ਚਿੰਤਾ ਤੇ ਚਿੰਤਨ ਮਾਨਸਿਕ ਰੋਗਾਂ ਵਿਚ ਚਿੰਤਾ ਸਭ ਤੋਂ ਵੱਡਾ ਰੋਗ ਹੈ। ਚਿੰਤਾ ਦਾ ਮੂਲ ਵਾਸ਼ਨਾ ਹੈ। ਵਾਸ਼ਨਾ ਦੇ ਵਧਣ ਨਾਲ ਚਿੰਤਾ ਵੀ ਵਧਦੀ ਰਹਿੰਦੀ ਹੈ। ਸੀਮਾ ਤੋਂ ਵਧੀ ਚਿੰਤਾ ਦਿਮਾਗ਼ੀ ਸੰਤੁਲਨ ਡਾਵਾਂ-ਡੋਲ ਕਰ ਦੇਂਦੀ ਹੈ ਤੇ ਮਨੁੱਖ ਪਾਗ਼ਲ ਹੋ ਜਾਂਦਾ ਹੈ। ਚਿੰਤਾ ਇਕ ਐਸੀ ਅੱਗ ਹੈ, ਜਿਸ ਨਾਲ ਸਰੀਰ ਤੇ ਦਿਮਾਗ਼ੀ ਸ਼ਕਤੀ ਭਸਮ ਹੋ ਜਾਂਦੀ ਹੈ। ਚਿੰਤਾ ਦਾ ਸੰਬੰਧ ਭਵਿਸ਼ ਨਾਲ ਹੈ। ਭਵਿਸ਼ ਵਿਚ ਜੀਵਣ ਵਾਲਾ ਮਨੁੱਖ ਚਿੰਤਾਤੁਰ ਰਹਿੰਦਾ ਹੈ। ਮੌਜੂਦਾ ਮਨੁੱਖੀ ਜੀਵਨ ਭਵਿਸ਼ ਦੀ ਆਸ ਵਿਚ ਜੀ ਰਿਹਾ ਹੈ। ਇਸ ਵਾਸਤੇ ਇਹ ਸਦੀ ਚਿੰਤਾਤੁਰ ਸਦੀ ਹੈ: ਚਿੰਤਤ ਹੀ ਦੀਸੈ ਸਭੁ ਕੋਇ॥
ਚੇਤਹਿ ਏਕੁ ਤਹੀ ਸੁਖੁ ਹੋਇ॥
{ਰਾਮਕਲੀ ਮਹਲਾ ੫, ਪੰਨਾ ੯੩੨} ਵਾਸ਼ਨਾ ਤੋਂ ਰਹਿਤ ਮਨੁੱਖ ਵਰਤਮਾਨ ਵਿਚ ਜੀਊਂਦਾ ਹੈ ਤੇ ਭਵਿਸ਼ ਦੀ ਚਿੰਤਾ ਤੋਂ ਬਚਿਆ ਰਹਿੰਦਾ ਹੈ। ਪਰ ਵਰਤਮਾਨ ਵਿਚ ਜੀਵਨ ਦੀ ਕਲਾ ਹਰ ਇਕ ਕੋਲ ਨਹੀਂ ਹੁੰਦੀ। ਭੂਤਕਾਲ ਦੀਆਂ ਯਾਦਾਂ ਤੇ ਭਵਿਸ਼ ਦੀ ਚਿੰਤਾ ਦੇ ਖੱਡ ਵਿਚ ਜੀਵਨ ਨੂੰ ਸੁੱਟ ਕੇ ਮਨੁੱਖ ਵਰਤਮਾਨ ਦੇ ਸਿਖ਼ਰਾਂ ਨੂੰ ਛੂਹਣਾ ਤੇ ਭੁੱਲ ਹੀ ਗਿਆ ਹੈ। ਅਨੰਦ, ਖੇੜਾ, ਮਸਤੀ ਵਰਤਮਾਨ ਦੇ ਸਿਖ਼ਰਾਂ ਤੇ ਹੀ ਹੈ, ਪਰ ਭੂਤਕਾਲ ਦੀਆਂ ਯਾਦਾਂ ਤੇ ਭਵਿਸ਼ ਦੀ ਚਿੰਤਾ ਤੋਂ ਬਚਣ ਦਾ ਉਪਰਾਲਾ ਕੀ ਹੈ? ਗੁਰੂ ਅਰਜਨ ਦੇਵ ਜੀ ਦਾ ਮਹਾਂ ਵਾਕ ਹੈ ਕਿ ਇਕ ਦਾ ਚਿੰਤਨ ਸਾਰੀਆਂ ਚਿੰਤਾਵਾਂ ਦਾ ਅੰਤ ਕਰ ਦੇਂਦਾ ਹੈ: ਚਿੰਤਤ ਹੀ ਦੀਸੈ ਸਭੁ ਕੋਇ॥
ਚੇਤਹਿ ਏਕੁ ਤਹੀ ਸੁਖੁ ਹੋਇ॥
{ਰਾਮਕਲੀ ਮਹਲਾ ੫, ਪੰਨਾ ੯੩੨} ਯਥਾ: ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ॥
{ਆਸਾ ਮਹਲਾ ੫, ਪੰਨਾ ੪੫੯} ਅਸ਼ੁਭ ਚਿੰਤਨ ਵੀ ਚਿੰਤਾਵਾਂ ਨੂੰ ਜਨਮ ਦੇਵੇਗਾ, ਸ਼ੁਭ ਚਿੰਤਨ ਗੋਬਿੰਦ ਦਾ ਨਾਮ ਹੈ। ਇਹ ਤਾਂ ਬਾਰ ਬਾਰ ਜੀਵਨ ਵਿਚ ਗੱਲ ਅਜ਼ਮਾਈ ਜਾ ਚੁਕੀ ਹੈ ਕਿ ਜੈਸੀ ਚਿੰਤਨਾ ਵਿਚ ਮਨੁੱਖ ਰਹਿੰਦਾ ਹੈ, ਵੈਸਾ ਹੀ ਹੋ ਜਾਂਦਾ ਹੈ। ਗੋਬਿੰਦ ਅਨੰਦ ਦਾ ਘਰ ਹੈ, ਖ਼ੁਸ਼ੀਆਂ ਦਾ ਚਮਨ ਹੈ ਤੇ ਗਿਆਨ ਦਾ ਸਾਗਰ ਹੈ। ਗੋਬਿੰਦ ਦਾ ਚਿੰਤਨ ਅਨੰਦ, ਖ਼ੁਸ਼ੀਆਂ ਤੇ ਗਿਆਨ ਨਾਲ ਮਨੁੱਖ ਦੇ ਹਿਰਦੇ ਨੂੰ ਭਰ ਦੇਂਦਾ ਹੈ, ਫਿਰ ਚਿੰਤਾ ਵਾਸਤੇ ਕੋਈ ਥਾਂ ਹੀ ਨਹੀਂ ਰਹਿ ਜਾਂਦੀ।
Chinta te Chintan
Giani Sant Singh ji Maskeen · ਕਥਾ ਅਤੇ ਲੈਕਚਰ · ੨੪੯ / ੩੧੨
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ