Ikagarta Layi Khatra Jaruri

Giani Sant Singh ji Maskeen · ਕਥਾ ਅਤੇ ਲੈਕਚਰ · ੩੦੫ / ੩੧੨

ਇਕਾਗਰਤਾ ਲਈ ਖ਼ਤਰਾ ਜ਼ਰੂਰੀ! ਜ਼ਮਾਨਾ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਤੇ ਮਨੁੱਖ ਨੂੰ ਮਨੁੱਖ ਤੋਂ ਹੀ ਖ਼ਤਰਾ ਵੱਧਦਾ ਜਾ ਰਿਹਾ ਹੈ। ਇਹ ਇਕ ਬਹੁੱਤ ਵੱਡੀ ਹਕੀਕਤ ਹੈ। ਜੀਵਨ ਅੰਦਰ ਸਾਵਧਾਨੀ ਤੇ ਇਕਾਗਰਤਾ ਨਹੀਂ ਹੈ। ਜ਼ਿਆਦਾ ਸਾਵਧਾਨੀ ਤੇ ਇਕਾਗਰਤਾ ਉਦੋਂ ਹੁੰਦੀ ਹੈ, ਜਦ ਖ਼ਤਰਾ ਹੁੰਦਾ ਹੈ। ਚੋਰੀ 'ਚ ਖ਼ਤਰਾ ਹੈ, ਦੁਰਾਚਾਰ ਵਿਚ ਖ਼ਤਰਾ ਹੈ, ਕਤਲੋ ਗਾਰਤ ਵਿਚ ਖ਼ਤਰਾ ਹੈ। ਠੱਗੀ ਬੇਈਮਾਨੀ ਵਿਚ ਖ਼ਤਰਾ ਹੈ। ਮਨੁੱਖ ਬੜੀ ਸਾਵਧਾਨੀ ਨਾਲ ਇਹ ਕੰਮ ਕਰਦਾ ਹੈ। ਬੜੀ ਇਕਾਗਰਤਾ ਨਾਲ ਕਰਦਾ ਹੈ। ਬੜਾ ਸੋਚ ਸਮਝ ਕੇ ਕਰਦਾ ਹੈ। ਪਰ ਬਾਣੀ ਜਦ ਪੜ੍ਹਦਾ ਹੈ ਤਾਂ ਕੋਈ ਸਾਵਧਾਨੀ ਨਹੀਂ ਹੈ, ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਥੋਂ ਸ਼ੁਰੂ ਕੀਤੀ ਤੇ ਕੱਦ ਮੁੱਕ ਗਈ। ਕੋਈ ਸਾਵਧਾਨੀ ਤੇ ਇਕਾਗਰਤਾ ਨਹੀਂ। ਮੈਂ ਇਸ ਵਿਸ਼ੇ 'ਤੇ ਇਕ ਸ਼ਹਿਰ ਅੰਦਰ ਕੋਈ ਗਿਆਰਾਂ ਦਿਨ ਬੋਲਿਆ: ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥
ਸਾਵਧਾਨ ਏਕਾਗਰ ਚੀਤ॥
{ਗਉੜੀ ਸੁਖਮਨੀ ਮ:੫, ਪੰਨਾ ੨੯੫} ਮੈਂ ਕਿਹਾ ਕਿ ਖ਼ਤਰੇ ਤੋ ਬਿਨਾਂ ਮਨ ਦੀ ਇਕਾਗਰਤਾ ਹੁੰਦੀ ਨਹੀਂ, ਸਾਵਧਾਨੀ ਨਹੀਂ। ਇਕ ਬਹੁਤ ਹੀ ਪੜ੍ਹੇ ਲਿਖੇ ਸੱਜਣ ਨੇ ਮੈਨੂੰ ਪੱਤਰ ਲਿਖਿਆ। ਉਸ ਨੇ ਆਪਣੀਆਂ ਡਿਗਰੀਆਂ ਵੀ ਆਪਣੇ ਪੱਤਰ ਨਾਲ ਛਾਪੀਆਂ ਹੋਈਆਂ ਸਨ। ਕਹਿਣ ਲੱਗਾ ਕਿ ਨਾਮ ਜਪਣ ਲਈ ਕਿਹੜੇ ਖ਼ਤਰੇ ਨੂੰ ਸਾਹਮਣੇ ਰੱਖੀਏ? ਜਿਹੜਾ ਤੁਸੀਂ ਕਹਿੰਦੇ ਹੋ ਕਿ ਇਕਾਗਰਤਾ ਲਈ ਖ਼ਤਰਾ ਜ਼ਰੂਰੀ ਹੈ। ਉਹਦੇ ਪੁੱਛਣ ਵਿਚ ਕੁਰਤਕ ਸੀ ਤੇ ਜੋ ਉਸ ਕੋਲ ਬੜੀਆਂ ਬੜੀਆਂ ਸਨਦਾਂ ਸਨ, ਪ੍ਰਮਾਣ ਪੱਤਰ ਸਨ, ਜਿਹਨਾਂ ਦੀਆਂ ਫ਼ੋਟੋ ਕਾਪੀਆਂ ਉਸ ਨੇ ਨਾਲ ਮੈਨੂੰ ਭੇਜੀਆਂ ਸਨ, ਉਹਨਾਂ ਦਾ ਇਹੀ ਮਤਲਬ ਸੀ ਕਿ ਮੈਂ ਇੰਨਾ ਪੜਿਆ ਲਿਖਿਆ ਹਾਂ। ਮੈਂ ਮਾਮੂਲੀ ਇਨਸਾਨ ਨਹੀਂ ਹਾਂ, ਇਸ ਕਰਕੇ ਜੁਆਬ ਮੈਨੂੰ ਧਿਆਨ ਨਾਲ ਦੇਣਾ। ਉਹਨੇ ਕੁਤਰਕ ਕਰ ਕੇ ਪੁੱਛਣਾ ਚਾਹਿਆ ਕਿ ਨਾਮ ਜਪਣ ਲਈ ਕਿਹੜਾ ਖ਼ਤਰਾ ਪੈਦਾ ਕਰੀਏ, ਕਿਉਂਕਿ ਤੁਸੀ ਕਹਿੰਦੇ ਹੋ ਕਿ ਖ਼ਤਰੇ ਬਿਨਾਂ ਧਿਆਨ ਜੁੜਦਾ ਨਹੀਂ, ਇਕਾਗਰਤਾ ਬਣਦੀ ਨਹੀਂ, ਸਾਵਧਾਨੀ ਬਣਦੀ ਨਹੀਂ। ਉਹਦੇ ਕਹਿਣ ਦਾ ਢੰਗ ਇਸ ਤਰ੍ਹਾਂ ਸਾਫ਼ ਜ਼ਾਹਿਰ ਕਰਦਾ ਪਿਆ ਸੀ ਕਿ ਤੁਸੀ ਗ਼ਲਤ ਬੋਲਿਆ ਹੈ ਤੇ ਮੇਰੇ ਸੁਆਲਾਂ ਦਾ ਤੁਹਾਡੋ ਕੋਲ ਕੋਈ ਜੁਆਬ ਨਹੀਂ ਹੋਵੇਗਾ। ਖ਼ੁਸ਼ਕਿਸਮਤੀ ਸੀ ਕਿ ਉਸ ਨੇ ਪੱਤਰ ਥੱਲੇ ਆਪਣਾ ਮੋਬਾਇਲ ਨੰਬਰ ਵੀ ਲਿਖਿਆ ਹੋਇਆ ਸੀ। ਮੈਂ ਸੋਚਿਆ ਕਿ ਇਹ ਵੀ ਚੰਗਾ ਹੋਇਆ। ਹੁਣ ਫ਼ੋਨ ਹੀ ਕਰਦੇ ਆਂ ਤਾਂ ਹੀ ਮਸਲਾ ਹੱਲ ਹੋਵੇਗਾ, ਲਿਖਤ ਰਾਹੀਂ ਗੱਲ ਨਹੀਂ ਬਣੇਗੀ। ਮੈਂ ਫਿਰ ਉਸ ਨੂੰ ਸੁਭਾਵਿਕ ਫ਼ੋਨ ਕੀਤਾ ਤੇ ਮੁਲਾਕਾਤ ਹੋ ਗਈ। ਮੈਂ ਉਸ ਨੂੰ ਆਖਿਆ ਕਿ ਮੈਂ ਦਾਅਵੇ ਨਾਲ ਕਹਿੰਨਾਂ ਕਿ ਬਿਨਾਂ ਖ਼ਤਰੇ ਤੋਂ ਮਨ ਦੀ ਇਕਾਗਰਤਾ ਨਹੀਂ ਹੁੰਦੀ। ਖ਼ਤਰੇ ਤੋਂ ਬਿਨਾਂ ਸਾਵਧਾਨੀ ਨਹੀਂ ਹੁੰਦੀ। ਇਥੋਂ ਉਸ ਨੇ ਗੱਲ ਪਕੜ ਲਈ। ਕਹਿੰਦੈ-ਨਵਾਂ ਨਵਾਂ ਸਕੂਟਰ ਚਲਾਈਏ ਤਾਂ ਖ਼ਤਰਾ ਹੈ ਤੇ ਚੱਲੋ ਹੁਣ ਨਵਾਂ ਨਵਾਂ ਵਾਹਿਗੁਰੂ ਦਾ ਨਾਮ ਜਪ ਕਰੀਏ ਤਾਂ ਕਿਹੜੇ ਖ਼ਤਰੇ ਨੂੰ ਸਾਹਮਣੇ ਰੱਖੀਏ? ਪਹਿਲਾਂ ਇਹ ਦੱਸੋ ਕਿ ਕਿਹੜਾ ਸਾਹਮਣੇ ਖ਼ਤਰਾ ਹੈ? ਮੈਂ ਉਸ ਨੂੰ ਆਖਿਆ ਕਿ ਖ਼ਤਰਾ ਪੈਦਾ ਕਰਨ ਦੀ ਲੋੜ ਨਹੀਂ, ਖ਼ਤਰਾ ਤਾਂ ਬਣਿਆ ਹੋਇਆ ਹੈ। ਧੰਨ ਗੁਰੂ ਤੇਗ ਬਹਾਦਰ ਜੀ ਦਾ ਇਕ ਵਾਕ ਮੈਂ ਉਸ ਨੂੰ ਸੁਣਾਇਆ। ਮਹਾਰਾਜ ਕਹਿੰਦੇ ਨੇ: ਰੇ ਮਨ ਰਾਮ ਸਿਉ ਕਰਿ ਪ੍ਰੀਤਿ॥
{ਸੋਰਠਿ ਮਹਲਾ ੯, ਪੰਨਾ ੬੩੧} ਭਾਵ ਹੇ ਮਨ! ਤੂੰ ਪੂਰਾ ਪਿਆਰ ਕਰ। ਹੁਣ ਕਿਵੇਂ ਪਿਆਰ ਕਰਨਾ ਹੈ, ਕੋਈ ਢੰਗ ਦੱਸੋ? ਤਾਂ ਆਪ ਜੀ ਕਹਿੰਦੇ ਹਨ: ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ॥
{ਸੋਰਠਿ ਮ:੯, ਪੰਨਾ ੬੩੧} ਜ਼ਬਾਨ ਨਾਲ ਉਸ ਦੇ ਗੀਤ ਗਾ, ਉਹਦੇ ਨਾਮ ਦਾ ਉਚਾਰਣ ਕਰ ਤੇ ਕੰਨਾਂ ਨਾਲ ਸੁਣ ਤਾਂ ਕਿ ਉਚਾਰਣ ਕੀਤਾ ਹੋਇਆ ਤੇਰੇ ਮਨ ਵਿਚ ਜਾਵੇ। ਇਹ ਢੰਗ ਦੱਸਿਆ ਹੈ। ਮਨ ਅੰਦਰ ਇਹ ਜਾਵੇ ਤਾਂ ਇਕਾਗਰਤਾ ਤੇ ਸਾਵਧਾਨੀ ਚਾਹੀਦੀ ਹੈ। ਸਾਵਧਾਨੀ ਤਾਂ ਹੁੰਦੀ ਹੈ ਜੇ ਕੋਈ ਖ਼ਤਰਾ ਹੋਵੇ, ਉਂਜ ਨਹੀਂ। ਤਾਂ ਮਹਾਰਾਜ ਕਹਿੰਦੇ ਨੇ ਕਿ ਖ਼ਤਰਾ ਬਣਿਆ ਹੋਇਆ ਹੈ: ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ॥
{ਸੋਰਠਿ ਮ:੯, ਪੰਨਾ ੬੩੧} ਕਾਲ ਦਾ ਸੱਪ, ਮੌਤ ਦਾ ਸੱਪ ਤੇਰੇ ਸਿਰ 'ਤੇ ਘੁੰਮ ਰਿਹਾ ਹੈ। ਤੇ ਨਿਰਾ ਘੁੰਮ ਹੀ ਨਹੀਂ ਰਿਹਾ, ਉਹਨੇ ਮੂੰਹ ਵੀ ਅੱਡਿਆ ਹੋਇਆ ਹੈ। ਇਹਨੇ ਤੈਨੂੰ ਡਸ ਲੈਣਾ ਹੈ, ਰਾਖ ਕਰ ਦੇਣਾ ਹੈ। ਖਤਰਾ ਤਾਂ ਇਸ ਰੂਪ ਵਿਚ ਹਰ ਵੇਲੇ ਮੌਜੂਦ ਹੈ। ਫਿਰ ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ। ਇਕ ਦਿਨ ਲੰਘ ਗਿਆ ਤਾਂ ਉਮਰ ਘੱਟ ਗਈ। ਹਾਂ, ਵੱਡਾ ਹੋ ਰਿਹਾ ਹੋਵੇਗਾ ਤੇਰਾ ਕਾਰੋਬਾਰ, ਤੇਰਾ ਪਰਿਵਾਰ ਜਾਂ ਤੇਰੀਆਂ ਮਹਿਲ ਮਾੜੀਆਂ ਵੱਡੀਆਂ ਹੋਵਣਗੀਆਂ, ਪਰ ਬੰਦੇ! ਤੂੰ ਰੋਜ਼ ਰੋਜ਼ ਛੋਟਾ ਹੋ ਰਿਹਾ ਏਂ। ਪਰਿਵਾਰ ਨੂੰ ਜਾ ਕਾਰੋਬਾਰ ਨੂੰ ਵੇਖ ਕੇ ਤੂੰ ਨਾਮ ਨਹੀਂ ਜਪ ਸਕੇਂਗਾ। ਜਿਸ ਦਿਨ ਦੇਖੇਂਗਾ ਕਿ ਮੈਂ ਛੋਟਾ ਹੋ ਰਿਹਾ ਹਾਂ ਤੇ ਇਕ ਦਿਨ ਮਿੱਟ ਜਾਵਾਂਗਾ ਤਾਂ ਉਦੋਂ ਸਾਵਧਾਨੀ ਤੇ ਇਕਾਗਰਤਾ ਹੋਵੇਗੀ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ