕਰਨ ਵਿਚ ਵੀ ਇਹ ਬੜੀ ਸਹਾਇਤਾ ਕਰਦਾ ਹੈ। ਗੁਰਸਿੱਖੀ ਦੀ ਬੋਲੀ ਵਿਚ ਇਸ ਨੂੰ ਆਖੀਦਾ ਹੈ, 'ਸਾਧ ਸੰਗਤਿ'। ਸੋ, ਅੰਮ੍ਰਿਤ ਵੇਲੇ ਉੱਠ ਕੇ ਸਿਖ ਗੁਰਦੁਆਰੇ ਸਾਧ ਸੰਗਤਿ ਵਿਚ ਜਾਵੇ। ਉਂਝ ਤਾਂ ਜਿਤਨੇ ਹੀ ਵਧੀਕ ਸਤਸੰਗੀ ਹੋਣ, ਉਤਨਾ ਹੀ ਵਧੀਕ ਆਤਮਕ ਅਨੰਦ ਮਿਲਦਾ ਹੈ ਪਰ ਮਿਲੇ ਮਨ ਵਾਲੇ ਜੇ ਦੋ ਜਣੇ ਵੀ ਰਲ ਕੇ ਗੁਰੂ ਦੀ ਬਾਣੀ ਗਾ ਰਹੇ ਹਨ, ਪੜ੍ਹ ਰਹੇ ਹਨ, ਤਾਂ ਉਹ 'ਸਾਧ ਸੰਗਤਿ' ਕਰ ਰਹੇ ਹਨ। ਇਹ ਸਾਧ ਸੰਗਤਿ ਇਕ ਸਕੂਲ ਹੈ ਜਿੱਥੋਂ ਮਨੁੱਖ ਨੇ ਉੱਚਾ ਆਤਮਕ ਜੀਵਨ ਸਿੱਖਣਾ ਹੈ।