Bhajan te Bhojan

Giani Sant Singh ji Maskeen · ਕਥਾ ਅਤੇ ਲੈਕਚਰ · ੨੩੭ / ੩੧੨

ਭਜਨ ਤੇ ਭੋਜਨ ਸਰੀਰ ਵਿਚ ਖ਼ੂਨ ਦੌਰਾ ਕਰ ਰਿਹਾ ਹੈ। ਸੁਵਾਸ ਚਲ ਰਹੇ ਹਨ। ਦਿਲ ਧੜਕ ਰਿਹਾ ਹੈ। ਸਾਰੀ ਸਰੀਰ ਦੀ ਹਲ-ਚਲ ਭੋਜਨ ਤੇ ਖੜੀ ਹੈ। ਸਰੀਰਕ ਜੀਵਨ ਭੋਜਨ ਦੀ ਬੁਨਿਆਦ ਤੇ ਖੜਾ ਹੈ। ਭੋਜਨ ਦਾ ਸੰਬੰਧ ਤੋੜਦੇ ਹੀ ਜੀਵਨ ਛੁਟ ਜਾਂਦਾ ਹੈ। ਯਤਨ ਕਰ ਕੇ ਕੋਈ ਵੀ ਸਾਧਨ ਭੋਜਨ ਦਾ ਤਿਆਗੀ ਹੋ ਸਕਦਾ ਹੈ, ਪਰ ਭੁੱਖ ਦਾ ਤਿਆਗੀ ਨਹੀਂ ਹੋ ਸਕਦਾ। ਪਾਣੀ ਦਾ ਤਿਆਗੀ ਹੋ ਸਕਦਾ ਹੈ। ਪਿਆਸ ਨੂੰ ਸਰੀਰ ਵਿਚੋਂ ਕੱਢਣਾ ਬੜਾ ਔਖਾ ਹੈ। ਸਰੀਰ ਦੀ ਸਾਰੀ ਸ਼ਕਤੀ ਭੋਜਨ ਦੇ ਆਸਰੇ ਤੇ ਖੜੀ ਹੈ, ਪਰ ਭੋਜਨ ਤੋਂ ਬਣੀ ਸ਼ਕਤੀ ਨਾਲ ਕੋਈ ਮਹਾਨ ਉਸਾਰੂ ਕੰਮ ਨਹੀਂ ਕੀਤੇ ਜਾ ਸਕਦੇ ਤੇ ਭੋਜਨ ਤੋਂ ਬਣੀ ਸ਼ਕਤੀ ਜੇ ਲੋੜ ਨਾਲੋਂ ਵਧ ਹੋਵੇ ਤਾਂ ਵਿਕਾਰਾਂ ਨੂੰ ਜਨਮ ਦੇਂਦੀ ਹੈ। ਭੋਜਨ ਦਾ ਸੁਆਦ ਭੁੱਖ ਦੇ ਆਸਰੇ ਤੇ ਖੜਾ ਹੈ। ਪਹਿਲੀ ਬੁਰਕੀ ਵਿਚ ਜੋ ਸੁਆਦ ਆਵੇਗਾ, ਉਹ ਆਖ਼ਰੀ ਬੁਰਕੀ ਵਿਚ ਨਹੀਂ ਹੋਵੇਗਾ। ਇਕ ਇਕ ਬੁਰਕੀ ਜਿਉਂ ਜਿਉਂ ਮੂੰਹ ਵਿਚ ਪਾਵਾਂਗੇ ਤਿਉਂ ਤਿਉਂ ਸੁਆਦ ਘਟਦਾ ਜਾਵੇਗਾ ਕਿਉਂਕਿ ਇਕ ਇਕ ਬੁਰਕੀ ਨਾਲ ਭੁੱਖ ਘਟਦੀ ਜਾਵੇਗੀ। ਭੁੱਖ ਤੇ ਸੁਆਦ ਦਾ ਆਪਸ ਵਿਚ ਗੰਢ ਮੇਲ ਹੈ: ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢ॥
{ਸਲੋਕ ਮ:੧, ਪੰਨਾ ੧੨੮੮} ਭਜਨ ਇਕ ਆਤਮਕ ਖ਼ੁਰਾਕ ਹੈ। ਭਜਨ ਤੋਂ ਬਣੀ ਸ਼ਕਤੀ ਨਾਲ ਜੋ ਕੰਮ ਹੋਵਣਗੇ ਉਹ ਜਗਤ ਨੂੰ ਸੁਖ ਦੇਣ ਵਾਲੇ ਹੁੰਦੇ ਹਨ। ਭਜਨ ਦਾ ਰਸ ਭੋਜਨ ਦੇ ਰਸ ਨੂੰ ਮੱਧਮ ਕਰ ਦੇਂਦਾ ਹੈ, ਇਸ ਵਾਸਤੇ ਭਜਨ ਦੇ ਰਸੀਏ ਭੋਜਨ ਘਟ ਕਰਦੇ ਹਨ। ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥
ਅਤੀ ਭੋਜਨ ਕਰਨ ਵਾਲੇ ਮਨੁੱਖਾਂ ਨੂੰ ਭੋਗੀ ਕਿਹਾ ਜਾਂਦਾ ਹੈ ਤੇ ਅਤੀ ਭਜਨ ਕਰਨ ਵਾਲਿਆਂ ਨੂੰ ਯੋਗੀ ਆਖਿਆ ਜਾਂਦਾ ਹੈ। ਅਤੀ ਭੋਜਨ ਕਰਨ ਵਾਲੇ ਸਰੀਰ ਕਰਕੇ ਰੋਗੀ ਹੋ ਜਾਂਦੇ ਹਨ, ਪਰ ਭਜਨ ਸਰੀਰ ਨੂੰ ਨਵਾਂ ਨਰੋਆ ਰਖਦਾ ਹੈ। ਵੱਡੀ ਲਕੀਰ ਦੇ ਖਿਚਿਆਂ ਦੂਜੀ ਆਪਣੇ ਆਪ ਛੋਟੀ ਹੋ ਜਾਂਦੀ ਹੈ। ਭਜਨ ਦਾ ਰਸ ਤੇ ਸ਼ਕਤੀ ਭੋਜਨ ਦੀ ਅਹਿਮੀਅਤ ਨੂੰ ਖ਼ਤਮ ਕਰ ਦੇਂਦੀ ਹੈ। ਅਤੀ ਭੋਜਨ ਦੀ ਬਣੀ ਸ਼ਕਤੀ ਵਿਚੋਂ ਸਰੀਰ ਵਿਚ ਕਾਮ ਜਨਮ ਲੈਂਦਾ ਹੈ, ਪਰ ਭਜਨ ਤੋਂ ਬਣੀ ਸ਼ਕਤੀ ਨਾਲ ਜੀਵਨ ਵਿਚ ਰਾਮ ਪ੍ਰਗਟ ਹੁੰਦਾ ਹੈ। ਅਤੀ ਭੋਜਨ ਕਰ ਕੇ ਪ੍ਰਸੰਨ ਹੋਣ ਵਾਲਾ ਬਮਦਾ ਇਸ ਗੱਲ ਦਾ ਸਬੂਤ ਹੈ ਕਿ ਇਸ ਕੋਲ ਭਜਨ ਦਾ ਕੋਈ ਰਸ ਹੈ ਹੀ ਨਹੀਂ। ਅਤੀ ਭੋਜਨ ਜਿਥੇ ਵਿਕਾਰ ਨਾਲ ਜੋੜਦਾ ਹੈ, ਉਥੇ ਭਜਨ ਨਿਰੰਕਾਰ ਨਾਲ ਜੋੜ ਦੇਂਦਾ ਹੈ। ਭੋਜਨ ਤੋਂ ਬਣੇ ਜੀਵਨ ਨੂੰ ਸਤਿਗੁਰੂ ਜੀਵਨ ਨਹੀਂ ਕਹਿੰਦੇ। ਦਰਅਸਲ ਜੀਂਵਦਾ ਹੀ ਓਹੀ ਹੈ ਜੋ ਭਜਨ ਕਰਦਾ ਹੈ: ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
{ਸਲੋਕ ਮ:੧, ਪੰਨਾ ੧੪੨} ਇਕ ਸੂਫ਼ੀ ਸੰਤ ਦਾ ਕਹਿਣਾ ਹੈ ਕਿ ਖਾਣਾ ਪੀਣਾ ਇਸ ਵਾਸਤੇ ਹੈ ਕਿ ਤੂੰ ਜ਼ਿੰਦਾ ਰਵ੍ਹੇਂ ਔਰ ਜ਼ਿੰਦਗੀ ਇਸ ਵਾਸਤੇ ਹੈ ਕਿ ਤੂੰ ਜ਼ਿਕਰ ਇਲਾਹੀ ਕਰਦਾ ਰਹੇਂ: ਖ਼ੁਰਦਨ ਬਰਾਇ ਜ਼ੀਸਤਨ ਜ਼ਿਕਰ ਕਰਦਨ ਅਸਤ। ਮੌਲਾਨਾ ਰੂਮ ਦਾ ਕਹਿਣਾ ਹੈ ਕਿ ਜ਼ਿਆਦਾ ਖ਼ੁਰਾਕ ਨਾਲ ਤਨ ਮੋਟਾ ਹੁੰਦਾ ਹੈ, ਪਰ ਜ਼ਿਆਦਾ ਬੰਦਗੀ ਨਾਲ ਰੂਹ ਮੋਟੀ ਹੁੰਦੀ ਹੈ: ਗਰ ਅਜ਼ ਤੁਆਮ ਆਮ ਮੇ ਸ਼ਵੱਦ ਫ਼ਰਬਾ। ਤਨ ਕਰੀਮ ਅਜ਼ ਤੁਆਮ ਆਮ ਮੇ ਸ਼ਵੱਦ ਫ਼ਰਬਾ। ਭੋਜਨ ਤੋਂ ਬਣੀ ਸ਼ਕਤੀ ਨਾਲ ਬੰਦਾ ਦੂਜੇ ਦੇ ਮੂੰਹ ਦੀ ਬੁਰਕੀ ਨੂੰ ਖੋਂਹਦਾ ਹੈ, ਪਰ ਭਜਨ ਤੋਂ ਬਣੀ ਸ਼ਕਤੀ ਨਾਲ ਬੰਦਾ ਦੂਜੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦੇਂਦਾ ਹੈ। ਸੋ ਸਪੱਸ਼ਟ ਹੋਇਆ ਕਿ ਭੋਜਨ ਦੀ ਸ਼ਕਤੀ ਖੋਹਣ ਤੇ ਮਜਬੂਰ ਕਰਦੀ ਹੈ, ਪਰ ਭਜਨ ਦੀ ਸ਼ਕਤੀ ਦੇਣਾ ਹੈ, ਸਭ ਕੁਝ ਦੇ ਦੇਣਾ। ਭਜਨ ਦਾ ਰਸ ਮਿਲਦੇ ਹੀ ਜੀਵਨ ਨੂੰ ਸਿਫ਼ਰ ਲੱਭ ਪੈਂਦੀ ਹੈ ਤੇ ਜੀਵਨ ਦਾ ਮਕਸਦ ਹੱਲ ਹੋ ਜਾਂਦਾ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ