ਧਰਮ ਨੀਤੀ ਤੇ ਰਾਜਨੀਤੀ ਪਾਣੀ ਮਰਯਾਦਾ ਵਿਚ ਚਲੇ ਤਾਂ ਸੁੱਖ, ਪਰ ਹੜ੍ਹਾਂ ਦਾ ਰੂਪ ਧਾਰਨ ਕਰ, ਜਦ ਪਾਣੀ ਬੇ-ਮਰਯਾਦਾ ਹੋ ਕੇ ਚਲਦਾ ਹੈ ਤਾਂ ਬਹੁਤਾ ਨੁਕਸਾਨ ਹੁੰਦਾ ਹੈ। ਅੱਗ ਚੁਲ੍ਹੇ ਵਿਚ ਬਲੇ ਭੋਜਨ ਬਣਦਾ ਹੈ, ਕਾਰਖ਼ਾਨੇ ਤੇ ਮੋਟਰ ਗੱਡੀਆਂ ਚਲਦੀਆਂ ਹਨ ਪਰ ਬੇਕਾਬੂ ਹੋ, ਘਰਾਂ ਨੂੰ ਅੱਗ ਲੱਗ ਜਾਵੇ ਤਾਂ ਮਕਾਨ ਜਲ ਕੇ ਰਾਖ਼ ਹੋ ਜਾਂਦੇ ਹਨ। ਕਈ ਸਾਲਾਂ ਦੀ ਮਿਹਨਤ ਛਿਨ ਵਿਚ ਭਸਮ ਹੋ ਜਾਂਦੀ ਹੈ। ਮਨੁੱਖ ਕੋਲ ਬੌਧਿਕ ਬਲ ਬਹੁਤ ਜ਼ਿਆਦਾ ਹੈ। ਜੇਕਰ ਇਸ ਬਲ ਦੀ ਸਹੀ ਵਰਤੋਂ ਨਾ ਹੋਵੇ ਤਾਂ ਜਿਤਨੀ ਹਾਨੀ ਮਨੁੱਖ ਨੂੰ ਮਨੁੱਖ ਦੇ ਹੱਥੋਂ ਹੁੰਦੀ ਹੈ ਇਤਨੀ ਅੱਗ ਤੇ ਪਾਣੀ ਦੇ ਬੇ-ਮਰਯਾਦਾ ਹੋਣ ਨਾਲ ਨਹੀਂ ਹੁੰਦੀ।
ਮਨੁੱਖ ਮਰਯਾਦਾ ਵਿਚ ਚਲ ਸਕੇ, ਕੁਝ ਨਿਯਮ ਨੀਤੀ ਨੇ ਬਣਾਏ ਹਨ ਤੇ ਕੁਛ ਨਿਯਮ ਧਰਮ ਨੇ ਬਣਾਏ ਹਨ। ਸਰੀਰਕ ਕਰਮ ਨੂੰ ਆਧਾਰ ਬਣਾ ਕੇ ਰਾਜਨੀਤੀ ਨੇ ਕਾਨੂੰਨ ਬਣਾਇਆ ਹੈ। ਪਰ ਮਨੁੱਖੀ ਚੇਤਨਾ ਨੂੰ ਆਧਾਰ ਬਣਾ ਕੇ ਧਰਮ ਨੇ ਮਰਯਾਦਾ ਬਣਾਈ ਹੈ। ਮਾਸੂਮ ਬੱਚੇ ਕੋਲ ਨਾ ਸ਼ਕਤੀ ਹੈ, ਨਾ ਬੁੱਧ ਹੈ, ਇਸ ਵਾਸਤੇ ਨੀਤੀ ਦੀ ਪਕੜ ਵਿਚ ਬੱਚਾ ਨਹੀਂ ਆਂਵਦਾ। ਤਨ ਦੀ ਸ਼ਕਤੀ ਬੌਧਿਕ ਬਲ ਤੇ ਧਨ ਦੀ ਤਾਕਤ ਕੋਲ ਹੈ ਪਰ ਬੱਚੇ ਦੀ ਤਰ੍ਹਾਂ ਪਵਿੱਤ੍ਰ ਰਹਿਣਾ ਬੜਾ ਔਖਾ ਹੈ। ਅੱਜ ਸੰਸਾਰ ਵਿਚ ਮਨੁੱਖ ਨੇ ਧਰਮ ਨੀਤੀ ਦਾ ਤਿਆਗ ਕਰ ਦਿੱਤਾ ਹੈ, ਇਸ ਵਾਸਤੇ ਰਾਜਨੀਤੀ ਦਾ ਇਤਨਾ ਸ਼ੋਰ ਹੈ। ਰਾਜਨੀਤੀ ਬਾਹਰੋਂ ਡਰਾਂਦੀ ਹੈ।
ਧਰਮ ਨੀਤੀ ਅੰਦਰੋਂ ਬਦਲਦੀ ਹੈ। ਧਰਮ ਇਕ ਅਨੁਭਵ ਪ੍ਰਕਾਸ਼ ਹੈ। ਧਰਮ ਅਨੁਸਾਰ ਚਲਣਾ ਆਪਣੀ ਅੱਖ ਨਾਲ ਵੇਖ ਕੇ ਚਲਣਾ ਹੈ। ਜਦ ਜੀਵਨ ਵਿਚ ਧਰਮ ਨਾ ਹੋਵੇ, ਅੱਖ ਨਾ ਹੋਵੇ ਤਾਂ ਲਾਠੀ ਦੇ ਸਹਾਰੇ ਚਲਣਾ ਪੈਂਦਾ ਹੈ। ਚੇਤਨਾ ਦੇ ਤਲ ਤੇ ਕੋਈ ਪ੍ਰਕਾਸ਼ ਹੈ ਨਹੀਂ, ਇਸ ਵਾਸਤੇ ਲਾਠੀ ਦੇ ਸਹਾਰੇ ਚਲਣਾ ਪੈ ਰਿਹਾ ਹੈ। ਦੋਵੇਂ ਪਾਸਿਓਂ ਕੁਛ ਲੋਕ ਲਾਠੀ ਦੇ ਸਹਾਰੇ ਚਲ ਕੇ ਆ ਰਹੇ ਹੋਣ ਤਾਂ ਟਕਰਾਓ ਲਾਜ਼ਮੀ ਹੈ। ਅੱਜ ਰਾਜਨੀਤਕ ਦੁਨੀਆ ਵਿਚ ਬੜਾ ਟਕਰਾਓ ਹੈ। ਕਿਸੇ ਸਮੇਂ ਮਨੁੱਖ ਪ੍ਰਾਕਿਰਤਕ ਨਿਯਮ ਅਨੁਸਾਰ ਜਿਊਂਦਾ ਸੀ। ਓਦੋਂ ਨੀਤੀ ਦੀ ਲੋੜ ਹੀ ਨਹੀਂ ਸੀ, ਫਿਰ ਸਹਿਜੇ ਸਹਿਜੇ ਮਨੁੱਖ ਧਰਮ ਨੀਤੀ ਦੇ ਉਲਟ ਚਲਣ ਲਗ ਪਿਆ ਤਾਂ ਰਾਜਨੀਤੀ ਦੀ ਲੋੜ ਪੈ ਗਈ।
ਧਰਮ ਨੀਤੀ ਅਨੁਸਾਰ ਚਲਣਾ ਇਕ ਆਂਤ੍ਰਿਕ ਅਨੰਦ ਹੈ, ਪਰ ਰਾਜਨੀਤੀ ਅਨੁਸਾਰ ਚਲਣਾ ਇਕ ਮਜਬੂਰੀ ਹੈ, ਜਿਥੇ ਮਜਬੂਰੀ ਹੋਵੇ ਉਥੇ ਨੀਤੀ ਦੀ ਉਲੰਘਣਾ ਹੋ ਜਾਂਦੀ ਹੈ। ਇਹ ਕਹਾਵਤ ਠੀਕ ਹੈ ਕਿ ਕਾਨੂੰਨ ਮੱਕੜੀ ਦਾ ਜਾਲਾ ਹੈ, ਇਸ ਵਿਚ ਕਮਜ਼ੋਰ ਜੀਵ ਫਸ ਜਾਂਦੇ ਹਨ ਤੇ ਤਾਕਤਵਰ ਜਾਲ ਤੋੜ ਕੇ ਅੱਗੇ ਨਿਕਲ ਜਾਂਦੇ ਹਨ। ਕਮਜ਼ੋਰ ਬੰਦਿਆਂ ਨੂੰ ਸਜ਼ਾ ਮਿਲ ਜਾਂਦੀ ਹੈ, ਪਰ ਤਾਕਤਵਰ ਨੂੰ ਇਹ ਨੀਤੀ ਕੁਛ ਨਹੀਂ ਆਖਦੀ। ਸੱਚ ਤਾਂ ਇਹ ਹੈ ਕਿ ਕੁਛ ਵੀ ਤੋੜਨਾ ਹੋਵੇ, ਸ਼ਕਤੀ ਚਾਹੀਦੀ ਹੈ। ਕਾਨੂੰਨ ਅਕਸਰ ਤਾਕਤਵਰ ਤੋੜਦੇ ਹਨ। ਸੱਤਾ ਦੇ ਮਿਲਦੇ ਹੀ ਸੱਤਾਧਾਰੀ ਭ੍ਰਸ਼ਟ ਹੋ ਜਾਂਦਾ ਹੈ। ਤੁਸੀਂ ਰਾਜਨੀਤਕ ਦੁਨੀਆਂ ਅੰਦਰ ਵੇਖਿਆ ਹੋਵੇਗਾ ਕਿ ਇਕ ਵਿਅਕਤੀ ਸੱਤਾ ਵਿਚ ਨਹੀਂ ਹੈ ਤਾਂ ਉਹ ਨੇਕ ਬਣਿਆ ਰਹਿੰਦਾ ਹੈ ਤੇ ਵਿਰੋਧੀਆਂ ਤੇ ਭ੍ਰਸ਼ਟ ਹੋਣ ਦੇ ਦੂਸ਼ਨ ਲਾਉਂਦਾ ਰਹਿੰਦਾ ਹੈ।
ਰਾਜਨੀਤੀ ਵਿਚ ਸਾਫ਼-ਸੁਥਰੇ ਮਨੁੱਖ ਚਾਹੀਦੇ ਹਨ ਤਾਕਿ ਸੱਤਾ ਨੂੰ ਪਵਿੱਤ੍ਰ ਢੰਗ ਨਾਲ ਚਲਾਇਆ ਜਾ ਸਕੇ। ਦਰਅਸਲ ਉਸ ਦਾ ਕਹਿਣਾ ਇਹ ਹੈ ਕਿ ਜਿਤਨੇ ਤੱਕ ਮੇਰੇ ਵਰਗੇ ਲੋਕ ਸੱਤਾ ਵਿਚ ਨਹੀਂ ਆਉਂਦੇ ਭ੍ਰਿਸ਼ਟਾਚਾਰ ਦੂਰ ਨਹੀਂ ਹੋਵੇਗਾ, ਪਰ ਸੱਤਾ ਵਿਚ ਆਉਂਦਿਆਂ ਹੀ ਆਪ ਭ੍ਰਸ਼ਟ ਹੋ ਜਾਂਦਾ ਹੈ। ਸੱਚਾਈ ਇਹ ਹੈ ਕਿ ਰਾਜਨੀਤਕ ਨਿਯਮ ਰਾਜਨੀਤਕ ਹੀ ਬਣਾਉਂਦੇ ਹਨ ਤੇ ਰਾਜਨੀਤਕ ਹੀ ਤੋੜਦੇ ਹਨ। ਇਸ ਤਰ੍ਹਾਂ ਕਮਜ਼ੋਰ ਲੋਕਾਂ ਦੀ ਕਮਜ਼ੋਰੀ ਤੋਂ ਫ਼ਾਇਦਾ ਉਠਾ, ਆਪਣਾ ਮਕਸਦ ਹੱਲ ਕਰਦੇ ਹਨ। ਧਾਰਮਿਕ ਨਿਯਮ ਮਨੁੱਖੀ ਦੀ ਪਵਿੱਤ੍ਰ ਹੋਈ ਚੇਤਨਾ ਵਿਚੋਂ ਨਿਕਲੇ ਹਨ। ਇਸ ਵਾਸਤੇ ਕਿਸੇ ਧਾਰਮਿਕ ਵਿਅਕਤੀ ਨੇ ਧਾਰਮਿਕ ਨਿਯਮ ਤੋੜਨ ਦੀ ਕੋਸ਼ਸ਼ ਨਹੀਂ ਕੀਤੀ, ਸਗੋਂ ਰਖਵਾਲੇ ਬਣੇ ਰਹੇ ਹਨ।
ਕਾਨੂੰਨ ਦੇ ਭੈ ਦਾ ਮਾਰਿਆ ਇਹ ਚੋਰੀ, ਯਾਰੀ ਤੇ ਹੋਰ ਅਨਰਥ ਨਹੀਂ ਕਰਦਾ, ਪਰ ਇਹ ਸਭ ਬੁਰਾਈਆਂ ਮਨੁੱਖ ਦੇ ਅੰਦਰ ਹੁੰਦੀਆਂ ਹਨ। ਸਿਰਫ਼ ਸਜ਼ਾ ਦੇ ਭੈ ਦਾ ਮਾਰਿਆ ਇਹ ਬਾਹਰੋਂ ਸ਼ਰੀਫ਼ ਬਣਿਆ ਰਹਿੰਦਾ ਹੈ, ਪਰ ਜਦ ਕੋਈ ਧਰਮ ਨੀਤੀ ਦਾ ਅਨੁਸਰਨ ਕਰਦਾ ਹੈ ਤਾਂ ਬਾਲਮੀਕ ਜੈਸੇ ਡਾਕੂ ਵੀ ਸੰਤ ਬਣ ਜਾਂਦੇ ਹਨ। ਠੱਗੀ ਨੂੰ ਬਾਹਰ ਕੱਢ, ਸੱਜਣ ਬਣ ਜਾਂਦੇ ਹਨ, ਤੇ ਰਾਖ਼ਸ਼ਸ਼-ਪੁਣਾ ਤਿਆਗ, ਦੇਵਤੇ ਹੋ ਜਾਂਦੇ ਹਨ। ਅੱਜ ਸਮੁੱਚੇ ਸੰਸਾਰ ਵਿਚ ਮਨੁੱਖ ਸਿਰਫ਼ ਰਾਜਨੀਤੀ ਅਨੁਸਾਰ ਚਲ ਰਿਹਾ ਹੈ ਯਾ ਮਜਬੂਰੀ ਕਰਕੇ ਨੀਤੀ ਨੂੰ ਮੰਨ ਲੈਂਦਾ ਹੈ, ਇਸ ਵਾਸਤੇ ਸਮੁੱਚੇ ਸੰਸਾਰ ਦੀਆਂ ਜੇਲ੍ਹਾਂ ਕੈਦੀਆਂ ਨਾਲ ਭਰੀਆਂ ਪਈਆਂ ਹਨ।
ਉਪੱਦਰ ਤੇ ਤਨਾਓ ਵਧਦਾ ਜਾ ਰਿਹਾ ਹੈ ਔਰ ਸਮੁੱਚਾ ਸੰਸਾਰ ਇਕ ਜੇਲ੍ਹਖ਼ਾਨਾ ਪ੍ਰਤੀਤ ਹੁੰਦਾ ਹੈ। ਜਿਸ ਦਿਨ ਧਰਮ ਨੀਤੀ ਅਨੁਸਾਰ ਪ੍ਰਮਾਤਮਾ ਦੇ ਨਿਯਮ ਮੁਤਾਬਕ ਚਲੇਗਾ ਸੁਖ ਸ਼ਾਂਤੀ ਦੇ ਸੋਮੇ ਚਲ ਪੈਣਗੇ। ਕਾਨੂੰਨ ਦੀਆ ਆਪਣੀਆਂ ਕਿਤਾਬਾਂ ਹਨ ਤੇ ਧਰਮ ਦੇ ਵੀ ਗ੍ਰੰਥ ਹਨ। ਧਰਮ ਗ੍ਰੰਥਾਂ ਤੇ ਸਤਿਸੰਗ ਤੋਂ ਜੀਵਨ ਨੂੰ ਧਰਮ ਨੀਤੀ ਅਨੁਸਾਰ ਚਲਾਉਣ ਦੀ ਪ੍ਰੇਰਨਾ ਲੈ ਕੇ ਜੀਵਨ ਵਿਚ ਅਨੰਦ ਨੂੰ ਪੈਦਾ ਕਰਨਾ, ਇਹੀ ਮਨੁੱਖੀ ਮਨੋਰਥ ਹੈ।